ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 1013 ਮਾਰੂ ਮਹਲਾ ੧ ॥ ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ ॥ ਅੰਤਰਿ ਗਰਭ ਉਰਧਿ ਲਿਵ ਲਾਗੀ ਸੋ ਪ੍ਰਭੁ ਸਾਰੇ ਦਾਤਿ ਕਰੇ ॥੧॥ ਸੰਸਾਰੁ ਭਵਜਲੁ ਕਿਉ ਤਰੈ ॥ ਗੁਰਮੁਖਿ ਨਾਮੁ ਨਿਰੰਜਨੁ ਪਾਈਐ ਅਫਰਿਓ ਭਾਰੁ ਅਫਾਰੁ ਟਰੈ ॥੧॥ ਰਹਾਉ ॥ ਤੇ ਗੁਣ ਵਿਸਰਿ ਗਏ ਅਪਰਾਧੀ ਮੈ ਬਉਰਾ ਕਿਆ ਕਰਉ ਹਰੇ ॥ ਤੂ ਦਾਤਾ ਦਇਆਲੁ ਸਭੈ ਸਿਰਿ ਅਹਿਨਿਸਿ ਦਾਤਿ ਸਮਾਰਿ ਕਰੇ ॥੨॥ ਚਾਰਿ ਪਦਾਰਥ ਲੈ ਜਗਿ ਜਨਮਿਆ ਸਿਵ ਸਕਤੀ ਘਰਿ ਵਾਸੁ ਧਰੇ ॥ ਲਾਗੀ ਭੂਖ ਮਾਇਆ ਮਗੁ ਜੋਹੈ ਮੁਕਤਿ ਪਦਾਰਥੁ ਮੋਹਿ ਖਰੇ ॥੩॥ ਕਰਣ ਪਲਾਵ ਕਰੇ ਨਹੀ ਪਾਵੈ ਇਤ ਉਤ ਢੂਢਤ ਥਾਕਿ ਪਰੇ ॥ ਕਾਮਿ ਕ੍ਰੋਧਿ ਅਹੰਕਾਰਿ ਵਿਆਪੇ ਕੂੜ ਕੁਟੰਬ ਸਿਉ ਪ੍ਰੀਤਿ ਕਰੇ ॥੪॥ ਖਾਵੈ ਭੋਗੈ ਸੁਣਿ ਸੁਣਿ ਦੇਖੈ ਪਹਿਰਿ ਦਿਖਾਵੈ ਕਾਲ ਘਰੇ ॥ ਬਿਨੁ ਗੁਰ ਸਬਦ ਨ ਆਪੁ ਪਛਾਣੈ ਬਿਨੁ ਹਰਿ ਨਾਮ ਨ ਕਾਲੁ ਟਰੇ ॥੫॥ ਜੇਤਾ ਮੋਹੁ ਹਉਮੈ ਕਰਿ ਭੂਲੇ ਮੇਰੀ ਮੇਰੀ ਕਰਤੇ ਛੀਨਿ ਖਰੇ ॥ ਤਨੁ ਧਨੁ ਬਿਨਸੈ ਸਹਸੈ ਸਹਸਾ ਫਿਰਿ ਪਛੁਤਾਵੈ ਮੁਖਿ ਧੂਰਿ ਪਰੇ ॥੬॥ ਬਿਰਧਿ ਭਇਆ ਜੋਬਨੁ ਤਨੁ ਖਿਸਿਆ ਕਫੁ ਕੰਠੁ ਬਿਰੂਧੋ ਨੈਨਹੁ ਨੀਰੁ ਢਰੇ ॥ ਚਰਣ ਰਹੇ ਕਰ ਕੰਪਣ ਲਾਗੇ ਸਾਕਤ ਰਾਮੁ ਨ ਰਿਦੈ ਹਰੇ ॥੭॥ ਸੁਰਤਿ ਗਈ ਕਾਲੀ ਹੂ ਧਉਲੇ ਕਿਸੈ ਨ ਭਾਵੈ ਰਖਿਓ ਘਰੇ ॥ ਬਿਸਰਤ ਨਾਮ ਐਸੇ ਦੋਖ ਲਾਗਹਿ ਜਮੁ ਮਾਰਿ ਸਮਾਰੇ ਨਰਕਿ ਖਰੇ ॥੮॥ ਪੂਰਬ ਜਨਮ ਕੋ ਲੇਖੁ ਨ ਮਿਟਈ ਜਨਮਿ ਮਰੈ ਕਾ ਕਉ ਦੋਸੁ ਧਰੇ ॥ ਬਿਨੁ ਗੁਰ ਬਾਦਿ ਜੀਵਣੁ ਹੋਰੁ ਮਰਣਾ ਬਿਨੁ ਗੁਰ ਸਬਦੈ ਜਨਮੁ ਜਰੇ ॥੯॥ ਖੁਸੀ ਖੁਆਰ ਭਏ ਰਸ ਭੋਗਣ ਫੋਕਟ ਕਰਮ ਵਿਕਾਰ ਕਰੇ ॥ ਨਾਮੁ ਬਿਸਾਰਿ ਲੋਭਿ ਮੂਲੁ ਖੋਇਓ ਸਿਰਿ ਧਰਮ ਰਾਇ ਕਾ ਡੰਡੁ ਪਰੇ ॥੧੦॥ ਗੁਰਮੁਖਿ ਰਾਮ ਨਾਮ ਗੁਣ ਗਾਵਹਿ ਜਾ ਕਉ ਹਰਿ ਪ੍ਰਭੁ ਨਦਰਿ ਕਰੇ ॥ ਤੇ ਨਿਰਮਲ ਪੁਰਖ ਅਪਰੰਪਰ ਪੂਰੇ ਤੇ ਜਗ ਮਹਿ ਗੁਰ ਗੋਵਿੰਦ ਹਰੇ ॥੧੧॥ ਹਰਿ ਸਿਮਰਹੁ ਗੁਰ ਬਚਨ ਸਮਾਰਹੁ ਸੰਗਤਿ ਹਰਿ ਜਨ ਭਾਉ ਕਰੇ ॥ ਹਰਿ ਜਨ ਗੁਰੁ ਪਰਧਾਨੁ ਦੁਆਰੈ ਨਾਨਕ ਤਿਨ ਜਨ ਕੀ ਰੇਣੁ ਹਰੇ ॥੧੨॥੮॥ {ਪੰਨਾ 1013-1014} ਪਦ ਅਰਥ: ਸੰਜੋਗਿ = ਸੰਜੋਗ ਦੀ ਰਾਹੀਂ, ਮੇਲ ਦੀ ਰਾਹੀਂ। ਰਕਤੁ = ਰੁੱਤ, ਲਹੂ। ਬਿੰਦੁ = ਵੀਰਜ। ਪਿੰਡੁ = ਸਰੀਰ। ਕਰੇ = ਬਣਾਂਦਾ ਹੈ। ਅੰਤਰਿ ਗਰਭ = ਮਾਂ ਦੇ ਪੇਟ ਵਿਚ। ਉਰਧਿ = ਊਂਧਾ, ਉਲਟਾ। ਸਾਰੇ = ਸੰਭਾਲ ਕਰਦਾ ਹੈ।1। ਭਵਜਲੁ = ਸਮੁੰਦਰ। ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ। ਨਿਰੰਜਨੁ = {ਨਿਰ-ਅੰਜਨੁ} ਜਿਸ ਉਤੇ ਮਾਇਆ ਦੀ ਕਾਲਖ ਅਸਰ ਨਹੀਂ ਕਰ ਸਕਦੀ। ਅਫਰਿਓ ਭਾਰੁ = ਆਫਰੇ ਹੋਏ ਦਾ ਭਾਰ, ਹੰਕਾਰੇ ਹੋਏ ਦਾ ਪਾਪਾਂ ਦਾ ਭਾਰ। ਅਫਾਰੁ = ਅਸਹਿ। ਟਰੈ = ਟਲ ਜਾਂਦਾ ਹੈ, ਦੂਰ ਹੋ ਜਾਂਦਾ ਹੈ।1। ਰਹਾਉ। ਬਉਰਾ = ਕਮਲਾ, ਝੱਲਾ। ਹਰੇ = ਹੇ ਹਰੀ! ਸਭੈ ਸਿਰਿ = ਹਰੇਕ ਜੀਵ ਦੇ ਸਿਰ ਤੇ। ਅਹਿ = ਦਿਨ। ਨਿਸਿ = ਰਾਤ। ਸਮਾਰਿ = ਸੰਭਾਲ ਕਰ ਕੇ।2। ਚਾਰਿ ਪਦਾਰਥ = {1. ਧਰਮ = ਸ਼ੁਭ ਕਰਮ। 2. ਅਰਥ = ਪਦਾਰਥ। 3. ਕਾਮ = ਕਾਮਨਾ, ਇੱਛਿਆ। 4. ਮੋਖ = ਮੁਕਤੀ}। ਲੈ = ਲੈ ਕੇ। ਜਗਿ = ਜਗਤ ਵਿਚ। ਸਿਵ ਸਕਤੀ ਘਰਿ = ਪਰਮਾਤਮਾ ਦੀ ਰਚੀ ਮਾਇਆ ਦੇ ਘਰ ਵਿਚ। ਭੂਖ = ਲਾਲਚ। ਮਗੁ = ਰਸਤਾ। ਜੋਹੈ– ਤੱਕਦਾ ਹੈ। ਮੋਹਿ = ਮਾਇਆ ਦੇ ਮੋਹ ਵਿਚ। ਖਰੇ = ਖੜਿਆ ਜਾਂਦਾ ਹੈ, ਗਵਾਚ ਜਾਂਦਾ ਹੈ।3। ਕਰਣ ਪਲਾਹ = {k{xwpRlwp} ਤਰਸ ਪੈਦਾ ਕਰਨ ਵਾਲੇ ਵਿਰਲਾਪ, ਕੀਰਨੇ, ਤਰਲੇ। ਇਤ ਉਤ = ਇਧਰ ਉਧਰ, ਹਰ ਪਾਸੇ। ਕਾਮਿ = ਕਾਮ ਵਿਚ। ਵਿਆਪੇ = ਦਬਾਇਆ ਹੋਇਆ।4। ਕਾਲੁ ਘਰੇ = ਕਾਲ ਦੇ ਘਰ ਵਿਚ। ਆਪੁ = ਆਪਣੇ ਆਪ ਨੂੰ। ਟਰੇ = ਟਾਲਦਾ।5। ਛੀਨਿ ਖਰੇ = ਕਮਜ਼ੋਰ ਹੁੰਦਾ ਜਾਂਦਾ ਹੈ। ਸਹਸੈ ਸਹਸਾ = ਸਹਿਮ ਹੀ ਸਹਿਮ। ਮੁਖਿ = ਮੂੰਹ ਉਤੇ। ਧੂਰਿ = ਮਿੱਟੀ, ਸੁਆਹ, ਫਿਟਕਾਰ।6। ਬਿਰਧਿ = ਬੁੱਢਾ। ਖਿਸਿਆ = ਖਿਸਕਿਆ, ਘਟ ਗਿਆ। ਕਛੁ = ਬਲਗ਼ਮ। ਕੰਠੁ = ਗਲਾ, ਸੰਘ। ਬਿਰੂਧੋ = ਰੁਕ ਗਿਆ। ਨੈਨਹੁ = ਅੱਖਾਂ ਤੋਂ। ਢਰੇ = ਢਲਦਾ ਹੈ, ਵਗਦਾ ਹੈ। ਕਰ = ਹੱਥ।7। ਕਾਲੀ ਹੂ = ਕਾਲਿਆਂ (ਕੇਸਾਂ) ਤੋਂ। ਨ ਭਾਵੈ = ਚੰਗਾ ਨਹੀਂ ਲੱਗਦਾ। ਮਾਰਿ = ਮਾਰ ਕੇ। ਨਰਕਿ = ਨਰਕ ਵਿਚ। ਖਰੇ = ਲੈ ਜਾਂਦਾ ਹੈ।8। ਕੋ = ਦਾ। ਕਾ ਕਉ = ਕਿਸ ਨੂੰ? ਬਾਦਿ = ਵਿਅਰਥ।9। ਫੋਕਟ = ਫੋਕੇ। ਲੋਭਿ = ਲੋਭ ਵਿਚ (ਪੈ ਕੇ) । ਸਿਰਿ = ਸਿਰ ਉਤੇ। ਡੰਡੁ = ਡੰਡਾ।10। ਜਾ ਕਉ = ਜਿਨ੍ਹਾਂ ਉਤੇ। ਤੇ = ਉਹ ਬੰਦੇ। ਨਿਰਮਲ = ਪਵਿਤ੍ਰ।11। ਸਮਾਰਹੁ = ਯਾਦ ਰੱਖੋ। ਭਾਉ = ਪ੍ਰੇਮ। ਕਰੇ = ਕਰਿ, ਕਰ ਕੇ। ਰੇਣੁ = ਚਰਨ-ਧੂੜ।12। ਅਰਥ: (ਪਰਮਾਤਮਾ ਦੇ ਨਾਮ ਤੋਂ ਬਿਨਾ) ਸੰਸਾਰੀ ਜੀਵ ਸੰਸਾਰ-ਸਮੁੰਦਰ ਤੋਂ ਕਿਸੇ ਹਾਲਤ ਵਿਚ ਪਾਰ ਨਹੀਂ ਲੰਘ ਸਕਦਾ ਕਿਉਂਕਿ ਜੀਵ ਮਾਇਆ ਆਦਿਕ ਦੇ ਅਹੰਕਾਰ ਨਾਲ ਆਫਰਿਆ ਰਹਿੰਦਾ ਹੈ। ਪਰਮਾਤਮਾ ਦਾ ਨਾਮ, ਜਿਸ ਉਤੇ ਮਾਇਆ-ਕਾਲਖ ਦਾ ਪ੍ਰਭਾਵ ਨਹੀਂ ਪੈ ਸਕਦਾ, ਗੁਰੂ ਦੀ ਸਰਨ ਪਿਆਂ ਮਿਲਦਾ ਹੈ, (ਜਿਸ ਮਨੁੱਖ ਨੂੰ ਨਾਮ ਪ੍ਰਾਪਤ ਹੁੰਦਾ ਹੈ) ਉਸ ਦਾ (ਅਹੰਕਾਰ ਆਦਿਕ ਦਾ) ਅਸਹਿ ਭਾਰ ਦੂਰ ਹੋ ਜਾਂਦਾ ਹੈ (ਇਹ ਅਹੰਕਾਰ ਆਦਿਕ ਹੀ ਭਾਰ ਬਣ ਕੇ ਜੀਵ ਨੂੰ ਸੰਸਾਰ-ਸਮੁੰਦਰ ਵਿਚ ਡੋਬਿਆ ਕਰਦਾ ਹੈ) ।1। ਰਹਾਉ। ਮਾਂ ਤੇ ਪਿਉ ਦੇ (ਸਰੀਰਕ) ਸੰਜੋਗ ਦੀ ਰਾਹੀਂ ਪਰਮਾਤਮਾ ਜੀਵ ਪੈਦਾ ਕਰਦਾ ਹੈ, ਮਾਂ ਦਾ ਲਹੂ ਤੇ ਪਿਉ ਦਾ ਵੀਰਜ ਮਿਲਣ ਤੇ ਪਰਮਾਤਮਾ (ਜੀਵ ਦਾ) ਸਰੀਰ ਬਣਾਂਦਾ ਹੈ। ਮਾਂ ਦੇ ਪੇਟ ਵਿਚ ਉਲਟੇ ਪਏ ਹੋਏ ਦੀ ਲਗਨ ਪ੍ਰਭੂ-ਚਰਨਾਂ ਵਿਚ ਲੱਗੀ ਰਹਿੰਦੀ ਹੈ। ਉਹ ਪਰਮਾਤਮਾ ਇਸ ਦੀ ਹਰ ਤਰ੍ਹਾਂ ਸੰਭਾਲ ਕਰਦਾ ਹੈ (ਤੇ ਲੋੜ ਅਨੁਸਾਰ ਪਦਾਰਥ) ਦੇਂਦਾ ਹੈ।1। ਹੇ ਹਰੀ! ਮੈਨੂੰ ਗੁਨਹਗਾਰ ਨੂੰ ਤੇਰੇ ਉਹ ਉਪਕਾਰ ਭੁੱਲ ਗਏ ਹਨ, ਮੈਂ (ਮਾਇਆ ਦੇ ਮੋਹ ਵਿਚ) ਝੱਲਾ ਹੋਇਆ ਪਿਆ ਹਾਂ (ਤੇਰਾ ਸਿਮਰਨ ਕਰਨ ਤੋਂ) ਬੇ-ਵੱਸ ਹਾਂ। ਪਰ ਤੂੰ ਦਇਆ ਦਾ ਸੋਮਾ ਹੈਂ, ਹਰੇਕ ਜੀਵ ਦੇ ਸਿਰ ਤੇ (ਰਾਖਾ) ਹੈਂ, ਤੇ ਸਭ ਨੂੰ ਦਾਤਾਂ ਦੇਂਦਾ ਹੈਂ। (ਹੇ ਭਾਈ!) ਦਇਆਲ ਪ੍ਰਭੂ ਦਿਨ ਰਾਤ (ਜੀਵਾਂ ਦੀ) ਸੰਭਾਲ ਕਰਦਾ ਹੈ ਤੇ ਦਾਤਾਂ ਦੇਂਦਾ ਹੈ।2। (ਜੀਵ ਪਰਮਾਤਮਾ ਪਾਸੋਂ) ਚਾਰੇ ਹੀ ਪਦਾਰਥ ਲੈ ਕੇ ਜਗਤ ਵਿਚ ਜੰਮਿਆ ਹੈ (ਫਿਰ ਭੀ ਪ੍ਰਭੂ ਦੀ ਬਖ਼ਸ਼ਸ਼ ਭੁਲਾ ਕੇ ਸਦਾ) ਪਰਮਾਤਮਾ ਦੀ ਪੈਦਾ ਕੀਤੀ ਮਾਇਆ ਦੇ ਘਰ ਵਿਚ ਨਿਵਾਸ ਰੱਖਦਾ ਹੈ। ਸਦਾ ਇਸ ਨੂੰ ਮਾਇਆ ਦੀ ਭੁੱਖ ਹੀ ਚੰਬੜੀ ਰਹਿੰਦੀ ਹੈ, ਸਦਾ ਮਾਇਆ ਦਾ ਰਾਹ ਹੀ ਤੱਕਦਾ ਰਹਿੰਦਾ ਹੈ, ਮਾਇਆ ਦੇ ਮੋਹ ਵਿਚ (ਫਸ ਕੇ ਚੌਹਾਂ ਪਦਾਰਥਾਂ ਵਿਚੋਂ) ਮੁਕਤਿ-ਪਦਾਰਥ ਗਵਾ ਲੈਂਦਾ ਹੈ।3। (ਸਾਰੀ ਉਮਰ ਜੀਵ ਮਾਇਆ ਦੀ ਖ਼ਾਤਰ ਹੀ) ਤਰਲੇ ਲੈਂਦਾ ਰਹਿੰਦਾ ਹੈ (ਮਨ ਦੀ ਤਸੱਲੀ ਜੋਗੀ ਮਾਇਆ) ਪ੍ਰਾਪਤ ਨਹੀਂ ਹੁੰਦੀ, ਹਰ ਪਾਸੇ ਮਾਇਆ ਦੀ ਢੂੰਢ-ਭਾਲ ਕਰਦਾ ਕਰਦਾ ਥੱਕ ਜਾਂਦਾ ਹੈ। ਕਾਮ ਵਿਚ, ਕ੍ਰੋਧ ਵਿਚ, ਅਹੰਕਾਰ ਵਿਚ ਨੱਪਿਆ ਹੋਇਆ ਜੀਵ ਸਦਾ ਨਾਸਵੰਤ ਪਦਾਰਥ ਨਾਲ ਹੀ ਪ੍ਰੀਤਿ ਕਰਦਾ ਹੈ, ਸਦਾ ਆਪਣੇ ਪਰਵਾਰ ਨਾਲ ਹੀ ਮੋਹ ਜੋੜੀ ਰੱਖਦਾ ਹੈ।4। (ਦੁਨੀਆ ਦੇ ਚੰਗੇ ਚੰਗੇ ਪਦਾਰਥ) ਖਾਂਦਾ ਹੈ (ਵਿਸ਼ੇ) ਭੋਗਦਾ ਹੈ, (ਸੋਭਾ ਨਿੰਦਾ ਆਦਿਕ ਦੇ ਬਚਨ) ਮੁੜ ਮੁੜ ਸੁਣਦਾ ਹੈ, (ਦੁਨੀਆ ਦੇ ਰੰਗ ਤਮਾਸ਼ੇ) ਵੇਖਦਾ ਹੈ, (ਸੋਹਣੇ ਸੋਹਣੇ ਕੱਪੜੇ ਆਦਿਕ) ਪਹਿਨ ਕੇ (ਲੋਕਾਂ ਨੂੰ) ਵਿਖਾਂਦਾ ਹੈ– (ਬੱਸ! ਇਹਨਾਂ ਹੀ ਆਹਰਾਂ ਵਿਚ ਮਸਤ ਹੋ ਕੇ) ਆਤਮਕ ਮੌਤ ਦੇ ਘਰ ਵਿਚ ਟਿਕਿਆ ਰਹਿੰਦਾ ਹੈ (ਆਤਮਕ ਮੌਤ ਸਹੇੜੀ ਰੱਖਦਾ ਹੈ) । ਗੁਰੂ ਦੇ ਸ਼ਬਦ ਤੋਂ ਵਾਂਜਿਆ ਹੋਇਆ ਆਪਣੇ ਆਤਮਕ ਜੀਵਨ ਨੂੰ ਪਛਾਣ ਨਹੀਂ ਸਕਦਾ। ਪਰਮਾਤਮਾ ਦੇ ਨਾਮ ਤੋਂ ਖੁੰਝਿਆ ਹੋਣ ਕਰਕੇ ਆਤਮਕ ਮੌਤ (ਇਸ ਦੇ ਸਿਰ ਤੋਂ) ਨਹੀਂ ਟਲਦੀ।5। ਜਿਤਨਾ ਹੀ ਮੋਹ ਤੇ ਹਉਮੈ ਕਰ ਕੇ ਜੀਵ ਸਹੀ ਜੀਵਨ-ਰਾਹ ਤੋਂ ਭੁੱਲਦਾ ਹੈ, ਜਿਤਨਾ ਹੀ ਵਧੀਕ 'ਮੇਰੀ (ਮਾਇਆ) ਮੇਰੀ (ਮਾਇਆ) ' ਕਰਦਾ ਹੈ, ਉਤਨਾ ਹੀ ਇਹ ਹਉਮੈ ਮਮਤਾ ਇਸ ਦੇ ਆਤਮਕ ਜੀਵਨ ਨੂੰ ਖੋਹ ਕੇ ਲੈ ਜਾਂਦੇ ਹਨ। ਆਖ਼ਰ ਇਹ ਸਰੀਰ ਤੇ ਇਹ ਧਨ, (ਜਿਨ੍ਹਾਂ ਦੀ ਖ਼ਾਤਰ ਹਰ ਵੇਲੇ ਸਹਿਮ ਵਿਚ ਰਹਿੰਦਾ ਸੀ, ਨਾਸ ਹੋ ਜਾਂਦਾ ਹੈ। ਤਦੋਂ ਜੀਵ ਪਛੁਤਾਂਦਾ ਹੈ, (ਪਰ ਉਸ ਵੇਲੇ ਪਛੁਤਾਇਆਂ ਕੁਝ ਨਹੀਂ ਬਣਦਾ) ਇਸ ਦੇ ਮੂੰਹ ਉਤੇ ਫਿਟਕਾਰ ਹੀ ਪੈਂਦੀ ਹੈ।6। ਮਨੁੱਖ ਬੁੱਢਾ ਹੋ ਜਾਂਦਾ ਹੈ, ਜਵਾਨੀ ਖਿਸਕ ਜਾਂਦੀ ਹੈ ਸਰੀਰ ਕਮਜ਼ੋਰ ਹੋ ਜਾਂਦਾ ਹੈ, ਸੰਘ ਬਲਗ਼ਮ ਨਾਲ ਰੁਕਿਆ ਰਹਿੰਦਾ ਹੈ, ਅੱਖਾਂ ਤੋਂ ਪਾਣੀ ਵਗਦਾ ਰਹਿੰਦਾ ਹੈ, ਪੈਰ (ਤੁਰਨੋਂ) ਰਹਿ ਜਾਂਦੇ ਹਨ, ਹੱਥ ਕੰਬਣ ਲੱਗ ਪੈਂਦੇ ਹਨ, (ਫਿਰ ਭੀ) ਮਾਇਆ-ਵੇੜ੍ਹੇ ਜੀਵ ਦੇ ਹਿਰਦੇ ਵਿਚ ਹਰੀ ਪਰਮਾਤਮਾ (ਦਾ ਨਾਮ) ਨਹੀਂ (ਵੱਸਦਾ) ।7। (ਬੁੱਢਾ ਹੋ ਜਾਣ ਤੇ) ਅਕਲ ਟਿਕਾਣੇ ਨਹੀਂ ਰਹਿੰਦੀ, ਕੇਸ ਕਾਲੇ ਤੋਂ ਚਿੱਟੇ ਹੋ ਜਾਂਦੇ ਹਨ, ਘਰ ਵਿਚ ਰੱਖਿਆ ਹੋਇਆ ਕਿਸੇ ਨੂੰ ਚੰਗਾ ਨਹੀਂ ਲੱਗਦਾ (ਫਿਰ ਭੀ ਪਰਮਾਤਮਾ ਦੇ ਨਾਮ ਨੂੰ ਭੁਲਾਈ ਰੱਖਦਾ ਹੈ) ਪਰਮਾਤਮਾ ਦਾ ਨਾਮ ਵਿਸਾਰੀ ਰੱਖਣ ਤੇ ਅਜੇਹੇ ਭੈੜ ਇਸ ਨੂੰ ਚੰਬੜੇ ਰਹਿੰਦੇ ਹਨ ਜਿਨ੍ਹਾਂ ਕਰ ਕੇ ਜਮਰਾਜ ਇਸ ਨੂੰ ਮਾਰ ਕੇ ਨਰਕ ਵਿਚ ਲੈ ਜਾਂਦਾ ਹੈ।8। (ਪਰ ਜੀਵ ਦੇ ਭੀ ਵੱਸ ਦੀ ਗੱਲ ਨਹੀਂ) ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖਾ ਮਿਟਦਾ ਨਹੀਂ (ਜਿਤਨਾ ਚਿਰ ਉਹ ਲੇਖਾ ਮੌਜੂਦ ਹੈ, ਉਹਨਾਂ ਦੇ ਪ੍ਰਭਾਵ ਹੇਠ ਕੁਕਰਮ ਕਰ ਕਰ ਕੇ) ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। ਜੀਵ ਵਿਚਾਰਾ ਹੋਰ ਕਿਸ ਨੂੰ ਦੋਸ ਦੇਵੇ? (ਅਸਲ ਗੱਲ ਇਹ ਹੈ ਕਿ) ਗੁਰੂ ਦੀ ਸਰਨ ਤੋਂ ਬਿਨਾ ਜ਼ਿੰਦਗੀ ਵਿਅਰਥ ਜਾਂਦੀ ਹੈ (ਵਿਕਾਰਾਂ ਵਿਚ ਪੈ ਕੇ ਮਨੁੱਖ) ਹੋਰ ਆਤਮਕ ਮੌਤ ਹੋਰ ਆਤਮਕ ਮੌਤ ਸਹੇੜਦਾ ਜਾਂਦਾ ਹੈ। ਗੁਰੂ ਦੇ ਸ਼ਬਦ ਤੋਂ ਖੁੰਝਣ ਕਰਕੇ ਜ਼ਿੰਦਗੀ (ਵਿਕਾਰਾਂ ਵਿਚ) ਸੜ ਜਾਂਦੀ ਹੈ।9। ਜੀਵ ਦੁਨੀਆ ਦੀਆਂ ਖ਼ੁਸ਼ੀਆਂ ਮਾਣਨ ਵਿਚ, ਰਸ ਭੋਗਣ ਵਿਚ, ਤੇ ਹੋਰ ਫੋਕੇ ਤੇ ਮੰਦੇ ਕਰਮ ਕਰਨ ਵਿਚ ਪੈ ਕੇ ਖ਼ੁਆਰ ਹੁੰਦਾ ਹੈ। ਪਰਮਾਤਮਾ ਦਾ ਨਾਮ ਭੁਲਾ ਕੇ, ਲੋਭ ਵਿਚ ਫਸ ਕੇ ਮੂਲ ਭੀ ਗਵਾ ਲੈਂਦਾ ਹੈ, ਆਖ਼ਰ ਇਸ ਦੇ ਸਿਰ ਉਤੇ ਧਰਮਰਾਜ ਦਾ ਡੰਡਾ ਪੈਂਦਾ ਹੈ।10। ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਪਰਮਾਤਮਾ ਦੇ ਨਾਮ ਦੇ ਗੁਣ ਗਾਂਦੇ ਹਨ। ਜਿਨ੍ਹਾਂ ਉਤੇ ਹਰੀ-ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ ਉਹ ਜਗਤ ਵਿਚ ਹਰੀ ਗੋਬਿੰਦ ਬੇਅੰਤ ਪੂਰਨ ਸਰਬ-ਵਿਆਪਕ ਨੂੰ ਸਿਮਰ ਕੇ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ।11। ਹੇ ਭਾਈ! ਸੰਤ ਜਨਾਂ ਦੀ ਸੰਗਤਿ ਵਿਚ ਪ੍ਰੇਮ ਜੋੜ ਕੇ ਪਰਮਾਤਮਾ ਦਾ ਨਾਮ ਸਿਮਰੋ, ਗੁਰੂ ਦੇ ਬਚਨ (ਹਿਰਦੇ ਵਿਚ) ਸੰਭਾਲ ਰੱਖੋ। ਪਰਮਾਤਮਾ ਦੇ ਦਰ ਤੇ ਗੁਰੂ (ਦਾ ਬਚਨ) ਹੀ ਆਦਰ ਪਾਂਦਾ ਹੈ, ਸੰਤ ਜਨਾਂ ਦੀ ਸੰਗਤਿ ਹੀ ਕਬੂਲ ਪੈਂਦੀ ਹੈ। ਹੇ ਨਾਨਕ! (ਅਰਦਾਸ ਕਰ-) ਹੇ ਹਰੀ! (ਮੈਨੂੰ) ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ (ਦੇਹ) ।12।8। |
![]() |
![]() |
![]() |
![]() |
Sri Guru Granth Darpan, by Professor Sahib Singh |