ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 1016 ਮਾਰੂ ਮਹਲਾ ੩ ਘਰੁ ੫ ਅਸਟਪਦੀ ੴ ਸਤਿਗੁਰ ਪ੍ਰਸਾਦਿ ॥ ਜਿਸ ਨੋ ਪ੍ਰੇਮੁ ਮੰਨਿ ਵਸਾਏ ॥ ਸਾਚੈ ਸਬਦਿ ਸਹਜਿ ਸੁਭਾਏ ॥ ਏਹਾ ਵੇਦਨ ਸੋਈ ਜਾਣੈ ਅਵਰੁ ਕਿ ਜਾਣੈ ਕਾਰੀ ਜੀਉ ॥੧॥ ਆਪੇ ਮੇਲੇ ਆਪਿ ਮਿਲਾਏ ॥ ਆਪਣਾ ਪਿਆਰੁ ਆਪੇ ਲਾਏ ॥ ਪ੍ਰੇਮ ਕੀ ਸਾਰ ਸੋਈ ਜਾਣੈ ਜਿਸ ਨੋ ਨਦਰਿ ਤੁਮਾਰੀ ਜੀਉ ॥੧॥ ਰਹਾਉ ॥ ਦਿਬ ਦ੍ਰਿਸਟਿ ਜਾਗੈ ਭਰਮੁ ਚੁਕਾਏ ॥ ਗੁਰ ਪਰਸਾਦਿ ਪਰਮ ਪਦੁ ਪਾਏ ॥ ਸੋ ਜੋਗੀ ਇਹ ਜੁਗਤਿ ਪਛਾਣੈ ਗੁਰ ਕੈ ਸਬਦਿ ਬੀਚਾਰੀ ਜੀਉ ॥੨॥ ਸੰਜੋਗੀ ਧਨ ਪਿਰ ਮੇਲਾ ਹੋਵੈ ॥ ਗੁਰਮਤਿ ਵਿਚਹੁ ਦੁਰਮਤਿ ਖੋਵੈ ॥ ਰੰਗ ਸਿਉ ਨਿਤ ਰਲੀਆ ਮਾਣੈ ਅਪਣੇ ਕੰਤ ਪਿਆਰੀ ਜੀਉ ॥੩॥ {ਪੰਨਾ 1016} ਪਦ ਅਰਥ: ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਮੰਨਿ = ਮਨ, ਮਨ ਵਿਚ। ਸਾਚੈ ਸਬਦਿ = ਸਦਾ-ਥਿਰ ਸ਼ਬਦ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪਿਆਰ ਵਿਚ। ਏਹਾ ਵੇਦਨ = ਇਹ (ਪ੍ਰੇਮ ਦੀ) ਚੋਭ। ਵੇਦਨ = ਵੇਦਨਾ, ਪੀੜਾ, ਚੋਭ। ਸੋਈ = ਉਹੀ ਮਨੁੱਖ। ਕਿ ਜਾਣੈ = ਕੀਹ ਜਾਣਦਾ ਹੈ? ਨਹੀਂ ਜਾਣ ਸਕਦਾ। ਕਾਰੀ = ਇਲਾਜ। ਜੀਉ = ਹੇ ਭਾਈ!।1। ਆਪੇ = (ਪ੍ਰਭੂ) ਆਪ ਹੀ। ਮੇਲੇ, ਮਿਲਾਏ = ਮਿਲਾਂਦਾ ਹੈ। ਸਾਰ = ਕਦਰ। ਨਦਰਿ = ਮਿਹਰ ਦੀ ਨਿਗਾਹ।1। ਰਹਾਉ। ਦਿਬ = {idÒX = Divine} ਦੇਵਤਿਆਂ ਵਾਲੀ, ਰੱਬੀ, ਆਤਮਕ ਜੀਵਨ ਦਾ ਚਾਨਣ ਦੇਣ ਵਾਲੀ। ਦ੍ਰਿਸ਼ਟਿ = ਨਜ਼ਰ, ਨਿਗਾਹ। ਭਰਮੁ = ਭਟਕਣ। ਚੁਕਾਏ = ਦੂਰ ਕਰ ਦੇਂਦੀ ਹੈ। ਪਰਸਾਦਿ = ਕਿਰਪਾ ਨਾਲ। ਪਰਮ ਪਦੁ = ਸਭ ਤੋਂ ਉੱਚਾ ਦਰਜਾ। ਜੁਗਤਿ = ਢੰਗ, ਤਰੀਕਾ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਬੀਚਾਰੀ = ਵਿਚਾਰਵਾਨ, ਉੱਚੇ ਜੀਵਨ ਦੀ ਸੂਝ ਵਾਲਾ।2। ਸੰਜੋਗੀ = ਸੰਜੋਗੀਂ, ਸੰਜੋਗਾਂ ਨਾਲ, ਪਰਮਾਤਮਾ ਦੇ ਮਿਥੇ ਸਬੱਬ ਨਾਲ, ਪਿਛਲੇ ਸੰਸਕਾਰਾਂ ਅਨੁਸਾਰ। ਧਨ = ਜੀਵ-ਇਸਤ੍ਰੀ। ਪਿਰ = ਪਿਤਾ, ਪ੍ਰਭੂ-ਪਤੀ। ਗੁਰਮਤਿ = ਗੁਰੂ ਦੀ ਸਿੱਖਿਆ ਲੈ ਕੇ। ਵਿਚਹੁ = ਆਪਣੇ ਅੰਦਰੋਂ। ਦੁਰਮਤਿ = ਖੋਟੀ ਮਤਿ। ਰੰਗ ਸਿਉ = ਪ੍ਰੇਮ ਨਾਲ। ਕੰਤ ਪਿਆਰੀ = ਕੰਤ ਦੀ ਪਿਆਰੀ।3। ਅਰਥ: ਹੇ ਭਾਈ! ਪਰਮਾਤਮਾ ਆਪ (ਜੀਵ ਨੂੰ ਆਪਣੇ ਚਰਨਾਂ ਨਾਲ) ਜੋੜਦਾ ਹੈ, ਆਪ ਹੀ ਮਿਲਾਂਦਾ ਹੈ। (ਜੀਵ ਦੇ ਹਿਰਦੇ ਵਿਚ) ਆਪਣਾ ਪਿਆਰ ਪਰਮਾਤਮਾ ਆਪ ਹੀ ਪੈਦਾ ਕਰਦਾ ਹੈ। ਹੇ ਪ੍ਰਭੂ! (ਤੇਰੇ) ਪਿਆਰ ਦੀ ਕਦਰ (ਭੀ) ਉਹੀ ਜੀਵ ਜਾਣ ਸਕਦਾ ਹੈ, ਜਿਸ ਉਤੇ ਤੇਰੀ ਮਿਹਰ ਦੀ ਨਿਗਾਹ ਹੁੰਦੀ ਹੈ।1। ਰਹਾਉ। ਹੇ ਭਾਈ! (ਪਰਮਾਤਮਾ) ਜਿਸ ਮਨੁੱਖ ਦੇ ਮਨ ਵਿਚ (ਆਪਣਾ) ਪਿਆਰ ਵਸਾਂਦਾ ਹੈ, ਉਹ ਮਨੁੱਖ ਪ੍ਰਭੂ ਦੀ ਸਦਾ-ਥਿਰ ਸਿਫ਼ਤਿ-ਸਾਲਾਹ ਦੀ ਬਾਣੀ ਵਿਚ (ਜੁੜਿਆ ਰਹਿੰਦਾ ਹੈ) , ਆਤਮਕ ਅਡੋਲਤਾ ਵਿਚ (ਟਿਕਿਆ ਰਹਿੰਦਾ ਹੈ) ਪ੍ਰਭੂ-ਪਿਆਰ ਵਿਚ (ਲੀਨ ਰਹਿੰਦਾ ਹੈ) (ਪ੍ਰੇਮ ਦੀ ਚੋਭ ਦਾ ਇਹੀ ਇਲਾਜ ਹੈ) । ਉਹੀ ਮਨੁੱਖ ਇਸ ਚੋਭ ਨੂੰ ਸਮਝਦਾ ਹੈ, ਕੋਈ ਹੋਰ ਮਨੁੱਖ (ਜਿਸ ਦੇ ਅੰਦਰ ਇਹ ਚੋਭ ਨਹੀਂ ਹੈ, ਇਸ ਚੋਭ ਦਾ) ਇਲਾਜ ਨਹੀਂ ਜਾਣਦਾ।1। (ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਆਪਣਾ ਪਿਆਰ ਵਸਾਂਦਾ ਹੈ ਉਸ ਦੇ ਅੰਦਰ) ਆਤਮਕ ਜੀਵਨ ਦਾ ਚਾਨਣ ਦੇਣ ਵਾਲੀ ਨਿਗਾਹ ਜਾਗ ਪੈਂਦੀ ਹੈ (ਅਤੇ ਉਹ ਨਿਗਾਹ ਉਸ ਦੀ) ਭਟਕਣਾ ਦੂਰ ਕਰ ਦੇਂਦੀ ਹੈ। ਗੁਰੂ ਦੀ ਕਿਰਪਾ ਨਾਲ (ਉਹ ਮਨੁੱਖ) ਸਭ ਤੋਂ ਉੱਚਾ ਆਤਮਕ ਜੀਵਨ ਦਾ ਦਰਜਾ ਪ੍ਰਾਪਤ ਕਰ ਲੈਂਦਾ ਹੈ। (ਜਿਹੜਾ ਮਨੁੱਖ) ਇਸ ਜੁਗਤਿ ਨੂੰ ਸਮਝ ਲੈਂਦਾ ਹੈ ਉਹ (ਸਹੀ ਅਰਥਾਂ ਵਿਚ) ਜੋਗੀ ਹੈ; ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਉੱਚੇ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ।2। ਹੇ ਭਾਈ! ਚੰਗੇ ਭਾਗਾਂ ਨਾਲ ਜਿਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ, ਉਹ ਗੁਰੂ ਦੀ ਮਤਿ ਉੱਤੇ ਤੁਰ ਕੇ ਆਪਣੇ ਅੰਦਰੋਂ ਖੋਟੀ ਮਤਿ ਨਾਸ ਕਰ ਦੇਂਦੀ ਹੈ, ਉਹ ਪ੍ਰੇਮ ਦਾ ਸਦਕਾ ਪ੍ਰਭੂ ਪਤੀ ਨਾਲ ਆਤਮਕ ਮਿਲਾਪ ਦਾ ਆਨੰਦ ਮਾਣਦੀ ਹੈ, ਉਹ ਆਪਣੇ ਪ੍ਰਭੂ-ਪਤੀ ਦੀ ਲਾਡਲੀ ਬਣ ਜਾਂਦੀ ਹੈ।3। ਸਤਿਗੁਰ ਬਾਝਹੁ ਵੈਦੁ ਨ ਕੋਈ ॥ ਆਪੇ ਆਪਿ ਨਿਰੰਜਨੁ ਸੋਈ ॥ ਸਤਿਗੁਰ ਮਿਲਿਐ ਮਰੈ ਮੰਦਾ ਹੋਵੈ ਗਿਆਨ ਬੀਚਾਰੀ ਜੀਉ ॥੪॥ ਏਹੁ ਸਬਦੁ ਸਾਰੁ ਜਿਸ ਨੋ ਲਾਏ ॥ ਗੁਰਮੁਖਿ ਤ੍ਰਿਸਨਾ ਭੁਖ ਗਵਾਏ ॥ ਆਪਣ ਲੀਆ ਕਿਛੂ ਨ ਪਾਈਐ ਕਰਿ ਕਿਰਪਾ ਕਲ ਧਾਰੀ ਜੀਉ ॥੫॥ ਅਗਮ ਨਿਗਮੁ ਸਤਿਗੁਰੂ ਦਿਖਾਇਆ ॥ ਕਰਿ ਕਿਰਪਾ ਅਪਨੈ ਘਰਿ ਆਇਆ ॥ ਅੰਜਨ ਮਾਹਿ ਨਿਰੰਜਨੁ ਜਾਤਾ ਜਿਨ ਕਉ ਨਦਰਿ ਤੁਮਾਰੀ ਜੀਉ ॥੬॥ ਗੁਰਮੁਖਿ ਹੋਵੈ ਸੋ ਤਤੁ ਪਾਏ ॥ ਆਪਣਾ ਆਪੁ ਵਿਚਹੁ ਗਵਾਏ ॥ ਸਤਿਗੁਰ ਬਾਝਹੁ ਸਭੁ ਧੰਧੁ ਕਮਾਵੈ ਵੇਖਹੁ ਮਨਿ ਵੀਚਾਰੀ ਜੀਉ ॥੭॥ {ਪੰਨਾ 1016} ਪਦ ਅਰਥ: ਬਾਝਹੁ = ਬਿਨਾ। ਵੈਦੁ = (ਪ੍ਰੇਮ ਦੀ ਚੋਭ ਦਾ ਇਲਾਜ ਕਰਨ ਵਾਲਾ) ਹਕੀਮ। ਆਪੇ = ਆਪ ਹੀ। ਨਿਰੰਜਨੁ = {ਨਿਰ-ਅੰਜਨੁ, ਮਾਇਆ ਦੇ ਮੋਹ ਦੀ ਕਾਲਖ ਤੋਂ ਰਹਿਤ} ਨਿਰਲੇਪ। ਸਤਿਗੁਰ ਮਿਲਿਐ = ਜੇ ਗੁਰੂ ਮਿਲ ਪਏ। ਮੰਦਾ = ਭੈੜਾ। ਗਿਆਨ ਬੀਚਾਰੀ = ਉੱਚੇ ਆਤਮਕ ਜੀਵਨ ਦੀ ਵਿਚਾਰ ਕਰ ਸਕਣ ਵਾਲਾ।4। ਸਾਰੁ = ਸ੍ਰ੍ਰੇਸ਼ਟ। ਗੁਰਮੁਖਿ = ਗੁਰੂ ਦੀ ਸਰਨ ਪਾ ਕੇ। ਗਵਾਏ = ਦੂਰ ਕਰ ਦੇਂਦਾ ਹੈ। ਆਪਣ ਲੀਆ = ਆਪਣੇ ਉੱਦਮ ਨਾਲ ਹਾਸਲ ਕੀਤਾ ਹੋਇਆ। ਕਲ = ਸਤਾ। ਧਾਰੀ = ਧਾਰਦਾ ਹੈ, ਪਾਂਦਾ ਹੈ।5। ਅਗਮ = ਆਗਮ, ਸ਼ਾਸਤ੍ਰ। ਨਿਗਮੁ = ਵੇਦ। ਅਗਮ ਨਿਗਮੁ = ਸ਼ਾਸਤ੍ਰਾਂ ਵੇਦਾਂ ਦਾ (ਇਹ) ਤੱਤ (ਕਿ 'ਆਪਣ ਲੀਆ ਕਿਛੂ ਨ ਪਾਈਐ, ਕਰਿ ਕਿਰਪਾ ਕਲ ਧਾਰੀ ਜੀਉ') । ਸਤਿਗੁਰੂ = ਗੁਰੂ ਦੀ ਰਾਹੀਂ। ਕਰਿ = ਕਰ ਕੇ। ਅਪਨੈ ਘਰਿ = ਆਪਣੇ ਅਸਲ ਘਰ ਵਿਚ, ਪ੍ਰਭੂ ਦੇ ਚਰਨਾਂ ਵਿਚ। ਅੰਜਨ ਮਾਹਿ = ਮਾਇਆ ਦੇ ਪਸਾਰੇ ਵਿਚ। ਜਿਨ ਕਉ = ਜਿਨ੍ਹਾਂ ਉਤੇ।6। ਗੁਰਮੁਖਿ = ਗੁਰੂ ਦੇ ਸਨਮੁਖ। ਸੋ = ਉਹ ਮਨੁੱਖ। ਤਤੁ = ਨਿਚੋੜ, ਅਸਲ ਸਿੱਟਾ। ਆਪੁ = ਆਪਾ-ਭਾਵ। ਧੰਧੁ = ਮਾਇਆ ਦੇ ਮੋਹ ਵਿਚ ਫਸਾਣ ਵਾਲਾ ਕੰਮ-ਕਾਰ। ਮਨਿ = ਮਨ ਵਿਚ। ਵੀਚਾਰੀ = ਵਿਚਾਰਿ, ਵਿਚਾਰ ਕੇ।7। ਅਰਥ: ਹੇ ਭਾਈ! (ਪ੍ਰੇਮ ਦੀ ਚੋਭ ਦਾ ਇਲਾਜ ਕਰਨ ਵਾਲਾ) ਹਕੀਮ ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਹੈ (ਜਿਸ ਦਾ ਇਲਾਜ ਗੁਰੂ ਕਰ ਦੇਂਦਾ ਹੈ, ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਉਹ ਨਿਰਲੇਪ ਪਰਮਾਤਮਾ ਆਪ ਹੀ ਆਪ (ਹਰ ਥਾਂ ਮੌਜੂਦ ਹੈ) । ਹੇ ਭਾਈ! ਜੇ ਗੁਰੂ ਮਿਲ ਪਏ ਤਾਂ (ਮਨੁੱਖ ਦੇ ਅੰਦਰੋਂ) ਭੈੜ ਮਿਟ ਜਾਂਦਾ ਹੈ, ਮਨੁੱਖ ਉੱਚੇ ਆਤਮਕ ਜੀਵਨ ਦੀ ਵਿਚਾਰ ਕਰਨ ਜੋਗਾ ਹੋ ਜਾਂਦਾ ਹੈ।4। ਹੇ ਭਾਈ ! ਗੁਰੂ ਦਾ ਇਹ ਸ੍ਰੇਸ਼ਟ ਸ਼ਬਦ ਜਿਸ ਦੇ ਹਿਰਦੇ ਵਿਚ ਪਰਮਾਤਮਾ ਵਸਾ ਦੇਂਦਾ ਹੈ, (ਉਸ ਨੂੰ) ਗੁਰੂ ਦੀ ਸਰਨ ਪਾ ਕੇ (ਉਸ ਦੇ ਅੰਦਰੋਂ) ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁੱਖ ਦੂਰ ਕਰ ਦੇਂਦਾ ਹੈ। ਹੇ ਭਾਈ! ਆਪਣੀ ਅਕਲ ਦੇ ਜ਼ੋਰ (ਆਤਮਕ ਜੀਵਨ ਦਾ) ਕੁਝ ਭੀ ਹਾਸਲ ਨਹੀਂ ਕਰ ਸਕੀਦਾ। ਪਰਮਾਤਮਾ ਆਪ ਹੀ ਮਿਹਰ ਕਰ ਕੇ ਇਹ ਸੱਤਾ (ਮਨੁੱਖ ਦੇ ਅੰਦਰ) ਪਾਂਦਾ ਹੈ।5। (ਹੇ ਜੋਗੀ! ਇਹ ਨਿਸ਼ਚਾ ਕਿ "ਆਪਣ...ਧਾਰੀ ਜੀਉ" = ਇਹੀ ਹੈ ਸਾਡੇ ਵਾਸਤੇ 'ਅਗਮ ਨਿਗਮੁ') ਪ੍ਰਭੂ ਨੇ ਕਿਰਪਾ ਕਰ ਕੇ ਗੁਰੂ ਦੀ ਰਾਹੀਂ (ਜਿਸ ਮਨੁੱਖ ਨੂੰ ਇਹ) 'ਅਗਮ ਨਿਗਮੁ' ਵਿਖਾ ਦਿੱਤਾ, ਉਹ ਮਨੁੱਖ ਆਪਣੇ ਅਸਲ ਘਰ ਵਿਚ ਆ ਟਿਕਦਾ ਹੈ। ਹੇ ਪ੍ਰਭੂ! ਜਿਨ੍ਹਾਂ ਉੱਤੇ ਤੇਰੀ ਮਿਹਰ ਦੀ ਨਿਗਾਹ ਹੁੰਦੀ ਹੈ, ਉਹ ਮਨੁੱਖ ਇਸ ਮਾਇਆ ਦੇ ਪਸਾਰੇ ਵਿਚ ਤੈਨੂੰ ਨਿਰਲੇਪ ਨੂੰ ਵੱਸਦਾ ਪਛਾਣ ਲੈਂਦੇ ਹਨ।6। ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ (ਇਹ) ਅਸਲੀਅਤ ਲੱਭ ਲੈਂਦਾ ਹੈ, ਉਹ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਦੇਂਦਾ ਹੈ। ਹੇ ਭਾਈ! ਆਪਣੇ ਮਨ ਵਿਚ ਵਿਚਾਰ ਕਰ ਕੇ ਵੇਖ ਲੈ ਕਿ ਗੁਰੂ ਦੀ ਸਰਨ ਪੈਣ ਤੋਂ ਬਿਨਾ ਹਰੇਕ ਜੀਵ ਮਾਇਆ ਦੇ ਮੋਹ ਵਿਚ ਫਸਾਣ ਵਾਲੀ ਦੌੜ-ਭੱਜ ਹੀ ਕਰ ਰਿਹਾ ਹੈ।7। ਇਕਿ ਭ੍ਰਮਿ ਭੂਲੇ ਫਿਰਹਿ ਅਹੰਕਾਰੀ ॥ ਇਕਨਾ ਗੁਰਮੁਖਿ ਹਉਮੈ ਮਾਰੀ ॥ ਸਚੈ ਸਬਦਿ ਰਤੇ ਬੈਰਾਗੀ ਹੋਰਿ ਭਰਮਿ ਭੁਲੇ ਗਾਵਾਰੀ ਜੀਉ ॥੮॥ ਗੁਰਮੁਖਿ ਜਿਨੀ ਨਾਮੁ ਨ ਪਾਇਆ ॥ ਮਨਮੁਖਿ ਬਿਰਥਾ ਜਨਮੁ ਗਵਾਇਆ ॥ ਅਗੈ ਵਿਣੁ ਨਾਵੈ ਕੋ ਬੇਲੀ ਨਾਹੀ ਬੂਝੈ ਗੁਰ ਬੀਚਾਰੀ ਜੀਉ ॥੯॥ ਅੰਮ੍ਰਿਤ ਨਾਮੁ ਸਦਾ ਸੁਖਦਾਤਾ ॥ ਗੁਰਿ ਪੂਰੈ ਜੁਗ ਚਾਰੇ ਜਾਤਾ ॥ ਜਿਸੁ ਤੂ ਦੇਵਹਿ ਸੋਈ ਪਾਏ ਨਾਨਕ ਤਤੁ ਬੀਚਾਰੀ ਜੀਉ ॥੧੦॥੧॥ {ਪੰਨਾ 1016} ਪਦ ਅਰਥ: ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਭ੍ਰਮਿ = ਭੁਲੇਖੇ ਵਿਚ। ਭੂਲੇ = ਕੁਰਾਹੇ ਪਏ ਹੋਏ। ਇਕਨਾ = ਕਈ ਮਨੁੱਖਾਂ ਨੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ। ਰਤੇ = ਰੰਗੇ ਹੋਏ। ਬੈਰਾਗੀ = ਮਾਇਆ ਦੇ ਮੋਹ ਤੋਂ ਉਪਰਾਮ, (ਜੋਗੀਆਂ ਦਾ ਇਕ ਫ਼ਿਰਕਾ) । ਹੋਰਿ = {ਲਫ਼ਜ਼ 'ਹੋਰ' ਤੋਂ ਬਹੁ-ਵਚਨ}। ਗਵਾਰੀ = ਮੂਰਖ, ਅੰਞਾਣ।8। ਮਨਮੁਖਿ = ਮਨ ਦੇ ਮੁਰੀਦ ਬੰਦਿਆਂ ਨੇ। ਬਿਰਥਾ = ਵਿਅਰਥ। ਅਗੈ = ਪਰਲੋਕ ਵਿਚ। ਕੋ = ਕੋਈ। ਬੇਲੀ = ਮਦਦਗਾਰ। ਗੁਰ ਬੀਚਾਰੀ = ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ। ਬੂਝੈ = ਸਮਝਦਾ ਹੈ।9। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਜੁਗ ਚਾਰੇ = ਚਹੁੰਆਂ ਜੁਗਾਂ ਵਿਚ, ਸਦਾ ਹੀ। ਜਾਤਾ = ਜਾਣਿਆ ਜਾਂਦਾ ਹੈ, ਸਮਝ ਪੈਂਦੀ ਹੈ। ਤੂ ਦੇਵਹਿ = (ਹੇ ਪ੍ਰਭੂ!) ਤੂੰ ਦੇਂਦਾ ਹੈਂ। ਨਾਨਕ = ਹੇ ਨਾਨਕ! ਤਤੁ ਬੀਚਾਰੀ = ਅਸਲੀਅਤ ਨੂੰ ਸਮਝਣ ਵਾਲਾ।10। ਅਰਥ: ਹੇ ਭਾਈ! ਕਈ ਐਸੇ ਹਨ ਜੋ ਭੁਲੇਖੇ ਵਿਚ ਪੈ ਕੇ ਕੁਰਾਹੇ ਪਏ ਹੋਏ (ਆਪਣੇ ਇਸ ਗ਼ਲਤ ਤਿਆਗ ਤੇ ਹੀ) ਮਾਣ ਕਰਦੇ ਫਿਰਦੇ ਹਨ। ਕਈ ਐਸੇ ਹਨ ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਲਈ ਹੈ। ਹੇ ਭਾਈ! ਅਸਲ ਬੈਰਾਗੀ ਉਹ ਹਨ ਜਿਹੜੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਰੰਗੇ ਹੋਏ ਹਨ, ਬਾਕੀ ਦੇ ਮੂਰਖ (ਆਪਣੇ ਤਿਆਗ ਦੇ) ਭੁਲੇਖੇ ਵਿਚ ਕੁਰਾਹੇ ਪਏ ਹੋਏ ਹਨ।8। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਕੀਤਾ, ਉਹਨਾਂ ਮਨ ਦੇ ਮੁਰੀਦਾਂ ਨੇ ਆਪਣੀ ਜ਼ਿੰਦਗੀ ਵਿਅਰਥ ਗਵਾ ਲਈ ਹੈ। ਹੇ ਭਾਈ! ਪਰਲੋਕ ਵਿਚ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਸਹਾਈ ਨਹੀਂ ਹੈ। ਪਰ ਇਸ ਗੱਲ ਨੂੰ ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ ਹੀ (ਕੋਈ ਵਿਰਲਾ ਮਨੁੱਖ) ਸਮਝਦਾ ਹੈ।9। ਹੇ ਨਾਨਕ! (ਆਖ– ਹੇ ਪ੍ਰਭੂ!) ਤੇਰਾ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਅਨੰਦ ਦੇਣ ਵਾਲਾ ਹੈ। ਸਦਾ ਤੋਂ ਪੂਰੇ ਗੁਰੂ ਦੀ ਰਾਹੀਂ ਹੀ (ਤੇਰੇ ਇਸ ਨਾਮ ਨਾਲ) ਸਾਂਝ ਪੈਂਦੀ ਆ ਰਹੀ ਹੈ। ਹੇ ਪ੍ਰਭੂ! ਉਹੀ ਮਨੁੱਖ ਤੇਰਾ ਨਾਮ ਪ੍ਰਾਪਤ ਕਰਦਾ ਹੈ ਜਿਸ ਨੂੰ ਤੂੰ ਆਪ (ਇਹ ਦਾਤਿ) ਦੇਂਦਾ ਹੈਂ। ਉਹੀ ਮਨੁੱਖ ਅਸਲ ਜੀਵਨ-ਭੇਦ ਨੂੰ ਸਮਝਣ ਜੋਗਾ ਹੁੰਦਾ ਹੈ।10।1। ਨੋਟ: ਇਹ ਸ਼ਬਦ ਜੋਗੀਆਂ ਬੈਰਾਗੀਆਂ ਦੇ ਪਰਥਾਇ ਹੈ। ਗੁਰੂ ਦਾ ਸ਼ਬਦ ਇਹ ਦੱਸਦਾ ਹੈ ਕਿ 'ਅੰਜਨ' ਦੇ ਵਿਚ ਰਹਿ ਕੇ ਹੀ 'ਨਿਰੰਜਨ' ਨੂੰ ਹਰ ਥਾਂ ਵੱਸਦਾ ਵੇਖਣਾ ਹੈ– ਇਹੀ ਹੈ ਸਿੱਖ ਵਾਸਤੇ 'ਅਗਮ ਨਿਗਮੁ'। |
![]() |
![]() |
![]() |
![]() |
Sri Guru Granth Darpan, by Professor Sahib Singh |