ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 1025 ਮਾਰੂ ਮਹਲਾ ੧ ॥ ਆਪੇ ਕਰਤਾ ਪੁਰਖੁ ਬਿਧਾਤਾ ॥ ਜਿਨਿ ਆਪੇ ਆਪਿ ਉਪਾਇ ਪਛਾਤਾ ॥ ਆਪੇ ਸਤਿਗੁਰੁ ਆਪੇ ਸੇਵਕੁ ਆਪੇ ਸ੍ਰਿਸਟਿ ਉਪਾਈ ਹੇ ॥੧॥ ਆਪੇ ਨੇੜੈ ਨਾਹੀ ਦੂਰੇ ॥ ਬੂਝਹਿ ਗੁਰਮੁਖਿ ਸੇ ਜਨ ਪੂਰੇ ॥ ਤਿਨ ਕੀ ਸੰਗਤਿ ਅਹਿਨਿਸਿ ਲਾਹਾ ਗੁਰ ਸੰਗਤਿ ਏਹ ਵਡਾਈ ਹੇ ॥੨॥ ਜੁਗਿ ਜੁਗਿ ਸੰਤ ਭਲੇ ਪ੍ਰਭ ਤੇਰੇ ॥ ਹਰਿ ਗੁਣ ਗਾਵਹਿ ਰਸਨ ਰਸੇਰੇ ॥ ਉਸਤਤਿ ਕਰਹਿ ਪਰਹਰਿ ਦੁਖੁ ਦਾਲਦੁ ਜਿਨ ਨਾਹੀ ਚਿੰਤ ਪਰਾਈ ਹੇ ॥੩॥ ਓਇ ਜਾਗਤ ਰਹਹਿ ਨ ਸੂਤੇ ਦੀਸਹਿ ॥ ਸੰਗਤਿ ਕੁਲ ਤਾਰੇ ਸਾਚੁ ਪਰੀਸਹਿ ॥ ਕਲਿਮਲ ਮੈਲੁ ਨਾਹੀ ਤੇ ਨਿਰਮਲ ਓਇ ਰਹਹਿ ਭਗਤਿ ਲਿਵ ਲਾਈ ਹੇ ॥੪॥ ਬੂਝਹੁ ਹਰਿ ਜਨ ਸਤਿਗੁਰ ਬਾਣੀ ॥ ਏਹੁ ਜੋਬਨੁ ਸਾਸੁ ਹੈ ਦੇਹ ਪੁਰਾਣੀ ॥ ਆਜੁ ਕਾਲਿ ਮਰਿ ਜਾਈਐ ਪ੍ਰਾਣੀ ਹਰਿ ਜਪੁ ਜਪਿ ਰਿਦੈ ਧਿਆਈ ਹੇ ॥੫॥ ਛੋਡਹੁ ਪ੍ਰਾਣੀ ਕੂੜ ਕਬਾੜਾ ॥ ਕੂੜੁ ਮਾਰੇ ਕਾਲੁ ਉਛਾਹਾੜਾ ॥ ਸਾਕਤ ਕੂੜਿ ਪਚਹਿ ਮਨਿ ਹਉਮੈ ਦੁਹੁ ਮਾਰਗਿ ਪਚੈ ਪਚਾਈ ਹੇ ॥੬॥ ਛੋਡਿਹੁ ਨਿੰਦਾ ਤਾਤਿ ਪਰਾਈ ॥ ਪੜਿ ਪੜਿ ਦਝਹਿ ਸਾਤਿ ਨ ਆਈ ॥ ਮਿਲਿ ਸਤਸੰਗਤਿ ਨਾਮੁ ਸਲਾਹਹੁ ਆਤਮ ਰਾਮੁ ਸਖਾਈ ਹੇ ॥੭॥ ਛੋਡਹੁ ਕਾਮ ਕ੍ਰੋਧੁ ਬੁਰਿਆਈ ॥ ਹਉਮੈ ਧੰਧੁ ਛੋਡਹੁ ਲੰਪਟਾਈ ॥ ਸਤਿਗੁਰ ਸਰਣਿ ਪਰਹੁ ਤਾ ਉਬਰਹੁ ਇਉ ਤਰੀਐ ਭਵਜਲੁ ਭਾਈ ਹੇ ॥੮॥ ਆਗੈ ਬਿਮਲ ਨਦੀ ਅਗਨਿ ਬਿਖੁ ਝੇਲਾ ॥ ਤਿਥੈ ਅਵਰੁ ਨ ਕੋਈ ਜੀਉ ਇਕੇਲਾ ॥ ਭੜ ਭੜ ਅਗਨਿ ਸਾਗਰੁ ਦੇ ਲਹਰੀ ਪੜਿ ਦਝਹਿ ਮਨਮੁਖ ਤਾਈ ਹੇ ॥੯॥ ਗੁਰ ਪਹਿ ਮੁਕਤਿ ਦਾਨੁ ਦੇ ਭਾਣੈ ॥ ਜਿਨਿ ਪਾਇਆ ਸੋਈ ਬਿਧਿ ਜਾਣੈ ॥ ਜਿਨ ਪਾਇਆ ਤਿਨ ਪੂਛਹੁ ਭਾਈ ਸੁਖੁ ਸਤਿਗੁਰ ਸੇਵ ਕਮਾਈ ਹੇ ॥੧੦॥ ਗੁਰ ਬਿਨੁ ਉਰਝਿ ਮਰਹਿ ਬੇਕਾਰਾ ॥ ਜਮੁ ਸਿਰਿ ਮਾਰੇ ਕਰੇ ਖੁਆਰਾ ॥ ਬਾਧੇ ਮੁਕਤਿ ਨਾਹੀ ਨਰ ਨਿੰਦਕ ਡੂਬਹਿ ਨਿੰਦ ਪਰਾਈ ਹੇ ॥੧੧॥ ਬੋਲਹੁ ਸਾਚੁ ਪਛਾਣਹੁ ਅੰਦਰਿ ॥ ਦੂਰਿ ਨਾਹੀ ਦੇਖਹੁ ਕਰਿ ਨੰਦਰਿ ॥ ਬਿਘਨੁ ਨਾਹੀ ਗੁਰਮੁਖਿ ਤਰੁ ਤਾਰੀ ਇਉ ਭਵਜਲੁ ਪਾਰਿ ਲੰਘਾਈ ਹੇ ॥੧੨॥ ਦੇਹੀ ਅੰਦਰਿ ਨਾਮੁ ਨਿਵਾਸੀ ॥ ਆਪੇ ਕਰਤਾ ਹੈ ਅਬਿਨਾਸੀ ॥ ਨਾ ਜੀਉ ਮਰੈ ਨ ਮਾਰਿਆ ਜਾਈ ਕਰਿ ਦੇਖੈ ਸਬਦਿ ਰਜਾਈ ਹੇ ॥੧੩॥ ਓਹੁ ਨਿਰਮਲੁ ਹੈ ਨਾਹੀ ਅੰਧਿਆਰਾ ॥ ਓਹੁ ਆਪੇ ਤਖਤਿ ਬਹੈ ਸਚਿਆਰਾ ॥ ਸਾਕਤ ਕੂੜੇ ਬੰਧਿ ਭਵਾਈਅਹਿ ਮਰਿ ਜਨਮਹਿ ਆਈ ਜਾਈ ਹੇ ॥੧੪॥ ਗੁਰ ਕੇ ਸੇਵਕ ਸਤਿਗੁਰ ਪਿਆਰੇ ॥ ਓਇ ਬੈਸਹਿ ਤਖਤਿ ਸੁ ਸਬਦੁ ਵੀਚਾਰੇ ॥ ਤਤੁ ਲਹਹਿ ਅੰਤਰਗਤਿ ਜਾਣਹਿ ਸਤਸੰਗਤਿ ਸਾਚੁ ਵਡਾਈ ਹੇ ॥੧੫॥ ਆਪਿ ਤਰੈ ਜਨੁ ਪਿਤਰਾ ਤਾਰੇ ॥ ਸੰਗਤਿ ਮੁਕਤਿ ਸੁ ਪਾਰਿ ਉਤਾਰੇ ॥ ਨਾਨਕੁ ਤਿਸ ਕਾ ਲਾਲਾ ਗੋਲਾ ਜਿਨਿ ਗੁਰਮੁਖਿ ਹਰਿ ਲਿਵ ਲਾਈ ਹੇ ॥੧੬॥੬॥ {ਪੰਨਾ 1025-1026} ਪਦ ਅਰਥ: ਪੁਰਖੁ = ਸਰਬ-ਵਿਆਪਕ। ਬਿਧਾਤਾ = ਪੈਦਾ ਕਰਨ ਵਾਲਾ, ਸਿਰਜਣਹਾਰ। ਜਿਨਿ = ਜਿਸ (ਕਰਤਾਰ) ਨੇ। ਉਪਾਇ = ਪੈਦਾ ਕਰ ਕੇ। ਪਛਾਤਾ = ਸੰਭਾਲ ਕੀਤੀ ਹੈ, ਸੰਭਾਲ ਦਾ ਫ਼ਰਜ਼ ਪਛਾਣ ਰਿਹਾ ਹੈ।1। ਪੂਰੇ = ਸਾਰੇ ਗੁਣਾਂ ਦੇ ਮਾਲਕ। ਅਹਿ = ਦਿਨ। ਨਿਸਿ = ਰਾਤ। ਲਾਹਾ = ਲਾਭ।2। ਜੁਗਿ ਜੁਗਿ = ਹਰੇਕ ਜੁਗ ਵਿਚ। ਪ੍ਰਭੂ = ਹੇ ਪ੍ਰਭੂ! ਰਸਨ = ਜੀਭ। ਰਸੇਰੇ = ਰਸ ਆਨੰਦ ਨਾਲ। ਪਰਹਰਿ = ਦੂਰ ਕਰ ਕੇ। ਚਿੰਤ = ਆਸ।3। ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ}। ਪਰੀਸਹਿ = ਪਰੀਂਹਦੇ ਹਨ, ਵੰਡਦੇ ਹਨ। ਕਲਿਮਲ = ਪਾਪ।4। ਹਰਿ ਜਨ = ਹੇ ਹਰੀ-ਜਨੋ! ਸਾਸੁ = ਸੁਆਸ। ਦੇਹ = ਸਰੀਰ। ਪੁਰਾਣੀ = ਪੁਰਾਣੇ ਹੋ ਜਾਣ ਵਾਲੇ !।5। ਕੂੜ ਕਬਾੜਾ = ਕੂੜ ਦਾ ਕਬਾੜਾ, ਮਾਇਆ ਦੇ ਮੋਹ ਦੀਆਂ ਗੱਲਾਂ। ਉਛਾਹਾੜਾ = ਉਛਲ ਕੇ, ਉਤਸ਼ਾਹ ਨਾਲ। ਪਚਹਿ = ਖ਼ੁਆਰ ਹੁੰਦੇ ਹਨ। ਦੁਹੁ ਮਾਰਗਿ = ਹੋਰ ਹੋਰ ਆਸਰੇ ਦੀ ਝਾਕ ਵਾਲੇ ਰਸਤੇ ਵਿਚ।6। ਤਾਤਿ = ਈਰਖਾ। ਪੜਿ ਪੜਿ = ਪੈ ਪੈ ਕੇ। ਦਝਹਿ = ਸੜਦੇ ਹਨ। ਆਤਮ ਰਾਮੁ = ਪਰਮਾਤਮਾ।7। ਲੰਪਟਾਈ = ਲੰਪਟ ਹੋਣਾ, ਖਚਿਤ ਹੋਣਾ। ਤਾ = ਤਦੋਂ ਹੀ।8। ਆਗੈ = ਵਿਕਾਰਾਂ ਵਾਲੇ ਰਸਤੇ ਵਿਚ। ਬਿਮਲ ਅਗਨਿ ਨਦੀ = ਨਿਰੋਲ ਅੱਗ ਦੀ ਨਦੀ। ਬਿਖੁ = ਜ਼ਹਿਰ। ਝੇਲਾ = ਝਲ, ਲਾਟਾਂ। ਪੜਿ = ਪੈ ਕੇ। ਪਾਈ = ਉਥੇ।9। ਪਹਿ = ਪਾਸ, ਕੋਲ। ਭਾਣੈ = ਰਜ਼ਾ ਵਿਚ।10। ਉਰਝਿ ਬੇਕਾਰਾ = ਵਿਕਾਰਾਂ ਵਿਚ ਫਸ ਕੇ।11। ਨੰਦਰਿ = ਨਜ਼ਰ, ਨਿਗਾਹ।12। ਨਾ ਮਰੈ = ਆਤਮਕ ਮੌਤ ਨਹੀਂ ਮਰਦਾ।13। ਓਹੁ = ਪਰਮਾਤਮਾ।14। ਅੰਤਰਗਤਿ = ਆਪਣੇ ਅੰਦਰ ਹੀ।15। ਜਨ = ਸੇਵਕ। ਗੋਲਾ = ਗ਼ੁਲਾਮ। 16। ਅਰਥ: ਕਰਤਾਰ ਆਪ ਹੀ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਇਸ ਵਿਚ ਵਿਆਪਕ ਹੈ। ਉਸ ਕਰਤਾਰ ਨੇ ਆਪ ਹੀ ਜਗਤ ਪੈਦਾ ਕਰ ਕੇ ਇਸ ਦੀ ਸੰਭਾਲ ਦਾ ਫ਼ਰਜ਼ ਭੀ ਪਛਾਣਿਆ ਹੈ। ਪ੍ਰਭੂ ਆਪ ਹੀ ਸਤਿਗੁਰੂ ਹੈ ਆਪ ਹੀ ਸੇਵਕ ਹੈ, ਪ੍ਰਭੂ ਨੇ ਆਪ ਹੀ ਇਹ ਸ੍ਰਿਸ਼ਟੀ ਰਚੀ ਹੈ।1। (ਸਰਬ-ਵਿਆਪਕ ਹੋਣ ਕਰਕੇ ਪ੍ਰਭੂ) ਆਪ ਹੀ (ਹਰੇਕ ਜੀਵ ਦੇ) ਨੇੜੇ ਹੈ ਕਿਸੇ ਤੋਂ ਭੀ ਦੂਰ ਨਹੀਂ। ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਇਹ ਭੇਦ ਸਮਝ ਲੈਂਦੇ ਹਨ ਉਹ ਅਭੁੱਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ। ਗੁਰੂ ਦੀ ਸੰਗਤਿ ਕਰਨ ਕਰਕੇ ਉਹਨਾਂ ਨੂੰ ਇਹ ਮਹੱਤਤਾ ਮਿਲਦੀ ਹੈ ਕਿ ਉਹਨਾਂ ਦੀ ਸੰਗਤਿ ਤੋਂ ਭੀ ਦਿਨ ਰਾਤ ਲਾਭ ਹੀ ਲਾਭ ਮਿਲਦਾ ਹੈ।2। ਹੇ ਪ੍ਰਭੂ! ਹਰੇਕ ਜੁਗ ਵਿਚ ਤੇਰੇ ਸੰਤ ਨੇਕ ਬੰਦੇ ਹੁੰਦੇ ਹਨ, ਉਹ ਜੀਭ ਨਾਲ ਰਸ ਲੈ ਕੇ ਤੇਰੇ ਗੁਣ ਗਾਂਦੇ ਹਨ। ਤੈਥੋਂ ਬਿਨਾ ਉਹਨਾਂ ਨੂੰ ਕਿਸੇ ਹੋਰ ਦੀ ਆਸ ਨਹੀਂ ਹੁੰਦੀ, ਹੇ ਪ੍ਰਭੂ! ਉਹ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ (ਆਪਣੇ ਅੰਦਰੋਂ) ਦੁੱਖ ਦਰਿੱਦ੍ਰ ਦੂਰ ਕਰ ਲੈਂਦੇ ਹਨ।3। ਉਹ (ਸੰਤ ਜਨ ਮਾਇਆ ਦੇ ਹੱਲਿਆਂ ਵਲੋਂ ਸਦਾ) ਸੁਚੇਤ ਰਹਿੰਦੇ ਹਨ, ਉਹ ਗ਼ਫ਼ਲਤ ਦੀ ਨੀਂਦ ਵਿਚ ਕਦੇ ਭੀ ਸੁੱਤੇ ਨਹੀਂ ਦਿੱਸਦੇ। ਉਹਨਾਂ ਦੀ ਸੰਗਤਿ ਅਨੇਕਾਂ ਕੁਲਾਂ ਤਾਰ ਦੇਂਦੀ ਹੈ ਕਿਉਂਕਿ ਉਹ ਸਭ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਵੰਡਦੇ ਹਨ। (ਉਹਨਾਂ ਦੇ ਅੰਦਰ) ਪਾਪਾਂ ਦੀ ਮੈਲ (ਰਤਾ ਭੀ) ਨਹੀਂ ਹੁੰਦੀ, ਉਹ ਪਵਿੱਤ੍ਰ ਜੀਵਨ ਵਾਲੇ ਹੁੰਦੇ ਹਨ, ਉਹ ਪ੍ਰਭੂ ਦੀ ਭਗਤੀ ਵਿਚ ਰੁੱਝੇ ਰਹਿੰਦੇ ਹਨ, ਪ੍ਰਭੂ ਦੇ ਚਰਨਾਂ ਵਿਚ ਸੁਰਤਿ ਜੋੜੀ ਰੱਖਦੇ ਹਨ।4। ਹੇ ਪ੍ਰਾਣੀਹੋ! ਹਰੀ-ਜਨਾਂ ਦੀ ਸੰਗਤਿ ਵਿਚ ਰਹਿ ਕੇ ਸਤਿਗੁਰੂ ਦੀ ਬਾਣੀ ਵਿਚ ਜੁੜ ਕੇ (ਇਹ ਪੱਕੀ ਗੱਲ) ਸਮਝ ਲਵੋ ਕਿ ਇਹ ਜੁਆਨੀ ਇਹ ਸੁਆਸ ਇਹ ਸਰੀਰ ਸਭ ਪੁਰਾਣੇ ਹੋ ਜਾਣ ਵਾਲੇ ਹਨ। ਹੇ ਪ੍ਰਾਣੀ! (ਜੇਹੜਾ ਭੀ ਜੰਮਿਆ ਹੈ ਉਸ ਨੇ) ਥੋੜੇ ਹੀ ਸਮੇ ਵਿਚ ਮੌਤ ਦੇ ਵੱਸ ਆ ਜਾਣਾ ਹੈ, (ਇਸ ਵਾਸਤੇ) ਪਰਮਾਤਮਾ ਦਾ ਨਾਮ ਜਪੋ ਤੇ ਹਿਰਦੇ ਵਿਚ ਉਸ ਦਾ ਧਿਆਨ ਧਰੋ।5। ਹੇ ਪ੍ਰਾਣੀ! ਨਿਰੇ ਮਾਇਆ ਦੇ ਮੋਹ ਦੀਆਂ ਗੱਲਾਂ ਛੱਡੋ। ਜਿਸ ਮਨੁੱਖ ਦੇ ਅੰਦਰ ਨਿਰਾ ਮਾਇਆ ਦਾ ਮੋਹ ਹੀ ਹੈ ਉਸ ਨੂੰ ਆਤਮਕ ਮੌਤ ਪਹੁੰਚ ਪਹੁੰਚ ਕੇ ਮਾਰਦੀ ਹੈ। ਮਾਇਆ-ਵੇੜ੍ਹੇ ਜੀਵ ਮਾਇਆ ਦੇ ਮੋਹ ਵਿਚ ਖ਼ੁਆਰ ਹੁੰਦੇ ਹਨ। ਜਿਸ ਮਨੁੱਖ ਦੇ ਮਨ ਵਿਚ ਹਉਮੈ ਹੈ ਉਹ ਮੇਰ-ਤੇਰ ਦੇ ਰਸਤੇ ਪੈ ਕੇ ਖ਼ੁਆਰ ਹੁੰਦਾ ਹੈ, ਹਉਮੈ ਉਸ ਨੂੰ ਖ਼ੁਆਰ ਕਰਦੀ ਹੈ।6। (ਹੇ ਭਾਈ!) ਪਰਾਈ ਈਰਖਾ ਤੇ ਪਰਾਈ ਨਿੰਦਿਆ ਛੱਡ ਦਿਉ। (ਜੇਹੜੇ ਨਿੰਦਿਆ ਤੇ ਈਰਖਾ ਕਰਦੇ ਹਨ ਉਹ ਨਿੰਦਿਆ ਤੇ ਈਰਖਾ ਦੀ ਸੜਨ ਵਿਚ) ਪੈ ਪੈ ਕੇ ਸੜਦੇ ਹਨ (ਉਹਨਾਂ ਨੂੰ ਆਪਣੇ ਆਪ ਨੂੰ ਭੀ) ਆਤਮਕ ਸ਼ਾਂਤੀ ਨਹੀਂ ਮਿਲਦੀ। (ਹੇ ਭਾਈ!) ਸਤ ਸੰਗਤਿ ਵਿਚ ਮਿਲ ਕੇ ਪ੍ਰਭੂ ਦੇ ਨਾਮ ਦੀ ਸਿਫ਼ਤਿ-ਸਾਲਾਹ ਕਰੋ (ਜੇਹੜੇ ਬੰਦੇ ਸਿਫ਼ਤਿ-ਸਾਲਾਹ ਕਰਦੇ ਹਨ) ਪਰਮਾਤਮਾ ਉਹਨਾਂ ਦਾ (ਸਦਾ ਦਾ) ਸਾਥੀ ਬਣ ਜਾਂਦਾ ਹੈ।7। ਹੇ ਭਾਈ! ਕਾਮ ਕ੍ਰੋਧ ਆਦਿਕ ਮੰਦ ਕਰਮ ਤਿਆਗੋ, ਹਉਮੈ ਦੀ ਉਲਝਣ ਛੱਡੋ, (ਵਿਕਾਰਾਂ ਵਿਚ) ਖਚਿਤ ਹੋਣ ਤੋਂ ਬਚੋ। (ਪਰ ਇਹਨਾਂ ਵਿਕਾਰਾਂ ਤੋਂ) ਤਦੋਂ ਹੀ ਬਚ ਸਕੋਗੇ ਜੇ ਸਤਿਗੁਰੂ ਦਾ ਆਸਰਾ ਲਵੋਗੇ। ਇਸੇ ਤਰ੍ਹਾਂ ਹੀ (ਭਾਵ, ਗੁਰੂ ਦੀ ਸਰਨ ਪਿਆਂ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ।8। ਨਿੰਦਾ ਤਾਤਿ ਪਰਾਈ ਕਾਮ ਕ੍ਰੋਧ ਬੁਰਿਆਈ ਵਾਲੇ ਜੀਵਨ ਵਿਚ ਪਿਆਂ ਨਿਰੋਲ ਅੱਗ ਦੀ ਨਦੀ ਵਿਚੋਂ ਦੀ ਜੀਵਨ-ਪੰਧ ਬਣ ਜਾਂਦਾ ਹੈ ਜਿਥੇ ਉਹ ਲਾਟਾਂ ਨਿਕਲਦੀਆਂ ਹਨ ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦੀਆਂ ਹਨ। ਉਸ ਆਤਮਕ ਬਿਪਤਾ ਵਿਚ ਕੋਈ ਹੋਰ ਸਾਥੀ ਨਹੀਂ ਬਣਦਾ, ਇਕੱਲੀ ਆਪਣੀ ਜਿੰਦ ਹੀ ਦੁੱਖ ਸਹਾਰਦੀ ਹੈ। ਨਿੰਦਿਆ ਈਰਖਾ ਕਾਮ ਕ੍ਰੋਧ ਆਦਿਕ ਦੀ) ਅੱਗ ਦਾ ਸਮੁੰਦਰ ਇਤਨਾ ਭਾਂਬੜ ਬਾਲਦਾ ਹੈ ਤੇ ਇਤਨੀਆਂ ਲਾਟਾਂ ਛੱਡਦਾ ਹੈ ਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਉਸ ਵਿਚ ਪੈ ਕੇ ਸੜਦੇ ਹਨ (ਆਤਮਕ ਜੀਵਨ ਤਬਾਹ ਕਰ ਲੈਂਦੇ ਹਨ ਤੇ ਦੁਖੀ ਹੁੰਦੇ ਹਨ) ।9। (ਇਸ ਅੱਗ ਦੇ ਸਮੁੰਦਰ ਤੋਂ) ਖ਼ਲਾਸੀ (ਦਾ ਵਸੀਲਾ) ਗੁਰੂ ਦੇ ਪਾਸ ਹੀ ਹੈ, ਗੁਰੂ ਆਪਣੀ ਰਜ਼ਾ ਵਿਚ (ਪਰਮਾਤਮਾ ਦੇ ਨਾਮ ਦੀ) ਖੈਰ ਪਾਂਦਾ ਹੈ, ਜਿਸ ਨੇ ਇਹ ਖੈਰ ਪ੍ਰਾਪਤ ਕੀਤੀ ਉਹ (ਇਸ ਸਮੁੰਦਰ ਵਿਚੋਂ ਬਚ ਨਿਕਲਣ ਦਾ) ਭੇਤ ਸਮਝ ਲੈਂਦਾ ਹੈ। ਜਿਨ੍ਹਾਂ ਨੂੰ ਗੁਰੂ ਤੋਂ ਨਾਮ-ਦਾਨ ਮਿਲਦਾ ਹੈ, ਹੇ ਭਾਈ! ਉਹਨਾਂ ਤੋਂ ਪੁੱਛ ਕੇ ਵੇਖ ਲਵੋ (ਉਹ ਦੱਸਦੇ ਹਨ ਕਿ) ਸਤਿਗੁਰੂ ਦੀ ਦੱਸੀ ਸੇਵਾ ਕੀਤਿਆਂ ਆਤਮਕ ਆਨੰਦ ਮਿਲਦਾ ਹੈ।10। ਗੁਰੂ ਦੀ ਸਰਨ ਪੈਣ ਤੋਂ ਬਿਨਾ ਜੀਵ ਵਿਕਾਰਾਂ ਵਿਚ ਫਸ ਕੇ ਆਤਮਕ ਮੌਤ ਸਹੇੜ ਲੈਂਦੇ ਹਨ, (ਆਤਮਕ) ਮੌਤ (ਉਹਨਾਂ ਦੇ) ਸਿਰ ਉਤੇ (ਮੁੜ ਮੁੜ) ਚੋਟ ਮਾਰਦੀ ਹੈ ਤੇ (ਉਹਨਾਂ ਨੂੰ) ਖ਼ੁਆਰ ਕਰਦੀ (ਰਹਿੰਦੀ ਹੈ) । (ਨਿੰਦਿਆ ਦੀ ਫਾਹੀ ਵਿਚ) ਬੱਝੇ ਹੋਏ ਨਿੰਦਕ ਬੰਦਿਆਂ ਨੂੰ (ਨਿੰਦਿਆ ਦੀ ਵਾਦੀ ਵਿਚੋਂ) ਖ਼ਲਾਸੀ ਨਸੀਬ ਨਹੀਂ ਹੁੰਦੀ, ਪਰਾਈ ਨਿੰਦਿਆ (ਦੇ ਸਮੁੰਦਰ ਵਿਚ) ਸਦਾ ਗੋਤੇ ਖਾਂਦੇ ਰਹਿੰਦੇ ਹਨ।11। (ਹੇ ਭਾਈ!) ਸਦਾ-ਥਿਰ ਪ੍ਰਭੂ ਦਾ ਨਾਮ ਜਪੋ, ਉਸ ਨੂੰ ਆਪਣੇ ਅੰਦਰ ਵੱਸਦਾ ਪ੍ਰਤੀਤ ਕਰੋ। ਧਿਆਨ ਲਾ ਕੇ ਵੇਖੋ, ਉਹ ਤੁਹਾਥੋਂ ਦੂਰ ਨਹੀਂ ਹੈ। ਗੁਰੂ ਦੀ ਸਰਨ ਪੈ ਕੇ (ਨਾਮ ਜਪੋ, ਨਾਮ ਸਿਮਰਨ ਦੀ) ਤਾਰੀ ਤਰੋ (ਜੀਵਨ-ਸਫ਼ਰ ਵਿਚ ਕੋਈ) ਰੁਕਾਵਟ ਨਹੀਂ ਆਵੇਗੀ। ਗੁਰੂ ਇਸ ਤਰ੍ਹਾਂ (ਭਾਵ, ਨਾਮ ਜਪਾ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।12। ਪਰਮਾਤਮਾ ਦਾ ਨਾਮ ਹਰੇਕ ਜੀਵ ਦੇ ਸਰੀਰ ਦੇ ਅੰਦਰ ਨਿਵਾਸ ਰੱਖਦਾ ਹੈ, ਅਬਿਨਾਸ਼ੀ ਕਰਤਾਰ ਆਪ ਹੀ (ਹਰੇਕ ਦੇ ਅੰਦਰ ਮੌਜੂਦ) ਹੈ। (ਜੀਵ ਉਸ ਪਰਮਾਤਮਾ ਦੀ ਹੀ ਅੰਸ ਹੈ, ਇਸ ਵਾਸਤੇ) ਜੀਵਾਤਮਾ ਨਾਹ ਮਰਦਾ ਹੈ, ਨਾਹ ਇਸ ਨੂੰ ਕੋਈ ਮਾਰ ਸਕਦਾ ਹੈ। ਰਜ਼ਾ ਦਾ ਮਾਲਕ ਕਰਤਾਰ (ਜੀਵ) ਪੈਦਾ ਕਰ ਕੇ ਆਪਣੇ ਹੁਕਮ ਵਿਚ (ਸਭ ਦੀ) ਸੰਭਾਲ ਕਰਦਾ ਹੈ।13। ਉਹ ਪਰਮਾਤਮਾ ਸੁੱਧ-ਸਰੂਪ ਹੈ, ਉਸ ਵਿਚ (ਮਾਇਆ ਦੇ ਮੋਹ ਆਦਿਕ ਦਾ) ਰਤਾ ਭੀ ਹਨੇਰਾ ਨਹੀਂ ਹੈ। ਉਹ ਸੱਚ-ਸਰੂਪ ਪ੍ਰਭੂ ਆਪ ਹੀ (ਹਰੇਕ ਦੇ) ਹਿਰਦੇ ਤਖ਼ਤ ਉਤੇ ਬੈਠਾ ਹੋਇਆ ਹੈ। ਪਰ ਮਾਇਆ-ਵੇੜ੍ਹੇ ਜੀਵ ਮਾਇਆ ਦੇ ਮੋਹ ਵਿਚ ਬੱਝ ਕੇ ਭਟਕਣਾ ਵਿਚ ਪਏ ਹੋਏ ਹਨ, ਮਰਦੇ ਹਨ ਜੰਮਦੇ ਹਨ, ਉਹਨਾਂ ਦਾ ਇਹ ਆਵਾਗਵਨ ਦਾ ਗੇੜ ਬਣਿਆ ਰਹਿੰਦਾ ਹੈ।14। ਗੁਰੂ ਨਾਲ ਪਿਆਰ ਕਰਨ ਵਾਲੇ ਗੁਰੂ ਦੇ ਸੇਵਕ (ਮਾਇਆ-ਮੋਹ ਤੋਂ ਨਿਰਲੇਪ ਰਹਿ ਕੇ) ਹਿਰਦੇ-ਤਖ਼ਤ ਉਤੇ ਬੈਠੇ ਰਹਿੰਦੇ ਹਨ, ਗੁਰੂ ਦੇ ਸ਼ਬਦ ਨੂੰ ਆਪਣੀ ਸੋਚ ਦੇ ਮੰਡਲ ਵਿਚ ਟਿਕਾਂਦੇ ਹਨ, ਉਹ ਜਗਤ ਦੇ ਮੂਲ ਪ੍ਰਭੂ ਨੂੰ ਲੱਭ ਲੈਂਦੇ ਹਨ, ਆਪਣੇ ਅੰਦਰ ਵੱਸਦਾ ਪਛਾਣ ਲੈਂਦੇ ਹਨ, ਸਾਧ ਸੰਗਤਿ ਵਿਚ ਟਿਕ ਕੇ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ, ਤੇ ਆਦਰ ਪਾਂਦੇ ਹਨ।15। (ਜੇਹੜਾ ਮਨੁੱਖ ਨਾਮ ਸਿਮਰਦਾ ਹੈ) ਉਹ ਆਪ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਆਪਣੇ ਪਿਤਰਾਂ ਨੂੰ (ਪਿਉ ਦਾਦਾ ਆਦਿਕ ਬਜ਼ੁਰਗਾਂ ਨੂੰ) ਭੀ ਪਾਰ ਲੰਘਾ ਲੈਂਦਾ ਹੈ। ਉਸ ਦੀ ਸੰਗਤਿ ਵਿਚ ਆਉਣ ਵਾਲਿਆਂ ਨੂੰ ਭੀ ਮਾਇਆ ਦੇ ਬੰਧਨਾਂ ਤੋਂ ਸੁਤੰਤ੍ਰਤਾ ਮਿਲ ਜਾਂਦੀ ਹੈ, ਉਹ ਸੇਵਕ ਉਹਨਾਂ ਨੂੰ ਪਾਰ ਲੰਘਾ ਦੇਂਦਾ ਹੈ। ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜੀ ਹੈ ਨਾਨਕ (ਭੀ) ਉਸ (ਵਡ-ਭਾਗੀ) ਦਾ ਸੇਵਕ ਹੈ ਗ਼ੁਲਾਮ ਹੈ। 16।6। |
![]() |
![]() |
![]() |
![]() |
Sri Guru Granth Darpan, by Professor Sahib Singh |