ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1020

ਜਮਿ ਜਮਿ ਮਰੈ ਮਰੈ ਫਿਰਿ ਜੰਮੈ ॥ ਬਹੁਤੁ ਸਜਾਇ ਪਇਆ ਦੇਸਿ ਲੰਮੈ ॥ ਜਿਨਿ ਕੀਤਾ ਤਿਸੈ ਨ ਜਾਣੀ ਅੰਧਾ ਤਾ ਦੁਖੁ ਸਹੈ ਪਰਾਣੀਆ ॥੫॥ ਖਾਲਕ ਥਾਵਹੁ ਭੁਲਾ ਮੁਠਾ ॥ ਦੁਨੀਆ ਖੇਲੁ ਬੁਰਾ ਰੁਠ ਤੁਠਾ ॥ ਸਿਦਕੁ ਸਬੂਰੀ ਸੰਤੁ ਨ ਮਿਲਿਓ ਵਤੈ ਆਪਣ ਭਾਣੀਆ ॥੬॥ ਮਉਲਾ ਖੇਲ ਕਰੇ ਸਭਿ ਆਪੇ ॥ ਇਕਿ ਕਢੇ ਇਕਿ ਲਹਰਿ ਵਿਆਪੇ ॥ ਜਿਉ ਨਚਾਏ ਤਿਉ ਤਿਉ ਨਚਨਿ ਸਿਰਿ ਸਿਰਿ ਕਿਰਤ ਵਿਹਾਣੀਆ ॥੭॥ ਮਿਹਰ ਕਰੇ ਤਾ ਖਸਮੁ ਧਿਆਈ ॥ ਸੰਤਾ ਸੰਗਤਿ ਨਰਕਿ ਨ ਪਾਈ ॥ ਅੰਮ੍ਰਿਤ ਨਾਮ ਦਾਨੁ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆ ॥੮॥੨॥੮॥੧੨॥੨੦॥ {ਪੰਨਾ 1020}

ਪਦ ਅਰਥ: ਜਮਿ = ਜੰਮਿ, ਜੰਮ ਕੇ। ਜਮਿ ਜਮਿ ਮਰੈ = ਮੁੜ ਮੁੜ ਜੰਮ ਕੇ (ਮੁੜ ਮੁੜ) ਮਰਦਾ ਹੈ, ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ। ਸਜਾਇ = ਸਜ਼ਾ, ਦੰਡ। ਦੇਸਿ ਲੰਮੈ = ਲੰਮੇ ਦੇਸ ਵਿਚ, (ਮਰਨ ਮਰਨ ਦੇ ਗੇੜ ਦੇ) ਲੰਮੇ ਪੈਂਡੇ ਵਿਚ। ਜਿਨਿ = ਜਿਸ (ਪ੍ਰਭੂ) ਨੇ। ਕੀਤਾ = ਪੈਦਾ ਕੀਤਾ। ਅੰਧਾ = (ਮਾਇਆ ਦੇ ਮੋਹ ਵਿਚ) ਅੰਨ੍ਹਾ (ਹੋਇਆ ਮਨੁੱਖ) । ਤਾ = ਤਾਂ, ਤਾਂਹੀਏਂ। ਸਹੈ– ਸਹਾਰਦਾ ਹੈ। ਪਰਾਣੀਆ = ਪਰਾਣੀ, ਜੀਵ।5।

ਖਾਲਕ = ਖ਼ਾਲਕ, ਪੈਦਾ ਕਰਨ ਵਾਲਾ। ਥਾਵਹੁ = ਥਾਂ ਤੋਂ, ਵੱਲੋਂ। ਭੁਲਾ = ਭੁੱਲਾ, ਖੁੰਝਿਆ ਹੋਇਆ। ਮੁਠਾ = ਠੱਗਿਆ ਜਾ ਰਿਹਾ ਹੈ। ਖੇਲੁ = ਤਮਾਸ਼ਾ, ਜਾਦੂ ਦੀ ਖੇਡ। ਬੁਰਾ = ਭੈੜਾ। ਰੁਠ = ਰੁੱਠਾ, ਰੁੱਸਿਆ। ਤੁਠਾ = ਖ਼ੁਸ਼ ਹੋਇਆ। ਸਿਦਕੁ = ਸ਼ਾਂਤੀ, ਤਸੱਲੀ। ਸਬੂਰੀ = ਸਬਰ, ਰਜੇਵਾਂ। ਸੰਤੁ = ਗੁਰੂ। ਵਤੈ = ਭਟਕਦਾ ਫਿਰਦਾ ਹੈ। ਆਪਣ ਭਾਣੀਆ = ਆਪਣੇ ਮਨ ਦੀ ਮਰਜ਼ੀ ਅਨੁਸਾਰ।6।

ਮਉਲਾ = ਖ਼ੁਦਾ, ਰੱਬ। ਸਭਿ = ਸਾਰੇ। ਖੇਲ = {ਬਹੁ-ਵਚਨ। ਲਫ਼ਜ਼ 'ਖੇਲੁ' ਇਕ-ਵਚਨ}। ਆਪੇ = ਆਪ ਹੀ। ਇਕਿ = ਕਈ {ਲਫ਼ਜ਼ 'ਇਕ' ਤੋਂ ਬਹੁ-ਵਚਨ}। ਵਿਆਪੇ = ਫਸੇ ਹੋਏ। ਨਚਾਏ = ਨਚਾਂਦਾ ਹੈ। ਨਚਨਿ = ਨੱਚਦੇ ਹਨ। ਸਿਰਿ = ਸਿਰ ਉੱਤੇ। ਸਿਰਿ ਸਿਰਿ = ਹਰੇਕ (ਦੇ) ਸਿਰ ਉੱਤੇ। ਕਿਰਤ = (ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੀ) ਕਮਾਈ। ਵਿਹਾਣੀਆ = ਬੀਤਦੀ ਹੈ, ਅਸਰ ਪਾਂਦੀ ਹੈ।7।

ਤਾ = ਤਾਂ, ਤਦੋਂ। ਧਿਆਈ = ਧਿਆਈਂ, ਮੈਂ ਧਿਆਵਾਂ। ਨਰਕਿ = ਨਰਕ ਵਿਚ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਦਾਨੁ = ਖੈਰ। ਕਉ = ਨੂੰ (ਦੇਹ) । ਗੁਣ ਗੀਤਾ = ਗੁਣ ਗੀਤਾਂ, ਸਿਫ਼ਤਿ-ਸਾਲਾਹ ਦੇ ਗੀਤ। ਵਖਾਣੀਆ = ਵਖਾਣੀਂ, ਮੈਂ ਵਖਾਣਾਂ।8।

ਅਰਥ: ਹੇ ਭਾਈ! ਜਦੋਂ ਮਨੁੱਖ (ਮਾਇਆ ਦੇ ਮੋਹ ਵਿਚ) ਅੰਨ੍ਹਾ (ਹੋ ਕੇ) ਉਸ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ ਜਿਸ ਨੇ ਇਸ ਨੂੰ ਪੈਦਾ ਕੀਤਾ ਹੈ, ਤਦੋਂ ਇਹ (ਜਨਮ ਮਰਨ ਦੇ ਗੇੜ ਦਾ) ਦੁੱਖ ਸਹਿੰਦਾ ਹੈ, ਇਸ ਨੂੰ ਬਹੁਤ ਸਜ਼ਾ ਮਿਲਦੀ ਹੈ, ਇਹ (ਜਨਮ ਮਰਨ ਦੇ ਗੇੜ ਦੇ) ਲੰਮੇ ਪੈਂਡੇ ਵਿਚ ਪੈ ਜਾਂਦਾ ਹੈ, ਇਹ ਮੁੜ ਮੁੜ ਜੰਮ ਕੇ (ਮੁੜ ਮੁੜ) ਮਰਦਾ ਹੈ, ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ।5।

ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨਹੀਂ ਮਿਲਦਾ, ਉਹ ਆਪਣੇ ਮਨ ਦਾ ਮੁਰੀਦ ਹੋ ਕੇ ਭਟਕਦਾ ਫਿਰਦਾ ਹੈ, ਉਸ ਦੇ ਅੰਦਰ ਮਾਇਆ ਵਲੋਂ ਨਾਹ ਸ਼ਾਂਤੀ ਹੈ ਨਾਹ ਰਜੇਵਾਂ; ਉਹ ਮਨੁੱਖ ਸਿਰਜਣਹਾਰ ਵੱਲੋਂ ਖੁੰਝਿਆ ਰਹਿੰਦਾ ਹੈ, ਉਹ ਆਪਣੇ ਆਤਮਕ ਜੀਵਨ ਦਾ ਸਰਮਾਇਆ ਲੁਟਾ ਬੈਠਦਾ ਹੈ; ਇਹ ਜਗਤ-ਤਮਾਸ਼ਾ ਉਸ ਨੂੰ ਬੁਰਾ (ਖ਼ੁਆਰ ਕਰਦਾ ਹੈ) , ਕਦੇ (ਮਾਇਆ ਗੁਆਚਣ ਤੇ ਇਹ) ਘਬਰਾ ਜਾਂਦਾ ਹੈ, ਕਦੇ ਮਾਇਆ ਮਿਲਣ ਤੇ) ਇਹ ਖ਼ੁਸ਼ ਹੋ ਹੋ ਬਹਿੰਦਾ ਹੈ।6।

(ਪਰ, ਹੇ ਭਾਈ! ਜੀਵਾਂ ਦੇ ਕੀਹ ਵੱਸ?) ਪਰਮਾਤਮਾ ਆਪ ਹੀ ਸਾਰੇ ਖੇਲ ਕਰ ਰਿਹਾ ਹੈ। ਕਈ ਐਸੇ ਹਨ ਜਿਹੜੇ ਮਾਇਆ ਦੇ ਮੋਹ ਦੀਆਂ ਲਹਿਰਾਂ ਵਿਚ ਫਸੇ ਹੋਏ ਹਨ, ਕਈ ਐਸੇ ਹਨ ਜਿਨ੍ਹਾਂ ਨੂੰ ਉਸ ਨੇ ਇਹਨਾਂ ਲਹਿਰਾਂ ਵਿਚੋਂ ਕੱਢ ਲਿਆ ਹੈ। ਹੇ ਭਾਈ! ਪਰਮਾਤਮਾ ਜਿਵੇਂ ਜਿਵੇਂ ਜੀਵਾਂ ਨੂੰ (ਮਾਇਆ ਦੇ ਹੱਥਾਂ ਤੇ) ਨਚਾਂਦਾ ਹੈ; ਤਿਵੇਂ ਤਿਵੇਂ ਜੀਵ ਨੱਚਦੇ ਹਨ। ਹਰੇਕ ਜੀਵ ਦੇ ਸਿਰ ਉੱਤੇ (ਉਸ ਦੇ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੀ) ਕਮਾਈ ਅਸਰ ਪਾ ਰਹੀ ਹੈ।7।

ਹੇ ਭਾਈ! ਪਰਮਾਤਮਾ ਆਪ ਮਿਹਰ ਕਰੇ, ਤਾਂ ਹੀ ਮੈਂ ਉਸ ਖਸਮ-ਪ੍ਰਭੂ ਨੂੰ ਸਿਮਰ ਸਕਦਾ ਹਾਂ। (ਜਿਹੜਾ ਮਨੁੱਖ ਸਿਮਰਦਾ ਹੈ) ਉਹ ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਨਰਕ ਵਿਚ ਨਹੀਂ ਪੈਂਦਾ। ਹੇ ਪ੍ਰਭੂ! ਨਾਨਕ ਨੂੰ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ-ਦਾਨ ਦੇਹ, (ਤਾ ਕਿ ਮੈਂ ਨਾਨਕ) ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਸਦਾ ਗਾਂਦਾ ਰਹਾਂ।8।2।8।12। 20।

ਨੋਟ: ਅੰਕਾਂ ਦਾ ਨਿਰਣਾ:

ਅੰਕ ਨੰ: 2 = ਇਹ ਦੋ ਅੰਜੁਲੀਆਂ (ਅਰਜ਼ੋਈਆਂ ਹਨ) ਮ: 5 ਦੀਆਂ।

ਅੰਕ ਨੰ: 8 = ਮ: 5 ਦੀਆਂ ਕੁੱਲ ਅਸ਼ਟਪਦੀਆਂ (2 ਅੰਜੁਲੀਆਂ ਸਮੇਤ) 8 ਹਨ।

ਮਹਲਾ 1 ਦੀਆਂ ਅਸ਼ਟਪਦੀਆਂ . 11

ਮਹਲਾ 3 ਦੀ ਅਸ਼ਟਪਦੀ . . . . . .1
. . . . . . . . . ਜੋੜ . . . . . . . . . .12
ਮ: 5 ਦੀਆਂ ਅਸ਼ਟਪਦੀਆਂ . . . . 8
. . . . . . . ਕੁਲ ਜੋੜ . . . . . . . . . 20

ਮਾਰੂ ਸੋਲਹੇ ਮਹਲਾ ੧ ੴ ਸਤਿਗੁਰ ਪ੍ਰਸਾਦਿ ॥ ਸਾਚਾ ਸਚੁ ਸੋਈ ਅਵਰੁ ਨ ਕੋਈ ॥ ਜਿਨਿ ਸਿਰਜੀ ਤਿਨ ਹੀ ਫੁਨਿ ਗੋਈ ॥ ਜਿਉ ਭਾਵੈ ਤਿਉ ਰਾਖਹੁ ਰਹਣਾ ਤੁਮ ਸਿਉ ਕਿਆ ਮੁਕਰਾਈ ਹੇ ॥੧॥ ਆਪਿ ਉਪਾਏ ਆਪਿ ਖਪਾਏ ॥ ਆਪੇ ਸਿਰਿ ਸਿਰਿ ਧੰਧੈ ਲਾਏ ॥ ਆਪੇ ਵੀਚਾਰੀ ਗੁਣਕਾਰੀ ਆਪੇ ਮਾਰਗਿ ਲਾਈ ਹੇ ॥੨॥ ਆਪੇ ਦਾਨਾ ਆਪੇ ਬੀਨਾ ॥ ਆਪੇ ਆਪੁ ਉਪਾਇ ਪਤੀਨਾ ॥ ਆਪੇ ਪਉਣੁ ਪਾਣੀ ਬੈਸੰਤਰੁ ਆਪੇ ਮੇਲਿ ਮਿਲਾਈ ਹੇ ॥੩॥ ਆਪੇ ਸਸਿ ਸੂਰਾ ਪੂਰੋ ਪੂਰਾ ॥ ਆਪੇ ਗਿਆਨਿ ਧਿਆਨਿ ਗੁਰੁ ਸੂਰਾ ॥ ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੇ ਸਿਉ ਲਿਵ ਲਾਈ ਹੇ ॥੪॥ ਆਪੇ ਪੁਰਖੁ ਆਪੇ ਹੀ ਨਾਰੀ ॥ ਆਪੇ ਪਾਸਾ ਆਪੇ ਸਾਰੀ ॥ ਆਪੇ ਪਿੜ ਬਾਧੀ ਜਗੁ ਖੇਲੈ ਆਪੇ ਕੀਮਤਿ ਪਾਈ ਹੇ ॥੫॥ ਆਪੇ ਭਵਰੁ ਫੁਲੁ ਫਲੁ ਤਰਵਰੁ ॥ ਆਪੇ ਜਲੁ ਥਲੁ ਸਾਗਰੁ ਸਰਵਰੁ ॥ ਆਪੇ ਮਛੁ ਕਛੁ ਕਰਣੀਕਰੁ ਤੇਰਾ ਰੂਪੁ ਨ ਲਖਣਾ ਜਾਈ ਹੇ ॥੬॥ ਆਪੇ ਦਿਨਸੁ ਆਪੇ ਹੀ ਰੈਣੀ ॥ ਆਪਿ ਪਤੀਜੈ ਗੁਰ ਕੀ ਬੈਣੀ ॥ ਆਦਿ ਜੁਗਾਦਿ ਅਨਾਹਦਿ ਅਨਦਿਨੁ ਘਟਿ ਘਟਿ ਸਬਦੁ ਰਜਾਈ ਹੇ ॥੭॥ ਆਪੇ ਰਤਨੁ ਅਨੂਪੁ ਅਮੋਲੋ ॥ ਆਪੇ ਪਰਖੇ ਪੂਰਾ ਤੋਲੋ ॥ ਆਪੇ ਕਿਸ ਹੀ ਕਸਿ ਬਖਸੇ ਆਪੇ ਦੇ ਲੈ ਭਾਈ ਹੇ ॥੮॥ ਆਪੇ ਧਨਖੁ ਆਪੇ ਸਰਬਾਣਾ ॥ ਆਪੇ ਸੁਘੜੁ ਸਰੂਪੁ ਸਿਆਣਾ ॥ ਕਹਤਾ ਬਕਤਾ ਸੁਣਤਾ ਸੋਈ ਆਪੇ ਬਣਤ ਬਣਾਈ ਹੇ ॥੯॥ ਪਉਣੁ ਗੁਰੂ ਪਾਣੀ ਪਿਤ ਜਾਤਾ ॥ ਉਦਰ ਸੰਜੋਗੀ ਧਰਤੀ ਮਾਤਾ ॥ ਰੈਣਿ ਦਿਨਸੁ ਦੁਇ ਦਾਈ ਦਾਇਆ ਜਗੁ ਖੇਲੈ ਖੇਲਾਈ ਹੇ ॥੧੦॥ ਆਪੇ ਮਛੁਲੀ ਆਪੇ ਜਾਲਾ ॥ ਆਪੇ ਗਊ ਆਪੇ ਰਖਵਾਲਾ ॥ ਸਰਬ ਜੀਆ ਜਗਿ ਜੋਤਿ ਤੁਮਾਰੀ ਜੈਸੀ ਪ੍ਰਭਿ ਫੁਰਮਾਈ ਹੇ ॥੧੧॥ ਆਪੇ ਜੋਗੀ ਆਪੇ ਭੋਗੀ ॥ ਆਪੇ ਰਸੀਆ ਪਰਮ ਸੰਜੋਗੀ ॥ ਆਪੇ ਵੇਬਾਣੀ ਨਿਰੰਕਾਰੀ ਨਿਰਭਉ ਤਾੜੀ ਲਾਈ ਹੇ ॥੧੨॥ ਖਾਣੀ ਬਾਣੀ ਤੁਝਹਿ ਸਮਾਣੀ ॥ ਜੋ ਦੀਸੈ ਸਭ ਆਵਣ ਜਾਣੀ ॥ ਸੇਈ ਸਾਹ ਸਚੇ ਵਾਪਾਰੀ ਸਤਿਗੁਰਿ ਬੂਝ ਬੁਝਾਈ ਹੇ ॥੧੩॥ ਸਬਦੁ ਬੁਝਾਏ ਸਤਿਗੁਰੁ ਪੂਰਾ ॥ ਸਰਬ ਕਲਾ ਸਾਚੇ ਭਰਪੂਰਾ ॥ ਅਫਰਿਓ ਵੇਪਰਵਾਹੁ ਸਦਾ ਤੂ ਨਾ ਤਿਸੁ ਤਿਲੁ ਨ ਤਮਾਈ ਹੇ ॥੧੪॥ ਕਾਲੁ ਬਿਕਾਲੁ ਭਏ ਦੇਵਾਨੇ ॥ ਸਬਦੁ ਸਹਜ ਰਸੁ ਅੰਤਰਿ ਮਾਨੇ ॥ ਆਪੇ ਮੁਕਤਿ ਤ੍ਰਿਪਤਿ ਵਰਦਾਤਾ ਭਗਤਿ ਭਾਇ ਮਨਿ ਭਾਈ ਹੇ ॥੧੫॥ ਆਪਿ ਨਿਰਾਲਮੁ ਗੁਰ ਗਮ ਗਿਆਨਾ ॥ ਜੋ ਦੀਸੈ ਤੁਝ ਮਾਹਿ ਸਮਾਨਾ ॥ ਨਾਨਕੁ ਨੀਚੁ ਭਿਖਿਆ ਦਰਿ ਜਾਚੈ ਮੈ ਦੀਜੈ ਨਾਮੁ ਵਡਾਈ ਹੇ ॥੧੬॥੧॥ {ਪੰਨਾ 1020-1021}

ਸੋਲਹੇ = 16 ਬੰਦਾਂ ਵਾਲੇ ਸ਼ਬਦ। ਆਮ ਤੌਰ ਤੇ ਤਾਂ ਹਰੇਕ ਵਿਚ 16 ਬੰਦ (ਪਦ) ਹਨ, ਪਰ ਘੱਟ ਵਧ ਭੀ ਮਿਲਦੇ ਹਨ। ਗੁਰੂ ਗ੍ਰੰਥ ਸਾਹਿਬ ਵਿਚ ਸੋਲਹੇ ਅਸ਼ਟਪਦੀਆਂ ਦੇ ਮੁੱਕਣ ਤੇ ਦਰਜ ਹਨ। ਇਹਨਾਂ ਨੂੰ ਅਸ਼ਟਪਦੀਆਂ ਹੀ ਸਮਝਣਾ ਚਾਹੀਦਾ ਹੈ। 'ਸੋਲਹੇ' ਸਿਰਫ਼ ਮਾਰੂ ਰਾਗ ਵਿਚ ਹਨ। ਇਹਨਾਂ ਵਿਚ 'ਰਹਾਉ' ਦੀ ਤੁਕ ਨਹੀਂ ਹੈ।

ਪਦ ਅਰਥ: ਸਾਚਾ = ਸਦਾ-ਥਿਰ ਰਹਿਣ ਵਾਲਾ। ਸਚੁ = ਸਦਾ-ਥਿਰ, ਅਟੱਲ। ਸੋਈ = ਉਹ ਪਰਮਾਤਮਾ ਹੀ। ਜਿਨਿ = ਜਿਸ (ਪ੍ਰਭੂ) ਨੇ। ਸਿਰਜੀ = ਪੈਦਾ ਕੀਤੀ। ਤਿਨ ਹੀ = ਤਿਨਿ ਹੀ, {ਨੋਟ: ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਨਿ' ਦੀ 'ਿ' ਉਡ ਗਈ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਫੁਨਿ = ਮੁੜ, ਫਿਰ {pun:}। ਗੋਈ = ਨਾਸ ਕੀਤੀ ਹੈ। ਮੁਕਰਾਈ = ਨਹਿ-ਨੁੱਕਰ, ਇਨਕਾਰ।1।

ਖਪਾਏ = ਨਾਸ ਕਰਦਾ ਹੈ। ਸਿਰਿ = ਸਿਰ ਉਤੇ। ਸਿਰਿ ਸਿਰਿ = ਹਰੇਕ ਦੇ ਸਿਰ ਉਤੇ (ਕੀਤੇ ਕਰਮਾਂ ਦੇ ਲੇਖ ਲਿਖ ਕੇ) । ਧੰਧੈ = ਧੰਧੇ ਵਿਚ, ਕਿਰਤ-ਕਾਰ ਵਿਚ। ਵੀਚਾਰੀ = ਜੀਵਾਂ ਦੇ ਕੀਤੇ ਕਰਮਾਂ ਨੂੰ ਵਿਚਾਰਨ ਵਾਲਾ। ਗੁਣਕਾਰੀ = (ਜੀਵਾਂ ਦੇ ਅੰਦਰ) ਗੁਣ ਪੈਦਾ ਕਰਨ ਵਾਲਾ। ਮਾਰਗਿ = (ਸਹੀ ਜੀਵਨ-) ਰਸਤੇ ਉਤੇ।2।

ਦਾਨਾ = (ਜੀਵਾਂ ਦੇ ਦਿਲ ਦੀ) ਜਾਣਨ ਵਾਲਾ। ਬੀਨਾ = (ਜੀਵਾਂ ਦੇ ਕੀਤੇ ਕੰਮ) ਵੇਖਣ ਵਾਲਾ। ਆਪੁ = ਆਪਣੇ ਆਪ ਨੂੰ। ਉਪਾਇ = (ਸ੍ਰਿਸ਼ਟੀ ਦੇ ਰੂਪ ਵਿਚ) ਪਰਗਟ ਕਰ ਕੇ। ਪਤੀਨਾ = ਪਤੀਜਦਾ ਹੈ, ਖ਼ੁਸ਼ ਹੁੰਦਾ ਹੈ। ਬੈਸੰਤਰੁ = ਅੱਗ। ਮੇਲਿ = (ਸਭ ਤੱਤਾਂ ਨੂੰ) ਇਕੱਠਾ ਕਰ ਕੇ।3।

ਸਸਿ = {_i_} ਚੰਦ੍ਰਮਾ। ਸੂਰਾ = ਸੂਰਜ। ਪੂਰੋ ਪੂਰਾ = ਹਰ ਥਾਂ ਪੂਰਨ, ਹਰ ਥਾਂ ਆਪਣਾ ਚਾਨਣ ਦੇਣ ਵਾਲਾ। ਗਿਆਨਿ = ਗਿਆਨ ਦਾ ਮਾਲਕ। ਧਿਆਨਿ = ਧਿਆਨ ਦਾ ਮਾਲਕ। ਸੂਰਾ = ਸੂਰਮਾ। ਜੋਹਿ ਨ ਸਾਕੈ = ਤੱਕ ਨਹੀਂ ਸਕਦਾ। ਲਿਵ = ਲਗਨ।4।

ਪਾਸਾ = ਚਉਪੜ, ਸੰਸਾਰ ਦਾ ਆਕਾਰ। ਸਾਰੀ = ਨਰਦਾਂ, ਜੀਵ। ਕੀਮਤਿ = ਮੁੱਲ, ਕਦਰ, ਪਰਖ।5।

ਤਰਵਰੁ = ਰੁੱਖ। ਥਲੁ = ਸੁੱਕੀ ਧਰਤੀ। ਸਾਗਰੁ = ਸਮੁੰਦਰ। ਸਰਵਰੁ = ਤਲਾਬ। ਕਰਨੀ ਕਰੁ = ਜਗਤ ਦੀ ਰਚਨਾ ਰਚਨ ਵਾਲਾ।6।

ਦਿਨਸੁ = ਦਿਨ। ਰੈਣੀ = {rjin} ਰਾਤ। ਪਤੀਜੈ = ਖ਼ੁਸ਼ ਹੁੰਦਾ ਹੈ। ਬੈਣੀ = ਬਚਨਾਂ ਦੀ ਰਾਹੀਂ। ਅਨਾਹਦਿ = ਨਾਸ-ਰਹਿਤ। ਰਜਾਈ = ਰਜ਼ਾ ਦੇ ਮਾਲਕ ਪ੍ਰਭੂ ਦਾ।7।

ਅਨੂਪੁ = ਬੇ-ਮਿਸਾਲ। ਅਮੋਲੋ = ਜਿਸ ਦਾ ਮੁੱਲ ਨਾਹ ਪੈ ਸਕੇ। ਕਸਿ = ਕਸਵੱਟੀ ਤੇ ਲਾ ਕੇ। ਦੇ = ਦੇਂਦਾ ਹੈ। ਲੈ = ਲੈਂਦਾ ਹੈ। ਦੇ ਲੈ = ਦੇਂਦਾ ਲੈਂਦਾ ਹੈ, ਵਣਜ ਵਪਾਰ ਕਰਦਾ ਹੈ।8।

ਸਰ = ਤੀਰ। ਸਰਬਾਣਾ = {_rvwix} ਤੀਰ ਚਲਾਣ ਵਾਲਾ, ਤੀਰ-ਅੰਦਾਜ਼। ਸੁਘੜੁ = ਸੋਹਣੀ ਘਾੜਤ ਵਾਲਾ, ਸੁਚੱਜਾ। ਸਰੂਪੁ = ਸੋਹਣੇ ਰੂਪ ਵਾਲਾ। ਬਕਤਾ = ਬੋਲਣ ਵਾਲਾ।9।

ਜਾਤਾ = ਜਾਣਿਆ ਜਾਂਦਾ ਹੈ। ਉਦਰ ਸੰਜੋਗੀ = ਪੇਟ ਦੇ ਸੰਜੋਗ ਕਰ ਕੇ। ਰੈਣਿ = ਰਾਤ। ਦੁਇ = ਦੋਵੇਂ। ਦਾਇਆ = ਖਿਡਾਵਾ।10।

ਜਾਲਾ = (ਮੱਛੀ ਨੂੰ ਫਸਾਣ ਵਾਲਾ) ਜਾਲ। ਜਗਿ = ਜਗਤ ਵਿਚ। ਪ੍ਰਭਿ = ਪ੍ਰਭੂ ਨੇ।11।

ਰਸੀਆ = ਰਸ ਮਾਣਨ ਵਾਲਾ। ਵੇਬਾਣੀ = ਜੰਗਲ ਵਿਚ ਰਹਿਣ ਵਾਲਾ ਤਿਆਗੀ। ਨਿਰੰਕਾਰੀ = ਆਕਾਰ-ਰਹਿਤ।12।

ਖਾਣੀ = ਜੀਵਾਂ ਦੀ ਉਤਪੱਤੀ ਦੀਆਂ ਚਾਰ ਖਾਣਾਂ। ਬਾਣੀ = ਚਾਰ ਬਾਣੀਆਂ। ਸੇਈ = ਉਹੀ ਬੰਦੇ। ਸਤਿਗੁਰਿ = ਗੁਰੂ ਨੇ।13।

ਅਫਰਿਓ = ਅਟੱਲ ਹੁਕਮ ਵਾਲਾ। ਤਿਸੁ = ਉਸ (ਪ੍ਰਭੂ) ਨੂੰ। ਤਿਲੁ = ਤਿਲ ਜਿਤਨਾ ਭੀ। ਤਮਾਈ = ਤਮ੍ਹਾ, ਲਾਲਚ।14।

ਕਾਲੁ = ਮੌਤ, ਮਰਨ। ਬਿਕਾਲੁ = ਜਨਮ। ਸਹਜ ਰਸੁ = ਆਤਮਕ ਅਡੋਲਤਾ ਦਾ ਆਨੰਦ। ਮਾਨੇ = ਮਾਣਿਆ ਹੈ। ਮੁਕਤਿ ਦਾਤਾ = ਵਿਕਾਰਾਂ ਤੋਂ ਖ਼ਲਾਸੀ ਦੇਣ ਵਾਲਾ। ਤ੍ਰਿਪਤਿ ਦਾਤਾ = ਮਾਇਆ ਵਲੋਂ ਸੰਤੋਖ ਦੇਣ ਵਾਲਾ। ਵਰ ਦਾਤਾ = ਬਖ਼ਸ਼ਸ਼ਾਂ ਕਰਨ ਵਾਲਾ। ਭਾਇ = ਪ੍ਰੇਮ ਦੀ ਰਾਹੀਂ। ਮਨਿ = ਮਨ ਵਿਚ। ਭਗਤਿ ਭਾਇ = ਜਿਸ ਨੂੰ ਪਰਮਾਤਮਾ ਦੀ ਭਗਤੀ ਪਿਆਰੀ ਲੱਗੀ ਹੈ।15।

ਨਿਰਾਲਮੁ = ਨਿਰਲੇਪ। ਗੁਰ ਗਮ ਗਿਆਨਾ = ਗੁਰੂ ਦੀ ਰਾਹੀਂ ਜਿਸ ਨਾਲ ਜਾਣ-ਪਛਾਣ ਬਣਦੀ ਹੈ। ਭਿਖਿਆ = ਨਾਮ ਦਾ ਖੈਰ। ਦਰਿ = (ਤੇਰੇ) ਦਰ ਤੇ। ਜਾਚੈ = ਮੰਗਦਾ ਹੈ। ਮੈ = ਮੈਨੂੰ। 16।

ਅਰਥ: ਉਹ ਪਰਮਾਤਮਾ ਹੀ ਸਦਾ-ਥਿਰ ਰਹਿਣ ਵਾਲਾ ਹੈ, ਸਦਾ ਅਟੱਲ ਰਹਿਣ ਵਾਲਾ ਹੈ। ਕੋਈ ਹੋਰ ਉਸ ਵਰਗਾ ਨਹੀਂ ਹੈ। ਜਿਸ (ਪ੍ਰਭੂ) ਨੇ (ਇਹ ਰਚਨਾ) ਰਚੀ ਹੈ ਉਸੇ ਨੇ ਹੀ ਮੁੜ ਨਾਸ ਕੀਤਾ ਹੈ (ਉਹੀ ਇਸ ਨੂੰ ਨਾਸ ਕਰਨ ਵਾਲਾ ਹੈ) । ਹੇ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਸਾਨੂੰ ਜੀਵਾਂ ਨੂੰ ਤੂੰ ਰੱਖਦਾ ਹੈਂ, ਤਿਵੇਂ ਹੀ ਅਸੀਂ ਰਹਿ ਸਕਦੇ ਹਾਂ। ਅਸੀਂ ਜੀਵ ਤੇਰੇ (ਹੁਕਮ) ਅੱਗੇ ਕੋਈ ਨਹਿ-ਨੁੱਕਰ ਨਹੀਂ ਕਰ ਸਕਦੇ।1।

ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ ਆਪ ਹੀ ਮਾਰਦਾ ਹੈ। ਆਪ ਹੀ ਹਰੇਕ ਜੀਵ ਨੂੰ ਉਸ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਦੁਨੀਆ ਦੇ ਧੰਧੇ ਵਿਚ ਲਾਂਦਾ ਹੈ। ਪ੍ਰਭੂ ਆਪ ਹੀ ਜੀਵਾਂ ਦੇ ਕਰਮਾਂ ਨੂੰ ਵਿਚਾਰਨ ਵਾਲਾ ਹੈ, ਆਪ ਹੀ (ਜੀਵਾਂ ਦੇ ਅੰਦਰ) ਗੁਣ ਪੈਦਾ ਕਰਨ ਵਾਲਾ ਹੈ, ਆਪ ਹੀ (ਜੀਵਾਂ ਨੂੰ) ਸਹੀ ਜੀਵਨ-ਰਸਤੇ ਉਤੇ ਲਾਂਦਾ ਹੈ।2।

ਪਰਮਾਤਮਾ ਆਪ ਹੀ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ, ਆਪ ਹੀ ਜੀਵਾਂ ਦੇ ਕੀਤੇ ਕਰਮਾਂ ਨੂੰ ਵੇਖਣ ਵਾਲਾ ਹੈ। ਪ੍ਰਭੂ ਆਪ ਹੀ ਆਪਣੇ ਆਪ ਨੂੰ (ਸ੍ਰਿਸ਼ਟੀ ਦੇ ਰੂਪ ਵਿਚ) ਪਰਗਟ ਕਰ ਕੇ (ਆਪ ਹੀ ਇਸ ਨੂੰ ਵੇਖ ਵੇਖ ਕੇ) ਖ਼ੁਸ਼ ਹੋ ਰਿਹਾ ਹੈ। ਪਰਮਾਤਮਾ ਆਪ ਹੀ (ਆਪਣੇ ਆਪ ਤੋਂ) ਹਵਾ ਪਾਣੀ ਅੱਗ (ਆਦਿਕ ਤੱਤ ਪੈਦਾ ਕਰਨ ਵਾਲਾ) ਹੈ, ਪ੍ਰਭੂ ਨੇ ਆਪ ਹੀ (ਇਹਨਾਂ ਤੱਤਾਂ ਨੂੰ) ਇਕੱਠਾ ਕਰ ਕੇ ਜਗਤ-ਰਚਨਾ ਕੀਤੀ ਹੈ।3।

ਹਰ ਥਾਂ ਚਾਨਣ ਦੇਣ ਵਾਲਾ ਪਰਮਾਤਮਾ ਆਪ ਹੀ ਸੂਰਜ ਹੈ ਆਪ ਹੀ ਚੰਦ੍ਰਮਾ ਹੈ, ਪ੍ਰਭੂ ਆਪ ਹੀ ਗਿਆਨ ਦਾ ਮਾਲਕ ਤੇ ਸੁਰਤਿ ਦਾ ਮਾਲਕ ਸੂਰਮਾ ਗੁਰੂ ਹੈ। ਜਿਸ ਭੀ ਜੀਵ ਨੇ ਉਸ ਸਦਾ-ਥਿਰ ਪ੍ਰਭੂ ਨਾਲ ਪ੍ਰੇਮ-ਲਗਨ ਲਾਈ ਹੈ ਜਮ-ਰਾਜ ਉਸ ਵਲ ਤੱਕ ਭੀ ਨਹੀਂ ਸਕਦਾ।4।

(ਹਰੇਕ) ਮਰਦ ਭੀ ਪ੍ਰਭੂ ਆਪ ਹੀ ਹੈ ਤੇ (ਹਰੇਕ) ਇਸਤ੍ਰੀ ਭੀ ਆਪ ਹੀ ਹੈ, ਪ੍ਰਭੂ ਆਪ ਹੀ (ਇਹ ਜਗਤ-ਰੂਪ) ਚਉਪੜ (ਦੀ ਖੇਡ) ਹੈ ਤੇ ਆਪ ਹੀ (ਚਉਪੜ ਦੀਆਂ ਜੀਵ-) ਨਰਦਾਂ ਹੈ। ਪਰਮਾਤਮਾ ਨੇ ਆਪ ਹੀ ਇਹ ਜਗਤ (ਚਉਪੜ ਦੀ ਖੇਡ-ਰੂਪ) ਪਿੜ ਤਿਆਰ ਕੀਤਾ ਹੈ, ਆਪ ਹੀ ਇਸ ਖੇਡ ਨੂੰ ਪਰਖ ਰਿਹਾ ਹੈ।5।

(ਹੇ ਪ੍ਰਭੂ!) ਤੇਰਾ ਸਹੀ ਸਰੂਪ ਕੀਹ ਹੈ– ਇਹ ਬਿਆਨ ਨਹੀਂ ਕੀਤਾ ਜਾ ਸਕਦਾ। ਤੂੰ ਆਪ ਹੀ (ਆਪਣੇ ਆਪ ਤੋਂ) ਸਾਰੀ ਰਚਨਾ ਰਚਣ ਵਾਲਾ ਹੈਂ। ਤੂੰ ਆਪ ਹੀ ਭੌਰਾ ਹੈਂ, ਆਪ ਹੀ ਫੁੱਲ ਹੈਂ, ਤੂੰ ਆਪ ਹੀ ਫਲ ਹੈਂ, ਤੇ ਆਪ ਹੀ ਰੁੱਖ ਹੈਂ। ਤੂੰ ਆਪ ਹੀ ਪਾਣੀ ਹੈਂ, ਆਪ ਹੀ ਸੁੱਕੀ ਧਰਤੀ ਹੈਂ, ਤੂੰ ਆਪ ਹੀ ਸਮੁੰਦਰ ਹੈਂ ਆਪ ਹੀ ਤਲਾਬ ਹੈਂ। ਤੂੰ ਆਪ ਹੀ ਮੱਛ ਹੈਂ ਆਪ ਹੀ ਕੱਛੂ ਹੈਂ।6।

ਪਰਮਾਤਮਾ ਆਪ ਹੀ ਦਿਨ ਹੈ ਆਪ ਹੀ ਰਾਤ ਹੈ, ਉਹ ਆਪ ਹੀ ਗੁਰੂ ਦੇ ਬਚਨਾਂ ਦੀ ਰਾਹੀਂ ਖ਼ੁਸ਼ ਹੋ ਰਿਹਾ ਹੈ, ਸਾਰੇ ਜਗਤ ਦਾ ਮੂਲ ਹੈ, ਜੁਗਾਂ ਦੇ ਭੀ ਆਦਿ ਤੋਂ ਹੈ, ਉਸ ਦਾ ਕਦੇ ਨਾਸ ਨਹੀਂ ਹੋ ਸਕਦਾ, ਹਰ ਵੇਲੇ ਹਰੇਕ ਸਰੀਰ ਵਿਚ ਉਸੇ ਰਜ਼ਾ ਦੇ ਮਾਲਕ ਦੀ ਜੀਵਨ-ਰੌ ਰੁਮਕ ਰਹੀ ਹੈ।7।

ਪ੍ਰਭੂ ਆਪ ਹੀ ਇਕ ਐਸਾ ਰਤਨ ਹੈ ਜਿਸ ਵਰਗਾ ਹੋਰ ਕੋਈ ਨਹੀਂ ਤੇ ਜਿਸ ਦਾ ਮੁੱਲ ਨਹੀਂ ਪੈ ਸਕਦਾ। ਪ੍ਰਭੂ ਆਪ ਹੀ ਉਸ ਰਤਨ ਨੂੰ ਪਰਖਦਾ ਹੈ, ਤੇ ਠੀਕ ਤਰ੍ਹਾਂ ਤੋਲਦਾ ਹੈ। ਪ੍ਰਭੂ ਆਪ ਹੀ ਕਿਸੇ ਰਤਨ-ਜੀਵ ਨੂੰ ਕਸਵੱਟੀ ਤੇ ਲਾ ਕੇ ਪਰਵਾਨ ਕਰਦਾ ਹੈ, ਤੇ, ਹੇ ਭਾਈ! ਪ੍ਰਭੂ ਆਪ ਹੀ ਜਗਤ ਦੀ ਵਣਜ-ਵਪਾਰ ਦੀ ਕਾਰ ਚਲਾ ਰਿਹਾ ਹੈ (ਰਤਨ ਦੇਂਦਾ ਹੈ ਤੇ ਰਤਨ ਲੈਂਦਾ ਹੈ) ।8।

ਪਰਮਾਤਮਾ ਆਪ ਹੀ ਧਨਖ ਹੈ (ਆਪ ਹੀ ਤੀਰ ਹੈ) ਆਪ ਹੀ ਤੀਰ-ਅੰਦਾਜ਼ ਹੈ। ਆਪ ਹੀ ਸੁਚੱਜਾ ਸੋਹਣਾ ਤੇ ਸਿਆਣਾ ਹੈ। ਹਰ ਥਾਂ ਬੋਲਣ ਵਾਲਾ ਸੁਣਨ ਵਾਲਾ ਉਹੀ ਆਪ ਹੀ ਹੈ ਜਿਸ ਨੇ ਇਹ ਜਗਤ-ਰਚਨਾ ਰਚੀ ਹੈ।9।

ਹਵਾ (ਜੋ ਸਰੀਰਾਂ ਲਈ ਇਉਂ ਹੈ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਵਾਸਤੇ ਹੈ) ਪ੍ਰਭੂ ਆਪ ਹੀ ਹੈ। ਪਾਣੀ (ਜੋ ਸਭ ਜੀਵਾਂ ਦਾ) ਪਿਉ (ਹੈ, ਇਹ ਭੀ) ਪ੍ਰਭੂ ਆਪ ਹੀ ਹੈ। ਧਰਤੀ (ਜੇਹੜੀ ਇਸ ਵਾਸਤੇ ਜੀਵਾਂ ਦੀ) ਮਾਂ ਅਖਵਾਣ-ਜੋਗ ਹੈ ਕਿ ਇਹ ਮਾਂ ਵਾਂਗ ਸਭ ਚੀਜ਼ਾਂ ਨੂੰ ਆਪਣੇ ਪੇਟ ਵਿਚ ਰਖਦੀ ਹੈ ਤੇ ਪੇਟ ਵਿਚੋਂ ਪੈਦਾ ਕਰਦੀ ਹੈ– ਇਹ ਭੀ ਪਰਮਾਤਮਾ ਆਪ ਹੀ ਹੈ (ਕਿਉਂਕਿ ਸਭ ਕੁਝ ਪਰਮਾਤਮਾ ਨੇ ਆਪਣੇ ਆਪ ਤੋਂ ਪਰਗਟ ਕੀਤਾ ਹੈ) । ਦਿਨ ਤੇ ਰਾਤ (ਜੋ ਜੀਵਾਂ ਵਾਸਤੇ) ਦੋਵੇਂ ਖਿਡਾਵੀ ਤੇ ਖਿਡਾਵਾ ਹਨ (ਤੇ ਇਹਨਾਂ ਦੇ ਪ੍ਰਭਾਵ ਵਿਚ) ਜਗਤ ਖੇਡ ਰਿਹਾ ਹੈ, ਇਹ ਭੀ ਉਹ ਆਪ ਹੀ ਹੈ, ਇਹ ਸਾਰੀ ਖੇਡ ਉਹ ਆਪ ਹੀ ਖੇਡ ਰਿਹਾ ਹੈ।10।

ਹੇ ਪ੍ਰਭੂ! ਤੂੰ ਆਪ ਹੀ ਮੱਛੀ ਹੈਂ ਤੇ ਆਪ ਹੀ (ਮੱਛੀ ਨੂੰ ਫਸਾਣ ਵਾਲਾ) ਜਾਲ ਹੈਂ; ਤੂੰ ਆਪ ਹੀ ਗਾਂ ਹੈ ਤੇ ਆਪ ਹੀ ਗਾਈਆਂ ਦਾ ਰਾਖਾ ਹੈਂ। ਸਾਰੇ ਜੀਵਾਂ ਵਿਚ ਸਾਰੇ ਜਗਤ ਵਿਚ ਤੇਰੀ ਹੀ ਜੋਤਿ ਮੌਜੂਦ ਹੈ।

ਜਗਤ ਵਿਚ ਉਹੀ ਕੁਝ ਵਰਤ ਰਿਹਾ ਹੈ ਜਿਵੇਂ ਪ੍ਰਭੂ ਨੇ ਹੁਕਮ ਕੀਤਾ ਹੈ (ਹੁਕਮ ਕਰ ਰਿਹਾ ਹੈ) ।11।

(ਮਾਇਆ ਤੋਂ ਨਿਰਲੇਪ ਹੋਣ ਕਰਕੇ) ਪ੍ਰਭੂ ਆਪ ਹੀ ਜੋਗੀ ਹੈ, (ਤੇ ਸਾਰੇ ਜੀਵਾਂ ਵਿਚ ਵਿਆਪਕ ਹੋਣ ਕਰਕੇ) ਆਪ ਹੀ (ਸਾਰੇ ਪਦਾਰਥਾਂ ਨੂੰ) ਭੋਗਣ ਵਾਲਾ ਹੈ। ਸਭ ਤੋਂ ਵੱਡੇ ਸੰਜੋਗ (ਮਿਲਾਪ) ਦੇ ਕਾਰਨ (ਸਭ ਜੀਵਾਂ ਵਿਚ ਰਮਿਆ ਹੋਣ ਕਰਕੇ) ਪ੍ਰਭੂ ਆਪ ਹੀ ਸਾਰੇ ਰਸ ਮਾਣ ਰਿਹਾ ਹੈ। ਪ੍ਰਭੂ ਆਪ ਹੀ ਉਜਾੜ ਵਿਚ ਰਹਿਣ ਵਾਲਾ ਹੈ, ਪ੍ਰਭੂ ਆਪ ਨਿਰ-ਆਕਾਰ ਹੈ, ਉਸ ਨੂੰ ਕਿਸੇ ਤੋਂ ਡਰ ਨਹੀਂ। ਉਹ ਆਪ ਹੀ ਆਪਣੇ ਸਰੂਪ ਵਿਚ ਸੁਰਤਿ ਜੋੜਨ ਵਾਲਾ ਹੈ।12।

ਹੇ ਪ੍ਰਭੂ! ਚੌਹਾਂ ਖਾਣੀਆਂ ਦੇ ਜੀਵ ਤੇ ਉਹਨਾਂ ਦੀਆਂ ਬੋਲੀਆਂ ਭੀ ਤੇਰੇ ਵਿਚ ਹੀ ਸਮਾ ਜਾਂਦੀਆਂ ਹਨ। ਜਗਤ ਵਿਚ ਜੋ ਕੁਝ ਦਿੱਸ ਰਿਹਾ ਹੈ ਉਹ ਜੰਮਣ ਮਰਨ ਦੇ ਗੇੜ ਵਿਚ ਹੈ। ਜਿਨ੍ਹਾਂ ਬੰਦਿਆਂ ਨੂੰ ਸਤਿਗੁਰੂ ਨੇ (ਸਹੀ ਜੀਵਨ ਦੀ) ਸੂਝ ਦਿੱਤੀ ਹੈ ਉਹੀ ਕਦੇ ਘਾਟਾ ਨਾਹ ਖਾਣ ਵਾਲੇ ਸ਼ਾਹ ਹਨ ਤੇ ਵਪਾਰੀ ਹਨ।13।

ਹੇ ਪ੍ਰਭੂ! (ਤੇਰਾ ਰੂਪ) ਪੂਰਾ ਸਤਿਗੁਰੂ (ਤੇਰੀ ਸਿਫ਼ਤਿ-ਸਾਲਾਹ ਦੀ) ਬਾਣੀ (ਤੇਰੇ ਪੈਦਾ ਕੀਤੇ ਜੀਵਾਂ ਨੂੰ) ਸਮਝਾਂਦਾ ਹੈ। ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ (ਆਪਣੀ ਸਾਰੀ ਰਚਨਾ ਵਿਚ) ਹਰ ਥਾਂ ਮੌਜੂਦ ਹੈਂ। ਕੋਈ ਜੀਵ ਤੇਰੇ ਹੁਕਮ ਨੂੰ ਮੋੜ ਨਹੀਂ ਸਕਦਾ, (ਇਤਨੇ ਵੱਡੇ ਖਲਜਗਨ ਦਾ ਮਾਲਕ ਹੋ ਕੇ ਭੀ) ਤੂੰ ਸਦਾ ਬੇ-ਫ਼ਿਕਰ ਹੈਂ।

(ਹੇ ਭਾਈ! ਪਰਮਾਤਮਾ ਆਪਣੇ ਪੈਦਾ ਕੀਤੇ ਜੀਵਾਂ ਵਾਸਤੇ ਸਭ ਕੁਝ ਕਰਦਾ ਹੈ, ਪਰ) ਉਸ ਨੂੰ (ਆਪਣੇ ਵਾਸਤੇ) ਕੋਈ ਰਤਾ ਭਰ ਭੀ ਲਾਲਚ ਨਹੀਂ ਹੈ।14।

(ਪਰਮਾਤਮਾ ਦੀ ਕਿਰਪਾ ਨਾਲ ਜੇਹੜਾ ਮਨੁੱਖ) ਆਪਣੇ ਹਿਰਦੇ ਵਿਚ ਉਸ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਸਾਂਦਾ ਹੈ ਤੇ ਆਤਮਕ ਅਡੋਲਤਾ ਦਾ ਰਸ ਮਾਣਦਾ ਹੈ, ਜਨਮ ਤੇ ਮਰਨ ਉਸ ਦੇ ਨੇੜੇ ਨਹੀਂ ਢੁਕਦੇ (ਉਸ ਨੂੰ ਵੇਖ ਕੇ ਝੱਲੇ ਹੋ ਜਾਂਦੇ ਹਨ, ਸਹਮ ਜਾਂਦੇ ਹਨ) । (ਪ੍ਰਭੂ ਦੀ ਬਖ਼ਸ਼ੀ ਹੋਈ ਪ੍ਰਭੂ-ਚਰਨਾਂ ਦੀ) ਪ੍ਰੀਤਿ ਦੀ ਰਾਹੀਂ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੀ ਭਗਤੀ ਪਿਆਰੀ ਲੱਗਣ ਲੱਗ ਪੈਂਦੀ ਹੈ, ਉਸ ਨੂੰ ਪ੍ਰਭੂ (ਆਪ ਹੀ ਵਿਕਾਰਾਂ ਤੋਂ) ਖ਼ਲਾਸੀ ਦੇਣ ਵਾਲਾ ਹੈ ਆਪ ਹੀ (ਮਾਇਆ ਦੀ ਤ੍ਰਿਸ਼ਨਾ ਤੋਂ) ਤ੍ਰਿਪਤੀ ਦੇਣ ਵਾਲਾ ਹੈ, ਤੇ ਆਪ ਹੀ ਸਭ ਬਖ਼ਸ਼ਸ਼ਾਂ ਕਰਨ ਵਾਲਾ ਹੈ।15।

ਹੇ ਪ੍ਰਭੂ! (ਇਤਨਾ ਬੇਅੰਤ ਜਗਤ ਰਚ ਕੇ) ਤੂੰ ਆਪ (ਇਸ ਦੇ ਮੋਹ ਤੋਂ) ਨਿਰਲੇਪ ਹੈਂ। ਹੇ ਪ੍ਰਭੂ! (ਤੇਰੇ ਰੂਪ) ਗੁਰੂ ਦੀ ਰਾਹੀਂ ਹੀ ਤੇਰੇ ਨਾਲ ਜਾਣ-ਪਛਾਣ ਹੋ ਸਕਦੀ ਹੈ। (ਜਗਤ ਵਿਚ) ਜੋ ਕੁਝ ਦਿੱਸ ਰਿਹਾ ਹੈ ਉਹ ਸਭ ਤੇਰੇ ਵਿਚ ਹੀ ਲੀਨ ਹੋ ਜਾਂਦਾ ਹੈ।

ਗ਼ਰੀਬ ਨਾਨਕ ਤੇਰੇ ਦਰ ਤੋਂ (ਨਾਮ ਦਾ) ਖ਼ੈਰ ਮੰਗਦਾ ਹੈ। ਹੇ ਪ੍ਰਭੂ! ਮੈਨੂੰ ਆਪਣਾ ਨਾਮ ਦੇਹ, ਇਹੀ ਮੇਰੇ ਵਾਸਤੇ ਸਭ ਤੋਂ ਉੱਚੀ ਇੱਜ਼ਤ ਹੈ। 16।1।

TOP OF PAGE

Sri Guru Granth Darpan, by Professor Sahib Singh