ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1061

ਪਾਤਾਲ ਪੁਰੀਆ ਲੋਅ ਆਕਾਰਾ ॥ ਤਿਸੁ ਵਿਚਿ ਵਰਤੈ ਹੁਕਮੁ ਕਰਾਰਾ ॥ ਹੁਕਮੇ ਸਾਜੇ ਹੁਕਮੇ ਢਾਹੇ ਹੁਕਮੇ ਮੇਲਿ ਮਿਲਾਇਦਾ ॥੫॥ ਹੁਕਮੈ ਬੂਝੈ ਸੁ ਹੁਕਮੁ ਸਲਾਹੇ ॥ ਅਗਮ ਅਗੋਚਰ ਵੇਪਰਵਾਹੇ ॥ ਜੇਹੀ ਮਤਿ ਦੇਹਿ ਸੋ ਹੋਵੈ ਤੂ ਆਪੇ ਸਬਦਿ ਬੁਝਾਇਦਾ ॥੬॥ ਅਨਦਿਨੁ ਆਰਜਾ ਛਿਜਦੀ ਜਾਏ ॥ ਰੈਣਿ ਦਿਨਸੁ ਦੁਇ ਸਾਖੀ ਆਏ ॥ ਮਨਮੁਖੁ ਅੰਧੁ ਨ ਚੇਤੈ ਮੂੜਾ ਸਿਰ ਊਪਰਿ ਕਾਲੁ ਰੂਆਇਦਾ ॥੭॥ ਮਨੁ ਤਨੁ ਸੀਤਲੁ ਗੁਰ ਚਰਣੀ ਲਾਗਾ ॥ ਅੰਤਰਿ ਭਰਮੁ ਗਇਆ ਭਉ ਭਾਗਾ ॥ ਸਦਾ ਅਨੰਦੁ ਸਚੇ ਗੁਣ ਗਾਵਹਿ ਸਚੁ ਬਾਣੀ ਬੋਲਾਇਦਾ ॥੮॥ {ਪੰਨਾ 1061}

ਪਦ ਅਰਥ: ਲੋਅ = {ਲਫ਼ਜ਼ 'ਲੋਕੁ' ਤੋਂ ਬਹੁ-ਵਚਨ ਅਤੇ ਪ੍ਰਾਕ੍ਰਿਤ ਰੂਪ} ਅਨੇਕਾਂ ਮੰਡਲ। ਆਕਾਰਾ = ਇਹ ਸਾਰਾ ਦਿੱਸਦਾ ਜਗਤ। ਤਿਸੁ ਵਿਚਿ = ਇਸ ਸਾਰੇ ਦਿੱਸਦੇ ਜਗਤ ਵਿਚ {ਲਫ਼ਜ਼ 'ਤਿਸੁ' ਇਕ-ਵਚਨ}। ਵਰਤੈ = ਕੰਮ ਕਰ ਰਿਹਾ ਹੈ। ਕਰਾਰਾ = ਸਖ਼ਤ, ਕਰੜਾ। ਹੁਕਮੇ = ਹੁਕਮ ਵਿਚ ਹੀ। ਮੇਲਿ = (ਗੁਰੂ ਨਾਲ) ਮੇਲ ਕੇ।5।

ਸੁ = ਉਹ {ਇਕ-ਵਚਨ}। ਸਲਾਹੇ = ਸਲਾਹੁੰਦਾ ਹੈ, ਵਡਿਆਉਂਦਾ ਹੈ। ਅਗਮ = ਹੇ ਅਪਹੁੰਚ! ਅਗੋਚਰ = ਹੇ ਅਗੋਚਰ! ਦੇਹਿ = ਤੂੰ ਦੇਂਦਾ ਹੈਂ। ਸਬਦਿ = ਸ਼ਬਦ ਦੀ ਰਾਹੀਂ।6।

ਅਨਦਿਨੁ = {Anuidnwz} ਹਰ ਰੋਜ਼, ਹਰ ਵੇਲੇ। ਆਰਜਾ = ਉਮਰ। ਛਿਜਦੀ = ਘਟਦੀ। ਰੈਣਿ = ਰਾਤ। ਦੁਇ = ਦੋਵੇਂ। ਸਾਖੀ = ਗਵਾਹ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਅੰਧੁ = (ਮਾਇਆ ਦੇ ਮੋਹ ਵਿਚ) ਅੰਨ੍ਹਾ। ਮੂੜਾ = ਮੂਰਖ। ਰੂਆਇਦਾ = ਰੁਆਉਂਦਾ, ਸਹਮ ਪਾ ਰਿਹਾ, ਗੱਜਦਾ ਹੈ।7।

ਸੀਤਲੁ = ਸਾਂਤ। ਚਰਣੀ = ਚਰਣੀਂ, ਚਰਨਾਂ ਵਿਚ। ਭਰਮੁ = ਭਟਕਣਾ। ਸਚੇ ਗੁਣ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਗੁਣ। ਗਾਵਹਿ = ਗਾਂਦੇ ਹਨ {ਬਹੁ-ਵਚਨ}। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ।8।

ਅਰਥ: ਹੇ ਭਾਈ! (ਅਨੇਕਾਂ) ਪਾਤਾਲ, (ਅਨੇਕਾਂ) ਪੁਰੀਆਂ, (ਅਨੇਕਾਂ) ਮੰਡਲ = ਇਹ ਸਾਰਾ ਦਿੱਸਦਾ ਜਗਤ (ਪਰਮਾਤਮਾ ਦਾ ਪੈਦਾ ਕੀਤਾ ਹੋਇਆ ਹੈ) , ਇਸ ਵਿਚ ਪਰਮਾਤਮਾ ਦਾ ਕਰੜਾ ਹੁਕਮ ਜਗਤ ਦੀ ਕਾਰ ਚਲਾ ਰਿਹਾ ਹੈ। (ਇਸ ਸਾਰੇ ਜਗਤ ਨੂੰ ਪਰਮਾਤਮਾ ਆਪਣੇ) ਹੁਕਮ ਵਿਚ ਪੈਦਾ ਕਰਦਾ ਹੈ, ਹੁਕਮ ਵਿਚ ਹੀ ਢਾਹੁੰਦਾ ਹੈ। ਹੁਕਮ ਅਨੁਸਾਰ ਹੀ (ਜੀਵਾਂ ਨੂੰ ਗੁਰੂ ਨਾਲ) ਮੇਲ ਕੇ (ਆਪਣੇ ਚਰਨਾਂ ਵਿਚ) ਜੋੜਦਾ ਹੈ।5।

ਹੇ ਅਪਹੁੰਚ! ਹੇ ਅਗੋਚਰ! ਹੇ ਵੇ-ਪਰਵਾਹ! ਜਿਹੜਾ ਮਨੁੱਖ ਤੇਰੇ ਹੁਕਮ ਨੂੰ ਸਮਝ ਲੈਂਦਾ ਹੈ, ਉਹ ਉਸ ਹੁਕਮ ਦੀ ਸੋਭਾ ਕਰਦਾ ਹੈ। ਹੇ ਪ੍ਰਭੂ! ਤੂੰ ਜਿਹੋ ਜਿਹੀ ਮਤਿ (ਕਿਸੇ ਮਨੁੱਖ ਨੂੰ) ਦੇਂਦਾ ਹੈਂ, ਉਹ ਉਹੋ ਜਿਹਾ ਬਣ ਜਾਂਦਾ ਹੈ। ਤੂੰ ਆਪ ਹੀ ਗੁਰੂ ਦੇ ਸ਼ਬਦ ਵਿਚ (ਮਨੁੱਖ ਨੂੰ ਜੋੜ ਕੇ ਉਸ ਨੂੰ ਆਪਣੇ ਹੁਕਮ ਦੀ) ਸੂਝ ਬਖ਼ਸ਼ਦਾ ਹੈਂ।6।

ਹੇ ਭਾਈ! ਹਰ ਰੋਜ਼ ਹਰ ਵੇਲੇ ਮਨੁੱਖ ਦੀ ਉਮਰ ਘਟਦੀ ਜਾਂਦੀ ਹੈ, ਰਾਤ ਅਤੇ ਦਿਨ ਇਹ ਦੋਵੇਂ ਇਸ ਗੱਲ ਦੇ ਗਵਾਹ ਹਨ (ਜਿਹੜਾ ਦਿਨ ਰਾਤ ਲੰਘ ਜਾਂਦਾ ਹੈ, ਉਹ ਵਾਪਸ ਉਮਰ ਵਿਚ ਨਹੀਂ ਆ ਸਕਦਾ) । ਪਰ ਮਨ ਦਾ ਮੁਰੀਦ ਤੇ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮੂਰਖ ਮਨੁੱਖ (ਇਸ ਗੱਲ ਨੂੰ) ਚੇਤੇ ਨਹੀਂ ਕਰਦਾ। (ਉਧਰੋਂ) ਮੌਤ (ਦਾ ਨਗਾਰਾ) ਸਿਰ ਉੱਤੇ ਗੱਜਦਾ ਰਹਿੰਦਾ ਹੈ।7।

ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਚਰਨੀਂ ਲੱਗਦਾ ਹੈ, ਉਸ ਦਾ ਮਨ ਸ਼ਾਂਤ ਰਹਿੰਦਾ ਹੈ ਉਸ ਦਾ ਤਨ ਸ਼ਾਂਤ ਰਹਿੰਦਾ ਹੈ। ਉਸ ਦੇ ਅੰਦਰ (ਟਿਕੀ ਹੋਈ) ਭਟਕਣਾ ਦੂਰ ਹੋ ਜਾਂਦੀ ਹੈ, ਉਸ ਦਾ ਹਰੇਕ ਕਿਸਮ ਦਾ ਡਰ ਮੁੱਕ ਜਾਂਦਾ ਹੈ। ਹੇ ਭਾਈ! ਜਿਹੜੇ ਮਨੁੱਖ (ਗੁਰੂ ਦੀ ਕਿਰਪਾ ਨਾਲ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਨੂੰ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ। (ਪਰ ਜੀਵ ਦੇ ਵੱਸ ਦੀ ਗੱਲ ਨਹੀਂ) ਇਹ ਸਿਫ਼ਤਿ-ਸਾਲਾਹ ਦੀ ਬਾਣੀ ਭੀ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਆਪ ਹੀ) ਉਚਾਰਨ ਲਈ ਪ੍ਰੇਰਦਾ ਹੈ।8।

ਜਿਨਿ ਤੂ ਜਾਤਾ ਕਰਮ ਬਿਧਾਤਾ ॥ ਪੂਰੈ ਭਾਗਿ ਗੁਰ ਸਬਦਿ ਪਛਾਤਾ ॥ ਜਤਿ ਪਤਿ ਸਚੁ ਸਚਾ ਸਚੁ ਸੋਈ ਹਉਮੈ ਮਾਰਿ ਮਿਲਾਇਦਾ ॥੯॥ ਮਨੁ ਕਠੋਰੁ ਦੂਜੈ ਭਾਇ ਲਾਗਾ ॥ ਭਰਮੇ ਭੂਲਾ ਫਿਰੈ ਅਭਾਗਾ ॥ ਕਰਮੁ ਹੋਵੈ ਤਾ ਸਤਿਗੁਰੁ ਸੇਵੇ ਸਹਜੇ ਹੀ ਸੁਖੁ ਪਾਇਦਾ ॥੧੦॥ ਲਖ ਚਉਰਾਸੀਹ ਆਪਿ ਉਪਾਏ ॥ ਮਾਨਸ ਜਨਮਿ ਗੁਰ ਭਗਤਿ ਦ੍ਰਿੜਾਏ ॥ ਬਿਨੁ ਭਗਤੀ ਬਿਸਟਾ ਵਿਚਿ ਵਾਸਾ ਬਿਸਟਾ ਵਿਚਿ ਫਿਰਿ ਪਾਇਦਾ ॥੧੧॥ ਕਰਮੁ ਹੋਵੈ ਗੁਰੁ ਭਗਤਿ ਦ੍ਰਿੜਾਏ ॥ ਵਿਣੁ ਕਰਮਾ ਕਿਉ ਪਾਇਆ ਜਾਏ ॥ ਆਪੇ ਕਰੇ ਕਰਾਏ ਕਰਤਾ ਜਿਉ ਭਾਵੈ ਤਿਵੈ ਚਲਾਇਦਾ ॥੧੨॥ {ਪੰਨਾ 1061}

ਪਦ ਅਰਥ: ਤੂ = ਤੈਨੂੰ। ਜਿਨਿ = ਜਿਸ (ਮਨੁੱਖ) ਨੇ। ਤੂ ਜਾਤਾ = ਤੇਰੇ ਨਾਲ ਸਾਂਝ ਪਾ ਲਈ। ਕਰਮ ਬਿਧਾਤਾ = ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ। ਪੂਰੈ ਭਾਗਿ = ਵੱਡੀ ਕਿਸਮਤ ਨਾਲ। ਸਬਦਿ = ਸ਼ਬਦ ਦੀ ਰਾਹੀਂ। ਜਤਿ ਪਤਿ = ਜਾਤਿ ਪਾਤਿ। ਸਚੁ ਸਚਾ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਮਾਰਿ = ਮਾਰ ਕੇ।9।

ਕਠੋਰੁ = ਸਖ਼ਤ, ਨਿਰਦਈ, ਅਭਿੱਜ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਭਰਮੈ = ਭਟਕਣਾ ਵਿਚ ਪੈ ਕੇ। ਭੂਲਾ = ਕੁਰਾਹੇ ਪਿਆ ਹੋਇਆ। ਕਰਮੁ = ਮਿਹਰ, ਬਖ਼ਸ਼ਸ਼। ਸਹਜੇ = ਆਤਮਕ ਅਡੋਲਤਾ ਵਿਚ। ਸੁਖੁ = ਆਤਮਕ ਆਨੰਦ।10।

ਜਨਮਿ = ਜਨਮ ਵਿਚ। ਦ੍ਰਿੜਾਏ = ਹਿਰਦੇ ਵਿਚ ਪੱਕੀ ਕਰਦਾ ਹੈ।11।

ਕਰਮੁ = ਮਿਹਰ। ਵਿਣੁ ਕਰਮਾ = ਮਿਹਰ ਤੋਂ ਬਿਨਾ।12।

ਅਰਥ: ਹੇ ਪ੍ਰਭੂ! ਤੂੰ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈਂ। ਜਿਸ (ਮਨੁੱਖ) ਨੇ ਤੇਰੇ ਨਾਲ ਸਾਂਝ ਪਾ ਲਈ, ਵੱਡੀ ਕਿਸਮਤ ਨਾਲ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਨੇ ਤੈਨੂੰ (ਹਰ ਥਾਂ ਵੱਸਦਾ) ਪਛਾਣ ਲਿਆ। ਹੇ ਭਾਈ! ਜਿਸ ਮਨੁੱਖ ਦੀ ਹਉਮੈ ਮਾਰ ਕੇ ਸਦਾ-ਥਿਰ ਪ੍ਰਭੂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਉਸ ਦੀ ਜਾਤਿ ਉਹ ਆਪ ਬਣ ਜਾਂਦਾ ਹੈ, ਉਸ ਦੀ ਕੁਲ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਬਣ ਜਾਂਦਾ ਹੈ।9।

ਹੇ ਭਾਈ! ਜਿਹੜਾ ਮਨੁੱਖ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਉਸ ਦਾ ਮਨ ਕਠੋਰ ਟਿਕਿਆ ਰਹਿੰਦਾ ਹੈ, ਉਹ ਮੰਦ-ਭਾਗੀ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ। ਜਦੋਂ ਉਸ ਉਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ, ਤਦੋਂ ਉਹ ਗੁਰੂ ਦੀ ਸਰਨ ਪੈਂਦਾ ਹੈ, ਤੇ, ਆਤਮਕ ਅਡੋਲਤਾ ਵਿਚ ਟਿਕਿਆ ਰਹਿ ਕੇ ਆਤਮਕ ਆਨੰਦ ਮਾਣਦਾ ਹੈ।10।

ਹੇ ਭਾਈ! ਚੌਰਾਸੀ ਲੱਖ ਜੂਨਾਂ ਦੇ ਜੀਵ (ਪਰਮਾਤਮਾ ਨੇ) ਆਪ ਪੈਦਾ ਕੀਤੇ ਹਨ, (ਉਸ ਦੀ ਮਿਹਰ ਨਾਲ ਹੀ) ਮਨੁੱਖਾ ਜਨਮ ਵਿਚ ਗੁਰੂ ਜੀਵ ਦੇ ਅੰਦਰ ਪਰਮਾਤਮਾ ਦੀ ਭਗਤੀ ਪੱਕੀ ਕਰਦਾ ਹੈ। ਭਗਤੀ ਤੋਂ ਬਿਨਾ ਜੀਵ ਦਾ ਨਿਵਾਸ ਵਿਕਾਰਾਂ ਦੇ ਗੰਦ ਵਿਚ ਰਹਿੰਦਾ ਹੈ, ਤੇ, ਮੁੜ ਮੁੜ ਵਿਕਾਰਾਂ ਦੇ ਗੰਦ ਵਿਚ ਹੀ ਪਾਇਆ ਜਾਂਦਾ ਹੈ।11।

ਹੇ ਭਾਈ! ਜਦੋਂ ਪਰਮਾਤਮਾ ਦੀ ਮਿਹਰ ਹੁੰਦੀ ਹੈ, ਗੁਰੂ (ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਭਗਤੀ ਪੱਕੀ ਕਰਦਾ ਹੈ। ਪ੍ਰਭੂ ਦੀ ਬਖ਼ਸ਼ਸ਼ ਤੋਂ ਬਿਨਾ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ। (ਪਰ ਜੀਵਾਂ ਦੇ ਕੀਹ ਵੱਸ?) ਪਰਮਾਤਮਾ ਆਪ ਹੀ (ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ। ਜਿਵੇਂ ਉਸ ਦੀ ਰਜ਼ਾ ਹੁੰਦੀ ਹੈ, ਤਿਵੇਂ ਜੀਵਾਂ ਨੂੰ ਤੋਰਦਾ ਹੈ।12।

ਸਿਮ੍ਰਿਤਿ ਸਾਸਤ ਅੰਤੁ ਨ ਜਾਣੈ ॥ ਮੂਰਖੁ ਅੰਧਾ ਤਤੁ ਨ ਪਛਾਣੈ ॥ ਆਪੇ ਕਰੇ ਕਰਾਏ ਕਰਤਾ ਆਪੇ ਭਰਮਿ ਭੁਲਾਇਦਾ ॥੧੩॥ ਸਭੁ ਕਿਛੁ ਆਪੇ ਆਪਿ ਕਰਾਏ ॥ ਆਪੇ ਸਿਰਿ ਸਿਰਿ ਧੰਧੈ ਲਾਏ ॥ ਆਪੇ ਥਾਪਿ ਉਥਾਪੇ ਵੇਖੈ ਗੁਰਮੁਖਿ ਆਪਿ ਬੁਝਾਇਦਾ ॥੧੪॥ ਸਚਾ ਸਾਹਿਬੁ ਗਹਿਰ ਗੰਭੀਰਾ ॥ ਸਦਾ ਸਲਾਹੀ ਤਾ ਮਨੁ ਧੀਰਾ ॥ ਅਗਮ ਅਗੋਚਰੁ ਕੀਮਤਿ ਨਹੀ ਪਾਈ ਗੁਰਮੁਖਿ ਮੰਨਿ ਵਸਾਇਦਾ ॥੧੫॥ ਆਪਿ ਨਿਰਾਲਮੁ ਹੋਰ ਧੰਧੈ ਲੋਈ ॥ ਗੁਰ ਪਰਸਾਦੀ ਬੂਝੈ ਕੋਈ ॥ ਨਾਨਕ ਨਾਮੁ ਵਸੈ ਘਟ ਅੰਤਰਿ ਗੁਰਮਤੀ ਮੇਲਿ ਮਿਲਾਇਦਾ ॥੧੬॥੩॥੧੭॥ {ਪੰਨਾ 1061}

ਪਦ ਅਰਥ: ਨ ਜਾਣੈ = ਨਹੀਂ ਜਾਣਦਾ {ਇਕ-ਵਚਨ}। ਅੰਤੁ = (ਪ੍ਰਭੂ ਨੂੰ ਮਿਲਣ ਦਾ) ਭੇਤ। ਸਿਮ੍ਰਿਤਿ ਸਾਸਤ = ਸਿੰਮ੍ਰਿਤੀਆਂ ਸ਼ਾਸਤ੍ਰਾਂ (ਦੇ ਦੱਸੇ ਕਰਮ-ਕਾਂਡ) ਦੀ ਰਾਹੀਂ। ਤਤੁ = ਅਸਲੀਅਤ। ਭਰਮਿ = ਭਟਕਣਾ ਵਿਚ (ਪਾ ਕੇ) । ਭੁਲਾਇਦਾ = ਕੁਰਾਹੇ ਪਾਂਦਾ ਹੈ।13।

ਆਪੇ ਆਪਿ = ਪ੍ਰਭੂ ਆਪ ਹੀ ਆਪ। ਸਿਰਿ ਸਿਰਿ = ਹਰੇਕ ਦੇ ਸਿਰ ਉਤੇ (ਲਿਖੇ ਲੇਖਾਂ ਅਨੁਸਾਰ) । ਥਾਪਿ = ਪੈਦਾ ਕਰ ਕੇ। ਉਥਾਪੇ = ਨਾਸ ਕਰਦਾ ਹੈ। ਵੇਖੈ = ਸੰਭਾਲ ਕਰਦਾ ਹੈ। ਗੁਰਮੁਖਿ = ਗੁਰੂ ਦੀ ਰਾਹੀਂ।14।

ਸਚਾ = ਸਦਾ ਕਾਇਮ ਰਹਿਣ ਵਾਲਾ। ਗਹਿਰ = ਅਥਾਹ। ਗੰਭੀਰਾ = ਵੱਡੇ ਜਿਗਰੇ ਵਾਲਾ। ਸਾਲਾਹੀ = ਸਿਫ਼ਤਿ-ਸਾਲਾਹ ਕਰਾਂ। ਧੀਰਾ = ਧੀਰਜ ਵਾਲਾ। ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਮੰਨਿ = ਮਨਿ, ਮਨ ਵਿਚ।15।

ਨਿਰਾਲਮੁ = ਨਿਰਲੇਪ। ਧੰਧੈ = ਮਾਇਆ ਦੇ ਖਲਜਗਨ ਵਿਚ। ਲੋਈ = ਲੁਕਾਈ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਘਟ ਅੰਤਰਿ = ਹਿਰਦੇ ਵਿਚ। ਨਾਨਕ = ਹੇ ਨਾਨਕ! ਮੇਲਿ = ਮੇਲ ਕੇ। 16।

ਅਰਥ: ਹੇ ਭਾਈ! ਸਿੰਮ੍ਰਿਤੀਆਂ ਸ਼ਾਸਤ੍ਰਾਂ (ਦੇ ਦੱਸੇ ਕਰਮ-ਕਾਂਡ) ਦੀ ਰਾਹੀਂ ਮਨੁੱਖ (ਪ੍ਰਭੂ ਦੇ ਮਿਲਾਪ ਦਾ) ਭੇਤ ਨਹੀਂ ਜਾਣ ਸਕਦਾ। (ਕਰਮ-ਕਾਂਡ ਵਿਚ ਹੀ ਫਸਿਆ) ਅੰਨ੍ਹਾ ਮੂਰਖ ਮਨੁੱਖ ਅਸਲੀਅਤ ਨਹੀਂ ਸਮਝ ਸਕਦਾ। (ਪਰ ਇਸ ਦੇ ਭੀ ਕੀਹ ਵੱਸ?) ਕਰਤਾਰ ਆਪ ਹੀ ਸਭ ਕੁਝ ਕਰਦਾ ਕਰਾਂਦਾ ਹੈ, ਆਪ ਹੀ ਭਟਕਣਾ ਵਿਚ ਪਾ ਕੇ ਕੁਰਾਹੇ ਪਾਈ ਰੱਖਦਾ ਹੈ।13।

ਹੇ ਭਾਈ! ਪਰਮਾਤਮਾ ਆਪ ਹੀ ਆਪ (ਜੀਵਾਂ ਪਾਸੋਂ) ਸਭ ਕੁਝ ਕਰਾਂਦਾ ਹੈ, ਹਰੇਕ ਜੀਵ ਦੇ ਸਿਰ ਉਤੇ ਲਿਖੇ ਲੇਖ ਅਨੁਸਾਰ ਪ੍ਰਭੂ ਆਪ ਹੀ ਹਰੇਕ ਨੂੰ ਮਾਇਆ ਵਾਲੀ ਦੌੜ-ਭੱਜ ਵਿਚ ਲਾਈ ਰੱਖਦਾ ਹੈ। ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ, ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਗੁਰੂ ਦੀ ਸਰਨ ਪਾ ਕੇ ਆਪ ਹੀ (ਸਹੀ ਜੀਵਨ-ਰਾਹ ਦੀ) ਸੋਝੀ ਦੇਂਦਾ ਹੈ।14।

ਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਅਥਾਹ ਹੈ, ਵੱਡੇ ਜਿਗਰੇ ਵਾਲਾ ਹੈ। ਜਦੋਂ ਮੈਂ ਸਦਾ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹਾਂ, ਤਾਂ ਮੇਰਾ ਮਨ ਧੀਰਜ ਵਾਲਾ ਰਹਿੰਦਾ ਹੈ। ਹੇ ਭਾਈ! ਉਸ ਅਪਹੁੰਚ ਤੇ ਅਗੋਚਰ ਪਰਮਾਤਮਾ ਦਾ ਮੁੱਲ ਨਹੀਂ ਪਾਇਆ ਜਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਉਹ ਮਿਲ ਨਹੀਂ ਸਕਦਾ) । ਗੁਰੂ ਦੀ ਸਰਨ ਪਾ ਕੇ (ਆਪਣਾ ਨਾਮ ਮਨੁੱਖ ਦੇ) ਮਨ ਵਿਚ ਵਸਾਂਦਾ ਹੈ।15।

ਹੇ ਭਾਈ! ਪਰਮਾਤਮਾ ਆਪ ਨਿਰਲੇਪ ਹੈ, ਹੋਰ ਸਾਰੀ ਲੁਕਾਈ ਮਾਇਆ ਦੀ ਦੌੜ-ਭੱਜ ਵਿਚ ਖਚਿਤ ਰਹਿੰਦੀ ਹੈ। ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਦੀ ਰਾਹੀਂ (ਉਸ ਨਾਲ) ਸਾਂਝ ਪਾਂਦਾ ਹੈ। ਹੇ ਨਾਨਕ! (ਜਿਸ ਉਤੇ ਗੁਰੂ ਦੀ ਕਿਰਪਾ ਹੁੰਦੀ ਹੈ) ਉਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ। ਗੁਰੂ ਦੀ ਮਤਿ ਵਿਚ ਜੋੜ ਕੇ (ਪ੍ਰਭੂ ਮਨੁੱਖ ਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈ। 16।3। 17।

ਮਾਰੂ ਮਹਲਾ ੩ ॥ ਜੁਗ ਛਤੀਹ ਕੀਓ ਗੁਬਾਰਾ ॥ ਤੂ ਆਪੇ ਜਾਣਹਿ ਸਿਰਜਣਹਾਰਾ ॥ ਹੋਰ ਕਿਆ ਕੋ ਕਹੈ ਕਿ ਆਖਿ ਵਖਾਣੈ ਤੂ ਆਪੇ ਕੀਮਤਿ ਪਾਇਦਾ ॥੧॥ ਓਅੰਕਾਰਿ ਸਭ ਸ੍ਰਿਸਟਿ ਉਪਾਈ ॥ ਸਭੁ ਖੇਲੁ ਤਮਾਸਾ ਤੇਰੀ ਵਡਿਆਈ ॥ ਆਪੇ ਵੇਕ ਕਰੇ ਸਭਿ ਸਾਚਾ ਆਪੇ ਭੰਨਿ ਘੜਾਇਦਾ ॥੨॥ ਬਾਜੀਗਰਿ ਇਕ ਬਾਜੀ ਪਾਈ ॥ ਪੂਰੇ ਗੁਰ ਤੇ ਨਦਰੀ ਆਈ ॥ ਸਦਾ ਅਲਿਪਤੁ ਰਹੈ ਗੁਰ ਸਬਦੀ ਸਾਚੇ ਸਿਉ ਚਿਤੁ ਲਾਇਦਾ ॥੩॥ ਬਾਜਹਿ ਬਾਜੇ ਧੁਨਿ ਆਕਾਰਾ ॥ ਆਪਿ ਵਜਾਏ ਵਜਾਵਣਹਾਰਾ ॥ ਘਟਿ ਘਟਿ ਪਉਣੁ ਵਹੈ ਇਕ ਰੰਗੀ ਮਿਲਿ ਪਵਣੈ ਸਭ ਵਜਾਇਦਾ ॥੪॥ {ਪੰਨਾ 1061}

ਪਦ ਅਰਥ: ਜੁਗ ਛਤੀਹ = ਛੱਤੀ ਜੁਗ, ਅਨੇਕਾਂ ਜੁਗ, ਬੇਅੰਤ ਸਮਾ। ਗੁਬਾਰਾ = ਘੁੱਪ ਹਨੇਰਾ, ਅਜਿਹੀ ਹਾਲਤ ਜੋ ਮਨੁੱਖ ਦੀ ਸਮਝ ਤੋਂ ਪਰੇ ਹੈ। ਸਿਰਜਣਹਾਰਾ = ਹੇ ਸਿਰਜਣਹਾਰ! ਕੋ = ਕੋਈ ਜੀਵ। ਹੋਰ ਕਿਆ ਕਹੈ– ਕੁਝ ਭੀ ਨਹੀਂ ਦੱਸ ਸਕਦਾ। ਆਖਿ = ਆਖ ਕੇ। ਕਿ ਵਖਾਣੈ = ਕੀਹ ਬਿਆਨ ਕਰੇ? ਕੁਝ ਭੀ ਬਿਆਨ ਨਹੀਂ ਕਰ ਸਕਦਾ।1।

ਓਅੰਕਾਰਿ = ਓਅੰਕਾਰ ਨੇ, ਪਰਮਾਤਮਾ ਨੇ। ਵੇਕ = ਵਖ ਵਖ। ਸਭਿ = ਸਾਰੇ। ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਭੰਨਿ = ਭੰਨ ਕੇ, ਨਾਸ ਕਰ ਕੇ।2।

ਬਾਜੀਗਰਿ = ਬਾਜੀਗਰ ਨੇ। ਬਾਜੀ ਪਾਈ = ਤਮਾਸ਼ਾ ਰਚਿਆ ਹੈ। ਤੇ = ਤੋਂ, ਪਾਸੋਂ। ਨਦਰੀ ਆਈ = ਦਿੱਸ ਪਈ। ਅਲਿਪਤੁ = ਨਿਰਲੇਪ। ਸਬਦੀ = ਸ਼ਬਦ ਦੀ ਰਾਹੀਂ। ਸਿਉ = ਨਾਲ।3।

ਆਕਾਰਾ = ਸਾਰੇ (ਦਿੱਸ ਰਹੇ) ਸਰੀਰ। ਬਾਜਹਿ = ਵੱਜ ਰਹੇ ਹਨ। ਧੁਨਿ = ਸੁਰ (ਨਾਲ) । ਘਟਿ ਘਟਿ = ਹਰੇਕ ਸਰੀਰ ਵਿਚ। ਪਉਣੁ = ਹਵਾ, ਸਾਹ। ਵਹੈ– ਚੱਲ ਰਿਹਾ ਹੈ। ਇਕ ਰੰਗੀ = ਇਕ-ਰਸ ਰਹਿਣ ਵਾਲੇ ਪਰਮਾਤਮਾ ਦੀ। ਮਿਲਿ = ਮਿਲ ਕੇ। ਪਵਣੈ = ਪਵਣ ਵਿਚ, ਸੁਆਸ ਵਿਚ।4।

ਅਰਥ: ਹੇ ਸਿਰਜਣਹਾਰ! (ਜਗਤ-ਰਚਨਾ ਤੋਂ ਪਹਿਲਾਂ) ਬੇਅੰਤ ਸਮਾ ਤੂੰ ਅਜਿਹੀ ਹਾਲਤ ਬਣਾਈ ਰੱਖੀ ਜੋ ਜੀਵਾਂ ਦੀ ਸਮਝ ਤੋਂ ਪਰੇ ਹੈ। ਤੂੰ ਆਪ ਹੀ ਜਾਣਦਾ ਹੈਂ (ਕਿ ਉਹ ਹਾਲਤ ਕੀਹ ਸੀ) । (ਉਸ ਗੁਬਾਰ ਦੀ ਬਾਬਤ) ਕੋਈ ਜੀਵ ਕੁਝ ਭੀ ਨਹੀਂ ਕਹਿ ਸਕਦਾ, ਕੋਈ ਜੀਵ ਆਖ ਕੇ ਕੁਝ ਭੀ ਨਹੀਂ ਬਿਆਨ ਕਰ ਸਕਦਾ। ਤੂੰ ਆਪ ਹੀ ਉਸ ਦੀ ਅਸਲੀਅਤ ਜਾਣਦਾ ਹੈਂ।1।

ਹੇ ਭਾਈ! ਪਰਮਾਤਮਾ ਨੇ ਆਪ ਸਾਰੀ ਸ੍ਰਿਸ਼ਟੀ ਪੈਦਾ ਕੀਤੀ। ਹੇ ਪ੍ਰਭੂ! (ਤੇਰਾ ਰਚਿਆ ਇਹ ਜਗਤ) ਸਾਰਾ ਤੇਰਾ ਖੇਲ-ਤਮਾਸ਼ਾ ਹੈ, ਤੇਰੀ ਹੀ ਵਡਿਆਈ ਹੈ। ਹੇ ਭਾਈ! ਪਰਮਾਤਮਾ ਆਪ ਹੀ ਸਾਰੇ ਜੀਵਾਂ ਨੂੰ ਵਖ ਵਖ ਕਿਸਮ ਦੇ ਬਣਾਂਦਾ ਹੈ, ਆਪ ਹੀ ਨਾਸ ਕਰ ਕੇ ਆਪ ਹੀ ਪੈਦਾ ਕਰਦਾ ਹੈ।2।

ਹੇ ਭਾਈ! (ਪ੍ਰਭੂ-) ਬਾਜੀਗਰ ਨੇ (ਇਹ ਜਗਤ) ਇਕ ਤਮਾਸ਼ਾ ਰਚਿਆ ਹੋਇਆ ਹੈ। ਜਿਸ ਮਨੁੱਖ ਨੂੰ ਪੂਰੇ ਗੁਰੂ ਪਾਸੋਂ ਇਹ ਸਮਝ ਆ ਗਈ, ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਇਸ ਜਗਤ-ਤਮਾਸ਼ੇ ਵਿਚ) ਨਿਰਲੇਪ ਰਹਿੰਦਾ ਹੈ, ਉਹ ਮਨੁੱਖ ਸਦਾ-ਥਿਰ ਪਰਮਾਤਮਾ ਨਾਲ ਆਪਣਾ ਮਨ ਜੋੜੀ ਰੱਖਦਾ ਹੈ।3।

ਹੇ ਭਾਈ! ਇਹ ਸਾਰੇ ਦਿੱਸ ਰਹੇ ਸਰੀਰ (ਮਿੱਠੀ ਸੁਰ) ਨਾਲ (ਮਾਨੋ) ਵਾਜੇ ਵੱਜ ਰਹੇ ਹਨ। ਵਜਾਣ ਦੀ ਸਮਰਥਾ ਵਾਲਾ ਪ੍ਰਭੂ ਆਪ ਹੀ ਇਹ (ਸਰੀਰ-) ਵਾਜੇ ਵਜਾ ਰਿਹਾ ਹੈ। ਹਰੇਕ ਸਰੀਰ ਵਿਚ ਉਸ ਸਦਾ ਇਕ-ਰੰਗ ਰਹਿਣ ਵਾਲੇ ਪਰਮਾਤਮਾ ਦਾ ਬਣਾਇਆ ਹੋਇਆ ਸੁਆਸ ਚੱਲ ਰਿਹਾ ਹੈ, (ਉਸ ਆਪਣੇ ਪੈਦਾ ਕੀਤੇ) ਪਉਣ ਵਿਚ ਮਿਲ ਕੇ ਪਰਮਾਤਮਾ ਇਹ ਸਾਰੇ ਵਾਜੇ ਵਜਾ ਰਿਹਾ ਹੈ।4।

TOP OF PAGE

Sri Guru Granth Darpan, by Professor Sahib Singh