ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1014

ੴ ਸਤਿਗੁਰ ਪ੍ਰਸਾਦਿ ॥ ਮਾਰੂ ਕਾਫੀ ਮਹਲਾ ੧ ਘਰੁ ੨ ॥ ਆਵਉ ਵੰਞਉ ਡੁੰਮਣੀ ਕਿਤੀ ਮਿਤ੍ਰ ਕਰੇਉ ॥ ਸਾ ਧਨ ਢੋਈ ਨ ਲਹੈ ਵਾਢੀ ਕਿਉ ਧੀਰੇਉ ॥੧॥ ਮੈਡਾ ਮਨੁ ਰਤਾ ਆਪਨੜੇ ਪਿਰ ਨਾਲਿ ॥ ਹਉ ਘੋਲਿ ਘੁਮਾਈ ਖੰਨੀਐ ਕੀਤੀ ਹਿਕ ਭੋਰੀ ਨਦਰਿ ਨਿਹਾਲਿ ॥੧॥ ਰਹਾਉ ॥ ਪੇਈਅੜੈ ਡੋਹਾਗਣੀ ਸਾਹੁਰੜੈ ਕਿਉ ਜਾਉ ॥ ਮੈ ਗਲਿ ਅਉਗਣ ਮੁਠੜੀ ਬਿਨੁ ਪਿਰ ਝੂਰਿ ਮਰਾਉ ॥੨॥ ਪੇਈਅੜੈ ਪਿਰੁ ਸੰਮਲਾ ਸਾਹੁਰੜੈ ਘਰਿ ਵਾਸੁ ॥ ਸੁਖਿ ਸਵੰਧਿ ਸੋਹਾਗਣੀ ਪਿਰੁ ਪਾਇਆ ਗੁਣਤਾਸੁ ॥੩॥ ਲੇਫੁ ਨਿਹਾਲੀ ਪਟ ਕੀ ਕਾਪੜੁ ਅੰਗਿ ਬਣਾਇ ॥ ਪਿਰੁ ਮੁਤੀ ਡੋਹਾਗਣੀ ਤਿਨ ਡੁਖੀ ਰੈਣਿ ਵਿਹਾਇ ॥੪॥ ਕਿਤੀ ਚਖਉ ਸਾਡੜੇ ਕਿਤੀ ਵੇਸ ਕਰੇਉ ॥ ਪਿਰ ਬਿਨੁ ਜੋਬਨੁ ਬਾਦਿ ਗਇਅਮੁ ਵਾਢੀ ਝੂਰੇਦੀ ਝੂਰੇਉ ॥੫॥ ਸਚੇ ਸੰਦਾ ਸਦੜਾ ਸੁਣੀਐ ਗੁਰ ਵੀਚਾਰਿ ॥ ਸਚੇ ਸਚਾ ਬੈਹਣਾ ਨਦਰੀ ਨਦਰਿ ਪਿਆਰਿ ॥੬॥ ਗਿਆਨੀ ਅੰਜਨੁ ਸਚ ਕਾ ਡੇਖੈ ਡੇਖਣਹਾਰੁ ॥ ਗੁਰਮੁਖਿ ਬੂਝੈ ਜਾਣੀਐ ਹਉਮੈ ਗਰਬੁ ਨਿਵਾਰਿ ॥੭॥ ਤਉ ਭਾਵਨਿ ਤਉ ਜੇਹੀਆ ਮੂ ਜੇਹੀਆ ਕਿਤੀਆਹ ॥ ਨਾਨਕ ਨਾਹੁ ਨ ਵੀਛੁੜੈ ਤਿਨ ਸਚੈ ਰਤੜੀਆਹ ॥੮॥੧॥੯॥ {ਪੰਨਾ 1014-1015}

ਨੋਟ: ਇਹ ਅਸ਼ਟਪਦੀ ਰਾਗ ਮਾਰੂ ਅਤੇ ਰਾਗ ਕਾਫ਼ੀ ਨੂੰ ਰਲਾ ਕੇ ਗਾਵਣੀ ਹੈ।

ਪਦ ਅਰਥ: ਆਵਉ = ਮੈਂ ਆਉਂਦੀ ਹਾਂ। ਵੰਞਉ = ਮੈਂ ਜਾਂਦੀ ਹਾਂ। ਡੁੰਮਣੀ = ਦੁ-ਮਨੀ, ਦੁ-ਚਿੱਤੀ ਹੋ ਕੇ) । ਕਿਤੀ = ਕਿਤਨੇ ਹੀ। ਕਰੇਉ = ਮੈਂ ਬਣਾਂਦੀ ਹਾਂ। ਸਾਧਨ = ਜੀਵ-ਇਸਤ੍ਰੀ। ਢੋਈ = ਆਸਰਾ। ਨ ਲਹੈ– ਨਹੀਂ ਲੈ ਸਕਦੀ। ਵਾਢੀ = ਪਰਦੇਸਣ, ਵਿਛੁੜੀ ਹੋਈ। ਕਿਉ ਧੀਰੇਉ = ਮੈਂ ਕਿਵੇਂ ਧੀਰਜ ਹਾਸਲ ਕਰ ਸਕਦੀ ਹਾਂ?।1।

ਮੈਡਾ = ਮੇਰਾ। ਰਤਾ = ਰੰਗਿਆ ਹੋਇਆ ਹੈ। ਪਿਰ = ਪਤੀ। ਹਉ = ਮੈਂ। ਘੋਲਿ ਘੁਮਾਈ = ਵਾਰਨੇ ਜਾਂਦੀ ਹਾਂ। ਖੰਨੀਐ ਕੀਤੀ = ਟੋਟੇ ਟੋਟੇ ਹੁੰਦੀ ਹਾਂ। ਹਿਕ = ਇਕ। ਭੋਰੀ = ਰਤਾ ਕੁ ਸਮਾ। ਨਦਰਿ = ਮੇਹਰ ਦੀ ਨਿਗਾਹ ਨਾਲ। ਨਿਹਾਲਿ = (ਮੇਰੇ ਵਲ) ਵੇਖ।1। ਰਹਾਉ।

ਪੇਈਅੜੈ = ਪੇਕੇ ਘਰ ਵਿਚ, ਇਸ ਜਨਮ ਵਿਚ। ਡੋਹਾਗਣੀ = ਦੁਹਾਗਣ, ਮੰਦੇ ਭਾਗਾਂ ਵਾਲੀ, ਵਿਛੁੜੀ ਹੋਈ। ਸਾਹੁਰੜੈ = ਸਾਹੁਰੇ ਘਰ ਵਿਚ, ਪਰਮਾਤਮਾ ਦੇ ਦੇਸ ਵਿਚ, ਪ੍ਰਭੂ ਦੇ ਚਰਨਾਂ ਵਿਚ। ਕਿਉ ਜਾਉ = ਮੈਂ ਕਿਵੇਂ ਪਹੁੰਚ ਸਕਦੀ ਹਾਂ? ਗਲਿ = ਗਲ ਵਿਚ, ਗਲ ਤਕ। ਮੁਠੜੀ = ਮੈਂ ਠੱਗੀ ਗਈ ਹਾਂ। ਝੂਰਿ ਮਰਾਉ = ਝੂਰ ਝੂਰ ਕੇ ਮਰਦੀ ਹਾਂ, ਦੁਖੀ ਹੁੰਦੀ ਹਾਂ ਤੇ ਆਤਮਕ ਮੌਤ ਸਹੇੜਦੀ ਹਾਂ।2।

ਸੰਮਲਾ = (ਜੇ) ਮੈਂ (ਹਿਰਦੇ ਵਿਚ) ਸੰਭਾਲ ਲਵਾਂ। ਘਰਿ = ਪਤੀ-ਪ੍ਰਭੂ ਦੇ ਘਰ ਵਿਚ। ਸੁਖਿ = ਸੁਖ ਨਾਲ। ਸਵੰਧਿ = ਸੌਂਦੀਆਂ ਹਨ, ਸ਼ਾਂਤ-ਚਿੱਤ ਰਹਿੰਦੀਆਂ ਹਨ। ਸੋਹਾਗਣੀ = ਚੰਗੇ ਭਾਗਾਂ ਵਾਲੀਆਂ। ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ।3।

ਨਿਹਾਲੀ = ਤੁਲਾਈ। ਕਾਪੜੁ = (ਪੱਟ ਦਾ ਹੀ) ਕੱਪੜਾ। ਅੰਗਿ = ਸਰੀਰ ਉਤੇ (ਪਹਿਨਦੀਆਂ ਹਨ) । ਮੁਤੀ = ਮੁਤੀਆ, ਛੱਡੀਆਂ ਹੋਈਆਂ, ਛੁੱਟੜ। ਡੁਖੀ = ਦੁੱਖਾਂ ਵਿਚ। ਰੈਣਿ = (ਜ਼ਿੰਦਗੀ ਦੀ) ਰਾਤ। ਵਿਹਾਇ = ਬੀਤਦੀ ਹੈ।4।

ਕਿਤੀ = ਕਿਤਨੇ ਹੀ। ਚਖਉ = ਮੈਂ ਚੱਖਾਂ। ਸਾਡੜੇ = ਸੁਆਦਲੇ ਪਦਾਰਥ। ਵੇਸ = ਪਹਿਰਾਵੇ। ਕਰੇਉ = ਮੈਂ ਕਰਾਂ। ਜੋਬਨੁ = ਜਵਾਨੀ। ਬਾਦਿ = ਵਿਅਰਥ। ਗਇਅਮੁ = ਮੇਰਾ (ਜੋਬਨੁ) ਗਿਆ। ਵਾਢੀ = ਛੁੱਟੜ।5।

ਸੰਦਾ = ਦਾ। ਸਚੇ ਸੰਦਾ = ਸਦਾ-ਥਿਰ ਪਤੀ-ਪ੍ਰਭੂ ਦਾ। ਸਦੜਾ = ਪਿਆਰ-ਭਰਿਆ ਸੁਨੇਹਾ। ਗੁਰ ਵੀਚਾਰਿ = ਗੁਰੂ ਦੀ ਬਾਣੀ ਦੀ ਵਿਚਾਰ ਦੀ ਰਾਹੀਂ। ਬੈਹਣਾ = ਸੰਗਤਿ, ਸੰਗ। ਸਚੇ ਸਚਾ ਬੈਹਣਾ = ਸਦਾ-ਥਿਰ ਪ੍ਰਭੂ ਦਾ ਸਦਾ-ਥਿਰ ਸਾਥ। ਨਦਰੀ ਨਦਰਿ = ਮੇਹਰ ਦੀ ਨਜ਼ਰ ਕਰਨ ਵਾਲੇ ਦੀ ਨਿਗਾਹ ਨਾਲ। ਪਿਆਰਿ = ਪਿਆਰ ਵਿਚ।6।

ਗਿਆਨੀ = ਪਰਮਾਤਮਾ ਨਾਲ ਸਾਂਝ ਪਾਣ ਵਾਲਾ ਬੰਦਾ। ਅੰਜਨੁ = ਸੁਰਮਾ। ਸਚ ਕਾ = ਸਦਾ-ਥਿਰ ਪ੍ਰਭੂ ਦੇ ਨਾਮ ਦਾ। ਡੇਖਣਹਾਰੁ = ਉਹ ਪਰਮਾਤਮਾ ਜੋ ਸਭ ਜੀਵਾਂ ਦੀ ਸੰਭਾਲ ਕਰਨ ਦੇ ਸਮਰੱਥ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਬੂਝੈ = ਸਮਝਦਾ ਹੈ। ਜਾਣੀਐ = ਆਦਰ ਪਾਂਦਾ ਹੈ। ਗਰਬੁ = ਅਹੰਕਾਰ। ਨਿਵਾਰਿ = ਦੂਰ ਕਰ ਕੇ।7।

ਤਉ = ਤੈਨੂੰ। ਭਾਵਨਿ = ਜੋ ਪਸੰਦ ਆ ਜਾਂਦੀਆਂ ਹਨ। ਜੇਹੀਆ = ਵਰਗੀਆਂ। ਮੂ ਜੇਹੀਆ = ਮੇਰੇ ਵਰਗੀਆਂ। ਕਿਤੀਆਹ = ਅਨੇਕਾਂ ਹੀ। ਨਾਹੁ = ਨਾਥ, ਖਸਮ-ਪ੍ਰਭੂ। ਤਿਨ = ਉਹਨਾਂ ਤੋਂ। ਸਚੈ = ਸਦਾ-ਥਿਰ ਪ੍ਰਭੂ ਵਿਚ।8।

ਅਰਥ: (ਹੇ ਪ੍ਰੀਤਮ ਪ੍ਰਭੂ!) ਮੈਂ ਤੈਥੋਂ ਵਾਰਨੇ ਜਾਂਦੀ ਹਾਂ, ਕੁਰਬਾਨ ਜਾਂਦੀ ਹਾਂ। ਰਤਾ ਭਰ ਸਮਾ ਹੀ (ਮੇਰੇ ਵਲ) ਮੇਹਰ ਦੀ ਨਜ਼ਰ ਨਾਲ ਵੇਖ, ਤਾ ਕਿ ਮੇਰਾ ਮਨ (ਤੈਂ) ਆਪਣੇ ਪਿਆਰੇ ਪਤੀ ਨਾਲ ਰੰਗਿਆ ਜਾਏ।1। ਰਹਾਉ।

(ਹੇ ਪ੍ਰੀਤਮ ਪ੍ਰਭੂ! ਤੈਥੋਂ ਵਿਛੁੜ ਕੇ) ਮੈਂ ਡੱਡੋਲਿਕੀ ਹੋਈ ਹੋਈ (ਜਨਮਾਂ ਦੇ ਗੇੜ ਵਿਚ) ਭਟਕਦੀ ਫਿਰਦੀ ਹਾਂ (ਦਿਲ ਦੇ ਧਰਵਾਸ ਲਈ) ਮੈਂ ਅਨੇਕਾਂ ਹੋਰ ਮਿੱਤਰ ਬਣਾਂਦੀ ਹਾਂ, ਪਰ ਜਦ ਤਕ ਤੈਥੋਂ ਵਿਛੁੜੀ ਹੋਈ ਹਾਂ, ਮੈਨੂੰ ਧਰਵਾਸ ਕਿਵੇਂ ਆਵੇ? (ਤੈਥੋਂ ਵਿਛੁੜੀ) ਜੀਵ-ਇਸਤ੍ਰੀ (ਕਿਸੇ ਹੋਰ ਥਾਂ) ਆਸਰਾ ਲੱਭ ਹੀ ਨਹੀਂ ਸਕਦੀ।1।

(ਇਸ ਸੰਸਾਰ) ਪੇਕੇ ਘਰ ਵਿਚ ਮੈਂ (ਸਾਰੀ ਉਮਰ) ਪ੍ਰਭੂ-ਪਤੀ ਤੋਂ ਵਿਛੁੜੀ ਰਹੀ ਹਾਂ, ਮੈਂ ਪਤੀ-ਪ੍ਰਭੂ ਦੇ ਦੇਸ ਕਿਵੇਂ ਪਹੁੰਚ ਸਕਦੀ ਹਾਂ? (ਪ੍ਰਭੂ ਤੋਂ ਵਿਛੋੜੇ ਦੇ ਕਾਰਨ) ਔਗੁਣ ਮੇਰੇ ਗਲ ਗਲ ਤਕ ਪਹੁੰਚ ਗਏ ਹਨ, (ਸਾਰੀ ਉਮਰ) ਮੈਨੂੰ ਔਗੁਣਾਂ ਨੇ ਠੱਗੀ ਰੱਖਿਆ ਹੈ। ਪਤੀ-ਪ੍ਰਭੂ ਦੇ ਮਿਲਾਪ ਤੋਂ ਵਾਂਜੀ ਰਹਿ ਕੇ ਮੈਂ ਅੰਦਰੇ ਅੰਦਰ ਦੁਖੀ ਭੀ ਹੋ ਰਹੀ ਹਾਂ, ਤੇ ਆਤਮਕ ਮੌਤ ਭੀ ਮੈਂ ਸਹੇੜ ਲਈ ਹੈ।2।

ਜੇ ਮੈਂ (ਇਸ ਸੰਸਾਰ) ਪੇਕੇ ਘਰ ਵਿਚ ਪਤੀ-ਪ੍ਰਭੂ ਨੂੰ (ਆਪਣੇ ਹਿਰਦੇ ਵਿਚ) ਸੰਭਾਲ ਰੱਖਾਂ ਤਾਂ ਪਤੀ-ਪ੍ਰਭੂ ਦੇ ਦੇਸ ਮੈਨੂੰ ਉਸ ਦੇ ਚਰਨਾਂ ਵਿਚ ਥਾਂ ਮਿਲ ਜਾਏ। ਉਹ ਭਾਗਾਂ ਵਾਲੀਆਂ (ਜੀਵਨ-ਰਾਤ) ਸੁਖ ਨਾਲ ਸੌਂ ਕੇ ਗੁਜ਼ਾਰਦੀਆਂ ਹਨ ਜਿਨ੍ਹਾਂ ਨੇ (ਪੇਕੇ ਘਰ ਵਿਚ) ਗੁਣਾਂ ਦਾ ਖ਼ਜ਼ਾਨਾ ਪਤੀ-ਪ੍ਰਭੂ ਲੱਭ ਲਿਆ ਹੈ।3।

ਜਿਨ੍ਹਾਂ ਮੰਦ-ਭਾਗਣਾਂ ਨੇ ਪਤੀ ਨੂੰ ਭੁਲਾ ਦਿੱਤਾ ਤੇ ਜੋ ਛੁੱਟੜ ਹੋ ਗਈਆਂ, ਉਹ ਜੇ ਰੇਸ਼ਮ ਦਾ ਲੇਫ ਲੈਣ ਰੇਸ਼ਮ ਦੀ ਤੁਲਾਈ ਲੈਣ, ਹੋਰ ਕੱਪੜਾ ਭੀ ਰੇਸ਼ਮ ਦਾ ਹੀ ਬਣਾ ਕੇ ਸਰੀਰ ਉਤੇ ਵਰਤਣ, ਤਾਂ ਭੀ ਉਹਨਾਂ ਦੀ ਜੀਵਨ-ਰਾਤ ਦੁੱਖਾਂ ਵਿਚ ਹੀ ਬੀਤਦੀ ਹੈ।4।

ਜੇ ਮੈਂ ਅਨੇਕਾਂ ਹੀ ਸੁਆਦਲੇ ਖਾਣੇ ਖਾਂਦੀ ਰਹਾਂ, ਅਨੇਕਾਂ ਹੀ ਸੋਹਣੇ ਪਹਿਰਾਵੇ ਕਰਦੀ ਰਹਾਂ, ਫਿਰ ਭੀ ਪਤੀ-ਪ੍ਰਭੂ ਤੋਂ ਵਿਛੁੜ ਕੇ ਮੇਰੀ ਜਵਾਨੀ ਵਿਅਰਥ ਹੀ ਜਾ ਰਹੀ ਹੈ। ਜਦ ਤਕ ਮੈਂ ਛੁੱਟੜ ਹਾਂ, ਮੈਂ (ਸਾਰੀ ਉਮਰ) ਝੁਰ ਝੁਰ ਕੇ ਹੀ ਦਿਨ ਕੱਟਾਂਗੀ।5।

ਜੇ ਸਦਾ-ਥਿਰ ਪ੍ਰਭੂ ਦਾ ਪਿਆਰ-ਸੁਨੇਹਾ ਸਤਿਗੁਰੂ ਦੀ ਬਾਣੀ ਦੀ ਵਿਚਾਰ ਦੀ ਰਾਹੀਂ ਸੁਣੀਏ, ਤਾਂ ਉਸ ਸਦਾ-ਥਿਰ ਪਤੀ-ਪ੍ਰਭੂ ਦਾ ਸਦਾ ਲਈ ਸਾਥ ਮਿਲ ਜਾਂਦਾ ਹੈ, ਉਹ ਮੇਹਰ ਦੀ ਨਜ਼ਰ ਵਾਲਾ ਪ੍ਰਭੂ ਮੇਹਰ ਦੀ ਨਜ਼ਰ ਨਾਲ ਤੱਕਦਾ ਹੈ, ਤੇ ਉਸ ਦੇ ਪਿਆਰ ਵਿਚ ਲੀਨ ਹੋ ਜਾਦੀਦਾ ਹੈ।6।

ਪਰਮਾਤਮਾ ਨਾਲ ਜਾਣ-ਪਛਾਣ ਪਾਣ ਵਾਲਾ ਸਦਾ-ਥਿਰ ਪ੍ਰਭੂ ਦੇ ਨਾਮ ਦਾ ਸੁਰਮਾ ਵਰਤਦਾ ਹੈ, ਤੇ ਉਹ ਪ੍ਰਭੂ ਦਾ ਦੀਦਾਰ ਕਰ ਲੈਂਦਾ ਹੈ ਜੋ ਸਭ ਜੀਵਾਂ ਦੀ ਸੰਭਾਲ ਕਰਨ ਦੇ ਸਮਰੱਥ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਇਸ ਭੇਤ ਨੂੰ) ਸਮਝ ਲੈਂਦਾ ਹੈ ਉਹ ਹਉਮੈ ਅਹੰਕਾਰ ਦੂਰ ਕਰ ਕੇ (ਉਸ ਦੀ ਹਜ਼ੂਰੀ ਵਿਚ) ਆਦਰ ਪਾਂਦਾ ਹੈ।7।

ਹੇ ਪਤੀ-ਪ੍ਰਭੂ! ਜੇਹੜੀਆਂ ਜੀਵ-ਇਸਤ੍ਰੀਆਂ ਤੈਨੂੰ ਚੰਗੀਆਂ ਲੱਗਦੀਆਂ ਹਨ, ਉਹ ਤੇਰੇ ਵਰਗੀਆਂ ਹੋ ਜਾਂਦੀਆਂ ਹਨ, (ਪਰ ਤੇਰੀ ਮੇਹਰ ਦੀ ਨਿਗਾਹ ਤੋਂ ਵਾਂਜੀਆਂ ਹੋਈਆਂ) ਮੇਰੇ ਵਰਗੀਆਂ ਭੀ ਅਨੇਕਾਂ ਹੀ ਹਨ।

ਹੇ ਨਾਨਕ! ਜੇਹੜੀਆਂ ਜੀਵ-ਇਸਤ੍ਰੀਆਂ ਸਦਾ-ਥਿਰ ਪ੍ਰਭੂ ਦੇ ਪਿਆਰ ਵਿਚ ਰੰਗੀਆਂ ਰਹਿੰਦੀਆਂ ਹਨ, ਉਹਨਾਂ (ਦੇ ਹਿਰਦੇ) ਤੋਂ ਪਤੀ-ਪ੍ਰਭੂ ਕਦੇ ਨਹੀਂ ਵਿਛੁੜਦਾ।8।1।9।

ਨੋਟ: ਪਹਿਲੀਆਂ 8 ਅਸ਼ਟਪਦੀਆਂ 'ਘਰੁ 1' ਦੀਆਂ ਸਨ। ਇਥੋਂ 'ਘਰੁ 2' ਦੀਆਂ ਸ਼ੁਰੂ ਹੁੰਦੀਆਂ ਹਨ। 'ਘਰੁ 2' ਦੀ ਇਹ ਪਹਿਲੀ ਅਸ਼ਟਪਦੀ ਹੈ। ਕੁੱਲ ਜੋੜ 9 ਹੈ। ਵੇਖੋ ਅਖ਼ੀਰਲੇ ਅੰਕ।1।9।

TOP OF PAGE

Sri Guru Granth Darpan, by Professor Sahib Singh