ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 1017 ਮਾਰੂ ਮਹਲਾ ੫ ਘਰੁ ੩ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਲਖ ਚਉਰਾਸੀਹ ਭ੍ਰਮਤੇ ਭ੍ਰਮਤੇ ਦੁਲਭ ਜਨਮੁ ਅਬ ਪਾਇਓ ॥੧॥ ਰੇ ਮੂੜੇ ਤੂ ਹੋਛੈ ਰਸਿ ਲਪਟਾਇਓ ॥ ਅੰਮ੍ਰਿਤੁ ਸੰਗਿ ਬਸਤੁ ਹੈ ਤੇਰੈ ਬਿਖਿਆ ਸਿਉ ਉਰਝਾਇਓ ॥੧॥ ਰਹਾਉ ॥ ਰਤਨ ਜਵੇਹਰ ਬਨਜਨਿ ਆਇਓ ਕਾਲਰੁ ਲਾਦਿ ਚਲਾਇਓ ॥੨॥ ਜਿਹ ਘਰ ਮਹਿ ਤੁਧੁ ਰਹਨਾ ਬਸਨਾ ਸੋ ਘਰੁ ਚੀਤਿ ਨ ਆਇਓ ॥੩॥ ਅਟਲ ਅਖੰਡ ਪ੍ਰਾਣ ਸੁਖਦਾਈ ਇਕ ਨਿਮਖ ਨਹੀ ਤੁਝੁ ਗਾਇਓ ॥੪॥ ਜਹਾ ਜਾਣਾ ਸੋ ਥਾਨੁ ਵਿਸਾਰਿਓ ਇਕ ਨਿਮਖ ਨਹੀ ਮਨੁ ਲਾਇਓ ॥੫॥ ਪੁਤ੍ਰ ਕਲਤ੍ਰ ਗ੍ਰਿਹ ਦੇਖਿ ਸਮਗ੍ਰੀ ਇਸ ਹੀ ਮਹਿ ਉਰਝਾਇਓ ॥੬॥ ਜਿਤੁ ਕੋ ਲਾਇਓ ਤਿਤ ਹੀ ਲਾਗਾ ਤੈਸੇ ਕਰਮ ਕਮਾਇਓ ॥੭॥ ਜਉ ਭਇਓ ਕ੍ਰਿਪਾਲੁ ਤਾ ਸਾਧਸੰਗੁ ਪਾਇਆ ਜਨ ਨਾਨਕ ਬ੍ਰਹਮੁ ਧਿਆਇਓ ॥੮॥੧॥ {ਪੰਨਾ 1017} ਪਦ ਅਰਥ: ਭ੍ਰਮਤੇ ਭ੍ਰਮਤੇ = ਭਟਕਦਿਆਂ। ਦੁਲਭ = ਮੁਸ਼ਕਿਲ ਨਾਲ ਮਿਲਣ ਵਾਲਾ। ਅਬ = ਹੁਣ।1। ਰੇ ਮੂੜੇ = ਹੇ ਮੂਰਖ! ਹੋਛੈ ਰਸਿ = ਹੋਛੇ ਰਸ ਵਿਚ, ਨਾਸਵੰਤ (ਪਦਾਰਥਾਂ ਦੇ) ਸੁਆਦ ਵਿਚ। ਲਪਟਾਇਓ = ਫਸਿਆ ਹੋਇਆ ਹੈਂ। ਅੰਮ੍ਰਿਤੁ = ਅਟੱਲ ਜੀਵਨ ਦੇਣ ਵਾਲਾ ਨਾਮ-ਜਲ। ਤੇਰੈ ਸੰਗਿ = ਤੇਰੇ ਨਾਲ, ਤੇਰੇ ਅੰਦਰ। ਬਿਖਿਆ = ਮਾਇਆ। ਸਿਉ = ਨਾਲ। ਉਰਝਾਇਓ = ਉਲਝਿਆ ਹੋਇਆ, ਰੁੱਝਾ ਹੋਇਆ।1। ਰਹਾਉ। ਬਨਜਨਿ ਆਇਓ = ਵਿਹਾਝਣ ਆਇਆ। ਕਾਲਰੁ = ਕੱਲਰ। ਲਾਦਿ = ਲੱਦ ਕੇ।2। ਜਿਹ = ਜਿਸ। ਮਹਿ = ਵਿਚ। ਚੀਤਿ = ਚਿੱਤ ਵਿਚ। ਘਰੁ = ਘਰ ਮਹਿ = {ਨੋਟ: ਲਫ਼ਜ਼ 'ਘਰੁ' ਅਤੇ 'ਘਰ' ਦੀ ਵਿਆਕਰਣਿਕ ਸ਼ਕਲ ਦਾ ਖ਼ਿਆਲ ਰੱਖਣਾ}।3। ਅਟਲ = ਅਟੱਲ, ਕਦੇ ਨਾਹ ਟਲਣ ਵਾਲਾ। ਅਖੰਡ = ਅਬਿਨਾਸੀ। ਨਿਮਖ = {inmy = } ਅੱਖ ਝਮਕਣ ਜਿਤਨਾ ਸਮਾਂ।4। ਜਹਾ = ਜਿੱਥੇ। ਵਿਸਾਰਿਓ = (ਤੂੰ) ਭੁਲਾ ਦਿੱਤਾ ਹੈ। ਲਾਇਓ = ਜੋੜਿਆ।5। ਕਲਤ੍ਰ = ਇਸਤ੍ਰੀ। ਗ੍ਰਿਹ ਸਮਗ੍ਰੀ = ਘਰ ਦਾ ਸਾਮਾਨ। ਦੇਖਿ = ਵੇਖ ਕੇ। ਇਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਇਸੁ' ਦਾ ੁ ਉੱਡ ਗਿਆ ਹੈ}।6। ਜਿਤੁ = ਜਿਸ (ਕੰਮ) ਵਿਚ। ਕੋ = ਕੋਈ (ਜੀਵ) । ਲਾਇਓ = ਲਾਇਆ ਗਿਆ ਹੈ। ਤਿਤ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਤੁ' ਦਾ ੁ ਉੱਡ ਗਿਆ ਹੈ}। ਤੈਸੇ = ਉਹੋ ਜਿਹੇ।7। ਜਉ = ਜਦੋਂ। ਕ੍ਰਿਪਾਲੁ = ਦਇਆਵਾਨ। ਤਾ = ਤਾਂ, ਤਦੋਂ।8। ਅਰਥ: ਹੇ ਮੂਰਖ! ਤੂੰ ਨਾਸਵੰਤ (ਪਦਾਰਥਾਂ ਦੇ) ਸੁਆਦ ਵਿਚ ਫਸਿਆ ਰਹਿੰਦਾ ਹੈਂ। ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਤੇਰੇ ਅੰਦਰ ਵੱਸਦਾ ਹੈ (ਤੂੰ ਉਸ ਨੂੰ ਛੱਡ ਕੇ ਆਤਮਕ ਮੌਤ ਲਿਆਉਣ ਵਾਲੀ) ਮਾਇਆ ਦੇ ਨਾਲ ਚੰਬੜਿਆ ਹੋਇਆ ਹੈਂ।1। ਰਹਾਉ। ਹੇ ਮੂਰਖ! ਚੌਰਾਸੀ ਲੱਖ ਜੂਨਾਂ ਵਿਚ ਭੌਂਦਿਆਂ ਭੌਦਿਆਂ ਹੁਣ ਤੈਨੂੰ ਕੀਮਤੀ ਮਨੁੱਖਾ ਜਨਮ ਮਿਲਿਆ ਹੈ।1। ਹੇ ਮੂਰਖ! ਤੂੰ ਆਇਆ ਸੈਂ ਰਤਨ ਤੇ ਜਵਾਹਰ ਖ਼ਰੀਦਣ ਲਈ, ਪਰ ਤੂੰ ਇੱਥੋਂ ਕੱਲਰ ਲੱਦ ਕੇ ਹੀ ਤੁਰ ਪਿਆ ਹੈਂ।2। ਹੇ ਮੂਰਖ! ਜਿਸ ਘਰ ਵਿਚ ਤੂੰ ਸਦਾ ਰਹਿਣਾ-ਵੱਸਣਾ ਹੈ, ਉਹ ਘਰ ਕਦੇ ਤੇਰੇ ਚਿੱਤ-ਚੇਤੇ ਹੀ ਨਹੀਂ ਆਇਆ।3। ਹੇ ਮੂਰਖ! ਤੂੰ ਅੱਖ ਝਮਕਣ ਜਿਤਨੇ ਸਮੇ ਵਾਸਤੇ ਭੀ ਕਦੇ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਕੀਤੀ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਅਬਿਨਾਸੀ ਹੈ, ਜੋ ਜਿੰਦ ਦੇਣ ਵਾਲਾ ਹੈ ਤੇ ਜੋ ਸਾਰੇ ਸੁਖ ਦੇਣ ਵਾਲਾ ਹੈ।4। ਹੇ ਮੂਰਖ! ਜਿਸ ਥਾਂ ਆਖ਼ਰ ਜ਼ਰੂਰ ਜਾਣਾ ਹੈ ਉਸ ਵਲ ਤਾਂ ਤੂੰ ਅੱਖ ਦੇ ਝਮਕਣ ਜਿਤਨੇ ਸਮੇ ਲਈ ਭੀ ਕਦੇ ਧਿਆਨ ਨਹੀਂ ਦਿੱਤਾ।5। ਹੇ ਮੂਰਖ! ਪੁੱਤਰ, ਇਸਤ੍ਰੀ ਤੇ ਘਰ ਦਾ ਸਾਮਾਨ ਵੇਖ ਕੇ ਇਸ ਦੇ ਮੋਹ ਵਿਚ ਹੀ ਤੂੰ ਫਸਿਆ ਪਿਆ ਹੈਂ।6। (ਪਰ ਜੀਵ ਦੇ ਭੀ ਕੀਹ ਵੱਸ!) ਜਿਸ (ਕੰਮ) ਵਿਚ ਕੋਈ ਜੀਵ (ਪਰਮਾਤਮਾ ਵੱਲੋਂ) ਲਾਇਆ ਜਾਂਦਾ ਹੈ ਉਸ ਵਿਚ ਉਹ ਲੱਗਾ ਰਹਿੰਦਾ ਹੈ, ਉਹੋ ਜਿਹੇ ਕੰਮ ਹੀ ਉਹ ਕਰਦਾ ਰਹਿੰਦਾ ਹੈ।7। ਹੇ ਦਾਸ ਨਾਨਕ! (ਆਖ-) ਜਦੋਂ ਪਰਮਾਤਮਾ ਕਿਸੇ ਜੀਵ ਉਤੇ ਦਇਆਵਾਨ ਹੁੰਦਾ ਹੈ, ਤਦੋਂ ਉਸ ਨੂੰ ਗੁਰੂ ਦਾ ਸਾਥ ਪ੍ਰਾਪਤ ਹੁੰਦਾ ਹੈ, ਤੇ, ਉਹ ਪਰਮਾਤਮਾ ਵਿਚ ਸੁਰਤਿ ਜੋੜਦਾ ਹੈ।8।1। ਮਾਰੂ ਮਹਲਾ ੫ ॥ ਕਰਿ ਅਨੁਗ੍ਰਹੁ ਰਾਖਿ ਲੀਨੋ ਭਇਓ ਸਾਧੂ ਸੰਗੁ ॥ ਹਰਿ ਨਾਮ ਰਸੁ ਰਸਨਾ ਉਚਾਰੈ ਮਿਸਟ ਗੂੜਾ ਰੰਗੁ ॥੧॥ ਮੇਰੇ ਮਾਨ ਕੋ ਅਸਥਾਨੁ ॥ ਮੀਤ ਸਾਜਨ ਸਖਾ ਬੰਧਪੁ ਅੰਤਰਜਾਮੀ ਜਾਨੁ ॥੧॥ ਰਹਾਉ ॥ ਸੰਸਾਰ ਸਾਗਰੁ ਜਿਨਿ ਉਪਾਇਓ ਸਰਣਿ ਪ੍ਰਭ ਕੀ ਗਹੀ ॥ ਗੁਰ ਪ੍ਰਸਾਦੀ ਪ੍ਰਭੁ ਅਰਾਧੇ ਜਮਕੰਕਰੁ ਕਿਛੁ ਨ ਕਹੀ ॥੨॥ ਮੋਖ ਮੁਕਤਿ ਦੁਆਰਿ ਜਾ ਕੈ ਸੰਤ ਰਿਦਾ ਭੰਡਾਰੁ ॥ ਜੀਅ ਜੁਗਤਿ ਸੁਜਾਣੁ ਸੁਆਮੀ ਸਦਾ ਰਾਖਣਹਾਰੁ ॥੩॥ ਦੂਖ ਦਰਦ ਕਲੇਸ ਬਿਨਸਹਿ ਜਿਸੁ ਬਸੈ ਮਨ ਮਾਹਿ ॥ ਮਿਰਤੁ ਨਰਕੁ ਅਸਥਾਨ ਬਿਖੜੇ ਬਿਖੁ ਨ ਪੋਹੈ ਤਾਹਿ ॥੪॥ ਰਿਧਿ ਸਿਧਿ ਨਵ ਨਿਧਿ ਜਾ ਕੈ ਅੰਮ੍ਰਿਤਾ ਪਰਵਾਹ ॥ ਆਦਿ ਅੰਤੇ ਮਧਿ ਪੂਰਨ ਊਚ ਅਗਮ ਅਗਾਹ ॥੫॥ {ਪੰਨਾ 1017} ਪਦ ਅਰਥ: ਕਰਿ = ਕਰ ਕੇ। ਅਨੁਗ੍ਰਹੁ = ਕਿਰਪਾ, ਦਇਆ। ਸਾਧੂ ਸੰਗੁ = ਗੁਰੂ ਦਾ ਮਿਲਾਪ। ਰਸੁ = ਸੁਆਦ। ਰਸਨਾ = ਜੀਭ (ਨਾਲ) । ਮਿਸਟ = ਮਿੱਠਾ।1। ਮਾਨ ਕੋ ਅਸਥਾਨੁ = ਮਨ ਦਾ ਸਹਾਰਾ। ਸਖਾ = ਸਾਥੀ। ਬੰਧਪੁ = ਰਿਸ਼ਤੇਦਾਰ। ਜਾਨੁ = ਸੁਜਾਨ, ਸਭ ਕੁਝ ਜਾਣਨ ਵਾਲਾ।1। ਰਹਾਉ। ਸਾਗਰੁ = ਸਮੁੰਦਰ। ਜਿਨਿ = ਜਿਸ (ਪ੍ਰਭੂ) ਨੇ। ਗਹੀ = ਫੜੀ। ਪ੍ਰਸਾਦੀ = ਪ੍ਰਸਾਦਿ, ਕਿਰਪਾ ਨਾਲ। ਅਰਾਧੇ = ਆਰਾਧਨ ਕਰਦਾ ਹੈ। ਕੰਕਰੁ = {ikzkr} ਦਾਸ। ਜਮ ਕੰਕਰੁ = ਜਮਦੂਤ।2। ਮੋਖ = ਮੁਕਤੀ। ਦੁਆਰਿ ਜਾ ਕੈ = ਜਿਸ ਦੇ ਦਰ ਤੇ। ਭੰਡਾਰੁ = ਖ਼ਜ਼ਾਨਾ। ਜੀਅ ਜੁਗਤਿ = ਆਤਮਕ ਜੀਵਨ ਜੀਊਣ ਦੀ ਜਾਚ।3। ਬਿਨਸਹਿ = ਨਾਸ ਹੋ ਜਾਂਦੇ ਹਨ। ਮਾਹਿ = ਵਿਚ। ਮਿਰਤੁ = ਮੌਤ। ਅਸਥਾਨ ਬਿਖੜੇ = ਔਖੇ ਥਾਂ। ਬਿਖੁ = ਜ਼ਹਿਰ, ਆਤਮਕ ਮੌਤ ਲਿਆਉਣ ਵਾਲੀ ਮਾਇਆ। ਨ ਪੋਹੈ– ਅਸਰ ਨਹੀਂ ਕਰ ਸਕਦੀ। ਤਾਹਿ = ਉਸ ਨੂੰ।4। ਰਿਧਿ ਸਿਧਿ = ਕਰਾਮਾਤੀ ਤਾਕਤਾਂ। ਨਵਨਿਧਿ = ਜਗਤ ਦੇ ਸਾਰੇ ਹੀ ਨੌ ਖ਼ਜ਼ਾਨੇ। ਜਾ ਕੈ = ਜਿਸ ਦੇ ਘਰ ਵਿਚ। ਅੰਮ੍ਰਿਤਾ ਪਰਵਾਹ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਚਸ਼ਮੇ। ਆਦਿ = ਜਗਤ ਦੇ ਸ਼ੁਰੂ ਵਿਚ। ਅੰਤੇ = ਜਗਤ ਦੇ ਅੰਤ ਵਿਚ। ਮਧਿ = ਜਗਤ ਦੀ ਹੋਂਦ ਦੇ ਸਮੇ ਵਿਚ। ਪੂਰਨ = ਵਿਆਪਕ। ਅਗਮ = ਅਪਹੁੰਚ। ਅਗਾਹ = ਅਥਾਹ।5। ਅਰਥ: ਹੇ ਭਾਈ! ਸਭ ਦੇ ਦਿਲ ਦੀ ਜਾਣਨ ਵਾਲਾ ਸੁਜਾਨ ਪਰਮਾਤਮਾ ਹੀ ਸਦਾ ਮੇਰੇ ਮਨ ਦਾ ਸਹਾਰਾ ਹੈ। ਉਹੀ ਮੇਰਾ ਮਿੱਤਰ ਹੈ, ਉਹੀ ਮੇਰਾ ਸੱਜਣ ਹੈ, ਉਹੀ ਮੇਰਾ ਸਾਥੀ ਹੈ, ਉਹੀ ਮੇਰਾ ਰਿਸ਼ਤੇਦਾਰ ਹੈ।1। ਰਹਾਉ। ਹੇ ਭਾਈ! ਦਇਆ ਕਰ ਕੇ ਜਿਸ ਮਨੁੱਖ ਦੀ ਰੱਖਿਆ ਪਰਮਾਤਮਾ ਕਰਦਾ ਹੈ, ਉਸ ਨੂੰ ਗੁਰੂ ਦਾ ਮਿਲਾਪ ਹੁੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਹੈ, ਉਹ ਆਪਣੀ ਜੀਭ ਨਾਲ ਪ੍ਰਭੂ ਦਾ ਨਾਮ ਜਪਦਾ ਹੈ, (ਉਸ ਦੇ ਮਨ ਉਤੇ ਪਰਮਾਤਮਾ ਦੇ ਪਿਆਰ ਦਾ) ਮਿੱਠਾ ਗੂੜ੍ਹਾ ਰੰਗ ਚੜ੍ਹਿਆ ਰਹਿੰਦਾ ਹੈ।1। ਹੇ ਭਾਈ! (ਜਿਸ ਮਨੁੱਖ ਨੇ) ਉਸ ਪ੍ਰਭੂ ਦਾ ਆਸਰਾ ਲਿਆ ਹੈ ਜਿਸ ਨੇ ਇਹ ਸੰਸਾਰ-ਸਮੁੰਦਰ ਪੈਦਾ ਕੀਤਾ ਹੈ, ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਆਰਾਧਨ ਕਰਦਾ ਰਹਿੰਦਾ ਹੈ, ਉਸ ਨੂੰ ਜਮਦੂਤ ਭੀ ਕੁਝ ਨਹੀਂ ਆਖਦਾ।2। ਹੇ ਭਾਈ! ਮਾਲਕ-ਪ੍ਰਭੂ ਸਦਾ ਰੱਖਿਆ ਕਰਨ ਦੀ ਸਮਰਥਾ ਵਾਲਾ ਹੈ, ਉਹ ਸੁਜਾਨ ਪ੍ਰਭੂ ਹੀ ਆਤਮਕ ਜੀਵਨ ਜੀਊਣ ਦੀ ਜਾਚ ਸਿਖਾਂਦਾ ਹੈ ਜਿਸ ਦੇ ਦਰ ਤੇ ਮੁਕਤੀ ਟਿਕੀ ਰਹਿੰਦੀ ਹੈ, ਜਿਸ ਦਾ ਖ਼ਜ਼ਾਨਾ ਸੰਤ ਜਨਾਂ ਦਾ ਹਿਰਦਾ ਹੈ (ਜੋ ਸੰਤ ਜਨਾਂ ਦੇ ਹਿਰਦੇ ਵਿਚ ਸਦਾ ਵੱਸਦਾ ਹੈ) ।3। ਹੇ ਭਾਈ! ਪਰਮਾਤਮਾ ਜਿਸ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ ਉਸ ਦੇ ਸਾਰੇ ਦੁੱਖ ਦਰਦ ਤੇ ਕਲੇਸ਼ ਮਿਟ ਜਾਂਦੇ ਹਨ। ਆਤਮਕ ਮੌਤ, ਨਰਕ, ਹੋਰ ਔਖੇ ਥਾਂ, ਆਤਮਕ ਮੌਤ ਲਿਆਉਣ ਵਾਲੀ ਮਾਇਆ = ਇਹਨਾਂ ਵਿਚੋਂ ਕੋਈ ਭੀ ਉਸ ਉਤੇ ਆਪਣਾ ਅਸਰ ਨਹੀਂ ਪਾ ਸਕਦਾ।4। ਹੇ ਭਾਈ! ਜਿਸ ਪਰਮਾਤਮਾ ਦੇ ਘਰ ਵਿਚ ਸਾਰੀਆਂ ਕਰਾਮਾਤੀ ਤਾਕਤਾਂ ਹਨ, ਤੇ ਸਾਰੇ ਹੀ ਖ਼ਜ਼ਾਨੇ ਹਨ, ਜਿਸ ਦੇ ਘਰ ਵਿਚ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਚਸ਼ਮੇ ਚੱਲ ਰਹੇ ਹਨ, ਉਹੀ ਪਰਮਾਤਮਾ ਜਗਤ ਦੇ ਸ਼ੁਰੂ ਵਿਚ, ਅੰਤ ਵਿਚ, ਵਿਚਕਾਰਲੇ ਸਮੇ ਵਿਚ ਹਰ ਵੇਲੇ ਮੌਜੂਦ ਹੈ। ਉਹ ਪਰਮਾਤਮਾ ਸਭ ਤੋਂ ਉੱਚਾ ਹੈ, ਅਪਹੁੰਚ ਹੈ, ਤੇ ਅਥਾਹ ਹੈ।5। ਸਿਧ ਸਾਧਿਕ ਦੇਵ ਮੁਨਿ ਜਨ ਬੇਦ ਕਰਹਿ ਉਚਾਰੁ ॥ ਸਿਮਰਿ ਸੁਆਮੀ ਸੁਖ ਸਹਜਿ ਭੁੰਚਹਿ ਨਹੀ ਅੰਤੁ ਪਾਰਾਵਾਰੁ ॥੬॥ ਅਨਿਕ ਪ੍ਰਾਛਤ ਮਿਟਹਿ ਖਿਨ ਮਹਿ ਰਿਦੈ ਜਪਿ ਭਗਵਾਨ ॥ ਪਾਵਨਾ ਤੇ ਮਹਾ ਪਾਵਨ ਕੋਟਿ ਦਾਨ ਇਸਨਾਨ ॥੭॥ ਬਲ ਬੁਧਿ ਸੁਧਿ ਪਰਾਣ ਸਰਬਸੁ ਸੰਤਨਾ ਕੀ ਰਾਸਿ ॥ ਬਿਸਰੁ ਨਾਹੀ ਨਿਮਖ ਮਨ ਤੇ ਨਾਨਕ ਕੀ ਅਰਦਾਸਿ ॥੮॥੨॥ {ਪੰਨਾ 1017} ਪਦ ਅਰਥ: ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਦੇਵ = ਦੇਵਤੇ। ਮੁਨਿਜਨ = ਮੋਨ-ਧਾਰੀ ਸਾਧੂ। ਬੇਦ ਕਰਹਿ ਉਚਾਰੁ = (ਉਹ ਪੰਡਿਤ ਜਿਹੜੇ) ਵੇਦਾਂ ਦਾ ਉਚਾਰਨ ਕਰਦੇ ਹਨ। ਸਿਮਰਿ = ਸਿਮਰ ਕੇ (ਹੀ) । ਸੁਆਮੀ = ਮਾਲਕ। ਸਹਜਿ = ਆਤਮਕ ਅਡੋਲਤਾ ਵਿਚ (ਟਿਕ ਕੇ) । ਸੁਖ ਭੁੰਚਹਿ = ਆਤਮਕ ਆਨੰਦ ਮਾਣਦੇ ਹਨ। ਪਾਰਾਵਾਰੁ = ਪਾਰ ਅਵਾਰੁ, ਪਾਰਲਾ ਉਰਲਾ ਬੰਨਾ।6। ਪ੍ਰਾਛਤ = ਪਾਪ। ਮਿਟਹਿ = ਮਿਟ ਜਾਂਦੇ ਹਨ। ਰਿਦੈ = ਹਿਰਦੇ ਵਿਚ। ਜਪਿ = ਜਪ ਕੇ। ਪਾਵਨ = ਪਵਿੱਤਰ ਕਰਨ ਵਾਲਾ। ਕੋਟਿ = ਕ੍ਰੋੜਾਂ।7। ਸੁਧਿ = ਸੂਝ। ਪਰਾਣ = ਜਿੰਦ। ਸਰਬਸੁ = {svL-Ôv = ਸਾਰਾ ਧਨ} ਸਭ ਕੁਝ। ਰਾਸਿ = ਸਰਮਾਇਆ। ਬਿਸਰੁ ਨਾਹੀ = ਨਾਹ ਭੁੱਲ। ਨਿਮਖ = {inmy = } ਅੱਖ ਝਮਕਣ ਜਿਤਨਾ ਸਮਾ। ਤੇ = ਤੋਂ। ਅਰਦਾਸਿ = ਬੇਨਤੀ।8। ਅਰਥ: ਹੇ ਭਾਈ! ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਜੋਗ-ਸਾਧਨ ਕਰਨ ਵਾਲੇ ਜੋਗੀ, ਦੇਵਤੇ, ਮੋਨ-ਧਾਰੀ ਸਾਧੂ, (ਉਹ ਪੰਡਿਤ ਜੋ) ਵੇਦਾਂ ਦਾ ਪਾਠ ਕਰਦੇ ਰਹਿੰਦੇ ਹਨ– (ਕੋਈ ਭੀ ਹੋਣ) ਮਾਲਕ-ਪ੍ਰਭੂ (ਦਾ ਨਾਮ) ਸਿਮਰ ਕੇ (ਹੀ) ਆਤਮਕ ਅਡੋਲਤਾ ਵਿਚ ਆਨੰਦ ਮਾਣ ਸਕਦੇ ਹਨ, (ਐਸਾ ਆਨੰਦ ਜਿਸ ਦਾ) ਅੰਤ ਨਹੀਂ (ਜੋ ਕਦੇ ਮੁੱਕਦਾ ਨਹੀਂ) ਜਿਸ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।6। ਹੇ ਭਾਈ! ਹਿਰਦੇ ਵਿਚ ਭਗਵਾਨ (ਦਾ ਨਾਮ) ਜਪ ਕੇ ਇਕ ਛਿਨ ਵਿਚ ਹੀ ਅਨੇਕਾਂ ਪਾਪ ਮਿਟ ਜਾਂਦੇ ਹਨ। ਭਗਵਾਨ (ਦਾ ਨਾਮ ਹੀ) ਸਭ ਤੋਂ ਵਧੀਕ ਪਵਿੱਤਰ ਹੈ, ਨਾਮ-ਸਿਮਰਨ ਹੀ ਕ੍ਰੋੜਾਂ ਦਾਨ ਹਨ ਤੇ ਕ੍ਰੋੜਾਂ ਤੀਰਥ-ਇਸ਼ਨਾਨ ਹਨ।7। ਹੇ ਭਾਈ! ਪਰਮਾਤਮਾ ਦਾ ਨਾਮ ਹੀ ਸੰਤ ਜਨਾਂ ਦਾ ਸਰਮਾਇਆ ਹੈ, ਬਲ ਹੈ, ਬੁੱਧੀ ਹੈ, ਸੂਝ-ਬੂਝ ਹੈ, ਜਿੰਦ ਹੈ, ਇਹੀ ਉਹਨਾਂ ਦਾ ਸਭ ਕੁਝ ਹੈ। ਨਾਨਕ ਦੀ ਭੀ ਇਹੀ ਬੇਨਤੀ ਹੈ– ਹੇ ਪ੍ਰਭੂ! ਮੇਰੇ ਮਨ ਤੋਂ ਤੂੰ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਭੁੱਲ।8।2। ਮਾਰੂ ਮਹਲਾ ੫ ॥ ਸਸਤ੍ਰਿ ਤੀਖਣਿ ਕਾਟਿ ਡਾਰਿਓ ਮਨਿ ਨ ਕੀਨੋ ਰੋਸੁ ॥ ਕਾਜੁ ਉਆ ਕੋ ਲੇ ਸਵਾਰਿਓ ਤਿਲੁ ਨ ਦੀਨੋ ਦੋਸੁ ॥੧॥ ਮਨ ਮੇਰੇ ਰਾਮ ਰਉ ਨਿਤ ਨੀਤਿ ॥ ਦਇਆਲ ਦੇਵ ਕ੍ਰਿਪਾਲ ਗੋਬਿੰਦ ਸੁਨਿ ਸੰਤਨਾ ਕੀ ਰੀਤਿ ॥੧॥ ਰਹਾਉ ॥ ਚਰਣ ਤਲੈ ਉਗਾਹਿ ਬੈਸਿਓ ਸ੍ਰਮੁ ਨ ਰਹਿਓ ਸਰੀਰਿ ॥ ਮਹਾ ਸਾਗਰੁ ਨਹ ਵਿਆਪੈ ਖਿਨਹਿ ਉਤਰਿਓ ਤੀਰਿ ॥੨॥ ਚੰਦਨ ਅਗਰ ਕਪੂਰ ਲੇਪਨ ਤਿਸੁ ਸੰਗੇ ਨਹੀ ਪ੍ਰੀਤਿ ॥ ਬਿਸਟਾ ਮੂਤ੍ਰ ਖੋਦਿ ਤਿਲੁ ਤਿਲੁ ਮਨਿ ਨ ਮਨੀ ਬਿਪਰੀਤਿ ॥੩॥ ਊਚ ਨੀਚ ਬਿਕਾਰ ਸੁਕ੍ਰਿਤ ਸੰਲਗਨ ਸਭ ਸੁਖ ਛਤ੍ਰ ॥ ਮਿਤ੍ਰ ਸਤ੍ਰੁ ਨ ਕਛੂ ਜਾਨੈ ਸਰਬ ਜੀਅ ਸਮਤ ॥੪॥ {ਪੰਨਾ 1017-1018} ਪਦ ਅਰਥ: ਸਸਤ੍ਰਿ = ਸ਼ਸਤ੍ਰ ਨਾਲ। ਤੀਖਣ ਸਸਤ੍ਰਿ = ਤੇਜ਼ ਸ਼ਸਤ੍ਰ ਨਾਲ। ਕਾਟਿ = ਕੱਟ ਕੇ। ਕਾਟਿ ਡਾਰਿਓ = ਕੱਟ ਸੁੱਟਿਆ। ਮਨਿ = ਮਨ ਵਿਚ। ਰੋਸੁ = ਗੁੱਸਾ। ਉਆ ਕੋ = ਉਸ (ਮਨੁੱਖ) ਦਾ। ਤਿਲੁ = ਰਤਾ ਭਰ ਭੀ। ਦੋਸੁ = ਗਿਲਾ।1। ਮਨ = ਹੇ ਮਨ! ਰਉ = ਰਮ, ਸਿਮਰ। ਨਿਤ ਨੀਤਿ = ਸਦਾ ਹੀ, ਨਿੱਤ ਨਿੱਤ। ਸੁਨਿ = (ਹੇ ਮਨ!) ਸੁਣ। ਰੀਤਿ = ਜੀਵਨ-ਮਰਯਾਦਾ।1। ਰਹਾਉ। ਚਰਣ ਤਲੈ = ਪੈਰਾਂ ਹੇਠ। ਉਗਾਹਿ = ਨੱਪ ਕੇ। ਬੈਸਿਓ = ਬਹਿ ਗਿਆ। ਸ੍ਰਮੁ = ਥਕੇਵਾਂ। ਸਰੀਰਿ = ਸਰੀਰ ਵਿਚ। ਸਾਗਰੁ = ਸਮੁੰਦਰ। ਨਹ ਵਿਆਪੈ = ਆਪਣਾ ਦਬਾਅ ਨਹੀਂ ਪਾ ਸਕਦਾ। ਖਿਨਹਿ = ਇਕ ਖਿਨ ਵਿਚ ਹੀ। ਤੀਰਿ = (ਪਾਰਲੇ) ਕੰਢੇ ਤੇ।2। ਅਗਰ = ਊਦ ਦੀ ਲੱਕੜੀ। ਸੰਗੇ = ਨਾਲ। ਖੋਦਿ = ਪੁੱਟ ਕੇ। ਤਿਲੁ ਤਿਲੁ = ਰਤਾ ਰਤਾ। ਮਨਿ = ਮਨ ਵਿਚ। ਮਨੀ = ਮੰਨੀ। ਬਿਪਰੀਤਿ = ਉਲਟੀ ਗੱਲ, ਵਿਰੋਧਤਾ।3। ਸੁਕ੍ਰਿਤ = ਭਲਾਈ। ਸੰਲਗਨ = ਇੱਕੋ ਜਿਹਾ ਲੱਗਾ ਹੋਇਆ। ਸੁਖ ਛਤ੍ਰ = ਸੁਖਾਂ ਦਾ ਛੱਤ੍ਰ। ਸਤ੍ਰੁ = ਵੈਰੀ। ਨ ਜਾਨੈ = ਨਹੀਂ ਜਾਣਦਾ {ਇਕ-ਵਚਨ}। ਸਮਤ = ਇਕ-ਸਮਾਨ। ਸਰਬ ਜੀਅ = ਸਾਰੇ ਜੀਆਂ ਨੂੰ।4। ਅਰਥ: ਹੇ ਮੇਰੇ ਮਨ! ਦਇਆਲ, ਪ੍ਰਕਾਸ਼-ਰੂਪ, ਕਿਰਪਾਲ ਗੋਬਿੰਦ ਦੇ (ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ) ਸਦਾ ਹੀ ਪਰਮਾਤਮਾ ਦਾ ਸਿਮਰਨ ਕਰਦਾ ਰਹੁ (ਉਹ ਸੰਤ ਜਨ ਕਿਹੋ ਜਿਹੇ ਹੁੰਦੇ ਹਨ? ਉਹਨਾਂ) ਸੰਤ ਜਨਾਂ ਦੀ ਜੀਵਨ-ਮਰਯਾਦਾ ਸੁਣ।1। ਰਹਾਉ। (ਹੇ ਮੇਰੇ ਮਨ! ਜਿਸ ਮਨੁੱਖ ਨੇ ਰੁੱਖ ਨੂੰ ਕਿਸੇ) ਤੇਜ਼ ਹਥਿਆਰ ਨਾਲ ਕੱਟ ਸੁੱਟਿਆ (ਰੁੱਖ ਨੇ ਆਪਣੇ) ਮਨ ਵਿਚ (ਉਸ ਉੱਤੇ) ਗੁੱਸਾ ਨਾਹ ਕੀਤਾ, (ਸਗੋਂ ਰੁੱਖ ਨੇ) ਉਸ ਦਾ ਕੰਮ ਸਵਾਰ ਦਿੱਤਾ, ਤੇ, (ਉਸ ਨੂੰ) ਰਤਾ ਭਰ ਭੀ ਕੋਈ ਦੋਸ਼ ਨਾਹ ਦਿੱਤਾ।1। (ਹੇ ਮੇਰੇ ਮਨ! ਜਿਹੜਾ ਮਨੁੱਖ ਬੇੜੀ ਨੂੰ) ਪੈਰਾਂ ਹੇਠ ਨੱਪ ਕੇ (ਉਸ ਵਿਚ) ਬਹਿ ਗਿਆ, (ਉਸ ਮਨੁੱਖ ਦੇ) ਸਰੀਰ ਵਿਚ (ਪੈਂਡੇ ਦਾ) ਥਕੇਵਾਂ ਨਾਹ ਰਿਹਾ, ਭਿਆਨਕ ਸਮੁੰਦਰ (ਦਰੀਆ ਭੀ) ਉਸ ਉੱਤੇ ਆਪਣਾ ਅਸਰ ਨਹੀਂ ਪਾ ਸਕਦਾ, (ਬੇੜੀ ਵਿਚ ਬੈਠ ਕੇ ਉਹ) ਇਕ ਖਿਨ ਵਿਚ ਹੀ (ਉਸ ਦਰੀਆ ਤੋਂ) ਪਾਰਲੇ ਕੰਢੇ ਜਾ ਉਤਰਿਆ।2। (ਹੇ ਮੇਰੇ ਮਨ! ਜਿਹੜਾ ਮਨੁੱਖ ਧਰਤੀ ਉੱਤੇ) ਚੰਦਨ ਅਗਰ ਕਪੂਰ ਨਾਲ ਲੇਪਨ (ਕਰਦਾ ਹੈ, ਧਰਤੀ) ਉਸ (ਮਨੁੱਖ) ਨਾਲ (ਕੋਈ ਖ਼ਾਸ) ਪਿਆਰ ਨਹੀਂ ਕਰਦੀ; ਤੇ (ਜਿਹੜਾ ਮਨੁੱਖ ਧਰਤੀ ਉੱਤੇ) ਗੂੰਹ ਮੂਤਰ (ਸੁੱਟਦਾ ਹੈ, ਧਰਤੀ ਨੂੰ) ਪੁੱਟ ਕੇ ਰਤਾ ਰਤਾ (ਕਰਦਾ ਹੈ, ਉਸ ਮਨੁੱਖ ਦੇ ਵਿਰੁੱਧ ਆਪਣੇ) ਮਨ ਵਿਚ (ਧਰਤੀ) ਬੁਰਾ ਨਹੀਂ ਮਨਾਂਦੀ।3। (ਹੇ ਮੇਰੇ ਮਨ!) ਕੋਈ ਉੱਚਾ ਹੋਵੇ ਨੀਵਾਂ ਹੋਵੇ, ਕੋਈ ਬੁਰਾਈ ਕਰੇ ਕੋਈ ਭਲਾਈ ਕਰੇ (ਆਕਾਸ਼ ਸਭਨਾਂ ਨਾਲ) ਇਕੋ ਜਿਹਾ ਲੱਗਾ ਰਹਿੰਦਾ ਹੈ, ਸਭਨਾਂ ਵਾਸਤੇ ਸੁਖਾਂ ਦਾ ਛਤਰ (ਬਣਿਆ ਰਹਿੰਦਾ) ਹੈ। (ਆਕਾਸ਼) ਨਾਹ ਕਿਸੇ ਨੂੰ ਮਿੱਤਰ ਸਮਝਦਾ ਹੈ ਨਾਹ ਕਿਸੇ ਨੂੰ ਵੈਰੀ, (ਆਕਾਸ਼) ਸਾਰੇ ਜੀਵਾਂ ਵਾਸਤੇ ਇੱਕ-ਸਮਾਨ ਹੈ।4। |
![]() |
![]() |
![]() |
![]() |
Sri Guru Granth Darpan, by Professor Sahib Singh |