ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1019

ਮਾਰੂ ਮਹਲਾ ੫ ॥ ਜੀਵਨਾ ਸਫਲ ਜੀਵਨ ਸੁਨਿ ਹਰਿ ਜਪਿ ਜਪਿ ਸਦ ਜੀਵਨਾ ॥੧॥ ਰਹਾਉ ॥ ਪੀਵਨਾ ਜਿਤੁ ਮਨੁ ਆਘਾਵੈ ਨਾਮੁ ਅੰਮ੍ਰਿਤ ਰਸੁ ਪੀਵਨਾ ॥੧॥ ਖਾਵਨਾ ਜਿਤੁ ਭੂਖ ਨ ਲਾਗੈ ਸੰਤੋਖਿ ਸਦਾ ਤ੍ਰਿਪਤੀਵਨਾ ॥੨॥ ਪੈਨਣਾ ਰਖੁ ਪਤਿ ਪਰਮੇਸੁਰ ਫਿਰਿ ਨਾਗੇ ਨਹੀ ਥੀਵਨਾ ॥੩॥ ਭੋਗਨਾ ਮਨ ਮਧੇ ਹਰਿ ਰਸੁ ਸੰਤਸੰਗਤਿ ਮਹਿ ਲੀਵਨਾ ॥੪॥ ਬਿਨੁ ਤਾਗੇ ਬਿਨੁ ਸੂਈ ਆਨੀ ਮਨੁ ਹਰਿ ਭਗਤੀ ਸੰਗਿ ਸੀਵਨਾ ॥੫॥ ਮਾਤਿਆ ਹਰਿ ਰਸ ਮਹਿ ਰਾਤੇ ਤਿਸੁ ਬਹੁੜਿ ਨ ਕਬਹੂ ਅਉਖੀਵਨਾ ॥੬॥ ਮਿਲਿਓ ਤਿਸੁ ਸਰਬ ਨਿਧਾਨਾ ਪ੍ਰਭਿ ਕ੍ਰਿਪਾਲਿ ਜਿਸੁ ਦੀਵਨਾ ॥੭॥ ਸੁਖੁ ਨਾਨਕ ਸੰਤਨ ਕੀ ਸੇਵਾ ਚਰਣ ਸੰਤ ਧੋਇ ਪੀਵਨਾ ॥੮॥੩॥੬॥ {ਪੰਨਾ 1019}

ਪਦ ਅਰਥ: ਸਫਲ = ਕਾਮਯਾਬ। ਸੁਨਿ = ਸੁਣ ਕੇ। ਜਪਿ = ਜਪ ਕੇ। ਸਦ = ਸਦਾ।1। ਰਹਾਉ।

ਜਿਤੁ = ਜਿਸ (ਪੀਣ) ਦੀ ਰਾਹੀਂ, ਜਿਸ ਦੇ ਪੀਣ ਨਾਲ। ਆਘਾਵੈ = ਰੱਜ ਜਾਂਦਾ ਹੈ। ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ।1।

ਸੰਤੋਖਿ = ਸੰਤੋਖ ਵਿਚ। ਤ੍ਰਿਪਤੀਵਨਾ = ਰੱਜੇ ਰਹਿਣਾ।2।

ਰਖੁ ਪਤਿ ਪਰਮੇਸੁਰ = ਪਤੀ ਪਰਮੇਸਰ ਦੀ ਰੱਖ {ਬੰਬਈ ਵਾਲੇ ਪਾਸੇ ਸੋਹਾਗਣਾਂ ਸਿਰ ਉਤੇ ਕੱਪੜਾ ਨਹੀਂ ਲੈਂਦੀਆਂ, ਪਤੀ ਹੀ ਸਿਰ ਦਾ ਕੱਪੜਾ ਹੈ। ਵਿਧਵਾ ਕੱਪੜਾ ਲੈਂਦੀਆਂ ਹਨ}। ਥੀਵਨਾ = ਹੋਈਦਾ ਹੈ।3।

ਮਧੇ = ਵਿਚ। ਲੀਵਨਾ = ਲੀਹਣਾ, ਪੀਣਾ।4।

ਬਿਨੁ ਆਨੀ = ਲਿਆਉਣ ਤੋਂ ਬਿਨਾ। ਸੰਗਿ = ਨਾਲ।5।

ਮਾਤਿਆ = ਨਸ਼ੇ ਵਿਚ ਮਸਤ। ਰਾਤੇ = ਰੰਗੇ ਹੋਏ। ਅਉਖੀਵਨਾ = {Avi˜ = To Decay} ਘਟ ਜਾਣੀ।6।

ਸਰਬ ਨਿਧਾਨਾ = ਸਾਰੇ ਖ਼ਜ਼ਾਨਿਆਂ ਦਾ ਮਾਲਕ-ਹਰੀ। ਪ੍ਰਭਿ = ਪ੍ਰਭੂ ਨੇ। ਕ੍ਰਿਪਾਲਿ = ਕਿਰਪਾਲ ਨੇ। ਜਿਸੁ ਦੀਵਨਾ = ਜਿਸ ਨੂੰ ਦਿੱਤਾ।7।

ਧੋਇ = ਧੋ ਕੇ।8।

ਅਰਥ: ਹੇ ਭਾਈ! ਜੀਊਣ ਵਿਚੋਂ ਉਸ ਮਨੁੱਖ ਦਾ ਜੀਊਣਾ ਕਾਮਯਾਬ ਹੈ ਜਿਹੜਾ ਹਰਿ-ਨਾਮ ਸੁਣ ਕੇ ਸਦਾ ਹਰਿ-ਨਾਮ ਜਪ ਕੇ ਜੀਊਂਦਾ ਹੈ।1। ਰਹਾਉ।

ਹੇ ਭਾਈ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਰਸ ਪੀਣਾ ਚਾਹੀਦਾ ਹੈ, ਇਹ ਪੀਣ ਐਸਾ ਹੈ ਕਿ ਇਸ ਦੀ ਰਾਹੀਂ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜਿਆ ਰਹਿੰਦਾ ਹੈ।1।

ਹੇ ਭਾਈ! ਨਾਮ-ਭੋਜਨ ਨੂੰ ਹੀ ਜਿੰਦ ਦੀ ਖ਼ੁਰਾਕ ਬਣਾਣਾ ਚਾਹੀਦਾ ਹੈ ਕਿਉਂਕਿ ਇਸ ਦੀ ਬਰਕਤਿ ਨਾਲ ਮਾਇਆ ਵਾਲੀ ਭੁੱਖ ਨਹੀਂ ਲੱਗਦੀ, ਸੰਤੋਖ ਵਿਚ ਸਦਾ ਰੱਜੇ ਰਹੀਦਾ ਹੈ।2।

ਹੇ ਜਿੰਦੇ! ਪਤੀ-ਪਰਮੇਸਰ ਦਾ ਨਾਮ-ਕੱਪੜਾ ਹੀ ਸਿਰ ਉੱਤੇ ਰੱਖ, ਫਿਰ ਕਦੇ ਸਿਰੋਂ ਨੰਗੇ ਨਹੀਂ ਹੋ ਸਕੀਦਾ ਹੈ।3।

ਹੇ ਭਾਈ! ਮਨ ਵਿਚ ਹਰਿ-ਨਾਮ ਰਸ ਨੂੰ ਹੀ ਮਾਣਨਾ ਚਾਹੀਦਾ ਹੈ, ਸੰਤਾਂ ਦੀ ਸੰਗਤਿ ਵਿਚ ਰਹਿ ਕੇ ਨਾਮ-ਰਸ ਹੀ ਪੀਣਾ ਚਾਹੀਦਾ ਹੈ।4।

ਹੇ ਭਾਈ! (ਕਿਸੇ ਸੂਈ ਦੀ ਲੋੜ ਨਹੀਂ ਪੈਂਦੀ, ਕਿਸੇ ਧਾਗੇ ਦੀ ਲੋੜ ਨਹੀਂ ਪੈਂਦੀ; ਜਿਉਂ ਜਿਉਂ ਨਾਮ ਜਪਦੇ ਰਹੀਏ) ਬਿਨਾ ਸੂਈ ਧਾਗਾ ਲਿਆਉਣ ਦੇ ਮਨ ਪਰਮਾਤਮਾ ਦੀ ਭਗਤੀ ਵਿਚ ਸੀਤਾ ਜਾਂਦਾ ਹੈ।5।

ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰਸ ਵਿਚ ਰੰਗੇ ਜਾਂਦੇ ਹਨ ਉਹ ਅਸਲ ਨਸ਼ੇ ਵਿਚ ਮਸਤ ਹਨ; ਇਹ ਨਸ਼ਾ ਮੁੜ ਕਦੇ ਭੀ ਘਟਦਾ ਨਹੀਂ।6।

ਪਰ, ਹੇ ਭਾਈ! ਕਿਰਪਾਲ ਪ੍ਰਭੂ ਨੇ ਆਪ ਜਿਸ ਜੀਵ ਨੂੰ ਇਹ ਨਾਮ-ਦਾਤਿ ਦਿੱਤੀ ਉਸ ਨੂੰ ਹੀ ਸਾਰੇ ਖ਼ਜ਼ਾਨਿਆਂ ਦਾ ਮਾਲਕ (ਪ੍ਰਭੂ) ਮਿਲ ਪਿਆ।7।

ਹੇ ਨਾਨਕ! ਅਸਲ ਆਤਮਕ ਆਨੰਦ ਸੰਤ ਜਨਾਂ ਦੀ ਸੇਵਾ ਕਰਨ ਵਿਚ ਹੀ ਹੈ, ਸੰਤਾਂ ਦੇ ਚਰਨ ਧੋ ਕੇ ਪੀਣ ਵਿਚ ਹੈ (ਭਾਵ, ਗ਼ਰੀਬੀ-ਭਾਵ ਨਾਲ ਸੰਤਾਂ ਦੀ ਸੇਵਾ ਵਿਚ ਹੀ ਸੁਖ ਹੈ) ।8।3।6।

ਮਾਰੂ ਮਹਲਾ ੫ ਘਰੁ ੮ ਅੰਜੁਲੀਆ ੴ ਸਤਿਗੁਰ ਪ੍ਰਸਾਦਿ ॥ ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ ॥ ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ ॥ ਦੁਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ ॥੧॥ ਗ੍ਰਿਹ ਰਾਜ ਮਹਿ ਨਰਕੁ ਉਦਾਸ ਕਰੋਧਾ ॥ ਬਹੁ ਬਿਧਿ ਬੇਦ ਪਾਠ ਸਭਿ ਸੋਧਾ ॥ ਦੇਹੀ ਮਹਿ ਜੋ ਰਹੈ ਅਲਿਪਤਾ ਤਿਸੁ ਜਨ ਕੀ ਪੂਰਨ ਘਾਲੀਐ ॥੨॥ ਜਾਗਤ ਸੂਤਾ ਭਰਮਿ ਵਿਗੂਤਾ ॥ ਬਿਨੁ ਗੁਰ ਮੁਕਤਿ ਨ ਹੋਈਐ ਮੀਤਾ ॥ ਸਾਧਸੰਗਿ ਤੁਟਹਿ ਹਉ ਬੰਧਨ ਏਕੋ ਏਕੁ ਨਿਹਾਲੀਐ ॥੩॥ ਕਰਮ ਕਰੈ ਤ ਬੰਧਾ ਨਹ ਕਰੈ ਤ ਨਿੰਦਾ ॥ ਮੋਹ ਮਗਨ ਮਨੁ ਵਿਆਪਿਆ ਚਿੰਦਾ ॥ ਗੁਰ ਪ੍ਰਸਾਦਿ ਸੁਖੁ ਦੁਖੁ ਸਮ ਜਾਣੈ ਘਟਿ ਘਟਿ ਰਾਮੁ ਹਿਆਲੀਐ ॥੪॥ {ਪੰਨਾ 1019}

ਪਦ ਅਰਥ: ਜਿਸੁ ਗ੍ਰਿਹਿ = ਜਿਸ ਮਨੁੱਖ ਦੇ ਘਰ ਵਿਚ। ਤਿਸੈ ਗ੍ਰਿਹਿ = ਉਸੇ ਦੇ (ਹਿਰਦੇ-) ਘਰ ਵਿਚ। ਸੁ = ਉਹ ਮਨੁੱਖ। ਭ੍ਰਮੰਤਾ = ਭਟਕਦਾ। ਬਿਵਸਥਾ = ਦਸ਼ਾ, ਹਾਲਤ। ਤੇ = ਤੋਂ। ਮੁਕਤਾ = ਸੁਤੰਤਰ, ਆਜ਼ਾਦ, ਬਚਿਆ ਹੋਇਆ। ਸੁਹੇਲਾ = ਸੁਖੀ। ਭਾਲੀਐ = ਵੇਖੀਦਾ ਹੈ।1।

ਗ੍ਰਿਹ ਰਾਜ ਮਹਿ = ਗ੍ਰਿਹਸਤ ਦੇ ਐਸ਼੍ਵਰਜ ਵਿਚ (ਫਸਿਆ ਹੋਇਆ) । ਉਦਾਸ = ਉਦਾਸ ਮਹਿ, ਤਿਆਗੀ ਬਾਣੇ ਵਿਚ। ਬਹੁ ਬਿਧਿ = ਕਈ ਤਰੀਕਿਆਂ ਨਾਲ। ਸਭਿ = ਸਾਰੇ। ਦੇਹੀ ਮਹਿ = ਸਰੀਰ ਦੇ ਵਿਚ ਹੀ, ਸਰੀਰ ਦੀ ਖ਼ਾਤਰ ਕਿਰਤ ਕਰਦਿਆਂ ਹੀ। ਅਲਿਪਤਾ = ਨਿਰਲੇਪ। ਘਾਲੀਐ = ਘਾਲ, ਮਿਹਨਤ।2।

ਜਾਗਤ ਸੂਤਾ = ਜਾਗਦਾ ਸੁੱਤਾ ਹਰ ਵੇਲੇ। ਭਰਮਿ = ਭਟਕਣਾ ਵਿਚ। ਵਿਗੂਤਾ = ਖ਼ੁਆਰ ਹੁੰਦਾ ਹੈ। ਮੁਕਤਿ = ਖ਼ਲਾਸੀ। ਮੀਤਾ = ਹੇ ਮਿੱਤਰ! ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਤੂਟਹਿ = ਟੁੱਟ ਜਾਂਦੇ ਹਨ। ਹਉ ਬੰਧਨ = ਹਉਮੈ ਦੇ ਬੰਧਨ। ਨਿਹਾਲੀਐ = ਵੇਖ ਲਈਦਾ ਹੈ।3।

ਕਰਮ = (ਕਰਮ ਕਾਂਡ ਅਨੁਸਾਰ ਮਿਥੇ ਹੋਏ ਧਾਰਮਿਕ) ਕੰਮ। ਬੰਧਾ = ਬੱਝ ਜਾਂਦਾ ਹੈ। ਮਗਨ = ਡੁੱਬਾ ਹੋਇਆ। ਚਿੰਦਾ = ਚਿੰਤਾ। ਵਿਆਪਿਆ = ਦਬਾਇਆ ਹੋਇਆ। ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਸਮ = ਇਕੋ ਜਿਹਾ। ਜਾਣੈ = (ਜਿਹੜਾ ਮਨੁੱਖ) ਜਾਣਦਾ ਹੈ। ਘਟਿ ਘਟਿ = ਹਰੇਕ ਘਟ ਵਿਚ। ਹਿਆਲੀਐ = ਨਿਹਾਰੀਐ, ਹੇਰੀਐ, ਵੇਖਦਾ ਹੈ।4।

ਅਰਥ: ਹੇ ਭਾਈ! ਜਿਸ ਮਨੁੱਖ ਦੇ ਘਰ ਵਿਚ ਬਹੁਤ ਮਾਇਆ ਹੁੰਦੀ ਹੈ, ਉਸ ਮਨੁੱਖ ਦੇ (ਹਿਰਦੇ-) ਘਰ ਵਿਚ (ਹਰ ਵੇਲੇ) ਚਿੰਤਾ ਰਹਿੰਦੀ ਹੈ (ਕਿ ਕਿਤੇ ਖੁੱਸ ਨਾਹ ਜਾਏ) । ਜਿਸ ਮਨੁੱਖ ਦੇ ਘਰ ਵਿਚ ਥੋੜੀ ਮਾਇਆ ਹੈ ਉਹ ਮਨੁੱਖ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ। ਜਿਹੜਾ ਮਨੁੱਖ ਇਹਨਾਂ ਦੋਹਾਂ ਹਾਲਤਾਂ ਤੋਂ ਬਚਿਆ ਰਹਿੰਦਾ ਹੈ, ਉਹੀ ਮਨੁੱਖ ਸੌਖਾ ਵੇਖੀਦਾ ਹੈ।1।

ਹੇ ਭਾਈ! ਜਿਹੜਾ ਮਨੁੱਖ ਗ੍ਰਿਹਸਤ ਦੇ ਐਸ਼੍ਵਰਜ ਵਿਚ ਰੁੱਝਾ ਹੋਇਆ ਹੈ, ਉਹ (ਅਸਲ ਵਿਚ) ਨਰਕ (ਭੋਗ ਰਿਹਾ ਹੈ) ; ਜਿਹੜਾ ਮਨੁੱਖ (ਗ੍ਰਿਹਸਤ ਦੇ ਜੰਜਾਲਾਂ ਦਾ) ਤਿਆਗ ਕਰ ਗਿਆ ਹੈ ਉਹ ਸਦਾ ਕ੍ਰੋਧ ਦਾ ਸ਼ਿਕਾਰ ਹੋਇਆ ਰਹਿੰਦਾ ਹੈ, ਭਾਵੇਂ ਉਸ ਨੇ ਕਈ ਤਰੀਕਿਆਂ ਨਾਲ ਸਾਰੇ ਵੇਦ-ਪਾਠ ਸੋਧੇ ਹੋਣ। ਹੇ ਭਾਈ! ਉਸ ਮਨੁੱਖ ਦੀ ਹੀ ਮਿਹਨਤ ਸਿਰੇ ਚੜ੍ਹਦੀ ਹੈ ਜੋ ਸਰੀਰ ਦੀ ਖ਼ਾਤਰ ਕਿਰਤ-ਕਾਰ ਕਰਦਿਆਂ ਹੀ (ਮਾਇਆ ਵਲੋਂ) ਨਿਰਲੇਪ ਰਹਿੰਦਾ ਹੈ।2।

ਹੇ ਭਾਈ! (ਜਿਹੜਾ ਮਨੁੱਖ ਹਉਮੈ ਦੇ ਬੰਧਨਾਂ ਨਾਲ ਬੱਝਾ ਪਿਆ ਹੈ ਉਹ) ਜਾਗਦਾ ਸੁੱਤਾ ਹਰ ਵੇਲੇ ਹੀ ਭਟਕਣਾ ਵਿਚ ਪੈ ਕੇ ਖ਼ੁਆਰ ਹੁੰਦਾ ਹੈ। ਹੇ ਮਿੱਤਰ! ਗੁਰੂ ਦੀ ਸਰਨ ਤੋਂ ਬਿਨਾ ਇਹਨਾਂ ਬੰਧਨਾਂ ਤੋਂ ਖ਼ਲਾਸੀ ਨਹੀਂ ਹੁੰਦੀ। ਜਿਸ ਮਨੁੱਖ ਦੇ ਹਉਮੈ ਦੇ ਬੰਧਨ ਗੁਰੂ ਦੀ ਸੰਗਤਿ ਵਿਚ ਟਿਕ ਕੇ ਟੁੱਟ ਜਾਂਦੇ ਹਨ, ਉਹ ਹਰ ਥਾਂ ਇਕ ਪਰਮਾਤਮਾ ਨੂੰ ਹੀ ਵੇਖਦਾ ਹੈ।3।

ਹੇ ਭਾਈ! (ਜਿਹੜਾ ਮਨੁੱਖ ਸ਼ਾਸਤ੍ਰਾਂ ਅਨੁਸਾਰ ਮਿਥੇ ਹੋਏ ਧਾਰਮਿਕ) ਕਰਮ ਕਰਦਾ ਰਹਿੰਦਾ ਹੈ ਉਹ ਇਹਨਾਂ ਕਰਮਾਂ ਦੇ ਜਾਲ ਵਿਚ ਜਕੜਿਆ ਰਹਿੰਦਾ ਹੈ, ਤੇ, ਜੇ ਉਹ ਕਿਸੇ ਵੇਲੇ ਇਹ ਕਰਮ ਨਹੀਂ ਕਰਦਾ, ਤਾਂ ਕਰਮ-ਕਾਂਡੀ ਲੋਕ ਉਸ ਦੀ ਨਿੰਦਾ ਕਰਦੇ ਹਨ। ਸੋ, ਉਸ ਦਾ ਮਨ ਮੋਹ ਵਿਚ ਡੁੱਬਾ ਰਹਿੰਦਾ ਹੈ ਚਿੰਤਾ ਨਾਲ ਨੱਪਿਆ ਰਹਿੰਦਾ ਹੈ। ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਿਹੜਾ ਮਨੁੱਖ ਸੁਖ ਅਤੇ ਦੁੱਖ ਨੂੰ ਇਕੋ ਜਿਹਾ ਸਮਝਦਾ ਹੈ ਉਹ ਹਰੇਕ ਸਰੀਰ ਵਿਚ ਇਕੋ ਪ੍ਰਭੂ ਨੂੰ ਵੱਸਦਾ ਵੇਖਦਾ ਹੈ।4।

ਸੰਸਾਰੈ ਮਹਿ ਸਹਸਾ ਬਿਆਪੈ ॥ ਅਕਥ ਕਥਾ ਅਗੋਚਰ ਨਹੀ ਜਾਪੈ ॥ ਜਿਸਹਿ ਬੁਝਾਏ ਸੋਈ ਬੂਝੈ ਓਹੁ ਬਾਲਕ ਵਾਗੀ ਪਾਲੀਐ ॥੫॥ ਛੋਡਿ ਬਹੈ ਤਉ ਛੂਟੈ ਨਾਹੀ ॥ ਜਉ ਸੰਚੈ ਤਉ ਭਉ ਮਨ ਮਾਹੀ ॥ ਇਸ ਹੀ ਮਹਿ ਜਿਸ ਕੀ ਪਤਿ ਰਾਖੈ ਤਿਸੁ ਸਾਧੂ ਚਉਰੁ ਢਾਲੀਐ ॥੬॥ ਜੋ ਸੂਰਾ ਤਿਸ ਹੀ ਹੋਇ ਮਰਣਾ ॥ ਜੋ ਭਾਗੈ ਤਿਸੁ ਜੋਨੀ ਫਿਰਣਾ ॥ ਜੋ ਵਰਤਾਏ ਸੋਈ ਭਲ ਮਾਨੈ ਬੁਝਿ ਹੁਕਮੈ ਦੁਰਮਤਿ ਜਾਲੀਐ ॥੭॥ ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ ॥ ਕਰਿ ਕਰਿ ਵੇਖੈ ਅਪਣੇ ਜਚਨਾ ॥ ਨਾਨਕ ਕੇ ਪੂਰਨ ਸੁਖਦਾਤੇ ਤੂ ਦੇਹਿ ਤ ਨਾਮੁ ਸਮਾਲੀਐ ॥੮॥੧॥੭॥ {ਪੰਨਾ 1019}

ਪਦ ਅਰਥ: ਸੰਸਾਰੈ ਮਹਿ = ਜਗਤ ਦੇ ਧੰਧਿਆਂ ਵਿਚ। ਸਹਸਾ = ਸਹਮ। ਵਿਆਪੈ = ਜ਼ੋਰ ਪਾਈ ਰੱਖਦਾ ਹੈ। ਅਕਥ = ਜਿਸ ਦਾ ਸਹੀ ਸਰੂਪ ਦੱਸਿਆ ਨਾਹ ਜਾ ਸਕੇ। ਅਗੋਚਰ = ਜੋ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਕਥਾ = ਸਿਫ਼ਤਿ-ਸਾਲਾਹ ਦੀ ਗੱਲ। ਜਾਪੈ = ਸੁੱਝਦੀ। ਜਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਓਹੁ = ਉਹ ਜੀਵ। ਵਾਗੀ = ਵਾਂਗ।5।

ਛੂਟੈ ਨਾਹੀ = ਖ਼ਲਾਸੀ ਨਹੀਂ ਕਰਦੀ। ਸੰਚੈ = ਇਕੱਠੀ ਕਰਦਾ ਜਾਏ। ਮਾਹੀ = ਵਿਚ। ਇਸ ਹੀ ਮਹਿ = ਇਸ ਮਾਇਆ ਦੇ ਵਿਚ ਰਹਿੰਦਿਆਂ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਇਸੁ' ਦਾ ੁ ਉੱਡ ਗਿਆ ਹੈ}। ਜਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਪਤਿ = ਇੱਜ਼ਤ। ਢਾਲੀਐ = ਝੁਲਾਇਆ ਜਾਂਦਾ ਹੈ।6।

ਸੂਰਾ = ਸੂਰਮਾ (ਮਾਇਆ ਦੇ ਟਾਕਰੇ ਤੇ) । ਮਰਣਾ = ਮੌਤ, ਵਿਕਾਰਾਂ ਵਲੋਂ ਮੌਤ, ਉਪਰਾਮਤਾ। ਭਾਗੈ = ਭਾਂਜ ਖਾ ਜਾਏ। ਭਲ ਮਾਨੈ = ਠੀਕ ਮੰਨਦਾ ਹੈ। ਬੁਝਿ = ਸਮਝ ਕੇ। ਦੁਰਮਤਿ = ਖੋਟੀ ਮਤਿ। ਜਾਲੀਐ = ਜਾਲੀ ਹੈ, ਸਾੜ ਦਿੱਤੀ ਹੈ।7।

ਜਿਤੁ ਜਿਤੁ = ਜਿਸ ਜਿਸ ਕੰਮ ਵਿਚ। ਲਾਵਹਿ = ਤੂੰ ਲਾਂਦਾ ਹੈਂ (ਹੇ ਪ੍ਰਭੂ!) । ਕਰਿ = ਕਰ ਕੇ। ਵੇਖੈ = ਵੇਖਦਾ ਹੈ (ਪਰਮਾਤਮਾ) । ਜਚਨਾ = ਜਚੇ ਹੋਏ ਖ਼ਿਆਲ, ਉਹ ਕੰਮ ਜੋ ਉਸ ਨੂੰ ਪਸੰਦ ਆਉਂਦੇ ਹਨ। ਸੁਖ ਦਾਤੇ = ਹੇ ਸੁਖ ਦੇਣ ਵਾਲੇ! ਸਮਾਲੀਐ = ਯਾਦ ਕੀਤਾ ਜਾ ਸਕਦਾ ਹੈ।8।

ਅਰਥ: ਹੇ ਭਾਈ! ਜਗਤ (ਦੇ ਧੰਧਿਆਂ) ਵਿਚ (ਮਨੁੱਖ ਨੂੰ ਕੋਈ ਨ ਕੋਈ) ਸਹਮ ਨੱਪੀ ਹੀ ਰੱਖਦਾ ਹੈ; ਉਸ ਨੂੰ ਅਕੱਥ ਅਗੋਚਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁੱਝਦੀ ਹੀ ਨਹੀਂ। (ਪਰ ਜੀਵ ਦੇ ਕੀਹ ਵੱਸ?) ਉਹੀ ਮਨੁੱਖ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਬਖ਼ਸ਼ਦਾ ਹੈ। ਉਸ ਮਨੁੱਖ ਨੂੰ ਪਰਮਾਤਮਾ ਬੱਚੇ ਵਾਂਗ ਪਾਲਦਾ ਹੈ।5।

ਹੇ ਭਾਈ! (ਜਦੋਂ ਕੋਈ ਮਨੁੱਖ ਤਿਆਗੀ ਬਣ ਕੇ ਮਾਇਆ ਨੂੰ ਆਪਣੇ ਵੱਲੋਂ) ਛੱਡ ਬੈਠਦਾ ਹੈ ਤਦੋਂ (ਭੀ ਮਾਇਆ) ਖ਼ਲਾਸੀ ਨਹੀਂ ਕਰਦੀ। ਜਦੋਂ ਕੋਈ ਮਨੁੱਖ ਮਾਇਆ ਇਕੱਠੀ ਕਰਦਾ ਜਾਂਦਾ ਹੈ ਤਦੋਂ (ਇਕੱਠੀ ਕਰਨ ਵਾਲੇ ਦੇ) ਮਨ ਵਿਚ ਡਰ ਬਣਿਆ ਰਹਿੰਦਾ ਹੈ (ਕਿ ਕਿਤੇ ਹੱਥੋਂ ਚਲੀ ਨਾਹ ਜਾਏ) । ਇਸ ਮਾਇਆ ਦੇ ਵਿਚ ਰਹਿੰਦਿਆਂ ਹੀ ਪਰਮਾਤਮਾ ਆਪ ਜਿਸ ਮਨੁੱਖ ਦੀ ਇੱਜ਼ਤ ਰੱਖਦਾ ਹੈ, ਉਸ ਗੁਰਮੁਖ ਦੇ ਸਿਰ ਉਤੇ ਚੰਵਰ ਝੁਲਾਇਆ ਜਾਂਦਾ ਹੈ।6।

ਹੇ ਭਾਈ! ਜਿਹੜਾ ਮਨੁੱਖ ਮਾਇਆ ਦੇ ਟਾਕਰੇ ਤੇ ਸੂਰਮਾ ਬਣਦਾ ਹੈ ਉਸੇ ਨੂੰ ਹੀ ਮਾਇਆ ਵਲੋਂ ਉਪਰਾਮਤਾ ਮਿਲਦੀ ਹੈ; ਪਰ ਜਿਹੜਾ ਮਨੁੱਖ (ਮਾਇਆ ਤੋਂ) ਭਾਂਜ ਖਾ ਜਾਂਦਾ ਹੈ ਉਸ ਨੂੰ ਅਨੇਕਾਂ ਜੂਨਾਂ ਵਿਚ ਭਟਕਣਾ ਪੈਂਦਾ ਹੈ। (ਸੂਰਮਾ ਮਨੁੱਖ) ਉਸੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ ਜਿਹੜਾ ਭਾਣਾ ਪਰਮਾਤਮਾ ਵਰਤਾਂਦਾ ਹੈ; ਉਹ ਮਨੁੱਖ ਰਜ਼ਾ ਨੂੰ ਸਮਝ ਕੇ (ਆਪਣੇ ਅੰਦਰੋਂ) ਖੋਟੀ ਮਤਿ ਨੂੰ ਸਾੜ ਦੇਂਦਾ ਹੈ।7।

ਹੇ ਪ੍ਰਭੂ! ਤੂੰ ਜਿਸ ਜਿਸ ਕੰਮ ਵਿਚ ਜੀਵਾਂ ਨੂੰ ਲਾਂਦਾ ਹੈਂ, ਉਸੇ ਉਸੇ ਕੰਮ ਵਿਚ ਜੀਵ ਲੱਗਦੇ ਹਨ। ਹੇ ਭਾਈ! ਪਰਮਾਤਮਾ ਆਪਣੀ ਮਰਜ਼ੀ ਦੇ ਕੰਮ ਕਰ ਕਰ ਕੇ ਆਪ ਹੀ ਉਹਨਾਂ ਨੂੰ ਵੇਖਦਾ ਹੈ।

ਹੇ ਨਾਨਕ ਨੂੰ ਸਾਰੇ ਸੁਖ ਦੇਣ ਵਾਲੇ ਪ੍ਰਭੂ! ਜੇ ਤੂੰ (ਆਪਣੇ ਨਾਮ ਦੀ ਦਾਤਿ) ਦੇਵੇਂ ਤਾਂ ਹੀ ਤੇਰਾ ਨਾਮ ਹਿਰਦੇ ਵਿਚ ਵਸਾਇਆ ਜਾ ਸਕਦਾ ਹੈ।8।1।7।

ਮਾਰੂ ਮਹਲਾ ੫ ॥ ਬਿਰਖੈ ਹੇਠਿ ਸਭਿ ਜੰਤ ਇਕਠੇ ॥ ਇਕਿ ਤਤੇ ਇਕਿ ਬੋਲਨਿ ਮਿਠੇ ॥ ਅਸਤੁ ਉਦੋਤੁ ਭਇਆ ਉਠਿ ਚਲੇ ਜਿਉ ਜਿਉ ਅਉਧ ਵਿਹਾਣੀਆ ॥੧॥ ਪਾਪ ਕਰੇਦੜ ਸਰਪਰ ਮੁਠੇ ॥ ਅਜਰਾਈਲਿ ਫੜੇ ਫੜਿ ਕੁਠੇ ॥ ਦੋਜਕਿ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆ ॥੨॥ ਸੰਗਿ ਨ ਕੋਈ ਭਈਆ ਬੇਬਾ ॥ ਮਾਲੁ ਜੋਬਨੁ ਧਨੁ ਛੋਡਿ ਵਞੇਸਾ ॥ ਕਰਣ ਕਰੀਮ ਨ ਜਾਤੋ ਕਰਤਾ ਤਿਲ ਪੀੜੇ ਜਿਉ ਘਾਣੀਆ ॥੩॥ ਖੁਸਿ ਖੁਸਿ ਲੈਦਾ ਵਸਤੁ ਪਰਾਈ ॥ ਵੇਖੈ ਸੁਣੇ ਤੇਰੈ ਨਾਲਿ ਖੁਦਾਈ ॥ ਦੁਨੀਆ ਲਬਿ ਪਇਆ ਖਾਤ ਅੰਦਰਿ ਅਗਲੀ ਗਲ ਨ ਜਾਣੀਆ ॥੪॥ {ਪੰਨਾ 1019-1020}

ਪਦ ਅਰਥ: ਬਿਰਖ = ਰੁੱਖ। ਸਭਿ = ਸਾਰੇ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਤਤੇ = ਖਰ੍ਹਵੇ, ਤਿੱਖੇ। ਬੋਲਨਿ = ਬੋਲਦੇ ਹਨ। ਅਸਤੁ = ਡੁੱਬਾ ਹੋਇਆ (ਸੂਰਜ) । ਉਦੋਤੁ ਭਇਆ = ਉਦੈ ਹੁੰਦਾ ਹੈ, ਅਕਾਸ਼ ਵਿਚ ਚੜ੍ਹ ਪੈਂਦਾ ਹੈ। ਉਠਿ = ਉੱਠ ਕੇ। ਅਉਧ = ਉਮਰ। ਵਿਹਾਣੀਆ = ਬੀਤ ਜਾਂਦੀ ਹੈ।1।

ਕਰੇਦੜ = ਕਰਨ ਵਾਲੇ। ਸਰਪਰ = ਜ਼ਰੂਰ। ਮੁਠੇ = ਮੁੱਠੈ, ਲੁੱਟੇ ਜਾਂਦੇ ਹਨ, ਆਤਮਕ ਜੀਵਨ ਦਾ ਸਰਮਾਇਆ ਲੁਟਾ ਬੈਠਦੇ ਹਨ। ਅਜਰਾਈਲਿ = ਅਜਰਾਈਲ ਨੇ, ਮੌਤ ਦੇ ਫ਼ਰਿਸ਼ਤੇ ਨੇ {ਨੋਟ: ਇਹ ਸ਼ਬਦ ਕਿਸੇ ਮੁਸਲਮਾਨ ਦੇ ਪਰਥਾਇ ਹੈ}। ਫੜੇ ਫੜਿ = ਫੜਿ ਫੜਿ, ਫੜ ਕੇ ਫੜ ਕੇ, ਫੜ ਫੜ ਕੇ। ਕੁਠੇ = ਕੁੱਠੇ, ਕੁਹ ਸੁੱਟੇ। ਦੋਜਕਿ = ਦੋਜ਼ਕ ਵਿਚ। ਮੰਗੈ = ਮੰਗਦਾ ਹੈ {ਇਕ-ਵਚਨ}। ਬਾਣੀਆ = ਕਰਮਾਂ ਦਾ ਲੇਖਾ ਲਿਖਣ ਵਾਲਾ ਧਰਮਰਾਜ।2।

ਸੰਗਿ = (ਪਰਲੋਕ ਵਲ) ਨਾਲ। ਭਈਆ = ਭਰਾ। ਬੇਬਾ = ਭੈਣ। ਜੋਬਨੁ = ਜਵਾਨੀ। ਛੋਡਿ = ਛੱਡ ਕੇ। ਵਞੇਸਾ = ਤੁਰ ਪਏਗਾ। ਕਰੀਮ = ਬਖ਼ਸ਼ਸ਼ ਕਰਨ ਵਾਲਾ। ਕਰਣ ਕਰਤਾ = ਜਗਤ ਦਾ ਰਚਨਹਾਰ। ਜਾਤੋ = ਜਾਣਿਆ, ਸਾਂਝ ਪਾਈ। ਘਾਣੀ = ਕੋਲ੍ਹੂ ਵਿਚ ਪੀੜਨ ਵਾਸਤੇ ਇਕ ਵਾਰੀ ਜੋਗੇ ਪਾਏ ਹੋਏ ਤਿਲ।3।

ਖੁਸਿ ਖੁਸਿ = ਖੋਹ ਕੇ ਖੋਹ ਕੇ, ਖੋਹ ਖੋਹ ਕੇ। ਪਰਾਈ = ਬਿਗਾਨੀ। ਵਸਤੁ = ਚੀਜ਼। ਖੁਦਾਈ = ਖ਼ੁਦਾ, ਰੱਬ। ਦੁਨੀਆ ਲਬਿ = ਦੁਨੀਆ ਦੇ ਲੱਬ ਵਿਚ; ਦੁਨੀਆ ਦੇ (ਸੁਆਦ ਦੇ) ਚਸਕੇ ਵਿਚ। ਖਾਤ = ਟੋਆ। ਗਲ = ਗੱਲ। ਅਗਲੀ = ਅਗਾਂਹ ਵਾਪਰਨ ਵਾਲੀ।4।

ਅਰਥ: (ਹੇ ਭਾਈ! ਜਿਵੇਂ ਸੂਰਜ ਡੁੱਬਣ ਵੇਲੇ ਅਨੇਕਾਂ ਪੰਛੀ ਕਿਸੇ ਰੁੱਖ ਉਤੇ ਆ ਇਕੱਠੇ ਹੁੰਦੇ ਹਨ, ਇਸੇ ਤਰ੍ਹਾਂ) ਇਸ ਆਕਾਸ਼-ਰੁੱਖ ਹੇਠ ਸਾਰੇ ਜੀਵ-ਜੰਤ ਆ ਇਕੱਠੇ ਹੋਏ ਹਨ, ਕਈ ਖਰ੍ਹਵੇ ਬੋਲਦੇ ਹਨ ਕਈ ਮਿੱਠੇ ਬੋਲ ਬੋਲਦੇ ਹਨ। ਡੁੱਬਾ ਹੋਇਆ ਸੂਰਜ ਜਦੋਂ ਆਕਾਸ਼ ਵਿਚ ਮੁੜ ਚੜ੍ਹ ਪੈਂਦਾ ਹੈ ਤਾਂ (ਪੰਛੀ ਰੁੱਖ ਉਤੋਂ) ਉੱਠ ਕੇ ਉੱਡ ਜਾਂਦੇ ਹਨ (ਤਿਵੇਂ ਹੀ) ਜਿਉਂ ਜਿਉਂ (ਜੀਵਾਂ ਦੀ) ਉਮਰ ਮੁੱਕ ਜਾਂਦੀ ਹੈ (ਪੰਛੀਆਂ ਵਾਂਗ ਇਥੋਂ ਕੂਚ ਕਰ ਜਾਂਦੇ ਹਨ) ।1।

ਹੇ ਭਾਈ! ਇਥੇ ਪਾਪ ਕਰਨ ਵਾਲੇ ਜੀਵ (ਆਪਣੇ ਆਤਮਕ ਜੀਵਨ ਦਾ ਸਰਮਾਇਆ) ਜ਼ਰੂਰ ਲੁਟਾ ਜਾਂਦੇ ਹਨ, ਪਾਪ ਕਰਨ ਵਾਲਿਆਂ ਨੂੰ ਮੌਤ ਦਾ ਫ਼ਰਿਸ਼ਤਾ ਫੜ ਫੜ ਕੇ ਕੁਹੀ ਜਾਂਦਾ ਹੈ (ਇਹ ਯਕੀਨ ਜਾਣੋ ਕਿ ਅਜਿਹਾਂ ਨੂੰ) ਸਿਰਜਣਹਾਰ ਨੇ ਦੋਜ਼ਕ ਵਿਚ ਪਾ ਰੱਖਿਆ ਹੈ, ਉਹਨਾਂ ਪਾਸੋਂ ਧਰਮਰਾਜ (ਉਹਨਾਂ ਦੇ ਕੀਤੇ ਕਰਮਾਂ ਦਾ) ਲੇਖਾ ਮੰਗਦਾ ਹੈ।2।

ਹੇ ਭਾਈ! (ਜਗਤ ਤੋਂ ਕੂਚ ਕਰਨ ਵੇਲੇ) ਨਾਹ ਕੋਈ ਭਰਾ ਨਾਹ ਕੋਈ ਭੈਣ ਕੋਈ ਭੀ ਜੀਵ ਦੇ ਨਾਲ ਨਹੀਂ ਜਾਂਦਾ। ਮਾਲ, ਧਨ, ਜਵਾਨੀ = ਹਰੇਕ ਜੀਵ ਜ਼ਰੂਰ ਛੱਡ ਕੇ ਇੱਥੋਂ ਚਲਾ ਜਾਇਗਾ। ਜਿਨ੍ਹਾਂ ਮਨੁੱਖਾਂ ਨੇ ਜਗਤ ਰਚਨਹਾਰ ਬਖ਼ਸ਼ਿੰਦਾ ਪ੍ਰਭੂ ਨਾਲ ਡੂੰਘੀ ਸਾਂਝ ਨਹੀਂ ਪਾਈ, ਉਹ (ਦੁੱਖਾਂ ਵਿਚ) ਇਉਂ ਪੀੜੇ ਜਾਂਦੇ ਹਨ ਜਿਵੇਂ ਤਿਲਾਂ ਦੀ ਘਾਣੀ।3।

ਹੇ ਭਾਈ! ਤੂੰ ਪਰਾਇਆ ਮਾਲ-ਧਨ ਖੋਹ ਖੋਹ ਕੇ ਇਕੱਠਾ ਕਰਦਾ ਰਹਿੰਦਾ ਹੈਂ, ਤੇਰੇ ਨਾਲ ਵੱਸਦਾ ਰੱਬ (ਤੇਰੀ ਹਰੇਕ ਕਰਤੂਤ ਨੂੰ) ਵੇਖਦਾ ਹੈ (ਤੇਰੇ ਹਰੇਕ ਬੋਲ ਨੂੰ) ਸੁਣਦਾ ਹੈ। ਤੂੰ ਦੁਨੀਆ (ਦੇ ਸੁਆਦਾਂ) ਦੇ ਚਸਕੇ ਵਿਚ ਫਸਿਆ ਪਿਆ ਹੈਂ (ਮਾਨੋ ਡੂੰਘੇ) ਟੋਏ ਵਿਚ ਡਿੱਗਾ ਹੋਇਆ ਹੈਂ। ਅਗਾਂਹ ਵਾਪਰਨ ਵਾਲੀ ਗੱਲ ਨੂੰ ਤੂੰ ਸਮਝਦਾ ਹੀ ਨਹੀਂ।4।

TOP OF PAGE

Sri Guru Granth Darpan, by Professor Sahib Singh