ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1009

ਮਾਰੂ ਮਹਲਾ ੧ ॥ ਬਿਖੁ ਬੋਹਿਥਾ ਲਾਦਿਆ ਦੀਆ ਸਮੁੰਦ ਮੰਝਾਰਿ ॥ ਕੰਧੀ ਦਿਸਿ ਨ ਆਵਈ ਨਾ ਉਰਵਾਰੁ ਨ ਪਾਰੁ ॥ ਵੰਝੀ ਹਾਥਿ ਨ ਖੇਵਟੂ ਜਲੁ ਸਾਗਰੁ ਅਸਰਾਲੁ ॥੧॥ ਬਾਬਾ ਜਗੁ ਫਾਥਾ ਮਹਾ ਜਾਲਿ ॥ ਗੁਰ ਪਰਸਾਦੀ ਉਬਰੇ ਸਚਾ ਨਾਮੁ ਸਮਾਲਿ ॥੧॥ ਰਹਾਉ ॥ ਸਤਿਗੁਰੂ ਹੈ ਬੋਹਿਥਾ ਸਬਦਿ ਲੰਘਾਵਣਹਾਰੁ ॥ ਤਿਥੈ ਪਵਣੁ ਨ ਪਾਵਕੋ ਨਾ ਜਲੁ ਨਾ ਆਕਾਰੁ ॥ ਤਿਥੈ ਸਚਾ ਸਚਿ ਨਾਇ ਭਵਜਲ ਤਾਰਣਹਾਰੁ ॥੨॥ ਗੁਰਮੁਖਿ ਲੰਘੇ ਸੇ ਪਾਰਿ ਪਏ ਸਚੇ ਸਿਉ ਲਿਵ ਲਾਇ ॥ ਆਵਾ ਗਉਣੁ ਨਿਵਾਰਿਆ ਜੋਤੀ ਜੋਤਿ ਮਿਲਾਇ ॥ ਗੁਰਮਤੀ ਸਹਜੁ ਊਪਜੈ ਸਚੇ ਰਹੈ ਸਮਾਇ ॥੩॥ ਸਪੁ ਪਿੜਾਈ ਪਾਈਐ ਬਿਖੁ ਅੰਤਰਿ ਮਨਿ ਰੋਸੁ ॥ ਪੂਰਬਿ ਲਿਖਿਆ ਪਾਈਐ ਕਿਸ ਨੋ ਦੀਜੈ ਦੋਸੁ ॥ ਗੁਰਮੁਖਿ ਗਾਰੜੁ ਜੇ ਸੁਣੇ ਮੰਨੇ ਨਾਉ ਸੰਤੋਸੁ ॥੪॥ ਮਾਗਰਮਛੁ ਫਹਾਈਐ ਕੁੰਡੀ ਜਾਲੁ ਵਤਾਇ ॥ ਦੁਰਮਤਿ ਫਾਥਾ ਫਾਹੀਐ ਫਿਰਿ ਫਿਰਿ ਪਛੋਤਾਇ ॥ ਜੰਮਣ ਮਰਣੁ ਨ ਸੁਝਈ ਕਿਰਤੁ ਨ ਮੇਟਿਆ ਜਾਇ ॥੫॥ ਹਉਮੈ ਬਿਖੁ ਪਾਇ ਜਗਤੁ ਉਪਾਇਆ ਸਬਦੁ ਵਸੈ ਬਿਖੁ ਜਾਇ ॥ ਜਰਾ ਜੋਹਿ ਨ ਸਕਈ ਸਚਿ ਰਹੈ ਲਿਵ ਲਾਇ ॥ ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ ॥੬॥ ਧੰਧੈ ਧਾਵਤ ਜਗੁ ਬਾਧਿਆ ਨਾ ਬੂਝੈ ਵੀਚਾਰੁ ॥ ਜੰਮਣ ਮਰਣੁ ਵਿਸਾਰਿਆ ਮਨਮੁਖ ਮੁਗਧੁ ਗਵਾਰੁ ॥ ਗੁਰਿ ਰਾਖੇ ਸੇ ਉਬਰੇ ਸਚਾ ਸਬਦੁ ਵੀਚਾਰਿ ॥੭॥ ਸੂਹਟੁ ਪਿੰਜਰਿ ਪ੍ਰੇਮ ਕੈ ਬੋਲੈ ਬੋਲਣਹਾਰੁ ॥ ਸਚੁ ਚੁਗੈ ਅੰਮ੍ਰਿਤੁ ਪੀਐ ਉਡੈ ਤ ਏਕਾ ਵਾਰ ॥ ਗੁਰਿ ਮਿਲਿਐ ਖਸਮੁ ਪਛਾਣੀਐ ਕਹੁ ਨਾਨਕ ਮੋਖ ਦੁਆਰੁ ॥੮॥੨॥ {ਪੰਨਾ 1009-1010}

ਪਦ ਅਰਥ: ਬੋਹਿਥਾ = ਜਹਾਜ਼, ਬੇੜਾ। ਦੀਆ = ਠੇਲ੍ਹ ਦਿੱਤਾ। ਮੰਝਾਰਿ = ਵਿਚ। ਕੰਧੀ = ਕੰਢਾ। ਉਰਵਾਰੁ = ਉਰਲਾ ਕੰਢਾ। ਵੰਝੀ = ਵੰਝ। ਹਾਥਿ = ਹੱਥ ਵਿਚ। ਖੇਵਟੂ = ਮਲਾਹ। ਅਸਰਾਲੁ = ਭਿਆਨਕ।2।

ਬਾਬਾ = ਹੇ ਭਾਈ! ਜਾਲਿ = ਜਾਲ ਵਿਚ। ਪਰਸਾਦੀ = ਕਿਰਪਾ ਨਾਲ। ਸਮਾਲਿ = ਸੰਭਾਲ ਕੇ।1। ਰਹਾਉ।

ਸਬਦਿ = ਸ਼ਬਦ ਵਿਚ (ਜੋੜ ਕੇ) । ਤਿਥੈ = ਉਸ ਆਤਮਕ ਅਵਸਥਾ ਵਿਚ, ਉਸ ਥਾਂ। ਪਾਵਕੋ = ਅੱਗ। ਆਕਾਰੁ = (ਦਿੱਸਦਾ) ਜਗਤ। ਨਾਇ = ਨਾਮ ਵਿਚ। ਸਚਿ ਨਾਇ = ਸਦਾ-ਥਿਰ ਨਾਮ ਵਿਚ (ਜੋੜ ਕੇ) ।2।

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਆਵਾਗਉਣੁ = ਜੰਮਣਾ ਮਰਨਾ, ਜਨਮ ਮਰਨ ਦਾ ਗੇੜ। ਨਿਵਾਰਿਆ = ਦੂਰ ਕਰ ਦਿੱਤਾ। ਸਹਜੁ = ਅਡੋਲ ਆਤਮਕ ਅਵਸਥਾ।3।

ਪਿੜਾਈ = ਪਟਾਰੀ ਵਿਚ। ਮਨਿ = ਮਨ ਵਿਚ। ਰੋਸੁ = ਕ੍ਰੋਧ। ਦੀਜੈ = ਦਿੱਤਾ ਜਾਏ। ਗਾਰੜੁ = (ਸੱਪ ਦੇ ਜ਼ਹਿਰ ਨੂੰ ਦੂਰ ਕਰਨ ਵਾਲਾ) ਗਾਰੜ ਮੰਤਰ। ਸੰਤੋਸੁ = ਸੰਤੋਖ, ਆਤਮਕ ਠੰਢ, ਸ਼ਾਂਤੀ।4।

ਫਹਾਈਐ = ਫਸਾ ਲਈਦਾ ਹੈ। ਵਤਾਇ = ਪਾ ਕੇ। ਫਾਥਾ = ਫਸਿਆ ਹੋਇਆ। ਫਾਹੀਐ = ਫਸ ਜਾਂਦਾ ਹੈ। ਕਿਰਤੁ = ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ।5।

ਬਿਖੁ = ਜ਼ਹਿਰ। ਜਾਇ = ਦੂਰ ਹੋ ਜਾਂਦਾ ਹੈ। ਜਰਾ = ਬੁਢੇਪਾ। ਸਚਿ = ਸਦਾ-ਥਿਰ ਪ੍ਰਭੂ ਵਿਚ। ਮੁਕਤੁ = ਵਿਕਾਰਾਂ ਤੋਂ ਆਜ਼ਾਦ।6।

ਧੰਧੈ = ਧੰਧੇ ਵਿਚ। ਮੁਗਧੁ = ਮੂਰਖ। ਗੁਰਿ = ਗੁਰੂ ਨੇ। ਵੀਚਾਰਿ = ਵਿਚਾਰ ਕੇ। {ਨੋਟ: ਲਫ਼ਜ਼ 'ਵੀਚਾਰੁ' ਅਤੇ 'ਵੀਚਾਰਿ' ਦਾ ਫ਼ਰਕ ਚੇਤੇ ਰਖਣ-ਜੋਗ ਹੈ}।

ਸੂਹਟੁ = ਤੋਤਾ। ਪਿੰਜਰਿ = ਪਿੰਜਰੇ ਵਿਚ। ਪੀਐ = ਪੀਂਦਾ ਹੈ। ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਮੋਖ = ਵਿਕਾਰਾਂ ਤੋਂ ਖ਼ਲਾਸੀ। ਦੁਆਰੁ = ਦਰਵਾਜ਼ਾ।8।

ਅਰਥ: ਹੇ ਭਾਈ! ਜਗਤ (ਮਾਇਆ-ਮੋਹ ਦੇ) ਬੜੇ ਵੱਡੇ ਜਾਲ ਵਿਚ ਫਸਿਆ ਹੋਇਆ ਹੈ। (ਇਸ ਜਾਲ ਵਿਚੋਂ) ਜੀਊਂਦੇ ਉਹ ਨਿਕਲਦੇ ਹਨ ਜੋ ਗੁਰੂ ਦੀ ਮੇਹਰ ਨਾਲ ਸਦਾ-ਥਿਰ ਪਰਮਾਤਮਾ ਦਾ ਨਾਮ ਸੰਭਾਲਦੇ ਹਨ।1। ਰਹਾਉ।

ਜਗਤ ਨੇ ਆਪਣੀ ਜ਼ਿੰਦਗੀ ਦਾ ਬੇੜਾ ਮਾਇਆ ਦੇ ਜ਼ਹਿਰ ਨਾਲ ਲੱਦਿਆ ਹੋਇਆ ਹੈ, ਤੇ ਇਸ ਨੂੰ ਸੰਸਾਰ-ਸਮੁੰਦਰ ਵਿਚ ਠੇਲ੍ਹ ਦਿੱਤਾ ਹੋਇਆ ਹੈ। (ਸੰਸਾਰ ਦਾ) ਕੰਢਾ ਦਿੱਸਦਾ ਨਹੀਂ, ਨਾਹ ਉਰਲਾ ਕੰਢਾ ਨਾਹ ਪਾਰਲਾ। ਨਾਹ ਹੀ (ਮੁਸਾਫ਼ਿਰ ਦੇ) ਹੱਥ ਵਿਚ ਵੰਝ ਹੈ, ਨਾਹ (ਬੇੜੇ ਨੂੰ ਚਲਾਣ ਵਾਲਾ ਕੋਈ) ਮਲਾਹ ਹੈ। (ਜਿਸ ਸਮੁੰਦਰ ਵਿਚੋਂ ਜਹਾਜ਼ ਲੰਘ ਰਿਹਾ ਹੈ ਉਹ) ਸਮੁੰਦਰ ਭਿਆਨਕ ਹੈ (ਉਸ ਦਾ ਠਾਠਾਂ ਮਾਰਦਾ) ਪਾਣੀ ਡਰਾਉਣਾ ਹੈ।1।

ਗੁਰੂ ਜਹਾਜ਼ ਹੈ, ਗੁਰੂ ਆਪਣੇ ਸ਼ਬਦ ਦੀ ਰਾਹੀਂ (ਜੀਵ-ਮੁਸਾਫ਼ਿਰਾਂ ਨੂੰ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਾਣ ਦੇ ਸਮਰੱਥ ਹੈ, (ਗੁਰੂ ਜਿਸ ਥਾਂ ਜਿਸ ਆਤਮਕ ਅਵਸਥਾ ਵਿਚ ਅਪੜਾ ਦੇਂਦਾ ਹੈ) ਉਥੇ ਨਾਹ ਹਵਾ ਨਾਹ ਅੱਗ ਨਾਹ ਪਾਣੀ ਨਾਹ ਇਹ ਸਭ ਕੁਝ ਜੋ ਦਿੱਸ ਰਿਹਾ ਹੈ (ਕੋਈ ਜ਼ੋਰ ਨਹੀਂ ਪਾ ਸਕਦਾ) । ਉਸ ਅਵਸਥਾ ਵਿਚ ਅੱਪੜਿਆ ਜੀਵ ਸਦਾ-ਥਿਰ ਪ੍ਰਭੂ (ਨਾਲ ਇਕ-ਮਿਕ ਹੁੰਦਾ ਹੈ) , ਉਸ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ ਜੋ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਤਾਕਤ ਰੱਖਦਾ ਹੈ।2।

ਜੇਹੜੇ ਬੰਦੇ ਗੁਰੂ ਦੀ ਸਰਨ ਪੈ ਕੇ (ਇਸ ਸਮੁੰਦਰ ਵਿਚੋਂ) ਲੰਘਦੇ ਹਨ, ਉਹ ਸਦਾ-ਥਿਰ ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੋੜ ਕੇ ਪਾਰਲੇ ਕੰਢੇ ਜਾ ਪਹੁੰਚਦੇ ਹਨ। (ਗੁਰੂ) ਉਹਨਾਂ ਦੀ ਜੋਤਿ ਪ੍ਰਭੂ ਦੀ ਜੋਤਿ ਵਿਚ ਮਿਲਾ ਕੇ ਉਹਨਾਂ ਦਾ ਜਨਮ ਮਰਨ ਦਾ ਗੇੜ ਮੁਕਾ ਦੇਂਦਾ ਹੈ। ਗੁਰੂ ਦੀ ਸਿੱਖਿਆ ਲੈ ਕੇ ਜਿਸ ਮਨੁੱਖ ਦੇ ਅੰਦਰ ਅਡੋਲ ਆਤਮਕ ਅਵਸਥਾ ਪੈਦਾ ਹੁੰਦੀ ਹੈ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ।3।

ਜੇ ਸੱਪ ਨੂੰ ਪਟਾਰੀ ਵਿਚ ਪਾ ਦੇਈਏ ਤਾਂ ਉਸ ਦਾ ਜ਼ਹਿਰ ਉਸ ਦੇ ਅੰਦਰ ਹੀ ਟਿਕਿਆ ਰਹਿੰਦਾ ਹੈ (ਦੂਜਿਆਂ ਨੂੰ ਡੰਗ ਮਾਰਨ ਲਈ) ਗੁੱਸਾ ਭੀ ਉਸ ਦੇ ਮਨ ਵਿਚ ਮੌਜੂਦ ਰਹਿੰਦਾ ਹੈ (ਮਨੁੱਖ ਦਾ ਮਨ, ਮਾਨੋ, ਸੱਪ ਹੈ। ਕਿਸੇ ਧਾਰਮਿਕ ਭੇਸ ਨਾਲ ਮਨ ਦਾ ਮੰਦਾ ਸੁਭਾਉ ਬਦਲ ਨਹੀਂ ਸਕਦਾ) , ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਸੰਗ੍ਰਹਿ ਦਾ ਫਲ ਭੋਗਣਾ ਹੀ ਪੈਂਦਾ ਹੈ, ਕਿਸੇ ਜੀਵ ਨੂੰ (ਉਸ ਦੀ ਕਿਸੇ ਕੀਤੀ ਬੁਰਾਈ ਬਾਰੇ) ਦੋਸ ਨਹੀਂ ਦਿੱਤਾ ਜਾ ਸਕਦਾ। ਜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਮਨ-ਸੱਪ ਨੂੰ ਵੱਸ ਕਰਨ ਵਾਲਾ) ਗਾਰੜ ਮੰਤਰ (ਗੁਰੂ ਤੋਂ) ਸੁਣ ਲਏ, ਪਰਮਾਤਮਾ ਦਾ ਨਾਮ ਸੁਣਨ ਦੀ ਗੇਝ ਪਾ ਲਏ ਤਾਂ ਉਸ ਦੇ ਅੰਦਰ ਸ਼ਾਂਤੀ ਠੰਢ ਪੈਦਾ ਹੋ ਜਾਂਦੀ ਹੈ।4।

(ਦਰਿਆ ਵਿਚ) ਜਾਲ ਪਾ ਕੇ ਕੁੰਡੀ ਨਾਲ ਮਗਰਮੱਛ ਫਸਾ ਲਈਦਾ ਹੈ, ਤਿਵੇਂ ਭੈੜੀ ਮਤਿ ਵਿਚ ਫਸਿਆ ਜੀਵ ਮਾਇਆ ਦੇ ਮੋਹ ਵਿਚ ਕਾਬੂ ਆ ਜਾਂਦਾ ਹੈ (ਵਿਕਾਰ ਕਰਦਾ ਹੈ ਤੇ) ਮੁੜ ਮੁੜ ਪਛੁਤਾਂਦਾ (ਭੀ) ਹੈ। ਉਸ ਨੂੰ ਇਹ ਸੁੱਝਦਾ ਹੀ ਨਹੀਂ ਕਿ (ਇਹਨਾਂ ਵਿਕਾਰਾਂ ਦੇ ਕਾਰਨ) ਜਨਮ ਮਰਨ ਦਾ ਗੇੜ ਵਿਆਪੇਗਾ। (ਪਰ ਉਸ ਦੇ ਭੀ ਕੀਹ ਵੱਸ? ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਜੋ ਜੀਵ ਦੇ ਮਨ ਵਿਚ ਮੌਜੂਦ ਰਹਿੰਦਾ ਹੈ) ਮਿਟਾਇਆ ਨਹੀਂ ਜਾ ਸਕਦਾ।5।

ਕਰਤਾਰ ਨੇ ਜੀਵਾਂ ਦੇ ਅੰਦਰ ਹਉਮੈ ਦਾ ਜ਼ਹਿਰ ਪਾ ਕੇ ਜਗਤ ਪੈਦਾ ਕਰ ਦਿੱਤਾ ਹੈ। ਜਿਸ ਜੀਵ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸ ਪੈਂਦਾ ਹੈ ਉਸ ਦਾ ਇਹ ਜ਼ਹਿਰ ਦੂਰ ਹੋ ਜਾਂਦਾ ਹੈ। (ਉਹ ਇਕ ਐਸੀ ਆਤਮਕ ਅਵਸਥਾ ਤੇ ਪਹੁੰਚਦਾ ਹੈ ਜਿਸ ਨੂੰ) ਬੁਢੇਪਾ ਪੋਹ ਨਹੀਂ ਸਕਦਾ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸੁਰਤਿ ਜੋੜੀ ਰੱਖਦਾ ਹੈ।

ਜਿਸ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ ਉਸ ਦੀ ਬਾਬਤ ਕਹਿ ਸਕੀਦਾ ਹੈ ਕਿ ਉਹ ਸੰਸਾਰਕ ਜੀਵਨ ਜੀਊਂਦਿਆਂ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੈ।6।

ਦੁਨੀਆ ਦੇ ਕਾਰ-ਵਿਹਾਰ ਵਿਚ ਦੌੜ-ਭੱਜ ਕਰਦਾ ਕਰਦਾ ਮਨੁੱਖ ਮਾਇਆ ਦੇ ਮੋਹ ਵਿਚ ਬੱਝ ਜਾਂਦਾ ਹੈ, ਉਹ (ਇਸ ਵਿਚੋਂ ਨਿਕਲਣ ਦੀ ਕੋਈ) ਸੋਚ ਸੋਚ ਹੀ ਨਹੀਂ ਸਕਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਅਜੇਹਾ ਮੂਰਖ ਤੇ ਬੁੱਧੂ ਬਣ ਜਾਂਦਾ ਹੈ ਕਿ ਉਹ ਜਨਮ ਮਰਨ ਦਾ ਗੇੜ ਭੁਲਾ ਹੀ ਬੈਠਦਾ ਹੈ। ਜਿਨ੍ਹਾਂ ਦੀ ਰੱਖਿਆ ਗੁਰੂ ਨੇ ਕੀਤੀ, ਉਹ ਸੱਚੇ ਸ਼ਬਦ ਨੂੰ ਸੋਚ-ਮੰਡਲ ਵਿਚ ਵਸਾ ਕੇ (ਮੋਹ ਦੀ ਜੇਵੜੀ ਵਿਚੋਂ) ਬਚ ਨਿਕਲੇ।7।

(ਤੋਤਾ ਆਪਣੇ ਮਾਲਕ ਦੇ ਪਿੰਜਰੇ ਵਿਚ ਪੈ ਕੇ ਉਹੀ ਬੋਲੀ ਬੋਲਦਾ ਹੈ ਜੋ ਮਾਲਕ ਸਿਖਾਂਦਾ ਹੈ, ਮਾਲਕ ਉਹ ਬੋਲੀ ਸੁਣ ਕੇ ਤੋਤੇ ਉਤੇ ਖ਼ੁਸ਼ ਹੁੰਦਾ ਹੈ) ਜੇਹੜਾ ਜੀਵ-ਤੋਤਾ ਪ੍ਰਭੂ ਦੇ ਪ੍ਰੇਮ ਦੇ ਪਿੰਜਰੇ ਵਿਚ ਪੈ ਕੇ ਉਹ ਬੋਲ ਬੋਲਦਾ ਹੈ ਜੋ ਇਸ ਦੇ ਅੰਦਰ ਬੋਲਣਹਾਰ ਪ੍ਰਭੂ ਨੂੰ ਪਸੰਦ ਹੈ, ਤਾਂ ਉਹ ਜੀਵ-ਤੋਤਾ ਸਦਾ-ਥਿਰ ਨਾਮ ਦੀ ਚੋਗ ਚੁਗਦਾ ਹੈ ਨਾਮ-ਅੰਮ੍ਰਿਤ ਪੀਂਦਾ ਹੈ। (ਸਰੀਰ-ਪਿੰਜਰੇ ਨੂੰ ਸਦਾ ਲਈ) ਇਕੋ ਵਾਰੀ ਹੀ ਤਿਆਗ ਜਾਂਦਾ ਹੈ (ਮੁੜ ਮੁੜ ਜਨਮ ਮਰਨ ਵਿਚ ਨਹੀਂ ਪੈਦਾ) ।

ਹੇ ਨਾਨਕ! ਆਖ– ਜੇ ਗੁਰੂ ਮਿਲ ਪਏ ਤਾਂ ਖਸਮ-ਪਰਮਾਤਮਾ ਨਾਲ ਡੂੰਘੀ ਸਾਂਝ ਪੈ ਜਾਂਦੀ ਹੈ, ਤੇ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਦਰਵਾਜ਼ਾ ਲੱਭ ਪੈਂਦਾ ਹੈ।8।2।

TOP OF PAGE

Sri Guru Granth Darpan, by Professor Sahib Singh