ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 1010 ਮਾਰੂ ਮਹਲਾ ੧ ॥ ਸਬਦਿ ਮਰੈ ਤਾ ਮਾਰਿ ਮਰੁ ਭਾਗੋ ਕਿਸੁ ਪਹਿ ਜਾਉ ॥ ਜਿਸ ਕੈ ਡਰਿ ਭੈ ਭਾਗੀਐ ਅੰਮ੍ਰਿਤੁ ਤਾ ਕੋ ਨਾਉ ॥ ਮਾਰਹਿ ਰਾਖਹਿ ਏਕੁ ਤੂ ਬੀਜਉ ਨਾਹੀ ਥਾਉ ॥੧॥ ਬਾਬਾ ਮੈ ਕੁਚੀਲੁ ਕਾਚਉ ਮਤਿਹੀਨ ॥ ਨਾਮ ਬਿਨਾ ਕੋ ਕਛੁ ਨਹੀ ਗੁਰਿ ਪੂਰੈ ਪੂਰੀ ਮਤਿ ਕੀਨ ॥੧॥ ਰਹਾਉ ॥ ਅਵਗਣਿ ਸੁਭਰ ਗੁਣ ਨਹੀ ਬਿਨੁ ਗੁਣ ਕਿਉ ਘਰਿ ਜਾਉ ॥ ਸਹਜਿ ਸਬਦਿ ਸੁਖੁ ਊਪਜੈ ਬਿਨੁ ਭਾਗਾ ਧਨੁ ਨਾਹਿ ॥ ਜਿਨ ਕੈ ਨਾਮੁ ਨ ਮਨਿ ਵਸੈ ਸੇ ਬਾਧੇ ਦੂਖ ਸਹਾਹਿ ॥੨॥ ਜਿਨੀ ਨਾਮੁ ਵਿਸਾਰਿਆ ਸੇ ਕਿਤੁ ਆਏ ਸੰਸਾਰਿ ॥ ਆਗੈ ਪਾਛੈ ਸੁਖੁ ਨਹੀ ਗਾਡੇ ਲਾਦੇ ਛਾਰੁ ॥ ਵਿਛੁੜਿਆ ਮੇਲਾ ਨਹੀ ਦੂਖੁ ਘਣੋ ਜਮ ਦੁਆਰਿ ॥੩॥ ਅਗੈ ਕਿਆ ਜਾਣਾ ਨਾਹਿ ਮੈ ਭੂਲੇ ਤੂ ਸਮਝਾਇ ॥ ਭੂਲੇ ਮਾਰਗੁ ਜੋ ਦਸੇ ਤਿਸ ਕੈ ਲਾਗਉ ਪਾਇ ॥ ਗੁਰ ਬਿਨੁ ਦਾਤਾ ਕੋ ਨਹੀ ਕੀਮਤਿ ਕਹਣੁ ਨ ਜਾਇ ॥੪॥ ਸਾਜਨੁ ਦੇਖਾ ਤਾ ਗਲਿ ਮਿਲਾ ਸਾਚੁ ਪਠਾਇਓ ਲੇਖੁ ॥ ਮੁਖਿ ਧਿਮਾਣੈ ਧਨ ਖੜੀ ਗੁਰਮੁਖਿ ਆਖੀ ਦੇਖੁ ॥ ਤੁਧੁ ਭਾਵੈ ਤੂ ਮਨਿ ਵਸਹਿ ਨਦਰੀ ਕਰਮਿ ਵਿਸੇਖੁ ॥੫॥ ਭੂਖ ਪਿਆਸੋ ਜੇ ਭਵੈ ਕਿਆ ਤਿਸੁ ਮਾਗਉ ਦੇਇ ॥ ਬੀਜਉ ਸੂਝੈ ਕੋ ਨਹੀ ਮਨਿ ਤਨਿ ਪੂਰਨੁ ਦੇਇ ॥ ਜਿਨਿ ਕੀਆ ਤਿਨਿ ਦੇਖਿਆ ਆਪਿ ਵਡਾਈ ਦੇਇ ॥੬॥ ਨਗਰੀ ਨਾਇਕੁ ਨਵਤਨੋ ਬਾਲਕੁ ਲੀਲ ਅਨੂਪੁ ॥ ਨਾਰਿ ਨ ਪੁਰਖੁ ਨ ਪੰਖਣੂ ਸਾਚਉ ਚਤੁਰੁ ਸਰੂਪੁ ॥ ਜੋ ਤਿਸੁ ਭਾਵੈ ਸੋ ਥੀਐ ਤੂ ਦੀਪਕੁ ਤੂ ਧੂਪੁ ॥੭॥ ਗੀਤ ਸਾਦ ਚਾਖੇ ਸੁਣੇ ਬਾਦ ਸਾਦ ਤਨਿ ਰੋਗੁ ॥ ਸਚੁ ਭਾਵੈ ਸਾਚਉ ਚਵੈ ਛੂਟੈ ਸੋਗ ਵਿਜੋਗੁ ॥ ਨਾਨਕ ਨਾਮੁ ਨ ਵੀਸਰੈ ਜੋ ਤਿਸੁ ਭਾਵੈ ਸੁ ਹੋਗੁ ॥੮॥੩॥ {ਪੰਨਾ 1010} ਪਦ ਅਰਥ: ਮਰੈ = ਆਪਾ-ਭਾਵ ਤੋਂ ਮਰਦਾ ਹੈ। ਮਾਰਿ = ਮਾਰੈ, ਮਾਰ ਲੈਂਦਾ ਹੈ। ਮਰੁ = ਮੌਤ, ਮੌਤ ਦਾ ਡਰ। ਭਾਗੋ = ਭੱਜਿਆਂ। ਪਹਿ = ਪਾਸ। ਜਾਉ = ਮੈਂ ਜਾਵਾਂ। ਜਿਸ ਕੈ ਡਰਿ = ਜਿਸ ਪਰਮਾਤਮਾ ਤੇ ਡਰ ਨਾਲ। ਜਿਸ ਕੈ ਭੈ = ਜਿਸ ਪ੍ਰਭੂ ਦੇ ਡਰ ਵਿਚ ਰਹਿਣ ਨਾਲ। ਭਾਗੀਐ = ਭੱਜ ਸਕੀਦਾ ਹੈ, ਬਚ ਸਕੀਦਾ ਹੈ (ਮੌਤ ਦੇ ਡਰ ਤੋਂ) । ਅੰਮ੍ਰਿਤੁ = ਅਟੱਲ ਆਤਮਕ ਜੀਵਨ ਦੇਣ ਵਾਲਾ। ਤਾ ਕੋ = ਉਸ (ਪ੍ਰਭੂ) ਦਾ। ਬੀਜਉ = ਦੂਜਾ, ਕੋਈ ਹੋਰ।1। ਬਾਬਾ = ਹੇ ਪ੍ਰਭੂ! ਕੁਚੀਲੁ = ਗੰਦਾ। ਕਾਚਉ = ਕੱਚਾ, ਕਮਜ਼ੋਰ। ਮਤਿ ਹੀਨ = ਅਕਲ ਤੋਂ ਸੱਖਣਾ। ਕੋ = ਕੋਈ ਜੀਵ। ਕਛੁ ਨਹੀ = ਕਾਸੇ ਜੋਗਾ ਨਹੀਂ। ਗੁਰਿ = ਗੁਰੂ ਨੇ। ਪੂਰੀ ਮਤਿ = ਉਕਾਈ ਨਾਹ ਖਾਣ ਵਾਲੀ ਅਕਲ।1। ਰਹਾਉ। ਅਵਗਣਿ = ਔਗੁਣ ਵਿਚ। ਸੁਭਰ = ਨਕਾ-ਨਕ। ਘਰਿ = ਪ੍ਰਭੂ ਦੇ ਘਰ ਵਿਚ। ਜਾਉ = ਮੈਂ ਜਾਵਾਂ। ਸਹਜਿ = ਅਡੋਲ ਆਤਮਕ ਅਵਸਥਾ ਵਿਚ। ਧਨੁ = ਪਰਮਾਤਮਾ ਦਾ ਨਾਮ-ਧਨ। ਬਾਧੇ = ਪਾਪਾਂ ਵਿਚ ਬੱਝੇ ਹੋਏ।2। ਕਿਤੁ = ਕਾਹਦੇ ਲਈ? ਸੰਸਾਰਿ = ਸੰਸਾਰ ਵਿਚ। ਆਗੈ ਪਾਛੈ = ਪਰਲੋਕ ਵਿਚ ਤੇ ਇਸ ਲੋਕ ਵਿਚ। ਗਾਡੇ = ਗੱਡੇ। ਛਾਰੁ = ਸੁਆਹ। ਘਣੋ = ਬਹੁਤ। ਦੁਆਰਿ = ਦੁਆਰ ਤੇ।3। ਜਾਣਾ ਨਾਹਿ = ਮੈਂ ਨਹੀਂ ਜਾਣਦਾ। ਮੈ = ਮੈਨੂੰ। ਮਾਰਗੁ = ਰਸਤਾ। ਲਾਗਉ = ਮੈਂ ਲੱਗਦਾ ਹਾਂ। ਪਾਇ = ਪੈਰੀਂ।4। ਸਾਜਨੁ = ਪ੍ਰੀਤਮ ਪ੍ਰਭੂ। ਗਲਿ = ਗਲ ਨਾਲ। ਸਾਚੁ = ਸਦਾ-ਥਿਰ ਪ੍ਰਭੂ ਦਾ ਨਾਮ। ਲੇਖੁ = ਚਿੱਠੀ। ਮੁਖਿ ਧਿਮਾਣੈ = ਨੀਵੇਂ ਮੂੰਹ, ਮੂੰਹ ਨੀਵਾਂ ਕਰ ਕੇ। ਧਨ = ਜੀਵ-ਇਸਤ੍ਰੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਦੇਖੁ = ਵੇਖ ਲੈ। ਨਦਰੀ = ਮੇਹਰ ਦੀ ਨਿਗਾਹ ਨਾਲ। ਕਰਮਿ = ਬਖ਼ਸ਼ਸ਼ ਨਾਲ। ਵਿਸੇਖੁ = ਵਿਸ਼ੇਸ਼ਤਾ; ਵਡਿਆਈ।5। ਭੂਖ ਪਿਆਸੋ = ਭੁੱਖਾ ਤਿਹਾਇਆ। ਮਾਗਉ = ਮੈਂ ਮੰਗਾਂ। ਕਿਆ ਦੇਇ = ਉਹ ਕੀਹ ਦੇ ਸਕਦਾ ਹੈ? ਪੂਰਨੁ = ਵਿਆਪਕ ਪ੍ਰਭੂ। ਜਿਨਿ = ਜਿਸ ਪ੍ਰਭੂ ਨੇ। ਦੇਖਿਆ = ਸੰਭਾਲ ਕੀਤੀ ਹੈ।6। ਨਗਰੀ ਨਾਇਕੁ = ਸਰੀਰ-ਨਗਰੀ ਦਾ ਮਾਲਕ। ਨਵਤਨੋ = ਨਵਾਂ। ਬਾਲਕੁ = ਬਾਲ-ਸੁਭਾਉ ਵਾਲਾ, ਕਿਸੇ ਨਾਲ ਵੈਰ ਵਿਰੋਧ ਨਾਹ ਰੱਖਣ ਵਾਲਾ। ਲੀਲ ਅਨੂਪੁ = ਅਨੋਖੀਆਂ ਖੇਡਾਂ ਕਰਨ ਵਾਲਾ। ਪੰਖਣੂ = ਪੰਛੀ। ਸਾਚਉ = ਸਦਾ-ਥਿਰ ਰਹਿਣ ਵਾਲਾ। ਚਤੁਰੁ ਸਰੂਪੁ = ਅਕਲ ਦਾ ਪੁੰਜ। ਦੀਪਕੁ = ਚਾਨਣ ਦੇਣ ਵਾਲਾ। ਧੂਪੁ = ਸੁਗੰਧੀ ਦੇਣ ਵਾਲਾ।7। ਬਾਦ = ਵਾਜੇ, ਗੀਤ। ਤਨਿ = ਤਨ ਵਿਚ। ਸਚੁ = ਸਦਾ-ਥਿਰ ਪ੍ਰਭੂ। ਸਾਚਉ = ਸਦਾ-ਥਿਰ ਰਹਿਣ ਵਾਲਾ (ਨਾਮ) ਹੀ। ਚਵੈ = ਬੋਲਦਾ ਹੈ। ਸੋਗ = ਗ਼ਮ, ਚਿੰਤਾ। ਵਿਜੋਗੁ = ਵਿਛੋੜਾ। ਹੋਗੁ = ਹੋਵੇਗਾ।8। ਅਰਥ: ਹੇ ਪ੍ਰਭੂ! (ਤੇਰੇ ਨਾਮ ਤੋਂ ਬਿਨਾ) ਮੈਂ ਗੰਦਾ ਹਾਂ, ਕਮਜ਼ੋਰ-ਦਿਲ ਹਾਂ, ਅਕਲ ਤੋਂ ਸੱਖਣਾ ਹਾਂ। ਤੇਰੇ ਨਾਮ ਤੋਂ ਬਿਨਾ ਕੋਈ ਭੀ ਜੀਵ ਕਾਸੇ ਜੋਗਾ ਨਹੀਂ ਹੈ (ਅਕਲੋਂ ਖ਼ਾਲੀ ਹੈ) । (ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ) ਪੂਰੇ ਗੁਰੂ ਨੇ ਉਸ ਨੂੰ ਉਹ ਮਤਿ ਦੇ ਦਿੱਤੀ ਜਿਸ ਨਾਲ ਉਹ ਜੀਵਨ-ਸਫ਼ਰ ਵਿਚ ਉਕਾਈ ਨਾਹ ਖਾਏ।1। ਰਹਾਉ। (ਜਦੋਂ ਮਨੁੱਖ ਗੁਰੂ ਦੇ) ਸ਼ਬਦ ਵਿਚ (ਜੁੜ ਕੇ) ਆਪਾ-ਭਾਵ ਤੋਂ ਮਰਦਾ ਹੈ ਤਦੋਂ ਉਹ ਮੌਤ ਦੇ ਡਰ ਨੂੰ ਮਾਰ ਲੈਂਦਾ ਹੈ। (ਉਂਞ ਮੌਤ ਤੋਂ) ਭੱਜ ਕੇ ਮੈਂ ਕਿਸ ਦੇ ਪਾਸ ਜਾ ਸਕਦਾ ਹਾਂ? ਜਿਸ ਪਰਮਾਤਮਾ ਦੇ ਡਰ ਵਿਚ ਰਿਹਾਂ ਅਦਬ ਵਿਚ ਰਿਹਾਂ (ਮੌਤ ਦੇ ਡਰ ਤੋਂ) ਬਚ ਸਕੀਦਾ ਹੈ (ਉਸ ਦਾ ਨਾਮ ਜਪਣਾ ਚਾਹੀਦਾ ਹੈ) , ਉਸ ਦਾ ਨਾਮ ਅਟੱਲ ਆਤਮਕ ਜੀਵਨ ਦੇਣ ਵਾਲਾ ਹੈ। ਹੇ ਪ੍ਰਭੂ! ਤੂੰ ਆਪ ਹੀ ਮਾਰਦਾ ਹੈਂ ਤੂੰ ਆਪ ਹੀ ਰੱਖਿਆ ਕਰਦਾ ਹੈਂ। ਤੈਥੋਂ ਬਿਨਾ ਹੋਰ ਕੋਈ ਥਾਂ ਨਹੀਂ (ਜੋ ਮਾਰ ਸਕੇ ਜਾਂ ਮੌਤ ਤੋਂ ਬਚਾ ਸਕੇ) ।1। (ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਮੈਂ ਔਗੁਣ ਨਾਲ ਨਕਾ-ਨਕ ਭਰ ਜਾਂਦਾ ਹਾਂ, ਮੇਰੇ ਵਿਚ ਗੁਣ ਨਹੀਂ ਪੈਦਾ ਹੁੰਦੇ, ਤੇ ਗੁਣਾਂ ਤੋਂ ਬਿਨਾ ਮੈਂ (ਪਰਮਾਤਮਾ ਦੇ) ਦੇਸ ਵਿਚ ਕਿਵੇਂ ਪਹੁੰਚ ਸਕਦਾ ਹਾਂ? ਜੇਹੜਾ ਮਨੁੱਖ ਅਡੋਲ ਆਤਮਕ ਅਵਸਥਾ ਵਿਚ ਟਿਕਦਾ ਹੈ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ, ਪਰ ਇਹ ਨਾਮ-ਧਨ ਕਿਸਮਤ ਤੋਂ ਬਿਨਾ ਨਹੀਂ ਮਿਲਦਾ। ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹ ਔਗੁਣਾਂ ਦੇ ਬੱਧੇ ਹੋਏ ਦੁੱਖ ਸਹਾਰਦੇ ਹਨ।2। ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਉਹ ਸੰਸਾਰ ਵਿਚ ਕਾਹਦੇ ਲਈ ਆਏ? ਉਹਨਾਂ ਨੂੰ ਨਾਹ ਪਰਲੋਕ ਵਿਚ ਸੁਖ, ਨਾਹ ਇਸ ਲੋਕ ਵਿਚ ਸੁਖ, ਉਹ ਤਾਂ ਸੁਆਹ ਦੇ ਲੱਦੇ ਹੋਏ ਗੱਡੇ ਹਨ (ਉਹਨਾਂ ਦੇ ਸਰੀਰ ਵਿਕਾਰਾਂ ਨਾਲ ਭਰੇ ਹੋਏ ਹਨ) । ਉਹ ਪਰਮਾਤਮਾ ਤੋਂ ਵਿਛੁੜੇ ਹੋਏ ਹਨ, ਪਰਮਾਤਮਾ ਨਾਲ ਉਹਨਾਂ ਨੂੰ ਮਿਲਾਪ ਨਸੀਬ ਨਹੀਂ ਹੁੰਦਾ, ਉਹ ਜਮਰਾਜ ਦੇ ਡਰ ਤੇ ਡਾਢਾ ਦੁੱਖ ਸਹਾਰਦੇ ਹਨ।3। ਹੇ ਪ੍ਰਭੂ! ਮੈਨੂੰ ਇਹ ਸਮਝ ਨਹੀਂ ਕਿ ਤੇਰੇ ਨਾਮ ਤੋਂ ਖੁੰਝ ਕੇ ਜੀਵਨ-ਸਫ਼ਰ ਵਿਚ ਮੇਰੇ ਨਾਲ ਕਿਹੀ ਵਾਪਰੇਗੀ। ਮੈਨੂੰ ਭੁੱਲੇ ਹੋਏ ਨੂੰ, ਹੇ ਪ੍ਰਭੂ! ਤੂੰ ਆਪ ਅਕਲ ਦੇਹ। ਮੈਨੂੰ ਕੁਰਾਹੇ ਪਏ ਹੋਏ ਨੂੰ ਜੇਹੜਾ ਕੋਈ ਰਸਤਾ ਦੱਸੇਗਾ, ਮੈਂ ਉਸ ਦੇ ਪੈਰੀਂ ਲੱਗਾਂਗਾ। (ਸਹੀ ਰਸਤੇ ਦੀ) ਦਾਤਿ ਦੇਣ ਵਾਲਾ ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਹੈ, ਗੁਰੂ ਦੀ ਬਖ਼ਸ਼ੀ ਇਸ ਦਾਤਿ ਦਾ ਮੁੱਲ ਪਾਇਆ ਨਹੀਂ ਜਾ ਸਕਦਾ।4। (ਗੁਰੂ ਦੀ ਸਰਨ ਪੈ ਕੇ) ਮੈਂ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰ ਰਹੀ ਹਾਂ, ਇਹ ਸਿਮਰਨ-ਰੂਪ ਚਿੱਠੀ ਮੈਂ (ਪ੍ਰਭੂ-ਪਤੀ ਨੂੰ) ਭੇਜੀ ਹੈ, ਜਦੋਂ ਉਸ ਸੱਜਣ-ਪ੍ਰਭੂ ਦਾ ਮੈਂ ਦਰਸਨ ਕਰਾਂਗੀ ਤਾਂ ਮੈਂ ਉਸ ਦੇ ਗਲ ਨਾਲ ਲੱਗ ਜਾਵਾਂਗੀ। (ਪ੍ਰਭੂ ਦੀ ਯਾਦ ਤੋਂ ਖੁੰਝ ਕੇ) ਹੇ ਨਿਮੋ-ਝੂਣ ਖਲੋਤੀ ਜੀਵ-ਇਸਤ੍ਰੀ! ਤੂੰ ਭੀ ਗੁਰੂ ਦੀ ਸਰਨ ਪਉ, ਤੇ ਆਪਣੀ ਅੱਖੀਂ ਉਸ ਦਾ ਦਰਸ਼ਨ ਕਰ ਲੈ। (ਪਰ, ਹੇ ਪ੍ਰਭੂ! ਸਾਡੇ ਜੀਵਾਂ ਦੇ ਕੀਹ ਵੱਸ?) ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਜੀਵਾਂ ਦੇ ਮਨ ਵਿਚ ਆ ਪਰਗਟਦਾ ਹੈਂ, ਤੇਰੀ ਮੇਹਰ ਦੀ ਨਿਗਾਹ ਨਾਲ ਤੇਰੀ ਬਖ਼ਸ਼ਸ਼ ਨਾਲ ਤੇਰੇ ਦਰਸਨ ਦੀ ਵਡਿਆਈ ਮਿਲਦੀ ਹੈ।5। ਜੇ ਕੋਈ ਮਨੁੱਖ ਆਪ ਹੀ (ਮਾਇਆ ਦੇ ਮੋਹ ਵਿਚ) ਭੁੱਖਾ ਤਿਹਾਇਆ ਭਟਕ ਰਿਹਾ ਹੋਵੇ, ਮੈਂ ਉਸ ਪਾਸੋਂ ਕੀਹ (ਨਾਮ ਦੀ ਦਾਤਿ) ਮੰਗ ਸਕਦਾ ਹਾਂ? ਉਹ ਮੈਨੂੰ ਕੀਹ ਦੇ ਸਕਦਾ ਹੈ? ਮੈਨੂੰ ਤਾਂ ਹੋਰ ਕੋਈ (ਦਾਤਾ) ਨਹੀਂ ਸੁੱਝਦਾ, (ਹਾਂ,) ਉਹੀ ਪਰਮਾਤਮਾ ਦੇ ਸਕਦਾ ਹੈ ਜੋ ਜੀਵਾਂ ਦੇ ਮਨ ਵਿਚ ਤਨ ਵਿਚ ਭਰਪੂਰ ਹੈ। ਜਿਸ ਪਰਮਾਤਮਾ ਨੇ ਇਹ ਜਗਤ ਰਚਿਆ ਹੈ ਉਸ ਨੇ ਆਪ ਹੀ ਇਸ ਦੀ ਸੰਭਾਲ ਭੀ ਕਰਨੀ ਹੈ। ਉਹ ਆਪ ਹੀ ਆਪਣੇ (ਨਾਮ ਦੀ ਦਾਤਿ ਦੀ) ਵਡਿਆਈ ਦੇਂਦਾ ਹੈ।6। ਪਰਮਾਤਮਾ ਇਹਨਾਂ ਸਰੀਰਾਂ ਦਾ ਮਾਲਕ ਹੈ, (ਜੀਵਾਂ ਨੂੰ ਪਿਆਰ ਕਰਨ ਵਿਚ ਉਹ ਹਰ ਵੇਲੇ) ਨਵਾਂ ਹੈ, ਬਾਲਕ (ਵਾਂਗ ਉਹ ਨਿਰਵੈਰ) ਹੈ, ਉਹ ਅਨੋਖੇ ਕੌਤਕ ਕਰਨਹਾਰ ਹੈ। ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, ਅਕਲ ਦਾ ਪੁੰਜ ਹੈ, (ਇਸਤ੍ਰੀ ਮਰਦ ਪੰਛੀ ਆਦਿਕ ਸਭਨਾਂ ਵਿਚ ਮੌਜੂਦ ਹੈ) ਪਰ ਉਹ ਕੋਈ ਖ਼ਾਸ ਇਸਤ੍ਰੀ ਨਹੀਂ, ਕੋਈ ਖ਼ਾਸ ਮਰਦ ਨਹੀਂ, ਕੋਈ ਖ਼ਾਸ ਪੰਛੀ ਨਹੀਂ। ਜਗਤ ਵਿਚ ਉਹੀ ਕੁਝ ਹੋ ਰਿਹਾ ਹੈ ਜੋ ਉਸ ਨੂੰ ਭਾਉਂਦਾ ਹੈ। ਹੇ ਪ੍ਰਭੂ! ਤੂੰ ਸਭ ਜੀਵਾਂ ਨੂੰ ਚਾਨਣ (ਗਿਆਨ) ਦੇਣ ਵਾਲਾ ਹੈਂ, ਤੂੰ ਸਭ ਨੂੰ ਸੁਗੰਧੀ (ਮਿੱਠਾ ਸੁਭਾਉ) ਦੇਣ ਵਾਲਾ ਹੈਂ।7। ਦੁਨੀਆ ਦੇ ਗੀਤ ਸੁਣ ਵੇਖੇ ਹਨ, ਸੁਆਦ ਚੱਖ ਵੇਖੇ ਹਨ; ਇਹ ਗੀਤ ਤੇ ਸੁਆਦ ਸਰੀਰ ਵਿਚ ਰੋਗ ਹੀ ਪੈਦਾ ਕਰਦੇ ਹਨ। ਜਿਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਪਿਆਰਾ ਲੱਗਦਾ ਹੈ ਜੋ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਦਾ (ਪ੍ਰਭੂ ਨਾਲੋਂ) ਵਿਛੋੜਾ ਮੁੱਕ ਜਾਂਦਾ ਹੈ, ਉਸ ਦੀ ਚਿੰਤਾ ਦੂਰ ਹੋ ਜਾਂਦੀ ਹੈ। ਹੇ ਨਾਨਕ! ਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ ਨਹੀਂ ਭੁੱਲਦਾ, ਉਸ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ ਜਗਤ ਵਿਚ ਉਹੀ ਕੁਝ ਹੁੰਦਾ ਹੈ ਜੋ ਪ੍ਰਭੂ ਨੂੰ ਪਸੰਦ ਆਉਂਦਾ ਹੈ।8।3। ਮਾਰੂ ਮਹਲਾ ੧ ॥ ਸਾਚੀ ਕਾਰ ਕਮਾਵਣੀ ਹੋਰਿ ਲਾਲਚ ਬਾਦਿ ॥ ਇਹੁ ਮਨੁ ਸਾਚੈ ਮੋਹਿਆ ਜਿਹਵਾ ਸਚਿ ਸਾਦਿ ॥ ਬਿਨੁ ਨਾਵੈ ਕੋ ਰਸੁ ਨਹੀ ਹੋਰਿ ਚਲਹਿ ਬਿਖੁ ਲਾਦਿ ॥੧॥ ਐਸਾ ਲਾਲਾ ਮੇਰੇ ਲਾਲ ਕੋ ਸੁਣਿ ਖਸਮ ਹਮਾਰੇ ॥ ਜਿਉ ਫੁਰਮਾਵਹਿ ਤਿਉ ਚਲਾ ਸਚੁ ਲਾਲ ਪਿਆਰੇ ॥੧॥ ਰਹਾਉ ॥ ਅਨਦਿਨੁ ਲਾਲੇ ਚਾਕਰੀ ਗੋਲੇ ਸਿਰਿ ਮੀਰਾ ॥ ਗੁਰ ਬਚਨੀ ਮਨੁ ਵੇਚਿਆ ਸਬਦਿ ਮਨੁ ਧੀਰਾ ॥ ਗੁਰ ਪੂਰੇ ਸਾਬਾਸਿ ਹੈ ਕਾਟੈ ਮਨ ਪੀਰਾ ॥੨॥ ਲਾਲਾ ਗੋਲਾ ਧਣੀ ਕੋ ਕਿਆ ਕਹਉ ਵਡਿਆਈਐ ॥ ਭਾਣੈ ਬਖਸੇ ਪੂਰਾ ਧਣੀ ਸਚੁ ਕਾਰ ਕਮਾਈਐ ॥ ਵਿਛੁੜਿਆ ਕਉ ਮੇਲਿ ਲਏ ਗੁਰ ਕਉ ਬਲਿ ਜਾਈਐ ॥੩॥ ਲਾਲੇ ਗੋਲੇ ਮਤਿ ਖਰੀ ਗੁਰ ਕੀ ਮਤਿ ਨੀਕੀ ॥ ਸਾਚੀ ਸੁਰਤਿ ਸੁਹਾਵਣੀ ਮਨਮੁਖ ਮਤਿ ਫੀਕੀ ॥ ਮਨੁ ਤਨੁ ਤੇਰਾ ਤੂ ਪ੍ਰਭੂ ਸਚੁ ਧੀਰਕ ਧੁਰ ਕੀ ॥੪॥ ਸਾਚੈ ਬੈਸਣੁ ਉਠਣਾ ਸਚੁ ਭੋਜਨੁ ਭਾਖਿਆ ॥ ਚਿਤਿ ਸਚੈ ਵਿਤੋ ਸਚਾ ਸਾਚਾ ਰਸੁ ਚਾਖਿਆ ॥ ਸਾਚੈ ਘਰਿ ਸਾਚੈ ਰਖੇ ਗੁਰ ਬਚਨਿ ਸੁਭਾਖਿਆ ॥੫॥ ਮਨਮੁਖ ਕਉ ਆਲਸੁ ਘਣੋ ਫਾਥੇ ਓਜਾੜੀ ॥ ਫਾਥਾ ਚੁਗੈ ਨਿਤ ਚੋਗੜੀ ਲਗਿ ਬੰਧੁ ਵਿਗਾੜੀ ॥ ਗੁਰ ਪਰਸਾਦੀ ਮੁਕਤੁ ਹੋਇ ਸਾਚੇ ਨਿਜ ਤਾੜੀ ॥੬॥ ਅਨਹਤਿ ਲਾਲਾ ਬੇਧਿਆ ਪ੍ਰਭ ਹੇਤਿ ਪਿਆਰੀ ॥ ਬਿਨੁ ਸਾਚੇ ਜੀਉ ਜਲਿ ਬਲਉ ਝੂਠੇ ਵੇਕਾਰੀ ॥ ਬਾਦਿ ਕਾਰਾ ਸਭਿ ਛੋਡੀਆ ਸਾਚੀ ਤਰੁ ਤਾਰੀ ॥੭॥ ਜਿਨੀ ਨਾਮੁ ਵਿਸਾਰਿਆ ਤਿਨਾ ਠਉਰ ਨ ਠਾਉ ॥ ਲਾਲੈ ਲਾਲਚੁ ਤਿਆਗਿਆ ਪਾਇਆ ਹਰਿ ਨਾਉ ॥ ਤੂ ਬਖਸਹਿ ਤਾ ਮੇਲਿ ਲੈਹਿ ਨਾਨਕ ਬਲਿ ਜਾਉ ॥੮॥੪॥ {ਪੰਨਾ 1010-1011} ਪਦ ਅਰਥ: ਸਾਚੀ = ਸਦਾ-ਥਿਰ ਰਹਿਣ ਵਾਲੀ, ਜਿਸ ਵਿਚ ਕੋਈ ਉਕਾਈ ਨ ਆਵੇ। ਹੋਰਿ = {ਲਫ਼ਜ਼ 'ਹੋਰ' ਤੋਂ ਬਹੁ-ਵਚਨ} (ਸਿਮਰਨ ਤੋਂ ਬਿਨਾ) ਬਾਕੀ ਦੇ। ਬਾਦਿ = ਵਿਅਰਥ। ਸਾਚੈ = ਸਦਾ-ਥਿਰ ਪ੍ਰਭੂ ਨੇ। ਮੋਹਿਆ = ਵੱਸ ਵਿਚ ਕਰ ਰੱਖਿਆ ਹੈ। ਜਿਹਵਾ = ਜੀਭ। ਸਚਿ = ਸਦਾ-ਥਿਰ ਪ੍ਰਭੂ (ਦੇ ਸਿਮਰਨ) ਵਿਚ। ਸਾਦਿ = ਸੁਆਦ ਵਿਚ, ਆਨੰਦ ਵਿਚ। ਕੋ = ਕੋਈ। ਹੋਰਿ = (ਜਿਹੜੇ ਨਾਮ-ਰਸ ਤੋਂ ਵਾਂਜੇ ਰਹਿੰਦੇ ਹਨ) ਉਹ ਬੰਦੇ। ਲਾਦਿ = ਲੱਦ ਕੇ, ਇਕੱਠਾ ਕਰ ਕੇ।1। ਲਾਲਾ = ਗ਼ੁਲਾਮ, ਸੇਵਕ। ਲਾਲ ਕੋ = ਲਾਲ ਦਾ, ਪਿਆਰੇ ਪ੍ਰਭੂ ਦਾ। ਖਸਮ = ਹੇ ਖਸਮ! ਚਲਾ = ਮੈਂ ਚੱਲਦਾ ਹਾਂ। ਸਚੁ = ਸਦਾ-ਥਿਰ ਰਹਿਣ ਵਾਲਾ। ਲਾਲ = ਹੇ ਲਾਲ!।1। ਰਹਾਉ। ਅਨਦਿਨੁ = ਹਰ ਰੋਜ਼। ਗੋਲੇ ਸਿਰਿ = ਗ਼ੁਲਾਮ ਦੇ ਸਿਰ ਉਤੇ। ਮੀਰਾ = ਮਾਲਕ {ਅਮੀਰ}, ਸਰਦਾਰ। ਧੀਰਾ = ਧੀਰਜ ਫੜਦਾ ਹੈ। ਮਨ ਪੀਰਾ = ਮਨ ਦੀ ਪੀੜ।2। ਧਣੀ ਕੋ = ਮਾਲਕ ਦਾ। ਕਹਉ = ਮੈਂ ਆਖਾਂ। ਪੂਰਾ = ਸਭ ਤਾਕਤਾਂ ਦਾ ਮਾਲਕ। ਸਚੁ = ਸਦਾ-ਥਿਰ ਪ੍ਰਭੂ ਦਾ ਸਿਮਰਨ। ਗੁਰ ਕਉ = ਗੁਰੂ ਤੋਂ। ਬਲਿ = ਬਲਿਹਾਰ, ਕੁਰਬਾਨ।3। ਖਰੀ = ਚੰਗੀ। ਨੀਕੀ = ਸੋਹਣੀ। ਫੀਕੀ = ਬੇ-ਸੁਆਦੀ। ਸਚੁ = ਸਦਾ-ਥਿਰ। ਧੁਰ ਕੀ = ਧੁਰ ਤੋਂ, ਆਪਣੀ ਦਰਗਾਹ ਤੋਂ।3। ਸਾਚੈ = ਸਦਾ-ਥਿਰ ਪ੍ਰਭੂ ਵਿਚ। ਸਚੁ = ਸਦਾ-ਥਿਰ ਪ੍ਰਭੂ ਦਾ ਸਿਮਰਨ। ਭਾਖਿਆ = ਬੋਲੀ। ਚਿਤਿ = ਚਿੱਤ ਵਿਚ। ਸਚੈ = ਸਚੇ ਦੀ (ਯਾਦ) । ਵਿਤੋ = ਧਨ। ਸਾਚੈ ਘਰਿ = ਸਦਾ-ਥਿਰ ਰਹਿਣ ਵਾਲੇ ਘਰ ਵਿਚ। ਬਚਨਿ = ਬਚਨ ਦੀ ਰਾਹੀਂ।5। ਘਣੋ = ਬਹੁਤ। ਚੋਗੜੀ = ਕੋਝੀ ਚੋਗ। ਲਗਿ = (ਮਾਇਆ ਦੇ ਮੋਹ ਵਿਚ) ਲੱਗ ਕੇ। ਬੰਧੁ = (ਪਰਮਾਤਮਾ ਨਾਲ) ਸੰਬੰਧ। ਮੁਕਤੁ = ਆਜ਼ਾਦ, ਸੁਤੰਤਰ। ਨਿਜ = ਆਪਣੀ। ਤਾੜੀ = ਸੁਰਤਿ।6। ਅਨਹਤਿ = ਨਾਸ-ਰਹਿਤ ਪ੍ਰਭੂ ਵਿਚ। ਹੇਤਿ = ਹਿਤ ਵਿਚ, ਪ੍ਰੇਮ ਵਿਚ। ਬੇਧਿਆ = ਵਿੱਝਿਆ ਰਹਿੰਦਾ ਹੈ। ਜੀਉ = ਜਿੰਦ। ਜਲਿ ਬਲਉ = ਸੜ ਬਲ ਜਾਏ। ਸਾਚੀ = ਸਦਾ-ਥਿਰ ਪ੍ਰਭੂ ਦੀ ਭਗਤੀ। ਤਰੁ = {qr: A ferry-boat} ਬੇੜੀ। ਤਾਰੀ = {qwirn` = enabling to cross} ਪਾਰ ਲੰਘਾਣ ਦੇ ਸਮਰੱਥ।7। ਠਉਰ = ਟਿਕਾਣਾ। ਠਾਉ = ਥਾਂ। ਲਾਲੈ = ਸੇਵਕ ਨੇ। ਬਲਿ ਜਾਉ = ਮੈਂ ਸਦਕੇ ਜਾਂਦਾ ਹਾਂ।8। ਅਰਥ: ਹੇ ਮੇਰੇ ਖਸਮ! ਹੇ ਪਿਆਰੇ ਲਾਲ! (ਮੇਰੀ ਅਰਜ਼ੋਈ) ਸੁਣ। ਮੈਂ ਆਪਣੇ ਲਾਲ ਦਾ (ਭਾਵ, ਤੇਰਾ) ਅਜੇਹਾ ਸੇਵਕ-ਗ਼ੁਲਾਮ ਹਾਂ ਕਿ ਜਿਵੇਂ ਹੁਕਮ ਕਰਦਾ ਹੈਂ, ਮੈਂ ਤਿਵੇਂ ਹੀ (ਜੀਵਨ-ਰਾਹ ਤੇ) ਤੁਰਦਾ ਹਾਂ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ।1। ਰਹਾਉ। (ਪ੍ਰਭੂ-ਮਾਲਕ ਦਾ ਗ਼ੁਲਾਮ) ਸਦਾ-ਥਿਰ ਪ੍ਰਭੂ ਦੀ ਭਗਤੀ ਦੀ ਕਾਰ ਕਰਦਾ ਹੈ, (ਨਾਮ-ਸਿਮਰਨ ਤੋਂ ਬਿਨਾ) ਬਾਕੀ ਦੇ ਲਾਲਚ ਉਸ ਨੂੰ ਵਿਅਰਥ (ਦਿੱਸਦੇ) ਹਨ। ਸਦਾ-ਥਿਰ ਪ੍ਰਭੂ ਨੇ ਆਪਣੇ ਸੇਵਕ ਦਾ ਮਨ ਪ੍ਰੇਮ-ਵੱਸ ਕੀਤਾ ਹੋਇਆ ਹੈ (ਇਸ ਵਾਸਤੇ ਸੇਵਕ ਦੀ) ਜੀਭ ਸਦਾ-ਥਿਰ ਨਾਮ-ਸਿਮਰਨ ਦੇ ਸੁਆਦ ਵਿਚ (ਮਗਨ ਰਹਿੰਦੀ) ਹੈ। (ਸੇਵਕ ਨੂੰ) ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਰਸ (ਖਿੱਚੀ) ਨਹੀਂ (ਪਾਂਦਾ) । (ਸੇਵਕ ਨੂੰ ਨਿਸ਼ਚਾ ਹੈ ਕਿ ਨਾਮ-ਰਸ ਤੋਂ ਵਾਂਜੇ ਰਹਿਣ ਵਾਲੇ) ਬੰਦੇ ਉਹ ਚੀਜ਼ ਇਕੱਠੀ ਕਰ ਕੇ ਲੈ ਜਾਂਦੇ ਹਨ ਜੋ ਆਤਮਕ ਜੀਵਨ ਲਈ ਜ਼ਹਿਰ ਹੈ।1। ਸੇਵਕ ਨੇ ਹਰ ਰੋਜ਼ (ਹਰ ਵੇਲੇ) ਪਰਮਾਤਮਾ ਦੀ ਭਗਤੀ ਦੀ ਸੇਵਾ ਹੀ ਸੰਭਾਲੀ ਹੋਈ ਹੈ, ਸੇਵਕ ਨੂੰ ਆਪਣੇ ਸਿਰ ਉਤੇ ਮਾਲਕ-ਪ੍ਰਭੂ (ਖੜਾ ਦਿੱਸਦਾ) ਹੈ। ਸੇਵਕ ਨੇ ਆਪਣਾ ਮਨ ਗੁਰੂ ਦੇ ਬਚਨਾਂ ਤੋਂ ਵੇਚ ਦਿੱਤਾ ਹੈ, ਗੁਰੂ ਦੇ ਸ਼ਬਦ ਵਿਚ (ਟਿਕ ਕੇ) ਸੇਵਕ ਦਾ ਮਨ ਧੀਰਜ ਫੜਦਾ ਹੈ। ਸੇਵਕ ਪੂਰੇ ਗੁਰੂ ਨੂੰ ਧੰਨ ਧੰਨ ਆਖਦਾ ਹੈ ਜੇਹੜਾ ਉਸ ਦੇ ਮਨ ਦੀ ਪੀੜ ਦੂਰ ਕਰਦਾ ਹੈ।2। ਜੇਹੜਾ ਮਨੁੱਖ ਮਾਲਕ-ਪ੍ਰਭੂ ਦਾ ਸੇਵਕ-ਗ਼ੁਲਾਮ ਬਣ ਜਾਂਦਾ ਹੈ ਮੈਂ ਉਸ ਦੀ ਕੀਹ ਵਡਿਆਈ ਦੱਸ ਸਕਦਾ ਹਾਂ? ਉਹ ਸਭ ਤਾਕਤਾਂ ਦਾ ਮਾਲਕ ਪ੍ਰਭੂ ਆਪਣੀ ਰਜ਼ਾ ਵਿਚ (ਆਪਣੇ ਸੇਵਕ-ਉਤੇ) ਬਖ਼ਸ਼ਸ਼ ਕਰਦਾ ਹੈ (ਜਿਸ ਦੀ ਬਰਕਤਿ ਨਾਲ ਸੇਵਕ) ਨਾਮ-ਸਿਮਰਨ (ਦੀ) ਕਾਰ ਕਰਦਾ ਰਹਿੰਦਾ ਹੈ। ਸੇਵਕ ਆਪਣੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹੈ ਜੇਹੜਾ ਵਿਛੁੜੇ ਜੀਵ ਨੂੰ ਪਰਮਾਤਮਾ ਦੇ ਚਰਨਾਂ ਵਿਚ ਮਿਲਾ ਲੈਂਦਾ ਹੈ।3। ਗੁਰੂ ਦੀ ਸੋਹਣੀ ਮਤਿ ਲੈ ਕੇ ਸੇਵਕ-ਗ਼ੁਲਾਮ ਦੀ ਅਕਲ ਭੀ ਚੰਗੀ ਹੋ ਜਾਂਦੀ ਹੈ, ਉਸ ਦੀ ਸੁਰਤਿ ਸਦਾ-ਥਿਰ ਭਗਤੀ ਵਿਚ ਟਿਕ ਕੇ ਸੋਹਣੀ ਹੋ ਜਾਂਦੀ ਹੈ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਮਤਿ ਉਸ ਨੂੰ ਫਿੱਕ ਵਾਲੇ ਰਾਹੇ ਹੀ ਪਾਣ ਵਾਲੀ ਹੁੰਦੀ ਹੈ। (ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ? ਜੀਵਾਂ ਨੂੰ ਇਹ) ਮਨ ਤੇ ਸਰੀਰ ਤੇਰਾ ਹੀ ਦਿੱਤਾ ਹੋਇਆ ਹੈ, ਹੇ ਪ੍ਰਭੂ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੂੰ ਹੀ ਆਪਣੀ ਧੁਰ ਦਰਗਾਹ ਤੋਂ ਜੀਵਾਂ ਨੂੰ (ਸਿਮਰਨ ਦੀ) ਟੇਕ ਦੇਣ ਵਾਲਾ ਹੈਂ।4। (ਸੇਵਕ ਦਾ) ਉਠਣਾ ਬੈਠਣਾ (ਸਦਾ ਹੀ) ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਰਹਿੰਦਾ ਹੈ, ਸਿਮਰਨ ਹੀ ਉਸ ਦੀ (ਆਤਮਕ) ਖ਼ੁਰਾਕ ਹੈ ਸਿਮਰਨ ਹੀ ਉਸ ਦੀ ਬੋਲੀ ਹੈ। ਸੇਵਕ ਦੇ ਚਿੱਤ ਵਿਚ ਸਦਾ-ਥਿਰ ਪ੍ਰਭੂ (ਦੀ ਯਾਦ) ਟਿਕੀ ਰਹਿੰਦੀ ਹੈ, ਸਦਾ-ਥਿਰ ਪ੍ਰਭੂ ਦਾ ਨਾਮ ਹੀ ਉਸ ਦਾ ਧਨ ਹੈ, ਇਹੀ ਰਸ ਸਦਾ ਚੱਖਦਾ ਰਹਿੰਦਾ ਹੈ। (ਸੇਵਕ) ਗੁਰੂ ਦੀ ਰਾਹੀਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ (ਜਿਸ ਦੀ ਬਰਕਤਿ ਨਾਲ ਉਹ ਆਪਣੇ ਮਨ ਨੂੰ) ਸਦਾ-ਥਿਰ ਪ੍ਰਭੂ ਦੇ ਘਰ ਵਿਚ ਟਿਕਾਈ ਰੱਖਦਾ ਹੈ।5। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ (ਨਾਮ ਸਿਮਰਨ ਵਲੋਂ) ਬਹੁਤ ਆਲਸ ਰਹਿੰਦਾ ਹੈ, ਉਹ ਆਪਣੇ ਮਨ ਦੀ ਸੁੰਞ ਵਿਚ ਹੀ ਫਸਿਆ ਰਹਿੰਦਾ ਹੈ। (ਨਾਮ ਵਲੋਂ ਸੁੰਞੇ ਮਨ ਦੀ ਅਗਵਾਈ ਵਿਚ) ਫਸਿਆ ਹੋਇਆ ਮਨਮੁਖ ਨਿਤ (ਮਾਇਆ-ਮੋਹ ਦੀ) ਕੋਝੀ ਚੋਗ ਚੁਗਦਾ ਹੈ, (ਆਪਣੇ ਮਨ ਦੇ ਪਿਛੇ) ਲੱਗ ਕੇ ਪਰਮਾਤਮਾ ਨਾਲੋਂ ਆਪਣਾ ਸੰਬੰਧ ਖ਼ਰਾਬ ਕਰ ਲੈਂਦਾ ਹੈ। (ਆਪਣੇ ਮਨ ਦੀ ਇਸ ਗ਼ੁਲਾਮੀ ਵਿਚੋਂ ਮਨਮੁਖ ਭੀ) ਗੁਰੂ ਦੀ ਕਿਰਪਾ ਨਾਲ ਸੁਤੰਤਰ ਹੋ ਕੇ ਸਦਾ-ਥਿਰ ਪ੍ਰਭੂ ਵਿਚ ਆਪਣੀ ਸੁਰਤਿ ਜੋੜ ਲੈਂਦਾ ਹੈ।6। ਸੇਵਕ ਨਾਸ-ਰਹਿਤ ਪ੍ਰਭੂ ਦੀ ਯਾਦ ਵਿਚ ਟਿਕਿਆ ਰਹਿੰਦਾ ਹੈ, ਪ੍ਰਭੂ ਦੇ ਪਿਆਰ ਵਿਚ (ਉਸ ਦਾ ਮਨ) ਵਿੱਝਿਆ ਰਹਿੰਦਾ ਹੈ, (ਸੇਵਕ ਪ੍ਰਭੂ-ਚਰਨਾਂ ਨਾਲ) ਪਿਆਰ ਜੋੜਦਾ ਹੈ। (ਸੇਵਕ ਨੂੰ ਨਿਸਚਾ ਹੈ ਕਿ) ਝੂਠੇ ਵਿਕਾਰੀ ਬੰਦਿਆਂ ਦੀ ਜਿੰਦ ਸਦਾ-ਥਿਰ ਪ੍ਰਭੂ ਦੀ ਯਾਦ ਤੋਂ ਖੁੰਝ ਕੇ (ਵਿਕਾਰਾਂ ਵਿਚ ਹੀ) ਸੜ ਬਲ ਜਾਂਦੀ ਹੈ। (ਇਸ ਵਾਸਤੇ) ਸੇਵਕ ਮੋਹ ਮਾਇਆ ਦੀਆਂ ਵਿਅਰਥ ਕਾਰਾਂ ਤਿਆਗ ਦੇਂਦਾ ਹੈ। ਪਰਮਾਤਮਾ ਦੀ ਭਗਤੀ (ਸੇਵਕ ਵਾਸਤੇ ਸੰਸਾਰ-ਸਮੁੰਦਰ ਤੋਂ) ਤਾਰਨ ਦੇ ਸਮਰੱਥ ਬੇੜੀ ਹੈ।7। ਜਿਨ੍ਹਾਂ ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਉਹਨਾਂ ਨੂੰ ਆਤਮਕ ਸ਼ਾਂਤੀ ਲਈ ਹੋਰ ਕੋਈ ਥਾਂ ਟਿਕਾਣਾ ਨਹੀਂ ਲੱਭਦਾ। ਸੇਵਕ ਨੇ ਮਾਇਆ ਦਾ ਲਾਲਚ ਛੱਡ ਦਿੱਤਾ ਹੈ, ਤੇ ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਹੈ। ਹੇ ਨਾਨਕ! (ਆਖ– ਹੇ ਪ੍ਰਭੂ! ਮੈਂ ਤੈਥੋਂ ਸਦਕੇ ਜਾਂਦਾ ਹਾਂ। ਤੂੰ ਆਪ ਹੀ ਮੇਹਰ ਕਰੇਂ ਤਾਂ ਜੀਵਾਂ ਨੂੰ (ਆਪਣੇ ਚਰਨਾਂ ਵਿਚ) ਮਿਲਾਏਂ।8।4। |
![]() |
![]() |
![]() |
![]() |
Sri Guru Granth Darpan, by Professor Sahib Singh |