ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1011

ਮਾਰੂ ਮਹਲਾ ੧ ॥ ਲਾਲੈ ਗਾਰਬੁ ਛੋਡਿਆ ਗੁਰ ਕੈ ਭੈ ਸਹਜਿ ਸੁਭਾਈ ॥ ਲਾਲੈ ਖਸਮੁ ਪਛਾਣਿਆ ਵਡੀ ਵਡਿਆਈ ॥ ਖਸਮਿ ਮਿਲਿਐ ਸੁਖੁ ਪਾਇਆ ਕੀਮਤਿ ਕਹਣੁ ਨ ਜਾਈ ॥੧॥ ਲਾਲਾ ਗੋਲਾ ਖਸਮ ਕਾ ਖਸਮੈ ਵਡਿਆਈ ॥ ਗੁਰ ਪਰਸਾਦੀ ਉਬਰੇ ਹਰਿ ਕੀ ਸਰਣਾਈ ॥੧॥ ਰਹਾਉ ॥ ਲਾਲੇ ਨੋ ਸਿਰਿ ਕਾਰ ਹੈ ਧੁਰਿ ਖਸਮਿ ਫੁਰਮਾਈ ॥ ਲਾਲੈ ਹੁਕਮੁ ਪਛਾਣਿਆ ਸਦਾ ਰਹੈ ਰਜਾਈ ॥ ਆਪੇ ਮੀਰਾ ਬਖਸਿ ਲਏ ਵਡੀ ਵਡਿਆਈ ॥੨॥ ਆਪਿ ਸਚਾ ਸਭੁ ਸਚੁ ਹੈ ਗੁਰ ਸਬਦਿ ਬੁਝਾਈ ॥ ਤੇਰੀ ਸੇਵਾ ਸੋ ਕਰੇ ਜਿਸ ਨੋ ਲੈਹਿ ਤੂ ਲਾਈ ॥ ਬਿਨੁ ਸੇਵਾ ਕਿਨੈ ਨ ਪਾਇਆ ਦੂਜੈ ਭਰਮਿ ਖੁਆਈ ॥੩॥ ਸੋ ਕਿਉ ਮਨਹੁ ਵਿਸਾਰੀਐ ਨਿਤ ਦੇਵੈ ਚੜੈ ਸਵਾਇਆ ॥ ਜੀਉ ਪਿੰਡੁ ਸਭੁ ਤਿਸ ਦਾ ਸਾਹੁ ਤਿਨੈ ਵਿਚਿ ਪਾਇਆ ॥ ਜਾ ਕ੍ਰਿਪਾ ਕਰੇ ਤਾ ਸੇਵੀਐ ਸੇਵਿ ਸਚਿ ਸਮਾਇਆ ॥੪॥ ਲਾਲਾ ਸੋ ਜੀਵਤੁ ਮਰੈ ਮਰਿ ਵਿਚਹੁ ਆਪੁ ਗਵਾਏ ॥ ਬੰਧਨ ਤੂਟਹਿ ਮੁਕਤਿ ਹੋਇ ਤ੍ਰਿਸਨਾ ਅਗਨਿ ਬੁਝਾਏ ॥ ਸਭ ਮਹਿ ਨਾਮੁ ਨਿਧਾਨੁ ਹੈ ਗੁਰਮੁਖਿ ਕੋ ਪਾਏ ॥੫॥ ਲਾਲੇ ਵਿਚਿ ਗੁਣੁ ਕਿਛੁ ਨਹੀ ਲਾਲਾ ਅਵਗਣਿਆਰੁ ॥ ਤੁਧੁ ਜੇਵਡੁ ਦਾਤਾ ਕੋ ਨਹੀ ਤੂ ਬਖਸਣਹਾਰੁ ॥ ਤੇਰਾ ਹੁਕਮੁ ਲਾਲਾ ਮੰਨੇ ਏਹ ਕਰਣੀ ਸਾਰੁ ॥੬॥ ਗੁਰੁ ਸਾਗਰੁ ਅੰਮ੍ਰਿਤ ਸਰੁ ਜੋ ਇਛੇ ਸੋ ਫਲੁ ਪਾਏ ॥ ਨਾਮੁ ਪਦਾਰਥੁ ਅਮਰੁ ਹੈ ਹਿਰਦੈ ਮੰਨਿ ਵਸਾਏ ॥ ਗੁਰ ਸੇਵਾ ਸਦਾ ਸੁਖੁ ਹੈ ਜਿਸ ਨੋ ਹੁਕਮੁ ਮਨਾਏ ॥੭॥ ਸੁਇਨਾ ਰੁਪਾ ਸਭ ਧਾਤੁ ਹੈ ਮਾਟੀ ਰਲਿ ਜਾਈ ॥ ਬਿਨੁ ਨਾਵੈ ਨਾਲਿ ਨ ਚਲਈ ਸਤਿਗੁਰਿ ਬੂਝ ਬੁਝਾਈ ॥ ਨਾਨਕ ਨਾਮਿ ਰਤੇ ਸੇ ਨਿਰਮਲੇ ਸਾਚੈ ਰਹੇ ਸਮਾਈ ॥੮॥੫॥ {ਪੰਨਾ 1011-1012}

ਪਦ ਅਰਥ: ਲਾਲੈ = ਸੇਵਕ ਨੇ, ਗ਼ੁਲਾਮ। ਗਾਰਬੁ = ਅਹੰਕਾਰੁ। ਭੈ = ਡਰ-ਅਦਬ ਵਿਚ (ਰਹਿ ਕੇ) । ਸਹਜਿ = ਅਡੋਲ ਆਤਮਕ ਅਵਸਥਾ ਵਿਚ (ਟਿਕ ਕੇ) । ਸੁਭਾਉ = ਚੰਗਾ ਪ੍ਰੇਮ। ਸੁਭਾਈ = ਸ੍ਰੇਸ਼ਟ ਪ੍ਰੇਮ ਸੁਭਾਵ ਵਾਲਾ। ਖਸਮਿ ਮਿਲਿਐ = ਜੇ ਖਸਮ ਮਿਲ ਪਏ।1।

ਗੋਲਾ = ਗ਼ੁਲਾਮ। ਖਸਮੇ = ਖਸਮ ਦੀ। ਵਡਿਆਈ = ਸਿਫ਼ਤਿ-ਸਾਲਾਹ। ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਉਬਰੇ = ਬਚ ਗਏ।1।

ਸਿਰਿ = ਸਿਰ ਉਤੇ, ਜ਼ਿੰਮੇ। ਧੁਰਿ = ਧੁਰ ਤੋਂ। ਖਸਮਿ = ਖਸਮ ਨੇ। ਰਜਾਈ = ਰਜ਼ਾ ਵਿਚ। ਮੀਰਾ = ਮਾਲਕ। ਵਡਿਆਈ = ਆਦਰ-ਮਾਣ।2।

ਸਚਾ = ਸਦਾ-ਥਿਰ ਰਹਿਣ ਵਾਲਾ। ਸਚੁ = ਅਟੱਲ। ਲਾਈ ਲੈਹਿ = ਤੂੰ ਲਾ ਲੈਂਦਾ ਹੈਂ। ਭਰਮਿ = ਭਟਕਣਾ ਵਿਚ। ਦੂਜੈ ਭਰਮਿ = ਮਾਇਆ ਦੀ ਭਟਕਣਾ ਵਿਚ। ਖੁਆਈ = (ਜੀਵਨ-ਰਾਹ ਤੋਂ) ਖੁੰਝ ਜਾਂਦਾ ਹੈ।3।

ਮਨਹੁ = ਮਨ ਤੋਂ। ਚੜੈ ਸਵਾਇਆ = ਵਧਦਾ ਰਹਿੰਦਾ ਹੈ। ਜੀਉ = ਜਿੰਦ। ਪਿੰਡੁ = ਸਰੀਰ। ਤਿਸ ਦਾ = ਉਸ (ਪਰਮਾਤਮਾ) ਦਾ। ਸਾਹੁ = ਸੁਆਸ। ਤਿਨੈ = ਉਸੇ ਨੇ। ਵਿਚਿ = (ਸਰੀਰ) ਵਿਚ। ਸੇਵਿ = ਸੇਵਾ ਕਰ ਕੇ। ਸਚਿ = ਸਦਾ-ਥਿਰ ਪ੍ਰਭੂ ਵਿਚ।4।

ਜੀਵਤੁ ਮਰੈ = ਦੁਨੀਆ ਦੀ ਕਿਰਤ ਕਰਦਾ ਹੋਇਆ ਹੀ ਮਾਇਆ ਦੇ ਮੋਹ ਵਲੋਂ ਮਰਦਾ ਹੈ। ਮਰਿ = ਮਰ ਕੇ। ਆਪੁ = ਆਪਾ-ਭਾਵ, ਹਉਮੈ। ਤੂਟਹਿ = ਟੁੱਟ ਜਾਂਦੇ ਹਨ। ਮੁਕਤਿ = (ਮਾਇਆ ਦੇ ਮੋਹ ਤੋਂ) ਖ਼ਲਾਸੀ। ਨਿਧਾਨੁ = ਖ਼ਜ਼ਾਨਾ, (ਸਭ ਸੁਖਾਂ ਪਦਾਰਥਾਂ ਦਾ) ਖ਼ਜ਼ਾਨਾ। ਕੋ = ਕੋਈ ਵਿਰਲਾ।5।

ਅਵਗਣਿਆਰੁ = ਔਗੁਣਾਂ ਨਾਲ ਭਰਿਆ ਹੋਇਆ। ਕੋ = ਕੋਈ (ਭੀ) । ਸਾਰੁ = ਸ੍ਰੇਸ਼ਟ। ਕਰਣੀ = ਕਰਨ-ਜੋਗ ਕੰਮ।6।

ਸਾਗਰੁ = ਸਮੁੰਦਰ। ਅੰਮ੍ਰਿਤਸਰੁ = ਅੰਮ੍ਰਿਤ ਦਾ ਸਰੋਵਰ, ਅੰਮ੍ਰਿਤ ਨਾਲ ਭਰਿਆ ਹੋਇਆ ਸਰੋਵਰ। ਪਦਾਰਥੁ = ਸਰਮਾਇਆ। ਅਮਰੁ = ਕਦੇ ਨਾਹ ਮੁੱਕਣ ਵਾਲਾ। ਮੰਨਿ = ਮਨ ਵਿਚ।7।

ਰੁਪਾ = ਚਾਂਦੀ। ਧਾਤੁ = ਮਾਇਆ। ਸਤਿਗੁਰਿ = ਸਤਿਗੁਰੂ ਨੇ। ਬੂਝ = ਸੂਝ, ਸਮਝ। ਨਾਮਿ = ਨਾਮ ਵਿਚ। ਸਾਚੈ = ਸਦਾ-ਥਿਰ ਪ੍ਰਭੂ ਵਿਚ।8।

ਅਰਥ: ਜੇਹੜਾ ਮਨੁੱਖ ਪਰਮਾਤਮਾ-ਮਾਲਕ ਦਾ ਸੇਵਕ ਗ਼ੁਲਾਮ ਬਣਦਾ ਹੈ ਉਹ ਖਸਮ-ਪ੍ਰਭੂ ਦੀ ਹੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ। ਜੇਹੜੇ ਬੰਦੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਸਰਨ ਪੈਂਦੇ ਹਨ ਉਹ (ਮਾਇਆ ਦੇ ਮੋਹ ਤੋਂ) ਬਚ ਨਿਕਲਦੇ ਹਨ।1। ਰਹਾਉ।

(ਪ੍ਰਭੂ ਦਾ) ਸੇਵਕ (ਉਹ ਹੈ ਜਿਸ) ਨੇ ਅਹੰਕਾਰ ਤਿਆਗ ਦਿੱਤਾ ਹੈ ਗੁਰੂ ਦੇ ਡਰ-ਅਦਬ ਵਿਚ ਰਹਿ ਕੇ ਸੇਵਕ ਅਡੋਲ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਪ੍ਰੇਮ ਸੁਭਾਉ ਵਾਲਾ ਬਣ ਜਾਂਦਾ ਹੈ। ਸੇਵਕ ਉਹ ਹੈ ਜਿਸ ਨੇ ਮਾਲਕ ਨਾਲ ਡੂੰਘੀ ਸਾਂਝ ਪਾ ਲਈ ਹੈ, ਮਾਲਕ ਪਾਸੋਂ ਉਸ ਨੂੰ ਬਹੁਤ ਆਦਰ-ਮਾਣ ਮਿਲਦਾ ਹੈ। ਜੇ ਖਸਮ-ਪ੍ਰਭੂ ਮਿਲ ਪਏ, ਤਾਂ ਸੇਵਕ ਨੂੰ ਇਤਨਾ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਕਿ ਉਸ ਆਨੰਦ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ।1।

ਖਸਮ-ਪ੍ਰਭੂ ਨੇ ਧੁਰੋਂ ਹੀ ਹੁਕਮ ਦੇ ਦਿੱਤਾ ਆਪਣੇ ਸੇਵਕ ਨੂੰ ਸਿਰ ਤੇ (ਹੁਕਮ ਮੰਨਣ ਦੀ) ਕਾਰ ਸੌਂਪ ਦਿੱਤੀ (ਇਸ ਵਾਸਤੇ ਪ੍ਰਭੂ ਦਾ) ਸੇਵਕ ਪ੍ਰਭੂ ਦਾ ਹੁਕਮ ਪਛਾਣਦਾ ਹੈ ਤੇ ਸਦਾ ਉਸ ਦੀ ਰਜ਼ਾ ਵਿਚ ਰਹਿੰਦਾ ਹੈ। ਮਾਲਕ ਆਪ ਹੀ (ਸੇਵਕ ਉਤੇ) ਬਖ਼ਸ਼ਸ਼ ਕਰਦਾ ਹੈ ਤੇ ਉਸ ਨੂੰ ਬਹੁਤ ਆਦਰ-ਮਾਣ ਦੇਂਦਾ ਹੈ।2।

ਹੇ ਪ੍ਰਭੂ! ਤੂੰ ਗੁਰੂ ਦੇ ਸ਼ਬਦ ਦੀ ਰਾਹੀਂ ਸੇਵਕ ਨੂੰ ਇਹ ਸੂਝ ਦਿੱਤੀ ਹੈ ਕਿ ਤੂੰ ਆਪ ਸਦਾ ਅਟੱਲ ਹੈਂ ਤੇ ਤੇਰਾ ਸਾਰਾ (ਨਿਯਮ) ਅਟੱਲ ਹੈ। ਹੇ ਪ੍ਰਭੂ! ਤੇਰੀ ਸੇਵਾ-ਭਗਤੀ ਉਹੀ ਮਨੁੱਖ ਕਰਦਾ ਹੈ ਜਿਸ ਨੂੰ ਤੂੰ ਆਪ ਸੇਵਾ-ਭਗਤੀ ਵਿਚ ਜੋੜਦਾ ਹੈਂ। ਤੇਰੀ ਸੇਵਾ-ਭਗਤੀ ਤੋਂ ਬਿਨਾ ਕਿਸੇ ਜੀਵ ਨੇ ਤੈਨੂੰ ਨਹੀਂ ਲੱਭ ਸਕਿਆ, (ਤੇਰੀ ਸੇਵਾ-ਭਗਤੀ ਤੋਂ ਬਿਨਾ ਜੀਵ) ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝਿਆ ਰਹਿੰਦਾ ਹੈ।3।

ਉਸ ਪਰਮਾਤਮਾ ਨੂੰ ਕਦੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ ਜੋ ਸਭ ਜੀਵਾਂ ਨੂੰ ਸਭ ਕੁਝ ਸਦਾ ਦੇਂਦਾ ਹੈ ਤੇ ਉਸ ਦਾ ਦਿੱਤਾ ਨਿਤ ਵਧਦਾ ਰਹਿੰਦਾ ਹੈ। ਇਹ ਜਿੰਦ ਤੇ ਇਹ ਸਰੀਰ ਸਭ ਉਸ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ, ਸਰੀਰ ਵਿਚ ਸੁਆਸ ਭੀ ਉਸੇ ਨੇ ਹੀ ਰੱਖਿਆ ਹੈ। (ਪਰ ਉਸ ਦੀ ਸੇਵਾ ਭਗਤੀ ਭੀ ਉਸ ਦੀ ਮੇਹਰ ਨਾਲ ਹੀ ਕਰ ਸਕੀਦੀ ਹੈ) ਜਦੋਂ ਉਹ ਕਿਰਪਾ ਕਰਦਾ ਹੈ ਤਾਂ ਉਸ ਦੀ ਸੇਵਾ ਕਰੀਦੀ ਹੈ, ਜੀਵ ਸੇਵਾ-ਭਗਤੀ ਕਰ ਕੇ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ।4।

ਉਹ ਮਨੁੱਖ ਪ੍ਰਭੂ ਦਾ ਸੇਵਕ (ਅਖਵਾ ਸਕਦਾ) ਹੈ ਜੋ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਮਾਇਆ ਦੇ ਮੋਹ ਵਲੋਂ ਮਰਿਆ ਰਹਿੰਦਾ ਹੈ, ਮਾਇਆ ਦੇ ਮੋਹ ਤੋਂ ਉਤਾਂਹ ਰਹਿ ਕੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ। (ਅਜੇਹੇ ਸੇਵਕ ਦੇ ਮਾਇਆ ਵਾਲੇ) ਬੰਧਨ ਟੁੱਟ ਜਾਂਦੇ ਹਨ, ਮਾਇਆ ਦੇ ਮੋਹ ਤੋਂ ਉਸ ਨੂੰ ਸੁਤੰਤ੍ਰਤਾ ਮਿਲ ਜਾਂਦੀ ਹੈ, ਉਹ ਆਪਣੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਬੁਝਾ ਦੇਂਦਾ ਹੈ।

ਉਂਞ ਤਾਂ ਪਰਮਾਤਮਾ ਦਾ ਨਾਮ-ਖ਼ਜ਼ਾਨਾ ਹਰੇਕ ਜੀਵ ਦੇ ਅੰਦਰ ਹੀ ਮੌਜੂਦ ਹੈ, ਪਰ ਕੋਈ ਉਹੀ ਬੰਦਾ ਇਸ ਖ਼ਜ਼ਾਨੇ ਨੂੰ ਲੱਭ ਸਕਦਾ ਹੈ ਜੋ ਗੁਰੂ ਦੀ ਸਰਨ ਪੈਂਦਾ ਹੈ।5।

(ਹੇ ਪ੍ਰਭੂ! ਤੇਰੀ ਮੇਹਰ ਤੋਂ ਬਿਨਾ) ਸੇਵਕ ਵਿਚ ਕੋਈ ਗੁਣ ਪੈਦਾ ਨਹੀਂ ਹੋ ਸਕਦਾ, ਉਹ ਤਾਂ ਸਗੋਂ ਔਗੁਣਾਂ ਨਾਲ ਭਰਿਆ ਰਹਿੰਦਾ ਹੈ। ਤੂੰ ਆਪ ਹੀ ਬਖ਼ਸ਼ਸ਼ ਕਰਦਾ ਹੈਂ, ਤੇ ਤੇਰਾ ਸੇਵਕ ਤੇਰਾ ਹੁਕਮ ਮੰਨਦਾ ਹੈ, ਹੁਕਮ ਮੰਨਣ ਨੂੰ ਹੀ ਸਭ ਤੋਂ ਸ੍ਰੇਸ਼ਟ ਕੰਮ ਸਮਝਦਾ ਹੈ। ਹੇ ਪ੍ਰਭੂ! ਤੇਰੇ ਜੇਡਾ ਦਾਤਾ ਹੋਰ ਕੋਈ ਨਹੀਂ।6।

ਗੁਰੂ ਸਮੁੰਦਰ ਹੈ, ਗੁਰੂ ਅੰਮ੍ਰਿਤ ਨਾਲ ਭਰਿਆ ਹੋਇਆ ਸਰੋਵਰ ਹੈ ('ਅੰਮ੍ਰਿਤਸਰੁ' ਹੈ। ਸੇਵਕ ਇਸ ਅੰਮ੍ਰਿਤ ਦੇ ਸਰੋਵਰ ਗੁਰੂ ਦੀ ਸਰਨ ਪੈਂਦਾ ਹੈ, ਫਿਰ ਇਥੋਂ) ਜੋ ਕੁਝ ਮੰਗਦਾ ਹੈ ਉਹ ਫਲ ਲੈ ਲੈਂਦਾ ਹੈ। (ਗੁਰੂ ਦੀ ਮੇਹਰ ਨਾਲ ਸੇਵਕ ਆਪਣੇ) ਹਿਰਦੇ ਵਿਚ ਮਨ ਵਿਚ ਪਰਮਾਤਮਾ ਦਾ ਨਾਮ ਵਸਾਂਦਾ ਹੈ ਜੋ (ਅਸਲ) ਸਰਮਾਇਆ ਹੈ ਤੇ ਜੋ ਕਦੇ ਮੁੱਕਣ ਵਾਲਾ ਨਹੀਂ। ਗੁਰੂ ਜਿਸ ਸੇਵਕ ਤੋਂ ਪਰਮਾਤਮਾ ਦਾ ਹੁਕਮ ਮਨਾਂਦਾ ਹੈ ਉਸ ਸੇਵਕ ਨੂੰ ਗੁਰੂ ਦੀ (ਇਸ ਦੱਸੀ) ਸੇਵਾ ਨਾਲ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ।7।

(ਹੇ ਭਾਈ!) ਸੋਨਾ ਚਾਂਦੀ ਆਦਿਕ ਸਭ (ਨਾਸਵੰਤ) ਮਾਇਆ ਹੈ (ਜਦੋਂ ਜੀਵ ਸਰੀਰ ਤਿਆਗਦਾ ਹੈ ਉਸ ਦੇ ਭਾ ਦੀ ਇਹ) ਮਿੱਟੀ ਵਿਚ ਰਲ ਜਾਂਦੀ ਹੈ (ਕਿਉਂਕਿ ਉਸ ਦੇ ਕਿਸੇ ਕੰਮ ਨਹੀਂ ਆਉਂਦੀ) । ਸਤਿਗੁਰੂ ਨੇ (ਪ੍ਰਭੂ ਦੇ ਸੇਵਕ ਨੂੰ ਇਹ) ਸੂਝ ਦੇ ਦਿੱਤੀ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ (ਸੋਨਾ ਚਾਂਦੀ ਆਦਿਕ ਕੋਈ ਚੀਜ਼ ਜੀਵ ਦੇ) ਨਾਲ ਨਹੀਂ ਜਾਂਦੀ।

ਹੇ ਨਾਨਕ! (ਗੁਰੂ ਦੀ ਕਿਰਪਾ ਨਾਲ) ਜੇਹੜੇ ਬੰਦੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ, ਉਹ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਰਹਿੰਦੇ ਹਨ।8।5।

TOP OF PAGE

Sri Guru Granth Darpan, by Professor Sahib Singh