ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 1059 ਗੁਰਮੁਖਿ ਹੋਵੈ ਮਨੁ ਖੋਜਿ ਸੁਣਾਏ ॥ ਸਚੈ ਨਾਮਿ ਸਦਾ ਲਿਵ ਲਾਏ ॥ ਜੋ ਤਿਸੁ ਭਾਵੈ ਸੋਈ ਕਰਸੀ ਜੋ ਸਚੇ ਮਨਿ ਭਾਇਦਾ ॥੯॥ ਜਾ ਤਿਸੁ ਭਾਵੈ ਸਤਿਗੁਰੂ ਮਿਲਾਏ ॥ ਜਾ ਤਿਸੁ ਭਾਵੈ ਤਾ ਮੰਨਿ ਵਸਾਏ ॥ ਆਪਣੈ ਭਾਣੈ ਸਦਾ ਰੰਗਿ ਰਾਤਾ ਭਾਣੈ ਮੰਨਿ ਵਸਾਇਦਾ ॥੧੦॥ ਮਨਹਠਿ ਕਰਮ ਕਰੇ ਸੋ ਛੀਜੈ ॥ ਬਹੁਤੇ ਭੇਖ ਕਰੇ ਨਹੀ ਭੀਜੈ ॥ ਬਿਖਿਆ ਰਾਤੇ ਦੁਖੁ ਕਮਾਵਹਿ ਦੁਖੇ ਦੁਖਿ ਸਮਾਇਦਾ ॥੧੧॥ ਗੁਰਮੁਖਿ ਹੋਵੈ ਸੁ ਸੁਖੁ ਕਮਾਏ ॥ ਮਰਣ ਜੀਵਣ ਕੀ ਸੋਝੀ ਪਾਏ ॥ ਮਰਣੁ ਜੀਵਣੁ ਜੋ ਸਮ ਕਰਿ ਜਾਣੈ ਸੋ ਮੇਰੇ ਪ੍ਰਭ ਭਾਇਦਾ ॥੧੨॥ {ਪੰਨਾ 1059} ਪਦ ਅਰਥ: ਖੋਜਿ = ਖੋਜ ਕੇ। ਸਚੈ ਨਾਮਿ = ਸਦਾ-ਥਿਰ ਹਰਿ-ਨਾਮ ਵਿਚ। ਲਿਵ = ਲਗਨ। ਤਿਸੁ = ਉਸ ਪਰਮਾਤਮਾ ਨੂੰ। ਭਾਵੈ = ਚੰਗਾ ਲੱਗਦਾ ਹੈ। ਕਰਸੀ = ਕਰੇਗਾ, ਕਰਦਾ ਹੈ। ਸਚੇ ਮਨਿ = ਸਦਾ-ਥਿਰ ਪ੍ਰਭੂ ਦੇ ਮਨ ਵਿਚ।9। ਜਾ = ਜਾਂ, ਜਦੋਂ। ਮੰਨਿ = ਮਨਿ, ਮਨ ਵਿਚ। ਆਪਣੈ ਭਾਣੈ = ਆਪਣੀ ਰਜ਼ਾ ਵਿਚ। ਰੰਗਿ = ਪ੍ਰੇਮ-ਰੰਗ ਵਿਚ। ਰਾਤਾ = ਰੰਗਿਆ ਹੋਇਆ।10। ਮਨ ਹਠਿ = ਮਨ ਦੇ ਹਠ ਨਾਲ। ਛੀਜੈ = ਛਿੱਜਦਾ ਜਾਂਦਾ ਹੈ, (ਆਤਮਕ ਜੀਵਨ ਵੱਲੋਂ) ਕਮਜ਼ੋਰ ਹੁੰਦਾ ਜਾਂਦਾ ਹੈ। ਭੇਖ = ਧਾਰਮਿਕ ਪਹਿਰਾਵੇ। ਬਿਖਿਆ = ਮਾਇਆ। ਦੁਖੇ ਦੁਖਿ = ਨਿਰੇ ਦੁੱਖ ਵਿਚ ਹੀ।11। ਸੁਖੁ = ਆਤਮਕ ਆਨੰਦ। ਕਮਾਏ = ਖੱਟਦਾ ਹੈ। ਸਮ = ਬਰਾਬਰ।12। ਅਰਥ: ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਸਦਾ-ਥਿਰ ਹਰਿ-ਨਾਮ ਵਿਚ ਸਦਾ ਆਪਣੀ ਸੁਰਤਿ ਜੋੜੀ ਰੱਖਦਾ ਹੈ। ਉਹ ਮਨੁੱਖ (ਆਪਣੇ) ਮਨ ਨੂੰ ਖੋਜ ਕੇ (ਇਹ ਨਿਸ਼ਚਾ ਬਣਾਂਦਾ ਹੈ, ਤੇ ਹੋਰਨਾਂ ਨੂੰ ਭੀ ਇਹ) ਸੁਣਾਂਦਾ ਹੈ ਕਿ ਜੋ ਕੁਝ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਕੁਝ ਉਹ ਕਰਦਾ ਹੈ, (ਜਗਤ ਵਿਚ ਉਹੀ ਕੁਝ ਉਹ ਹੈ) ਜੋ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਮਨ ਵਿਚ ਭਾ ਜਾਂਦਾ ਹੈ।9। ਹੇ ਭਾਈ! (ਗੁਰਮੁਖਿ ਮਨੁੱਖ ਹੋਰਨਾਂ ਨੂੰ ਭੀ ਇਹੀ ਸੁਣਾਂਦਾ ਹੈ ਕਿ) ਜਦੋਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਤਦੋਂ ਉਹ ਮਨੁੱਖ ਨੂੰ ਗੁਰੂ ਮਿਲਾਂਦਾ ਹੈ, ਤਦੋਂ ਉਸ ਦੇ ਮਨ ਵਿਚ (ਆਪਣਾ ਨਾਮ) ਵਸਾਂਦਾ ਹੈ। ਜਿਸ ਮਨੁੱਖ ਨੂੰ ਪਰਮਾਤਮਾ ਆਪਣੀ ਰਜ਼ਾ ਵਿਚ ਰੱਖਦਾ ਹੈ, ਉਹ ਮਨੁੱਖ ਸਦਾ ਉਸ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ। (ਹੇ ਭਾਈ! ਗੁਰਮੁਖ ਇਹ ਯਕੀਨ ਬਣਾਂਦਾ ਹੈ ਕਿ) ਪ੍ਰਭੂ ਆਪਣੀ ਰਜ਼ਾ ਅਨੁਸਾਰ ਹੀ (ਆਪਣਾ ਨਾਮ) ਮਨੁੱਖ ਦੇ ਮਨ ਵਿਚ ਵਸਾਂਦਾ ਹੈ।10। ਹੇ ਭਾਈ! ਜਿਹੜਾ ਮਨੁੱਖ ਮਨ ਦੇ ਹਠ ਨਾਲ (ਹੀ ਮਿਥੇ ਹੋਏ ਧਾਰਮਿਕ) ਕਰਮ ਕਰਦਾ ਹੈ ਉਹ (ਆਤਮਕ ਜੀਵਨ ਵਲੋਂ) ਕਮਜ਼ੋਰ ਹੁੰਦਾ ਜਾਂਦਾ ਹੈ (ਅਜਿਹਾ ਮਨੁੱਖ) ਧਾਰਮਿਕ ਪਹਿਰਾਵੇ ਤਾਂ ਬਥੇਰੇ ਕਰਦਾ ਹੈ, ਪਰ (ਇਸ ਤਰ੍ਹਾਂ ਉਸ ਦਾ ਮਨ ਪ੍ਰਭੂ ਦੇ ਪਿਆਰ ਵਿਚ) ਭਿੱਜਦਾ ਨਹੀਂ ਹੈ। ਹੇ ਭਾਈ! ਮਾਇਆ ਦੇ ਮੋਹ ਵਿਚ ਮਸਤ ਮਨੁੱਖ (ਜਿਹੜੇ ਭੀ ਕਰਮ ਕਰਨ, ਉਹ ਉਹਨਾਂ ਵਿਚੋਂ) ਦੁੱਖ (ਹੀ) ਖੱਟਦੇ ਹਨ। (ਹੇ ਭਾਈ! ਮਾਇਆ ਦੇ ਮੋਹ ਦੇ ਕਾਰਨ ਮਨੁੱਖ) ਹਰ ਵੇਲੇ ਦੁੱਖ ਵਿਚ ਹੀ ਫਸਿਆ ਰਹਿੰਦਾ ਹੈ।11। ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਆਪਣੇ ਉੱਦਮਾਂ ਦੀ ਰਾਹੀਂ) ਆਤਮਕ ਆਨੰਦ ਖੱਟਦਾ ਹੈ, ਉਹ ਮਨੁੱਖ ਇਹ ਸਮਝ ਲੈਂਦਾ ਹੈ ਕਿ ਆਤਮਕ ਮੌਤ ਕੀਹ ਹੈ ਤੇ ਆਤਮਕ ਜੀਵਨ ਕੀਹ ਹੈ। ਹੇ ਭਾਈ! ਜਿਹੜਾ ਮਨੁੱਖ ਮੌਤ ਅਤੇ ਜੀਵਨ ਨੂੰ (ਪਰਮਾਤਮਾ ਦੀ ਰਜ਼ਾ ਵਿਚ ਵਰਤਦਾ ਵੇਖ ਕੇ) ਇਕੋ ਜਿਹਾ ਸਮਝਦਾ ਹੈ (ਨਾਹ ਜੀਵਨ ਦੀ ਲਾਲਸਾ, ਨਾਹ ਮੌਤ ਤੋਂ ਡਰ) , ਉਹ ਮਨੁੱਖ ਮੇਰੇ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ।12। ਗੁਰਮੁਖਿ ਮਰਹਿ ਸੁ ਹਹਿ ਪਰਵਾਣੁ ॥ ਆਵਣ ਜਾਣਾ ਸਬਦੁ ਪਛਾਣੁ ॥ ਮਰੈ ਨ ਜੰਮੈ ਨਾ ਦੁਖੁ ਪਾਏ ਮਨ ਹੀ ਮਨਹਿ ਸਮਾਇਦਾ ॥੧੩॥ ਸੇ ਵਡਭਾਗੀ ਜਿਨੀ ਸਤਿਗੁਰੁ ਪਾਇਆ ॥ ਹਉਮੈ ਵਿਚਹੁ ਮੋਹੁ ਚੁਕਾਇਆ ॥ ਮਨੁ ਨਿਰਮਲੁ ਫਿਰਿ ਮੈਲੁ ਨ ਲਾਗੈ ਦਰਿ ਸਚੈ ਸੋਭਾ ਪਾਇਦਾ ॥੧੪॥ ਆਪੇ ਕਰੇ ਕਰਾਏ ਆਪੇ ॥ ਆਪੇ ਵੇਖੈ ਥਾਪਿ ਉਥਾਪੇ ॥ ਗੁਰਮੁਖਿ ਸੇਵਾ ਮੇਰੇ ਪ੍ਰਭ ਭਾਵੈ ਸਚੁ ਸੁਣਿ ਲੇਖੈ ਪਾਇਦਾ ॥੧੫॥ ਗੁਰਮੁਖਿ ਸਚੋ ਸਚੁ ਕਮਾਵੈ ॥ ਗੁਰਮੁਖਿ ਨਿਰਮਲੁ ਮੈਲੁ ਨ ਲਾਵੈ ॥ ਨਾਨਕ ਨਾਮਿ ਰਤੇ ਵੀਚਾਰੀ ਨਾਮੇ ਨਾਮਿ ਸਮਾਇਦਾ ॥੧੬॥੧॥੧੫॥ {ਪੰਨਾ 1059} ਪਦ ਅਰਥ: ਮਰਹਿ = ਮਰਦੇ ਹਨ, ਆਪਾ-ਭਾਵ ਮਿਟਾਂਦੇ ਹਨ। ਸੁਹਹਿ = ਸੋਭਦੇ ਹਨ, ਆਤਮਕ ਜੀਵਨ ਸੋਹਣਾ ਬਣਾ ਲੈਂਦੇ ਹਨ। ਪਰਵਾਣੁ = (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ। ਆਵਣ ਜਾਣਾ = ਜੰਮਣਾ ਮਰਨਾ। ਸਬਦੁ = (ਪਰਮਾਤਮਾ ਦਾ) ਹੁਕਮ। ਪਛਾਣੁ = ਸਮਝ। ਮਨ ਹੀ = ਮਨਿ ਹੀ, ਮਨ ਵਿਚ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਮਨਿ' ਦੀ 'ਿ' ਉੱਡ ਗਈ ਹੈ}। ਮਨਹਿ = ਮਨਿ ਹੀ, ਮਨ ਵਿਚ ਹੀ।13। ਸੇ = ਉਹ {ਬਹੁ-ਵਚਨ}। ਚੁਕਾਇਆ = ਦੂਰ ਕਰ ਲਿਆ। ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ।14। ਥਾਪਿ = ਪੈਦਾ ਕਰ ਕੇ। ਉਥਾਪੇ = ਨਾਸ ਕਰਦਾ ਹੈ। ਪ੍ਰਭ ਭਾਵੈ = ਪ੍ਰਭੂ ਨੂੰ ਚੰਗੀ ਲੱਗਦੀ ਹੈ। ਸਚੁ = ਸਦਾ-ਥਿਰ ਹਰਿ-ਨਾਮ। ਸੁਣਿ = ਸੁਣ ਕੇ। ਲੇਖੈ = ਲੇਖੇ ਵਿਚ। ਲੇਖੈ ਪਾਇਦਾ = ਪਰਵਾਨ ਕਰਦਾ ਹੈ।15। ਸਚੋ ਸਚੁ = ਸੱਚ ਹੀ ਸੱਚ, ਸਦਾ ਹੀ ਹਰਿ-ਨਾਮ ਦਾ ਸਿਮਰਨ। ਨਾਮਿ = ਨਾਮ ਵਿਚ। ਵੀਚਾਰੀ = ਵਿਚਾਰਵਾਨ। ਨਾਮੇ ਨਾਮਿ = ਸਦਾ ਹੀ ਹਰਿ-ਨਾਮ ਵਿਚ। 16। ਅਰਥ: ਹੇ ਭਾਈ! ਗੁਰੂ ਦੇ ਸਨਮੁਖ ਹੋ ਕੇ ਜਿਹੜੇ ਮਨੁੱਖ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਦੇ ਹਨ, ਉਹ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ਉਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੁੰਦੇ ਹਨ (ਉਹ ਜੰਮਣ ਮਰਨ ਨੂੰ ਪਰਮਾਤਮਾ ਦਾ ਹੁਕਮ ਸਮਝਦੇ ਹਨ) । ਹੇ ਭਾਈ! ਤੂੰ ਭੀ ਜੰਮਣ ਮਰਨ ਨੂੰ ਪ੍ਰਭੂ ਦਾ ਹੁਕਮ ਹੀ ਸਮਝ। (ਜਿਹੜਾ ਮਨੁੱਖ ਇਉਂ ਯਕੀਨ ਬਣਾਂਦਾ ਹੈ) ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ (ਇਹ) ਦੁੱਖ ਨਹੀਂ ਪਾਂਦਾ, ਉਹ (ਬਾਹਰ ਭਟਕਣ ਦੇ ਥਾਂ) ਸਦਾ ਹੀ ਅੰਤਰ ਆਤਮੇ ਟਿਕਿਆ ਰਹਿੰਦਾ ਹੈ।13। ਹੇ ਭਾਈ! ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਗੁਰੂ ਮਿਲ ਪਿਆ। ਉਹ ਆਪਣੇ ਅੰਦਰੋਂ ਹਉਮੈ ਅਤੇ ਮਾਇਆ ਦਾ ਮੋਹ ਦੂਰ ਕਰ ਲੈਂਦੇ ਹਨ। ਹੇ ਭਾਈ! ਜਿਸ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਹੈ, ਜਿਸ ਦੇ ਮਨ ਨੂੰ ਮੁੜ ਵਿਕਾਰਾਂ ਦੀ ਮੈਲ ਨਹੀਂ ਲੱਗਦੀ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਆਦਰ ਪਾਂਦਾ ਹੈ।14। ਹੇ ਭਾਈ! ਪ੍ਰਭੂ ਆਪ ਹੀ (ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ। ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਆਪ ਹੀ ਪੈਦਾ ਕਰ ਕੇ ਨਾਸ ਕਰਦਾ ਹੈ। ਹੇ ਭਾਈ! ਗੁਰੂ ਦੇ ਸਨਮੁਖ ਹੋ ਕੇ ਕੀਤੀ ਹੋਈ ਸੇਵਾ-ਭਗਤੀ ਪ੍ਰਭੂ ਨੂੰ ਪਿਆਰੀ ਲੱਗਦੀ ਹੈ, (ਜੀਵ ਪਾਸੋਂ) ਹਰਿ-ਨਾਮ ਦਾ ਸਿਮਰਨ ਸੁਣ ਕੇ ਪਰਮਾਤਮਾ (ਉਸ ਦੀ ਇਹ ਮਿਹਨਤ ਪਰਵਾਨ ਕਰਦਾ ਹੈ।15। ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਦਾ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ। ਉਸ ਦਾ ਮਨ ਪਵਿਤਰ ਹੋ ਜਾਂਦਾ ਹੈ, ਉਸ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ। ਹੇ ਨਾਨਕ! ਜਿਹੜੇ ਮਨੁੱਖ ਹਰਿ-ਨਾਮ ਵਿਚ ਮਸਤ ਰਹਿੰਦੇ ਹਨ, ਉਹ ਆਤਮਕ ਜੀਵਨ ਦੀ ਸੂਝ ਵਾਲੇ ਹੋ ਜਾਂਦੇ ਹਨ। (ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ) ਸਦਾ ਹਰਿ-ਨਾਮ ਵਿਚ ਹੀ ਲੀਨ ਰਹਿੰਦਾ ਹੈ। 16।1।15। ਮਾਰੂ ਮਹਲਾ ੩ ॥ ਆਪੇ ਸ੍ਰਿਸਟਿ ਹੁਕਮਿ ਸਭ ਸਾਜੀ ॥ ਆਪੇ ਥਾਪਿ ਉਥਾਪਿ ਨਿਵਾਜੀ ॥ ਆਪੇ ਨਿਆਉ ਕਰੇ ਸਭੁ ਸਾਚਾ ਸਾਚੇ ਸਾਚਿ ਮਿਲਾਇਦਾ ॥੧॥ ਕਾਇਆ ਕੋਟੁ ਹੈ ਆਕਾਰਾ ॥ ਮਾਇਆ ਮੋਹੁ ਪਸਰਿਆ ਪਾਸਾਰਾ ॥ ਬਿਨੁ ਸਬਦੈ ਭਸਮੈ ਕੀ ਢੇਰੀ ਖੇਹੂ ਖੇਹ ਰਲਾਇਦਾ ॥੨॥ ਕਾਇਆ ਕੰਚਨ ਕੋਟੁ ਅਪਾਰਾ ॥ ਜਿਸੁ ਵਿਚਿ ਰਵਿਆ ਸਬਦੁ ਅਪਾਰਾ ॥ ਗੁਰਮੁਖਿ ਗਾਵੈ ਸਦਾ ਗੁਣ ਸਾਚੇ ਮਿਲਿ ਪ੍ਰੀਤਮ ਸੁਖੁ ਪਾਇਦਾ ॥੩॥ ਕਾਇਆ ਹਰਿ ਮੰਦਰੁ ਹਰਿ ਆਪਿ ਸਵਾਰੇ ॥ ਤਿਸੁ ਵਿਚਿ ਹਰਿ ਜੀਉ ਵਸੈ ਮੁਰਾਰੇ ॥ ਗੁਰ ਕੈ ਸਬਦਿ ਵਣਜਨਿ ਵਾਪਾਰੀ ਨਦਰੀ ਆਪਿ ਮਿਲਾਇਦਾ ॥੪॥ {ਪੰਨਾ 1059} ਪਦ ਅਰਥ: ਆਪੇ = ਆਪ ਹੀ। ਹੁਕਮਿ = ਹੁਕਮ ਨਾਲ। ਸਭ = ਸਾਰੀ। ਥਾਪਿ = ਪੈਦਾ ਕਰ ਕੇ। ਉਥਾਪਿ = ਉਥਾਪੇ, ਨਾਸ ਕਰਦਾ ਹੈ। ਨਿਵਾਜੀ = ਸੋਹਣੀ ਬਣਾਈ ਹੈ। ਸਾਚਿ = ਸਦਾ-ਥਿਰ ਹਰਿ-ਨਾਮ ਵਿਚ।1। ਕੋਟੁ = ਕਿਲ੍ਹਾ। ਆਕਾਰਾ = (ਪਰਮਾਤਮਾ ਦਾ) ਸਰਗੁਣ ਰੂਪ। ਭਸਮ = ਸੁਆਹ। ਖੇਹੂ ਖੇਹ = ਖੇਹ ਵਿਚ ਹੀ।2। ਕੰਚਨ ਕੋਟੁ = ਸੋਨੇ ਦਾ ਕਿਲ੍ਹਾ। ਅਪਾਰਾ = ਬੇਅੰਤ ਪ੍ਰਭੂ ਦਾ। ਰਵਿਆ = ਮੌਜੂਦ ਹੈ। ਸਬਦੁ ਅਪਾਰਾ = ਬੇਅੰਤ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਗੁਣ ਸਾਚੇ = ਸਦਾ-ਥਿਰ ਪ੍ਰਭੂ ਦੇ ਗੁਣ। ਮਿਲਿ ਪ੍ਰੀਤਮ = ਪ੍ਰੀਤਮ ਨੂੰ ਮਿਲ ਕੇ।3। ਹਰਿ ਮੰਦਰੁ = ਹਰੀ ਦਾ ਮੰਦਰ, ਹਰੀ ਦਾ ਘਰ। ਸਵਾਰੇ = ਸੋਹਣਾ ਬਣਾਂਦਾ ਹੈ। ਮੁਰਾਰੇ = {ਮੁਰ = ਅਰਿ। ਮੁਰ ਦੈਂਤ ਦਾ ਵੈਰੀ} ਪਰਮਾਤਮਾ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਵਣਜਨਿ = ਵਣਜ ਕਰਦੇ ਹਨ, ਵਿਹਾਝਦੇ ਹਨ। ਨਦਰੀ = ਮਿਹਰ ਦੀ ਨਿਗਾਹ ਨਾਲ।4। ਅਰਥ: ਹੇ ਭਾਈ! ਪਰਮਾਤਮਾ ਨੇ ਆਪ ਹੀ ਇਹ ਸਾਰੀ ਸ੍ਰਿਸ਼ਟੀ ਆਪਣੇ ਹੁਕਮ ਨਾਲ ਪੈਦਾ ਕੀਤੀ ਹੋਈ ਹੈ। ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ (ਆਪ ਹੀ) ਨਾਸ ਕਰਦਾ ਹੈ (ਆਪ ਹੀ ਜੀਵਾਂ ਉਤੇ) ਮਿਹਰ ਕਰਦਾ ਹੈ। ਪ੍ਰਭੂ ਆਪ ਹੀ ਇਹ ਸਾਰਾ ਆਪਣਾ ਅਟੱਲ ਨਿਆਂ ਕਰਦਾ ਹੈ, ਆਪ ਹੀ (ਜੀਵ ਨੂੰ ਆਪਣੇ) ਸਦਾ-ਥਿਰ ਨਾਮ ਵਿਚ ਜੋੜੀ ਰੱਖਦਾ ਹੈ।1। ਹੇ ਭਾਈ! (ਇਹ ਮਨੁੱਖਾ) ਸਰੀਰ (ਮਾਨੋ ਇਕ) ਕਿਲ੍ਹਾ ਹੈ, ਇਹ ਪਰਮਾਤਮਾ ਦਾ ਦਿੱਸਦਾ-ਸਰੂਪ ਹੈ, (ਪਰ ਜੇ ਇਸ ਵਿਚ) ਮਾਇਆ ਦਾ ਮੋਹ (ਹੀ ਪ੍ਰਬਲ ਹੈ, ਜੇ ਇਸ ਵਿਚ ਮਾਇਆ ਦੇ ਮੋਹ ਦਾ ਹੀ) ਖਿਲਾਰਾ ਖਿਲਰਿਆ ਹੋਇਆ ਹੈ, ਤਾਂ ਪ੍ਰਭੂ ਦੀ ਸਿਫ਼ਤਿ-ਸਾਲਾਹ ਤੋਂ ਬਿਨਾ (ਇਹ ਸਰੀਰ) ਸੁਆਹ ਦੀ ਢੇਰੀ ਹੀ ਹੈ, (ਮਨੁੱਖ ਹਰਿ-ਨਾਮ ਤੋਂ ਵਾਂਜਿਆ ਰਹਿ ਕੇ ਇਸ ਸਰੀਰ ਨੂੰ) ਮਿੱਟੀ-ਖੇਹ ਵਿਚ ਹੀ ਰੋਲ ਦੇਂਦਾ ਹੈ।2। ਹੇ ਭਾਈ! ਜਿਸ ਸਰੀਰ ਵਿਚ ਬੇਅੰਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਹਰ ਵੇਲੇ ਮੌਜੂਦ ਹੈ, ਉਹ (ਮਨੁੱਖਾ) ਸਰੀਰ ਬੇਅੰਤ ਪਰਮਾਤਮਾ ਦੇ ਰਹਿਣ ਵਾਸਤੇ (ਮਾਨੋ) ਸੋਨੇ ਦਾ ਕਿਲ੍ਹਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਇਹ ਸਰੀਰ ਦੀ ਰਾਹੀਂ) ਸਦਾ-ਥਿਰ ਪਰਮਾਤਮਾ ਦੇ ਗੁਣ ਸਦਾ ਗਾਂਦਾ ਹੈ, ਉਹ ਪ੍ਰੀਤਮ ਪ੍ਰਭੂ ਨੂੰ ਮਿਲ ਕੇ ਆਤਮਕ ਆਨੰਦ ਮਾਣਦਾ ਹੈ।3। ਹੇ ਭਾਈ! ਇਹ ਮਨੁੱਖਾ ਸਰੀਰ ਪਰਮਾਤਮਾ ਦਾ (ਪਵਿੱਤਰ) ਘਰ ਹੈ, ਪਰਮਾਤਮਾ ਇਸ ਨੂੰ ਆਪ ਹੀ ਸੋਹਣਾ ਬਣਾਂਦਾ ਹੈ, ਇਸ ਵਿਚ ਵਿਚਾਰ-ਦੈਂਤਾਂ ਦੇ ਮਾਰਨ ਵਾਲਾ ਪ੍ਰਭੂ ਆਪ ਵੱਸਦਾ ਹੈ। ਹੇ ਭਾਈ! ਜਿਹੜੇ ਜੀਵ-ਵਣਜਾਰੇ (ਇਸ ਸਰੀਰ ਵਿਚ) ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਦਾ ਵਣਜ ਕਰਦੇ ਹਨ, ਪ੍ਰਭੂ ਮਿਹਰ ਦੀ ਨਿਗਾਹ ਨਾਲ ਉਹਨਾਂ ਨੂੰ (ਆਪਣੇ ਨਾਲ) ਮਿਲਾ ਲੈਂਦਾ ਹੈ।4। ਸੋ ਸੂਚਾ ਜਿ ਕਰੋਧੁ ਨਿਵਾਰੇ ॥ ਸਬਦੇ ਬੂਝੈ ਆਪੁ ਸਵਾਰੇ ॥ ਆਪੇ ਕਰੇ ਕਰਾਏ ਕਰਤਾ ਆਪੇ ਮੰਨਿ ਵਸਾਇਦਾ ॥੫॥ ਨਿਰਮਲ ਭਗਤਿ ਹੈ ਨਿਰਾਲੀ ॥ ਮਨੁ ਤਨੁ ਧੋਵਹਿ ਸਬਦਿ ਵੀਚਾਰੀ ॥ ਅਨਦਿਨੁ ਸਦਾ ਰਹੈ ਰੰਗਿ ਰਾਤਾ ਕਰਿ ਕਿਰਪਾ ਭਗਤਿ ਕਰਾਇਦਾ ॥੬॥ ਇਸੁ ਮਨ ਮੰਦਰ ਮਹਿ ਮਨੂਆ ਧਾਵੈ ॥ ਸੁਖੁ ਪਲਰਿ ਤਿਆਗਿ ਮਹਾ ਦੁਖੁ ਪਾਵੈ ॥ ਬਿਨੁ ਸਤਿਗੁਰ ਭੇਟੇ ਠਉਰ ਨ ਪਾਵੈ ਆਪੇ ਖੇਲੁ ਕਰਾਇਦਾ ॥੭॥ ਆਪਿ ਅਪਰੰਪਰੁ ਆਪਿ ਵੀਚਾਰੀ ॥ ਆਪੇ ਮੇਲੇ ਕਰਣੀ ਸਾਰੀ ॥ ਕਿਆ ਕੋ ਕਾਰ ਕਰੇ ਵੇਚਾਰਾ ਆਪੇ ਬਖਸਿ ਮਿਲਾਇਦਾ ॥੮॥ {ਪੰਨਾ 1059-1060} ਪਦ ਅਰਥ: ਸੂਚਾ = ਸੁੱਚਾ, ਸੁੱਚੇ ਹਿਰਦੇ ਵਾਲਾ। ਜਿ = ਜਿਹੜਾ ਮਨੁੱਖ। ਨਿਵਾਰੇ = ਦੂਰ ਕਰਦਾ ਹੈ। ਸਬਦੇ = ਸਬਦਿ, ਗੁਰੂ ਦੇ ਸ਼ਬਦ ਦੀ ਰਾਹੀਂ। ਬੂਝੈ = (ਆਤਮਕ ਜੀਵਨ ਨੂੰ) ਸਮਝਦਾ ਹੈ। ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਆਪੇ = ਆਪ ਹੀ। ਮੰਨਿ = ਮਨਿ, ਮਨ ਵਿਚ।5। ਨਿਰਮਲ = (ਜੀਵਨ ਨੂੰ) ਪਵਿੱਤਰ ਕਰਨ ਵਾਲੀ। ਨਿਰਾਲੀ = ਅਨੋਖੀ (ਦਾਤਿ) । ਧੋਵਹਿ = ਧੋਂਦੇ ਹਨ {ਬਹੁ-ਵਚਨ}। ਵੀਚਾਰੀ = ਵਿਚਾਰਵਾਨ, ਸੁੰਦਰ ਵਿਚਾਰ ਦੇ ਮਾਲਕ। ਅਨਦਿਨੁ = {Anuidnwz} ਹਰ ਰੋਜ਼, ਹਰ ਵੇਲੇ। ਰੰਗਿ = ਪ੍ਰੇਮ-ਰੰਗ ਵਿਚ। ਰਾਤਾ = ਰੰਗਿਆ ਹੋਇਆ।6। ਮਨ ਮੰਦਰ ਮਹਿ = ਮਨ ਦੇ ਮੰਦਰ ਵਿਚ, ਸਰੀਰ ਵਿਚ। ਧਾਵੈ = ਭਟਕਦਾ ਫਿਰਦਾ ਹੈ। ਸੁਖੁ = ਆਤਮਕ ਆਨੰਦ। ਪਲਰਿ = ਪਰਾਲੀ ਦੇ ਵੱਟੇ। ਤਿਆਗਿ = ਤਿਆਗ ਕੇ। ਬਿਨੁ ਭੇਟੇ = ਮਿਲਣ ਤੋਂ ਬਿਨਾ। ਠਉਰ = ਟਿਕਾਣਾ, ਸ਼ਾਂਤੀ।7। ਅਪਰੰਪਰੁ = ਪਰੇ ਤੋਂ ਪਰੇ ਪਰਮਾਤਮਾ, ਬੇਅੰਤ ਪ੍ਰਭੂ। ਵੀਚਾਰੀ = ਆਤਮਕ ਜੀਵਨ ਦੀ ਵਿਚਾਰ ਬਖ਼ਸ਼ਣ ਵਾਲਾ। ਸਾਰੀ = ਸ੍ਰੇਸ਼ਟ। ਕਰਣੀ = ਕਰਨ-ਜੋਗ ਕੰਮ। ਕੋ = ਕੋਈ ਜੀਵ। ਕਿਆ ਕਾਰ ਕਰੇ = ਕਿਹੜੀ ਕਾਰ ਕਰ ਸਕਦਾ ਹੈ? ਬਖਸਿ = ਮਿਹਰ ਕਰ ਕੇ।8। ਅਰਥ: ਹੇ ਭਾਈ! ਜਿਹੜਾ ਮਨੁੱਖ (ਆਪਣੇ ਅੰਦਰੋਂ) ਕ੍ਰੋਧ ਦੂਰ ਕਰ ਲੈਂਦਾ ਹੈ, ਉਹ ਪਵਿੱਤਰ ਹਿਰਦੇ ਵਾਲਾ ਬਣ ਜਾਂਦਾ ਹੈ। ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਤਮਕ ਜੀਵਨ ਨੂੰ) ਸਮਝ ਲੈਂਦਾ ਹੈ, ਤੇ, ਆਪਣੇ ਜੀਵਨ ਨੂੰ ਸੰਵਾਰ ਲੈਂਦਾ ਹੈ। (ਪਰ, ਹੇ ਭਾਈ! ਇਹ ਉਸ ਦੀ ਆਪਣੀ ਹੀ ਮਿਹਰ ਹੈ) ਪ੍ਰਭੂ ਆਪ ਹੀ (ਜੀਵ ਦੇ ਅੰਦਰ ਬੈਠਾ ਇਹ ਉੱਦਮ) ਕਰਦਾ ਹੈ, (ਜੀਵ ਪਾਸੋਂ) ਕਰਤਾਰ ਆਪ ਹੀ (ਇਹ ਕੰਮ) ਕਰਾਂਦਾ ਹੈ, ਆਪ ਹੀ (ਉਸ ਦੇ) ਮਨ ਵਿਚ (ਆਪਣਾ ਨਾਮ) ਵਸਾਂਦਾ ਹੈ।5। ਹੇ ਭਾਈ! ਪਰਮਾਤਮਾ ਦੀ ਭਗਤੀ (ਜੀਵਨ ਨੂੰ) ਪਵਿੱਤਰ ਕਰਨ ਵਾਲੀ (ਇਕ) ਅਨੋਖੀ (ਦਾਤਿ) ਹੈ। ਗੁਰੂ ਦੇ ਸ਼ਬਦ ਵਿਚ ਜੁੜ ਕੇ (ਭਗਤੀ ਦੇ ਅੰਮ੍ਰਿਤ ਨਾਲ ਜਿਹੜੇ ਮਨੁੱਖ ਆਪਣਾ) ਮਨ ਤਨ ਧੋਂਦੇ ਹਨ, ਉਹ ਸੁੰਦਰ ਵਿਚਾਰ ਦੇ ਮਾਲਕ ਬਣ ਜਾਂਦੇ ਹਨ। (ਇਸ ਭਗਤੀ ਦੀ ਰਾਹੀਂ) ਮਨੁੱਖ ਹਰ ਵੇਲੇ ਸਦਾ ਹੀ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿ ਸਕਦਾ ਹੈ। (ਪਰ ਇਹ ਉਸ ਦੀ ਮਿਹਰ ਹੀ ਹੈ) ਪਰਮਾਤਮਾ ਕਿਰਪਾ ਕਰ ਕੇ (ਆਪ ਹੀ ਜੀਵ ਪਾਸੋਂ ਆਪਣੀ) ਭਗਤੀ ਕਰਾਂਦਾ ਹੈ।6। ਹੇ ਭਾਈ! (ਮਨੁੱਖ ਦੇ) ਇਸ ਸਰੀਰ ਵਿਚ (ਰਹਿਣ ਵਾਲਾ) ਚੰਚਲ ਮਨ (ਹਰ ਵੇਲੇ) ਭਟਕਦਾ ਫਿਰਦਾ ਹੈ, (ਵਿਕਾਰਾਂ ਦੀ) ਪਰਾਲੀ ਦੀ ਖ਼ਾਤਰ ਆਤਮਕ ਆਨੰਦ ਨੂੰ ਤਿਆਗ ਕੇ ਬੜਾ ਦੁੱਖ ਪਾਂਦਾ ਹੈ। ਗੁਰੂ ਨੂੰ ਮਿਲਣ ਤੋਂ ਬਿਨਾ ਇਸ ਨੂੰ ਸ਼ਾਂਤੀ ਵਾਲਾ ਥਾਂ ਨਹੀਂ ਲੱਭਦਾ; (ਪਰ ਜੀਵ ਦੇ ਕੀਹ ਵੱਸ? ਉਸ ਪਾਸੋਂ ਇਹ) ਖੇਡ ਪਰਮਾਤਮਾ ਆਪ ਹੀ ਕਰਾਂਦਾ ਹੈ।7। ਹੇ ਭਾਈ! ਬੇਅੰਤ ਪਰਮਾਤਮਾ ਆਪ ਹੀ ਆਤਮਕ ਜੀਵਨ ਦੀ ਵਿਚਾਰ ਬਖ਼ਸ਼ਣ ਵਾਲਾ ਹੈ, (ਨਾਮ ਜਪਣ ਦੀ) ਸ੍ਰੇਸ਼ਟ ਕਰਣੀ ਦੇ ਕੇ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ। ਜੀਵ ਵਿਚਾਰਾ ਆਪਣੇ ਆਪ ਕੋਈ (ਚੰਗਾ ਮੰਦਾ) ਕੰਮ ਨਹੀਂ ਕਰ ਸਕਦਾ। ਪਰਮਾਤਮਾ ਆਪ ਹੀ ਬਖ਼ਸ਼ਸ਼ ਕਰ ਕੇ (ਆਪਣੇ ਚਰਨਾਂ ਵਿਚ ਜੀਵ ਨੂੰ) ਜੋੜਦਾ ਹੈ।8। |
![]() |
![]() |
![]() |
![]() |
Sri Guru Granth Darpan, by Professor Sahib Singh |