ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1012

ਮਾਰੂ ਮਹਲਾ ੧ ॥ ਹੁਕਮੁ ਭਇਆ ਰਹਣਾ ਨਹੀ ਧੁਰਿ ਫਾਟੇ ਚੀਰੈ ॥ ਏਹੁ ਮਨੁ ਅਵਗਣਿ ਬਾਧਿਆ ਸਹੁ ਦੇਹ ਸਰੀਰੈ ॥ ਪੂਰੈ ਗੁਰਿ ਬਖਸਾਈਅਹਿ ਸਭਿ ਗੁਨਹ ਫਕੀਰੈ ॥੧॥ ਕਿਉ ਰਹੀਐ ਉਠਿ ਚਲਣਾ ਬੁਝੁ ਸਬਦ ਬੀਚਾਰਾ ॥ ਜਿਸੁ ਤੂ ਮੇਲਹਿ ਸੋ ਮਿਲੈ ਧੁਰਿ ਹੁਕਮੁ ਅਪਾਰਾ ॥੧॥ ਰਹਾਉ ॥ ਜਿਉ ਤੂ ਰਾਖਹਿ ਤਿਉ ਰਹਾ ਜੋ ਦੇਹਿ ਸੁ ਖਾਉ ॥ ਜਿਉ ਤੂ ਚਲਾਵਹਿ ਤਿਉ ਚਲਾ ਮੁਖਿ ਅੰਮ੍ਰਿਤ ਨਾਉ ॥ ਮੇਰੇ ਠਾਕੁਰ ਹਥਿ ਵਡਿਆਈਆ ਮੇਲਹਿ ਮਨਿ ਚਾਉ ॥੨॥ ਕੀਤਾ ਕਿਆ ਸਾਲਾਹੀਐ ਕਰਿ ਦੇਖੈ ਸੋਈ ॥ ਜਿਨਿ ਕੀਆ ਸੋ ਮਨਿ ਵਸੈ ਮੈ ਅਵਰੁ ਨ ਕੋਈ ॥ ਸੋ ਸਾਚਾ ਸਾਲਾਹੀਐ ਸਾਚੀ ਪਤਿ ਹੋਈ ॥੩॥ ਪੰਡਿਤੁ ਪੜਿ ਨ ਪਹੁਚਈ ਬਹੁ ਆਲ ਜੰਜਾਲਾ ॥ ਪਾਪ ਪੁੰਨ ਦੁਇ ਸੰਗਮੇ ਖੁਧਿਆ ਜਮਕਾਲਾ ॥ ਵਿਛੋੜਾ ਭਉ ਵੀਸਰੈ ਪੂਰਾ ਰਖਵਾਲਾ ॥੪॥ ਜਿਨ ਕੀ ਲੇਖੈ ਪਤਿ ਪਵੈ ਸੇ ਪੂਰੇ ਭਾਈ ॥ ਪੂਰੇ ਪੂਰੀ ਮਤਿ ਹੈ ਸਚੀ ਵਡਿਆਈ ॥ ਦੇਦੇ ਤੋਟਿ ਨ ਆਵਈ ਲੈ ਲੈ ਥਕਿ ਪਾਈ ॥੫॥ ਖਾਰ ਸਮੁਦ੍ਰੁ ਢੰਢੋਲੀਐ ਇਕੁ ਮਣੀਆ ਪਾਵੈ ॥ ਦੁਇ ਦਿਨ ਚਾਰਿ ਸੁਹਾਵਣਾ ਮਾਟੀ ਤਿਸੁ ਖਾਵੈ ॥ ਗੁਰੁ ਸਾਗਰੁ ਸਤਿ ਸੇਵੀਐ ਦੇ ਤੋਟਿ ਨ ਆਵੈ ॥੬॥ ਮੇਰੇ ਪ੍ਰਭ ਭਾਵਨਿ ਸੇ ਊਜਲੇ ਸਭ ਮੈਲੁ ਭਰੀਜੈ ॥ ਮੈਲਾ ਊਜਲੁ ਤਾ ਥੀਐ ਪਾਰਸ ਸੰਗਿ ਭੀਜੈ ॥ ਵੰਨੀ ਸਾਚੇ ਲਾਲ ਕੀ ਕਿਨਿ ਕੀਮਤਿ ਕੀਜੈ ॥੭॥ ਭੇਖੀ ਹਾਥ ਨ ਲਭਈ ਤੀਰਥਿ ਨਹੀ ਦਾਨੇ ॥ ਪੂਛਉ ਬੇਦ ਪੜੰਤਿਆ ਮੂਠੀ ਵਿਣੁ ਮਾਨੇ ॥ ਨਾਨਕ ਕੀਮਤਿ ਸੋ ਕਰੇ ਪੂਰਾ ਗੁਰੁ ਗਿਆਨੇ ॥੮॥੬॥ {ਪੰਨਾ 1012}

ਪਦ ਅਰਥ: ਭਇਆ = (ਜਦੋਂ) ਹੋ ਜਾਂਦਾ ਹੈ। ਧੁਰਿ = ਧੁਰੋਂ, ਪਰਮਾਤਮਾ ਦੀ ਹਜ਼ੂਰੀ ਤੋਂ। ਚੀਰੀ = ਚਿੱਠੀ। ਫਾਟੇ ਚੀਰੈ = ਜੇ ਚਿੱਠੀ ਪਾਟ ਜਾਏ {ਨੋਟ: ਸਾਡੇ ਦੇਸ ਦਾ ਰਿਵਾਜ ਹੈ ਕਿ ਕਿਸੇ ਦੀ ਮੌਤ ਦੀ ਖ਼ਬਰ ਭੇਜਣ ਵੇਲੇ ਚਿੱਠੀ ਇਕ ਪਾਸੇ ਵਲੋਂ ਰਤਾ ਕੁ ਪਾੜ ਦੇਈਦੀ ਹੈ}। ਸਹੁ = ਸਹਾਰ। ਦੇਹ = ਸਰੀਰ। ਦੇਹ ਸਰੀਰੈ = ਸਰੀਰ ਉਤੇ। ਗੁਰਿ = ਗੁਰੂ ਦੀ ਰਾਹੀਂ। ਸਭਿ = ਸਾਰੇ। ਗੁਨਹ = ਗੁਨਾਹ, ਪਾਪ। ਬਖਸਾਈਅਹਿ = ਬਖ਼ਸ਼ਾਏ ਜਾਂਦੇ ਹਨ। ਫਕੀਰੈ = ਫ਼ਕੀਰ ਦੇ, ਮੰਗਤੇ ਦੇ, ਉਸ ਮਨੁੱਖ ਦੇ ਜੋ ਪ੍ਰਭੂ ਦੇ ਦਰ ਤੋਂ ਮੇਹਰ ਦੀ ਦਾਤਿ ਮੰਗੇ।1।

ਕਿਉ ਰਹੀਐ = ਨਹੀਂ ਰਹਿ ਸਕੀਦਾ। ਅਪਾਰਾ = ਹੇ ਅਪਾਰ! ਹੇ ਬੇਅੰਤ ਪ੍ਰਭੂ!।1। ਰਹਾਉ।

ਰਹਾ = ਮੈਂ ਰਹਿੰਦਾ ਹਾਂ। ਖਾਉ = ਮੈਂ ਖਾਂਦਾ ਹਾਂ। ਚਲਾ = ਮੈਂ (ਜੀਵਨ-ਰਾਹ ਤੇ) ਤੁਰਦਾ ਹਾਂ। ਮੁਖਿ = ਮੂੰਹ ਵਿਚ (ਪਾਂਦਾ ਹਾਂ) । ਅੰਮ੍ਰਿਤ ਨਾਉ = ਆਤਮਕ ਜੀਵਨ ਦੇਣ ਵਾਲਾ ਨਾਮ। ਹਥਿ = ਹੱਥ ਵਿਚ। ਮਨਿ = ਮਨ ਵਿਚ। ਚਾਉ = ਤਾਂਘ।2।

ਕਰਿ = ਪੈਦਾ ਕਰ ਕੇ। ਦੇਖੈ = ਸੰਭਾਲ ਕਰਦਾ ਹੈ। ਜਿਨਿ = ਜਿਸ ਪਰਮਾਤਮਾ ਨੇ। ਮੈ = ਮੈਨੂੰ।3।

ਆਲ ਜੰਜਾਲਾ = {AwlX = ਘਰ} ਘਰ ਦੇ ਧੰਧੇ। ਦੁਇ = ਦ੍ਵੈ, ਦੁਬਿਧਾ। ਸੰਗਮੇ = ਨਾਲ। ਖੁਧਿਆ = (ਮਾਇਆ ਦੀ) ਭੁੱਖ।4।

ਪਤਿ = ਇੱਜ਼ਤ। ਭਾਈ = ਹੇ ਭਾਈ! ਦੇ = ਦੇ ਕੇ। ਤੋਟਿ = ਘਾਟਾ। ਥਕਿ ਪਾਈ = ਜੀਵ ਥੱਕ ਪੈਂਦਾ ਹੈ।5।

ਖਾਰ = ਖਾਰਾ। ਮਣੀਆ = ਰਤਨ। ਪਾਵੈ = ਲੱਭ ਲਏ। ਤਿਸੁ = ਉਸ (ਮਣੀ) ਨੂੰ। ਗੁਰੁ ਸਾਗਰੁ ਸਤਿ = ਸਤਿਗੁਰੂ ਸਮੁੰਦਰ। ਦੇ = ਦੇਂਦਾ ਹੈ।6।

ਸੇ = ਉਹ ਬੰਦੇ। ਊਜਲੇ = ਪਵਿਤ੍ਰ। ਸਭ = ਸਾਰੀ ਲੋਕਾਈ। ਤਾ = ਤਦੋਂ। ਥੀਐ = ਹੁੰਦਾ। ਸੰਗਿ = ਨਾਲ। ਵੰਨੀ = ਰੰਗ। ਸਾਚੇ = ਸਦਾ-ਥਿਰ ਦੀ। ਕਿਨਿ = ਕਿਸ ਨੇ? ਕਿਸ ਪਾਸੋਂ? ਕੀਜੈ = ਕੀਤੀ ਜਾ ਸਕਦੀ ਹੈ।7।

ਭੇਖ = ਭੇਖ ਧਾਰਨ ਕੀਤਿਆਂ। ਹਾਥ = ਡੂੰਘਾਈ। ਤੀਰਥਿ = ਤੀਰਥ ਤੇ (ਇਸ਼ਨਾਨ ਕੀਤਿਆਂ) । ਦਾਨੇ = ਦਾਨਿ, ਦਾਨ ਦੀ ਰਾਹੀਂ। ਪੂਛਉ = ਮੈਂ ਪੁੱਛਦਾ ਹਾਂ। ਮੂਠੀ-(ਸਾਰੀ ਲੋਕਾਈ) ਠੱਗੀ ਜਾ ਰਹੀ ਹੈ। ਮਾਨੇ = ਮੰਨੇ। ਵਿਣੁ ਮਾਨੇ = ਮੰਨਣ ਤੋਂ ਬਿਨਾ, ਜਦ ਤਕ ਮਨ ਨਹੀਂ ਮੰਨਦਾ। ਕੀਮਤਿ = ਕਦਰ।8।

ਅਰਥ: (ਹੇ ਭਾਈ! ਹੁਣੇ ਹੁਣੇ ਵੇਲਾ ਹੈ) ਗੁਰੂ ਦੇ ਸ਼ਬਦ ਦੀ ਵਿਚਾਰ ਸਮਝ, (ਇਥੇ ਸਦਾ) ਟਿਕੇ ਨਹੀਂ ਰਹਿ ਸਕੀਦਾ, (ਜਦੋਂ ਪ੍ਰਭੂ ਦਾ ਹੁਕਮ ਆਇਆ, ਤਦੋਂ) ਇਥੋਂ ਚੱਲਣਾ ਹੀ ਪਏਗਾ। (ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ?) ਹੇ ਬੇਅੰਤ ਪ੍ਰਭੂ! ਤੈਨੂੰ ਉਹੀ ਮਨੁੱਖ ਮਿਲ ਸਕਦਾ ਹੈ ਜਿਸ ਨੂੰ ਤੂੰ ਆਪ ਮਿਲਾਏਂ, ਧੁਰ ਤੋਂ ਤੇਰਾ (ਅਜੇਹਾ ਹੀ) ਹੁਕਮ ਹੈ (ਅਜੇਹੀ ਹੀ ਰਜ਼ਾ ਹੈ) ।1। ਰਹਾਉ।

ਜਦੋਂ (ਪਰਮਾਤਮਾ ਦਾ) ਹੁਕਮ ਹੋ ਜਾਂਦਾ ਹੈ ਜਦੋਂ (ਕਿਸੇ ਦੀ) ਚਿੱਠੀ ਧੁਰ (ਦਰਗਾਹ) ਤੋਂ ਪਾਟ ਜਾਂਦੀ ਹੈ, ਤਾਂ ਉਹ (ਇਸ ਸੰਸਾਰ ਵਿਚ) ਰਹਿ ਨਹੀਂ ਸਕਦਾ। (ਹੇ ਭਾਈ! ਜਦ ਤਕ ਤੇਰਾ) ਇਹ ਮਨ ਔਗੁਣਾਂ (ਦੀ ਫਾਹੀ) ਵਿਚ ਬੱਝਾ ਹੋਇਆ ਹੈ (ਤਦ ਤਕ ਆਪਣੇ ਇਸ) ਸਰੀਰ ਵਿਚ (ਦੁੱਖ) ਸਹਾਰ। ਜੇਹੜਾ ਮਨੁੱਖ ਪੂਰੇ ਗੁਰੂ ਦੀ ਰਾਹੀਂ ਪਰਮਾਤਮਾ ਦੇ ਦਰ ਦਾ ਮੰਗਤਾ ਬਣਦਾ ਹੈ ਉਸ ਦੇ ਸਾਰੇ ਗੁਨਾਹ ਬਖ਼ਸ਼ੇ ਜਾਂਦੇ ਹਨ।1।

(ਪਰ ਅਸਾਂ ਜੀਵਾਂ ਦੇ ਵੱਸ ਦੀ ਗੱਲ ਨਹੀਂ) ਹੇ ਪ੍ਰਭੂ! ਜਿਸ ਹਾਲਤ ਵਿਚ ਤੂੰ ਮੈਨੂੰ ਰੱਖਦਾ ਹੈਂ, ਮੈਂ ਉਸੇ ਹਾਲਤ ਵਿਚ ਰਹਿ ਸਕਦਾ ਹਾਂ, ਜੇਹੜੀ (ਆਤਮਕ ਖ਼ੁਰਾਕ) ਤੂੰ ਮੈਨੂੰ ਦੇਂਦਾ ਹੈਂ ਮੈਂ ਉਹੀ ਖਾਂਦਾ ਹਾਂ। (ਆਤਮਕ ਜੀਵਨ ਦੇ ਰਸਤੇ ਤੇ) ਜਿਸ ਤਰ੍ਹਾਂ ਤੂੰ ਮੈਨੂੰ ਤੋਰਦਾ ਹੈਂ ਮੈਂ ਉਸੇ ਤਰ੍ਹਾਂ ਤੁਰਦਾ ਹਾਂ, ਤੇ ਆਪਣੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਪਾਂਦਾ ਹਾਂ। ਹੇ ਮੇਰੇ ਠਾਕੁਰ! ਤੇਰੇ ਆਪਣੇ ਹੱਥ ਵਿਚ ਵਡਿਆਈਆਂ ਹਨ (ਜਿਸ ਨੂੰ ਤੂੰ ਵਡਿਆਈ ਬਖ਼ਸ਼ਦਾ ਹੈਂ ਜਿਸ ਨੂੰ ਤੂੰ ਆਪਣੇ ਚਰਨਾਂ ਵਿਚ) ਜੋੜਦਾ ਹੈਂ ਉਸ ਦੇ ਮਨ ਵਿਚ (ਤੇਰੀ ਭਗਤੀ ਦਾ) ਚਾਉ ਪੈਦਾ ਹੋ ਜਾਂਦਾ ਹੈ।2।

(ਪਰਮਾਤਮਾ ਦੀ ਸਿਫ਼ਤਿ-ਸਾਲਾਹ ਛੱਡ ਕੇ ਪਰਮਾਤਮਾ ਦੇ) ਪੈਦਾ ਕੀਤੇ ਹੋਏ ਦੀ ਵਡਿਆਈ ਕਰਨ ਤੋਂ ਕੋਈ (ਆਤਮਕ) ਲਾਭ ਨਹੀਂ ਹੋਵੇਗਾ (ਵਡਿਆਈਆਂ ਉਸ ਕਰਤਾਰ ਦੀਆਂ ਕਰੋ) ਜੋ (ਜਗਤ-ਰਚਨਾ) ਕਰ ਕੇ ਆਪ ਹੀ (ਉਸ ਦੀ) ਸੰਭਾਲ ਭੀ ਕਰਦਾ ਹੈ। ਜਿਸ ਕਰਤਾਰ ਨੇ ਜਗਤ ਰਚਿਆ ਹੈ ਉਹੀ (ਮੇਰੇ) ਮਨ ਵਿਚ ਵੱਸਦਾ ਹੈ। ਮੈਨੂੰ ਉਸ ਵਰਗਾ ਕੋਈ ਹੋਰ ਨਹੀਂ ਦਿੱਸਦਾ। ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਹੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ (ਜੇਹੜਾ ਕਰਦਾ ਹੈ ਉਸ ਨੂੰ) ਸਦਾ ਦੀ ਇੱਜ਼ਤ ਮਿਲ ਜਾਂਦੀ ਹੈ।3।

ਪੰਡਿਤ (ਸ਼ਾਸਤ੍ਰ ਪੁਰਾਣ ਆਦਿਕ ਧਰਮ-ਪੁਸਤਕਾਂ ਨਿਰੀਆਂ) ਪੜ੍ਹ ਕੇ (ਉਸ ਅਵਸਥਾ ਤੇ) ਨਹੀਂ ਪਹੁੰਚਦਾ (ਜਿਥੇ ਪਰਮਾਤਮਾ ਨਾਲੋਂ ਵਿਛੋੜਾ ਮੁੱਕ ਜਾਏ, ਕਿਉਂਕਿ ਪੜ੍ਹ ਪੜ੍ਹ ਕੇ ਭੀ) ਉਹ ਮਾਇਆ ਦੇ ਜੰਜਾਲਾਂ ਵਿਚ ਬਹੁਤ ਫਸਿਆ ਰਹਿੰਦਾ ਹੈ। (ਧਰਮ ਸ਼ਾਸਤ੍ਰਾਂ ਅਨੁਸਾਰ) ਪਾਪ ਕੀਹ ਹੈ ਤੇ ਪੁੰਨ ਕੀਹ ਹੈ ਇਹ ਵਿਚਾਰ ਕਰਦਾ ਹੋਇਆ ਭੀ ਉਹ ਦ੍ਵੈਤ ਦੀ ਫਾਹੀ ਵਿਚ ਹੀ ਰਹਿੰਦਾ ਹੈ, ਮਾਇਆ ਦੀ ਭੁੱਖ ਤੇ ਆਤਮਕ ਮੌਤ (ਮੌਤ ਦਾ ਡਰ) ਉਸ ਦੇ ਸਿਰ ਤੇ ਕਾਇਮ ਰਹਿੰਦੇ ਹਨ।

ਪਰਮਾਤਮਾ ਦੇ ਚਰਨਾਂ ਤੋਂ ਵਿਛੋੜਾ ਤੇ ਸਹਿਮ ਉਸ ਮਨੁੱਖ ਦਾ ਹੀ ਮੁੱਕਦਾ ਹੈ ਜਿਸ ਦੇ ਮਨ ਵਿਚ ਹਰ ਤਰ੍ਹਾਂ ਰੱਖਿਆ ਕਰਨ ਵਾਲਾ ਪਰਮਾਤਮਾ ਵੱਸਿਆ ਰਹਿੰਦਾ ਹੈ।4।

ਹੇ ਭਾਈ! ਕੀਤੇ ਕਰਮਾਂ ਦਾ ਹਿਸਾਬ ਹੋਣ ਤੇ ਜਿਨ੍ਹਾਂ ਨੂੰ ਇੱਜ਼ਤ ਮਿਲਦੀ ਹੈ ਉਹ ਪੂਰੇ ਭਾਂਡੇ ਸਮਝੇ ਜਾਂਦੇ ਹਨ। ਅਜੇਹੇ ਪੂਰਨ ਗੁਣਵਾਨ ਮਨੁੱਖ ਨੂੰ ਪਰਮਾਤਮਾ ਦੇ ਦਰ ਤੋਂ ਮਤਿ ਭੀ ਪੂਰੀ ਹੀ ਮਿਲਦੀ ਹੈ (ਜਿਸ ਕਰਕੇ ਉਹ ਭੁੱਲਣ ਵਾਲੇ ਜੀਵਨ-ਰਾਹ ਤੇ ਨਹੀਂ ਪੈਂਦਾ) ਤੇ ਸਦਾ-ਥਿਰ ਰਹਿਣ ਵਾਲੀ ਇੱਜ਼ਤ ਪ੍ਰਾਪਤ ਹੁੰਦੀ ਹੈ। (ਉਹ ਪਰਮਾਤਮਾ ਬੇਅੰਤ ਦਾਤਾਂ ਦਾ ਮਾਲਕ ਹੈ, ਜੀਵ ਨੂੰ) ਸਦਾ ਦੇਂਦਾ ਹੈ (ਉਸ ਦੇ ਖ਼ਜ਼ਾਨੇ ਵਿਚ) ਘਾਟਾ ਨਹੀਂ ਪੈਂਦਾ, ਜੀਵ ਦਾਤਾਂ ਲੈ ਲੈ ਕੇ ਥੱਕ ਜਾਂਦਾ ਹੈ।5।

(ਇਸ ਗੱਲ ਦੀ ਬੜੀ ਵਡਿਆਈ ਕੀਤੀ ਜਾਂਦੀ ਹੈ ਕਿ ਦੇਵਤਿਆਂ ਨੇ ਸਮੁੰਦਰ ਰਿੜਕਿਆ ਤੇ ਉਸ ਵਿਚੋਂ ਚੌਦਾਂ ਰਤਨ ਨਿਕਲੇ, ਭਲਾ) ਜੇ ਖਾਰਾ ਸਮੁੰਦਰ ਰਿੜਕਿਆ ਜਾਏ, ਉਸ ਵਿਚੋਂ ਕੋਈ ਮਨੁੱਖ ਇਕ ਰਤਨ ਲੱਭ ਲਏ (ਤਾਂ ਭੀ ਆਖ਼ਰ ਕੇਹੜੀ ਮੱਲ ਮਾਰ ਲਈ? ਉਹ ਰਤਨ) ਦੋ ਚਾਰ ਦਿਨ ਹੀ ਸੋਹਣਾ ਲੱਗਦਾ ਹੈ (ਅੰਤ) ਉਸ ਰਤਨ ਨੂੰ ਕਦੇ ਮਿੱਟੀ ਹੀ ਖਾ ਜਾਂਦੀ ਹੈ।

(ਸਤਿਗੁਰੂ ਅਸਲ ਸਮੁੰਦਰ ਹੈ) ਜੇ ਸਤਿਗੁਰੂ ਸਮੁੰਦਰ ਨੂੰ ਸੇਵਿਆ ਜਾਏ (ਜੇ ਗੁਰੂ-ਸਮੁੰਦਰ ਦੀ ਸਰਨ ਪਈਏ, ਤਾਂ ਗੁਰੂ-ਸਮੁੰਦਰ ਐਸਾ ਨਾਮ-ਰਤਨ) ਦੇਂਦਾ ਹੈ ਜਿਸ ਨੂੰ ਕਦੇ ਘਾਟਾ ਨਹੀਂ ਪੈ ਸਕਦਾ।6।

ਸਾਰੀ ਲੋਕਾਈ (ਮਾਇਆ ਦੇ ਮੋਹ ਦੀ) ਮੈਲ ਨਾਲ ਭਰੀ ਹੋਈ ਹੈ, ਸਿਰਫ਼ ਉਹ ਬੰਦੇ ਸਾਫ਼-ਸੁਥਰੇ ਹਨ ਜੇਹੜੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ। (ਮਾਇਆ ਦੇ ਮੋਹ ਨਾਲ) ਮਲੀਨ-ਮਨ ਹੋਇਆ ਬੰਦਾ ਤਦੋਂ ਹੀ ਪਵਿਤ੍ਰ ਹੋ ਸਕਦਾ ਹੈ ਜਦੋਂ ਉਹ ਗੁਰੂ-ਪਾਰਸ ਦੀ ਸੰਗਤਿ ਵਿਚ ਰਹਿ ਕੇ (ਪਰਮਾਤਮਾ ਦੇ ਨਾਮ-ਅੰਮ੍ਰਿਤ ਨਾਲ) ਭਿੱਜਦਾ ਹੈ। ਸਦਾ-ਥਿਰ ਪ੍ਰਭੂ-ਲਾਲ ਦਾ ਨਾਮ-ਰੰਗ ਉਸ ਨੂੰ ਐਸਾ ਚੜ੍ਹਦਾ ਹੈ ਕਿ ਕਿਸੇ ਪਾਸੋਂ ਉਸ ਦਾ ਮੁੱਲ ਨਹੀਂ ਪੈ ਸਕਦਾ।7।

ਪਰ ਉਸ ਨਾਮ-ਰੰਗ ਦੀ ਡੂੰਘਾਈ ਬਾਹਰਲੇ ਧਾਰਮਿਕ ਪਹਿਰਾਵਿਆਂ ਨਾਲ ਨਹੀਂ ਲੱਭ ਸਕਦੀ, ਤੀਰਥ ਤੇ ਇਸ਼ਨਾਨ ਕੀਤਿਆਂ ਤੇ ਦਾਨ-ਪੁੰਨ ਕੀਤਿਆਂ ਭੀ ਨਹੀਂ ਲੱਭਦੀ। ਮੈਂ ਵੇਦ ਪੜ੍ਹਨ ਵਾਲਿਆਂ ਤੋਂ ਇਹ ਭੇਦ ਪੁੱਛਦਾ ਹਾਂ (ਧਾਰਮਿਕ ਪੁਸਤਕਾਂ ਪੜ੍ਹਨ ਨਾਲ ਭੀ ਨਾਮ-ਰੰਗ ਦੀ ਡੂੰਘਾਈ ਦੀ ਸਮਝ ਨਹੀਂ ਪੈਂਦੀ) । ਜਦ ਤਕ ਨਾਮ-ਰੰਗ ਵਿਚ ਮਨ ਨਹੀਂ ਮੰਨਦਾ (ਮਨ ਨਹੀਂ ਭਿੱਜਦਾ ਤਦ ਤਕ ਸਾਰੀ ਲੋਕਾਈ ਹੀ ਮਾਇਆ-ਮੋਹ ਵਿਚ) ਠੱਗੀ ਜਾ ਰਹੀ ਹੈ।

ਹੇ ਨਾਨਕ! ਨਾਮ-ਰੰਗ ਦੀ ਕਦਰ ਉਹੀ ਮਨੁੱਖ ਕਰਦਾ ਹੈ ਜਿਸ ਨੂੰ ਪੂਰਾ ਗੁਰੂ ਮਿਲਦਾ ਹੈ ਤੇ (ਗੁਰੂ ਦੀ ਰਾਹੀਂ ਪਰਮਾਤਮਾ ਨਾਲ) ਡੂੰਘੀ ਸਾਂਝ ਪ੍ਰਾਪਤ ਹੁੰਦੀ ਹੈ।8।6।

ਮਾਰੂ ਮਹਲਾ ੧ ॥ ਮਨਮੁਖੁ ਲਹਰਿ ਘਰੁ ਤਜਿ ਵਿਗੂਚੈ ਅਵਰਾ ਕੇ ਘਰ ਹੇਰੈ ॥ ਗ੍ਰਿਹ ਧਰਮੁ ਗਵਾਏ ਸਤਿਗੁਰੁ ਨ ਭੇਟੈ ਦੁਰਮਤਿ ਘੂਮਨ ਘੇਰੈ ॥ ਦਿਸੰਤਰੁ ਭਵੈ ਪਾਠ ਪੜਿ ਥਾਕਾ ਤ੍ਰਿਸਨਾ ਹੋਇ ਵਧੇਰੈ ॥ ਕਾਚੀ ਪਿੰਡੀ ਸਬਦੁ ਨ ਚੀਨੈ ਉਦਰੁ ਭਰੈ ਜੈਸੇ ਢੋਰੈ ॥੧॥ ਬਾਬਾ ਐਸੀ ਰਵਤ ਰਵੈ ਸੰਨਿਆਸੀ ॥ ਗੁਰ ਕੈ ਸਬਦਿ ਏਕ ਲਿਵ ਲਾਗੀ ਤੇਰੈ ਨਾਮਿ ਰਤੇ ਤ੍ਰਿਪਤਾਸੀ ॥੧॥ ਰਹਾਉ ॥ ਘੋਲੀ ਗੇਰੂ ਰੰਗੁ ਚੜਾਇਆ ਵਸਤ੍ਰ ਭੇਖ ਭੇਖਾਰੀ ॥ ਕਾਪੜ ਫਾਰਿ ਬਨਾਈ ਖਿੰਥਾ ਝੋਲੀ ਮਾਇਆਧਾਰੀ ॥ ਘਰਿ ਘਰਿ ਮਾਗੈ ਜਗੁ ਪਰਬੋਧੈ ਮਨਿ ਅੰਧੈ ਪਤਿ ਹਾਰੀ ॥ ਭਰਮਿ ਭੁਲਾਣਾ ਸਬਦੁ ਨ ਚੀਨੈ ਜੂਐ ਬਾਜੀ ਹਾਰੀ ॥੨॥ ਅੰਤਰਿ ਅਗਨਿ ਨ ਗੁਰ ਬਿਨੁ ਬੂਝੈ ਬਾਹਰਿ ਪੂਅਰ ਤਾਪੈ ॥ ਗੁਰ ਸੇਵਾ ਬਿਨੁ ਭਗਤਿ ਨ ਹੋਵੀ ਕਿਉ ਕਰਿ ਚੀਨਸਿ ਆਪੈ ॥ ਨਿੰਦਾ ਕਰਿ ਕਰਿ ਨਰਕ ਨਿਵਾਸੀ ਅੰਤਰਿ ਆਤਮ ਜਾਪੈ ॥ ਅਠਸਠਿ ਤੀਰਥ ਭਰਮਿ ਵਿਗੂਚਹਿ ਕਿਉ ਮਲੁ ਧੋਪੈ ਪਾਪੈ ॥੩॥ ਛਾਣੀ ਖਾਕੁ ਬਿਭੂਤ ਚੜਾਈ ਮਾਇਆ ਕਾ ਮਗੁ ਜੋਹੈ ॥ ਅੰਤਰਿ ਬਾਹਰਿ ਏਕੁ ਨ ਜਾਣੈ ਸਾਚੁ ਕਹੇ ਤੇ ਛੋਹੈ ॥ ਪਾਠੁ ਪੜੈ ਮੁਖਿ ਝੂਠੋ ਬੋਲੈ ਨਿਗੁਰੇ ਕੀ ਮਤਿ ਓਹੈ ॥ ਨਾਮੁ ਨ ਜਪਈ ਕਿਉ ਸੁਖੁ ਪਾਵੈ ਬਿਨੁ ਨਾਵੈ ਕਿਉ ਸੋਹੈ ॥੪॥ ਮੂੰਡੁ ਮੁਡਾਇ ਜਟਾ ਸਿਖ ਬਾਧੀ ਮੋਨਿ ਰਹੈ ਅਭਿਮਾਨਾ ॥ ਮਨੂਆ ਡੋਲੈ ਦਹ ਦਿਸ ਧਾਵੈ ਬਿਨੁ ਰਤ ਆਤਮ ਗਿਆਨਾ ॥ ਅੰਮ੍ਰਿਤੁ ਛੋਡਿ ਮਹਾ ਬਿਖੁ ਪੀਵੈ ਮਾਇਆ ਕਾ ਦੇਵਾਨਾ ॥ ਕਿਰਤੁ ਨ ਮਿਟਈ ਹੁਕਮੁ ਨ ਬੂਝੈ ਪਸੂਆ ਮਾਹਿ ਸਮਾਨਾ ॥੫॥ ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ ॥ ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ ॥ ਸਿਖ ਕਰੇ ਕਰਿ ਸਬਦੁ ਨ ਚੀਨੈ ਲੰਪਟੁ ਹੈ ਬਾਜਾਰੀ ॥ ਅੰਤਰਿ ਬਿਖੁ ਬਾਹਰਿ ਨਿਭਰਾਤੀ ਤਾ ਜਮੁ ਕਰੇ ਖੁਆਰੀ ॥੬॥ ਸੋ ਸੰਨਿਆਸੀ ਜੋ ਸਤਿਗੁਰ ਸੇਵੈ ਵਿਚਹੁ ਆਪੁ ਗਵਾਏ ॥ ਛਾਦਨ ਭੋਜਨ ਕੀ ਆਸ ਨ ਕਰਈ ਅਚਿੰਤੁ ਮਿਲੈ ਸੋ ਪਾਏ ॥ ਬਕੈ ਨ ਬੋਲੈ ਖਿਮਾ ਧਨੁ ਸੰਗ੍ਰਹੈ ਤਾਮਸੁ ਨਾਮਿ ਜਲਾਏ ॥ ਧਨੁ ਗਿਰਹੀ ਸੰਨਿਆਸੀ ਜੋਗੀ ਜਿ ਹਰਿ ਚਰਣੀ ਚਿਤੁ ਲਾਏ ॥੭॥ ਆਸ ਨਿਰਾਸ ਰਹੈ ਸੰਨਿਆਸੀ ਏਕਸੁ ਸਿਉ ਲਿਵ ਲਾਏ ॥ ਹਰਿ ਰਸੁ ਪੀਵੈ ਤਾ ਸਾਤਿ ਆਵੈ ਨਿਜ ਘਰਿ ਤਾੜੀ ਲਾਏ ॥ ਮਨੂਆ ਨ ਡੋਲੈ ਗੁਰਮੁਖਿ ਬੂਝੈ ਧਾਵਤੁ ਵਰਜਿ ਰਹਾਏ ॥ ਗ੍ਰਿਹੁ ਸਰੀਰੁ ਗੁਰਮਤੀ ਖੋਜੇ ਨਾਮੁ ਪਦਾਰਥੁ ਪਾਏ ॥੮॥ ਬ੍ਰਹਮਾ ਬਿਸਨੁ ਮਹੇਸੁ ਸਰੇਸਟ ਨਾਮਿ ਰਤੇ ਵੀਚਾਰੀ ॥ ਖਾਣੀ ਬਾਣੀ ਗਗਨ ਪਤਾਲੀ ਜੰਤਾ ਜੋਤਿ ਤੁਮਾਰੀ ॥ ਸਭਿ ਸੁਖ ਮੁਕਤਿ ਨਾਮ ਧੁਨਿ ਬਾਣੀ ਸਚੁ ਨਾਮੁ ਉਰ ਧਾਰੀ ॥ ਨਾਮ ਬਿਨਾ ਨਹੀ ਛੂਟਸਿ ਨਾਨਕ ਸਾਚੀ ਤਰੁ ਤੂ ਤਾਰੀ ॥੯॥੭॥ {ਪੰਨਾ 1012-1013}

ਪਦ ਅਰਥ: ਮਨਮੁਖੁ = ਉਹ ਬੰਦਾ ਜਿਸ ਨੇ ਆਪਣਾ ਮੂੰਹ ਆਪਣੇ ਮਨ ਵਲ ਕੀਤਾ ਹੋਇਆ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ। ਲਹਰਿ = (ਤਿਆਗ ਦੀ) ਲਹਿਰ, (ਤਿਆਗ ਦਾ) ਜੋਸ਼। ਤਜਿ = ਤਿਆਗ ਕੇ। ਵਿਗੁਚੈ = ਖ਼ੁਆਰ ਹੁੰਦਾ ਹੈ। ਅਵਰਾ ਕੇ = ਹੋਰਨਾਂ ਦੇ। ਹੇਰੈ = ਤੱਕਦਾ ਹੈ {ਨੋਟ: ਲਫ਼ਜ਼ 'ਘਰੁ' ਅਤੇ 'ਘਰ' ਦਾ ਫ਼ਰਕ ਚੇਤੇ ਰੱਖਣਾ}। ਗ੍ਰਿਹ ਧਰਮੁ = ਗ੍ਰਿਹਸਤ ਦਾ ਫ਼ਰਜ਼। ਭੇਟੈ = ਮਿਲਦਾ ਹੈ। ਘੂਮਨ ਘੇਰੈ = ਘੁੰਮਣਘੇਰੀ ਵਿਚ (ਫਸ ਜਾਂਦਾ ਹੈ) । ਦਿਸੰਤਰੁ = ਦੇਸ ਦੇਸ ਅੰਤਰ, ਹੋਰ ਹੋਰ ਦੇਸ। ਪੜਿ = ਪੜ੍ਹ ਕੇ। ਤ੍ਰਿਸ਼ਨਾ = ਮਾਇਆ ਦਾ ਲਾਲਚ। ਕਾਚੀ ਪਿੰਡੀ = ਹੋਛੀ ਮਤਿ ਵਾਲਾ। ਉਦਰੁ = ਪੇਟ, ਢਿੱਡ। ਢੋਰ = ਪਸ਼ੂ।1।

ਬਾਬਾ = ਹੇ ਪ੍ਰਭੂ! ਰਵਤ ਰਵੈ = ਰਹਿਤ ਰਹੇ। ਸਬਦਿ = ਸ਼ਬਦ ਦੀ ਰਾਹੀਂ। ਨਾਮਿ = ਨਾਮ ਵਿਚ। ਰਤੇ = ਰੰਗੇ ਜਾ ਕੇ। ਤ੍ਰਿਪਤਾਸੀ = ਮਾਇਆ ਦੀ ਤ੍ਰਿਸ਼ਨਾ ਵਲੋਂ ਰਜੇਵਾਂ।1। ਰਹਾਉ।

ਗੇਰੂ = ਗੇਰੀ। ਭੇਖ = ਸਾਧੂਆਂ ਵਾਲੇ ਪਹਿਰਾਵੇ। ਭੇਖਾਰੀ = ਮੰਗਤਾ। ਫਾਰਿ = ਪਾੜ ਕੇ। ਖਿੰਥਾ = ਗੋਦੜੀ। ਮਾਇਆਧਾਰੀ = (ਅੰਨ ਆਟਾ ਆਦਿਕ) ਮਾਇਆ ਪਾਣ ਵਾਸਤੇ ਝੋਲੀ। ਪਰਬੋਧੈ = ਉਪਦੇਸ਼ ਕਰਦਾ ਹੈ। ਮਨਿ = ਮਨ ਦੀ ਰਾਹੀਂ। ਮਨਿ ਅੰਧੈ = ਅੰਨ੍ਹੇ ਮਨ ਦੀ ਰਾਹੀਂ, ਮਨ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਣ ਦੇ ਕਾਰਨ। ਪਤਿ = ਇੱਜ਼ਤ। ਹਾਰੀ = ਗਵਾ ਲਈ।2।

ਨ ਬੂਝੈ = ਨਹੀਂ ਬੁੱਝਦੀ। ਪੂਅਰ = ਧੂਣੀਆਂ। ਤਾਪੈ = ਤਪਾਂਦਾ ਹੈ, ਬਾਲਦਾ ਹੈ। ਚੀਨਸਿ = ਪਛਾਣੇ। ਆਪੈ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਅੰਤਰਿ ਆਤਮ = ਆਪਣੇ ਆਪ ਦੇ ਅੰਦਰ। ਜਾਪੈ = (ਉਸ ਨੂੰ) ਸੁੱਝਦਾ ਹੈ, ਦਿੱਸਦਾ ਹੈ। ਅਠਸਠਿ = ਅੱਠ ਤੇ ਸੱਠ ਅਠਾਹਠ। ਵਿਗੂਚਹਿ = ਖ਼ੁਆਰ ਹੁੰਦੇ ਹਨ। ਪਾਪੈ = ਪਾਪ ਦੀ।3।

ਬਿਭੂਤ = ਸੁਆਹ। ਚੜਾਈ = (ਪਿੰਡੇ ਤੇ) ਮਲ ਲਈ। ਮਗੁ = ਰਸਤਾ। ਜੋਹੈ– ਤੱਕਦਾ ਹੈ। ਛੋਹੈ– ਖਿੱਝਦਾ ਹੈ। ਝੂਠੋ = ਝੂਠ ਹੀ। ਓਹੈ– ਉਹ ਪਹਿਲੀ ਹੀ। ਜਪਈ = ਜਪੈ, ਜਪਦਾ। ਸੋਹੈ– ਸੋਭਦਾ।4।

ਮੂੰਡੁ = ਸਿਰ। ਮੁਡਾਈ = ਮੁਨਾ ਕੇ। ਸਿਖ = ਬੋਦੀ, ਚੋਟੀ। ਮੋਨਿ ਰਹੈ– ਚੁੱਪ ਸਾਧੀ ਰੱਖਦਾ ਹੈ। ਦਹ = ਦਸ। ਦਿਸ = ਪਾਸੇ। ਧਾਵੈ = ਦੌੜਦਾ ਹੈ, ਭਟਕਦਾ ਹੈ। ਰਤ = ਰੰਗਿਆ ਹੋਇਆ। ਬਿਖ = ਜ਼ਹਿਰ (ਜੋ ਆਤਮਕ ਮੌਤ ਲਿਆਉਂਦਾ ਹੈ) । ਦੇਵਾਨਾ = ਪਾਗਲ, ਆਸ਼ਕ। ਕਿਰਤੁ = ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ।5।

ਹਾਥਿ = ਹੱਥ ਵਿਚ। ਕਮੰਡਲੁ = ਚਿੱਪੀ। ਕਾਪੜੀਆ = ਲੀਰਾਂ ਦਾ ਚੋਲਾ ਪਹਿਨਣ ਵਾਲਾ ਸਾਧੂ। ਮਨਿ = ਮਨ ਵਿਚ। ਤਜਿ = ਛੱਡ ਕੇ। ਕਾਮਿ = ਕਾਮ-ਵਾਸਨਾ ਹੇਠ। ਵਿਆਪਿਆ = ਨੱਪਿਆ ਗਿਆ। ਸਿਖ = (ਅਨੇਕਾਂ) ਸੇਵਕ। ਲੰਪਟੁ = (ਮਾਇਆ ਵਿਚ, ਵਿਕਾਰ ਵਿਚ) ਖਚਿਤ। ਬਾਜਾਰੀ = ਮਸਖ਼ਰਾ। ਨਿਭਰਾਤੀ = ਭਟਕਣਾ ਦਾ ਅਭਾਵ, ਸ਼ਾਂਤੀ। ਖੁਆਰੀ = ਦੁਰਗਤੀ।

ਆਪੁ = ਆਪਾ-ਭਾਵ। ਛਾਦਨ = ਕੱਪੜਾ। ਅਚਿੰਤੁ = ਸਹਜ ਸੁਭਾਇ, ਸੋਚਾਂ ਕਰਨ ਤੋਂ ਬਿਨਾ। ਖਿਮਾ = ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਉ। ਸੰਗ੍ਰਹੈ– ਇਕੱਠਾ ਕਰਦਾ ਹੈ। ਤਾਮਸੁ = ਤਮੋ ਗੁਣ, ਕ੍ਰੋਧ। ਨਾਮਿ ਦੀ ਰਾਹੀਂ। ਧਨੁ = ਭਾਗਾਂ ਵਾਲਾ। ਗਿਰਹੀ = ਗ੍ਰਿਹਸਤੀ।7।

ਏਕਸੁ ਸਿਉ = ਸਿਰਫ਼ ਇੱਕ (ਪਰਮਾਤਮਾ) ਨਾਲ। ਲਿਵ = ਲਗਨ। ਨਿਜ ਘਰਿ = ਆਪਣੇ ਘਰ ਵਿਚ, ਉਸ ਘਰ ਵਿਚ ਜੋ ਸਦਾ ਆਪਣਾ ਹੈ। ਵਰਜਿ = ਰੋਕ ਕੇ। ਰਹਾਏ = ਰੱਖੋ। ਗ੍ਰਿਹੁ = ਘਰ। ਪਦਾਰਥੁ = ਸਰਮਾਇਆ।8।

ਮਹੇਸੁ = ਸ਼ਿਵ। ਸਰੇਸਟ = ਸਭ ਤੋਂ ਉੱਤਮ। ਨਾਮਿ ਰਤੇ = ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ। ਵੀਚਾਰੀ = ਵਿਚਾਰਵਾਨ। ਖਾਣੀ = ਜਗਤ-ਉਤਪੱਤੀ ਦੀਆਂ ਚਾਰ ਖਾਣਾਂ = ਅੰਡਜ, ਜੇਰਜ, ਸੇਤਜ, ਉਤਭੁਜ (1. ਅੰਡਜ = ਆਂਡਿਆਂ ਵਿਚੋਂ ਪੈਦਾ ਹੋਣ ਵਾਲੇ ਪੰਛੀ ਆਦਿਕ। 2. ਜੇਰਜ = ਜਿਓਰ ਵਿਚੋਂ ਜੰਮਣ ਵਾਲੇ, ਪਸ਼ੂ ਮਨੁੱਖ। 3. ਸੇਤਜ = ਮੁੜ੍ਹਕੇ ਅਤੇ ਧਰਤੀ ਦੇ ਹੁੰਮ ਨਾਲ ਪੈਦਾ ਹੋਣ ਵਾਲੇ, ਜੂਆਂ, ਚੀਚ ਵਹੁਟੀਆਂ ਆਦਿਕ। 4. ਉਤਭੁਜ = ਧਰਤੀ ਵਿਚੋਂ ਜੰਮਣ ਵਾਲੇ ਰੁੱਖ ਆਦਿਕ}। ਬਾਣੀ = ਬੋਲੀ, ਸਭ ਦੇਸਾਂ ਦੇ ਜੀਵਾਂ ਦੀਆਂ ਵਖ-ਵਖ ਬੋਲੀਆਂ।

ਗਗਨ = ਆਕਾਸ਼। ਪਤਾਲੀ = ਪਾਤਾਲਾਂ ਵਿਚ। ਸਭਿ = ਸਾਰੇ। ਮੁਕਤਿ = ਮਾਇਆ ਦੇ ਬੰਧਨਾਂ ਤੋਂ ਖ਼ਲਾਸੀ। ਨਾਮ ਧੁਨਿ = ਨਾਮ ਦੀ ਰੌ। ਬਾਣੀ = ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਉਰ ਧਾਰੀ = ਹਿਰਦੇ ਵਿਚ ਟਿਕਿਆ। ਉਰ = ਹਿਰਦਾ। ਨਹੀ ਛੂਟਸਿ = ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਸਾਚੀ ਤਾਰੀ = ਉਹ ਤਾਰੀ ਜੋ ਸਦਾ-ਥਿਰ ਰਹੇ, ਉਹ ਤਾਰੀ ਜਿਸ ਵਿਚ ਡੁੱਬਣ ਦਾ ਖ਼ਤਰਾ ਨਾਹ ਹੋਵੇ।9।

ਅਰਥ: ਹੇ ਪ੍ਰਭੂ! ਅਸਲ ਸੰਨਿਆਸੀ ਉਹ ਹੈ ਜੋ ਅਜੇਹਾ ਜੀਵਨ ਜੀਵੇ ਕਿ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਦੀ ਲਗਨ ਇਕ (ਤੇਰੇ ਚਰਨਾਂ) ਵਿਚ ਲੱਗੀ ਰਹੇ। ਤੇਰੇ ਨਾਮ-ਰੰਗ ਵਿਚ ਰੰਗੀਜ ਕੇ (ਮਾਇਆ ਵਲੋਂ) ਉਸ ਨੂੰ ਸਦਾ ਤ੍ਰਿਪਤੀ ਰਹੇਗੀ।1। ਰਹਾਉ।

ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਤਿਆਗ ਦੇ) ਜੋਸ਼ ਵਿਚ ਆਪਣਾ ਘਰ ਤਿਆਗ ਕੇ (ਫਿਰ ਰੋਟੀ ਆਦਿਕ ਦੀ ਖ਼ਾਤਰ) ਹੋਰਨਾਂ ਦੇ ਘਰ ਤੱਕਦਾ ਫਿਰਦਾ ਹੈ। ਗ੍ਰਿਹਸਤ ਨਿਬਾਹੁਣ ਦਾ ਫ਼ਰਜ਼ (ਕਿਰਤ ਕਰਨੀ) ਛੱਡ ਦੇਂਦਾ ਹੈ (ਇਸ ਗ਼ਲਤ ਤਿਆਗ ਨਾਲ ਉਸ ਨੂੰ) ਸਤਿਗੁਰੂ (ਭੀ) ਨਹੀਂ ਮਿਲਦਾ, ਤੇ ਆਪਣੀ ਭੈੜੀ ਮਤਿ ਦੀ ਘੁੰਮਣ-ਘੇਰੀ ਵਿਚ (ਗੋਤੇ ਖਾਂਦਾ ਹੈ) । (ਆਪਣਾ ਘਰ ਛੱਡ ਕੇ) ਹੋਰ ਹੋਰ ਦੇਸਾਂ (ਦਾ) ਰਟਨ ਕਰਦਾ ਫਿਰਦਾ ਹੈ, (ਧਰਮ-ਪੁਸਤਕਾਂ ਦੇ) ਪਾਠ ਪੜ੍ਹ ਪੜ੍ਹ ਕੇ ਭੀ ਥੱਕ ਜਾਂਦਾ ਹੈ, (ਪਰ ਮਾਇਆ ਦੀ) ਤ੍ਰਿਸ਼ਨਾ (ਮੁੱਕਣ ਦੇ ਥਾਂ ਸਗੋਂ) ਵਧਦੀ ਜਾਂਦੀ ਹੈ। ਹੋਛੀ ਮਤਿ ਵਾਲਾ (ਮਨਮੁਖ) ਗੁਰੂ ਦੇ ਸ਼ਬਦ ਨੂੰ ਨਹੀਂ ਵਿਚਾਰਦਾ, (ਤੇ ਲੋਕਾਂ ਦੇ ਘਰਾਂ ਤੋਂ ਵੇਹਲੜ) ਪਸ਼ੂਆਂ ਵਾਂਗ ਆਪਣਾ ਢਿੱਡ ਭਰਦਾ ਹੈ।1।

ਮਨਮੁਖ ਬੰਦਾ ਗੇਰੀ ਘੋਲਦਾ ਹੈ, ਉਸ ਦਾ ਰੰਗ (ਆਪਣੇ ਕੱਪੜਿਆਂ ਉਤੇ) ਚਾੜ੍ਹਦਾ ਹੈ, ਧਾਰਮਿਕ ਪਹਿਰਾਵੇ ਵਾਲੇ ਕੱਪੜੇ ਪਾ ਕੇ ਭਿਖਾਰੀ ਬਣ ਜਾਂਦਾ ਹੈ। ਕੱਪੜੇ ਪਾੜ ਕੇ (ਪਹਿਨਣ ਲਈ) ਗੋਦੜੀ ਬਣਾਂਦਾ ਹੈ, ਤੇ (ਅੰਨ ਆਟਾ ਆਦਿਕ) ਮਾਇਆ ਪਾਣ ਲਈ ਝੋਲੀ (ਤਿਆਰ ਕਰ ਲੈਂਦਾ ਹੈ) । (ਆਪ ਤਾਂ) ਹਰੇਕ ਘਰ ਵਿਚ (ਜਾ ਕੇ ਭਿੱਛਿਆ) ਮੰਗਦਾ ਹੈ ਪਰ ਜਗਤ ਨੂੰ (ਸਤ ਧਰਮ ਦਾ) ਉਪਦੇਸ਼ ਕਰਦਾ ਹੈ, ਆਪਣਾ ਮਨ ਅੰਨ੍ਹਾ ਹੋਣ ਦੇ ਕਾਰਨ ਮਨਮੁਖ ਆਪਣੀ ਇੱਜ਼ਤ ਗਵਾ ਲੈਂਦਾ ਹੈ। ਭਟਕਣਾ ਵਿਚ (ਪੈ ਕੇ ਜੀਵਨ-ਰਾਹ ਤੋਂ) ਖੁੰਝਿਆ ਹੋਇਆ ਗੁਰੂ ਦੇ ਸ਼ਬਦ ਨੂੰ ਪਛਾਣਦਾ ਨਹੀਂ (ਜਿਵੇਂ ਕੋਈ ਜੁਆਰੀਆ) ਜੂਏ ਵਿਚ ਬਾਜ਼ੀ ਹਾਰਦਾ ਹੈ (ਤਿਵੇਂ ਇਹ ਮਨਮੁਖ ਆਪਣੀ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦਾ ਹੈ) ।2।

(ਆਪਣੇ ਵਲੋਂ ਤਿਆਗੀ ਬਣੇ ਹੋਏ ਮਨਮੁਖ ਦੇ) ਮਨ ਵਿਚ ਤ੍ਰਿਸ਼ਨਾ ਦੀ (ਬਲਦੀ) ਅੱਗ ਗੁਰੂ ਤੋਂ ਬਿਨਾ ਬੁੱਝਦੀ ਨਹੀਂ, ਪਰ ਬਾਹਰ ਧੂਣੀਆਂ ਤਪਾਂਦਾ ਹੈ। ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਪਰਮਾਤਮਾ ਦੀ ਭਗਤੀ ਹੋ ਨਹੀਂ ਸਕਦੀ (ਇਹ ਮਨਮੁਖ) ਆਪਣੇ ਆਤਮਕ ਜੀਵਨ ਨੂੰ ਕਿਵੇਂ ਪਛਾਣੇ? ਉਂਞ ਅੰਤਰ ਆਤਮੇ ਇਸ ਨੂੰ ਸੁੱਝਦਾ ਹੈ ਕਿ (ਕਿਰਤੀ ਗ੍ਰਿਹਸਤੀਆਂ ਦੀ) ਨਿੰਦਿਆ ਕਰ ਕਰ ਕੇ ਨਰਕੀ ਜੀਵਨ ਬਿਤੀਤ ਕਰ ਰਿਹਾ ਹੈ। ਅਠਾਹਠ ਤੀਰਥਾਂ ਉਤੇ ਭੌਂ ਕੇ ਭੀ (ਮਨਮੁਖ ਤਿਆਗੀ) ਖ਼ੁਆਰ ਹੀ ਹੁੰਦੇ ਹਨ, (ਤੀਰਥਾਂ ਤੇ ਜਾਣ ਨਾਲ) ਪਾਪਾਂ ਦੀ ਮੈਲ ਕਿਵੇਂ ਧੁਪ ਸਕਦੀ ਹੈ?।3।

(ਲੋਕ-ਵਿਖਾਵੇ ਲਈ) ਸੁਆਹ ਛਾਣਦਾ ਹੈ ਤੇ ਉਹ ਸੁਆਹ ਆਪਣੇ ਪਿੰਡੇ ਉਤੇ ਮਲ ਲੈਂਦਾ ਹੈ, ਪਰ (ਅੰਤਰ ਆਤਮੇ) ਮਾਇਆ ਦਾ ਰਸਤਾ ਤੱਕਦਾ ਰਹਿੰਦਾ ਹੈ (ਕਿ ਕੋਈ ਗ੍ਰਿਹਸਤੀ ਦਾਨੀ ਆ ਕੇ ਮਾਇਆ ਭੇਟ ਕਰੇ) । (ਬਾਹਰੋਂ ਹੋਰ ਤੇ ਅੰਦਰੋਂ ਹੋਰ ਹੋਣ ਕਰਕੇ) ਆਪਣੇ ਅੰਦਰ ਤੇ ਬਾਹਰ ਜਗਤ ਵਿਚ ਇਕ ਪਰਮਾਤਮਾ ਨੂੰ (ਵਿਆਪਕ) ਨਹੀਂ ਸਮਝ ਸਕਦਾ, (ਜੇ) ਇਹ ਸੱਚਾ ਵਾਕ ਉਸ ਨੂੰ ਆਖੀਏ ਤਾਂ ਖਿੱਝਦਾ ਹੈ। (ਧਰਮ-ਪੁਸਤਕਾਂ ਦਾ) ਪਾਠ ਪੜ੍ਹਦਾ (ਤਾਂ) ਹੈ ਪਰ ਮੂੰਹੋਂ ਝੂਠ ਹੀ ਬੋਲਦਾ ਹੈ, ਗੁਰੂ-ਹੀਣ ਹੋਣ ਕਰਕੇ ਉਸ ਦੀ ਮਤਿ ਉਹ ਪਹਿਲੇ ਵਰਗੀ ਹੀ ਰਹਿੰਦੀ ਹੈ (ਭਾਵ, ਜ਼ਾਹਰਾ ਤਿਆਗ ਨਾਲ ਉਸ ਦੇ ਆਤਮਕ ਜੀਵਨ ਵਿਚ ਕੋਈ ਫ਼ਰਕ ਨਹੀਂ ਪੈਂਦਾ) । ਜਦ ਤਕ ਪਰਮਾਤਮਾ ਦਾ ਨਾਮ ਨਹੀਂ ਜਪਦਾ ਤਦ ਤਕ ਆਤਮਕ ਆਨੰਦ ਨਹੀਂ ਮਿਲਦਾ, ਪ੍ਰਭੂ-ਨਾਮ ਤੋਂ ਬਿਨਾ ਜੀਵਨ ਸੁਚੱਜਾ ਨਹੀਂ ਬਣ ਸਕਦਾ।4।

ਕੋਈ ਸਿਰ ਮੁਨਾ ਲੈਂਦਾ ਹੈ, ਕੋਈ ਜਟਾਂ ਦਾ ਜੂੜਾ ਬੰਨ੍ਹ ਲੈਂਦਾ ਹੈ, ਤੇ ਮੋਨ ਧਾਰ ਕੇ ਬੈਠ ਜਾਂਦਾ ਹੈ (ਇਸ ਸਾਰੇ ਭੇਖ ਦਾ) ਮਾਣ (ਭੀ ਕਰਦਾ ਹੈ) । ਪਰ ਆਤਮਕ ਤੌਰ ਤੇ ਪ੍ਰਭੂ ਨਾਲ ਡੂੰਘੀ ਸਾਂਝ ਦੇ ਰੰਗ ਵਿਚ ਰੰਗੇ ਜਾਣ ਤੋਂ ਬਿਨਾ ਉਸ ਦਾ ਮਨ ਡੋਲਦਾ ਰਹਿੰਦਾ ਹੈ, ਤੇ (ਮਾਇਆ ਦੀ ਤ੍ਰਿਸ਼ਨਾ ਵਿਚ ਹੀ) ਦਸੀਂ ਪਾਸੀਂ ਦੌੜਦਾ ਫਿਰਦਾ ਹੈ। (ਅੰਤਰ ਆਤਮੇ) ਮਾਇਆ ਦਾ ਪ੍ਰੇਮੀ (ਰਹਿਣ ਕਰਕੇ) ਪਰਮਾਤਮਾ ਦਾ ਨਾਮ-ਅੰਮ੍ਰਿਤ ਛੱਡ ਦੇਂਦਾ ਹੈ ਤੇ (ਤ੍ਰਿਸ਼ਨਾ ਦਾ ਉਹ) ਜ਼ਹਿਰ ਪੀਂਦਾ ਰਹਿੰਦਾ ਹੈ (ਜੋ ਇਸ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ) । (ਪਰ ਇਸ ਮਨਮੁਖ ਦੇ ਕੀਹ ਵੱਸ?) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਅੰਦਰੋਂ) ਮੁੱਕਦਾ ਨਹੀਂ, (ਉਹਨਾਂ ਸੰਸਕਾਰਾਂ ਦੇ ਅਸਰ ਹੇਠ ਜੀਵ) ਪਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝ ਸਕਦਾ, (ਇਸ ਤਰ੍ਹਾਂ, ਤਿਆਗੀ ਬਣ ਕੇ ਭੀ) ਪਸ਼ੂ-ਸੁਭਾਵ ਵਿਚ ਟਿਕਿਆ ਰਹਿੰਦਾ ਹੈ।5।

(ਮਨਮੁਖ ਮਨੁੱਖ ਤਿਆਗੀ ਬਣ ਕੇ) ਹੱਥ ਵਿਚ ਚਿੱਪੀ ਫੜ ਲੈਂਦਾ ਹੈ, ਲੀਰਾਂ ਦਾ ਚੋਲਾ ਪਹਿਨ ਲੈਂਦਾ ਹੈ, ਪਰ ਮਨ ਵਿਚ ਮਾਇਆ ਦੀ ਭਾਰੀ ਤ੍ਰਿਸ਼ਨਾ ਪੈਦਾ ਹੋਈ ਰਹਿੰਦੀ ਹੈ (ਆਪਣੇ ਵਲੋਂ ਤਿਆਗੀ ਬਣ ਕੇ) ਆਪਣੀ ਇਸਤ੍ਰੀ ਛੱਡ ਕੇ ਆਏ ਨੂੰ ਕਾਮ-ਵਾਸਨਾ ਨੇ ਆ ਦਬਾਇਆ, ਤਾਂ ਪਰਾਈ ਨਾਰ ਨਾਲ ਚਿੱਤ ਜੋੜਦਾ ਹੈ। ਚੇਲੇ ਬਣਾਂਦਾ ਹੈ, ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ, ਕਾਮ-ਵਾਸਨਾ ਵਿਚ ਗ੍ਰਸਿਆ ਹੋਇਆ ਹੈ, ਤੇ (ਇਸ ਤਰ੍ਹਾਂ ਸੰਨਿਆਸੀ ਬਣਨ ਦੇ ਥਾਂ ਲੋਕਾਂ ਦੀਆਂ ਨਜ਼ਰਾਂ ਵਿਚ) ਮਸਖ਼ਰਾ ਬਣਿਆ ਹੋਇਆ ਹੈ। (ਮਨਮੁਖ ਦੇ) ਅੰਦਰ (ਆਤਮਕ ਮੌਤ ਲਿਆਉਣ ਵਾਲੀ ਤ੍ਰਿਸ਼ਨਾ ਦਾ) ਜ਼ਹਿਰ ਹੈ, ਬਾਹਰ (ਲੋਕਾਂ ਨੂੰ ਵਿਖਾਣ ਵਾਸਤੇ) ਸ਼ਾਂਤੀ ਧਾਰਨ ਕੀਤੀ ਹੋਈ ਹੈ। (ਅਜੇਹੇ ਪਖੰਡੀ ਨੂੰ) ਆਤਮਕ ਮੌਤ-ਖ਼ੁਆਰ ਕਰਦੀ ਹੈ।6।

ਅਸਲ ਸੰਨਿਆਸੀ ਉਹ ਹੈ ਜੋ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਤੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ, (ਲੋਕਾਂ ਪਾਸੋਂ) ਕੱਪੜੇ ਤੇ ਭੋਜਨ ਦੀ ਆਸ ਬਣਾਈ ਨਹੀਂ ਰੱਖਦਾ, ਸਹਿਜ ਸੁਭਾਇ ਜੋ ਮਿਲ ਜਾਂਦਾ ਹੈ ਉਹ ਲੈ ਲੈਂਦਾ ਹੈ, ਬਹੁਤ ਵਧ-ਘਟ ਬੋਲ ਨਹੀਂ ਬੋਲਦਾ ਰਹਿੰਦਾ, ਦੂਜਿਆਂ ਦੀ ਵਧੀਕੀ ਨੂੰ ਸਹਾਰਨ ਦਾ ਸੁਭਾਉ-ਰੂਪ ਧਨ ਆਪਣੇ ਅੰਦਰ ਇਕੱਠਾ ਕਰਦਾ ਹੈ, ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਅੰਦਰੋਂ ਕ੍ਰੋਧ ਸਾੜ ਦੇਂਦਾ ਹੈ।

ਜੇਹੜਾ ਮਨੁੱਖ ਸਦਾ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜੀ ਰੱਖਦਾ ਹੈ, ਉਹ ਭਾਗਾਂ ਵਾਲਾ ਹੈ ਚਾਹੇ ਉਹ ਗ੍ਰਿਹਸਤੀ ਹੈ ਚਾਹੇ ਸੰਨਿਆਸੀ ਹੈ ਚਾਹੇ ਜੋਗੀ ਹੈ।7।

ਅਸਲ ਸੰਨਿਆਸੀ ਉਹ ਹੈ ਜੋ ਮਾਇਕ ਆਸਾਂ ਵਲੋਂ ਨਿਰਾਸ ਰਹਿੰਦਾ ਹੈ ਤੇ ਇਕ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜੀ ਰੱਖਦਾ ਹੈ। ਜਦੋਂ ਮਨੁੱਖ ਪਰਮਾਤਮਾ ਦਾ ਨਾਮ-ਰਸ ਪੀਂਦਾ ਹੈ ਤੇ ਅੰਤਰ ਆਤਮੇ ਪ੍ਰਭੂ-ਚਰਨਾਂ ਵਿਚ ਜੁੜਦਾ ਹੈ ਤਦੋਂ ਇਸ ਦੇ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ। ਜਦੋਂ ਮਨੁੱਖ ਗੁਰੂ ਦੀ ਸਰਨ ਪੈ ਕੇ (ਸਹੀ ਜੀਵਨ-ਰਾਹ) ਸਮਝਦਾ ਹੈ ਉਸ ਦਾ ਮਨ ਮਾਇਆ ਦੀ ਤ੍ਰਿਸ਼ਨਾ ਵਿਚ ਡੋਲਦਾ ਨਹੀਂ, ਮਾਇਆ ਪਿੱਛੇ ਦੌੜਦੇ ਮਨ ਨੂੰ ਉਹ ਰੋਕ ਕੇ ਰੱਖਦਾ ਹੈ; ਗੁਰੂ ਦੀ ਸਿੱਖਿਆ ਲੈ ਕੇ (ਜੰਗਲ ਭਾਲਣ ਦੇ ਥਾਂ) ਸਰੀਰ-ਘਰ ਨੂੰ ਖੋਜਦਾ ਹੈ ਤੇ ਪਰਮਾਤਮਾ ਦਾ ਨਾਮ-ਸਰਮਾਇਆ ਪ੍ਰਾਪਤ ਕਰ ਲੈਂਦਾ ਹੈ।8।

ਬ੍ਰਹਮਾ ਹੋਵੇ, ਵਿਸ਼ਨੂੰ ਹੋਵੇ, ਸ਼ਿਵ ਹੋਵੇ, ਉਹੀ ਸਭ ਤੋਂ ਉੱਤਮ ਹਨ ਜੋ ਪ੍ਰਭੂ ਦੇ ਨਾਮ ਵਿਚ ਰੰਗੀਜ ਕੇ ਸੁੰਦਰ ਵਿਚਾਰ ਦੇ ਮਾਲਕ ਬਣ ਗਏ। ਹੇ ਪ੍ਰਭੂ! (ਭਾਵੇਂ) ਚੌਹਾਂ ਖਾਣੀਆਂ ਦੇ ਜੀਵਾਂ ਵਿਚ ਤੇ ਉਹਨਾਂ ਦੀਆਂ ਬੋਲੀਆਂ ਵਿਚ, ਪਾਤਾਲ ਆਕਾਸ਼ ਵਿਚ ਸਭ ਜੀਵਾਂ ਦੇ ਅੰਦਰ ਤੇਰੀ ਹੀ ਜੋਤਿ ਹੈ, ਪਰ ਜਿਨ੍ਹਾਂ ਨੇ ਤੇਰੇ ਸਦਾ-ਥਿਰ ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾਇਆ ਹੈ ਜਿਨ੍ਹਾਂ ਦੇ ਅੰਦਰ ਤੇਰੇ ਨਾਮ ਦੀ ਰੌ ਜਾਰੀ ਹੈ ਜਿਨ੍ਹਾਂ ਦੀ ਸੁਰਤਿ ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਹੈ ਉਹਨਾਂ ਨੂੰ ਹੀ ਸਾਰੇ ਸੁਖ ਹਨ ਉਹਨਾਂ ਨੂੰ ਹੀ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਮਿਲਦੀ ਹੈ।

ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਜੀਵ ਮਾਇਆ ਦੇ ਮੋਹ ਤੋਂ ਬਚ ਨਹੀਂ ਸਕਦਾ, ਤੂੰ ਭੀ ਇਹੀ ਤਾਰੀ ਤਰ ਜਿਸ ਨਾਲ ਕਦੇ ਡੁੱਬਣ ਦਾ ਖ਼ਤਰਾ ਨਹੀਂ ਹੋਵੇਗਾ।9।7।

TOP OF PAGE

Sri Guru Granth Darpan, by Professor Sahib Singh