ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 1023 ਮਾਰੂ ਮਹਲਾ ੧ ॥ ਆਦਿ ਜੁਗਾਦੀ ਅਪਰ ਅਪਾਰੇ ॥ ਆਦਿ ਨਿਰੰਜਨ ਖਸਮ ਹਮਾਰੇ ॥ ਸਾਚੇ ਜੋਗ ਜੁਗਤਿ ਵੀਚਾਰੀ ਸਾਚੇ ਤਾੜੀ ਲਾਈ ਹੇ ॥੧॥ ਕੇਤੜਿਆ ਜੁਗ ਧੁੰਧੂਕਾਰੈ ॥ ਤਾੜੀ ਲਾਈ ਸਿਰਜਣਹਾਰੈ ॥ ਸਚੁ ਨਾਮੁ ਸਚੀ ਵਡਿਆਈ ਸਾਚੈ ਤਖਤਿ ਵਡਾਈ ਹੇ ॥੨॥ ਸਤਜੁਗਿ ਸਤੁ ਸੰਤੋਖੁ ਸਰੀਰਾ ॥ ਸਤਿ ਸਤਿ ਵਰਤੈ ਗਹਿਰ ਗੰਭੀਰਾ ॥ ਸਚਾ ਸਾਹਿਬੁ ਸਚੁ ਪਰਖੈ ਸਾਚੈ ਹੁਕਮਿ ਚਲਾਈ ਹੇ ॥੩॥ ਸਤ ਸੰਤੋਖੀ ਸਤਿਗੁਰੁ ਪੂਰਾ ॥ ਗੁਰ ਕਾ ਸਬਦੁ ਮਨੇ ਸੋ ਸੂਰਾ ॥ ਸਾਚੀ ਦਰਗਹ ਸਾਚੁ ਨਿਵਾਸਾ ਮਾਨੈ ਹੁਕਮੁ ਰਜਾਈ ਹੇ ॥੪॥ ਸਤਜੁਗਿ ਸਾਚੁ ਕਹੈ ਸਭੁ ਕੋਈ ॥ ਸਚਿ ਵਰਤੈ ਸਾਚਾ ਸੋਈ ॥ ਮਨਿ ਮੁਖਿ ਸਾਚੁ ਭਰਮ ਭਉ ਭੰਜਨੁ ਗੁਰਮੁਖਿ ਸਾਚੁ ਸਖਾਈ ਹੇ ॥੫॥ ਤ੍ਰੇਤੈ ਧਰਮ ਕਲਾ ਇਕ ਚੂਕੀ ॥ ਤੀਨਿ ਚਰਣ ਇਕ ਦੁਬਿਧਾ ਸੂਕੀ ॥ ਗੁਰਮੁਖਿ ਹੋਵੈ ਸੁ ਸਾਚੁ ਵਖਾਣੈ ਮਨਮੁਖਿ ਪਚੈ ਅਵਾਈ ਹੇ ॥੬॥ ਮਨਮੁਖਿ ਕਦੇ ਨ ਦਰਗਹ ਸੀਝੈ ॥ ਬਿਨੁ ਸਬਦੈ ਕਿਉ ਅੰਤਰੁ ਰੀਝੈ ॥ ਬਾਧੇ ਆਵਹਿ ਬਾਧੇ ਜਾਵਹਿ ਸੋਝੀ ਬੂਝ ਨ ਕਾਈ ਹੇ ॥੭॥ ਦਇਆ ਦੁਆਪੁਰਿ ਅਧੀ ਹੋਈ ॥ ਗੁਰਮੁਖਿ ਵਿਰਲਾ ਚੀਨੈ ਕੋਈ ॥ ਦੁਇ ਪਗ ਧਰਮੁ ਧਰੇ ਧਰਣੀਧਰ ਗੁਰਮੁਖਿ ਸਾਚੁ ਤਿਥਾਈ ਹੇ ॥੮॥ ਰਾਜੇ ਧਰਮੁ ਕਰਹਿ ਪਰਥਾਏ ॥ ਆਸਾ ਬੰਧੇ ਦਾਨੁ ਕਰਾਏ ॥ ਰਾਮ ਨਾਮ ਬਿਨੁ ਮੁਕਤਿ ਨ ਹੋਈ ਥਾਕੇ ਕਰਮ ਕਮਾਈ ਹੇ ॥੯॥ ਕਰਮ ਧਰਮ ਕਰਿ ਮੁਕਤਿ ਮੰਗਾਹੀ ॥ ਮੁਕਤਿ ਪਦਾਰਥੁ ਸਬਦਿ ਸਲਾਹੀ ॥ ਬਿਨੁ ਗੁਰ ਸਬਦੈ ਮੁਕਤਿ ਨ ਹੋਈ ਪਰਪੰਚੁ ਕਰਿ ਭਰਮਾਈ ਹੇ ॥੧੦॥ ਮਾਇਆ ਮਮਤਾ ਛੋਡੀ ਨ ਜਾਈ ॥ ਸੇ ਛੂਟੇ ਸਚੁ ਕਾਰ ਕਮਾਈ ॥ ਅਹਿਨਿਸਿ ਭਗਤਿ ਰਤੇ ਵੀਚਾਰੀ ਠਾਕੁਰ ਸਿਉ ਬਣਿ ਆਈ ਹੇ ॥੧੧॥ ਇਕਿ ਜਪ ਤਪ ਕਰਿ ਕਰਿ ਤੀਰਥ ਨਾਵਹਿ ॥ ਜਿਉ ਤੁਧੁ ਭਾਵੈ ਤਿਵੈ ਚਲਾਵਹਿ ॥ ਹਠਿ ਨਿਗ੍ਰਹਿ ਅਪਤੀਜੁ ਨ ਭੀਜੈ ਬਿਨੁ ਹਰਿ ਗੁਰ ਕਿਨਿ ਪਤਿ ਪਾਈ ਹੇ ॥੧੨॥ ਕਲੀ ਕਾਲ ਮਹਿ ਇਕ ਕਲ ਰਾਖੀ ॥ ਬਿਨੁ ਗੁਰ ਪੂਰੇ ਕਿਨੈ ਨ ਭਾਖੀ ॥ ਮਨਮੁਖਿ ਕੂੜੁ ਵਰਤੈ ਵਰਤਾਰਾ ਬਿਨੁ ਸਤਿਗੁਰ ਭਰਮੁ ਨ ਜਾਈ ਹੇ ॥੧੩॥ ਸਤਿਗੁਰੁ ਵੇਪਰਵਾਹੁ ਸਿਰੰਦਾ ॥ ਨਾ ਜਮ ਕਾਣਿ ਨ ਛੰਦਾ ਬੰਦਾ ॥ ਜੋ ਤਿਸੁ ਸੇਵੇ ਸੋ ਅਬਿਨਾਸੀ ਨਾ ਤਿਸੁ ਕਾਲੁ ਸੰਤਾਈ ਹੇ ॥੧੪॥ ਗੁਰ ਮਹਿ ਆਪੁ ਰਖਿਆ ਕਰਤਾਰੇ ॥ ਗੁਰਮੁਖਿ ਕੋਟਿ ਅਸੰਖ ਉਧਾਰੇ ॥ ਸਰਬ ਜੀਆ ਜਗਜੀਵਨੁ ਦਾਤਾ ਨਿਰਭਉ ਮੈਲੁ ਨ ਕਾਈ ਹੇ ॥੧੫॥ ਸਗਲੇ ਜਾਚਹਿ ਗੁਰ ਭੰਡਾਰੀ ॥ ਆਪਿ ਨਿਰੰਜਨੁ ਅਲਖ ਅਪਾਰੀ ॥ ਨਾਨਕੁ ਸਾਚੁ ਕਹੈ ਪ੍ਰਭ ਜਾਚੈ ਮੈ ਦੀਜੈ ਸਾਚੁ ਰਜਾਈ ਹੇ ॥੧੬॥੪॥ {ਪੰਨਾ 1023-1024} ਪਦ ਅਰਥ: ਆਦਿ = ਹੇ ਸ੍ਰਿਸ਼ਟੀ ਦੇ ਮੂਲ ਪ੍ਰਭੂ! ਜੁਗਾਦੀ = ਹੇ ਜੁਗਾਂ ਦੇ ਆਦਿ ਤੋਂ ਮੌਜੂਦ ਪ੍ਰਭੂ! ਅਪਰ = ਹੇ ਪ੍ਰਭੂ ਜਿਸ ਤੋਂ ਪਰੇ ਹੋਰ ਕੋਈ ਨਹੀਂ। ਅਪਾਰੇ = ਹੇ ਪ੍ਰਭੂ ਜਿਸ ਦਾ ਪਾਰਲਾ ਬੰਨਾ ਨਹੀਂ ਦਿੱਸਦਾ। ਨਿਰੰਜਨ = ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਪ੍ਰਭੂ! ਸਾਚੇ = ਹੇ ਸਦਾ-ਥਿਰ! ਜੋਗ ਜੁਗਤਿ = ਜੀਵਾਂ ਨੂੰ ਆਪਣੇ ਨਾਲ ਮਿਲਾਣ ਦੀ ਜੁਗਤਿ। ਵੀਚਾਰੀ = ਹੇ ਵਿਚਾਰਨ ਵਾਲੇ ਹਰੀ! ਸਾਚੇ ਤਾੜੀ ਲਾਈ ਹੇ = ਹੇ ਆਪਣੇ ਆਪ ਵਿਚ ਸੁਰਤਿ ਜੋੜੀ ਰੱਖਣ ਵਾਲੇ ਸਦਾ-ਥਿਰ ਪ੍ਰਭੂ!।1। ਧੂੰਧੂਕਾਰੈ = ਧੁੰਧੂਕਾਰ ਵਿਚ, ਇਕ-ਰਸ ਘੁੱਪ ਹਨੇਰੇ ਵਿਚ, ਉਸ ਅਵਸਥਾ ਵਿਚ ਜਿਸ ਦੀ ਬਾਬਤ ਕੁਝ ਭੀ ਪਤਾ ਨਹੀਂ ਲੱਗ ਸਕਦਾ। ਸਿਰਜਣਹਾਰੈ = ਸਿਰਜਣਹਾਰ ਨੇ। ਸਚੁ = ਸਦਾ-ਥਿਰ ਰਹਿਣ ਵਾਲਾ। ਤਖਤਿ = ਤਖ਼ਤ ਉਤੇ।2। ਸਤਜੁਗਿ = ਸਤਜੁਗ ਵਿਚ, ਸਤਜੁਗ ਦੇ ਪ੍ਰਭਾਵ ਵਿਚ। ਸਰੀਰਾ = ਸਰੀਰਾਂ ਵਿਚ, ਮਨੁੱਖਾਂ ਵਿਚ (ਵਰਤੈ) । ਸਤਿ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਗਹਿਰ = ਡੂੰਘਾ। ਗੰਭੀਰਾ = ਵੱਡੇ ਜਿਗਰੇ ਵਾਲਾ। ਸਾਚੈ ਹੁਕਮਿ = ਆਪਣੇ ਅਟੱਲ ਹੁਕਮ ਵਿਚ। ਚਲਾਈ ਹੇ = ਜਗਤ ਦੀ ਕਾਰ ਚਲਾਂਦਾ ਹੈ।3। ਸਤ ਸੰਤੋਖੀ = ਸਤ ਅਤੇ ਸੰਤੋਖ ਦਾ ਮਾਲਕ। ਮਨੇ = ਮੰਨੇ, ਮੰਨਦਾ ਹੈ। ਸੂਰਾ = ਸੂਰਮਾ! ਰਜਾਈ = ਰਜ਼ਾ ਦੇ ਮਾਲਕ ਪ੍ਰਭੂ ਦਾ।4। ਸਾਚੁ = ਸਦਾ-ਥਿਰ ਪ੍ਰਭ ਦਾ ਨਾਮ। ਸਭੁ ਕੋਈ = ਹਰੇਕ ਜੀਵ (ਜੋ ਸਤਜੁਗ ਦੇ ਪ੍ਰਭਾਵ ਵਿਚ ਹੈ) । ਸਚਿ = ਸਦਾ-ਥਿਰ ਪ੍ਰਭੂ ਵਿਚ। ਮਨਿ = ਮਨ ਵਿਚ। ਮੁਖਿ = ਮੂੰਹ ਵਿਚ। ਭਰਮ-ਭਉ-ਭੰਜਨੁ = (ਜੀਵਾਂ ਦੀ) ਭਟਕਣਾ ਤੇ ਡਰ ਦੂਰ ਕਰਨ ਵਾਲਾ ਪ੍ਰਭੂ। ਗੁਰਮੁਖਿ = ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ। ਸਖਾਈ = ਮਿੱਤਰ।5। ਤ੍ਰੇਤੈ = ਤ੍ਰੇਤੇ ਵਿਚ, ਤ੍ਰੇਤੇ ਦੇ ਪ੍ਰਭਾਵ ਵਿਚ। ਧਰਮ ਕਲਾ = ਧਰਮ ਦੀ ਇਕ ਤਾਕਤ। ਚੂਕੀ = ਮੁੱਕ ਜਾਂਦੀ ਹੈ। ਚਰਣ = ਪੈਰ। ਸੂਕੀ = ਸ਼ੂਕਦੀ ਹੈ, ਪ੍ਰਬਲ ਹੋ ਜਾਂਦੀ ਹੈ। ਦੁਬਿਧਾ = ਮੇਰ-ਤੇਰ। ਸਾਚੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ। ਵਖਾਣੈ = ਸਿਮਰਦਾ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਪਚੈ = ਖ਼ੁਆਰ ਹੁੰਦਾ ਹੈ। ਅਵਾਈ = ਅਵੈੜਾ-ਪਨ ਵਿਚ।6। ਕਦੇ = ਕੋਈ ਭੀ ਸਮਾ ਹੋਵੇ। ਸੀਝੈ = ਕਾਮਯਾਬ ਹੁੰਦਾ, ਪਰਵਾਨ ਹੁੰਦਾ। ਅੰਤਰੁ = ਅੰਤਰ ਆਤਮਾ, ਹਿਰਦਾ। ਰੀਝੈ = ਰੀਝ ਵਿਚ ਆਉਂਦਾ, (ਸਿਮਰਨ ਦੇ) ਉਤਸ਼ਾਹ ਵਿਚ ਆਉਂਦਾ।7। ਦੁਆਪੁਰਿ = ਦੁਆਪੁਰ ਵਿਚ, ਦੁਆਪੁਰ ਦੇ ਪ੍ਰਭਾਵ ਵਿਚ। ਹੋਈ = ਹੋ ਜਾਂਦੀ ਹੈ। ਚੀਨੈ = ਪਛਾਣਦਾ ਹੈ। ਦੁਇ = ਦੋ। ਪਗ = ਪੈਰ। ਧਰਣੀਧਰ = ਧਰਤੀ ਦਾ ਆਸਰਾ। ਤਿਥਾਈ = ਉਥੇ ਹੀ, ਪ੍ਰਭੂ-ਚਰਨਾਂ ਵਿਚ ਹੀ।8। ਪਰਥਾਏ = ਕਿਸੇ ਗ਼ਰਜ਼ ਵਾਸਤੇ। ਬੰਧੇ = ਬੱਝੇ ਹੋਏ। ਮੁਕਤਿ = (ਆਸਾ ਦੇ ਬੰਧਨਾਂ ਤੋਂ) ਖ਼ਲਾਸੀ।9। ਮੰਗਾਹੀ = ਮੰਗਦੇ ਹਨ। ਸਾਲਾਹੀ = ਸਿਫ਼ਤਿ-ਸਾਲਾਹ ਦੀ ਰਾਹੀਂ। ਪਰਪੰਚੁ = ਜਗਤ ਦੀ ਖੇਡ।10। ਸਚੁ ਕਾਰ = ਸਦਾ-ਥਿਰ ਪ੍ਰਭੂ ਦਾ ਸਿਮਰਨ-ਰੂਪ ਕਾਰ। ਅਹਿ = ਦਿਨ। ਨਿਸਿ = ਰਾਤ।11। ਇਕਿ = ਕਈ ਮਨੁੱਖ। ਹਠਿ = ਹਠ ਨਾਲ (ਕੀਤੇ ਕਰਮਾਂ ਦਾ ਰਾਹੀਂ) । ਨਿਗ੍ਰਹਿ = ਇੰਦ੍ਰਿਆਂ ਨੂੰ ਰੋਕਣ ਦੇ ਜਤਨ ਨਾਲ। ਅਪਤੀਜੁ = ਨਾਹ ਪਤੀਜਣ ਵਾਲਾ ਮਨ।12। ਇਕ ਕਲ = ਧਰਮ ਦੀ ਇਕੋ ਸ਼ਕਤੀ। ਰਾਖੀ = ਰਹਿ ਜਾਂਦਾ ਹੈ। ਭਾਖੀ = ਦੱਸੀ, ਸਮਝਾਈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਦੇ ਅੰਦਰ। ਕੂੜੁ = ਝੂਠ, ਮਾਇਆ ਦਾ ਮੋਹ। ਕੂੜੁ ਵਰਤੈ ਵਰਤਾਰਾ = ਮਾਇਆ ਦਾ ਮੋਹ ਆਪਣਾ ਜ਼ੋਰ ਪਾਈ ਰੱਖਦਾ ਹੈ।13। ਸਿਰੰਦਾ = ਸਿਰਜਣਹਾਰ (ਦਾ ਰੂਪ) । ਕਾਣਿ = ਮੁਥਾਜੀ। ਛੰਦਾ ਬੰਦਾ = ਬੰਦਿਆਂ ਦੀ ਮੁਥਾਜੀ।14। ਆਪੁ = ਆਪਣਾ ਆਪ। ਕਰਤਾਰੇ = ਕਰਤਾਰਿ, ਕਰਤਾਰ ਨੇ। ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ। ਉਧਾਰੇ = (ਪਰਮਾਤਮਾ) ਉੱਧਾਰਦਾ ਹੈ।15। ਜਾਚਹਿ = ਮੰਗਦੇ ਹਨ। ਸਾਚੁ = ਸਦਾ-ਥਿਰ ਨਾਮ। ਕਹੈ– ਸਿਮਰਦਾ ਹੈ। ਰਜਾਈ = ਹੇ ਰਜ਼ਾ ਦੇ ਮਾਲਕ ਪ੍ਰਭੂ!। 16। ਅਰਥ: ਹੇ ਸਾਰੀ ਰਚਨਾ ਦੇ ਮੂਲ! ਹੇ ਜੁਗਾਂ ਦੇ ਸ਼ੁਰੂ ਤੋਂ ਮੌਜੂਦ ਪ੍ਰਭੂ! ਹੇ ਅਪਰ ਤੇ ਅਪਾਰ ਹਰੀ! ਹੇ ਨਿਰੰਜਨ! ਹੇ ਸਾਡੇ ਖਸਮ! ਹੇ ਸਦਾ-ਥਿਰ ਪ੍ਰਭੂ! ਹੇ ਮਿਲਾਪ ਦੀ ਜੁਗਤਿ ਨੂੰ ਵਿਚਾਰਨ ਵਾਲੇ! (ਜਦੋਂ ਤੂੰ ਸੰਸਾਰ ਦੀ ਰਚਨਾ ਨਹੀਂ ਕੀਤੀ ਸੀ) ਤੂੰ ਆਪਣੇ ਆਪ ਵਿਚ ਸਮਾਧੀ ਲਾਈ ਹੋਈ ਸੀ।1। (ਜਗਤ-ਰਚਨਾ ਤੋਂ ਪਹਿਲਾਂ) ਸਿਰਜਣਹਾਰ ਨੇ ਅਨੇਕਾਂ ਹੀ ਜੁਗ ਉਸ ਅਵਸਥਾ ਵਿਚ ਸਮਾਧੀ ਲਾਈ ਜਿਸ ਦੀ ਬਾਬਤ ਕੁਝ ਪਤਾ ਨਹੀਂ ਲੱਗ ਸਕਦਾ। ਉਸ ਸਿਰਜਣਹਾਰ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ, ਉਹ ਵਡਿਆਈ ਦਾ ਮਾਲਕ ਪ੍ਰਭੂ ਸਦਾ ਟਿਕੇ ਰਹਿਣ ਵਾਲੇ ਤਖ਼ਤ ਉਤੇ ਸਦਾ ਬੈਠਾ ਹੋਇਆ ਹੈ ।2। (ਜਗਤ-ਰਚਨਾ ਕਰ ਕੇ) ਉਹ ਸਦਾ-ਥਿਰ ਰਹਿਣ ਵਾਲਾ, ਡੂੰਘਾ ਤੇ ਵੱਡੇ ਜਿਗਰੇ ਵਾਲਾ ਪ੍ਰਭੂ (ਹਰ ਥਾਂ) ਵਿਆਪਕ ਹੋ ਰਿਹਾ ਹੈ। ਜਿਨ੍ਹਾਂ ਪ੍ਰਾਣੀਆਂ ਦੇ ਅੰਦਰ (ਉਸ ਸਿਰਜਣਹਾਰ ਦੀ ਮੇਹਰ ਦਾ ਸਦਕਾ) ਸਤ ਅਤੇ ਸੰਤੋਖ (ਵਾਲਾ ਜੀਵਨ ਉੱਘੜਦਾ) ਹੈ ਉਹ, ਮਾਨੋ, ਸਤਜੁਗ ਵਿਚ (ਵੱਸ ਰਹੇ ਹਨ) । ਸਦਾ-ਥਿਰ ਰਹਿਣ ਵਾਲਾ ਮਾਲਕ (ਸਭ ਜੀਵਾਂ ਦੀ) ਸਹੀ ਪਰਖ ਕਰਦਾ ਹੈ, ਉਹ ਸ੍ਰਿਸ਼ਟੀ ਦੀ ਕਾਰ ਨੂੰ ਆਪਣੇ ਅਟੱਲ ਹੁਕਮ ਵਿਚ ਚਲਾ ਰਿਹਾ ਹੈ।3। ਪੂਰਾ ਗੁਰੂ (ਭੀ) ਸਤ ਤੇ ਸੰਤੋਖ ਦਾ ਮਾਲਕ ਹੈ। ਜੇਹੜਾ ਮਨੁੱਖ ਗੁਰੂ ਦਾ ਸ਼ਬਦ ਮੰਨਦਾ ਹੈ (ਆਪਣੇ ਹਿਰਦੇ ਵਿਚ ਟਿਕਾਂਦਾ ਹੈ) ਉਹ ਸੂਰਮਾ (ਬਣ ਜਾਂਦਾ) ਹੈ (ਵਿਕਾਰ ਉਸ ਨੂੰ ਜਿੱਤ ਨਹੀਂ ਸਕਦੇ) । ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਸਦਾ ਦਾ ਨਿਵਾਸ ਪ੍ਰਾਪਤ ਕਰ ਲੈਂਦਾ ਹੈ, ਉਹ ਉਸ ਰਜ਼ਾ ਦੇ ਮਾਲਕ ਪ੍ਰਭੂ ਦਾ ਹੁਕਮ ਮੰਨਦਾ ਹੈ।4। ਜੇਹੜਾ ਜੇਹੜਾ ਬੰਦਾ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹੈ ਉਹ, ਮਾਨੋ, ਸਤਜੁਗ ਵਿਚ ਹੈ। ਉਹ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਟਿਕਿਆ ਹੋਇਆ ਹੀ ਜਗਤ ਦੀ ਕਾਰ ਕਰਦਾ ਹੈ, ਉਸ ਨੂੰ ਹਰ ਥਾਂ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ। ਉਸ ਦੇ ਮਨ ਵਿਚ ਉਸ ਦੇ ਮੂੰਹ ਵਿਚ ਸਦਾ-ਥਿਰ ਪ੍ਰਭੂ (ਦੀ ਯਾਦ) ਹੈ। ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਭਟਕਣਾ ਤੇ ਸਹਮ ਦੂਰ ਕਰਨ ਵਾਲਾ ਸਦਾ-ਥਿਰ ਪ੍ਰਭੂ ਉਸ ਦਾ ਸਦਾ ਦਾ ਸਾਥੀ ਬਣ ਜਾਂਦਾ ਹੈ।5। ਜਿਸ ਮਨੁੱਖ ਦੇ ਅੰਦਰੋਂ ਧਰਮ ਦੀ ਇਕ ਤਾਕਤ ਮੁੱਕ ਜਾਂਦੀ ਹੈ, ਜਿਸ ਦੇ ਅੰਦਰ ਧਰਮ ਦੇ ਤਿੰਨ ਪੈਰ ਰਹਿ ਜਾਂਦੇ ਹਨ ਤੇ ਮੇਰ-ਤੇਰ ਜ਼ੋਰ ਪਾ ਲੈਂਦੀ ਹੈ ਉਹ, ਮਾਨੋ, ਤ੍ਰੇਤੇ ਜੁਗ ਵਿਚ ਵੱਸ ਰਿਹਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ (ਮੇਰ-ਤੇਰ ਦੇ) ਅਵੈੜਾ-ਪਨ ਵਿਚ ਖ਼ੁਆਰ ਹੁੰਦਾ ਹੈ, ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹੈ (ਤੇ, ਉਹ, ਮਾਨੋ, ਸਤਜੁਗ ਵਿਚ ਹੈ) ।6। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਕਦੇ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਨਹੀਂ ਪਾਂਦਾ, ਉਸ ਦਾ ਅੰਤਰ ਆਤਮਾ ਕਦੇ ਭੀ (ਸਿਮਰਨ ਦੇ) ਉਤਸ਼ਾਹ ਵਿਚ ਨਹੀਂ ਆਉਂਦਾ। ਅਜੇਹੇ ਬੰਦੇ ਆਪਣੇ ਮਨ ਦੀਆਂ ਵਾਸਨਾ ਵਿਚ ਬੱਝੇ ਹੋਏ ਜਗਤ ਵਿਚ ਆਉਂਦੇ ਹਨ ਤੇ ਬੱਝੇ ਹੋਏ ਹੀ ਇਥੋਂ ਚਲੇ ਜਾਂਦੇ ਹਨ, ਉਹਨਾਂ ਨੂੰ (ਸਹੀ ਜੀਵਨ-ਮਾਰਗ ਦੀ) ਕੋਈ ਸੂਝ ਨਹੀਂ ਹੁੰਦੀ।7। ਜਿਨ੍ਹਾਂ ਬੰਦਿਆਂ ਦੇ ਅੰਦਰ ਦਇਆ ਅੱਧੀ ਰਹਿ ਗਈ (ਦਇਆ ਦਾ ਪ੍ਰਭਾਵ ਕਮਜ਼ੋਰ ਹੋ ਗਿਆ) ਜਿਨ੍ਹਾਂ ਦੇ ਹਿਰਦੇ ਵਿਚ ਧਰਤੀ ਦਾ ਆਸਰਾ ਧਰਮ ਸਿਰਫ਼ ਦੋ ਪੈਰ ਟਿਕਾਂਦਾ ਹੈ (ਭਾਵ, ਜਿਨ੍ਹਾਂ ਦੇ ਅੰਦਰ ਸੁਰੀ ਸੰਪਤਾ ਤੇ ਅਸੁਰੀ ਸੰਪਤਾ ਇਕੋ ਜਿਹੀ ਹੋ ਗਈ) ਉਹ, ਮਾਨੋ, ਦੁਆਪੁਰ ਵਿਚ ਵੱਸਦੇ ਹਨ। ਪਰ ਜੇਹੜਾ ਕੋਈ ਵਿਰਲਾ ਬੰਦਾ ਗੁਰੂ ਦੀ ਸਰਨ ਪੈਂਦਾ ਹੈ ਉਹ (ਜੀਵਨ ਦੇ ਸਹੀ ਰਾਹ ਨੂੰ) ਪਛਾਣਦਾ ਹੈ, ਉਹ ਉਸੇ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਜਿਥੇ ਸਦਾ-ਥਿਰ ਪ੍ਰਭੂ ਉਸ ਦੇ ਅੰਦਰ ਪ੍ਰਤੱਖ ਵੱਸਦਾ ਹੈ।8। ਰਾਜੇ ਲੋਕ ਕਿਸੇ ਗ਼ਰਜ਼ ਦੀ ਖ਼ਾਤਰ ਧਰਮ ਕਮਾਂਦੇ ਹਨ, ਦੁਨੀਆਵੀ ਆਸਾਂ ਦੇ ਬੱਝੇ ਹੋਏ ਦਾਨ-ਪੁੰਨ ਕਰਦੇ ਹਨ (ਇਹ ਸਭ ਕੁਝ ਉਸ ਲਕ-ਟੁੱਟੀ ਦਇਆ ਦੇ ਕਾਰਨ ਹੀ ਕਰਦੇ ਹਨ, ਇਹ ਲੋਕ ਤੇ ਪਰਲੋਕ ਦੋਹਾਂ ਦੇ ਸੁਖ ਹੀ ਭਾਲਦੇ ਹਨ) । (ਦਾਨ-ਪੁੰਨ ਆਦਿਕ ਦੇ) ਕਰਮ ਕਰ ਕੇ ਥੱਕ ਜਾਂਦੇ ਹਨ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਦੁਨੀਆ ਦੇ ਸੁਖਾਂ ਦੀਆਂ ਆਸਾਂ ਤੋਂ) ਉਹਨਾਂ ਨੂੰ ਖ਼ਲਾਸੀ ਨਹੀਂ ਮਿਲਦੀ (ਇਸ ਵਾਸਤੇ ਆਤਮਕ ਆਨੰਦ ਨਹੀਂ ਮਿਲਦਾ) ।9। ਸਿਰਜਣਹਾਰ ਨੇ ਇਹ ਜਗਤ-ਰਚਨਾ ਕਰ ਕੇ ਜੀਵਾਂ ਨੂੰ ਅਜਬ ਭੁਲੇਖੇ ਵਿਚ ਪਾਇਆ ਹੋਇਆ ਹੈ ਕਿ (ਦਾਨ-ਪੁੰਨ ਤੀਰਥ ਆਦਿਕ) ਕਰਮ ਕਰ ਕੇ ਮੁਕਤੀ ਮੰਗਦੇ ਹਨ। ਪਰ ਮੁਕਤੀ ਦੇਣ ਵਾਲਾ ਨਾਮ-ਪਦਾਰਥ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਹੀ ਮਿਲਦਾ ਹੈ। (ਇਹ ਪੱਕੀ ਗੱਲ ਹੈ ਕਿ ਸਮੇ ਦਾ ਨਾਮ ਚਾਹੇ ਸਤਜੁਗ ਰੱਖ ਲਵੋ ਚਾਹੇ ਤ੍ਰੇਤਾ ਤੇ ਚਾਹੇ ਦੁਆਪੁਰ) ਗੁਰੂ ਦੇ ਸ਼ਬਦ ਤੋਂ ਬਿਨਾ ਮੁਕਤੀ ਨਹੀਂ ਮਿਲ ਸਕਦੀ।10। (ਸਮਾ ਕੋਈ ਭੀ ਹੋਵੇ) ਮਾਇਆ ਦੀ ਅਪਣੱਤ ਛੱਡੀ ਨਹੀਂ ਜਾ ਸਕਦੀ। ਸਿਰਫ਼ ਉਹੀ ਬੰਦੇ (ਇਸ ਮਮਤਾ ਦੇ ਪੰਜੇ ਵਿਚੋਂ) ਖ਼ਲਾਸੀ ਪਾਂਦੇ ਹਨ ਜੇਹੜੇ ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਕਾਰ ਕਰਦੇ ਹਨ, ਜੇਹੜੇ ਦਿਨ ਰਾਤ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗੇ ਰਹਿੰਦੇ ਹਨ, ਜੇਹੜੇ ਉਸ ਦੇ ਗੁਣਾਂ ਦੀ ਵਿਚਾਰ ਕਰਦੇ ਹਨ ਤੇ (ਇਸ ਤਰ੍ਹਾਂ) ਜਿਨ੍ਹਾਂ ਦੀ ਪ੍ਰੀਤਿ ਮਾਲਕ-ਪ੍ਰਭੂ ਨਾਲ ਬਣੀ ਰਹਿੰਦੀ ਹੈ।11। ਹੇ ਪ੍ਰਭੂ! ਅਨੇਕਾਂ ਬੰਦੇ ਐਸੇ ਹਨ ਜੋ ਜਪ ਕਰਦੇ ਹਨ ਤਪ ਤਾਪਦੇ ਹਨ ਤੀਰਥਾਂ ਤੇ ਜਾਂਦੇ ਹਨ (ਤੇ ਇਸ ਤਰ੍ਹਾਂ ਇਸ ਲੋਕ ਵਿਚ ਤੇ ਪਰਲੋਕ ਵਿਚ ਇੱਜ਼ਤ ਹਾਸਲ ਕਰਨੀ ਚਾਹੁੰਦੇ ਹਨ) । (ਪਰ ਹੇ ਪ੍ਰਭੂ! ਉਹਨਾਂ ਦੇ ਭੀ ਕੀਹ ਵੱਸ?) ਜਿਵੇਂ ਤੇਰੀ ਰਜ਼ਾ ਹੈ ਤੂੰ ਉਹਨਾਂ ਨੂੰ ਇਸ ਰਾਹੇ ਤੋਰ ਰਿਹਾ ਹੈਂ। (ਉਹ ਵਿਚਾਰੇ ਨਹੀਂ ਸਮਝਦੇ ਕਿ) ਧੱਕੇ ਨਾਲ ਇੰਦ੍ਰਿਆਂ ਨੂੰ ਵੱਸ ਕਰਨ ਦਾ ਜਤਨ ਕੀਤਿਆਂ ਇਹ ਕਦੇ ਨ ਪਤੀਜਣ ਵਾਲਾ ਮਨ ਤੇਰੇ ਨਾਮ-ਰਸ ਵਿਚ ਗਿੱਝ ਨਹੀਂ ਸਕਦਾ। ਗੁਰੂ ਦੀ ਸਰਨ ਤੋਂ ਬਿਨਾ ਕਿਸੇ ਨੇ ਕਦੇ ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਨਹੀਂ ਪ੍ਰਾਪਤ ਕੀਤੀ (ਸਮੇ ਤੇ ਜੁਗ ਦਾ ਨਾਮ ਚਾਹੇ ਕੁਝ ਪਿਆ ਹੋਵੇ) ।12। ਪੂਰੇ ਗੁਰੂ ਤੋਂ ਬਿਨਾ ਕਦੇ ਕਿਸੇ ਨੇ ਇਹ ਗੱਲ ਨਹੀਂ ਸਮਝਾਈ ਕਿ (ਜੇ ਧਰਮ-ਸੱਤਿਆ ਦੇ ਚਾਰ ਹਿੱਸੇ ਕਰ ਦਿੱਤੇ ਜਾਣ ਤੇ ਜੇ ਕਿਸੇ ਮਨੁੱਖ ਦੇ ਅੰਦਰ) ਧਰਮ ਦੀ ਇਕੋ ਸਤਿਆ ਰਹਿ ਜਾਏ ਤਾਂ ਉਹ ਮਨੁੱਖ, ਮਾਨੋ, ਕਲਿਜੁਗ ਵਿਚ ਵੱਸਦਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਸ ਮਨੁੱਖ ਦੇ ਅੰਦਰ ਮਾਇਆ ਦਾ ਮੋਹ ਹੀ ਆਪਣਾ ਜ਼ੋਰ ਪਾਈ ਰੱਖਦਾ ਹੈ (ਉਸ ਦੇ ਅੰਦਰ ਸਦਾ ਮਾਇਆ ਦੀ ਭਟਕਣਾ ਬਣੀ ਰਹਿੰਦੀ ਹੈ) ਸਤਿਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਦੀ ਇਹ ਭਟਕਣਾ ਦੂਰ ਨਹੀਂ ਹੁੰਦੀ।13। ਸਤਿਗੁਰੂ ਸਿਰਜਣਹਾਰ ਦਾ ਰੂਪ ਹੈ, ਗੁਰੂ ਦੁਨੀਆ ਦੀਆਂ ਗ਼ਰਜ਼ਾਂ ਤੋਂ ਬਹੁਤ ਉੱਚਾ ਹੈ, ਗੁਰੂ ਨੂੰ ਜਮ ਦਾ ਡਰ ਨਹੀਂ, ਗੁਰੂ ਨੂੰ ਦੁਨੀਆ ਦੇ ਬੰਦਿਆਂ ਦੀ ਮੁਥਾਜੀ ਨਹੀਂ। ਜੇਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਉਹ ਨਾਸ-ਰਹਿਤ ਹੋ ਜਾਂਦਾ ਹੈ (ਉਸ ਨੂੰ ਕਦੇ ਆਤਮਕ ਮੌਤ ਨਹੀਂ ਆਉਂਦੀ) ਮੌਤ ਦਾ ਡਰ ਉਸ ਨੂੰ ਕਦੇ ਨਹੀਂ ਸਤਾਂਦਾ।14। ਕਰਤਾਰ ਨੇ ਆਪਣਾ ਆਪ ਗੁਰੂ ਵਿਚ ਲੁਕਾ ਰੱਖਿਆ ਹੈ, ਉਹ ਜਗਤ ਦੀ ਜ਼ਿੰਦਗੀ ਦਾ ਆਸਰਾ ਹੈ ਉਹ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ, ਉਸ ਨੂੰ ਕਿਸੇ ਦਾ ਡਰ ਨਹੀਂ, ਉਸ ਨੂੰ (ਮਾਇਆ-ਮੋਹ ਆਦਿਕ ਦੀ) ਕੋਈ ਮੈਲ ਨਹੀਂ ਲੱਗ ਸਕਦੀ। ਉਹ ਕਰਤਾਰ ਗੁਰੂ ਦੀ ਰਾਹੀਂ ਕ੍ਰੋੜਾਂ ਤੇ ਅਸੰਖਾਂ ਜੀਵਾਂ ਨੂੰ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚਾ ਲੈਂਦਾ ਹੈ।15। ਸਾਰੇ ਜੀਵ ਗੁਰੂ ਦੇ ਖ਼ਜ਼ਾਨੇ ਵਿਚੋਂ (ਉਸ ਪ੍ਰਭੂ ਦਾ ਨਾਮ) ਮੰਗਦੇ ਹਨ ਜੋ ਆਪ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ ਜੋ ਅਲੱਖ ਹੈ ਤੇ ਬੇਅੰਤ ਹੈ। ਹੇ ਰਜ਼ਾ ਦੇ ਮਾਲਕ ਪ੍ਰਭੂ! ਨਾਨਕ (ਭੀ ਗੁਰੂ ਦੇ ਦਰ ਤੇ ਪੈ ਕੇ) ਤੇਰਾ ਸਦਾ-ਥਿਰ ਨਾਮ ਸਿਮਰਦਾ ਹੈ ਤੇ ਮੰਗਦਾ ਹੈ ਕਿ ਮੈਨੂੰ ਆਪਣੇ ਸਦਾ-ਥਿਰ ਰਹਿਣ ਵਾਲੇ ਨਾਮ ਦੀ ਦਾਤਿ ਦੇਹ। 16।4। |
![]() |
![]() |
![]() |
![]() |
Sri Guru Granth Darpan, by Professor Sahib Singh |