ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1018

ਕਰਿ ਪ੍ਰਗਾਸੁ ਪ੍ਰਚੰਡ ਪ੍ਰਗਟਿਓ ਅੰਧਕਾਰ ਬਿਨਾਸ ॥ ਪਵਿਤ੍ਰ ਅਪਵਿਤ੍ਰਹ ਕਿਰਣ ਲਾਗੇ ਮਨਿ ਨ ਭਇਓ ਬਿਖਾਦੁ ॥੫॥ ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ ॥ ਜਹਾ ਸਾ ਕਿਛੁ ਤਹਾ ਲਾਗਿਓ ਤਿਲੁ ਨ ਸੰਕਾ ਮਾਨ ॥੬॥ ਸੁਭਾਇ ਅਭਾਇ ਜੁ ਨਿਕਟਿ ਆਵੈ ਸੀਤੁ ਤਾ ਕਾ ਜਾਇ ॥ ਆਪ ਪਰ ਕਾ ਕਛੁ ਨ ਜਾਣੈ ਸਦਾ ਸਹਜਿ ਸੁਭਾਇ ॥੭॥ ਚਰਣ ਸਰਣ ਸਨਾਥ ਇਹੁ ਮਨੁ ਰੰਗਿ ਰਾਤੇ ਲਾਲ ॥ ਗੋਪਾਲ ਗੁਣ ਨਿਤ ਗਾਉ ਨਾਨਕ ਭਏ ਪ੍ਰਭ ਕਿਰਪਾਲ ॥੮॥੩॥ {ਪੰਨਾ 1018}

ਪਦ ਅਰਥ: ਕਰਿ = ਕਰ ਕੇ। ਪ੍ਰਗਾਸੁ = ਪਰਕਾਸ਼, ਚਾਨਣ। ਪ੍ਰਚੰਡ = ਤੇਜ਼। ਅੰਧਕਾਰ ਬਿਨਾਸ = ਹਨੇਰੇ ਦਾ ਨਾਸ । ਮਨਿ = (ਸੂਰਜ ਦੇ) ਮਨ ਵਿਚ। ਬਿਖਾਦੁ = ਦੁੱਖ।5।

ਸੀਤ = ਠੰਢੀ। ਮੰਦ = ਹੌਲੀ ਹੌਲੀ। ਸਮਾਨ = ਇਕੋ ਜਿਹੀ। ਸਰਬ ਥਾਨ = ਸਭਨੀਂ ਥਾਈਂ। ਜਹਾ = ਜਿੱਥੇ ਭੀ। ਸਾ = ਸੀ। ਕਿਛੁ = ਕੋਈ (ਚੰਗੀ ਮੰਦੀ) ਚੀਜ਼। ਤਿਲੁ = ਰਤਾ ਭੀ। ਸੰਕਾ = ਸ਼ੰਕਾ, ਝਿਜਕ। ਨ ਮਾਨ = ਨਹੀਂ ਮੰਨਿਆ।6।

ਸੁਭਾਇ = ਚੰਗੀ ਭਾਵਨਾ ਨਾਲ। ਅਭਾਇ = ਭੈੜੀ ਭਾਵਨਾ ਨਾਲ। ਜੁ = ਜਿਹੜਾ ਕੋਈ। ਨਿਕਟਿ = ਨੇੜੇ। ਸੀਤੁ = ਪਾਲਾ। ਆਪ ਕਾ = ਆਪਣਾ। ਪਰ ਕਾ = ਪਰਾਇਆ। ਸਹਜਿ = ਅਡੋਲਤਾ ਵਿਚ। ਸੁਭਾਇ = ਚੰਗੇ ਭਾਵ ਵਿਚ।7।

ਸਨਾਥ = ਨਾਥ ਵਾਲੇ, ਖਸਮ ਵਾਲੇ। ਰੰਗਿ = ਪਿਆਰ ਵਿਚ। ਰਾਤੇ = ਰੰਗੇ ਹੋਏ। ਲਾਲ ਰੰਗਿ = ਸੋਹਣੇ ਪ੍ਰਭੂ ਦੇ ਪ੍ਰੇਮ-ਰੰਗ ਵਿਚ। ਗਾਉ = (ਹੇ ਮੇਰੇ ਮਨ!) ਗਾਇਆ ਕਰ। ਨਾਨਕ = ਹੇ ਨਾਨਕ! ਕਿਰਪਾਲ = ਦਇਆਵਾਨ।8।

ਅਰਥ: (ਹੇ ਮੇਰੇ ਮਨ! ਸੂਰਜ) ਤੇਜ਼ ਰੌਸ਼ਨੀ ਕਰ ਕੇ (ਆਕਾਸ਼ ਵਿਚ) ਪਰਗਟ ਹੁੰਦਾ ਹੈ ਅਤੇ ਹਨੇਰੇ ਦਾ ਨਾਸ ਕਰਦਾ ਹੈ। ਚੰਗੇ ਮੰਦੇ ਸਭ ਜੀਵਾਂ ਨੂੰ ਉਸ ਦੀਆਂ ਕਿਰਣਾਂ ਲੱਗਦੀਆਂ ਹਨ, (ਸੂਰਜ ਦੇ) ਮਨ ਵਿਚ (ਇਸ ਗੱਲੋਂ) ਦੁੱਖ ਨਹੀਂ ਹੁੰਦਾ।5।

ਹੇ ਮੇਰੇ ਮਨ! ਠੰਢੀ (ਹਵਾ) ਸੁਗੰਧੀ-ਭਰੀ (ਹਵਾ) ਮੱਠੀ ਮੱਠੀ ਸਭਨਾਂ ਥਾਂਵਾਂ ਵਿਚ ਇਕੋ ਜਿਹੀ ਚੱਲਦੀ ਹੈ; ਜਿੱਥੇ ਭੀ ਕੋਈ ਚੀਜ਼ ਹੋਵੇ (ਚੰਗੀ ਹੋਵੇ ਚਾਹੇ ਮੰਦੀ) ਉੱਥੇ ਹੀ (ਸਭ ਨੂੰ) ਲੱਗਦੀ ਹੈ, ਰਤਾ ਭੀ ਝਿਜਕ ਨਹੀਂ ਕਰਦੀ।6।

(ਹੇ ਮੇਰੇ ਮਨ!) ਜਿਹੜਾ ਭੀ ਮਨੁੱਖ ਚੰਗੀ ਭਾਵਨਾ ਨਾਲ ਜਾਂ ਮੰਦੀ ਭਾਵਨਾ ਨਾਲ (ਅੱਗ ਦੇ) ਨੇੜੇ ਆਉਂਦਾ ਹੈ, ਉਸ ਦਾ ਪਾਲਾ ਦੂਰ ਹੋ ਜਾਂਦਾ ਹੈ। (ਅੱਗ) ਇਹ ਗੱਲ ਬਿਲਕੁਲ ਨਹੀਂ ਜਾਣਦੀ ਕਿ ਇਹ ਆਪਣਾ ਹੈ ਇਹ ਪਰਾਇਆ ਹੈ, (ਅੱਗ) ਅਡੋਲਤਾ ਵਿਚ ਰਹਿੰਦੀ ਹੈ ਆਪਣੇ ਸੁਭਾਵ ਵਿਚ ਰਹਿੰਦੀ ਹੈ।7।

(ਹੇ ਮੇਰੇ ਮਨ! ਇਸੇ ਤਰ੍ਹਾਂ ਪਰਮਾਤਮਾ ਦੇ ਸੰਤ ਜਨ) ਪਰਮਾਤਮਾ ਦੇ ਚਰਨਾਂ ਦੀ ਸਰਨ ਵਿਚ ਰਹਿ ਕੇ ਖਸਮ ਵਾਲੇ ਬਣ ਜਾਂਦੇ ਹਨ, ਉਹ ਸੋਹਣੇ ਪ੍ਰਭੂ ਵਿਚ ਰੱਤੇ ਰਹਿੰਦੇ ਹਨ, ਉਹਨਾਂ ਦਾ ਇਹ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਰੰਗਿਆ ਰਹਿੰਦਾ ਹੈ) । (ਹੇ ਮੇਰੇ ਮਨ! ਤੂੰ ਭੀ) ਗੋਪਾਲ ਪ੍ਰਭੂ ਦੇ ਗੁਣ ਗਾਂਦਾ ਰਿਹਾ ਕਰ। ਹੇ ਨਾਨਕ! (ਜਿਹੜੇ ਗੁਣ ਗਾਂਦੇ ਹਨ, ਉਹਨਾਂ ਉੱਤੇ) ਪ੍ਰਭੂ ਜੀ ਦਇਆਵਾਨ ਹੋ ਜਾਂਦੇ ਹਨ।8।3।

ਮਾਰੂ ਮਹਲਾ ੫ ਘਰੁ ੪ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਚਾਦਨਾ ਚਾਦਨੁ ਆਂਗਨਿ ਪ੍ਰਭ ਜੀਉ ਅੰਤਰਿ ਚਾਦਨਾ ॥੧॥ ਆਰਾਧਨਾ ਅਰਾਧਨੁ ਨੀਕਾ ਹਰਿ ਹਰਿ ਨਾਮੁ ਅਰਾਧਨਾ ॥੨॥ ਤਿਆਗਨਾ ਤਿਆਗਨੁ ਨੀਕਾ ਕਾਮੁ ਕ੍ਰੋਧੁ ਲੋਭੁ ਤਿਆਗਨਾ ॥੩॥ ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ ॥੪॥ ਜਾਗਨਾ ਜਾਗਨੁ ਨੀਕਾ ਹਰਿ ਕੀਰਤਨ ਮਹਿ ਜਾਗਨਾ ॥੫॥ ਲਾਗਨਾ ਲਾਗਨੁ ਨੀਕਾ ਗੁਰ ਚਰਣੀ ਮਨੁ ਲਾਗਨਾ ॥੬॥ ਇਹ ਬਿਧਿ ਤਿਸਹਿ ਪਰਾਪਤੇ ਜਾ ਕੈ ਮਸਤਕਿ ਭਾਗਨਾ ॥੭॥ ਕਹੁ ਨਾਨਕ ਤਿਸੁ ਸਭੁ ਕਿਛੁ ਨੀਕਾ ਜੋ ਪ੍ਰਭ ਕੀ ਸਰਨਾਗਨਾ ॥੮॥੧॥੪॥ {ਪੰਨਾ 1018}

ਪਦ ਅਰਥ: ਚਾਦਨਾ ਚਾਦਨੁ = ਚਾਨਣਾਂ ਵਿਚੋਂ ਚਾਨਣ। ਆਂਗਨਿ = ਵਿਹੜੇ ਵਿਚ। ਪ੍ਰਭ ਜੀਉ ਚਾਦਨਾ = ਪ੍ਰਭੂ ਜੀ ਦੇ ਨਾਮ ਦਾ ਚਾਨਣ। ਅੰਤਰਿ = ਅੰਦਰ, ਹਿਰਦੇ ਵਿਚ।1।

ਨੀਕਾ = {n#q} ਸੋਹਣਾ, ਚੰਗਾ। ਆਰਾਧਨਾ ਅਰਾਧਨੁ = ਸਿਮਰਨਾਂ ਵਿਚੋਂ ਸਿਮਰਨ।2।

ਤਿਆਗਨਾ = ਛਡ ਦੇਣਾ।3।

ਮਾਗਨਾ ਮਾਗਨੁ = ਮੰਗਣ ਵਿਚੋਂ ਮੰਗਣ। ਗੁਰ ਤੇ = ਗੁਰੂ ਪਾਸੋਂ।4।

ਹਰਿ ਕੀਰਤਨ ਮਹਿ = ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਵਿਚ।5।

ਲਾਗਨਾ ਲਾਗਨੁ ਨੀਕਾ = ਹੋਰ ਹੋਰ ਪਿਆਰ ਬਣਨ ਨਾਲੋਂ ਸੋਹਣਾ ਪਿਆਰ।6।

ਇਹ ਬਿਧਿ = ਇਹ ਜੁਗਤਿ। ਤਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਜਾ ਕੈ ਮਸਤਕਿ = ਜਿਸ (ਮਨੁੱਖ) ਦੇ ਮੱਥੇ ਉੱਤੇ।7।

ਨਾਨਕ = ਹੇ ਨਾਨਕ! ਸਰਨਾਗਨਾ = ਸਰਣ ਆ ਜਾਂਦਾ ਹੈ।8।

ਅਰਥ: (ਹੇ ਭਾਈ! ਲੋਕ ਖ਼ੁਸ਼ੀ ਆਦਿਕ ਦੇ ਮੌਕੇ ਤੇ ਘਰਾਂ ਵਿਚ ਦੀਵੇ ਆਦਿਕ ਬਾਲ ਕੇ ਚਾਨਣ ਕਰਦੇ ਹਨ, ਪਰ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਚਾਨਣ ਹੋ ਜਾਣਾ = ਇਹ ਵਿਹੜੇ ਵਿਚ ਹੋਰ ਸਭ ਚਾਨਣਾਂ ਨਾਲੋਂ ਵਧੀਆ ਚਾਨਣ ਹੈ।1।

ਹੇ ਭਾਈ! ਸਦਾ ਪਰਮਾਤਮਾ ਦਾ ਹੀ ਨਾਮ ਸਿਮਰਨਾ = ਇਹ ਹੋਰ ਸਾਰੇ ਸਿਮਰਨਾਂ ਨਾਲੋਂ ਸੋਹਣਾ ਸਿਮਰਨ ਹੈ।2।

(ਹੇ ਭਾਈ! ਮਾਇਆ ਦੇ ਮੋਹ ਵਿਚੋਂ ਨਿਕਲਣ ਲਈ ਲੋਕ ਗ੍ਰਿਹਸਤ ਤਿਆਗ ਜਾਂਦੇ ਹਨ, ਪਰ) ਕਾਮ ਕ੍ਰੋਧ ਲੋਭ (ਆਦਿਕ ਵਿਕਾਰਾਂ ਨੂੰ ਹਿਰਦੇ ਵਿਚੋਂ) ਤਿਆਗ ਦੇਣਾ = ਇਹ ਹੋਰ ਸਾਰੇ ਤਿਆਗਾਂ ਨਾਲੋਂ ਸ੍ਰੇਸ਼ਟ ਤਿਆਗ ਹੈ।3।

ਹੇ ਭਾਈ! ਗੁਰੂ ਪਾਸੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਖ਼ੈਰ ਮੰਗਣਾ = ਇਹ ਹੋਰ ਸਾਰੀਆਂ ਮੰਗਾਂ ਨਾਲੋਂ ਵਧੀਆ ਮੰਗ ਹੈ।4।

(ਹੇ ਭਾਈ! ਦੇਵੀ ਆਦਿਕ ਦੀ ਪੂਜਾ ਵਾਸਤੇ ਲੋਕ ਜਾਗਰੇ ਕਰਦੇ ਹਨ, ਪਰ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਜਾਗਣਾ = ਇਹ ਹੋਰ ਜਾਗਰਿਆਂ ਨਾਲੋਂ ਉੱਤਮ ਜਾਗਰਾ ਹੈ।5।

ਹੇ ਭਾਈ! ਗੁਰੂ ਦੇ ਚਰਨਾਂ ਵਿਚ ਮਨ ਦਾ ਪਿਆਰ ਬਣ ਜਾਣਾ = ਇਹ ਹੋਰ ਸਾਰੀਆਂ ਲਗਨਾਂ ਨਾਲੋਂ ਵਧੀਆ ਲਗਨ ਹੈ।6।

ਪਰ, ਹੇ ਭਾਈ! ਇਹ ਜੁਗਤਿ ਉਸੇ ਹੀ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ, ਜਿਸ ਦੇ ਮੱਥੇ ਉੱਤੇ ਭਾਗ ਜਾਗ ਪੈਣ।7।

ਹੇ ਨਾਨਕ! ਆਖ– ਜਿਹੜਾ ਮਨੁੱਖ ਪਰਮਾਤਮਾ ਦੀ ਸਰਨ ਵਿਚ ਆ ਜਾਂਦਾ ਹੈ, ਉਸ ਨੂੰ ਹਰੇਕ ਸੋਹਣਾ ਗੁਣ ਪ੍ਰਾਪਤ ਹੋ ਜਾਂਦਾ ਹੈ।8।1।4।

ਮਾਰੂ ਮਹਲਾ ੫ ॥ ਆਉ ਜੀ ਤੂ ਆਉ ਹਮਾਰੈ ਹਰਿ ਜਸੁ ਸ੍ਰਵਨ ਸੁਨਾਵਨਾ ॥੧॥ ਰਹਾਉ ॥ ਤੁਧੁ ਆਵਤ ਮੇਰਾ ਮਨੁ ਤਨੁ ਹਰਿਆ ਹਰਿ ਜਸੁ ਤੁਮ ਸੰਗਿ ਗਾਵਨਾ ॥੧॥ ਸੰਤ ਕ੍ਰਿਪਾ ਤੇ ਹਿਰਦੈ ਵਾਸੈ ਦੂਜਾ ਭਾਉ ਮਿਟਾਵਨਾ ॥੨॥ ਭਗਤ ਦਇਆ ਤੇ ਬੁਧਿ ਪਰਗਾਸੈ ਦੁਰਮਤਿ ਦੂਖ ਤਜਾਵਨਾ ॥੩॥ ਦਰਸਨੁ ਭੇਟਤ ਹੋਤ ਪੁਨੀਤਾ ਪੁਨਰਪਿ ਗਰਭਿ ਨ ਪਾਵਨਾ ॥੪॥ ਨਉ ਨਿਧਿ ਰਿਧਿ ਸਿਧਿ ਪਾਈ ਜੋ ਤੁਮਰੈ ਮਨਿ ਭਾਵਨਾ ॥੫॥ ਸੰਤ ਬਿਨਾ ਮੈ ਥਾਉ ਨ ਕੋਈ ਅਵਰ ਨ ਸੂਝੈ ਜਾਵਨਾ ॥੬॥ ਮੋਹਿ ਨਿਰਗੁਨ ਕਉ ਕੋਇ ਨ ਰਾਖੈ ਸੰਤਾ ਸੰਗਿ ਸਮਾਵਨਾ ॥੭॥ ਕਹੁ ਨਾਨਕ ਗੁਰਿ ਚਲਤੁ ਦਿਖਾਇਆ ਮਨ ਮਧੇ ਹਰਿ ਹਰਿ ਰਾਵਨਾ ॥੮॥੨॥੫॥ {ਪੰਨਾ 1018}

ਪਦ ਅਰਥ: ਜੀ = ਹੇ (ਸਤਿਗੁਰ) ਜੀ! ਹਮਾਰੈ = ਮੇਰੇ (ਹਿਰਦੇ-ਘਰ) ਵਿਚ। ਜਸੁ = ਸਿਫ਼ਤਿ-ਸਾਲਾਹ। ਸ੍ਰਵਨ = ਕੰਨਾਂ ਨਾਲ। ਸੁਨਾਵਨਾ = ਸੁਣਾ।1। ਰਹਾਉ।

ਹਰਿਆ = ਜਿੰਦ ਵਾਲਾ, ਆਤਮਕ ਜੀਵਨ ਵਾਲਾ। ਤੁਮ ਸੰਗਿ = ਤੇਰੀ ਸੰਗਤਿ ਵਿਚ।1।

ਸੰਤ ਕ੍ਰਿਪਾ ਤੇ = ਗੁਰੂ ਦੀ ਕਿਰਪਾ ਨਾਲ। ਤੇ = ਤੋਂ, ਨਾਲ। ਹਿਰਦੈ = ਹਿਰਦੇ ਵਿਚ। ਵਾਸੈ = ਵੱਸ ਪੈਂਦਾ ਹੈ। ਦੂਜਾ ਭਾਉ = ਮਾਇਆ ਦਾ ਪਿਆਰ।2।

ਤੇ = ਤੋਂ, ਦੀ ਰਾਹੀਂ। ਪਰਗਾਸੈ = ਚਮਕ ਪੈਂਦੀ ਹੈ। ਬੁਧਿ ਪਰਗਾਸੈ = ਆਤਮਕ ਜੀਵਨ ਦੀ ਸੂਝ ਆ ਜਾਂਦੀ ਹੈ। ਦੁਰਮਤਿ = ਖੋਟੀ ਮਤਿ। ਦੂਖ = ਐਬ, ਵਿਕਾਰ। ਤਜਾਵਨਾ = ਤਿਆਗੇ ਜਾਂਦੇ ਹਨ।3।

ਭੇਟਤ = ਮਿਲਦਿਆਂ, ਕਰਦਿਆਂ। ਪੁਨੀਤਾ = ਪਵਿੱਤਰ। ਪੁਨਰਪਿ = {pun: Aip}। ਫਿਰ ਭੀ, ਫਿਰ ਫਿਰ। ਗਰਭਿ = ਗਰਭ ਵਿਚ, ਜੂਨਾਂ ਦੇ ਗੇੜ ਵਿਚ।4।

ਨਉਨਿਧਿ = ਦੁਨੀਆ ਦੇ ਸਾਰੇ ਹੀ ਨੌ ਖ਼ਜ਼ਾਨੇ। ਰਿਧਿ ਸਿਧਿ = ਕਰਾਮਾਤੀ ਤਾਕਤਾਂ। ਤੁਮਰੈ ਮਨਿ = ਤੇਰੇ ਮਨ ਵਿਚ। ਭਾਵਨਾ = ਪਿਆਰਾ ਲੱਗਦਾ ਹੈ।5।

ਸੰਤ ਬਿਨਾ = ਗੁਰੂ ਤੋਂ ਬਿਨਾ। ਮੈ = ਮੈਨੂੰ। ਅਵਰ = ਕਿਸੇ ਹੋਰ ਥਾਂ। ਨ ਸੂਝੈ ਜਾਵਨਾ = ਜਾਣਾ ਨਹੀਂ ਸੁੱਝਦਾ।6।

ਮੋਹਿ = ਮੈਨੂੰ। ਨਿਰਗੁਨ ਕਉ = ਗੁਣ-ਹੀਨ ਨੂੰ। ਸੰਤਾ ਸੰਗਿ = ਸੰਤ ਜਨਾਂ ਦੀ ਸੰਗਤਿ ਵਿਚ।7।

ਕਹੁ = ਆਖ। ਨਾਨਕ = ਹੇ ਨਾਨਕ ! ਗੁਰਿ = ਗੁਰੂ ਨੇ। ਚਲਤੁ = ਕੌਤਕ, ਅਜਬ ਖੇਡ। ਮਧੇ = ਵਿਚ। ਰਵਨਾ = ਆਨੰਦ ਮਾਣਨਾ।8।

ਅਰਥ: ਹੇ ਪਿਆਰੇ ਗੁਰੂ! ਆ। ਮੇਰੇ ਹਿਰਦੇ-ਘਰ ਵਿਚ ਆ ਵੱਸ, ਤੇ, ਮੇਰੇ ਕੰਨਾਂ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਾ।1। ਰਹਾਉ।

ਹੇ ਪਿਆਰੇ ਗੁਰੂ! ਤੇਰੇ ਆਇਆਂ ਮੇਰਾ ਮਨ ਮੇਰਾ ਤਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ। ਹੇ ਸਤਿਗੁਰੂ! ਤੇਰੇ ਚਰਨਾਂ ਵਿਚ ਰਹਿ ਕੇ ਹੀ ਪਰਮਾਤਮਾ ਦਾ ਜਸ ਗਾਇਆ ਜਾ ਸਕਦਾ ਹੈ।1।

ਹੇ ਭਾਈ! ਗੁਰੂ ਦੀ ਮਿਹਰ ਨਾਲ ਪਰਮਾਤਮਾ ਹਿਰਦੇ ਵਿਚ ਆ ਵੱਸਦਾ ਹੈ, ਤੇ ਮਾਇਆ ਦਾ ਮੋਹ ਦੂਰ ਕੀਤਾ ਜਾ ਸਕਦਾ ਹੈ।2।

ਹੇ ਭਾਈ! ਪਰਮਾਤਮਾ ਦੇ ਭਗਤ ਦੀ ਕਿਰਪਾ ਨਾਲ ਬੁੱਧੀ ਵਿਚ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ, ਖੋਟੀ ਮਤਿ ਦੇ ਸਾਰੇ ਵਿਕਾਰ ਤਿਆਗੇ ਜਾਂਦੇ ਹਨ।3।

ਹੇ ਭਾਈ! ਗੁਰੂ ਦਾ ਦਰਸਨ ਕਰਦਿਆਂ ਜੀਵਨ ਪਵਿੱਤਰ ਹੋ ਜਾਂਦਾ ਹੈ, ਮੁੜ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਪਈਦਾ।4।

ਹੇ ਪ੍ਰਭੂ! ਜਿਹੜਾ (ਵਡਭਾਗੀ) ਮਨੁੱਖ ਤੇਰੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ, ਉਹ, (ਮਾਨੋ) ਦੁਨੀਆ ਦੇ ਸਾਰੇ ਹੀ ਨੌ ਖ਼ਜ਼ਾਨੇ ਅਤੇ ਕਰਾਮਾਤੀ ਤਾਕਤਾਂ ਹਾਸਲ ਕਰ ਲੈਂਦਾ ਹੈ।5।

ਹੇ ਭਾਈ! ਗੁਰੂ ਤੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ, ਕਿਸੇ ਹੋਰ ਥਾਂ ਜਾਣਾ ਮੈਨੂੰ ਨਹੀਂ ਸੁੱਝਦਾ।6।

ਹੇ ਭਾਈ! ਮੇਰੀ ਗੁਣ-ਹੀਨ ਦੀ (ਗੁਰੂ ਤੋਂ ਬਿਨਾ) ਹੋਰ ਕੋਈ ਬਾਂਹ ਨਹੀਂ ਫੜਦਾ। ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਹੀ ਪ੍ਰਭੂ-ਚਰਨਾਂ ਵਿਚ ਲੀਨ ਹੋਈਦਾ ਹੈ।7।

ਹੇ ਨਾਨਕ! ਆਖ– ਗੁਰੂ ਨੇ (ਮੈਨੂੰ) ਅਚਰਜ ਤਮਾਸ਼ਾ ਵਿਖਾ ਦਿੱਤਾ ਹੈ। ਮੈਂ ਆਪਣੇ ਮਨ ਵਿਚ ਹਰ ਵੇਲੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣ ਰਿਹਾ ਹਾਂ।8।2।5।

TOP OF PAGE

Sri Guru Granth Darpan, by Professor Sahib Singh