ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1024

ਮਾਰੂ ਮਹਲਾ ੧ ॥ ਸਾਚੈ ਮੇਲੇ ਸਬਦਿ ਮਿਲਾਏ ॥ ਜਾ ਤਿਸੁ ਭਾਣਾ ਸਹਜਿ ਸਮਾਏ ॥ ਤ੍ਰਿਭਵਣ ਜੋਤਿ ਧਰੀ ਪਰਮੇਸਰਿ ਅਵਰੁ ਨ ਦੂਜਾ ਭਾਈ ਹੇ ॥੧॥ ਜਿਸ ਕੇ ਚਾਕਰ ਤਿਸ ਕੀ ਸੇਵਾ ॥ ਸਬਦਿ ਪਤੀਜੈ ਅਲਖ ਅਭੇਵਾ ॥ ਭਗਤਾ ਕਾ ਗੁਣਕਾਰੀ ਕਰਤਾ ਬਖਸਿ ਲਏ ਵਡਿਆਈ ਹੇ ॥੨॥ ਦੇਦੇ ਤੋਟਿ ਨ ਆਵੈ ਸਾਚੇ ॥ ਲੈ ਲੈ ਮੁਕਰਿ ਪਉਦੇ ਕਾਚੇ ॥ ਮੂਲੁ ਨ ਬੂਝਹਿ ਸਾਚਿ ਨ ਰੀਝਹਿ ਦੂਜੈ ਭਰਮਿ ਭੁਲਾਈ ਹੇ ॥੩॥ ਗੁਰਮੁਖਿ ਜਾਗਿ ਰਹੇ ਦਿਨ ਰਾਤੀ ॥ ਸਾਚੇ ਕੀ ਲਿਵ ਗੁਰਮਤਿ ਜਾਤੀ ॥ ਮਨਮੁਖ ਸੋਇ ਰਹੇ ਸੇ ਲੂਟੇ ਗੁਰਮੁਖਿ ਸਾਬਤੁ ਭਾਈ ਹੇ ॥੪॥ ਕੂੜੇ ਆਵੈ ਕੂੜੇ ਜਾਵੈ ॥ ਕੂੜੇ ਰਾਤੀ ਕੂੜੁ ਕਮਾਵੈ ॥ ਸਬਦਿ ਮਿਲੇ ਸੇ ਦਰਗਹ ਪੈਧੇ ਗੁਰਮੁਖਿ ਸੁਰਤਿ ਸਮਾਈ ਹੇ ॥੫॥ ਕੂੜਿ ਮੁਠੀ ਠਗੀ ਠਗਵਾੜੀ ॥ ਜਿਉ ਵਾੜੀ ਓਜਾੜਿ ਉਜਾੜੀ ॥ ਨਾਮ ਬਿਨਾ ਕਿਛੁ ਸਾਦਿ ਨ ਲਾਗੈ ਹਰਿ ਬਿਸਰਿਐ ਦੁਖੁ ਪਾਈ ਹੇ ॥੬॥ ਭੋਜਨੁ ਸਾਚੁ ਮਿਲੈ ਆਘਾਈ ॥ ਨਾਮ ਰਤਨੁ ਸਾਚੀ ਵਡਿਆਈ ॥ ਚੀਨੈ ਆਪੁ ਪਛਾਣੈ ਸੋਈ ਜੋਤੀ ਜੋਤਿ ਮਿਲਾਈ ਹੇ ॥੭॥ ਨਾਵਹੁ ਭੁਲੀ ਚੋਟਾ ਖਾਏ ॥ ਬਹੁਤੁ ਸਿਆਣਪ ਭਰਮੁ ਨ ਜਾਏ ॥ ਪਚਿ ਪਚਿ ਮੁਏ ਅਚੇਤ ਨ ਚੇਤਹਿ ਅਜਗਰਿ ਭਾਰਿ ਲਦਾਈ ਹੇ ॥੮॥ ਬਿਨੁ ਬਾਦ ਬਿਰੋਧਹਿ ਕੋਈ ਨਾਹੀ ॥ ਮੈ ਦੇਖਾਲਿਹੁ ਤਿਸੁ ਸਾਲਾਹੀ ॥ ਮਨੁ ਤਨੁ ਅਰਪਿ ਮਿਲੈ ਜਗਜੀਵਨੁ ਹਰਿ ਸਿਉ ਬਣਤ ਬਣਾਈ ਹੇ ॥੯॥ ਪ੍ਰਭ ਕੀ ਗਤਿ ਮਿਤਿ ਕੋਇ ਨ ਪਾਵੈ ॥ ਜੇ ਕੋ ਵਡਾ ਕਹਾਇ ਵਡਾਈ ਖਾਵੈ ॥ ਸਾਚੇ ਸਾਹਿਬ ਤੋਟਿ ਨ ਦਾਤੀ ਸਗਲੀ ਤਿਨਹਿ ਉਪਾਈ ਹੇ ॥੧੦॥ ਵਡੀ ਵਡਿਆਈ ਵੇਪਰਵਾਹੇ ॥ ਆਪਿ ਉਪਾਏ ਦਾਨੁ ਸਮਾਹੇ ॥ ਆਪਿ ਦਇਆਲੁ ਦੂਰਿ ਨਹੀ ਦਾਤਾ ਮਿਲਿਆ ਸਹਜਿ ਰਜਾਈ ਹੇ ॥੧੧॥ ਇਕਿ ਸੋਗੀ ਇਕਿ ਰੋਗਿ ਵਿਆਪੇ ॥ ਜੋ ਕਿਛੁ ਕਰੇ ਸੁ ਆਪੇ ਆਪੇ ॥ ਭਗਤਿ ਭਾਉ ਗੁਰ ਕੀ ਮਤਿ ਪੂਰੀ ਅਨਹਦਿ ਸਬਦਿ ਲਖਾਈ ਹੇ ॥੧੨॥ ਇਕਿ ਨਾਗੇ ਭੂਖੇ ਭਵਹਿ ਭਵਾਏ ॥ ਇਕਿ ਹਠੁ ਕਰਿ ਮਰਹਿ ਨ ਕੀਮਤਿ ਪਾਏ ॥ ਗਤਿ ਅਵਿਗਤ ਕੀ ਸਾਰ ਨ ਜਾਣੈ ਬੂਝੈ ਸਬਦੁ ਕਮਾਈ ਹੇ ॥੧੩॥ ਇਕਿ ਤੀਰਥਿ ਨਾਵਹਿ ਅੰਨੁ ਨ ਖਾਵਹਿ ॥ ਇਕਿ ਅਗਨਿ ਜਲਾਵਹਿ ਦੇਹ ਖਪਾਵਹਿ ॥ ਰਾਮ ਨਾਮ ਬਿਨੁ ਮੁਕਤਿ ਨ ਹੋਈ ਕਿਤੁ ਬਿਧਿ ਪਾਰਿ ਲੰਘਾਈ ਹੇ ॥੧੪॥ ਗੁਰਮਤਿ ਛੋਡਹਿ ਉਝੜਿ ਜਾਈ ॥ ਮਨਮੁਖਿ ਰਾਮੁ ਨ ਜਪੈ ਅਵਾਈ ॥ ਪਚਿ ਪਚਿ ਬੂਡਹਿ ਕੂੜੁ ਕਮਾਵਹਿ ਕੂੜਿ ਕਾਲੁ ਬੈਰਾਈ ਹੇ ॥੧੫॥ ਹੁਕਮੇ ਆਵੈ ਹੁਕਮੇ ਜਾਵੈ ॥ ਬੂਝੈ ਹੁਕਮੁ ਸੋ ਸਾਚਿ ਸਮਾਵੈ ॥ ਨਾਨਕ ਸਾਚੁ ਮਿਲੈ ਮਨਿ ਭਾਵੈ ਗੁਰਮੁਖਿ ਕਾਰ ਕਮਾਈ ਹੇ ॥੧੬॥੫॥ {ਪੰਨਾ 1024-1025}

ਪਦ ਅਰਥ: ਸਾਚੈ = ਸਦਾ-ਥਿਰ ਰਹਿਣ ਵਾਲੇ (ਪ੍ਰਭੂ) ਨੇ। ਸਬਦਿ = ਸ਼ਬਦ ਵਿਚ। ਤਿਸੁ = ਉਸ (ਪ੍ਰਭੂ) ਨੂੰ। ਭਾਣਾ = ਚੰਗਾ ਲੱਗਾ। ਸਹਜਿ = ਆਤਮਕ ਅਡੋਲਤਾ ਵਿਚ। ਪਰਮੇਸਰਿ = ਪਰਮੇਸਰ ਨੇ। ਭਾਈ = ਹੇ ਭਾਈ!।1।

ਜਿਸ ਕੇ = ਜਿਸ (ਪ੍ਰਭੂ) ਦੇ। ਪਤੀਜੈ = ਖ਼ੁਸ਼ ਹੁੰਦਾ ਹੈ। ਅਭੇਵਾ = ਜਿਸ ਦਾ ਭੇਤ ਨ ਪਾਇਆ ਜਾ ਸਕੇ। ਗੁਣਕਾਰੀ = ਆਤਮਕ ਗੁਣ ਦੇਣ ਵਾਲਾ।2।

ਦੇ = ਦੇ ਕੇ। ਸਾਚੇ = ਸਦਾ-ਥਿਰ ਪ੍ਰਭੂ ਦੇ (ਭੰਡਾਰਿਆਂ ਵਿਚ) । ਕਾਚੇ = ਥੋੜ੍ਹ-ਵਿਤੇ ਜੀਵ। ਸਾਚਿ = ਸਦਾ-ਥਿਰ ਪ੍ਰਭੂ (ਦੇ ਨਾਮ) ਵਿਚ।3।

ਜਾਗਿ ਰਹੇ = ਮਾਇਆ ਦੇ ਮੋਹ ਵਲੋਂ ਸੁਚੇਤ ਰਹਿੰਦੇ ਹਨ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਸਾਬਤੁ = ਬਚੀ ਹੋਈ ਪੂੰਜੀ ਵਾਲੇ।4।

ਕੂੜੇ = ਕੂੜਿ ਹੀ, ਮਾਇਆ ਦੇ ਮੋਹ ਵਿਚ ਹੀ। ਆਵੈ = ਜੰਮਦਾ ਹੈ। ਰਾਤੀ = ਰੱਤੀ ਹੋਈ (ਜੀਵ-ਇਸਤ੍ਰੀ) । ਸੇ = ਉਹ ਬੰਦੇ। ਪੈਧੇ = ਸਰੋਪਾ ਹਾਸਲ ਕਰਦੇ ਹਨ।5।

ਕੂੜਿ = ਮਾਇਆ ਦੇ ਮੋਹ ਵਿਚ। ਠਗੀ ਠਗ = ਠੱਗਾਂ ਨੇ ਠੱਗ ਲਈ। ਵਾੜੀ = ਬਗ਼ੀਚੀ। ਓਜਾੜਿ = ਉਜਾੜ ਵਿਚ, ਨਿਖਸਮੀ। ਸਾਦਿ = ਸੁਆਦਲਾ, ਸੁਆਦ ਵਾਲਾ। ਹਰਿ ਬਿਸਰਿਐ = ਹਰੀ ਨੂੰ ਵਿਸਾਰਿਆਂ।6।

ਸਾਚੁ = ਸਦਾ-ਥਿਰ ਪ੍ਰਭੂ ਦਾ ਨਾਮ। ਆਘਾਈ = ਰੱਜ ਜਾਂਦਾ ਹੈ। ਸਾਚੀ = ਸਦਾ ਅਟੱਲ ਰਹਿਣ ਵਾਲੀ। ਆਪੁ = ਆਪਣੇ ਆਪ ਨੂੰ।7।

ਨਾਵਹੁ = ਨਾਮ ਤੋਂ। ਭਰਮੁ = ਭਟਕਣਾ। ਪਚਿ = ਖ਼ੁਆਰ ਹੋ ਕੇ। ਅਚੇਤ = ਗ਼ਾਫ਼ਿਲ। ਅਜਗਰਿ ਭਾਰਿ = ਬਹੁਤ ਹੀ ਵਧੀਕ ਭਾਰ ਹੇਠ।8।

ਬਾਦ = ਝਗੜੇ। ਮੈ = ਮੈਨੂੰ। ਸਾਲਾਹੀ = ਮੈਂ ਉਸ ਦੀ ਸਿਫ਼ਤਿ ਕਰਾਂ। ਅਰਪਿ = ਭੇਟਾ ਕਰ ਕੇ। ਜਗ ਜੀਵਨੁ = ਜਗਤ ਦਾ ਜੀਵਨ, ਪਰਮਾਤਮਾ। ਬਣਤ = ਸੰਬੰਧ।9।

ਗਤਿ = ਆਤਮਕ ਅਵਸਥਾ। ਮਿਤਿ = ਮਾਪ, ਮਿਣਤੀ। ਕੋ = ਕੋਈ ਬੰਦਾ। ਵਡਾਈ = ਮਾਣ, ਅਹੰਕਾਰ। ਖਾਵੈ = (ਉਸ ਦੇ ਆਤਮਕ ਜੀਵਨ ਨੂੰ) ਖਾ ਜਾਂਦਾ ਹੈ। ਦਾਤੀ = ਦਾਤਾਂ ਵਿਚ। ਤੋਟਿ = ਘਾਟਾ, ਕਮੀ। ਤਿਨਹਿ = ਤਿਨਿ ਹੀ, ਉਸ (ਪਰਮਾਤਮਾ) ਨੇ ਹੀ।10।

ਵੇਪਰਵਾਹੇ = ਬੇ-ਪਰਵਾਹ ਪ੍ਰਭੂ ਦੀ। ਸਮਾਹੇ = ਸੰਬਾਹੇ, ਅਪੜਾਂਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਰਜਾਈ = ਰਜ਼ਾ ਦਾ ਮਾਲਕ।11।

ਇਕਿ = ਅਨੇਕਾਂ ਜੀਵ। ਸੋਗੀ = ਸੋਗ ਵਿਚ ਗ੍ਰਸੇ ਹੋਏ। ਵਿਆਪੇ = ਦਬਾਏ ਹੋਏ। ਭਾਉ = ਪ੍ਰੇਮ। ਅਨਹਦਿ = ਅਨਹਦ ਵਿਚ, ਅਮਰ ਪ੍ਰਭੂ ਵਿਚ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।12।

ਗਤਿ = ਉੱਚੀ ਆਤਮਕ ਅਵਸਥਾ। ਅਵਿਗਤਿ = ਢਹਿੰਦੀ ਆਤਮਕ ਅਵਸਥਾ। ਸਾਰ = ਕਦਰ। ਕਮਾਈ = ਕਮਾਇ, ਕਮਾ ਕੇ।13।

ਤੀਰਥਿ = ਤੀਰਥ ਤੇ। ਦੇਹ = ਸਰੀਰ। ਖਪਾਵਹਿ = ਔਖਾ ਕਰਦੇ ਹਨ। ਕਿਤੁ ਬਿਧਿ = ਕਿਸ ਤਰੀਕੇ ਨਾਲ?।14।

ਉਝੜਿ = ਕੁਰਾਹੇ। ਅਵਾਈ = ਅਵੈੜਾ। ਜਾਈ = ਜਾਇ, ਜਾ ਕੇ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ। ਬੂਡਹਿ = ਡੁੱਬਦੇ ਹਨ। ਕੂੜਿ = ਮਾਇਆ ਦੇ ਮੋਹ ਵਿਚ (ਫਸਣ ਕਰਕੇ) । ਬੈਰਾਈ = ਵੈਰੀ।15।

ਆਵੈ = ਜੰਮਦਾ ਹੈ। ਸਾਚਿ = ਸਦਾ-ਥਿਰ ਪ੍ਰਭੂ ਵਿਚ। ਸਾਚੁ = ਸਦਾ-ਥਿਰ ਪ੍ਰਭੂ। ਮਨਿ = ਮਨ ਵਿਚ। ਭਾਵੈ = ਪਿਆਰਾ ਲੱਗਦਾ ਹੈ। 16।5।

ਅਰਥ: ਪਰਮੇਸਰ ਨੇ ਆਪਣੀ ਜੋਤਿ ਤਿੰਨਾਂ ਭਵਨਾਂ ਵਿਚ ਟਿਕਾ ਰੱਖੀ ਹੈ; ਹੇ ਭਾਈ! ਕੋਈ ਹੋਰ ਉਸ ਪ੍ਰਭੂ ਵਰਗਾ ਨਹੀਂ ਹੈ। ਉਸ ਸਦਾ-ਥਿਰ ਪ੍ਰਭੂ ਨੇ ਜਿਨ੍ਹਾਂ ਬੰਦਿਆਂ ਨੂੰ (ਆਪਣੇ ਚਰਨਾਂ ਵਿਚ) ਮਿਲਾਇਆ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਵਿਚ ਜੋੜਿਆ ਤਾਂ ਜਦੋਂ ਉਸ ਨੂੰ ਚੰਗਾ ਲੱਗਾ, ਉਹ ਬੰਦੇ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਗਏ।1।

ਜਦੋਂ (ਭਗਤ ਜਨ) ਗੁਰੂ ਦੇ ਸ਼ਬਦ ਵਿਚ ਜੁੜਦੇ ਹਨ, ਜਦੋਂ ਉਸ ਪ੍ਰਭੂ ਦੇ ਸੇਵਕ ਬਣ ਕੇ ਉਸ ਦੀ ਸੇਵਾ-ਭਗਤੀ ਕਰਦੇ ਹਨ, ਤਾਂ ਉਹ ਅਲੱਖ ਅਤੇ ਅਭੇਵ ਪ੍ਰਭੂ (ਉਹਨਾਂ ਦੀ ਇਸ ਘਾਲ ਤੇ) ਪ੍ਰਸੰਨ ਹੁੰਦਾ ਹੈ। ਕਰਤਾਰ ਆਪਣੇ ਭਗਤਾਂ ਵਿਚ ਆਤਮਕ ਗੁਣ ਪੈਦਾ ਕਰਦਾ ਹੈ, ਆਪ ਉਹਨਾਂ ਉਤੇ ਬਖ਼ਸ਼ਸ਼ ਕਰਦਾ ਹੈ ਉਹਨਾਂ ਨੂੰ ਵਡਿਆਈ ਦੇਂਦਾ ਹੈ।2।

(ਜੀਵਾਂ ਨੂੰ ਦਾਤਾਂ) ਦੇ ਦੇ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ (ਭੰਡਾਰਿਆਂ ਵਿਚ) ਘਾਟਾ ਨਹੀਂ ਪੈਂਦਾ, ਪਰ ਥੋੜ੍ਹ-ਵਿਤੇ ਜੀਵ ਦਾਤਾਂ ਲੈ ਲੈ ਕੇ (ਭੀ) ਮੁੱਕਰ ਜਾਂਦੇ ਹਨ, (ਆਪਣੇ ਜੀਵਨ ਦੇ) ਮੂਲ-ਪ੍ਰਭੂ (ਦੇ ਖੁਲ੍ਹ-ਦਿਲੇ ਸੁਭਾਉ) ਨੂੰ ਨਹੀਂ ਸਮਝਦੇ, ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਨ ਲਈ ਜੀਵਾਂ ਨੂੰ ਰੀਝ ਪੈਦਾ ਨਹੀਂ ਹੁੰਦੀ, ਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਝਾਕ ਵਿਚ ਭਟਕ ਕੇ ਕੁਰਾਹੇ ਪਏ ਰਹਿੰਦੇ ਹਨ।3।

ਜੇਹੜੇ ਬੰਦੇ ਗੁਰੂ ਦੀ ਸਰਨ ਪੈਂਦੇ ਹਨ ਉਹ ਹਰ ਵੇਲੇ ਮਾਇਆ ਦੇ ਮੋਹ ਵਲੋਂ ਸੁਚੇਤ ਰਹਿੰਦੇ ਹਨ, ਗੁਰੂ ਦੀ ਸਿੱਖਿਆ ਲੈ ਕੇ ਉਹ ਸਦਾ-ਥਿਰ ਪ੍ਰਭੂ ਦੀ ਲਗਨ (ਦਾ ਆਨੰਦ) ਪਛਾਣ ਲੈਂਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਆਪਣੇ ਆਤਮਕ ਜੀਵਨ ਦੀ ਪੂੰਜੀ ਨੂੰ (ਮਾਇਆ ਦੇ ਹੱਲਿਆਂ ਤੋਂ) ਬਚਾ ਕੇ ਰੱਖਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੇ ਮੋਹ ਵਿਚ ਗ਼ਾਫ਼ਿਲ ਟਿਕੇ ਰਹਿੰਦੇ ਹਨ, ਤੇ ਆਤਮਕ ਗੁਣਾਂ ਦਾ ਸਰਮਾਇਆ ਲੁਟਾ ਬੈਠਦੇ ਹਨ।4।

ਜੇਹੜੀ ਜੀਵ-ਇਸਤ੍ਰੀ ਮਾਇਆ ਦੇ ਮੋਹ ਦੇ ਰੰਗ ਵਿਚ ਰੰਗੀ ਰਹਿੰਦੀ ਹੈ, ਉਹ ਮਾਇਆ ਦੇ ਮੋਹ ਵਿਚ ਗ੍ਰਸੀ ਹੀ ਜੰਮਦੀ ਹੈ, ਇਥੇ ਸਦਾ ਮਾਇਆ ਦੇ ਮੋਹ ਦਾ ਹੀ ਵਣਜ ਕਰਦੀ ਹੈ, ਮਾਇਆ ਦੇ ਮੋਹ ਵਿਚ ਫਸੀ ਹੀ ਦੁਨੀਆ ਤੋਂ ਚਲੀ ਜਾਂਦੀ ਹੈ। ਜੇਹੜੇ ਬੰਦੇ ਗੁਰੂ ਦੇ ਸ਼ਬਦ ਵਿਚ ਜੁੜੇ ਰਹਿੰਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ। ਗੁਰੂ ਦੀ ਸਰਨ ਪੈਣ ਵਾਲੇ ਬੰਦਿਆਂ ਦੀ ਸੁਰਤਿ (ਪ੍ਰਭੂ ਦੀ ਯਾਦ ਵਿਚ) ਟਿਕੀ ਰਹਿੰਦੀ ਹੈ।5।

ਜੇਹੜੀ ਜੀਵ-ਇਸਤ੍ਰੀ ਮਾਇਆ ਦੀ ਤ੍ਰਿਸ਼ਨਾ ਵਿਚ ਮੋਹੀ ਰਹਿੰਦੀ ਹੈ ਉਸ ਦੇ ਆਤਮਕ ਜੀਵਨ ਦੀ ਬਗ਼ੀਚੀ ਨੂੰ ਕਾਮਾਦਿਕ ਠੱਗ ਠੱਗ ਲੈਂਦੇ ਹਨ, ਜਿਵੇਂ ਕੋਈ ਫੁਲਵਾੜੀ ਕਿਤੇ ਉਜਾੜ ਵਿਚ (ਨਿਖਸਮੀ ਹੋਣ ਕਰਕੇ) ਉੱਜੜ ਜਾਂਦੀ ਹੈ। (ਭਾਵੇਂ ਉਹ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ, ਫਿਰ ਭੀ) ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਖਿੱਚ ਸੁਆਦਲੀ ਨਹੀਂ ਲੱਗ ਸਕਦੀ, ਪ੍ਰਭੂ ਦਾ ਨਾਮ ਭੁੱਲਣ ਕਰਕੇ ਉਹ ਸਦਾ ਦੁੱਖ ਹੀ ਪਾਂਦੀ ਹੈ।6।

ਜਿਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦਾ ਨਾਮ (ਆਤਮਕ ਜ਼ਿੰਦਗੀ ਵਾਸਤੇ) ਭੋਜਨ ਮਿਲਦਾ ਹੈ, ਉਹ (ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ, ਜਿਸ ਨੂੰ ਪਰਮਾਤਮਾ ਦਾ ਨਾਮ-ਰਤਨ ਲੱਭ ਪੈਂਦਾ ਹੈ, ਉਸ ਨੂੰ (ਲੋਕ ਪਰਲੋਕ ਵਿਚ) ਸਦਾ-ਥਿਰ ਰਹਿਣ ਵਾਲੀ ਇੱਜ਼ਤ ਮਿਲਦੀ ਹੈ। ਜੇਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਹੀ (ਆਪਣੇ ਜੀਵਨ-ਮਨੋਰਥ ਨੂੰ) ਪਛਾਣਦਾ ਹੈ, ਉਸ ਦੀ ਸੁਰਤਿ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ।7।

ਜੇਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਨਾਮ ਤੋਂ ਖੁੰਝੀ ਰਹਿੰਦੀ ਹੈ ਉਹ ਦੁੱਖ ਸਹਾਰਦੀ ਹੈ (ਦੁਨੀਆ ਦੇ ਕੰਮਾਂ ਵਿਚ ਭਾਵੇਂ ਉਹ) ਬਹੁਤ ਸਿਆਣਪ (ਵਿਖਾਵੇ) , ਉਸ ਦੀ (ਮਾਇਆ ਦੀ) ਭਟਕਣਾ ਦੂਰ ਨਹੀਂ ਹੁੰਦੀ। ਜੇਹੜੇ ਬੰਦੇ ਪਰਮਾਤਮਾ ਦੀ ਯਾਦ ਵਲੋਂ ਅਵੇਸਲੇ ਰਹਿੰਦੇ ਹਨ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ, (ਉਹ ਮਾਇਆ ਦੇ ਮੋਹ ਵਿਚ) ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਹਨ, ਉਹ (ਮੋਹ ਦੇ) ਬਹੁਤ ਹੀ ਭਾਰੇ ਬੋਝ ਹੇਠ ਲੱਦੇ ਰਹਿੰਦੇ ਹਨ।8।

(ਮਾਇਆ ਦੇ ਮੋਹ ਵਿਚ ਫਸਿਆਂ ਦਾ ਜਿਧਰ ਕਿਧਰ ਭੀ ਹਾਲ ਵੇਖੋ) ਝਗੜਿਆਂ ਤੋਂ ਵਿਰੋਧ ਤੋਂ ਕੋਈ ਭੀ ਖ਼ਾਲੀ ਨਹੀਂ ਹੈ (ਤੇ ਤੁਹਾਨੂੰ ਯਕੀਨ ਨਹੀਂ ਆਉਂਦਾ ਤਾਂ) ਮੈਨੂੰ ਕੋਈ ਐਸਾ ਵਿਖਾਓ, ਮੈਂ ਉਸ ਦਾ ਸਤਕਾਰ ਕਰਦਾ ਹਾਂ। ਆਪਣਾ ਮਨ ਤੇ ਸਰੀਰ ਭੇਟਾ ਕੀਤਿਆਂ ਹੀ (ਭਾਵ, ਆਪਣੇ ਮਨ ਦੀ ਅਗਵਾਈ ਤੇ ਗਿਆਨ-ਇੰਦ੍ਰਿਆਂ ਦੀ ਭਟਕਣਾ ਛੱਡਿਆਂ ਹੀ) ਜਗਤ ਦਾ ਜੀਵਨ ਪਰਮਾਤਮਾ ਮਿਲਦਾ ਹੈ, ਤਦੋਂ ਹੀ ਉਸ ਨਾਲ ਸਾਂਝ ਬਣਦੀ ਹੈ।9।

ਕੋਈ ਆਦਮੀ ਨਹੀਂ ਜਾਣ ਸਕਦਾ ਕਿ ਪਰਮਾਤਮਾ ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ। ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾ ਕੇ (ਇਹ ਮਾਣ ਕਰੇ ਕਿ ਮੈਂ ਪ੍ਰਭੂ ਦੀ ਗਤਿ ਮਿਤਿ ਲੱਭ ਸਕਦਾ ਹਾਂ ਤਾਂ ਇਹ) ਮਾਣ ਉਸ ਦੇ ਆਤਮਕ ਜੀਵਨ ਨੂੰ ਤਬਾਹ ਕਰ ਦੇਂਦਾ ਹੈ। ਸਾਰੀ ਸ੍ਰਿਸ਼ਟੀ ਸਦਾ-ਥਿਰ ਰਹਿਣ ਵਾਲੇ ਮਾਲਕ ਨੇ ਪੈਦਾ ਕੀਤੀ ਹੈ (ਸਭ ਨੂੰ ਦਾਤਾਂ ਦੇਂਦਾ ਹੈ, ਪਰ ਉਸ ਦੀਆਂ) ਦਾਤਾਂ ਵਿਚ ਕਮੀ ਨਹੀਂ ਹੁੰਦੀ।10।

(ਪਰਮਾਤਮਾ ਦੀ ਇਹ ਇਕ) ਬੜੀ ਭਾਰੀ ਸਿਫ਼ਤਿ ਹੈ ਕਿ (ਇਤਨੇ ਵੱਡੇ ਜਗਤ-ਪਰਵਾਰ ਦਾ ਮਾਲਕ-ਖਸਮ ਹੋ ਕੇ ਭੀ) ਬੇ-ਪਰਵਾਹ ਹੈ (ਪ੍ਰਬੰਧ ਕਰਨ ਵਿਚ ਘਬਰਾਂਦਾ ਨਹੀਂ) , ਆਪ ਹੀ ਪੈਦਾ ਕਰਦਾ ਹੈ ਤੇ ਆਪ ਹੀ ਸਭ ਨੂੰ ਰਿਜ਼ਕ ਅਪੜਾਂਦਾ ਹੈ। ਸਭ ਦਾਤਾਂ ਦਾ ਮਾਲਕ ਪ੍ਰਭੂ ਦਇਆ ਦਾ ਸੋਮਾ ਹੈ, ਕਿਸੇ ਭੀ ਜੀਵ ਤੋਂ ਦੂਰ ਨਹੀਂ ਹੈ, ਉਹ ਰਜ਼ਾ ਦਾ ਮਾਲਕ ਜਿਸ ਜੀਵ ਨੂੰ ਮਿਲ ਪੈਂਦਾ ਹੈ ਉਹ (ਭੀ) ਆਤਮਕ ਅਡਲੋਤਾ ਵਿਚ ਟਿਕ ਜਾਂਦਾ ਹੈ।11।

(ਸ੍ਰਿਸ਼ਟੀ ਦੇ) ਅਨੇਕਾਂ ਜੀਵ ਸੋਗ ਵਿਚ ਗ੍ਰਸੇ ਰਹਿੰਦੇ ਹਨ, ਅਨੇਕਾਂ ਜੀਵ ਰੋਗ ਹੇਠ ਦਬਾਏ ਰਹਿੰਦੇ ਹਨ, ਜੋ ਕੁਝ ਕਰਦਾ ਹੈ ਪ੍ਰਭੂ ਆਪ ਹੀ ਆਪ ਕਰਦਾ ਹੈ। ਜੋ ਮਨੁੱਖ ਗੁਰੂ ਦੀ ਪੂਰੀ ਮਤਿ ਦੀ ਰਾਹੀਂ ਪਰਮਾਤਮਾ ਦੀ ਭਗਤੀ ਕਰਦਾ ਹੈ ਪਰਮਾਤਮਾ ਨਾਲ ਪ੍ਰੇਮ ਗੰਢਦਾ ਹੈ, ਉਹ ਉਸ ਅਮਰ ਪ੍ਰਭੂ ਵਿਚ ਲੀਨ ਰਹਿੰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਉਸ ਨੂੰ ਆਪਣਾ ਆਪ ਲਖਾ ਦੇਂਦਾ ਹੈ (ਤੇ ਉਸ ਨੂੰ ਕੋਈ ਸੋਗ ਕੋਈ ਰੋਗ ਨਹੀਂ ਵਿਆਪਦਾ) ।12।

ਅਨੇਕਾਂ ਬੰਦੇ (ਜਗਤ ਤਿਆਗ ਕੇ) ਨੰਗੇ ਰਹਿੰਦੇ ਹਨ, ਭੁੱਖਾਂ ਕੱਟਦੇ ਹਨ (ਤਿਆਗ ਦੇ ਭੁਲੇਖੇ ਦੇ) ਭਟਕਾਏ ਹੋਏ (ਥਾਂ ਥਾਂ) ਭੌਂਦੇ ਫਿਰਦੇ ਹਨ। ਅਨੇਕਾਂ ਬੰਦੇ (ਕਿਸੇ ਮਿਥੀ ਆਤਮਕ ਉੱਨਤੀ ਦੀ ਪ੍ਰਾਪਤੀ ਦੀ ਖ਼ਾਤਰ) ਆਪਣੇ ਸਰੀਰ ਉਤੇ ਧੱਕਾ-ਜ਼ੋਰ ਕਰ ਕੇ ਮਰਦੇ ਹਨ। ਪਰ ਅਜੇਹਾ ਕੋਈ ਮਨੁੱਖ (ਮਨੁੱਖਾ ਜੀਵਨ ਦੀ) ਕਦਰ ਨਹੀਂ ਸਮਝਦਾ, ਅਜੇਹੇ ਕਿਸੇ ਬੰਦੇ ਨੂੰ ਚੰਗੇ ਮੰਦੇ ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ। ਉਹੀ ਬੰਦਾ ਸਮਝਦਾ ਹੈ ਜੋ ਗੁਰੂ ਦਾ ਸ਼ਬਦ ਕਮਾਂਦਾ ਹੈ (ਜੋ ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਢਾਲਦਾ ਹੈ) ।13।

ਅਨੇਕਾਂ ਬੰਦੇ (ਜਗਤ ਤਿਆਗ ਕੇ) ਤੀਰਥ (ਤੀਰਥਾਂ) ਉਤੇ ਇਸ਼ਨਾਨ ਕਰਦੇ ਹਨ, ਤੇ ਅੰਨ ਨਹੀਂ ਖਾਂਦੇ (ਦੁਧਾਧਾਰੀ ਬਣਦੇ ਹਨ) । ਅਨੇਕਾਂ ਬੰਦੇ (ਤਿਆਗੀ ਬਣ ਕੇ) ਅੱਗ ਬਾਲਦੇ ਹਨ (ਧੂਣੀਆਂ ਤਪਾਂਦੇ ਹਨ ਤੇ) ਆਪਣੇ ਸਰੀਰ ਨੂੰ (ਤਪਾਂ ਦਾ) ਕਸ਼ਟ ਦੇਂਦੇ ਹਨ ਪਰ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਨਹੀਂ ਮਿਲਦੀ। ਸਿਮਰਨ ਤੋਂ ਬਿਨਾ ਹੋਰ ਕਿਸੇ ਤਰੀਕੇ ਨਾਲ ਕੋਈ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ।14।

(ਕਈ ਬੰਦੇ ਐਸੇ ਹਨ ਜੋ) ਔਝੜੇ ਜਾ ਕੇ ਗੁਰੂ ਦੀ ਮਤਿ ਤੇ ਤੁਰਨਾ ਛੱਡ ਦੇਂਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਅਵੈੜਾ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਜਪਦਾ। ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਬੰਦੇ (ਨਿਰਾ) ਮਾਇਆ ਦਾ ਧੰਧਾ ਹੀ ਕਰਦੇ ਰਹਿੰਦੇ ਹਨ, ਅਜੇਹੇ ਬੰਦੇ ਖ਼ੁਆਰ ਹੋ ਹੋ ਕੇ (ਮਾਇਆ ਦੇ ਮੋਹ ਦੇ ਸਮੁੰਦਰ ਵਿਚ ਹੀ) ਗੋਤੇ ਖਾਂਦੇ ਰਹਿੰਦੇ ਹਨ (ਮਾਇਆ ਦੇ ਮੋਹ ਦੇ) ਝੂਠੇ ਧੰਧੇ ਵਿਚ (ਫਸੇ ਰਹਿਣ ਕਰਕੇ) ਆਤਮਕ ਮੌਤ ਉਹਨਾਂ ਦੀ ਵੈਰਨ ਬਣ ਜਾਂਦੀ ਹੈ।15।

ਹਰੇਕ ਜੀਵ ਪਰਮਾਤਮਾ ਦੇ ਹੁਕਮ ਅਨੁਸਾਰ ਹੀ (ਜਗਤ ਵਿਚ) ਆਉਂਦਾ ਹੈ, ਉਸ ਦੇ ਹੁਕਮ ਅਨੁਸਾਰ (ਇਥੋਂ) ਚਲਾ ਜਾਂਦਾ ਹੈ। ਜੇਹੜਾ ਜੀਵ ਉਸ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਉਹ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ। ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਸਿਮਰਨ ਦੀ) ਕਾਰ ਕਰਦਾ ਹੈ ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਉਸ ਦੇ ਮਨ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ। 16।5।

TOP OF PAGE

Sri Guru Granth Darpan, by Professor Sahib Singh