ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1060

ਆਪੇ ਸਤਿਗੁਰੁ ਮੇਲੇ ਪੂਰਾ ॥ ਸਚੈ ਸਬਦਿ ਮਹਾਬਲ ਸੂਰਾ ॥ ਆਪੇ ਮੇਲੇ ਦੇ ਵਡਿਆਈ ਸਚੇ ਸਿਉ ਚਿਤੁ ਲਾਇਦਾ ॥੯॥ ਘਰ ਹੀ ਅੰਦਰਿ ਸਾਚਾ ਸੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥ ਨਾਮੁ ਨਿਧਾਨੁ ਵਸਿਆ ਘਟ ਅੰਤਰਿ ਰਸਨਾ ਨਾਮੁ ਧਿਆਇਦਾ ॥੧੦॥ ਦਿਸੰਤਰੁ ਭਵੈ ਅੰਤਰੁ ਨਹੀ ਭਾਲੇ ॥ ਮਾਇਆ ਮੋਹਿ ਬਧਾ ਜਮਕਾਲੇ ॥ ਜਮ ਕੀ ਫਾਸੀ ਕਬਹੂ ਨ ਤੂਟੈ ਦੂਜੈ ਭਾਇ ਭਰਮਾਇਦਾ ॥੧੧॥ ਜਪੁ ਤਪੁ ਸੰਜਮੁ ਹੋਰੁ ਕੋਈ ਨਾਹੀ ॥ ਜਬ ਲਗੁ ਗੁਰ ਕਾ ਸਬਦੁ ਨ ਕਮਾਹੀ ॥ ਗੁਰ ਕੈ ਸਬਦਿ ਮਿਲਿਆ ਸਚੁ ਪਾਇਆ ਸਚੇ ਸਚਿ ਸਮਾਇਦਾ ॥੧੨॥ {ਪੰਨਾ 1060}

ਪਦ ਅਰਥ: ਸਚੈ ਸਬਦਿ = ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ। ਮਹਾ ਬਲ = ਬੜੇ (ਆਤਮਕ) ਬਲ ਵਾਲਾ। ਸੂਰਾ = ਸੂਰਮਾ, ਵਿਕਾਰਾਂ ਦਾ ਟਾਕਰਾ ਕਰਨ ਦੇ ਸਮਰੱਥ। ਦੇ = ਦੇਂਦਾ ਹੈ। ਸਾਚੇ ਸਿਉ = ਸਦਾ-ਥਿਰ ਪਰਮਾਤਮਾ ਨਾਲ।9।

ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ। ਨਿਧਾਨੁ = (ਸਭ ਸੁਖਾਂ ਦਾ) ਖ਼ਜ਼ਾਨਾ। ਰਸਨਾ = ਜੀਭ ਨਾਲ।10।

ਦਿਸੰਤਰੁ = {ਦੇਸ-ਅੰਤਰੁ} ਹੋਰ ਹੋਰ ਦੇਸ। ਭਵੈ = ਭੌਂਦਾ ਫਿਰਦਾ ਹੈ। ਅੰਤਰੁ = ਅੰਦਰਲਾ, ਹਿਰਦਾ। ਮੋਹਿ = ਮੋਹ ਵਿਚ। ਬਧਾ = ਬੱਧਾ, ਬੱਝਾ ਹੋਇਆ। ਜਮਕਾਲੇ = ਜਮ ਕਾਲਿ, ਆਤਮਕ ਮੌਤ ਵਿਚ। ਜਮ = ਮੌਤ, ਜਮਦੂਤ। ਜਮ ਕੀ ਫਾਸੀ = ਜਮਦੂਤਾਂ ਦੀ ਫਾਹੀ, ਜਨਮ ਮਰਨ ਦੇ ਗੇੜ। ਦੂਜੈ ਭਾਇ = ਮਾਇਆ ਦੇ ਮੋਹ ਵਿਚ (ਪੈ ਕੇ) ।11।

ਜਬ ਲਗੁ = ਜਦੋਂ ਤਕ। ਨ ਕਮਾਹੀ = ਨ ਕਮਾਹਿ, ਨਹੀਂ ਕਮਾਂਦੇ। ਸਬਦੁ ਨ ਕਮਾਹੀ = ਸ਼ਬਦ ਅਨੁਸਾਰ ਆਪਣਾ ਜੀਵਨ ਨਹੀਂ ਬਣਾਂਦੇ। ਸਬਦਿ = ਸ਼ਬਦ ਵਿਚ। ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ।12।

ਅਰਥ: ਹੇ ਭਾਈ! (ਪਰਮਾਤਮਾ) ਆਪ ਹੀ (ਮਨੁੱਖ ਨੂੰ) ਪੂਰਾ ਗੁਰੂ ਮਿਲਾਂਦਾ ਹੈ, ਤੇ, ਸਿਫ਼ਤਿ-ਸਾਲਾਹ ਵਾਲੇ ਸ਼ਬਦ ਵਿਚ ਜੋੜ ਕੇ (ਵਿਕਾਰਾਂ ਦੇ ਟਾਕਰੇ ਤੇ) ਆਤਮਕ ਬਲ ਵਾਲਾ ਸੂਰਮਾ ਬਣਾ ਦੇਂਦਾ ਹੈ। ਪ੍ਰਭੂ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ, (ਉਸ ਨੂੰ ਲੋਕ ਪਰਲੋਕ ਦੀ) ਇੱਜ਼ਤ ਦੇਂਦਾ ਹੈ। ਹੇ ਭਾਈ! (ਜਿਸ ਨੂੰ ਆਪਣੇ ਨਾਲ ਮਿਲਾਂਦਾ ਹੈ, ਉਹ ਮਨੁੱਖ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ (ਆਪਣਾ) ਚਿੱਤ ਜੋੜੀ ਰੱਖਦਾ ਹੈ।9।

ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਹਰੇਕ ਮਨੁੱਖ ਦੇ) ਹਿਰਦੇ ਘਰ ਵਿਚ ਹੀ ਵੱਸਦਾ ਹੈ, ਪਰ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ (ਇਹ ਭੇਤ) ਸਮਝਦਾ ਹੈ। (ਜਿਹੜਾ ਇਹ ਭੇਤ ਸਮਝ ਲੈਂਦਾ ਹੈ) ਉਸ ਦੇ ਹਿਰਦੇ ਵਿਚ (ਸਾਰੇ ਸੁਖਾਂ ਦਾ) ਖ਼ਜ਼ਾਨਾ ਹਰਿ-ਨਾਮ ਟਿਕਿਆ ਰਹਿੰਦਾ ਹੈ, ਉਹ ਮਨੁੱਖ ਆਪਣੀ ਜੀਭ ਨਾਲ ਹਰਿ-ਨਾਮ ਜਪਦਾ ਰਹਿੰਦਾ ਹੈ।10।

ਹੇ ਭਾਈ! (ਜਿਹੜਾ ਮਨੁੱਖ ਤਿਆਗ ਆਦਿਕ ਵਾਲਾ ਭੇਖ ਧਾਰ ਕੇ ਤੀਰਥ ਆਦਿਕ) ਹੋਰ ਹੋਰ ਥਾਂ ਭੌਂਦਾ ਫਿਰਦਾ ਹੈ, ਪਰ ਆਪਣੇ ਹਿਰਦੇ ਨੂੰ ਨਹੀਂ ਖੋਜਦਾ, ਉਹ ਮਨੁੱਖ ਮਾਇਆ ਦੇ ਮੋਹ ਵਿਚ ਬੱਝਾ ਰਹਿੰਦਾ ਹੈ, ਉਹ ਮਨੁੱਖ ਆਤਮਕ ਮੌਤ ਦੇ ਕਾਬੂ ਆਇਆ ਰਹਿੰਦਾ ਹੈ। ਉਸ ਦਾ ਜਨਮ ਮਰਨ ਦਾ ਗੇੜ ਕਦੇ ਨਹੀਂ ਮੁੱਕਦਾ, ਉਹ ਮਨੁੱਖ ਹੋਰ ਹੋਰ ਪਿਆਰ ਵਿਚ ਫਸ ਕੇ ਭਟਕਦਾ ਫਿਰਦਾ ਹੈ।11।

ਹੇ ਭਾਈ! ਜਦੋਂ ਤਕ ਮਨੁੱਖ ਗੁਰੂ ਦੇ ਸ਼ਬਦ ਦੇ (ਹਿਰਦੇ ਵਿਚ ਵਸਾਣ ਦੀ) ਕਮਾਈ ਨਹੀਂ ਕਰਦੇ, ਕੋਈ ਜਪ ਕੋਈ ਤਪ ਕੋਈ ਸੰਜਮ (ਇਸ ਜੀਵਨ-ਸਫ਼ਰ ਵਿਚ) ਹੋਰ ਕੋਈ ਭੀ ਉੱਦਮ ਉਹਨਾਂ ਦੀ ਸਹਾਇਤਾ ਨਹੀਂ ਕਰਦਾ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ, ਉਹ ਹਰ ਵੇਲੇ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ ਲੀਨ ਰਹਿੰਦਾ ਹੈ।12।

ਕਾਮ ਕਰੋਧੁ ਸਬਲ ਸੰਸਾਰਾ ॥ ਬਹੁ ਕਰਮ ਕਮਾਵਹਿ ਸਭੁ ਦੁਖ ਕਾ ਪਸਾਰਾ ॥ ਸਤਿਗੁਰ ਸੇਵਹਿ ਸੇ ਸੁਖੁ ਪਾਵਹਿ ਸਚੈ ਸਬਦਿ ਮਿਲਾਇਦਾ ॥੧੩॥ ਪਉਣੁ ਪਾਣੀ ਹੈ ਬੈਸੰਤਰੁ ॥ ਮਾਇਆ ਮੋਹੁ ਵਰਤੈ ਸਭ ਅੰਤਰਿ ॥ ਜਿਨਿ ਕੀਤੇ ਜਾ ਤਿਸੈ ਪਛਾਣਹਿ ਮਾਇਆ ਮੋਹੁ ਚੁਕਾਇਦਾ ॥੧੪॥ ਇਕਿ ਮਾਇਆ ਮੋਹਿ ਗਰਬਿ ਵਿਆਪੇ ॥ ਹਉਮੈ ਹੋਇ ਰਹੇ ਹੈ ਆਪੇ ॥ ਜਮਕਾਲੈ ਕੀ ਖਬਰਿ ਨ ਪਾਈ ਅੰਤਿ ਗਇਆ ਪਛੁਤਾਇਦਾ ॥੧੫॥ ਜਿਨਿ ਉਪਾਏ ਸੋ ਬਿਧਿ ਜਾਣੈ ॥ ਗੁਰਮੁਖਿ ਦੇਵੈ ਸਬਦੁ ਪਛਾਣੈ ॥ ਨਾਨਕ ਦਾਸੁ ਕਹੈ ਬੇਨੰਤੀ ਸਚਿ ਨਾਮਿ ਚਿਤੁ ਲਾਇਦਾ ॥੧੬॥੨॥੧੬॥ {ਪੰਨਾ 1060}

ਪਦ ਅਰਥ: ਸਬਲ = ਸ-ਬਲ, ਬਲ ਵਾਲੇ। ਸੰਸਾਰਾ = ਸੰਸਾਰਿ, ਸੰਸਾਰ ਵਿਚ। ਕਰਮ = (ਮਿਥੇ ਹੋਏ ਧਾਰਮਿਕ) ਕੰਮ। ਸਭੁ = ਸਾਰਾ (ਉੱਦਮ) । ਪਸਾਰਾ = ਖਿਲਾਰਾ। ਸੇਵਹਿ = ਸਰਨ ਪੈਂਦੇ ਹਨ {ਬਹੁ-ਵਚਨ}। ਸੁਖੁ = ਆਤਮਕ ਆਨੰਦ। ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ।13।

ਬੈਸੰਤਰੁ = ਅੱਗ। ਪਉਣੁ = ਹਵਾ। ਵਰਤੈ = ਪ੍ਰਭਾਵ ਪਾ ਰਿਹਾ ਹੈ। ਜਿਨਿ = ਜਿਸ ਪਰਮਾਤਮਾ ਨੇ। ਜਾ = ਜਦੋਂ। ਚੁਕਾਇਦਾ = ਦੂਰ ਕਰਦਾ ਹੈ।14।

ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਮੋਹਿ = ਮੋਹ ਵਿਚ। ਗਰਬਿ = ਅਹੰਕਾਰ ਵਿਚ। ਵਿਆਪੇ = ਫਸੇ ਹੋਏ। ਹੈ– ਹੈਂ। ਆਪੇ = ਆਪ ਹੀ। ਹਉਮੈ...ਹੈ– ਹਉਮੈ ਦਾ ਸਰੂਪ ਬਣੇ ਹੋਏ ਹਨ। ਜਮ ਕਾਲ = ਮੌਤ, ਆਤਮਕ ਮੌਤ। ਅੰਤਿ = ਅਖ਼ੀਰ ਵੇਲੇ।15।

ਜਿਨਿ = ਜਿਸ (ਪਰਮਾਤਮਾ) ਨੇ। ਬਿਧਿ = (ਆਤਮਕ ਮੌਤ ਤੋਂ ਬਚਾਣ ਦਾ) ਢੰਗ। ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪਾ ਕੇ। ਦੇਵੈ = ('ਬਿਧਿ') ਦੇਂਦਾ ਹੈ। ਸਬਦੁ ਪਛਾਣੈ = (ਉਹ ਮਨੁੱਖ) ਗੁਰ-ਸ਼ਬਦ ਨੂੰ ਪਛਾਣਦਾ ਹੈ। ਸਚਿ ਨਾਮਿ = ਸਦਾ-ਥਿਰ ਹਰਿ-ਨਾਮ ਵਿਚ। 16।

ਅਰਥ: ਹੇ ਭਾਈ! ਕਾਮ ਅਤੇ ਕ੍ਰੋਧ ਜਗਤ ਵਿਚ ਬੜੇ ਬਲੀ ਹਨ, (ਜੀਵ ਇਹਨਾਂ ਦੇ ਪ੍ਰਭਾਵ ਵਿਚ ਫਸੇ ਰਹਿੰਦੇ ਹਨ, ਪਰ ਦੁਨੀਆ ਨੂੰ ਪਤਿਆਉਣ ਦੀ ਖ਼ਾਤਰ ਤੀਰਥ-ਜਾਤ੍ਰਾ ਆਦਿਕ ਧਾਰਮਿਕ ਮਿਥੇ ਹੋਏ) ਅਨੇਕਾਂ ਕਰਮ (ਭੀ) ਕਰਦੇ ਹਨ। ਇਹ ਸਾਰਾ ਦੁੱਖਾਂ ਦਾ ਹੀ ਖਿਲਾਰਾ (ਬਣਿਆ ਰਹਿੰਦਾ) ਹੈ। ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ, (ਗੁਰੂ ਉਹਨਾਂ ਨੂੰ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਜੋੜਦਾ ਹੈ।13।

ਹੇ ਭਾਈ! (ਉਂਞ ਤਾਂ ਇਸ ਸਰੀਰ ਦੇ) ਹਵਾ, ਪਾਣੀ, ਅੱਗ (ਆਦਿਕ ਸਾਦਾ ਜਿਹੇ ਹੀ ਤੱਤ ਹਨ, ਪਰ) ਸਭ ਜੀਵਾਂ ਦੇ ਅੰਦਰ ਮਾਇਆ ਦਾ ਮੋਹ (ਆਪਣਾ) ਜ਼ੋਰ ਬਣਾਈ ਰੱਖਦਾ ਹੈ। ਜਦੋਂ (ਕੋਈ ਵਡ-ਭਾਗੀ) ਉਸ ਪਰਮਾਤਮਾ ਨਾਲ ਸਾਂਝ ਪਾਂਦੇ ਹਨ ਜਿਸ ਨੇ (ਉਹਨਾਂ ਨੂੰ) ਪੈਦਾ ਕੀਤਾ ਹੈ, ਤਾਂ (ਉਹ ਪਰਮਾਤਮਾ ਉਹਨਾਂ ਦੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ ਦੇਂਦਾ ਹੈ।14।

ਹੇ ਭਾਈ! ਕਈ (ਜੀਵ ਐਸੇ ਹਨ ਜੋ ਹਰ ਵੇਲੇ) ਮਾਇਆ ਦੇ ਮੋਹ ਵਿਚ ਅਹੰਕਾਰ ਵਿਚ ਗ੍ਰਸੇ ਰਹਿੰਦੇ ਹਨ, ਹਉਮੈ ਦਾ ਪੁਤਲਾ ਹੀ ਬਣੇ ਰਹਿੰਦੇ ਹਨ। (ਪਰ ਜਿਸ ਭੀ ਅਜਿਹੇ ਮਨੁੱਖ ਨੂੰ ਇਸ) ਆਤਮਕ ਮੌਤ ਦੀ ਸਮਝ ਨਹੀਂ ਪੈਂਦੀ, ਉਹ ਅੰਤ ਵੇਲੇ ਇੱਥੋਂ ਹੱਥ ਮਲਦਾ ਹੀ ਜਾਂਦਾ ਹੈ।15।

ਪਰ, ਹੇ ਭਾਈ! (ਜੀਵਾਂ ਦੇ ਭੀ ਕੀਹ ਵੱਸ?) ਜਿਸ ਪਰਮਾਤਮਾ ਨੇ (ਜੀਵ) ਪੈਦਾ ਕੀਤੇ ਹਨ ਉਹ ਹੀ (ਇਸ ਆਤਮਕ ਮੌਤ ਤੋਂ ਬਚਾਣ ਦਾ) ਢੰਗ ਜਾਣਦਾ ਹੈ। (ਉਹ ਇਹ ਸੂਝ ਜਿਸ ਜੀਵ ਨੂੰ) ਗੁਰੂ ਦੀ ਸਰਨ ਪਾ ਕੇ ਦੇਂਦਾ ਹੈ, ਉਹ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਲੈਂਦਾ ਹੈ। ਨਾਨਕ ਦਾਸ ਬੇਨਤੀ ਕਰਦਾ ਹੈ– ਹੇ ਭਾਈ! ਉਹ ਮਨੁੱਖ ਆਪਣਾ ਚਿੱਤ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ ਜੋੜੀ ਰੱਖਦਾ ਹੈ। 16।2। 16।

ਮਾਰੂ ਮਹਲਾ ੩ ॥ ਆਦਿ ਜੁਗਾਦਿ ਦਇਆਪਤਿ ਦਾਤਾ ॥ ਪੂਰੇ ਗੁਰ ਕੈ ਸਬਦਿ ਪਛਾਤਾ ॥ ਤੁਧੁਨੋ ਸੇਵਹਿ ਸੇ ਤੁਝਹਿ ਸਮਾਵਹਿ ਤੂ ਆਪੇ ਮੇਲਿ ਮਿਲਾਇਦਾ ॥੧॥ ਅਗਮ ਅਗੋਚਰੁ ਕੀਮਤਿ ਨਹੀ ਪਾਈ ॥ ਜੀਅ ਜੰਤ ਤੇਰੀ ਸਰਣਾਈ ॥ ਜਿਉ ਤੁਧੁ ਭਾਵੈ ਤਿਵੈ ਚਲਾਵਹਿ ਤੂ ਆਪੇ ਮਾਰਗਿ ਪਾਇਦਾ ॥੨॥ ਹੈ ਭੀ ਸਾਚਾ ਹੋਸੀ ਸੋਈ ॥ ਆਪੇ ਸਾਜੇ ਅਵਰੁ ਨ ਕੋਈ ॥ ਸਭਨਾ ਸਾਰ ਕਰੇ ਸੁਖਦਾਤਾ ਆਪੇ ਰਿਜਕੁ ਪਹੁਚਾਇਦਾ ॥੩॥ ਅਗਮ ਅਗੋਚਰੁ ਅਲਖ ਅਪਾਰਾ ॥ ਕੋਇ ਨ ਜਾਣੈ ਤੇਰਾ ਪਰਵਾਰਾ ॥ ਆਪਣਾ ਆਪੁ ਪਛਾਣਹਿ ਆਪੇ ਗੁਰਮਤੀ ਆਪਿ ਬੁਝਾਇਦਾ ॥੪॥ {ਪੰਨਾ 1060}

ਪਦ ਅਰਥ: ਆਦਿ = (ਜਗਤ ਦੇ) ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ। ਗੁਰ ਕੈ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸੇਵਹਿ = ਸੇਵਾ-ਭਗਤੀ ਕਰਦੇ ਹਨ। ਸੇ = ਉਹ {ਬਹੁ-ਵਚਨ}। ਤੁਝਹਿ = ਤੇਰੇ ਵਿਚ। ਆਪੇ = ਆਪ ਹੀ। ਮੇਲਿ = ਮਿਲ ਕੇ।1।

ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਭਾਵੈ = ਚੰਗਾ ਲੱਗਦਾ ਹੈ। ਮਾਰਗਿ = (ਸਹੀ ਜੀਵਨ-) ਰਸਤੇ ਉੱਤੇ।2।

ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਹੋਸੀ = ਕਾਇਮ ਰਹੇਗਾ। ਸਾਜੇ = ਪੈਦਾ ਕਰਦਾ ਹੈ। ਅਵਰੁ = ਹੋਰ। ਸਾਰ = ਸੰਭਾਲ। ਪਹੁਚਾਇਦਾ = ਅਪੜਾਂਦਾ ਹੈ।3।

ਅਲਖ = ਜਿਸ ਦਾ ਸਹੀ ਸਰੂਪ ਬਿਆਨ ਨ ਕੀਤਾ ਜਾ ਸਕੇ। ਪਰਵਾਰਾ = ਪੈਦਾ ਕੀਤੇ ਹੋਏ ਜੀਅ ਜੰਤ। ਆਪੁ = {ਕਰਮ ਕਾਰਕ, ਇਕ-ਵਚਨ}। ਬੁਝਾਇਦਾ = ਸੂਝ ਦੇਂਦਾ ਹੈਂ।4।

ਅਰਥ: ਹੇ ਪ੍ਰਭੂ! ਤੂੰ (ਜਗਤ ਦੇ) ਸ਼ੁਰੂ ਤੋਂ, ਜੁਗਾਂ ਦੇ ਸ਼ੁਰੂ ਤੋਂ ਦਇਆ ਦਾ ਮਾਲਕ ਹੈਂ (ਸਾਰੇ ਸੁਖ ਪਦਾਰਥ) ਦੇਣ ਵਾਲਾ ਹੈਂ। ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ ਤੇਰੇ ਨਾਲ ਜਾਣ-ਪਛਾਣ ਬਣ ਸਕਦੀ ਹੈ। ਜਿਹੜੇ ਮਨੁੱਖ ਤੇਰੀ ਸੇਵਾ-ਭਗਤੀ ਕਰਦੇ ਹਨ, ਉਹ ਤੇਰੇ (ਚਰਨਾਂ) ਵਿਚ ਲੀਨ ਰਹਿੰਦੇ ਹਨ। ਤੂੰ ਆਪ ਹੀ (ਉਹਨਾਂ ਨੂੰ ਗੁਰੂ ਨਾਲ) ਮਿਲਾ ਕੇ (ਆਪਣੇ ਨਾਲ) ਮਿਲਾਂਦਾ ਹੈਂ।1।

ਹੇ ਪ੍ਰਭੂ! ਤੂੰ ਅਪਹੁੰਚ ਹੈਂ, ਗਿਆਨ ਇੰਦ੍ਰਿਆਂ ਦੀ ਰਾਹੀਂ ਤੇਰੀ ਸੂਝ ਨਹੀਂ ਪੈ ਸਕਦੀ, ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੇਰੀ ਪ੍ਰਾਪਤੀ ਨਹੀਂ ਹੋ ਸਕਦੀ) । ਸਾਰੇ ਜੀਅ ਜੰਤ ਤੇਰੇ ਹੀ ਆਸਰੇ ਹਨ। ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤੂੰ ਜੀਵਾਂ ਨੂੰ ਕਾਰੇ ਲਾਂਦਾ ਹੈਂ, ਤੂੰ ਆਪ ਹੀ (ਜੀਵਾਂ ਨੂੰ) ਸਹੀ ਜੀਵਨ-ਰਾਹ ਉਤੇ ਤੋਰਦਾ ਹੈਂ।2।

ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਇਸ ਵੇਲੇ ਭੀ ਮੌਜੂਦ ਹੈ, ਉਹ ਸਦਾ ਕਾਇਮ ਰਹੇਗਾ। ਉਹ ਆਪ ਹੀ (ਸ੍ਰਿਸ਼ਟੀ) ਪੈਦਾ ਕਰਦਾ ਹੈ, (ਉਸ ਤੋਂ ਬਿਨਾ ਪੈਦਾ ਕਰਨ ਵਾਲਾ) ਕੋਈ ਹੋਰ ਨਹੀਂ ਹੈ। ਉਹ ਸਾਰੇ ਸੁਖ ਦੇਣ ਵਾਲਾ ਪਰਮਾਤਮਾ ਆਪ ਹੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ, ਉਹ ਆਪ ਹੀ ਸਭ ਨੂੰ ਰਿਜ਼ਕ ਅਪੜਾਂਦਾ ਹੈ।3।

ਹੇ ਪ੍ਰਭੂ! ਤੂੰ ਅਪਹੁੰਚ ਹੈਂ, ਤੂੰ ਅਗੋਚਰ ਹੈਂ, ਤੂੰ ਅਲੱਖ ਹੈਂ, ਤੂੰ ਬੇਅੰਤ ਹੈਂ। ਕੋਈ ਭੀ ਜਾਣ ਨਹੀਂ ਸਕਦਾ ਕਿ ਤੇਰਾ ਕੇਡਾ ਵੱਡਾ ਪਰਵਾਰ ਹੈ। ਆਪਣੇ ਆਪ ਨੂੰ (ਆਪਣੀ ਬਜ਼ੁਰਗੀ ਨੂੰ) ਤੂੰ ਆਪ ਹੀ ਸਮਝਦਾ ਹੈਂ, ਗੁਰੂ ਦੀ ਮਤਿ ਦੇ ਕੇ ਤੂੰ ਆਪ ਹੀ (ਜੀਵਾਂ ਨੂੰ ਸਹੀ ਜੀਵਨ-ਰਸਤਾ) ਸਮਝਾਂਦਾ ਹੈਂ।4।

TOP OF PAGE

Sri Guru Granth Darpan, by Professor Sahib Singh