ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1021

ਮਾਰੂ ਮਹਲਾ ੧ ॥ ਆਪੇ ਧਰਤੀ ਧਉਲੁ ਅਕਾਸੰ ॥ ਆਪੇ ਸਾਚੇ ਗੁਣ ਪਰਗਾਸੰ ॥ ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਹੇ ॥੧॥ ਜਿਸੁ ਕਰਣਾ ਸੋ ਕਰਿ ਕਰਿ ਵੇਖੈ ॥ ਕੋਇ ਨ ਮੇਟੈ ਸਾਚੇ ਲੇਖੈ ॥ ਆਪੇ ਕਰੇ ਕਰਾਏ ਆਪੇ ਆਪੇ ਦੇ ਵਡਿਆਈ ਹੇ ॥੨॥ ਪੰਚ ਚੋਰ ਚੰਚਲ ਚਿਤੁ ਚਾਲਹਿ ॥ ਪਰ ਘਰ ਜੋਹਹਿ ਘਰੁ ਨਹੀ ਭਾਲਹਿ ॥ ਕਾਇਆ ਨਗਰੁ ਢਹੈ ਢਹਿ ਢੇਰੀ ਬਿਨੁ ਸਬਦੈ ਪਤਿ ਜਾਈ ਹੇ ॥੩॥ ਗੁਰ ਤੇ ਬੂਝੈ ਤ੍ਰਿਭਵਣੁ ਸੂਝੈ ॥ ਮਨਸਾ ਮਾਰਿ ਮਨੈ ਸਿਉ ਲੂਝੈ ॥ ਜੋ ਤੁਧੁ ਸੇਵਹਿ ਸੇ ਤੁਧ ਹੀ ਜੇਹੇ ਨਿਰਭਉ ਬਾਲ ਸਖਾਈ ਹੇ ॥੪॥ ਆਪੇ ਸੁਰਗੁ ਮਛੁ ਪਇਆਲਾ ॥ ਆਪੇ ਜੋਤਿ ਸਰੂਪੀ ਬਾਲਾ ॥ ਜਟਾ ਬਿਕਟ ਬਿਕਰਾਲ ਸਰੂਪੀ ਰੂਪੁ ਨ ਰੇਖਿਆ ਕਾਈ ਹੇ ॥੫॥ ਬੇਦ ਕਤੇਬੀ ਭੇਦੁ ਨ ਜਾਤਾ ॥ ਨਾ ਤਿਸੁ ਮਾਤ ਪਿਤਾ ਸੁਤ ਭ੍ਰਾਤਾ ॥ ਸਗਲੇ ਸੈਲ ਉਪਾਇ ਸਮਾਏ ਅਲਖੁ ਨ ਲਖਣਾ ਜਾਈ ਹੇ ॥੬॥ ਕਰਿ ਕਰਿ ਥਾਕੀ ਮੀਤ ਘਨੇਰੇ ॥ ਕੋਇ ਨ ਕਾਟੈ ਅਵਗੁਣ ਮੇਰੇ ॥ ਸੁਰਿ ਨਰ ਨਾਥੁ ਸਾਹਿਬੁ ਸਭਨਾ ਸਿਰਿ ਭਾਇ ਮਿਲੈ ਭਉ ਜਾਈ ਹੇ ॥੭॥ ਭੂਲੇ ਚੂਕੇ ਮਾਰਗਿ ਪਾਵਹਿ ॥ ਆਪਿ ਭੁਲਾਇ ਤੂਹੈ ਸਮਝਾਵਹਿ ॥ ਬਿਨੁ ਨਾਵੈ ਮੈ ਅਵਰੁ ਨ ਦੀਸੈ ਨਾਵਹੁ ਗਤਿ ਮਿਤਿ ਪਾਈ ਹੇ ॥੮॥ ਗੰਗਾ ਜਮੁਨਾ ਕੇਲ ਕੇਦਾਰਾ ॥ ਕਾਸੀ ਕਾਂਤੀ ਪੁਰੀ ਦੁਆਰਾ ॥ ਗੰਗਾ ਸਾਗਰੁ ਬੇਣੀ ਸੰਗਮੁ ਅਠਸਠਿ ਅੰਕਿ ਸਮਾਈ ਹੇ ॥੯॥ ਆਪੇ ਸਿਧ ਸਾਧਿਕੁ ਵੀਚਾਰੀ ॥ ਆਪੇ ਰਾਜਨੁ ਪੰਚਾ ਕਾਰੀ ॥ ਤਖਤਿ ਬਹੈ ਅਦਲੀ ਪ੍ਰਭੁ ਆਪੇ ਭਰਮੁ ਭੇਦੁ ਭਉ ਜਾਈ ਹੇ ॥੧੦॥ ਆਪੇ ਕਾਜੀ ਆਪੇ ਮੁਲਾ ॥ ਆਪਿ ਅਭੁਲੁ ਨ ਕਬਹੂ ਭੁਲਾ ॥ ਆਪੇ ਮਿਹਰ ਦਇਆਪਤਿ ਦਾਤਾ ਨਾ ਕਿਸੈ ਕੋ ਬੈਰਾਈ ਹੇ ॥੧੧॥ ਜਿਸੁ ਬਖਸੇ ਤਿਸੁ ਦੇ ਵਡਿਆਈ ॥ ਸਭਸੈ ਦਾਤਾ ਤਿਲੁ ਨ ਤਮਾਈ ॥ ਭਰਪੁਰਿ ਧਾਰਿ ਰਹਿਆ ਨਿਹਕੇਵਲੁ ਗੁਪਤੁ ਪ੍ਰਗਟੁ ਸਭ ਠਾਈ ਹੇ ॥੧੨॥ ਕਿਆ ਸਾਲਾਹੀ ਅਗਮ ਅਪਾਰੈ ॥ ਸਾਚੇ ਸਿਰਜਣਹਾਰ ਮੁਰਾਰੈ ॥ ਜਿਸ ਨੋ ਨਦਰਿ ਕਰੇ ਤਿਸੁ ਮੇਲੇ ਮੇਲਿ ਮਿਲੈ ਮੇਲਾਈ ਹੇ ॥੧੩॥ ਬ੍ਰਹਮਾ ਬਿਸਨੁ ਮਹੇਸੁ ਦੁਆਰੈ ॥ ਊਭੇ ਸੇਵਹਿ ਅਲਖ ਅਪਾਰੈ ॥ ਹੋਰ ਕੇਤੀ ਦਰਿ ਦੀਸੈ ਬਿਲਲਾਦੀ ਮੈ ਗਣਤ ਨ ਆਵੈ ਕਾਈ ਹੇ ॥੧੪॥ ਸਾਚੀ ਕੀਰਤਿ ਸਾਚੀ ਬਾਣੀ ॥ ਹੋਰ ਨ ਦੀਸੈ ਬੇਦ ਪੁਰਾਣੀ ॥ ਪੂੰਜੀ ਸਾਚੁ ਸਚੇ ਗੁਣ ਗਾਵਾ ਮੈ ਧਰ ਹੋਰ ਨ ਕਾਈ ਹੇ ॥੧੫॥ ਜੁਗੁ ਜੁਗੁ ਸਾਚਾ ਹੈ ਭੀ ਹੋਸੀ ॥ ਕਉਣੁ ਨ ਮੂਆ ਕਉਣੁ ਨ ਮਰਸੀ ॥ ਨਾਨਕੁ ਨੀਚੁ ਕਹੈ ਬੇਨੰਤੀ ਦਰਿ ਦੇਖਹੁ ਲਿਵ ਲਾਈ ਹੇ ॥੧੬॥੨॥ {ਪੰਨਾ 1021-1022}

ਪਦ ਅਰਥ: ਧਉਲੁ = ਬਲਦ (ਜੋ ਧਰਤੀ ਨੂੰ ਆਪਣੇ ਸਿੰਙਾਂ ਉਤੇ ਚੁੱਕ ਕੇ ਖਲੋਤਾ ਮੰਨਿਆ ਜਾਂਦਾ ਹੈ) , ਧਰਤੀ ਦਾ ਆਸਰਾ। ਕਾਰ = (ਜਤ ਸਤ ਸੰਤੋਖ ਦੇ ਅਭਿਆਸ ਦੀ) ਕਾਰ।1।

ਜਿਸੁ ਕਰਣਾ = ਜਿਸ ਪਰਮਾਤਮਾ ਦਾ ਰਚਿਆ ਜਗਤ। ਵੇਖੈ = ਸੰਭਾਲ ਕਰਦਾ ਹੈ। ਲੇਖੈ = ਲੇਖ ਨੂੰ, ਹੁਕਮ ਨੂੰ। ਸਾਚੇ = ਸਦਾ-ਥਿਰ ਪ੍ਰਭੂ ਦੇ।2।

ਚਾਲਹਿ = ਮੋਹ ਲੈਂਦੇ ਹਨ। ਜੋਹਹਿ = ਤੱਕਦੇ ਹਨ। ਘਰੁ = ਆਪਣਾ ਹਿਰਦਾ-ਘਰ। ਕਾਇਆ = ਸਰੀਰ। ਪਤਿ = ਇੱਜ਼ਤ।3।

ਤ੍ਰਿਭਵਣੁ = ਤਿੰਨ ਭਵਨਾਂ ਵਿਚ ਵਿਆਪਕ ਪਰਮਾਤਮਾ। ਮਨਸਾ = ਮਨ ਦਾ ਫੁਰਨਾ। ਲੂਝੈ = ਮੁਕਾਬਲਾ ਕਰਦਾ ਹੈ। ਬਾਲ ਸਖਾਈ = ਸਦਾ ਦਾ ਸਾਥੀ।4।

ਮਛੁ = ਮਾਤ ਲੋਕ। ਪਇਆਲਾ = ਪਾਤਾਲ। ਬਾਲਾ = ਵੱਡਾ। ਬਿਕਟ = {ivkt = formidable} ਭਿਆਨਕ। ਬਿਕਰਾਲ = ਡਰਾਉਣੀ। ਸਰੂਪੀ = ਸੋਹਣੇ ਰੂਪ ਵਾਲਾ। ਰੇਖਿਆ = ਰੇਖਾ, ਲਕੀਰ, ਚੱਕ੍ਰ ਚਿਹਨ।5।

ਕਤੇਬੀ = ਸ਼ਾਮੀ ਮਜ਼ਹਬਾਂ ਦੀਆਂ ਕਿਤਾਬਾਂ ਨੇ। ਸੁਤ = ਪੁੱਤਰ। ਸੈਲ = ਪਹਾੜ। ਸਮਾਏ = ਲੀਨ ਕਰ ਲੈਂਦਾ ਹੈ।6।

ਸੁਰਿ = ਦੇਵਤੇ। ਸਿਰਿ = ਸਿਰ ਉਤੇ। ਭਾਇ = ਪ੍ਰੇਮ ਦੀ ਰਾਹੀਂ।7।

ਮਾਰਗਿ = (ਸਹੀ ਜੀਵਨ-) ਰਾਹ ਉਤੇ। ਭੁਲਾਇ = ਭੁਲਾ ਕੇ, ਕੁਰਾਹੇ ਪਾ ਕੇ। ਮੈ = ਮੈਨੂੰ। ਅਵਰੁ = ਕੋਈ ਹੋਰ। ਨਾਵਹੁ = ਨਾਮ ਤੋਂ, ਨਾਮ ਸਿਮਰਨ ਨਾਲ। ਗਤਿ ਮਿਤਿ = ਪ੍ਰਭੂ ਦੀ ਗਤਿ ਤੇ ਪ੍ਰਭੂ ਦੀ ਮਿਤਿ, ਪ੍ਰਭੂ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਬੇਅੰਤ ਹੈ– ਇਹ ਸੂਝ।8।

ਕੇਲ = ਖੇਡ, ਸ੍ਰੀ ਕ੍ਰਿਸ਼ਨ ਜੀ ਦੇ ਖੇਡਣ ਦੀ ਥਾਂ, ਬਿੰਦ੍ਰਾਬਨ। ਕੇਦਾਰਾ = ਗੜ੍ਹਵਾਲ ਦੇ ਇਲਾਕੇ ਵਿਚ ਕੇਦਾਰ ਨਾਥ ਤੀਰਥ। ਕਾਂਤੀ = ਕਾਂਚੀ, ਜਿਸ ਦਾ ਪ੍ਰਸਿੱਥ ਨਾਮ 'ਕਾਂਜੀ-ਵਰਮ' ਹੈ, ਸੱਤ ਪੁਰੀਆਂ ਵਿਚੋਂ ਇਕ ਪਵਿਤ੍ਰ ਪੁਰੀ। ਪੁਰੀ ਦੁਆਰਾ = ਦੁਆਰਕਾ ਪੁਰੀ। ਗੰਗਾ ਸਾਗਰੁ = {ਸਾਗਰੁ = ਸਮੁੰਦਰ} ਜਿਥੇ ਗੰਗਾ ਸਮੁੰਦਰ ਵਿਚ ਪੈਂਦੀ ਹੈ। ਬੇਣੀ ਸੰਗਮੁ = ਤ੍ਰਿਬੇਣੀ (ਗੰਗਾ ਜਮੁਨਾ ਸਰਸ੍ਵਤੀ) ਦਾ ਮੇਲ-ਥਾਂ। ਅਠਸਠਿ = ਅਠਾਹਠ ਤੀਰਥ। ਅੰਕਿ = ਅੰਕ ਵਿਚ, ਸਰੂਪ ਵਿਚ।9।

ਸਿਧ = ਜੋਗ-ਸਾਧਨਾਂ ਵਿਚ ਪੁੱਗੇ ਜੋਗੀ। ਸਾਧਿਕੁ = ਜੋਗ-ਸਾਧਨ ਕਰਨ ਵਾਲਾ। ਪੰਚਾ ਕਾਰੀ = ਪੈਂਚਾਂ ਦਾ ਬਣਾਣ ਵਾਲਾ। ਤਖਤਿ = ਤਖਤ ਉਤੇ। ਅਦਲੀ = ਨਿਆਂ ਕਰਨ ਵਾਲਾ।10।

ਕਿਸੈ ਕੋ = ਕਿਸੇ ਦਾ। ਬੈਰਾਈ = ਵੈਰੀ।11।

ਸਭਸੈ = ਹਰੇਕ ਜੀਵ ਦਾ। ਤਮਾਈ = ਤਮ੍ਹਾ, ਲਾਲਚ। ਭਰਪੁਰਿ = ਭਰਪੂਰ, ਨਕਾਨਕ ਵਿਆਪਕ। ਨਿਹਕੇਵਲੁ = {inÕkY vÑX} ਸੁੱਧ-ਸਰੂਪ, ਪਵਿਤ੍ਰ। ਠਾਈ = ਥਾਂਵਾਂ ਵਿਚ।12।

ਅਗਮ = ਅਪਹੁੰਚ ਪ੍ਰਭੂ। ਮੁਰਾਰਿ = ਪਰਮਾਤਮਾ {mur-Air}।13।

ਦੁਆਰੈ = (ਪ੍ਰਭੂ ਦੇ) ਦਰ ਤੇ। ਮਹੇਸੁ = ਸ਼ਿਵ। ਊਭੇ = ਖਲੋਤੇ। ਹੋਰ ਕੇਤੀ = ਹੋਰ ਬੇਅੰਤ ਲੋਕਾਈ। ਦਰਿ = ਪ੍ਰਭੂ ਦੇ ਦਰ ਤੇ। ਮੈ = ਮੈਥੋਂ। ਕਾਈ ਗਣਤ = ਕੋਈ ਗਿਣਤੀ।14।

ਸਚੀ = ਸਦਾ-ਥਿਰ ਰਹਿਣ ਵਾਲੀ। ਕੀਰਤਿ = ਸਿਫ਼ਤਿ-ਸਾਲਾਹ। ਪੂੰਜੀ = ਸਰਮਾਇਆ। ਧਰ = ਆਸਰਾ।15।

ਜੁਗੁ ਜੁਗੁ = ਕੋਈ ਭੀ ਜੁਗ ਹੋਵੇ। ਦੇਖਹੁ = (ਹੇ ਪ੍ਰਭੂ!) ਤੂੰ ਸੰਭਾਲ ਕਰਦਾ ਹੈਂ। 16।

ਅਰਥ: (ਸਾਰਾ ਜਗਤ ਪ੍ਰਭੂ ਦੇ ਆਪਣੇ ਆਪੇ ਤੋਂ ਪਰਗਟ ਹੋਇਆ ਹੈ, ਇਸ ਵਾਸਤੇ ਪ੍ਰਭੂ) ਆਪ ਹੀ ਧਰਤੀ ਹੈ ਆਪ ਹੀ ਧਰਤੀ ਦਾ ਆਸਰਾ ਹੈ, ਆਪ ਹੀ ਅਕਾਸ਼ ਹੈ। ਪ੍ਰਭੂ ਆਪ ਹੀ ਆਪਣੇ ਸਦਾ-ਥਿਰ ਰਹਿਣ ਵਾਲੇ ਗੁਣਾਂ ਦਾ ਪਰਕਾਸ਼ ਕਰਨ ਵਾਲਾ ਹੈ। ਆਪ ਹੀ ਜਤੀ ਹੈ, ਆਪ ਹੀ ਦਾਨੀ ਹੈ, ਆਪ ਹੀ ਸੰਤੋਖੀ ਹੈ, ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ ਜਤ ਸਤ ਸੰਤੋਖ ਦੇ ਅਭਿਆਸ ਦੀ) ਕਾਰ ਕਮਾਣ ਵਾਲਾ ਹੈ।1।

ਜਿਸ ਕਰਤਾਰ ਦਾ ਇਹ ਰਚਿਆ ਸੰਸਾਰ ਹੈ ਉਹ ਇਸ ਨੂੰ ਰਚ ਰਚ ਕੇ ਆਪ ਹੀ ਇਸ ਦੀ ਸੰਭਾਲ ਕਰਦਾ ਹੈ। ਕੋਈ ਜੀਵ ਉਸ ਪਰਮਾਤਮਾ ਦੇ ਸਦਾ-ਥਿਰ ਰਹਿਣ ਵਾਲੇ ਹੁਕਮ ਨੂੰ ਉਲੰਘ ਨਹੀਂ ਸਕਦਾ। (ਜੀਵਾਂ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ ਸਭ ਕੁਝ ਕਰ ਰਿਹਾ ਹੈ, ਆਪ ਹੀ ਜੀਵਾਂ ਪਾਸੋਂ (ਆਪਣੇ ਹੁਕਮ ਅਨੁਸਾਰ ਕੰਮ) ਕਰਵਾ ਰਿਹਾ ਹੈ। ਆਪ ਹੀ (ਜਿਨ੍ਹਾਂ ਨੂੰ ਆਪਣੇ ਨਾਮ ਦੀ ਦਾਤਿ ਦੇਂਦਾ ਹੈ ਉਹਨਾਂ ਨੂੰ) ਆਦਰ ਦੇ ਰਿਹਾ ਹੈ।2।

(ਪ੍ਰਭੂ ਦੀ ਆਪਣੀ ਰਜ਼ਾ ਵਿਚ ਹੀ) ਭਰਮਾ ਦੇਣ ਵਾਲੇ ਪੰਜ ਕਾਮਾਦਿਕ ਚੋਰ (ਜੀਵਾਂ ਦੇ) ਮਨ ਮੋਹ ਲੈਂਦੇ ਹਨ। (ਜਿਨ੍ਹਾਂ ਦੇ ਮਨ ਕਾਮਾਦਿਕ ਮੋਹ ਲੈਂਦੇ ਹਨ) ਉਹ ਪਰਾਏ ਘਰ ਤੱਕਦੇ ਹਨ, ਆਪਣੇ ਹਿਰਦੇ-ਘਰ ਨੂੰ ਨਹੀਂ ਖੋਜਦੇ। (ਵਿਕਾਰਾਂ ਵਿਚ ਫਸੇ ਹੋਇਆਂ ਦਾ ਆਖ਼ਰ) ਸਰੀਰ ਸ਼ਹਿਰ ਢਹਿ ਪੈਂਦਾ ਹੈ, ਢਹਿ ਕੇ ਢੇਰੀ ਹੋ ਜਾਂਦਾ ਹੈ; ਗੁਰੂ ਦੇ ਸ਼ਬਦ ਤੋਂ ਵਾਂਜੇ ਰਹਿਣ ਕਰਕੇ ਉਹਨਾਂ ਦੀ ਇੱਜ਼ਤ ਖੋਹੀ ਜਾਂਦੀ ਹੈ।3।

(ਹੇ ਪ੍ਰਭੂ! ਤੇਰੀ ਮੇਹਰ ਨਾਲ ਜੇਹੜਾ ਮਨੁੱਖ) ਗੁਰੂ ਤੋਂ ਗਿਆਨ ਹਾਸਲ ਕਰਦਾ ਹੈ ਉਸ ਨੂੰ ਤੂੰ ਤਿੰਨਾਂ ਭਵਨਾਂ ਵਿਚ ਵਿਆਪਕ ਦਿੱਸ ਪੈਂਦਾ ਹੈਂ, ਉਹ ਮਨੁੱਖ ਮਨ ਦੇ ਮਾਇਕ ਫੁਰਨੇ ਮਾਰ ਕੇ ਮਨ ਨਾਲ ਹੀ ਟਾਕਰਾ ਕਰਦਾ ਹੈ (ਤੇ ਇਸ ਨੂੰ ਵੱਸ ਵਿਚ ਰੱਖਦਾ ਹੈ) । ਹੇ ਪ੍ਰਭੂ! ਜੇਹੜੇ ਬੰਦੇ ਤੈਨੂੰ ਸਿਮਰਦੇ ਹਨ ਉਹ ਤੇਰੇ ਵਰਗੇ ਹੋ ਜਾਂਦੇ ਹਨ, ਤੂੰ ਕਿਸੇ ਤੋਂ ਨਾ ਡਰਨ ਵਾਲਾ ਉਹਨਾਂ ਦਾ ਸਦਾ ਦਾ ਸਾਥੀ ਬਣ ਜਾਂਦਾ ਹੈਂ।4।

(ਸਾਰੀ ਸ੍ਰਿਸ਼ਟੀ ਪ੍ਰਭੂ ਦੇ ਆਪਣੇ ਆਪੇ ਤੋਂ ਪਰਗਟ ਹੋਣ ਕਰਕੇ) ਪ੍ਰਭੂ ਆਪ ਹੀ ਸੁਰਗ-ਲੋਕ ਹੈ, ਆਪ ਹੀ ਮਾਤ-ਲੋਕ ਹੈ, ਆਪ ਹੀ ਪਤਾਲ-ਲੋਕ ਹੈ। ਆਪ ਹੀ ਨਿਰਾ ਚਾਨਣ ਹੀ ਚਾਨਣ ਹੈ ਤੇ ਸਭ ਦਾ ਵੱਡਾ ਹੈ। ਭਿਆਨਕ ਤੇ ਡਰਾਉਣੀਆਂ ਜਟਾਂ ਧਾਰਨ ਵਾਲਾ ਭੀ ਆਪ ਹੀ ਹੈ। ਫਿਰ ਭੀ ਉਸ ਦਾ ਨਾਹ ਕੋਈ ਖ਼ਾਸ ਰੂਪ ਹੈ ਨਾਹ ਕੋਈ ਖ਼ਾਸ ਚਿਹਨ-ਚੱਕ੍ਰ ਹੈ।5।

ਨਾਹ ਹੀ ਹਿੰਦੂ ਧਰਮ ਦੀਆਂ ਵੇਦ ਆਦਿਕ ਧਰਮ-ਪੁਸਤਕਾਂ ਨੇ ਤੇ ਨਾਹ ਹੀ ਸ਼ਾਮੀ ਮਤਾਂ ਦੀਆਂ ਕੁਰਾਨ ਆਦਿਕ ਕਿਤਾਬਾਂ ਨੇ ਪਰਮਾਤਮਾ ਦੀ ਹਸਤੀ ਦੀ ਡੂੰਘਾਈ ਨੂੰ ਸਮਝਿਆ ਹੈ। ਉਸ ਪਰਮਾਤਮਾ ਦੀ ਨਾਹ ਕੋਈ ਮਾਂ, ਨਾਹ ਉਸ ਦੇ ਕੋਈ ਖ਼ਾਸ ਪੁੱਤਰ ਤੇ ਨਾਹ ਕੋਈ ਭਰਾ ਹਨ। ਵੱਡੇ ਵੱਡੇ ਪਹਾੜ ਆਦਿਕ ਪੈਦਾ ਕਰ ਕੇ (ਜਦੋਂ ਚਾਹੇ) ਸਾਰੇ ਹੀ ਆਪਣੇ ਵਿਚ ਲੀਨ ਕਰ ਲੈਂਦਾ ਹੈ। ਉਸ ਦਾ ਸਰੂਪ ਬਿਆਨ ਤੋਂ ਪਰੇ ਹੈ, ਬਿਆਨ ਕੀਤਾ ਨਹੀਂ ਜਾ ਸਕਦਾ।6।

(ਪਰਮਾਤਮਾ ਤੋਂ ਖੁੰਝ ਕੇ) ਅਨੇਕਾਂ (ਦੇਵੀ ਦੇਵਤਿਆਂ ਨੂੰ) ਮੈਂ ਆਪਣੇ ਮਿੱਤਰ ਬਣਾ ਬਣਾ ਕੇ ਹਾਰ ਗਈ ਹਾਂ, (ਮੇਰੇ ਅੰਦਰੋਂ) ਕੋਈ (ਅਜੇਹਾ ਮਿੱਤਰ) ਮੇਰੇ ਔਗੁਣ ਦੂਰ ਨਹੀਂ ਕਰ ਸਕਿਆ। ਉਹ ਪਰਮਾਤਮਾ ਹੀ ਸਾਰੇ ਦੇਵਤਿਆਂ ਤੇ ਮਨੁੱਖਾਂ ਦਾ ਖਸਮ ਹੈ, ਉਹੀ ਸਭਨਾਂ ਜੀਵਾਂ ਦੇ ਸਿਰ ਉਤੇ ਮਾਲਕ ਹੈ। ਪਿਆਰ ਦੀ ਰਾਹੀਂ ਜਿਸ ਬੰਦੇ ਨੂੰ ਉਹ ਮਿਲ ਪੈਂਦਾ ਹੈ ਉਸ ਦਾ (ਪਾਪਾਂ ਵਿਕਾਰਾਂ ਦਾ ਸਾਰਾ) ਸਹਮ ਦੂਰ ਹੋ ਜਾਂਦਾ ਹੈ।7।

ਹੇ ਪ੍ਰਭੂ! ਔਝੜੇ ਕੁਰਾਹੇ ਪਏ ਬੰਦਿਆਂ ਨੂੰ ਤੂੰ ਆਪ ਹੀ ਸਹੀ ਜੀਵਨ-ਰਾਹ ਤੇ ਪਾਂਦਾ ਹੈਂ। ਤੂੰ ਆਪ ਹੀ ਕੁਰਾਹੇ ਪਾ ਕੇ ਫਿਰ ਆਪ ਹੀ (ਸਿੱਧੇ ਰਾਹ ਦੀ) ਸਮਝ ਬਖ਼ਸ਼ਦਾ ਹੈਂ (ਔਝੜ ਤੋਂ ਬਚਣ ਲਈ) ਤੇਰੇ ਨਾਮ ਤੋਂ ਬਿਨਾ ਮੈਨੂੰ ਕੋਈ ਹੋਰ ਵਸੀਲਾ ਦਿੱਸਦਾ ਨਹੀਂ। ਤੇਰਾ ਨਾਮ ਸਿਮਰਿਆਂ ਹੀ ਪਤਾ ਲੱਗਦਾ ਹੈ ਕਿ ਤੂੰ ਕਿਹੋ ਜਿਹਾ (ਦਇਆਲ) ਹੈਂ, ਅਤੇ ਕੇਡਾ ਵੱਡਾ (ਬੇਅੰਤ) ਹੈਂ।8।

ਗੰਗਾ, ਜਮੁਨਾ, ਬਿੰਦ੍ਰਾਬਨ, ਕੇਦਾਰ, ਕਾਂਸ਼ੀ, ਕਾਂਤੀ, ਦੁਆਰਕਾ ਪੁਰੀ, ਸਾਗਰ-ਗੰਗਾ, ਤ੍ਰਿਬੇਣੀ ਦਾ ਸੰਗਮ ਆਦਿਕ ਅਠਾਹਠ ਤੀਰਥ ਉਸ ਕਰਤਾਰ-ਪ੍ਰਭੂ ਦੀ ਆਪਣੀ ਹੀ ਗੋਦ ਵਿਚ ਟਿਕੇ ਹੋਏ ਹਨ।9।

(ਪ੍ਰਭੂ ਦੇ ਆਪਣੇ ਆਪੇ ਤੋਂ ਪੈਦਾ ਹੋਈ ਇਸ ਸ੍ਰਿਸ਼ਟੀ ਵਿਚ ਕਿਤੇ ਤਿਆਗੀ ਹਨ ਤੇ ਕਿਤੇ ਰਾਜੇ ਹਨ, ਸੋ,) ਪ੍ਰਭੂ ਆਪ ਹੀ ਜੋਗ-ਸਾਧਨਾਂ ਵਿਚ ਪੁੱਗਾ ਹੋਇਆ ਜੋਗੀ ਹੈ, ਆਪ ਹੀ ਜੋਗ-ਸਾਧਨ ਕਰਨ ਵਾਲਾ ਹੈ, ਆਪ ਹੀ ਜੋਗ-ਸਾਧਨਾਂ ਦੀ ਵਿਚਾਰ ਕਰਨ ਵਾਲਾ ਹੈ। ਪ੍ਰਭੂ ਆਪ ਹੀ ਰਾਜਾ ਹੈ ਆਪ ਹੀ (ਆਪਣੇ ਰਾਜ ਵਿਚ) ਪੈਂਚ ਚੌਧਰੀ ਬਣਾਣ ਵਾਲਾ ਹੈ। ਨਿਆਂ ਕਰਨ ਵਾਲਾ ਪ੍ਰਭੂ ਆਪ ਹੀ ਤਖ਼ਤ ਉਤੇ ਬੈਠਾ ਹੋਇਆ ਹੈ, (ਉਸ ਦੀ ਆਪਣੀ ਹੀ ਮੇਹਰ ਨਾਲ ਜਗਤ ਵਿਚੋਂ) ਭਟਕਣਾ, (ਪਰਸਪਰ) ਵਿੱਥ ਤੇ ਡਰ-ਸਹਮ ਦੂਰ ਹੁੰਦਾ ਹੈ।10।

(ਸਭ ਜੀਵਾਂ ਵਿਚ ਆਪ ਹੀ ਵਿਆਪਕ ਹੋਣ ਕਰਕੇ) ਪ੍ਰਭੂ ਆਪ ਹੀ ਕਾਜ਼ੀ ਹੈ ਆਪ ਹੀ ਮੁੱਲਾਂ ਹੈ (ਜੀਵ ਤਾਂ ਮਾਇਆ ਦੇ ਮੋਹ ਵਿਚ ਫਸ ਕੇ ਭੁੱਲਾਂ ਕਰਦੇ ਰਹਿੰਦੇ ਹਨ, ਪਰ ਸਭ ਵਿਚ ਵਿਆਪਕ ਹੁੰਦਾ ਹੋਇਆ ਭੀ ਪ੍ਰਭੂ) ਆਪ ਅਭੁੱਲ ਹੈ, ਉਹ ਕਦੇ ਉਕਾਈ ਨਹੀਂ ਖਾਂਦਾ। ਉਹ ਕਿਸੇ ਨਾਲ ਵੈਰ ਭੀ ਨਹੀਂ ਕਰਦਾ, ਉਹ ਸਦਾ ਮੇਹਰ ਦਾ ਮਾਲਕ ਹੈ ਦਇਆ ਦਾ ਸੋਮਾ ਹੈ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ।11।

ਪ੍ਰਭੂ ਜਿਸ ਜੀਵ ਉਤੇ ਬਖ਼ਸ਼ਸ਼ ਕਰਦਾ ਹੈ ਉਸ ਨੂੰ ਵਡਿਆਈ ਦੇਂਦਾ ਹੈ, ਹਰੇਕ ਜੀਵ ਨੂੰ ਦਾਤਾਂ ਦੇਣ ਵਾਲਾ ਹੈ (ਉਸ ਨੂੰ ਕਿਸੇ ਜੀਵ ਪਾਸੋਂ ਕਿਸੇ ਕਿਸਮ ਦਾ) ਰਤਾ ਭਰ ਭੀ ਕੋਈ ਲਾਲਚ ਨਹੀਂ ਹੈ। ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਨੂੰ ਆਸਰਾ ਦੇ ਰਿਹਾ ਹੈ (ਸਭ ਵਿਚ ਹੁੰਦਾ ਹੋਇਆ ਭੀ ਆਪ) ਪਵਿਤ੍ਰ ਹਸਤੀ ਵਾਲਾ ਹੈ। ਦਿੱਸਦਾ ਜਗਤ ਹੋਵੇ ਚਾਹੇ ਅਣਦਿੱਸਦਾ, ਪ੍ਰਭੂ ਹਰ ਥਾਂ ਮੌਜੂਦ ਹੈ।12।

ਪਰਮਾਤਮਾ ਅਪਹੁੰਚ ਹੈ, ਉਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਉਹ ਸਦਾ-ਥਿਰ ਰਹਿਣ ਵਾਲਾ ਹੈ, ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ, ਤੇ ਦੈਂਤਾਂ ਦਾ ਨਾਸ ਕਰਨ ਵਾਲਾ ਹੈ। ਮੈਂ ਉਸ ਦੀ ਕੇਹੜੀ ਕੇਹੜੀ ਸਿਫ਼ਤਿ ਦੱਸ ਸਕਦਾ ਹਾਂ? ਜਿਸ ਜੀਵ ਉਤੇ ਮੇਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਉਹ ਜੀਵ ਪ੍ਰਭੂ ਦੇ ਚਰਨਾਂ ਵਿਚ ਮਿਲਿਆ ਰਹਿੰਦਾ ਹੈ, ਪ੍ਰਭੂ ਆਪ ਹੀ ਮਿਲਾਈ ਰੱਖਦਾ ਹੈ।13।

(ਵੱਡੇ ਵੱਡੇ ਦੇਵਤੇ ਭੀ) ਕੀਹ ਬ੍ਰਹਮਾ, ਕੀਹ ਵਿਸ਼ਨੂੰ ਤੇ ਕੀਹ ਸ਼ਿਵ = ਸਾਰੇ ਉਸ ਅਲੱਖ ਤੇ ਅਪਾਰ ਪ੍ਰਭੂ ਦੇ ਦਰ ਤੇ ਖਲੋਤੇ ਸੇਵਾ ਵਿਚ ਹਾਜ਼ਰ ਰਹਿੰਦੇ ਹਨ। ਹੋਰ ਭੀ ਇਤਨੀ ਬੇਅੰਤ ਲੋਕਾਈ ਉਸ ਦੇ ਦਰ ਤੇ ਤਰਲੇ ਲੈਂਦੀ ਦਿੱਸ ਰਹੀ ਹੈ ਕਿ ਮੈਥੋਂ ਕੋਈ ਗਿਣਤੀ ਨਹੀਂ ਹੋ ਸਕਦੀ।14।

ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੇ ਸਿਫ਼ਤਿ-ਸਾਲਾਹ ਦੀ ਬਾਣੀ ਹੀ ਸਦਾ-ਥਿਰ ਰਹਿਣ ਵਾਲਾ ਸਰਮਾਇਆ ਹੈ। ਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਵਿਚ ਭੀ ਇਸ ਰਾਸਿ-ਪੂੰਜੀ ਤੋਂ ਬਿਨਾ ਕੋਈ ਹੋਰ ਸਦਾ-ਥਿਰ ਰਹਿਣ ਵਾਲਾ ਪਦਾਰਥ ਨਹੀਂ ਦਿੱਸਦਾ। ਪ੍ਰਭੂ ਦਾ ਨਾਮ ਹੀ ਅਟੱਲ ਪੂੰਜੀ ਹੈ, ਮੈਂ ਉਸ ਸਦਾ ਅਟੱਲ ਪ੍ਰਭੂ ਦੇ ਗੁਣ ਗਾਂਦਾ ਹਾਂ, ਮੈਨੂੰ ਉਸ ਤੋਂ ਬਿਨਾ ਕੋਈ ਹੋਰ ਆਸਰਾ ਨਹੀਂ ਦਿੱਸਦਾ।15।

ਪ੍ਰਭੂ ਹਰੇਕ ਜੁਗ ਵਿਚ ਕਾਇਮ ਰਹਿਣ ਵਾਲਾ ਹੈ, ਹੁਣ ਭੀ ਮੌਜੂਦ ਹੈ, ਸਦਾ ਹੀ ਕਾਇਮ ਰਹੇਗਾ। ਜਗਤ ਵਿਚ ਹੋਰ ਜੇਹੜਾ ਭੀ ਜੀਵ ਆਇਆ ਉਹ (ਆਖ਼ਰ) ਮਰ ਗਿਆ, ਜੇਹੜਾ ਭੀ ਆਵੇਗਾ ਉਹ (ਜ਼ਰੂਰ) ਮਰੇਗਾ।

ਗਰੀਬ ਨਾਨਕ ਬੇਨਤੀ ਕਰਦਾ ਹੈ– ਹੇ ਪ੍ਰਭੂ! ਤੂੰ ਆਪਣੇ ਦਰਬਾਰ ਵਿਚ ਬੈਠਾ ਸਭ ਜੀਵਾਂ ਦੀ ਬੜੇ ਧਿਆਨ ਨਾਲ ਸੰਭਾਲ ਕਰ ਰਿਹਾ ਹੈਂ। 16।2।

TOP OF PAGE

Sri Guru Granth Darpan, by Professor Sahib Singh