ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1058

ਜੀਵਨ ਮੁਕਤਿ ਗੁਰ ਸਬਦੁ ਕਮਾਏ ॥ ਹਰਿ ਸਿਉ ਸਦ ਹੀ ਰਹੈ ਸਮਾਏ ॥ ਗੁਰ ਕਿਰਪਾ ਤੇ ਮਿਲੈ ਵਡਿਆਈ ਹਉਮੈ ਰੋਗੁ ਨ ਤਾਹਾ ਹੇ ॥੯॥ ਰਸ ਕਸ ਖਾਏ ਪਿੰਡੁ ਵਧਾਏ ॥ ਭੇਖ ਕਰੈ ਗੁਰ ਸਬਦੁ ਨ ਕਮਾਏ ॥ ਅੰਤਰਿ ਰੋਗੁ ਮਹਾ ਦੁਖੁ ਭਾਰੀ ਬਿਸਟਾ ਮਾਹਿ ਸਮਾਹਾ ਹੇ ॥੧੦॥ ਬੇਦ ਪੜਹਿ ਪੜਿ ਬਾਦੁ ਵਖਾਣਹਿ ॥ ਘਟ ਮਹਿ ਬ੍ਰਹਮੁ ਤਿਸੁ ਸਬਦਿ ਨ ਪਛਾਣਹਿ ॥ ਗੁਰਮੁਖਿ ਹੋਵੈ ਸੁ ਤਤੁ ਬਿਲੋਵੈ ਰਸਨਾ ਹਰਿ ਰਸੁ ਤਾਹਾ ਹੇ ॥੧੧॥ ਘਰਿ ਵਥੁ ਛੋਡਹਿ ਬਾਹਰਿ ਧਾਵਹਿ ॥ ਮਨਮੁਖ ਅੰਧੇ ਸਾਦੁ ਨ ਪਾਵਹਿ ॥ ਅਨ ਰਸ ਰਾਤੀ ਰਸਨਾ ਫੀਕੀ ਬੋਲੇ ਹਰਿ ਰਸੁ ਮੂਲਿ ਨ ਤਾਹਾ ਹੇ ॥੧੨॥ {ਪੰਨਾ 1058}

ਪਦ ਅਰਥ: ਮੁਕਤਿ = (ਮਾਇਆ ਦੇ ਮੋਹ ਤੋਂ) ਖ਼ਲਾਸੀ। ਜੀਵਨ ਮੁਕਤਿ = ਉਹ ਮਨੁੱਖ ਜਿਸ ਨੂੰ ਇਸ ਜੀਵਨ ਵਿਚ ਮੁਕਤੀ ਮਿਲ ਗਈ ਹੈ, ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ ਨਿਰਲੇਪ। ਸਬਦੁ ਕਮਾਏ = ਸ਼ਬਦ ਨੂੰ ਹਿਰਦੇ ਵਿਚ ਵਸਾਂਦਾ ਹੈ, ਸ਼ਬਦ ਅਨੁਸਾਰ ਜੀਵਨ ਜੀਊਂਦਾ ਹੈ। ਸਿਉ = ਨਾਲ। ਸਦ = ਸਦਾ। ਤੇ = ਤੋਂ। ਤਾਹਾ = ਉਸ ਨੂੰ।9।

ਰਸ ਕਸ = ਕਸੈਲਾ ਆਦਿਕ ਸਾਰੇ ਰਸ। ਕਸ = ਕਸੈਲਾ। ਪਿੰਡੁ = ਸਰੀਰ। ਭੇਖ = ਧਾਰਮਿਕ ਪਹਿਰਾਵਾ। ਬਿਸਟਾ = ਵਿਕਾਰਾਂ ਦਾ ਗੰਦ। ਮਾਹਿ = ਵਿਚ। ਸਮਾਹਾ = ਸਮਾਇਆ ਰਹਿੰਦਾ ਹੈ।10।

ਪੜਹਿ = ਪੜ੍ਹਦੇ ਹਨ {ਬਹੁ-ਵਚਨ}। ਪੜਿ = ਪੜ੍ਹ ਕੇ। ਬਾਦੁ = ਵਾਦੁ, ਚਰਚਾ। ਵਖਾਣਹਿ = ਵਖਾਣਦੇ ਹਨ, ਵਿਆਖਿਆ ਕਰਦੇ ਹਨ। ਘਟ = ਸਰੀਰ, ਹਿਰਦਾ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਨ ਪਛਾਣਹਿ = ਸਾਂਝ ਨਹੀਂ ਪਾਂਦੇ। ਗੁਰਮੁਖਿ = ਗੁਰੂ ਦੇ ਸਨਮੁਖ। ਤਤੁ = ਸਾਰ, ਮੱਖਣ। ਬਿਲੋਵੈ = ਰਿੜਕਦਾ ਹੈ, ਵਿਚਾਰਦਾ ਹੈ। ਰਸਨਾ = ਜੀਭ। ਰਸੁ = ਸੁਆਦ। ਤਾਹਾ = ਉਸ ਦੀ।11।

ਘਰਿ = ਘਰ ਵਿਚ, ਸਰੀਰ ਵਿਚ, ਹਿਰਦੇ ਵਿਚ। ਵਥ = ਵਸਤੁ, ਨਾਮ-ਪਦਾਰਥ। ਛੋਡਹਿ = ਛੱਡ ਦੇਂਦੇ ਹਨ {ਬਹੁ-ਵਚਨ}। ਧਾਵਹਿ = ਦੌੜਦੇ ਹਨ {ਬਹੁ-ਵਚਨ}। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਅੰਧੇ = ਮਾਇਆ ਦੇ ਮੋਹ ਵਿਚ ਅੰਨ੍ਹੇ। ਅਨ ਰਸ = ਹੋਰ ਹੋਰ ਰਸਾਂ ਵਿਚ। ਰਾਤੀ = ਰੱਤੀ ਹੋਈ, ਮਸਤ। ਰਸਨਾ = ਜੀਭ। ਮੂਲਿ = ਬਿਲਕੁਲ ਹੀ।12।

ਅਰਥ: ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਜੀਊਂਦਾ ਹੈ, ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ ਨਿਰਲੇਪ ਹੈ, ਉਹ ਸਦਾ ਹੀ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ। ਗੁਰੂ ਦੀ ਕਿਰਪਾ ਨਾਲ ਉਸ ਨੂੰ (ਇਸ ਲੋਕ ਤੇ ਪਰਲੋਕ ਵਿਚ) ਆਦਰ ਮਿਲਦਾ ਹੈ, ਉਸ ਦੇ ਅੰਦਰ ਹਉਮੈ ਦਾ ਰੋਗ ਨਹੀਂ ਹੁੰਦਾ।9।

ਹੇ ਭਾਈ! (ਦੂਜੇ ਪਾਸੇ ਵੇਖ ਤਿਆਗੀਆਂ ਦਾ ਹਾਲ। ਜਿਹੜਾ ਮਨੁੱਖ ਆਪਣੇ ਵੱਲੋਂ 'ਤਿਆਗ' ਕਰ ਕੇ ਖੱਟੇ ਮਿੱਠੇ ਕਸੈਲੇ ਆਦਿਕ) ਸਾਰੇ ਰਸਾਂ ਵਾਲੇ ਖਾਣੇ ਖਾਂਦਾ ਰਹਿੰਦਾ ਹੈ, ਤੇ, ਆਪਣੇ ਸਰੀਰ ਨੂੰ ਮੋਟਾ ਕਰੀ ਜਾਂਦਾ ਹੈ, (ਤਿਆਗੀਆਂ ਵਾਲਾ) ਧਾਰਮਿਕ ਪਹਿਰਾਵਾ ਪਹਿਨਦਾ ਹੈ, ਗੁਰੂ ਦੇ ਸ਼ਬਦ ਅਨੁਸਾਰ ਜੀਵਨ ਨਹੀਂ ਬਿਤਾਂਦਾ, ਉਸ ਦੇ ਅੰਦਰ (ਚਸਕਿਆਂ ਦਾ) ਰੋਗ ਹੈ, ਇਹ ਉਸ ਨੂੰ ਵੱਡਾ ਭਾਰੀ ਦੁੱਖ ਵਾਪਰਿਆ ਹੋਇਆ ਹੈ, ਉਹ ਹਰ ਵੇਲੇ ਵਿਕਾਰਾਂ ਦੇ ਗੰਦ ਵਿਚ ਲੀਨ ਰਹਿੰਦਾ ਹੈ।10।

ਹੇ ਭਾਈ! (ਪੰਡਿਤ ਲੋਕ ਭੀ) ਵੇਦ (ਆਦਿਕ ਧਰਮ-ਪੁਸਤਕ) ਪੜ੍ਹਦੇ ਹਨ, (ਇਹਨਾਂ ਨੂੰ) ਪੜ੍ਹ ਕੇ ਨਿਰੀ ਚਰਚਾ ਦਾ ਸਿਲਸਿਲਾ ਛੇੜੀ ਰੱਖਦੇ ਹਨ, ਜਿਹੜਾ ਪਰਮਾਤਮਾ ਹਿਰਦੇ ਵਿਚ ਹੀ ਵੱਸ ਰਿਹਾ ਹੈ, ਉਸ ਨਾਲ ਗੁਰ-ਸ਼ਬਦ ਦੀ ਰਾਹੀਂ ਸਾਂਝ ਨਹੀਂ ਪਾਂਦੇ। ਪਰ, ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਤੱਤ ਨੂੰ ਵਿਚਾਰਦਾ ਹੈ, ਉਸ ਦੀ ਜੀਭ ਵਿਚ ਹਰਿ-ਨਾਮ ਦਾ ਸੁਆਦ ਟਿਕਿਆ ਰਹਿੰਦਾ ਹੈ।11।

ਹੇ ਭਾਈ! ਜਿਹੜੇ ਮਨੁੱਖ ਹਿਰਦੇ-ਘਰ ਵਿਚ ਵੱਸ ਰਹੇ ਨਾਮ-ਪਦਾਰਥ ਨੂੰ ਛੱਡ ਦੇਂਦੇ ਹਨ, ਤੇ, ਬਾਹਰ ਭਟਕਦੇ ਹਨ, ਉਹ ਮਨ ਦੇ ਮੁਰੀਦ ਤੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਹਰਿ-ਨਾਮ ਦਾ ਸੁਆਦ ਨਹੀਂ ਮਾਣ ਸਕਦੇ। ਹੋਰ ਹੋਰ ਸੁਆਦਾਂ ਵਿਚ ਮਸਤ ਉਹਨਾਂ ਦੀ ਜੀਭ ਫਿੱਕੇ ਬੋਲ ਬੋਲਦੀ ਰਹਿੰਦੀ ਹੈ, ਪਰਮਾਤਮਾ ਦੇ ਨਾਮ ਦਾ ਸੁਆਦ ਉਹਨਾਂ ਨੂੰ ਬਿਲਕੁਲ ਹਾਸਲ ਨਹੀਂ ਹੁੰਦਾ।12।

ਮਨਮੁਖ ਦੇਹੀ ਭਰਮੁ ਭਤਾਰੋ ॥ ਦੁਰਮਤਿ ਮਰੈ ਨਿਤ ਹੋਇ ਖੁਆਰੋ ॥ ਕਾਮਿ ਕ੍ਰੋਧਿ ਮਨੁ ਦੂਜੈ ਲਾਇਆ ਸੁਪਨੈ ਸੁਖੁ ਨ ਤਾਹਾ ਹੇ ॥੧੩॥ ਕੰਚਨ ਦੇਹੀ ਸਬਦੁ ਭਤਾਰੋ ॥ ਅਨਦਿਨੁ ਭੋਗ ਭੋਗੇ ਹਰਿ ਸਿਉ ਪਿਆਰੋ ॥ ਮਹਲਾ ਅੰਦਰਿ ਗੈਰ ਮਹਲੁ ਪਾਏ ਭਾਣਾ ਬੁਝਿ ਸਮਾਹਾ ਹੇ ॥੧੪॥ ਆਪੇ ਦੇਵੈ ਦੇਵਣਹਾਰਾ ॥ ਤਿਸੁ ਆਗੈ ਨਹੀ ਕਿਸੈ ਕਾ ਚਾਰਾ ॥ ਆਪੇ ਬਖਸੇ ਸਬਦਿ ਮਿਲਾਏ ਤਿਸ ਦਾ ਸਬਦੁ ਅਥਾਹਾ ਹੇ ॥੧੫॥ ਜੀਉ ਪਿੰਡੁ ਸਭੁ ਹੈ ਤਿਸੁ ਕੇਰਾ ॥ ਸਚਾ ਸਾਹਿਬੁ ਠਾਕੁਰੁ ਮੇਰਾ ॥ ਨਾਨਕ ਗੁਰਬਾਣੀ ਹਰਿ ਪਾਇਆ ਹਰਿ ਜਪੁ ਜਾਪਿ ਸਮਾਹਾ ਹੇ ॥੧੬॥੫॥੧੪॥ {ਪੰਨਾ 1058}

ਪਦ ਅਰਥ: ਮਨਮੁਖ ਦੇਹੀ = ਮਨ ਦੇ ਮੁਰੀਦ ਮਨੁੱਖ ਦੀ ਕਾਇਆਂ। ਭਰਮੁ = ਭਟਕਣਾ। ਭਤਾਰੋ = ਖਸਮ, ਅਗਵਾਈ ਕਰਨ ਵਾਲਾ। ਦੁਰਮਤਿ = ਖੋਟੀ ਮਤਿ। ਮਰੈ = ਆਤਮਕ ਮੌਤ ਸਹੇੜ ਲੈਂਦਾ ਹੈ। ਕਾਮਿ = ਕਾਮ ਵਿਚ। ਕ੍ਰੋਧਿ = ਕ੍ਰੋਧ ਵਿਚ। ਦੂਜੈ = ਮਾਇਆ ਦੇ ਮੋਹ ਵਿਚ। ਸੁਪਨੈ = ਸੁਪਨੇ ਵਿਚ, ਕਦੇ ਭੀ। ਸੁਖੁ = ਆਤਮਕ ਆਨੰਦ।13।

ਕੰਚਨ = ਸੋਨਾ। ਕੰਚਨ ਦੇਹੀ = ਸੋਨੇ ਵਰਗੀ ਪਵਿੱਤਰ ਕਾਇਆਂ। ਅਨਦਿਨੁ = {Anuidnwz} ਹਰ ਰੋਜ਼, ਹਰ ਵੇਲੇ। ਭੋਗ ਭੋਗੇ = ਆਤਮਕ ਆਨੰਦ ਮਾਣਦੀ ਹੈ। ਸਿਉ = ਨਾਲ। ਮਹਲਾ ਅੰਦਰਿ = ਸਰੀਰਾਂ ਵਿਚ। ਗੈਰ ਮਹਲੁ = ਗੈਰ ਮਹਲ, ਲਾ-ਮਕਾਨ ਪਰਮਾਤਮਾ ਨੂੰ। ਭਾਣਾ ਬੁਝਿ = ਰਜ਼ਾ ਨੂੰ ਮਿੱਠਾ ਮੰਨ ਕੇ।14।

ਆਪੇ = ਆਪ ਹੀ। ਦੇਵਨਹਾਰਾ = ਦੇ ਸਕਣ ਵਾਲਾ ਹਰੀ। ਚਾਰਾ = ਜ਼ੋਰ, ਪੇਸ਼। ਸਬਦਿ = ਸ਼ਬਦ ਵਿਚ। ਤਿਸ ਦਾ = {ਸੰਬੰਧਕ 'ਦਾ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਸਬਦੁ = ਹੁਕਮ। ਅਥਾਹਾ = ਬਹੁਤ ਹੀ ਡੂੰਘਾ।15।

ਜੀਉ = ਜਿੰਦ। ਪਿੰਡੁ = ਸਰੀਰ। ਕੇਰਾ = ਦਾ। ਸਚਾ = ਸਦਾ ਕਾਇਮ ਰਹਿਣ ਵਾਲਾ। ਠਾਕੁਰੁ = ਮਾਲਕ। ਜਾਪਿ = ਜਪ ਕੇ। ਸਮਾਹਾ = ਲੀਨ ਹੋ ਜਾਂਦਾ ਹੈ। 16।

ਅਰਥ: ਹੇ ਭਾਈ! ਮਾਇਆ ਦੀ ਭਟਕਣ ਮਨ ਦੇ ਮੁਰੀਦ ਮਨੁੱਖ ਦੇ ਸਰੀਰ ਦੀ ਅਗਵਾਈ ਕਰਦੀ ਹੈ, (ਇਸ) ਖੋਟੀ ਮਤਿ ਦੇ ਕਾਰਨ ਮਨਮੁਖ ਆਤਮਕ ਮੌਤ ਸਹੇੜ ਲੈਂਦਾ ਹੈ, ਤੇ, ਸਦਾ ਖ਼ੁਆਰ ਹੁੰਦਾ ਹੈ। ਮਨਮੁਖ ਆਪਣੇ ਮਨ ਨੂੰ ਕਾਮ ਵਿਚ, ਕ੍ਰੋਧ ਵਿਚ, ਮਾਇਆ ਦੇ ਮੋਹ ਵਿਚ ਜੋੜੀ ਰੱਖਦਾ ਹੈ, (ਇਸ ਵਾਸਤੇ) ਉਸ ਨੂੰ ਕਦੇ ਭੀ ਆਤਮਕ ਆਨੰਦ ਨਹੀਂ ਮਿਲਦਾ।13।

ਹੇ ਭਾਈ! ਗੁਰੂ ਦਾ ਸ਼ਬਦ ਜਿਸ ਮਨੁੱਖ ਦੇ ਸੋਨੇ ਵਰਗੇ ਪਵਿੱਤਰ ਸਰੀਰ ਦਾ ਆਗੂ ਬਣਿਆ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਨਾਲ ਪਿਆਰ ਬਣਾਈ ਰੱਖਦਾ ਹੈ ਤੇ ਹਰ ਵੇਲੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦਾ ਹੈ। ਉਹ ਮਨੁੱਖ ਉਸ ਲਾ-ਮਕਾਨ ਪਰਮਾਤਮਾ ਨੂੰ ਸਭ ਸਰੀਰਾਂ ਵਿਚ (ਵੱਸਦਾ) ਵੇਖ ਲੈਂਦਾ ਹੈ, ਉਸ ਦੀ ਰਜ਼ਾ ਨੂੰ ਮਿੱਠਾ ਮੰਨ ਕੇ ਉਸ ਵਿਚ ਲੀਨ ਰਹਿੰਦਾ ਹੈ।14।

ਪਰ, ਹੇ ਭਾਈ! (ਇਹ ਸ਼ਬਦ ਦੀ ਦਾਤਿ) ਦੇ ਸਕਣ ਵਾਲਾ ਪਰਮਾਤਮਾ ਆਪ ਹੀ ਦੇਂਦਾ ਹੈ, ਉਸ ਦੇ ਸਾਹਮਣੇ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ। ਉਹ ਆਪ ਹੀ ਬਖ਼ਸ਼ਸ਼ ਕਰਦਾ ਹੈ ਤੇ ਗੁਰੂ ਦੇ ਸ਼ਬਦ ਵਿਚ ਜੋੜਦਾ ਹੈ। ਹੇ ਭਾਈ! ਉਸ ਮਾਲਕ-ਪ੍ਰਭੂ ਦਾ ਹੁਕਮ ਬਹੁਤ ਗੰਭੀਰ ਹੈ।15।

ਹੇ ਭਾਈ! ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਪਰਮਾਤਮਾ ਦਾ ਦਿੱਤਾ ਹੋਇਆ ਹੈ। ਹੇ ਭਾਈ! ਮੇਰਾ ਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। ਹੇ ਨਾਨਕ! (ਕੋਈ ਭਾਗਾਂ ਵਾਲਾ ਮਨੁੱਖ) ਗੁਰੂ ਦੀ ਬਾਣੀ ਦੀ ਰਾਹੀਂ ਉਸ ਪਰਮਾਤਮਾ ਨੂੰ ਲੱਭ ਲੈਂਦਾ ਹੈ, ਉਸ ਹਰੀ ਦੇ ਨਾਮ ਦਾ ਜਾਪ ਜਪ ਕੇ ਉਸ ਵਿਚ ਸਮਾਇਆ ਰਹਿੰਦਾ ਹੈ। 16।5।14।

ਮਾਰੂ ਮਹਲਾ ੩ ॥ ਗੁਰਮੁਖਿ ਨਾਦ ਬੇਦ ਬੀਚਾਰੁ ॥ ਗੁਰਮੁਖਿ ਗਿਆਨੁ ਧਿਆਨੁ ਆਪਾਰੁ ॥ ਗੁਰਮੁਖਿ ਕਾਰ ਕਰੇ ਪ੍ਰਭ ਭਾਵੈ ਗੁਰਮੁਖਿ ਪੂਰਾ ਪਾਇਦਾ ॥੧॥ ਗੁਰਮੁਖਿ ਮਨੂਆ ਉਲਟਿ ਪਰਾਵੈ ॥ ਗੁਰਮੁਖਿ ਬਾਣੀ ਨਾਦੁ ਵਜਾਵੈ ॥ ਗੁਰਮੁਖਿ ਸਚਿ ਰਤੇ ਬੈਰਾਗੀ ਨਿਜ ਘਰਿ ਵਾਸਾ ਪਾਇਦਾ ॥੨॥ ਗੁਰ ਕੀ ਸਾਖੀ ਅੰਮ੍ਰਿਤ ਭਾਖੀ ॥ ਸਚੈ ਸਬਦੇ ਸਚੁ ਸੁਭਾਖੀ ॥ ਸਦਾ ਸਚਿ ਰੰਗਿ ਰਾਤਾ ਮਨੁ ਮੇਰਾ ਸਚੇ ਸਚਿ ਸਮਾਇਦਾ ॥੩॥ ਗੁਰਮੁਖਿ ਮਨੁ ਨਿਰਮਲੁ ਸਤ ਸਰਿ ਨਾਵੈ ॥ ਮੈਲੁ ਨ ਲਾਗੈ ਸਚਿ ਸਮਾਵੈ ॥ ਸਚੋ ਸਚੁ ਕਮਾਵੈ ਸਦ ਹੀ ਸਚੀ ਭਗਤਿ ਦ੍ਰਿੜਾਇਦਾ ॥੪॥ {ਪੰਨਾ 1058}

ਪਦ ਅਰਥ: ਬੀਚਾਰੁ = ਬਾਣੀ ਦੀ ਵਿਚਾਰ, ਹਰਿ-ਨਾਮ ਨੂੰ ਮਨ ਵਿਚ ਵਸਾਣਾ। ਨਾਦ = ਜੋਗੀਆਂ ਦਾ ਸਿੰਙੀ ਆਦਿਕ ਵਜਾਣਾ। ਪ੍ਰਭ ਭਾਵੈ = ਪ੍ਰਭੂ ਨੂੰ ਚੰਗੀ ਲੱਗਦੀ ਹੈ।1।

ਉਲਟਿ = (ਮਾਇਆ ਵਲੋਂ) ਮੋੜ ਕੇ। ਪਰਾਵੈ = ਰੋਕਦਾ ਹੈ। ਬਾਣੀ = ਗੁਰੂ ਦੀ ਬਾਣੀ। ਵਜਾਵੈ = ਵਜਾਂਦਾ ਹੈ। ਸਚਿ = ਸਦਾ-ਥਿਰ ਹਰਿ-ਨਾਮ ਵਿਚ। ਰਤੇ = ਰੱਤੇ, ਮਸਤ। ਬੈਰਾਗੀ = ਨਿਰਲੇਪ। ਨਿਜ ਘਰਿ = ਆਪਣੇ ਘਰ ਵਿਚ, ਸ੍ਵੈ-ਸਰੂਪ ਵਿਚ, ਪ੍ਰਭੂ-ਚਰਨਾਂ ਵਿਚ।2।

ਸਾਖੀ = ਸਿੱਖਿਆ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਭਾਖੀ = ਉਚਾਰਦਾ ਹੈ। ਸਚੈ ਸਬਦੇ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ। ਸਚੁ = ਸਦਾ-ਥਿਰ ਹਰਿ-ਨਾਮ। ਸੁਭਾਖੀ = ਪ੍ਰੇਮ ਨਾਲ ਉਚਾਰਦਾ ਹੈ। ਸਚਿ ਰੰਗਿ = ਸਦਾ-ਥਿਰ ਪ੍ਰੇਮ-ਰੰਗ ਵਿਚ। ਮਨੁ ਮੇਰਾ = 'ਮੇਰਾ ਮੇਰਾ' ਕੂਕਣ ਵਾਲਾ ਮਨ, ਮਮਤਾ ਵਿਚ ਫਸਿਆ ਮਨ। ਸਚੇ ਸਚਿ = ਸਦਾ-ਥਿਰ ਪ੍ਰਭੂ ਵਿਚ ਹੀ।3।

ਸਤ ਸਰਿ = ਸੰਤੋਖ-ਸਰੋਵਰ ਵਿਚ। ਨਾਵੈ = ਇਸ਼ਨਾਨ ਕਰਦਾ ਹੈ। ਸਚਿ = ਸਦਾ-ਥਿਰ ਪ੍ਰਭੂ ਵਿਚ। ਸਚੋ ਸਚੁ ਕਮਾਵੈ = ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ। ਸਦ = ਸਦਾ। ਦ੍ਰਿੜਾਇਦਾ = ਹਿਰਦੇ ਵਿਚ ਪੱਕੀ ਕਰ ਲੈਂਦਾ ਹੈ।4।

ਅਰਥ: (ਜੋਗੀ ਨਾਦ ਵਜਾਂਦੇ ਹਨ, ਪੰਡਿਤ ਵੇਦ ਪੜ੍ਹਦੇ ਹਨ, ਪਰ) ਹਰਿ-ਨਾਮ ਨੂੰ ਮਨ ਵਿਚ ਵਸਾਣਾ ਹੀ ਗੁਰਮੁਖ (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ) ਵਾਸਤੇ ਨਾਦ (ਦਾ ਵਜਾਣਾ ਅਤੇ) ਵੇਦ (ਦਾ ਪਾਠ) ਹੈ। ਬੇਅੰਤ ਪ੍ਰਭੂ ਦਾ ਸਿਮਰਨ ਹੀ ਗੁਰਮੁਖ ਲਈ ਗਿਆਨ (-ਚਰਚਾ) ਅਤੇ ਸਮਾਧੀ ਹੈ। ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਉਹ) ਕਾਰ ਕਰਦਾ ਹੈ ਜੋ ਪ੍ਰਭੂ ਨੂੰ ਚੰਗੀ ਲੱਗਦੀ ਹੈ (ਗੁਰਮੁਖ ਪਰਮਾਤਮਾ ਦੀ ਰਜ਼ਾ ਵਿਚ ਤੁਰਦਾ ਹੈ) । (ਇਸ ਤਰ੍ਹਾਂ) ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪੂਰਨ ਪ੍ਰਭੂ ਦਾ ਮਿਲਾਪ ਹਾਸਲ ਕਰ ਲੈਂਦਾ ਹੈ।1।

ਹੇ ਭਾਈ! ਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ (ਆਪਣੇ) ਮਨ ਨੂੰ (ਮਾਇਆ ਦੇ ਮੋਹ ਵੱਲੋਂ) ਰੋਕ ਰੱਖਦਾ ਹੈ ਉਹ ਗੁਰਬਾਣੀ ਨੂੰ ਹਿਰਦੇ ਵਿਚ ਵਸਾਂਦਾ ਹੈ (ਮਾਨੋ, ਜੋਗੀ ਵਾਂਗ) ਨਾਦ ਵਜਾ ਰਿਹਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਰੰਗੇ ਰਹਿੰਦੇ ਹਨ, (ਇਸ ਤਰ੍ਹਾਂ) ਮਾਇਆ ਵਲੋਂ ਨਿਰਲੇਪ ਰਹਿ ਕੇ ਪ੍ਰਭੂ-ਚਰਨਾਂ ਵਿਚ ਟਿਕੇ ਰਹਿੰਦੇ ਹਨ।2।

ਹੇ ਭਾਈ! ਜਿਹੜਾ ਮਨੁੱਖ ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਉਚਾਰਦਾ ਰਹਿੰਦਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਦੀ ਰਾਹੀਂ ਸਦਾ-ਥਿਰ ਹਰਿ-ਨਾਮ ਸਿਮਰਦਾ ਰਹਿੰਦਾ ਹੈ, ਉਸ ਦਾ ਮਮਤਾ ਵਿਚ ਫਸਣ ਵਾਲਾ ਮਨ ਸਦਾ ਹਰਿ-ਨਾਮ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਹੀ ਲੀਨ ਰਹਿੰਦਾ ਹੈ।3।

ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ, ਉਹ ਸੰਤੋਖ ਦੇ ਸਰੋਵਰ (ਹਰਿ-ਨਾਮ) ਵਿਚ ਇਸ਼ਨਾਨ ਕਰਦਾ ਹੈ; ਉਸ ਨੂੰ (ਵਿਕਾਰਾਂ ਦੀ) ਮੈਲ ਨਹੀਂ ਚੰਬੜਦੀ, ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ। ਉਹ ਮਨੁੱਖ ਹਰ ਵੇਲੇ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਹੀ ਕਮਾਈ ਕਰਦਾ ਹੈ, ਉਹ ਮਨੁੱਖ ਸਦਾ ਨਾਲ ਨਿਭਣ ਵਾਲੀ ਭਗਤੀ (ਆਪਣੇ ਹਿਰਦੇ ਵਿਚ) ਪੱਕੇ ਤੌਰ ਤੇ ਟਿਕਾਈ ਰੱਖਦਾ ਹੈ।5।

ਗੁਰਮੁਖਿ ਸਚੁ ਬੈਣੀ ਗੁਰਮੁਖਿ ਸਚੁ ਨੈਣੀ ॥ ਗੁਰਮੁਖਿ ਸਚੁ ਕਮਾਵੈ ਕਰਣੀ ॥ ਸਦ ਹੀ ਸਚੁ ਕਹੈ ਦਿਨੁ ਰਾਤੀ ਅਵਰਾ ਸਚੁ ਕਹਾਇਦਾ ॥੫॥ ਗੁਰਮੁਖਿ ਸਚੀ ਊਤਮ ਬਾਣੀ ॥ ਗੁਰਮੁਖਿ ਸਚੋ ਸਚੁ ਵਖਾਣੀ ॥ ਗੁਰਮੁਖਿ ਸਦ ਸੇਵਹਿ ਸਚੋ ਸਚਾ ਗੁਰਮੁਖਿ ਸਬਦੁ ਸੁਣਾਇਦਾ ॥੬॥ ਗੁਰਮੁਖਿ ਹੋਵੈ ਸੁ ਸੋਝੀ ਪਾਏ ॥ ਹਉਮੈ ਮਾਇਆ ਭਰਮੁ ਗਵਾਏ ॥ ਗੁਰ ਕੀ ਪਉੜੀ ਊਤਮ ਊਚੀ ਦਰਿ ਸਚੈ ਹਰਿ ਗੁਣ ਗਾਇਦਾ ॥੭॥ ਗੁਰਮੁਖਿ ਸਚੁ ਸੰਜਮੁ ਕਰਣੀ ਸਾਰੁ ॥ ਗੁਰਮੁਖਿ ਪਾਏ ਮੋਖ ਦੁਆਰੁ ॥ ਭਾਇ ਭਗਤਿ ਸਦਾ ਰੰਗਿ ਰਾਤਾ ਆਪੁ ਗਵਾਇ ਸਮਾਇਦਾ ॥੮॥ {ਪੰਨਾ 1058-1059}

ਪਦ ਅਰਥ: ਸਚੁ = ਸਦਾ-ਥਿਰ ਹਰਿ-ਨਾਮ। ਬੈਣੀ = ਬਚਨਾਂ ਵਿਚ। ਸਚੁ = ਸਦਾ-ਥਿਰ ਪ੍ਰਭੂ। ਨੈਣੀ = ਨੈਣੀਂ, ਅੱਖਾਂ ਵਿਚ। ਕਰਣੀ = ਕਰਨ-ਜੋਗ ਕੰਮ {krxIX}। ਸਚੁ ਕਮਾਵੈ = ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ। ਸਦ = ਸਦਾ। ਕਹੈ– ਉਚਾਰਦਾ ਹੈ।5।

ਸਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ। ਸਚੋ ਸਚੁ = ਸਦਾ-ਥਿਰ ਨਾਮ ਹੀ ਨਾਮ। ਸਦ = ਸਦਾ। ਸੇਵਹਿ = ਸਿਮਰਦੇ ਹਨ। ਸਬਦੁ = ਸਿਫ਼ਤਿ-ਸਾਲਾਹ ਦੀ ਬਾਣੀ।6।

ਸੁ = ਉਹ {ਇਕ-ਵਚਨ}। ਮਾਇਆ ਭਰਮੁ = ਮਾਇਆ ਵਾਲੀ ਭਟਕਣਾ। ਦਰਿ ਸਚੈ = ਸਦਾ-ਥਿਰ ਦੇ ਦਰ ਤੇ, ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ। ਗੁਰ ਕੀ ਪਉੜੀ = ਗੁਰੂ ਦੀ ਦੱਸੀ ਹੋਈ ਪੌੜੀ (ਜਿਸ ਦੀ ਰਾਹੀਂ ਪ੍ਰਭੂ-ਚਰਨਾਂ ਵਿਚ ਪਹੁੰਚ ਸਕੀਦਾ ਹੈ) ।7।

ਸਚੁ = ਸਦਾ-ਥਿਰ ਹਰਿ-ਨਾਮ ਦਾ ਸਿਮਰਨ। ਸਾਰ = ਸ੍ਰੇਸ਼ਟ। ਸੰਜਮੁ = (ਵਿਕਾਰਾਂ ਤੋਂ ਬਚਣ ਲਈ) ਪਰਹੇਜ਼। ਸਾਰੁ ਸੰਜਮੁ = ਵਧੀਆ ਸੰਜਮ। ਕਰਣੀ = ਕਰਨ-ਜੋਗ ਕੰਮ। ਮੋਖ ਦੁਆਰੁ = (ਵਿਕਾਰਾਂ ਤੋਂ) ਖ਼ਲਾਸੀ ਪਾਣ ਦਾ ਦਰਵਾਜ਼ਾ। ਭਾਇ = ਪ੍ਰੇਮ ਵਿਚ। ਰੰਗਿ = ਰੰਗ ਵਿਚ। ਆਪੁ = ਆਪਾ-ਭਾਵ।8।

ਅਰਥ: ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦੇ ਬਚਨਾਂ ਵਿਚ ਪ੍ਰਭੂ ਵੱਸਦਾ ਹੈ, ਉਸ ਦੀਆਂ ਅੱਖਾਂ ਵਿਚ ਪ੍ਰਭੂ ਵੱਸਦਾ ਹੈ (ਉਹ ਹਰ ਵੇਲੇ ਨਾਮ ਸਿਮਰਦਾ ਹੈ, ਹਰ ਪਾਸੇ ਪਰਮਾਤਮਾ ਨੂੰ ਹੀ ਵੇਖਦਾ ਹੈ) , ਉਹ ਸਦਾ-ਥਿਰ ਪ੍ਰਭੂ ਦੇ ਨਾਮ ਸਿਮਰਨ ਦੀ ਕਮਾਈ ਕਰਦਾ ਹੈ, ਇਹੀ ਉਸ ਵਾਸਤੇ ਕਰਨ-ਜੋਗ ਕੰਮ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਦਿਨ ਰਾਤ ਸਦਾ ਹੀ ਸਿਮਰਨ ਕਰਦਾ ਹੈ, ਤੇ, ਹੋਰਨਾਂ ਨੂੰ ਸਿਮਰਨ ਕਰਨ ਲਈ ਪ੍ਰੇਰਦਾ ਹੈ।5।

ਹੇ ਭਾਈ! ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਉੱਤਮ ਬਾਣੀ ਹੀ ਗੁਰਮੁਖ (ਸਦਾ ਉਚਾਰਦਾ ਹੈ) , ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਦਾ ਨਾਮ ਹੀ ਉਚਾਰਦਾ ਹੈ। ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਸਦਾ ਹੀ ਸਦਾ-ਥਿਰ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਹਨ। ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ (ਹੋਰਨਾਂ ਨੂੰ ਭੀ) ਬਾਣੀ ਹੀ ਸੁਣਾਂਦਾ ਹੈ।6।

ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰ ਲੈਂਦਾ ਹੈ, ਉਹ ਆਪਣੇ ਅੰਦਰੋਂ ਹਉਮੈ ਅਤੇ ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦਾ ਹੈ। ਉਹ ਮਨੁੱਖ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜ ਕੇ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ। ਇਹੀ ਹੈ ਗੁਰੂ ਦੀ (ਦੱਸੀ ਹੋਈ) ਉੱਚੀ ਤੇ ਉੱਤਮ ਪੌੜੀ (ਜਿਸ ਦੀ ਰਾਹੀਂ ਮਨੁੱਖ ਉੱਚੇ ਆਤਮਕ ਮੰਡਲਾਂ ਵਿਚ ਚੜ੍ਹ ਕੇ ਪ੍ਰਭੂ ਨੂੰ ਜਾ ਮਿਲਦਾ ਹੈ) ।7।

ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਸਦਾ-ਥਿਰ ਹਰਿ-ਨਾਮ ਸਿਮਰਦਾ ਹੈ– ਇਹੀ ਹੈ ਉਸ ਦਾ ਕਰਨ-ਜੋਗ ਕੰਮ, ਇਹੀ ਹੈ ਉਸ ਦੇ ਵਾਸਤੇ (ਵਿਕਾਰਾਂ ਤੋਂ ਬਚਣ ਲਈ) ਵਧੀਆ ਜੀਵਨ-ਜੁਗਤਿ। ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਵਿਕਾਰਾਂ ਤੋਂ) ਖ਼ਲਾਸੀ ਪਾਣ ਵਾਲਾ (ਇਹ) ਦਰਵਾਜ਼ਾ ਲੱਭ ਲੈਂਦਾ ਹੈ। ਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਦੀ ਭਗਤੀ ਵਿਚ ਪ੍ਰਭੂ ਦੇ ਨਾਮ-ਰੰਗ ਵਿਚ ਸਦਾ ਰੰਗਿਆ ਰਹਿੰਦਾ ਹੈ, ਉਹ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਕੇ ਪ੍ਰਭੂ ਵਿਚ ਸਮਾਇਆ ਰਹਿੰਦਾ ਹੈ।8।

TOP OF PAGE

Sri Guru Granth Darpan, by Professor Sahib Singh