ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1022

ਮਾਰੂ ਮਹਲਾ ੧ ॥ ਦੂਜੀ ਦੁਰਮਤਿ ਅੰਨੀ ਬੋਲੀ ॥ ਕਾਮ ਕ੍ਰੋਧ ਕੀ ਕਚੀ ਚੋਲੀ ॥ ਘਰਿ ਵਰੁ ਸਹਜੁ ਨ ਜਾਣੈ ਛੋਹਰਿ ਬਿਨੁ ਪਿਰ ਨੀਦ ਨ ਪਾਈ ਹੇ ॥੧॥ ਅੰਤਰਿ ਅਗਨਿ ਜਲੈ ਭੜਕਾਰੇ ॥ ਮਨਮੁਖੁ ਤਕੇ ਕੁੰਡਾ ਚਾਰੇ ॥ ਬਿਨੁ ਸਤਿਗੁਰ ਸੇਵੇ ਕਿਉ ਸੁਖੁ ਪਾਈਐ ਸਾਚੇ ਹਾਥਿ ਵਡਾਈ ਹੇ ॥੨॥ ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ ॥ ਤਸਕਰ ਪੰਚ ਸਬਦਿ ਸੰਘਾਰੇ ॥ ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ ॥੩॥ ਮਾ ਕੀ ਰਕਤੁ ਪਿਤਾ ਬਿਦੁ ਧਾਰਾ ॥ ਮੂਰਤਿ ਸੂਰਤਿ ਕਰਿ ਆਪਾਰਾ ॥ ਜੋਤਿ ਦਾਤਿ ਜੇਤੀ ਸਭ ਤੇਰੀ ਤੂ ਕਰਤਾ ਸਭ ਠਾਈ ਹੇ ॥੪॥ ਤੁਝ ਹੀ ਕੀਆ ਜੰਮਣ ਮਰਣਾ ॥ ਗੁਰ ਤੇ ਸਮਝ ਪੜੀ ਕਿਆ ਡਰਣਾ ॥ ਤੂ ਦਇਆਲੁ ਦਇਆ ਕਰਿ ਦੇਖਹਿ ਦੁਖੁ ਦਰਦੁ ਸਰੀਰਹੁ ਜਾਈ ਹੇ ॥੫॥ ਨਿਜ ਘਰਿ ਬੈਸਿ ਰਹੇ ਭਉ ਖਾਇਆ ॥ ਧਾਵਤ ਰਾਖੇ ਠਾਕਿ ਰਹਾਇਆ ॥ ਕਮਲ ਬਿਗਾਸ ਹਰੇ ਸਰ ਸੁਭਰ ਆਤਮ ਰਾਮੁ ਸਖਾਈ ਹੇ ॥੬॥ ਮਰਣੁ ਲਿਖਾਇ ਮੰਡਲ ਮਹਿ ਆਏ ॥ ਕਿਉ ਰਹੀਐ ਚਲਣਾ ਪਰਥਾਏ ॥ ਸਚਾ ਅਮਰੁ ਸਚੇ ਅਮਰਾ ਪੁਰਿ ਸੋ ਸਚੁ ਮਿਲੈ ਵਡਾਈ ਹੇ ॥੭॥ ਆਪਿ ਉਪਾਇਆ ਜਗਤੁ ਸਬਾਇਆ ॥ ਜਿਨਿ ਸਿਰਿਆ ਤਿਨਿ ਧੰਧੈ ਲਾਇਆ ॥ ਸਚੈ ਊਪਰਿ ਅਵਰ ਨ ਦੀਸੈ ਸਾਚੇ ਕੀਮਤਿ ਪਾਈ ਹੇ ॥੮॥ ਐਥੈ ਗੋਇਲੜਾ ਦਿਨ ਚਾਰੇ ॥ ਖੇਲੁ ਤਮਾਸਾ ਧੁੰਧੂਕਾਰੇ ॥ ਬਾਜੀ ਖੇਲਿ ਗਏ ਬਾਜੀਗਰ ਜਿਉ ਨਿਸਿ ਸੁਪਨੈ ਭਖਲਾਈ ਹੇ ॥੯॥ ਤਿਨ ਕਉ ਤਖਤਿ ਮਿਲੀ ਵਡਿਆਈ ॥ ਨਿਰਭਉ ਮਨਿ ਵਸਿਆ ਲਿਵ ਲਾਈ ॥ ਖੰਡੀ ਬ੍ਰਹਮੰਡੀ ਪਾਤਾਲੀ ਪੁਰੀਈ ਤ੍ਰਿਭਵਣ ਤਾੜੀ ਲਾਈ ਹੇ ॥੧੦॥ ਸਾਚੀ ਨਗਰੀ ਤਖਤੁ ਸਚਾਵਾ ॥ ਗੁਰਮੁਖਿ ਸਾਚੁ ਮਿਲੈ ਸੁਖੁ ਪਾਵਾ ॥ ਸਾਚੇ ਸਾਚੈ ਤਖਤਿ ਵਡਾਈ ਹਉਮੈ ਗਣਤ ਗਵਾਈ ਹੇ ॥੧੧॥ ਗਣਤ ਗਣੀਐ ਸਹਸਾ ਜੀਐ ॥ ਕਿਉ ਸੁਖੁ ਪਾਵੈ ਦੂਐ ਤੀਐ ॥ ਨਿਰਮਲੁ ਏਕੁ ਨਿਰੰਜਨੁ ਦਾਤਾ ਗੁਰ ਪੂਰੇ ਤੇ ਪਤਿ ਪਾਈ ਹੇ ॥੧੨॥ ਜੁਗਿ ਜੁਗਿ ਵਿਰਲੀ ਗੁਰਮੁਖਿ ਜਾਤਾ ॥ ਸਾਚਾ ਰਵਿ ਰਹਿਆ ਮਨੁ ਰਾਤਾ ॥ ਤਿਸ ਕੀ ਓਟ ਗਹੀ ਸੁਖੁ ਪਾਇਆ ਮਨਿ ਤਨਿ ਮੈਲੁ ਨ ਕਾਈ ਹੇ ॥੧੩॥ ਜੀਭ ਰਸਾਇਣਿ ਸਾਚੈ ਰਾਤੀ ॥ ਹਰਿ ਪ੍ਰਭੁ ਸੰਗੀ ਭਉ ਨ ਭਰਾਤੀ ॥ ਸ੍ਰਵਣ ਸ੍ਰੋਤ ਰਜੇ ਗੁਰਬਾਣੀ ਜੋਤੀ ਜੋਤਿ ਮਿਲਾਈ ਹੇ ॥੧੪॥ ਰਖਿ ਰਖਿ ਪੈਰ ਧਰੇ ਪਉ ਧਰਣਾ ॥ ਜਤ ਕਤ ਦੇਖਉ ਤੇਰੀ ਸਰਣਾ ॥ ਦੁਖੁ ਸੁਖੁ ਦੇਹਿ ਤੂਹੈ ਮਨਿ ਭਾਵਹਿ ਤੁਝ ਹੀ ਸਿਉ ਬਣਿ ਆਈ ਹੇ ॥੧੫॥ ਅੰਤ ਕਾਲਿ ਕੋ ਬੇਲੀ ਨਾਹੀ ॥ ਗੁਰਮੁਖਿ ਜਾਤਾ ਤੁਧੁ ਸਾਲਾਹੀ ॥ ਨਾਨਕ ਨਾਮਿ ਰਤੇ ਬੈਰਾਗੀ ਨਿਜ ਘਰਿ ਤਾੜੀ ਲਾਈ ਹੇ ॥੧੬॥੩॥ {ਪੰਨਾ 1022-1023}

ਪਦ ਅਰਥ: ਦੂਜੀ = ਪਰਮਾਤਮਾ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ। ਦੁਰਮਤਿ = ਭੈੜੀ ਮਤਿ। ਕਚੀ ਚੋਲੀ = ਨਾਸਵੰਤ ਸਰੀਰ। ਘਰਿ = ਹਿਰਦੇ-ਘਰ ਵਿਚ। ਖਸਮ = ਪ੍ਰਭੂ। ਸਹਜੁ = ਆਤਮਕ ਅਡੋਲਤਾ। ਛੋਹਰਿ = ਅੰਞਾਣ ਜੀਵ-ਇਸਤ੍ਰੀ। ਨੀਦ = ਆਤਮਕ ਸ਼ਾਂਤੀ।1।

ਅਗਨਿ = ਤ੍ਰਿਸ਼ਨਾ-ਅੱਗ। ਭੜਕਾਰੇ = ਭੜ ਭੜ ਕਰ ਕੇ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ।2।

ਤਸਕਰ = ਚੋਰ। ਸਬਦਿ = ਸ਼ਬਦ ਦੀ ਰਾਹੀਂ। ਖੜਗੁ = ਤਲਵਾਰ। ਲੂਝੈ = ਲੜਦਾ ਹੈ। ਮਨਹਿ = ਮਨ ਵਿਚ।3।

ਮਾ = ਮਾਂ। ਰਕਤੁ = ਰੱਤ, ਲਹੂ। ਬਿਦੁ = ਬਿੰਦੁ, ਵੀਰਜ ਦੀ ਬੂੰਦ। ਜੇਤੀ = ਜਿਤਨੀ ਭੀ।4।

ਤੇ = ਤੋਂ। ਦੇਖਹਿ = ਤੂੰ ਸੰਭਾਲ ਕਰਦਾ ਹੈਂ। ਸਰੀਰਹੁ = ਸਰੀਰ ਵਿਚੋਂ।5।

ਨਿਜ ਘਰਿ = ਆਪਣੇ ਹਿਰਦੇ-ਘਰ ਵਿਚ। ਖਾਇਆ = ਮੁਕਾ ਦਿੱਤਾ। ਧਾਵਤ = ਮਾਇਆ ਦੇ ਪਿੱਛੇ ਭਟਕਦਿਆਂ ਨੂੰ। ਠਾਕਿ = ਰੋਕ ਕੇ। ਸਰ = ਤਲਾਬ, ਗਿਆਨ-ਇੰਦ੍ਰੇ। ਸੁਭਰ = ਨਕਾਨਕ ਭਰੇ ਹੋਏ (ਨਾਮ-ਅੰਮ੍ਰਿਤ ਨਾਲ) । ਆਤਮਰਾਮੁ = ਪਰਮਾਤਮਾ।6।

ਮੰਡਲ = ਸੰਸਾਰ। ਪਰਥਾਏ = ਪਰਲੋਕ ਵਿਚ। ਅਮਰਾਪੁਰਿ = ਉਸ ਪੁਰੀ ਵਿਚ ਜੋ ਸਦਾ ਅਟੱਲ ਹੈ।7।

ਸਬਾਇਆ = ਸਾਰਾ। ਜਿਨਿ = ਜਿਸ (ਪ੍ਰਭੂ) ਨੇ। ਸਿਰਿਆ = ਪੈਦਾ ਕੀਤਾ। ਤਿਨਿ = ਉਸ (ਪ੍ਰਭੂ) ਨੇ।8।

ਗੋਇਲ = ਦਰਿਆਵਾਂ ਕੰਢੇ ਉਹ ਥਾਂ ਜਿਥੇ ਔੜ ਦੇ ਦਿਨੀਂ ਲੋਕ ਮਾਲ ਡੰਗਰ ਚਾਰਨ ਲਈ ਆ ਟਿਕਦੇ ਹਨ। ਧੁੰਧੂਕਾਰੇ = ਘੁੱਪ ਹਨੇਰੇ ਵਿਚ, ਅਗਿਆਨਤਾ ਦੇ ਹਨੇਰੇ ਵਿਚ। ਨਿਸਿ = ਰਾਤ ਵੇਲੇ। ਸੁਪਨੈ = ਸੁਪਨੇ ਵਿਚ। ਭਖਲਾਈ = ਬਰੜਾਂਦਾ ਹੈ।9।

ਤਖਤਿ = ਤਖ਼ਤ ਉਤੇ। ਮਨਿ = ਮਨ ਵਿਚ। ਤਾੜੀ ਲਾਈ ਹੇ = ਵਿਆਪਕ ਹੈ।10।

ਨਗਰੀ = ਸਰੀਰ। ਤਖਤੁ = ਹਿਰਦਾ। ਗਣਤ = ਮਾਇਆ ਦੀਆਂ ਸੋਚਾਂ।11।

ਜੀਐ = ਜੀ ਵਿਚ, ਮਨ ਵਿਚ। ਦੂਐ = ਦੂਜੇ ਭਾਵ ਵਿਚ। ਤੀਐ = ਤ੍ਰਿਗੁਣੀ ਮਾਇਆ ਵਿਚ।12।

ਜੁਗਿ ਜੁਗਿ = ਹਰੇਕ ਜੁਗ ਵਿਚ। ਗਹੀ = ਫੜੀ।13।

ਰਸਾਇਣਿ = ਰਸਾਂ ਦੇ ਘਰ ਪ੍ਰਭੂ-ਨਾਮ ਵਿਚ। ਭਰਾਤੀ = ਭਟਕਣਾ। ਸ੍ਰਵਣ = ਕੰਨ।14।

ਕੋ = ਕੋਈ ਭੀ। ਸਾਲਾਹੀ = ਸਾਲਾਹਿ, ਸਲਾਹੁੰਦੇ ਹਨ। 16।

ਅਰਥ: ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਐਸੀ ਭੈੜੀ ਮਤਿ ਹੈ ਕਿ ਇਸ ਵਿਚ ਫਸੀ ਹੋਈ ਜੀਵ-ਇਸਤ੍ਰੀ ਅੰਨ੍ਹੀ ਤੇ ਬੋਲੀ ਹੋ ਜਾਂਦੀ ਹੈ (ਨਾਹ ਉਹ ਅੱਖਾਂ ਨਾਲ ਪਰਮਾਤਮਾ ਨੂੰ ਵੇਖ ਸਕਦੀ ਹੈ, ਨਾਹ ਉਹ ਕੰਨਾਂ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਸਕਦੀ ਹੈ) । ਉਸ ਦਾ ਸਰੀਰ ਕਾਮ ਕ੍ਰੋਧ ਆਦਿਕ ਵਿਚ ਗਲਦਾ ਰਹਿੰਦਾ ਹੈ। ਪਤੀ-ਪ੍ਰਭੂ ਉਸ ਦੇ ਹਿਰਦੇ-ਘਰ ਵਿਚ ਵੱਸਦਾ ਹੈ, ਪਰ ਉਹ ਅੰਞਾਣ ਜੀਵ-ਇਸਤ੍ਰੀ ਉਸ ਨੂੰ ਪਛਾਣ ਨਹੀਂ ਸਕਦੀ, ਆਤਮਕ ਅਡੋਲਤਾ ਉਸ ਦੇ ਅੰਦਰ ਹੀ ਹੈ ਪਰ ਉਹ ਸਮਝ ਨਹੀਂ ਸਕਦੀ। ਪਤੀ-ਪ੍ਰਭੂ ਤੋਂ ਵਿਛੁੜੀ ਹੋਈ ਨੂੰ ਸ਼ਾਂਤੀ ਨਸੀਬ ਨਹੀਂ ਹੁੰਦੀ।1।

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ) ਦੀ ਖ਼ਾਤਰ ਚੌਹੀਂ ਪਾਸੀਂ ਭਟਕਦਾ ਹੈ, ਉਸ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਭੜ ਭੜ ਕਰ ਕੇ ਬਲਦੀ ਹੈ। ਸਤਿਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲ ਸਕਦਾ, ਇਹ ਵਡਿਆਈ ਸਦਾ-ਥਿਰ ਪ੍ਰਭੂ ਦੇ ਆਪਣੇ ਹੱਥ ਵਿਚ ਹੈ (ਜਿਸ ਉਤੇ ਮੇਹਰ ਕਰੇ ਉਸੇ ਨੂੰ ਦੇਂਦਾ ਹੈ) ।2।

(ਗੁਰੂ ਦੀ ਸਰਨ ਪੈ ਕੇ ਜੇਹੜਾ ਮਨੁੱਖ ਆਪਣੇ ਅੰਦਰੋਂ) ਕਾਮ ਕ੍ਰੋਧ ਅਹੰਕਾਰ ਨੂੰ ਦੂਰ ਕਰਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਕਾਮਾਦਿਕ ਪੰਜ ਚੋਰਾਂ ਨੂੰ ਮਾਰਦਾ ਹੈ, ਗੁਰੂ ਤੋਂ ਮਿਲੇ ਗਿਆਨ ਦੀ ਤਲਵਾਰ ਲੈ ਕੇ ਆਪਣੇ ਮਨ ਨਾਲ ਲੜਾਈ ਕਰਦਾ ਹੈ, ਉਸ ਦੇ ਮਨ ਦਾ ਮਾਇਕ ਫੁਰਨਾ ਮਨ ਦੇ ਵਿਚ ਹੀ ਮੁੱਕ ਜਾਂਦਾ ਹੈ (ਭਾਵ, ਮਨ ਵਿਚ ਮਾਇਕ ਫੁਰਨੇ ਉੱਠਦੇ ਹੀ ਨਹੀਂ) ।3।

ਹੇ ਅਪਾਰ ਪ੍ਰਭੂ! ਮਾਂ ਦਾ ਲਹੂ ਤੇ ਪਿਉ ਦਾ ਵੀਰਜ ਦੀ ਬੂੰਦ ਨੂੰ ਰਲਾ ਕੇ ਤੂੰ ਮਨੁੱਖ ਦਾ ਬੁੱਤ ਬਣਾ ਦਿੱਤਾ ਸੋਹਣੀ ਸ਼ਕਲ ਬਣਾ ਦਿੱਤੀ। ਹਰੇਕ ਜੀਵ ਦੇ ਅੰਦਰ ਤੇਰੀ ਹੀ ਜੋਤਿ ਹੈ, ਜਿਹੜੀ ਭੀ ਪਦਾਰਥਾਂ ਦੀ ਬਖ਼ਸ਼ਸ਼ ਹੈ ਸਭ ਤੇਰੀ ਹੀ ਹੈ, ਤੂੰ ਸਿਰਜਣਹਾਰ ਹਰ ਥਾਂ ਮੌਜੂਦ ਹੈਂ।4।

ਹੇ ਪ੍ਰਭੂ! ਜਨਮ ਤੇ ਮਰਨ (ਦਾ ਸਿਲਸਿਲਾ) ਤੂੰ ਹੀ ਬਣਾਇਆ ਹੈ, ਜਿਸ ਮਨੁੱਖ ਨੂੰ ਗੁਰੂ ਪਾਸੋਂ ਇਹ ਸੂਝ ਪੈ ਜਾਏ ਉਹ ਫਿਰ ਮੌਤ ਤੋਂ ਨਹੀਂ ਡਰਦਾ। ਹੇ ਪ੍ਰਭੂ! ਤੂੰ ਦਇਆ ਦਾ ਘਰ ਹੈਂ, ਜਿਸ ਮਨੁੱਖ ਵਲ ਤੂੰ ਮੇਹਰ ਦੀ ਨਿਗਾਹ ਕਰ ਕੇ ਵੇਖਦਾ ਹੈਂ ਉਸ ਦੇ ਸਰੀਰ ਵਿਚੋਂ ਦੁਖ ਦਰਦ ਦੂਰ ਹੋ ਜਾਂਦਾ ਹੈ।5।

(ਗੁਰੂ ਦੀ ਸਰਨ ਪੈ ਕੇ) ਜੇਹੜੇ ਮਨੁੱਖ ਆਪਣੇ ਹਿਰਦੇ (ਵਿਚ ਵੱਸਦੇ ਪਰਮਾਤਮਾ ਦੀ ਯਾਦ) ਵਿਚ ਟਿਕੇ ਰਹਿੰਦੇ ਹਨ ਉਹ ਮੌਤ ਦਾ ਡਰ ਮੁਕਾ ਲੈਂਦੇ ਹਨ, ਉਹ ਆਪਣੇ ਮਨ ਨੂੰ ਮਾਇਆ ਦੇ ਪਿੱਛੇ ਦੌੜਨੋਂ ਬਚਾ ਲੈਂਦੇ ਹਨ ਤੇ (ਮਾਇਆ ਵਲੋਂ) ਰੋਕ ਕੇ (ਪ੍ਰਭੂ-ਚਰਨਾਂ ਵਿਚ) ਟਿਕਾਂਦੇ ਹਨ, ਉਹਨਾਂ ਦੇ ਹਿਰਦੇ ਕਮਲ ਖਿੜ ਪੈਂਦੇ ਹਨ, ਹਰੇ ਹੋ ਜਾਂਦੇ ਹਨ, ਉਹਨਾਂ ਦੇ (ਗਿਆਨ ਇੰਦ੍ਰੇ-ਰੂਪ) ਤਲਾਬ (ਨਾਮ-ਅੰਮ੍ਰਿਤ ਨਾਲ) ਨਕਾਨਕ ਭਰੇ ਰਹਿੰਦੇ ਹਨ, ਸਰਬ-ਵਿਆਪਕ ਪਰਮਾਤਮਾ ਉਹਨਾਂ ਦਾ (ਸਦਾ ਲਈ) ਮਿੱਤਰ ਬਣ ਜਾਂਦਾ ਹੈ।6।

ਜੇਹੜੇ ਭੀ ਜੀਵ ਜਗਤ ਵਿਚ ਆਉਂਦੇ ਹਨ ਉਹ ਮੌਤ (ਦਾ ਪਰਵਾਨਾ ਆਪਣੇ ਸਿਰ ਉਤੇ) ਲਿਖਾ ਕੇ ਹੀ ਆਉਂਦੇ ਹਨ। ਕਿਸੇ ਭੀ ਹਾਲਤ ਵਿਚ ਕੋਈ ਜੀਵ ਇਥੇ ਸਦਾ ਨਹੀਂ ਰਹਿ ਸਕਦਾ, ਹਰੇਕ ਨੇ ਪਰਲੋਕ ਵਿਚ ਜ਼ਰੂਰ ਹੀ ਜਾਣਾ ਹੈ। ਪਰਮਾਤਮਾ ਦਾ ਇਹ ਸਦਾ-ਕਾਇਮ ਰਹਿਣ ਵਾਲਾ ਹੁਕਮ (ਅਮਰ) ਹੈ। ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਦੀ ਸਦਾ-ਥਿਰ ਪੁਰੀ ਵਿਚ ਟਿਕੇ ਰਹਿੰਦੇ ਹਨ ਉਹਨਾਂ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਉਹਨਾਂ ਨੂੰ (ਪ੍ਰਭੂ-ਮਿਲਾਪ ਦੀ ਇਹ) ਵਡਿਆਈ ਮਿਲਦੀ ਹੈ।7।

ਇਹ ਸਾਰਾ ਜਗਤ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ। ਜਿਸ (ਪ੍ਰਭੂ) ਨੇ (ਜਗਤ) ਪੈਦਾ ਕੀਤਾ ਹੈ ਉਸ ਨੇ (ਆਪ ਹੀ) ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾ ਦਿੱਤਾ ਹੈ। ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ (ਸਿਰ) ਉਤੇ ਕੋਈ ਹੋਰ (ਤਾਕਤ) ਨਹੀਂ ਦਿੱਸਦੀ ਜੋ ਉਸ ਸਦਾ-ਥਿਰ (ਦੀ ਸਮਰਥਾ) ਦਾ ਮੁੱਲ ਪਾ ਸਕੇ।8।

(ਜਿਵੇਂ ਔੜ ਦੇ ਦਿਨੀਂ ਦਰਿਆਵਾਂ ਦੇ ਕੰਢੇ ਮਾਲ ਡੰਗਰ ਚਾਰਨ ਆਏ ਲੋਕਾਂ ਦਾ ਉਥੇ ਥੋੜੇ ਹੀ ਦਿਨਾਂ ਲਈ ਟਿਕਾਣਾ ਹੁੰਦਾ ਹੈ, ਤਿਵੇਂ) ਇਥੇ ਜਗਤ ਵਿਚ ਜੀਵਾਂ ਦਾ ਚਾਰ ਦਿਨਾਂ ਦਾ ਹੀ ਵਸੇਬਾ ਹੈ। ਇਹ ਜਗਤ ਇਕ ਖੇਡ ਹੈ, ਇਕ ਤਮਾਸ਼ਾ ਹੈ, ਪਰ (ਜੀਵ ਮਾਇਆ ਦੇ ਮੋਹ ਦੇ ਕਾਰਨ ਅਗਿਆਨਤਾ ਦੇ) ਘੁੱਪ ਹਨੇਰੇ ਵਿਚ ਫਸੇ ਪਏ ਹਨ। ਬਾਜੀਗਰਾਂ ਵਾਂਗ ਜੀਵ (ਮਾਇਆ ਦੀ) ਬਾਜੀ ਖੇਡ ਕੇ ਚਲੇ ਜਾਂਦੇ ਹਨ, (ਇਸ ਖੇਡ ਵਿਚੋਂ ਕਿਸੇ ਦੇ ਹੱਥ-ਪੱਲੇ ਕੁਝ ਨਹੀਂ ਪੈਂਦਾ) ਜਿਵੇਂ ਰਾਤ ਨੂੰ ਸੁਪਨੇ ਵਿਚ ਕੋਈ ਬੰਦਾ (ਧਨ ਲੱਭ ਕੇ) ਬਰੜਾਂਦਾ ਹੈ (ਪਰ ਸੁਪਨਾ ਟੁੱਟਿਆਂ ਕੁਝ ਭੀ ਨਹੀਂ ਰਹਿੰਦਾ) ।9।

ਜੇਹੜਾ ਪਰਮਾਤਮਾ ਸਾਰੇ ਖੰਡਾਂ ਬ੍ਰਹਮੰਡਾਂ ਪਾਤਾਲਾਂ ਮੰਡਲਾਂ ਵਿਚ ਤਿੰਨਾਂ ਹੀ ਭਵਨਾਂ ਵਿਚ ਗੁਪਤ ਰੂਪ ਵਿਚ ਵਿਆਪਕ ਹੈ ਉਹ ਨਿਰਭਉ ਪ੍ਰਭੂ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਵੱਸ ਪੈਂਦਾ ਹੈ ਜੇਹੜੇ ਮਨੁੱਖ ਉਸ ਪ੍ਰਭੂ ਦੀ ਯਾਦ ਵਿਚ ਜੁੜਦੇ ਹਨ (ਉਹ, ਮਾਨੋ, ਆਤਮਕ ਮੰਡਲ ਵਿਚ ਬਾਦਸ਼ਾਹ ਬਣ ਜਾਂਦੇ ਹਨ) ਉਹਨਾਂ ਨੂੰ ਤਖ਼ਤ ਉਤੇ ਬੈਠਣ ਦੀ ਵਡਿਆਈ ਮਿਲਦੀ ਹੈ (ਉਹ ਸਦਾ ਆਪਣੇ ਹਿਰਦੇ-ਤਖ਼ਤ ਉਤੇ ਬੈਠਦੇ ਹਨ) ।10।

ਜਿਸ ਮਨੁੱਖ ਨੂੰ ਗੁਰੂ ਦੇ ਸਨਮੁਖ ਹੋ ਕੇ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ, ਉਸ ਦਾ ਇਹ ਸਰੀਰ ਉਸ ਦਾ ਇਹ ਹਿਰਦਾ-ਤਖ਼ਤ ਸਦਾ-ਥਿਰ ਪ੍ਰਭੂ ਦਾ ਨਿਵਾਸ-ਥਾਂ ਬਣ ਜਾਂਦਾ ਹੈ। ਉਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦੇ ਸਦਾ-ਥਿਰ ਤਖ਼ਤ ਉਤੇ (ਮਾਇਆ ਵਲੋਂ ਸਦਾ ਅਡੋਲ ਰਹਿਣ ਵਾਲੇ ਹਿਰਦੇ-ਤਖ਼ਤ ਉਤੇ ਬੈਠਣ ਦੀ) ਵਡਿਆਈ ਮਿਲਦੀ ਹੈ। ਉਹ ਮਨੁੱਖ ਹਉਮੈ ਤੇ ਮਾਇਆ ਦੀਆਂ ਸੋਚਾਂ ਦੂਰ ਕਰ ਲੈਂਦਾ ਹੈ।11।

ਜਿਤਨਾ ਚਿਰ ਮਾਇਆ ਦੀਆਂ ਸੋਚਾਂ ਸੋਚਦੇ ਰਹੀਏ ਜਿੰਦ ਵਿਚ ਸਹਮ ਬਣਿਆ ਹੀ ਰਹਿੰਦਾ ਹੈ, ਨਾਹ ਹੀ ਪ੍ਰਭੂ ਤੋਂ ਬਿਨਾ ਕਿਸੇ ਹੋਰ ਝਾਕ ਵਿਚ ਤੇ ਨਾਹ ਹੀ ਤ੍ਰਿਗੁਣੀ ਮਾਇਆ ਦੀ ਲਗਨ ਵਿਚ = ਸੁਖ ਕਿਤੇ ਨਹੀਂ ਮਿਲਦਾ। ਜਿਸ ਮਨੁੱਖ ਨੇ ਪੂਰੇ ਗੁਰੂ ਦੀ ਸਰਨ ਪੈ ਕੇ ਇੱਜ਼ਤ ਖੱਟ ਲਈ (ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਸਭ ਦਾਤਾਂ ਦੇਣ ਵਾਲਾ ਇਕ ਪਰਮਾਤਮਾ ਹੀ ਹੈ ਜੋ ਪਵਿਤ੍ਰ-ਸਰੂਪ ਹੈ ਤੇ ਜਿਸ ਉਤੇ ਮਾਇਆ-ਕਾਲਖ ਦਾ ਪ੍ਰਭਾਵ ਨਹੀਂ ਪੈਂਦਾ।12।

ਹਰੇਕ ਜੁਗ ਵਿਚ (ਭਾਵ, ਜੁਗ ਭਾਵੇਂ ਕੋਈ ਹੋਵੇ) ਕਿਸੇ ਉਸ ਵਿਰਲੇ ਨੇ ਹੀ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾਈ ਹੈ ਜੋ ਗੁਰੂ ਦੀ ਸਰਨ ਪਿਆ ਹੈ। ਉਹ ਸਦਾ-ਥਿਰ ਪ੍ਰਭੂ ਸਭ ਥਾਂ ਮੌਜੂਦ ਹੈ। (ਗੁਰੂ ਦੀ ਰਾਹੀਂ ਜਿਸ ਦਾ) ਮਨ (ਉਸ ਪ੍ਰਭੂ ਦੇ ਪ੍ਰੇਮ-ਰੰਗ ਵਿਚ) ਰੰਗਿਆ ਗਿਆ ਹੈ, ਜਿਸ ਨੇ ਉਸ ਸਦਾ-ਥਿਰ ਪ੍ਰਭੂ ਦਾ ਪੱਲਾ ਫੜਿਆ ਹੈ ਉਸ ਨੂੰ ਆਤਮਕ ਆਨੰਦ ਮਿਲ ਗਿਆ ਹੈ, ਉਸ ਦੇ ਮਨ ਵਿਚ ਉਸ ਦੇ ਤਨ ਵਿਚ (ਵਿਕਾਰਾਂ ਦੀ) ਕੋਈ ਮੈਲ ਨਹੀਂ ਰਹਿ ਜਾਂਦੀ।13।

ਜਿਸ ਮਨੁੱਖ ਦੀ ਜੀਭ ਸਭ ਰਸਾਂ ਦੇ ਸੋਮੇ ਸਦਾ-ਥਿਰ ਪ੍ਰਭੂ ਦੇ ਨਾਮ-ਰੰਗ ਵਿਚ ਰੰਗੀ ਜਾਂਦੀ ਹੈ, ਹਰੀ ਪਰਮਾਤਮਾ ਉਸ ਦਾ (ਸਦਾ ਲਈ) ਸਾਥੀ ਬਣ ਜਾਂਦਾ ਹੈ, ਉਸ ਨੂੰ ਕੋਈ ਡਰ ਨਹੀਂ ਵਿਆਪਦਾ, ਉਸ ਨੂੰ ਕੋਈ ਭਟਕਣਾ ਨਹੀਂ ਰਹਿ ਜਾਂਦੀ। ਸਤਿਗੁਰੂ ਦੀ ਬਾਣੀ ਸੁਣਨ ਵਿਚ ਉਸ ਦੇ ਕੰਨ ਸਦਾ ਮਸਤ ਰਹਿੰਦੇ ਹਨ, ਉਸ ਦੀ ਸੁਰਤਿ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ।14।

ਹੇ ਪ੍ਰਭੂ! ਮੈਂ ਜਿਧਰ ਤੱਕਦਾ ਹਾਂ ਉਧਰ ਸਭ ਜੀਵ ਤੇਰੀ ਹੀ ਸਰਨ ਪੈਂਦੇ ਹਨ। ਜਿਸ ਮਨੁੱਖ ਦੀ ਪ੍ਰੀਤਿ ਸਿਰਫ਼ ਤੇਰੇ ਨਾਲ ਹੀ ਨਿਭ ਰਹੀ ਹੈ (ਭਾਵ, ਜਿਸ ਨੇ ਹੋਰ ਆਸਰੇ ਛੱਡ ਕੇ ਇਕ ਤੇਰਾ ਆਸਰਾ ਫੜਿਆ ਹੈ) ਉਹ ਮਨੁੱਖ ਧਰਤੀ ਉਤੇ ਆਪਣਾ ਜੀਵਨ-ਪੰਧ ਮੁਕਾਂਦਿਆਂ ਬੜੇ ਗਹੁ ਨਾਲ ਪੈਰ ਰੱਖਦਾ ਹੈ (ਵਿਕਾਰਾਂ ਵਾਲੇ ਪਾਸੇ ਉੱਕਾ ਹੀ ਪੈਰ ਨਹੀਂ ਪਾਂਦਾ) , ਤੂੰ ਹੀ ਉਸ ਦੇ ਮਨ ਵਿਚ ਪਿਆਰਾ ਲੱਗਦਾ ਹੈਂ, (ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਤੂੰ ਹੀ ਸੁਖ ਦੇਂਦਾ ਹੈਂ ਤੂੰ ਹੀ ਦੁੱਖ ਦੇਂਦਾ ਹੈਂ।15।

ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ ਉਹ ਇਹ ਸਮਝ ਲੈਂਦੇ ਹਨ ਕਿ ਜਗਤ ਵਿਚ ਅਖ਼ੀਰਲੇ ਵੇਲੇ ਕੋਈ (ਸਾਕ ਅੰਗ) ਸਾਥੀ ਨਹੀਂ ਬਣ ਸਕਦਾ, (ਇਸ ਵਾਸਤੇ, ਹੇ ਪ੍ਰਭੂ!) ਉਹ ਤੇਰੀ ਹੀ ਸਿਫ਼ਤਿ-ਸਾਲਾਹ ਕਰਦੇ ਹਨ। ਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਮਾਇਆ ਦੇ ਮੋਹ ਵਲੋਂ ਉਪਰਾਮ ਰਹਿੰਦੇ ਹਨ, ਉਹ ਸਦਾ ਆਪਣੇ ਹਿਰਦੇ-ਘਰ ਵਿਚ ਟਿਕ ਕੇ ਪ੍ਰਭੂ-ਚਰਨਾਂ ਵਿਚ ਜੁੜੇ ਰਹਿੰਦੇ ਹਨ। 16।3।

TOP OF PAGE

Sri Guru Granth Darpan, by Professor Sahib Singh