ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1015

ਮਾਰੂ ਮਹਲਾ ੧ ॥ ਨਾ ਭੈਣਾ ਭਰਜਾਈਆ ਨਾ ਸੇ ਸਸੁੜੀਆਹ ॥ ਸਚਾ ਸਾਕੁ ਨ ਤੁਟਈ ਗੁਰੁ ਮੇਲੇ ਸਹੀਆਹ ॥੧॥ ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਉ ॥ ਗੁਰ ਬਿਨੁ ਏਤਾ ਭਵਿ ਥਕੀ ਗੁਰਿ ਪਿਰੁ ਮੇਲਿਮੁ ਦਿਤਮੁ ਮਿਲਾਇ ॥੧॥ ਰਹਾਉ ॥ ਫੁਫੀ ਨਾਨੀ ਮਾਸੀਆ ਦੇਰ ਜੇਠਾਨੜੀਆਹ ॥ ਆਵਨਿ ਵੰਞਨਿ ਨਾ ਰਹਨਿ ਪੂਰ ਭਰੇ ਪਹੀਆਹ ॥੨॥ ਮਾਮੇ ਤੈ ਮਾਮਾਣੀਆ ਭਾਇਰ ਬਾਪ ਨ ਮਾਉ ॥ ਸਾਥ ਲਡੇ ਤਿਨ ਨਾਠੀਆ ਭੀੜ ਘਣੀ ਦਰੀਆਉ ॥੩॥ ਸਾਚਉ ਰੰਗਿ ਰੰਗਾਵਲੋ ਸਖੀ ਹਮਾਰੋ ਕੰਤੁ ॥ ਸਚਿ ਵਿਛੋੜਾ ਨਾ ਥੀਐ ਸੋ ਸਹੁ ਰੰਗਿ ਰਵੰਤੁ ॥੪॥ ਸਭੇ ਰੁਤੀ ਚੰਗੀਆ ਜਿਤੁ ਸਚੇ ਸਿਉ ਨੇਹੁ ॥ ਸਾ ਧਨ ਕੰਤੁ ਪਛਾਣਿਆ ਸੁਖਿ ਸੁਤੀ ਨਿਸਿ ਡੇਹੁ ॥੫॥ ਪਤਣਿ ਕੂਕੇ ਪਾਤਣੀ ਵੰਞਹੁ ਧ੍ਰੁਕਿ ਵਿਲਾੜਿ ॥ ਪਾਰਿ ਪਵੰਦੜੇ ਡਿਠੁ ਮੈ ਸਤਿਗੁਰ ਬੋਹਿਥਿ ਚਾੜਿ ॥੬॥ ਹਿਕਨੀ ਲਦਿਆ ਹਿਕਿ ਲਦਿ ਗਏ ਹਿਕਿ ਭਾਰੇ ਭਰ ਨਾਲਿ ॥ ਜਿਨੀ ਸਚੁ ਵਣੰਜਿਆ ਸੇ ਸਚੇ ਪ੍ਰਭ ਨਾਲਿ ॥੭॥ ਨਾ ਹਮ ਚੰਗੇ ਆਖੀਅਹ ਬੁਰਾ ਨ ਦਿਸੈ ਕੋਇ ॥ ਨਾਨਕ ਹਉਮੈ ਮਾਰੀਐ ਸਚੇ ਜੇਹੜਾ ਸੋਇ ॥੮॥੨॥੧੦॥ {ਪੰਨਾ 1015}

ਪਦ ਅਰਥ: ਸਸੁੜੀਆਹ = ਪਿਆਰੀਆਂ ਸੱਸਾਂ। ਸੇ = ਉਹ। ਸਚਾ = ਸਦਾ-ਥਿਰ ਰਹਿਣ ਵਾਲਾ। ਸਹੀਆਹ = ਸਹੇਲੀਆਂ, ਸਤਸੰਗੀ।1।

ਬਲਿਹਾਰੀ = ਸਦਕੇ। ਸਦ = ਸਦਾ। ਜਾਉ = ਮੈਂ ਜਾਂਦੀ ਹਾਂ। ਏਤਾ = ਇਤਨਾ, ਬਹੁਤ ਜ਼ਿਆਦਾ। ਭਵਿ = ਭੌਂ ਭੌਂ ਕੇ। ਗੁਰਿ = ਗੁਰੂ ਨੇ। ਮੇਲਿਮੁ = ਮੈਨੂੰ ਮਿਲਾਇਆ। ਦਿਤਮੁ ਮਿਲਾਇ = ਮੈਨੂੰ ਮਿਲਾ ਦਿੱਤਾ।1। ਰਹਾਉ।

ਦੇਰ = ਦਿਰਾਣੀਆਂ। ਵੰਞਨਿ = ਚਲੀਆਂ ਜਾਂਦੀਆਂ ਹਨ। ਪੂਰ = ਬੇੜੀ ਦੇ ਮੁਸਾਫ਼ਿਰਾਂ ਦੇ ਪੂਰ। ਪਹੀਆਹ = ਮੁਸਾਫ਼ਿਰਾਂ ਦੇ। ਪਹੀ = ਰਾਹੀ, ਪਾਂਧੀ, ਮੁਸਾਫ਼ਿਰ।2।

ਮਾਮਾਣੀਆਂ = ਮਾਮੀਆਂ। ਤੈ = ਅਤੇ। ਭਾਇਰ = ਭਰਾ। ਸਾਥ = ਕਾਫ਼ਲੇ। ਲਡੇ = ਲੱਦੇ (ਜਾ ਰਹੇ ਹਨ) । ਨਾਠੀ = ਪਰਾਹੁਣਾ। ਘਣੀ = ਬਹੁਤ।3।

ਸਾਚਉ = ਸਦਾ-ਥਿਰ ਰਹਿਣ ਵਾਲਾ। ਰੰਗਿ = ਪ੍ਰੇਮ-ਰੰਗ ਵਿਚ। ਰੰਗਾਵਲੋ = ਰੰਗਿਆ ਹੋਇਆ। ਸਖੀ = ਹੇ ਸਖੀ! ਸਚਿ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜਿਆਂ) । ਥੀਐ = ਹੁੰਦਾ। ਸਹੁ = ਖਸਮ। ਰੰਗਿ = ਪ੍ਰੇਮ ਨਾਲ। ਰਵੰਤ = (ਆਪਣੇ ਨਾਲ) ਮਿਲਾਂਦਾ ਹੈ, ਮਾਣਦਾ ਹੈ।4।

ਰੁਤੀ = ਰੁਤਾਂ {'ਰੁਤਿ' ਤੋਂ 'ਰੁਤੀ' ਬਹੁ-ਵਚਨ}। ਜਿਤੁ = ਜਿਸ ਜਿਸ (ਰੁਤ) ਵਿਚ। ਸਾਧਨ = ਜੀਵ-ਇਸਤ੍ਰੀ। ਸੁਖਿ = ਸੁਖ ਵਿਚ। ਸੁਤੀ = ਸ਼ਾਂਤ-ਚਿੱਤ ਹੋ ਗਈ। ਨਿਸਿ = ਰਾਤ। ਡੇਹੁ = ਦਿਨ।5।

ਪਤਣਿ = ਪੱਤਣ ਉਤੇ। ਪਾਤਣੀ = ਮਲਾਹ। ਵੰਞਹੁ = ਲੰਘ ਜਾਓ। ਧ੍ਰੁਕਿ = ਦੌੜ ਕੇ। ਵਿਲਾੜਿ = ਛਾਲ ਮਾਰ ਕੇ। ਪਵੰਦੜੇ = ਪੈਂਦੇ, ਅੱਪੜੇ। ਡਿਠੁ = ਵੇਖੇ ਹਨ। ਬੋਹਿਥਿ = ਜਹਾਜ਼ ਵਿਚ। ਚਾੜਿ = ਚੜ੍ਹ ਕੇ, ਚੜਿ।6।

ਹਿਕਨੀ = ਕਈ (ਜੀਵ-ਰਾਹੀਆਂ) ਨੇ। ਹਿਕਿ = ਕਈ {'ਹਿਕ' ਤੋਂ 'ਹਿਕਿ' ਬਹੁ-ਵਚਨ}। ਹਿਕ = ਇਕ। ਲਦਿ = ਲੱਦ ਕੇ। ਭਾਰੇ = (ਪਾਪਾਂ ਦੇ ਭਾਰ ਨਾਲ) ਭਾਰੇ। ਭਰਨਾਲਿ = ਸਮੁੰਦਰ ਵਿਚ (ਡੁੱਬ ਗਏ) । ਸਚੁ = ਸਦਾ-ਥਿਰ ਰਹਿਣ ਵਾਲਾ ਨਾਮ-ਵੱਖਰ। ਵਣੰਜਿਆ = ਖ਼ਰੀਦਿਆ, ਵਪਾਰ ਕੀਤਾ।7।

ਮਾਰੀਐ = ਮਾਰਨੀ ਚਾਹੀਦੀ ਹੈ। ਜੇਹੜਾ = ਜੇਹਾ, ਵਰਗਾ। ਸੋਇ = ਉਹ ਮਨੁੱਖ (ਜੇਹੜਾ ਹਉਮੈ ਮਾਰਦਾ ਹੈ) ।8।

ਅਰਥ: ਮੈਂ ਆਪਣੇ ਗੁਰੂ ਤੋਂ ਕੁਰਬਾਨ ਹਾਂ, ਸਦਾ ਕੁਰਬਾਨ ਜਾਂਦੀ ਹਾਂ। ਗੁਰੂ (ਦੇ ਮਿਲਾਪ) ਤੋਂ ਬਿਨਾ ਮੈਂ ਭੌਂ ਭੌਂ ਕੇ ਬਹੁਤ ਥੱਕ ਗਈ ਸਾਂ, (ਹੁਣ) ਗੁਰੂ ਨੇ ਮੈਨੂੰ ਪਤੀ ਮਿਲਾਇਆ ਹੈ, ਮੈਨੂੰ (ਪਤੀ) ਮਿਲਾ ਦਿੱਤਾ ਹੈ।1। ਰਹਾਉ।

ਗੁਰੂ (ਸਤ ਸੰਗੀ-) ਸਹੇਲੀਆਂ ਨਾਲ ਮਿਲਾਂਦਾ ਹੈ (ਸਤਸੰਗੀਆਂ ਵਾਲਾ) ਸਦਾ-ਥਿਰ ਰਹਿਣ ਵਾਲਾ ਸਾਕ ਕਦੇ ਨਹੀਂ ਟੁੱਟਦਾ। ਨਾਹ ਭੈਣਾਂ ਨਾਹ ਭਰਜਾਈਆਂ ਨਾਹ ਸੱਸਾਂ = ਕਿਸੇ ਦਾ ਭੀ ਉਹੋ ਜਿਹਾ ਸਾਕ ਨਹੀਂ ਜੋ (ਸਤਸੰਗੀ) ਸਹੇਲੀਆਂ ਦਾ ਹੈ।1।

ਫੁੱਫੀਆਂ, ਨਾਨੀਆਂ, ਮਾਸੀਆਂ, ਦਿਰਾਣੀਆਂ, ਜਿਠਾਣੀਆਂ = ਇਹ (ਸੰਸਾਰ ਵਿਚ) ਆਉਂਦੀਆਂ ਹਨ ਤੇ ਚਲੀਆਂ ਜਾਂਦੀਆਂ ਹਨ, ਸਦਾ (ਸਾਡੇ ਨਾਲ) ਨਹੀਂ ਰਹਿੰਦੀਆਂ। ਇਹਨਾਂ (ਸਾਕਾਂ ਅੰਗਾਂ-) ਰਾਹੀਆਂ ਦੇ ਪੂਰਾਂ ਦੇ ਪੂਰ ਭਰੇ ਹੋਏ ਚਲੇ ਜਾਂਦੇ ਹਨ।2।

ਮਾਮੇ, ਮਾਮੀਆਂ, ਭਰਾ, ਪਿਉ, ਤੇ ਮਾਂ = (ਕਿਸੇ ਨਾਲ ਭੀ ਸੱਚਾ ਸਾਕ) ਨਹੀਂ ਬਣ ਸਕਦਾ। (ਇਹ ਭੀ ਪਰਾਹੁਣਿਆਂ ਵਾਂਗ ਹਨ) ਇਹਨਾਂ ਪਰਾਹੁਣਿਆਂ ਦੇ ਕਾਫ਼ਲੇ ਦੇ ਕਾਫ਼ਲੇ ਲੱਦੇ ਚਲੇ ਜਾ ਰਹੇ ਹਨ। ਸੰਸਾਰ-ਦਰੀਆ ਦੇ ਪੱਤਣ ਉਤੇ ਇਹਨਾਂ ਦੀ ਭੀੜ ਲੱਗੀ ਪਈ ਹੈ।3।

ਹੇ ਸਹੇਲੀਹੋ! ਸਾਡਾ ਖਸਮ-ਪ੍ਰਭੂ ਹੀ ਸਦਾ-ਥਿਰ ਰਹਿਣ ਵਾਲਾ ਹੈ ਤੇ ਉਹ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ। ਉਸ ਸਦਾ-ਥਿਰ ਦੇ ਨਾਮ ਵਿਚ ਜੁੜਿਆਂ ਉਸ ਨਾਲੋਂ ਵਿਛੋੜਾ ਨਹੀਂ ਹੁੰਦਾ। (ਚਰਨਾਂ ਵਿਚ ਜੁੜੀ ਜੀਵ-ਇਸਤ੍ਰੀ ਨੂੰ) ਉਹ ਖਸਮ ਪਿਆਰ ਨਾਲ ਗਲੇ ਲਾਈ ਰੱਖਦਾ ਹੈ।4।

ਜੇਹੜੀ ਜੀਵ-ਇਸਤ੍ਰੀ ਖਸਮ-ਪ੍ਰਭੂ (ਦੇ ਸਾਕ) ਨੂੰ ਪਛਾਣ ਲੈਂਦੀ ਹੈ ਉਸ ਨੂੰ ਉਹ ਸਾਰੀਆਂ ਹੀ ਰੁੱਤਾਂ ਚੰਗੀਆਂ ਲੱਗਦੀਆਂ ਹਨ ਜਿਸ ਜਿਸ ਰੁੱਤ ਵਿਚ ਸਦਾ-ਥਿਰ ਪ੍ਰਭੂ-ਪਤੀ ਨਾਲ ਉਸ ਦਾ ਪਿਆਰ ਬਣਦਾ ਹੈ, (ਕਿਉਂਕਿ) ਉਹ ਜੀਵ-ਇਸਤ੍ਰੀ ਦਿਨ ਰਾਤ ਪੂਰਨ ਆਨੰਦ ਵਿਚ ਸ਼ਾਂਤ-ਚਿੱਤ ਰਹਿੰਦੀ ਹੈ।5।

(ਸੰਸਾਰ-ਦਰੀਆ ਦੇ) ਪੱਤਣ ਉਤੇ (ਖਲੋਤਾ) ਗੁਰੂ-ਮਲਾਹ (ਜੀਵ-ਰਾਹੀਆਂ ਨੂੰ) ਪੁਕਾਰ ਕੇ ਕਹਿ ਰਿਹਾ ਹੈ ਕਿ (ਪ੍ਰਭੂ-ਨਾਮ ਦੇ ਜਹਾਜ਼ ਵਿਚ ਚੜ੍ਹੋ ਤੇ) ਦੌੜ ਕੇ ਛਾਲ ਮਾਰ ਕੇ ਪਾਰ ਲੰਘ ਜਾਵੋ। ਸਤਿਗੁਰੂ ਦੇ ਜਹਾਜ਼ ਵਿਚ ਚੜ੍ਹ ਕੇ (ਸੰਸਾਰ-ਦਰੀਆ ਤੋਂ) ਪਾਰ ਅੱਪੜੇ ਹੋਏ (ਅਨੇਕਾਂ ਹੀ ਪ੍ਰਾਣੀ) ਮੈਂ (ਆਪ) ਵੇਖੇ ਹਨ।6।

(ਸਤਿਗੁਰੂ ਦਾ ਹੋਕਾ ਸੁਣ ਕੇ) ਅਨੇਕਾਂ ਜੀਵਾਂ ਨੇ (ਸੰਸਾਰ-ਦਰੀਆ ਤੋਂ ਪਾਰ ਲੰਘਣ ਲਈ ਪ੍ਰਭੂ-ਨਾਮ ਦਾ ਵੱਖਰ ਗੁਰੂ ਦੇ ਜਹਾਜ਼ ਵਿਚ) ਲੱਦ ਲਿਆ ਹੈ, ਅਨੇਕਾਂ ਹੀ ਲੱਦ ਕੇ ਪਾਰ ਪਹੁੰਚ ਗਏ ਹਨ, ਪਰ ਅਨੇਕਾਂ ਹੀ (ਐਸੇ ਭੀ ਮੰਦਭਾਗੀ ਹਨ ਜਿਨ੍ਹਾਂ ਗੁਰੂ ਦੀ ਪੁਕਾਰ ਦੀ ਪਰਵਾਹ ਨਹੀਂ ਕੀਤੀ, ਤੇ ਉਹ ਵਿਕਾਰਾਂ ਦੇ ਭਾਰ ਨਾਲ) ਭਾਰੇ ਹੋ ਕੇ ਸੰਸਾਰ-ਸਮੁੰਦਰ ਦੇ ਵਿਚ (ਡੁੱਬ ਗਏ ਹਨ) । ਜਿਨ੍ਹਾਂ ਨੇ (ਗੁਰੂ ਦਾ ਉਪਦੇਸ਼ ਸੁਣ ਕੇ) ਸਦਾ-ਥਿਰ ਰਹਿਣ ਵਾਲਾ ਨਾਮ-ਵੱਖਰ ਖ਼ਰੀਦਿਆ ਹੈ ਉਹ (ਸਦਾ-ਥਿਰ ਪ੍ਰਭੂ ਦੇ) ਚਰਨਾਂ ਵਿਚ ਲੀਨ ਹੋ ਗਏ ਹਨ।7।

ਹੇ ਨਾਨਕ! (ਪ੍ਰਭੂ-ਚਰਨਾਂ ਵਿਚ ਇਕ-ਮਿਕ ਹੋਣ ਵਾਸਤੇ) ਹਉਮੈ ਦੂਰ ਕਰਨੀ ਚਾਹੀਦੀ ਹੈ (ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਹਉਮੈ ਦੂਰ ਕੀਤੀ) ਉਹ ਸਦਾ-ਥਿਰ ਪ੍ਰਭੂ ਵਰਗਾ ਹੀ ਬਣ ਗਿਆ। (ਅਜੇਹੇ ਭਾਗਾਂ ਵਾਲੇ ਬੰਦੇ ਇਹ ਨਿਸ਼ਚਾ ਰੱਖਦੇ ਹਨ ਕਿ) ਅਸੀਂ (ਸਭ ਤੋਂ) ਚੰਗੇ ਨਹੀਂ ਆਖੇ ਜਾ ਸਕਦੇ, ਤੇ ਸਾਥੋਂ ਭੈੜਾ ਕੋਈ ਮਨੁੱਖ (ਜਗਤ ਵਿਚ) ਨਹੀਂ ਦਿੱਸਦਾ।8।2।10।

ਮਾਰੂ ਮਹਲਾ ੧ ॥ ਨਾ ਜਾਣਾ ਮੂਰਖੁ ਹੈ ਕੋਈ ਨਾ ਜਾਣਾ ਸਿਆਣਾ ॥ ਸਦਾ ਸਾਹਿਬ ਕੈ ਰੰਗੇ ਰਾਤਾ ਅਨਦਿਨੁ ਨਾਮੁ ਵਖਾਣਾ ॥੧॥ ਬਾਬਾ ਮੂਰਖੁ ਹਾ ਨਾਵੈ ਬਲਿ ਜਾਉ ॥ ਤੂ ਕਰਤਾ ਤੂ ਦਾਨਾ ਬੀਨਾ ਤੇਰੈ ਨਾਮਿ ਤਰਾਉ ॥੧॥ ਰਹਾਉ ॥ ਮੂਰਖੁ ਸਿਆਣਾ ਏਕੁ ਹੈ ਏਕ ਜੋਤਿ ਦੁਇ ਨਾਉ ॥ ਮੂਰਖਾ ਸਿਰਿ ਮੂਰਖੁ ਹੈ ਜਿ ਮੰਨੇ ਨਾਹੀ ਨਾਉ ॥੨॥ ਗੁਰ ਦੁਆਰੈ ਨਾਉ ਪਾਈਐ ਬਿਨੁ ਸਤਿਗੁਰ ਪਲੈ ਨ ਪਾਇ ॥ ਸਤਿਗੁਰ ਕੈ ਭਾਣੈ ਮਨਿ ਵਸੈ ਤਾ ਅਹਿਨਿਸਿ ਰਹੈ ਲਿਵ ਲਾਇ ॥੩॥ ਰਾਜੰ ਰੰਗੰ ਰੂਪੰ ਮਾਲੰ ਜੋਬਨੁ ਤੇ ਜੂਆਰੀ ॥ ਹੁਕਮੀ ਬਾਧੇ ਪਾਸੈ ਖੇਲਹਿ ਚਉਪੜਿ ਏਕਾ ਸਾਰੀ ॥੪॥ ਜਗਿ ਚਤੁਰੁ ਸਿਆਣਾ ਭਰਮਿ ਭੁਲਾਣਾ ਨਾਉ ਪੰਡਿਤ ਪੜਹਿ ਗਾਵਾਰੀ ॥ ਨਾਉ ਵਿਸਾਰਹਿ ਬੇਦੁ ਸਮਾਲਹਿ ਬਿਖੁ ਭੂਲੇ ਲੇਖਾਰੀ ॥੫॥ ਕਲਰ ਖੇਤੀ ਤਰਵਰ ਕੰਠੇ ਬਾਗਾ ਪਹਿਰਹਿ ਕਜਲੁ ਝਰੈ ॥ ਏਹੁ ਸੰਸਾਰੁ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਬਿ ਜਰੈ ॥੬॥ ਰਯਤਿ ਰਾਜੇ ਕਹਾ ਸਬਾਏ ਦੁਹੁ ਅੰਤਰਿ ਸੋ ਜਾਸੀ ॥ ਕਹਤ ਨਾਨਕੁ ਗੁਰ ਸਚੇ ਕੀ ਪਉੜੀ ਰਹਸੀ ਅਲਖੁ ਨਿਵਾਸੀ ॥੭॥੩॥੧੧॥ {ਪੰਨਾ 1015-1016}

ਪਦ ਅਰਥ: ਨਾ ਜਾਣਾ = ਮੈਂ ਨਹੀਂ ਸਮਝਦਾ। ਰੰਗੇ = ਰੰਗਿ ਹੀ, ਪ੍ਰੇਮ-ਰੰਗ ਵਿਚ ਹੀ। ਰਾਤਾ = ਰੰਗਿਆ ਹੋਇਆ। ਅਨਦਿਨੁ = ਹਰ ਰੋਜ਼। ਵਖਾਣਾ = ਮੈਂ ਸਿਮਰਦਾ ਹਾਂ।1।

ਬਾਬਾ = ਹੇ ਪ੍ਰਭੂ! ਹਾ = ਮੈਂ ਹਾਂ। ਨਾਵੈ = (ਤੇਰੇ) ਨਾਮ ਤੋਂ। ਜਾਉ = ਮੈਂ ਜਾਂਦਾ ਹਾਂ। ਦਾਨਾ = (ਸਭ ਦੇ ਦਿਲਾਂ ਦੀ) ਜਾਣਨ ਵਾਲਾ। ਬੀਨਾ = (ਸਭ ਜੀਵਾਂ ਦੇ ਕੰਮਾਂ ਨੂੰ) ਵੇਖਣ ਵਾਲਾ। ਨਾਮਿ = ਨਾਮ ਦੀ ਰਾਹੀਂ। ਤਰਾਉ = ਤਰਉਂ, ਮੈਂ ਪਾਰ ਲੰਘ ਸਕਦਾ ਹਾਂ।1। ਰਹਾਉ।

ਮੂਰਖਾ ਸਿਰਿ ਮੂਰਖੁ = ਸਭ ਤੋਂ ਵੱਡਾ ਮੂਰਖ। ਜਿ = ਜਿਹੜਾ।2।

ਦੁਆਰੈ = ਦਰ ਤੇ। ਪਲੈ ਨ ਪਾਇ = ਨਹੀਂ ਮਿਲ ਸਕਦਾ। ਭਾਣੈ = ਰਜ਼ਾ ਵਿਚ, ਮਰਜ਼ੀ ਵਿਚ (ਤੁਰਿਆਂ) । ਮਨਿ = ਮਨ ਵਿਚ। ਅਹਿ = ਦਿਨ। ਨਿਸਿ = ਰਾਤ। ਲਿਵ ਲਾਇ = ਸੁਰਤਿ ਜੋੜ ਕੇ।3।

ਤੇ = ਉਹ ਬੰਦੇ। ਪਾਸੈ = ਪਾਸੇ ਵਿਚ, ਚਉਪੜ ਦੀ ਖੇਡ ਵਿਚ। ਏਕਾ ਸਾਰੀ = ਇਕੋ ਹੀ ਨਰਦ, ਇਕੋ ਮਾਇਆ ਦੀ ਤ੍ਰਿਸ਼ਨਾ ਦੀ ਨਰਦ।4।

ਜਗਿ = ਜਗਤ ਵਿਚ। ਭਰਮਿ = ਭਟਕਣਾ ਵਿਚ। ਭੁਲਾਨਾ = (ਜੀਵਨ-ਰਾਹ ਤੋਂ) ਭੁੱਲਾ ਹੋਇਆ। ਪੜਹਿ = ਪੜ੍ਹਦੇ ਹਨ। ਗਾਵਾਰੀ = ਮੂਰਖਾਂ ਦੀ ਵਿੱਦਿਆ। ਨਾਉ = ਪਰਮਾਤਮਾ ਦਾ ਨਾਮ। ਸਮਾਲਹਿ = ਸਾਂਭਦੇ ਹਨ, ਚੇਤੇ ਰੱਖਦੇ ਹਨ। ਬਿਖੁ = ਜ਼ਹਿਰ, ਮਾਇਆ ਦੀ ਤ੍ਰਿਸ਼ਨਾ ਜੋ ਆਤਮਕ ਜੀਵਨ ਵਾਸਤੇ ਜ਼ਹਿਰ ਸਮਾਨ ਹੈ। ਲੇਖਾਰੀ = ਵਿਦਵਾਨ।5।

ਕੰਠੇ = ਦਰੀਆ ਦੇ ਕੰਢੇ। ਬਾਗਾ = ਚਿੱਟੇ ਕਪੜੇ। ਝਰੈ = ਝੜਦਾ ਹੈ, ਉਡ ਉਡ ਕੇ ਪੈਂਦਾ ਹੈ। ਤਿਸੈ ਕੀ = ਤ੍ਰਿਸ਼ਨਾ ਦੀ। ਪੈਸੈ = ਪੈਂਦਾ ਹੈ, ਕਾਬੂ ਆ ਜਾਂਦਾ ਹੈ। ਜਰੈ = ਸੜਦਾ ਹੈ।6।

ਰਯਤਿ = ਪਰਜਾ, ਜਨਤਾ। ਕਹਾ = ਕਿਥੇ ਗਏ? ਸਬਾਏ = ਸਾਰੇ। ਦੁਹੁ ਅੰਤਰਿ = ਜ਼ਿਮੀ ਆਸਮਾਨ ਦੇ ਅੰਦਰ, ਇਹ ਦੁਨੀਆ ਵਿਚ। ਜਾਸੀ = ਨਾਸ ਹੋ ਜਾਇਗਾ। ਰਹਸੀ = ਸਦਾ ਟਿਕਿਆ ਰਹੇਗਾ, ਅਟੱਲ ਆਤਮਕ ਜੀਵਨ ਵਾਲਾ ਹੋ ਜਾਇਗਾ। ਨਿਵਾਸੀ = ਨਿਵਾਸ ਰੱਖਣ ਵਾਲਾ, ਸੁਰਤਿ ਜੋੜੀ ਰੱਖਣ ਵਾਲਾ।7।

ਅਰਥ: ਹੇ ਪ੍ਰਭੂ! (ਤੇਰੇ ਨਾਮ ਤੋਂ ਖੁੰਝ ਕੇ) ਮੈਂ ਮਤਿ-ਹੀਨ ਰਹਿੰਦਾ ਹਾਂ (ਕਿਉਂਕਿ ਮੈਨੂੰ ਇਹ ਸਮਝ ਨਹੀਂ ਹੁੰਦੀ ਕਿ ਇਸ ਸੰਸਾਰ-ਸਮੁੰਦਰ ਤੋਂ) ਮੈਂ ਤੇਰੇ ਨਾਮ ਵਿਚ ਜੁੜ ਕੇ ਹੀ ਪਾਰ ਲੰਘ ਸਕਦਾ ਹਾਂ। ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ (ਤੇਰੇ ਨਾਮ ਦੀ ਬਰਕਤਿ ਨਾਲ ਹੀ ਮੈਨੂੰ ਸਮਝ ਆਉਂਦੀ ਹੈ ਕਿ) ਤੂੰ ਸਾਡਾ ਸਿਰਜਨਹਾਰ ਹੈਂ, ਤੂੰ ਸਾਡੇ ਦਿਲ ਦੀ ਜਾਣਦਾ ਹੈਂ, ਤੂੰ ਸਾਡੇ ਕੰਮਾਂ ਨੂੰ ਹਰ ਵੇਲੇ ਵੇਖਦਾ ਹੈਂ।1। ਰਹਾਉ।

ਮੈਂ ਨਹੀਂ ਸਮਝ ਸਕਦਾ ਕਿ ਜੇਹੜਾ (ਬੰਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ) ਉਹ ਮੂਰਖ (ਕਿਵੇਂ) ਹੈ, ਤੇ ਜੇਹੜਾ ਮਨੁੱਖ ਨਾਮ ਨਹੀਂ ਸਿਮਰਦਾ ਉਹ ਸਿਆਣਾ ਕਿਵੇਂ ਹੈ। (ਅਸਲ ਸਿਆਣਪ ਨਾਮ ਸਿਮਰਨ ਵਿਚ ਹੈ, ਇਸ ਵਾਸਤੇ) ਮੈਂ ਹਰ ਵੇਲੇ ਪ੍ਰਭੂ ਦਾ ਨਾਮ ਸਿਮਰਦਾ ਹਾਂ ਤੇ ਸਦਾ ਮਾਲਕ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹਾਂ।1।

ਪਰ ਚਾਹੇ ਕੋਈ ਮੂਰਖ ਹੈ ਚਾਹੇ ਕੋਈ ਸਿਆਣਾ ਹੈ (ਹਰੇਕ ਵਿਚ) ਇਕੋ ਪਰਮਾਤਮਾ ਹੀ ਵੱਸਦਾ ਹੈ। ਮੂਰਖ ਤੇ ਸਿਆਣਾ ਦੋ ਵਖ ਵਖ ਨਾਮ ਹਨ ਜੋਤਿ ਦੋਹਾਂ ਵਿਚ ਇਕੋ ਹੀ ਹੈ। ਜੇਹੜਾ ਆਦਮੀ ਪਰਮਾਤਮਾ ਦਾ ਨਾਮ ਸਿਮਰਨਾ ਨਹੀਂ ਕਬੂਲਦਾ, ਉਹ ਮਹਾ ਮੂਰਖ ਹੈ।2।

ਪਰਮਾਤਮਾ ਦਾ ਨਾਮ ਗੁਰੂ ਦੇ ਦਰ ਤੋਂ ਮਿਲਦਾ ਹੈ, ਗੁਰੂ ਦੀ ਸਰਨ ਤੋਂ ਬਿਨਾ ਪ੍ਰਭੂ-ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜੇ ਗੁਰੂ ਦੇ ਹੁਕਮ ਵਿਚ ਤੁਰ ਕੇ ਮਨੁੱਖ ਦੇ ਮਨ ਵਿਚ ਨਾਮ ਵੱਸ ਪਏ, ਤਾਂ ਉਹ ਦਿਨ ਰਾਤ ਨਾਮ ਵਿਚ ਸੁਰਤਿ ਜੋੜੀ ਰੱਖਦਾ ਹੈ।3।

ਜੇਹੜੇ ਬੰਦੇ ਰਾਜ, ਰੰਗ-ਤਮਾਸ਼ੇ, ਰੂਪ, ਮਾਲ-ਧਨ ਤੇ ਜਵਾਨੀ = ਸਿਰਫ਼ ਇਹੀ ਵਿਹਾਝਦੇ ਰਹਿੰਦੇ ਹਨ ਉਹਨਾਂ ਨੂੰ ਜੁਆਰੀਏ ਸਮਝੋ। ਪਰ ਉਹਨਾਂ ਦੇ ਭੀ ਕੀਹ ਵੱਸ?) ਪ੍ਰਭੂ ਦੇ ਹੁਕਮ ਵਿਚ ਬੱਝੇ ਹੋਏ ਉਹ (ਮਾਇਕ ਪਦਾਰਥਾਂ ਦੀ) ਚਉਪੜ ਖੇਡ ਖੇਡਦੇ ਰਹਿੰਦੇ ਹਨ, ਇਕੋ ਮਾਇਆ ਦੀ ਤ੍ਰਿਸ਼ਨਾ ਹੀ ਉਹਨਾਂ ਦੀ ਨਰਦ ਹੈ।4।

ਜੇਹੜਾ ਬੰਦਾ ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝਿਆ ਜਾ ਰਿਹਾ ਹੈ ਉਹੀ ਜਗਤ ਵਿਚ ਚਾਤੁਰ ਤੇ ਸਿਆਣਾ ਮੰਨਿਆ ਜਾਂਦਾ ਹੈ; ਪੜ੍ਹਦੇ ਹਨ (ਮਾਇਆ ਕਮਾਣ ਵਾਲੀ) ਮੂਰਖਾਂ ਦੀ ਵਿੱਦਿਆ, ਪਰ ਆਪਣਾ ਨਾਮ ਸਦਾਂਦੇ ਹਨ 'ਪੰਡਿਤ'। (ਇਹ ਪੰਡਿਤ) ਪਰਮਾਤਮਾ ਦਾ ਨਾਮ ਭੁਲਾ ਦੇਂਦੇ ਹਨ; ਤੇ ਆਪਣੇ ਵਲੋਂ ਵੇਦ (ਆਦਿਕ ਧਰਮ ਪੁਸਤਕਾਂ) ਨੂੰ ਸੰਭਾਲ ਰਹੇ ਹਨ, ਇਹ ਵਿਦਵਾਨ ਆਤਮਕ ਜੀਵਨ ਦੀ ਮੌਤ ਲਿਆਉਣ ਵਾਲੀ ਮਾਇਆ ਦੇ ਜ਼ਹਿਰ ਵਿਚ ਭੁੱਲੇ ਪਏ ਹਨ।5।

ਕੱਲਰ ਵਿਚ ਖੇਤੀ ਬੀਜ ਕੇ ਫ਼ਸਲ ਦੀ ਆਸ ਵਿਅਰਥ ਹੈ, ਦਰਿਆ ਕੰਢੇ ਉੱਗੇ ਹੋਏ ਰੁੱਖਾਂ ਨੂੰ ਆਸਰਾ ਬਨਾਣਾ ਭੁੱਲ ਹੈ, ਜਿਥੇ ਕਾਲਖ ਉਡ ਉਡ ਕੇ ਪੈਂਦੀ ਹੋਵੇ ਉਥੇ ਜੇਹੜੇ ਬੰਦੇ ਚਿੱਟੇ ਕੱਪੜੇ ਪਹਿਨਦੇ ਹਨ (ਤੇ ਉਹਨਾਂ ਉਤੇ ਕਾਲਖ ਨਾਹ ਲੱਗਣ ਦੀ ਆਸ ਰੱਖਦੇ ਹਨ ਉਹ ਭੁੱਲੇ ਹੋਏ ਹਨ, ਇਸ ਤਰ੍ਹਾਂ) ਇਹ ਜਗਤ ਤ੍ਰਿਸ਼ਨਾ ਦੀ ਕੋਠੀ ਹੈ ਇਸ ਵਿਚ ਜੇਹੜਾ ਫਸ ਜਾਂਦਾ ਹੈ (ਉਹ ਨਿਕਲ ਨਹੀਂ ਸਕਦਾ) ਉਹ ਅਹੰਕਾਰ ਵਿਚ (ਗ਼ਰਕ ਹੁੰਦਾ ਹੈ, ਉਸ ਦਾ ਆਤਮਕ ਜੀਵਨ ਤ੍ਰਿਸ਼ਨਾ-ਅੱਗ ਵਿਚ) ਸੜ ਜਾਂਦਾ ਹੈ।6।

ਰਾਜੇ ਤੇ (ਰਾਜਿਆਂ ਦੀ) ਪਰਜਾ = ਇਹ ਸਭ ਕਿੱਥੇ ਹਨ? (ਸਭ ਆਪੋ ਆਪਣੀ ਵਾਰੀ ਕੂਚ ਕਰ ਜਾਂਦੇ ਹਨ) । ਇਸ ਦੁਨੀਆ ਵਿਚ ਜੋ ਜੰਮਦਾ ਹੈ ਉਹ ਅੰਤ ਇਥੋਂ ਚਲਾ ਜਾਂਦਾ ਹੈ) ਪਰ ਮਾਇਆ ਦੀ ਤ੍ਰਿਸ਼ਨਾ ਵਿਚ ਫਸ ਕੇ ਜਨਮ ਮਰਨ ਦਾ ਗੇੜ ਭੀ ਸਹੇੜ ਲੈਂਦਾ ਹੈ) । ਨਾਨਕ ਆਖਦਾ ਹੈ– ਜੇਹੜਾ ਮਨੁੱਖ ਅਭੁੱਲ ਗੁਰੂ ਦੀ ਪਉੜੀ ਦਾ ਆਸਰਾ ਲੈਂਦਾ ਹੈ (ਭਾਵ, ਜੋ ਨਾਮ ਸਿਮਰਦਾ ਹੈ, ਤੇ ਸਿਮਰਨ ਦੀ ਪਉੜੀ ਦੀ ਰਾਹੀਂ) ਅਲੱਖ ਪ੍ਰਭੂ ਦੇ ਚਰਨਾਂ ਵਿਚ ਸੁਰਤਿ ਜੋੜੀ ਰੱਖਦਾ ਹੈ ਉਹ ਅਟੱਲ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ।7।3।11।

ਨੋਟ: 'ਘਰੁ 2' ਦੀਆਂ 3 ਅਸਟਪਦੀਆਂ, 'ਘਰੁ 1' ਦੀਆਂ 8। ਕੁੱਲ ਜੋੜ 11 ਹੈ।

TOP OF PAGE

Sri Guru Granth Darpan, by Professor Sahib Singh