ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 1062 ਕਰਤਾ ਕਰੇ ਸੁ ਨਿਹਚਉ ਹੋਵੈ ॥ ਗੁਰ ਕੈ ਸਬਦੇ ਹਉਮੈ ਖੋਵੈ ॥ ਗੁਰ ਪਰਸਾਦੀ ਕਿਸੈ ਦੇ ਵਡਿਆਈ ਨਾਮੋ ਨਾਮੁ ਧਿਆਇਦਾ ॥੫॥ ਗੁਰ ਸੇਵੇ ਜੇਵਡੁ ਹੋਰੁ ਲਾਹਾ ਨਾਹੀ ॥ ਨਾਮੁ ਮੰਨਿ ਵਸੈ ਨਾਮੋ ਸਾਲਾਹੀ ॥ ਨਾਮੋ ਨਾਮੁ ਸਦਾ ਸੁਖਦਾਤਾ ਨਾਮੋ ਲਾਹਾ ਪਾਇਦਾ ॥੬॥ ਬਿਨੁ ਨਾਵੈ ਸਭ ਦੁਖੁ ਸੰਸਾਰਾ ॥ ਬਹੁ ਕਰਮ ਕਮਾਵਹਿ ਵਧਹਿ ਵਿਕਾਰਾ ॥ ਨਾਮੁ ਨ ਸੇਵਹਿ ਕਿਉ ਸੁਖੁ ਪਾਈਐ ਬਿਨੁ ਨਾਵੈ ਦੁਖੁ ਪਾਇਦਾ ॥੭॥ ਆਪਿ ਕਰੇ ਤੈ ਆਪਿ ਕਰਾਏ ॥ ਗੁਰ ਪਰਸਾਦੀ ਕਿਸੈ ਬੁਝਾਏ ॥ ਗੁਰਮੁਖਿ ਹੋਵਹਿ ਸੇ ਬੰਧਨ ਤੋੜਹਿ ਮੁਕਤੀ ਕੈ ਘਰਿ ਪਾਇਦਾ ॥੮॥ {ਪੰਨਾ 1062} ਪਦ ਅਰਥ: ਨਿਹਚਉ = ਜ਼ਰੂਰ। ਕੈ ਸਬਦੇ = ਦੇ ਸ਼ਬਦ ਦੀ ਰਾਹੀਂ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਕਿਸੈ = (ਜਿਸ) ਵਿਰਲੇ ਨੂੰ। ਦੇ = ਦੇਂਦਾ ਹੈ। ਨਾਮੋ ਨਾਮੁ = ਨਾਮ ਹੀ ਨਾਮ, ਹਰ ਵੇਲੇ ਨਾਮ।5। ਜੇਵਡੁ = ਜੇਡਾ, ਬਰਾਬਰ ਦਾ। ਲਾਹਾ = ਲਾਭ। ਮੰਨਿ = ਮਨਿ, ਮਨ ਵਿਚ। ਸਾਲਾਹੀ = ਸਾਲਾਹਿ, ਸਲਾਹੁੰਦੇ ਹਨ।6। ਸੰਸਾਰ = ਸੰਸਾਰਿ, ਸੰਸਾਰ ਵਿਚ। ਨ ਸੇਵਹਿ = ਨਹੀਂ ਸਿਮਰਦੇ। ਕਿਉ ਪਾਈਐ = ਕਿਵੇਂ ਪ੍ਰਾਪਤ ਹੋ ਸਕਦਾ ਹੈ?।7। ਤੈ = ਅਤੇ। ਕਿਸੈ = ਕਿਸੇ ਵਿਰਲੇ ਨੂੰ। ਬੁਝਾਏ = ਸਮਝ ਬਖ਼ਸ਼ਦਾ ਹੈ। ਸੇ = ਉਹ {ਬਹੁ-ਵਚਨ}। ਮੁਕਤੀ ਕੈ ਘਰਿ = ਮੁਕਤੀ ਦੇ ਘਰ ਵਿਚ, ਉਸ ਘਰ ਵਿਚ ਜਿਥੇ ਵਿਕਾਰਾਂ ਤੋਂ ਖ਼ਲਾਸੀ ਹੋਈ ਰਹਿੰਦੀ ਹੈ।8। ਅਰਥ: ਹੇ ਭਾਈ! ਗੁਰੂ ਦੀ ਕਿਰਪਾ ਨਾਲ (ਜਿਸ) ਕਿਸੇ (ਵਿਰਲੇ ਮਨੁੱਖ) ਨੂੰ ਪਰਮਾਤਮਾ ਵਡਿਆਈ ਦੇਂਦਾ ਹੈ, ਉਹ ਮਨੁੱਖ ਹਰ ਵੇਲੇ ਹਰਿ-ਨਾਮ ਹੀ ਸਿਮਰਦਾ ਹੈ, (ਉਸ ਮਨੁੱਖ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਜੋ ਕੁਝ ਪਰਮਾਤਮਾ ਕਰਦਾ ਹੈ ਉਹ ਜ਼ਰੂਰ ਹੁੰਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਹਉਮੈ ਦੂਰ ਕਰ ਲੈਂਦਾ ਹੈ।5। ਹੇ ਭਾਈ! ਗੁਰੂ ਦੀ ਸਰਨ ਪੈਣ ਦੇ ਬਰਾਬਰ (ਜਗਤ ਵਿਚ) ਹੋਰ ਕੋਈ ਲਾਭ ਨਹੀਂ ਹੈ। (ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਦੇ) ਮਨ ਵਿਚ (ਪਰਮਾਤਮਾ ਦਾ) ਨਾਮ ਆ ਵੱਸਦਾ ਹੈ, ਉਹ ਹਰ ਵੇਲੇ ਹਰਿ-ਨਾਮ ਦੀ ਸਿਫ਼ਤਿ ਕਰਦੇ ਹਨ। ਹੇ ਭਾਈ! ਪਰਮਾਤਮਾ ਦਾ ਨਾਮ ਹੀ ਸਦਾ ਸੁਖ ਦੇਣ ਵਾਲਾ ਹੈ। ਹਰਿ-ਨਾਮ ਹੀ (ਅਸਲ) ਲਾਭ ਮਨੁੱਖ ਖੱਟਦਾ ਹੈ।6। ਹੇ ਭਾਈ! ਹਰਿ-ਨਾਮ ਤੋਂ ਖੁੰਝਿਆਂ ਜਗਤ ਵਿਚ ਹਰ ਪਾਸੇ ਦੁੱਖ ਹੀ ਦੁੱਖ ਹੈ। (ਜਿਹੜੇ ਮਨੁੱਖ ਨਾਮ ਨੂੰ ਭੁਲਾ ਕੇ ਧਾਰਮਿਕ ਮਿਥੇ ਹੋਏ ਹੋਰ) ਅਨੇਕਾਂ ਕਰਮ ਕਰਦੇ ਹਨ (ਉਹਨਾਂ ਦੇ ਅੰਦਰ ਸਗੋਂ) ਵਿਕਾਰ ਵਧਦੇ ਹਨ। ਹੇ ਭਾਈ! ਜੇ ਮਨੁੱਖ ਨਾਮ ਨਹੀਂ ਸਿਮਰਦੇ ਤਾਂ ਆਤਮਕ ਆਨੰਦ ਕਿਵੇਂ ਮਿਲ ਸਕਦਾ ਹੈ? ਨਾਮ ਤੋਂ ਖੁੰਝ ਕੇ ਮਨੁੱਖ ਦੁੱਖ ਹੀ ਸਹੇੜਦਾ ਹੈ।7। ਹੇ ਭਾਈ! ਗੁਰੂ ਦੀ ਕਿਰਪਾ ਨਾਲ ਕਿਸੇ (ਵਿਰਲੇ) ਨੂੰ ਪਰਮਾਤਮਾ ਇਹ ਸਮਝ ਦੇਂਦਾ ਹੈ ਕਿ ਪਰਮਾਤਮਾ ਆਪ ਹੀ ਸਭ ਕੁਝ ਕਰ ਰਿਹਾ ਹੈ ਅਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ। ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ, ਉਹ (ਆਪਣੇ ਅੰਦਰੋਂ ਮਾਇਆ ਦੇ ਮੋਹ ਦੇ) ਬੰਧਨ ਤੋੜ ਲੈਂਦੇ ਹਨ। ਗੁਰੂ ਉਹਨਾਂ ਨੂੰ ਉਸ ਆਤਮਕ ਟਿਕਾਣੇ ਵਿਚ ਰੱਖਦਾ ਹੈ ਜਿੱਥੇ ਉਹਨਾਂ ਨੂੰ ਵਿਕਾਰਾਂ ਵੱਲੋਂ ਖ਼ਲਾਸੀ ਮਿਲੀ ਰਹਿੰਦੀ ਹੈ।8। ਗਣਤ ਗਣੈ ਸੋ ਜਲੈ ਸੰਸਾਰਾ ॥ ਸਹਸਾ ਮੂਲਿ ਨ ਚੁਕੈ ਵਿਕਾਰਾ ॥ ਗੁਰਮੁਖਿ ਹੋਵੈ ਸੁ ਗਣਤ ਚੁਕਾਏ ਸਚੇ ਸਚਿ ਸਮਾਇਦਾ ॥੯॥ ਜੇ ਸਚੁ ਦੇਇ ਤ ਪਾਏ ਕੋਈ ॥ ਗੁਰ ਪਰਸਾਦੀ ਪਰਗਟੁ ਹੋਈ ॥ ਸਚੁ ਨਾਮੁ ਸਾਲਾਹੇ ਰੰਗਿ ਰਾਤਾ ਗੁਰ ਕਿਰਪਾ ਤੇ ਸੁਖੁ ਪਾਇਦਾ ॥੧੦॥ ਜਪੁ ਤਪੁ ਸੰਜਮੁ ਨਾਮੁ ਪਿਆਰਾ ॥ ਕਿਲਵਿਖ ਕਾਟੇ ਕਾਟਣਹਾਰਾ ॥ ਹਰਿ ਕੈ ਨਾਮਿ ਤਨੁ ਮਨੁ ਸੀਤਲੁ ਹੋਆ ਸਹਜੇ ਸਹਜਿ ਸਮਾਇਦਾ ॥੧੧॥ ਅੰਤਰਿ ਲੋਭੁ ਮਨਿ ਮੈਲੈ ਮਲੁ ਲਾਏ ॥ ਮੈਲੇ ਕਰਮ ਕਰੇ ਦੁਖੁ ਪਾਏ ॥ ਕੂੜੋ ਕੂੜੁ ਕਰੇ ਵਾਪਾਰਾ ਕੂੜੁ ਬੋਲਿ ਦੁਖੁ ਪਾਇਦਾ ॥੧੨॥ {ਪੰਨਾ 1062} ਪਦ ਅਰਥ: ਗਣਤ = ਮਾਇਆ ਬਾਰੇ ਚਿੰਤਾ-ਫ਼ਿਕਰ, ਗਿਣਤੀਆਂ। ਗਣੈ = ਗਿਣਦਾ ਰਹਿੰਦਾ ਹੈ। ਜਲੈ = (ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਹਿੰਦਾ ਹੈ। ਸੰਸਾਰਾ = ਸੰਸਾਰਿ, ਜਗਤ ਵਿਚ। ਸਹਸਾ = (ਮਾਇਆ ਬਾਰੇ) ਸਹਮ। ਮੂਲਿ = ਬਿਲਕੁਲ। ਚੁਕੈ = ਮੁੱਕਦਾ। ਵਿਕਾਰਾ = ਬੇ-ਕਾਰ, ਵਿਅਰਥ। ਗੁਰਮੁਖਿ = ਗੁਰੂ ਦੇ ਸਨਮੁਖ। ਚੁਕਾਏ = ਮੁਕਾ ਦੇਂਦਾ ਹੈ। ਸਚੇ ਸਚਿ = ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ।9। ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਦੇਇ = ਦੇਵੇ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਰੰਗਿ = ਪ੍ਰੇਮ-ਰੰਗ ਵਿਚ। ਰਾਤਾ = ਰੰਗਿਆ ਹੋਇਆ। ਤੇ = ਤੋਂ, ਦੀ ਰਾਹੀਂ।10। ਜਪੁ = (ਦੇਵਤਿਆਂ ਨੂੰ ਪ੍ਰਸੰਨ ਕਰਨ ਵਾਸਤੇ) ਮੰਤ੍ਰਾਂ ਦਾ ਜਾਪ। ਤਪੁ = ਧੂਣੀਆਂ ਤਪਾ ਕੇ ਪੁੱਠੇ ਲਟਕ ਕੇ ਅਜਿਹੇ ਤਰੀਕਿਆਂ ਨਾਲ ਸਰੀਰ ਨੂੰ ਕਸ਼ਟ ਦੇਣੇ। ਸੰਜਮੁ = ਪਾਪ। ਕਾਟਣਹਾਰਾ = ਕੱਟਣ ਦੀ ਸਮਰੱਥਾ ਵਾਲਾ ਪ੍ਰਭੂ। ਕੈ ਨਾਮਿ = ਦੇ ਨਾਮ ਦੀ ਰਾਹੀਂ। ਸਹਜੇ ਸਹਜਿ = ਹਰ ਵੇਲੇ ਸਹਜ (ਆਤਮਕ ਅਡੋਲਤਾ) ਵਿਚ।11। ਅੰਤਰਿ = ਅੰਦਰ। ਮਨਿ ਮੈਲੈ = ਮਨ ਮੈਲਾ ਰਹਿਣ ਦੇ ਕਾਰਨ। ਕੂੜੋ ਕੂੜੁ ਵਾਪਾਰਾ = ਹਰ ਵੇਲੇ ਨਾਸਵੰਤ ਪਦਾਰਥਾਂ ਦੇ ਕਮਾਣ ਦਾ ਧੰਧਾ। ਬੋਲਿ = ਬੋਲ ਕੇ। ਕੂੜੁ = ਝੂਠ।12। ਅਰਥ: ਹੇ ਭਾਈ! ਜਿਹੜਾ ਮਨੁੱਖ ਹਰ ਵੇਲੇ ਮਾਇਆ ਦੀਆਂ ਗਿਣਤੀਆਂ ਗਿਣਦਾ ਰਹਿੰਦਾ ਹੈ, ਉਹ ਜਗਤ ਵਿਚ ਸਦਾ (ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਹਿੰਦਾ ਹੈ, ਉਸ ਦਾ ਇਹ ਵਿਅਰਥ ਸਹਮ ਕਦੇ ਭੀ ਨਹੀਂ ਮੁੱਕਦਾ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਦੁਨੀਆ ਵਾਲੇ ਚਿੰਤਾ-ਫ਼ਿਕਰ ਮੁਕਾਈ ਰੱਖਦਾ ਹੈ, ਉਹ ਹਰ ਵੇਲੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ।9। ਪਰ, ਹੇ ਭਾਈ! ਜੇ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਆਪ ਹੀ ਇਹ ਬੇ-ਫ਼ਿਕਰੀ) ਬਖ਼ਸ਼ੇ, ਤਦੋਂ ਹੀ ਕੋਈ ਮਨੁੱਖ ਇਸ ਨੂੰ ਪ੍ਰਾਪਤ ਕਰਦਾ ਹੈ। ਗੁਰੂ ਦੀ ਕਿਰਪਾ ਨਾਲ (ਪ੍ਰਭੂ ਉਸ ਦੇ ਅੰਦਰ) ਪਰਗਟ ਹੋ ਜਾਂਦਾ ਹੈ। ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਪ੍ਰੇਮ-ਰੰਗ ਵਿਚ ਮਸਤ ਰਹਿ ਕੇ ਸਦਾ-ਥਿਰ ਹਰਿ-ਨਾਮ ਸਿਮਰਦਾ ਹੈ, ਤੇ, ਆਤਮਕ ਆਨੰਦ ਮਾਣਦਾ ਰਹਿੰਦਾ ਹੈ।10। ਹੇ ਭਾਈ! ਪਰਮਾਤਮਾ ਦਾ ਮਿੱਠਾ ਨਾਮ (ਜਪਣਾ ਹੀ) ਜਪ ਹੈ ਤਪ ਹੈ ਸੰਜਮ ਹੈ। (ਜਿਹੜਾ ਮਨੁੱਖ ਨਾਮ ਜਪਦਾ ਹੈ ਉਸ ਦੇ ਸਾਰੇ) ਪਾਪ (ਪਾਪ) ਕੱਟਣ ਦੀ ਸਮਰੱਥਾ ਰੱਖਣ ਵਾਲਾ ਪਰਮਾਤਮਾ ਕੱਟ ਦੇਂਦਾ ਹੈ। ਪਰਮਾਤਮਾ ਦੇ ਨਾਮ ਵਿਚ ਜੁੜਨ ਦੀ ਬਰਕਤਿ ਨਾਲ ਉਸ ਦਾ ਤਨ ਉਸ ਦਾ ਮਨ ਸ਼ਾਂਤ ਰਹਿੰਦਾ ਹੈ, ਉਹ ਸਦਾ ਹੀ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।11। ਹੇ ਭਾਈ! ਜਿਸ ਮਨੁੱਖ ਦੇ ਅੰਦਰ (ਮਾਇਆ ਦਾ) ਲਾਲਚ ਟਿਕਿਆ ਰਹਿੰਦਾ ਹੈ (ਉਸ ਦਾ ਮਨ ਹਰ ਵੇਲੇ ਮੈਲਾ ਰਹਿੰਦਾ ਹੈ) , ਮੈਲੇ ਮਨ ਦੇ ਕਾਰਨ ਉਹ ਮਨੁੱਖ ਲਾਲਚ ਦੀ ਹੋਰ ਮੈਲ (ਆਪਣੇ ਮਨ ਨੂੰ) ਲਾਂਦਾ ਰਹਿੰਦਾ ਹੈ। (ਜਿਉਂ ਜਿਉਂ ਲਾਲਚ ਦੇ ਅਧੀਨ ਉਹ) ਮੈਲੇ ਕਰਮ ਕਰਦਾ ਹੈ, ਉਹ (ਆਤਮਕ) ਦੁੱਖ ਪਾਂਦਾ ਹੈ। ਉਹ ਸਦਾ ਨਾਸਵੰਤ ਪਦਾਰਥਾਂ ਦੇ ਕਮਾਣ ਦਾ ਧੰਧਾ ਹੀ ਕਰਦਾ ਹੈ, ਤੇ ਝੂਠ ਬੋਲ ਬੋਲ ਕੇ ਦੁੱਖ ਸਹਿੰਦਾ ਹੈ।12। ਨਿਰਮਲ ਬਾਣੀ ਕੋ ਮੰਨਿ ਵਸਾਏ ॥ ਗੁਰ ਪਰਸਾਦੀ ਸਹਸਾ ਜਾਏ ॥ ਗੁਰ ਕੈ ਭਾਣੈ ਚਲੈ ਦਿਨੁ ਰਾਤੀ ਨਾਮੁ ਚੇਤਿ ਸੁਖੁ ਪਾਇਦਾ ॥੧੩॥ ਆਪਿ ਸਿਰੰਦਾ ਸਚਾ ਸੋਈ ॥ ਆਪਿ ਉਪਾਇ ਖਪਾਏ ਸੋਈ ॥ ਗੁਰਮੁਖਿ ਹੋਵੈ ਸੁ ਸਦਾ ਸਲਾਹੇ ਮਿਲਿ ਸਾਚੇ ਸੁਖੁ ਪਾਇਦਾ ॥੧੪॥ ਅਨੇਕ ਜਤਨ ਕਰੇ ਇੰਦ੍ਰੀ ਵਸਿ ਨ ਹੋਈ ॥ ਕਾਮਿ ਕਰੋਧਿ ਜਲੈ ਸਭੁ ਕੋਈ ॥ ਸਤਿਗੁਰ ਸੇਵੇ ਮਨੁ ਵਸਿ ਆਵੈ ਮਨ ਮਾਰੇ ਮਨਹਿ ਸਮਾਇਦਾ ॥੧੫॥ ਮੇਰਾ ਤੇਰਾ ਤੁਧੁ ਆਪੇ ਕੀਆ ॥ ਸਭਿ ਤੇਰੇ ਜੰਤ ਤੇਰੇ ਸਭਿ ਜੀਆ ॥ ਨਾਨਕ ਨਾਮੁ ਸਮਾਲਿ ਸਦਾ ਤੂ ਗੁਰਮਤੀ ਮੰਨਿ ਵਸਾਇਦਾ ॥੧੬॥੪॥੧੮॥ {ਪੰਨਾ 1062} ਪਦ ਅਰਥ: ਨਿਰਮਲ = (ਜੀਵਨ ਨੂੰ) ਪਵਿੱਤਰ ਕਰਨ ਵਾਲੀ। ਕੋ = ਜਿਹੜਾ ਕੋਈ ਮਨੁੱਖ। ਮੰਨਿ = ਮਨਿ, ਮਨ ਵਿਚ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਸਹਸਾ = ਸਹਮ। ਕੈ ਭਾਣੈ = ਦੀ ਰਜ਼ਾ ਵਿਚ, ਦੇ ਹੁਕਮ ਵਿਚ। ਚੇਤਿ = ਯਾਦ ਕਰ ਕੇ, ਸਿਮਰ ਕੇ।13। ਸਿਰੰਦਾ = ਪੈਦਾ ਕਰਨ ਵਾਲਾ। ਸਚਾ = ਸਦਾ-ਥਿਰ ਪ੍ਰਭੂ। ਉਪਾਇ = ਪੈਦਾ ਕਰ ਕੇ। ਖਪਾਏ = ਨਾਸ ਕਰਦਾ ਹੈ। ਸੋਈ = ਉਹ (ਆਪ) ਹੀ। ਗੁਰਮੁਖਿ = ਗੁਰੂ ਦੇ ਸਨਮੁਖ। ਸਲਾਹੇ = ਸਿਫ਼ਤਿ-ਸਾਲਾਹ ਕਰਦਾ ਹੈ। ਮਿਲਿ = ਮਿਲ ਕੇ।14। ਇੰਦ੍ਰੀ = ਕਾਮ-ਵਾਸਨਾ। ਕਾਮਿ = ਕਾਮ ਵਿਚ। ਕਰੋਧਿ = ਕ੍ਰੋਧ ਵਿਚ। ਸਭੁ ਕੋਈ = ਹਰੇਕ ਜੀਵ। ਸਤਿਗੁਰ ਸੇਵੇ = ਗੁਰੂ ਦੀ ਸਰਨ ਪਿਆਂ। ਵਸਿ = ਕਾਬੂ ਵਿਚ। ਮਨ ਮਾਰੇ = ਜੇ ਮਨ ਨੂੰ ਮਾਰ ਲਏ, ਜੇ ਮਨ ਨੂੰ ਵੱਸ ਵਿਚ ਕਰ ਲਏ। ਮਨਹਿ = ਮਨਿ ਹੀ, ਮਨ ਵਿਚ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਮਨਿ' ਦੀ 'ਿ' ਉੱਡ ਗਈ ਹੈ}।15। ਮੇਰਾ ਤੇਰਾ = ਮੇਰ-ਤੇਰ, ਵਿਤਕਰਾ। ਆਪੇ = ਆਪ ਹੀ। ਸਭਿ = ਸਾਰੇ। ਸਮਾਲਿ = ਯਾਦ ਕਰਦਾ ਰਹੁ। 16। ਅਰਥ: ਹੇ ਭਾਈ! ਜਿਹੜਾ ਕੋਈ ਮਨੁੱਖ (ਜੀਵਨ ਨੂੰ) ਪਵਿੱਤਰ ਕਰਨ ਵਾਲੀ (ਗੁਰ-) ਬਾਣੀ (ਆਪਣੇ) ਮਨ ਵਿਚ ਵਸਾਂਦਾ ਹੈ, ਗੁਰੂ ਦੀ ਕਿਰਪਾ ਨਾਲ (ਉਸ ਦਾ) ਸਹਮ ਦੂਰ ਹੋ ਜਾਂਦਾ ਹੈ। ਉਹ ਮਨੁੱਖ ਦਿਨ ਰਾਤ ਗੁਰੂ ਦੇ ਹੁਕਮ ਵਿਚ ਤੁਰਦਾ ਹੈ, ਹਰਿ-ਨਾਮ ਨੂੰ ਸਿਮਰ ਕੇ ਉਹ ਆਤਮਕ ਆਨੰਦ ਮਾਣਦਾ ਹੈ।13। ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰਨ ਵਾਲਾ ਹੈ, ਆਪ ਪੈਦਾ ਕਰ ਕੇ ਉਹ ਆਪ ਹੀ ਨਾਸ ਕਰਦਾ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਮਿਲ ਕੇ ਉਹ ਆਤਮਕ ਆਨੰਦ ਮਾਣਦਾ ਹੈ।14। ਹੇ ਭਾਈ! (ਗੁਰੂ ਦੀ ਸਰਨ ਤੋਂ ਬਿਨਾ) ਹੋਰ ਅਨੇਕਾਂ ਜਤਨ ਭੀ ਮਨੁੱਖ ਕਰੇ ਤਾਂ ਭੀ ਕਾਮ-ਵਾਸਨਾ ਕਾਬੂ ਵਿਚ ਨਹੀਂ ਆ ਸਕਦੀ। (ਧਿਆਨ ਮਾਰ ਕੇ ਵੇਖੋ) ਹਰੇਕ ਜੀਵ ਕਾਮ ਵਿਚ ਕ੍ਰੋਧ ਵਿਚ ਸੜ ਰਿਹਾ ਹੈ। ਗੁਰੂ ਦੀ ਸਰਨ ਪਿਆਂ ਹੀ ਮਨ ਕਾਬੂ ਵਿਚ ਆਉਂਦਾ ਹੈ। ਜੇ ਮਨ (ਵਿਕਾਰਾਂ ਵਲੋਂ) ਰੋਕ ਲਿਆ ਜਾਏ ਤਾਂ ਮਨੁੱਖ ਅੰਤਰ ਆਤਮੇ ਟਿਕਿਆ ਰਹਿੰਦਾ ਹੈ (ਵਿਕਾਰਾਂ ਵਲ ਨਹੀਂ ਭਟਕਦਾ) ।15। ਹੇ ਪ੍ਰਭੂ! (ਜੀਵਾਂ ਦੇ ਮਨ ਵਿਚ) ਮੇਰ-ਤੇਰ ਤੂੰ ਆਪ ਹੀ ਪੈਦਾ ਕੀਤੀ ਹੈ। ਸਾਰੇ ਜੀਵ ਜੰਤ ਤੇਰੇ ਹੀ ਪੈਦਾ ਕੀਤੇ ਹੋਏ ਹਨ। ਹੇ ਨਾਨਕ! ਪਰਮਾਤਮਾ ਦਾ ਨਾਮ ਸਦਾ ਯਾਦ ਕਰਦਾ ਰਹੁ। ਹੇ ਭਾਈ! ਗੁਰੂ ਦੀ ਮਤਿ ਉਤੇ ਤੁਰਿਆਂ (ਪ੍ਰਭੂ ਆਪਣਾ ਨਾਮ ਮਨੁੱਖ ਦੇ) ਮਨ ਵਿਚ ਵਸਾਂਦਾ ਹੈ। 16।4। 18। ਮਾਰੂ ਮਹਲਾ ੩ ॥ ਹਰਿ ਜੀਉ ਦਾਤਾ ਅਗਮ ਅਥਾਹਾ ॥ ਓਸੁ ਤਿਲੁ ਨ ਤਮਾਇ ਵੇਪਰਵਾਹਾ ॥ ਤਿਸ ਨੋ ਅਪੜਿ ਨ ਸਕੈ ਕੋਈ ਆਪੇ ਮੇਲਿ ਮਿਲਾਇਦਾ ॥੧॥ ਜੋ ਕਿਛੁ ਕਰੈ ਸੁ ਨਿਹਚਉ ਹੋਈ ॥ ਤਿਸੁ ਬਿਨੁ ਦਾਤਾ ਅਵਰੁ ਨ ਕੋਈ ॥ ਜਿਸ ਨੋ ਨਾਮ ਦਾਨੁ ਕਰੇ ਸੋ ਪਾਏ ਗੁਰ ਸਬਦੀ ਮੇਲਾਇਦਾ ॥੨॥ ਚਉਦਹ ਭਵਣ ਤੇਰੇ ਹਟਨਾਲੇ ॥ ਸਤਿਗੁਰਿ ਦਿਖਾਏ ਅੰਤਰਿ ਨਾਲੇ ॥ ਨਾਵੈ ਕਾ ਵਾਪਾਰੀ ਹੋਵੈ ਗੁਰ ਸਬਦੀ ਕੋ ਪਾਇਦਾ ॥੩॥ ਸਤਿਗੁਰਿ ਸੇਵਿਐ ਸਹਜ ਅਨੰਦਾ ॥ ਹਿਰਦੈ ਆਇ ਵੁਠਾ ਗੋਵਿੰਦਾ ॥ ਸਹਜੇ ਭਗਤਿ ਕਰੇ ਦਿਨੁ ਰਾਤੀ ਆਪੇ ਭਗਤਿ ਕਰਾਇਦਾ ॥੪॥ {ਪੰਨਾ 1062} ਪਦ ਅਰਥ: ਦਾਤਾ = ਸਭ ਪਦਾਰਥ ਦੇਣ ਵਾਲਾ। ਅਗਮ = ਅਪਹੁੰਚ। ਅਥਾਹਾ = ਬਹੁਤ ਹੀ ਡੂੰਘਾ (ਸਮੁੰਦਰ) , ਬੇਅੰਤ ਖ਼ਜ਼ਾਨਿਆਂ ਵਾਲਾ। ਤਿਲੁ = ਰਤਾ ਭਰ ਭੀ। ਤਮਾਇ = ਤਮ੍ਹਾ, ਲਾਲਚ। ਤਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਆਪੇ = ਆਪ ਹੀ। ਮੇਲਿ = ਮਿਲਾ ਕੇ।1। ਨਿਹਚਉ = ਜ਼ਰੂਰ। ਅਵਰੁ = ਕੋਈ ਹੋਰ। ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਸਬਦੀ = ਸ਼ਬਦ ਦੀ ਰਾਹੀਂ।2। ਚਉਦਹ ਭਵਨ = ਚੌਦਾਂ ਲੋਕ {ਸੱਤ ਆਕਾਸ਼, ਸੱਤ ਪਤਾਲ}, ਸਾਰਾ ਜਗਤ। ਹਟਨਾਲੇ = {ਹੱਟਾਂ ਦੀਆਂ ਕਤਾਰਾਂ} ਬਾਜ਼ਾਰ। ਸਤਿਗੁਰਿ = ਗੁਰੂ ਨੇ। ਨਾਲੇ = ਨਾਲ ਹੀ। ਕੋ = ਜਿਹੜਾ ਕੋਈ।3। ਸਤਿਗੁਰਿ ਸੇਵਿਐ = ਜੇ ਗੁਰੂ ਦੀ ਸਰਨ ਪੈ ਜਾਈਏ। ਸਹਜ ਅਨੰਦਾ = ਆਤਮਕ ਅਡੋਲਤਾ ਦਾ ਸੁਖ। ਹਿਰਦੈ = ਹਿਰਦੇ ਵਿਚ। ਵੁਠਾ = ਵੱਸਿਆ। ਸਹਜੇ = ਆਤਮਕ ਅਡੋਲਤਾ ਵਿਚ।4। ਅਰਥ: ਹੇ ਭਾਈ! ਪਰਮਾਤਮਾ ਸਭ ਪਦਾਰਥ ਦੇਣ ਵਾਲਾ ਹੈ, ਅਪਹੁੰਚ ਹੈ, ਬਹੁਤ ਹੀ ਡੂੰਘਾ (ਮਾਨੋ ਬੇਅੰਤ ਖ਼ਜ਼ਾਨਿਆਂ ਵਾਲਾ ਸਮੁੰਦਰ) ਹੈ। (ਉਹ ਸਭ ਨੂੰ ਦਾਤਾਂ ਦੇਈ ਜਾਂਦਾ ਹੈ, ਪਰ) ਉਸ ਵੇਪਰਵਾਹ ਨੂੰ ਰਤਾ ਭਰ ਭੀ ਕੋਈ ਲਾਲਚ ਨਹੀਂ ਹੈ। ਕੋਈ ਜੀਵ (ਆਪਣੇ ਉੱਦਮ ਨਾਲ) ਉਸ ਪਰਮਾਤਮਾ ਤਕ ਪਹੁੰਚ ਨਹੀਂ ਸਕਦਾ। ਉਹ ਆਪ ਹੀ (ਜੀਵ ਨੂੰ ਗੁਰੂ ਨਾਲ) ਮਿਲਾ ਕੇ ਆਪਣੇ ਨਾਲ ਮਿਲਾਂਦਾ ਹੈ।1। ਹੇ ਭਾਈ! (ਉਹ ਪਰਮਾਤਮਾ) ਜੋ ਕੁਝ ਕਰਦਾ ਹੈ, ਉਹ ਜ਼ਰੂਰ ਹੁੰਦਾ ਹੈ। ਉਸ ਤੋਂ ਬਿਨਾ ਕੋਈ ਹੋਰ ਕੁਝ ਦੇਣ-ਜੋਗਾ ਨਹੀਂ ਹੈ। ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਨਾਮਿ ਦੀ ਦਾਤਿ ਦੇਂਦਾ ਹੈ, ਉਹ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ। (ਉਸ ਨੂੰ) ਗੁਰੂ ਦੇ ਸ਼ਬਦ ਵਿਚ ਜੋੜ ਕੇ (ਆਪਣੇ ਨਾਲ) ਮਿਲਾ ਲੈਂਦਾ ਹੈ।2। ਹੇ ਪ੍ਰਭੂ! ਇਹ ਚੌਦਾਂ ਲੋਕ ਤੇਰੇ ਬਾਜ਼ਾਰ ਹਨ (ਜਿੱਥੇ ਤੇਰੇ ਪੈਦਾ ਕੀਤੇ ਬੇਅੰਤ ਜੀਵ ਤੇਰੀ ਦੱਸੀ ਕਾਰ ਕਰ ਰਹੇ ਹਨ। ਇਹ ਸਾਰਾ ਜਗਤ ਤੇਰਾ ਹੀ ਸਰੂਪ ਹੈ) । ਜਿਸ ਮਨੁੱਖ ਨੂੰ ਗੁਰੂ ਨੇ ਤੇਰਾ ਇਹ ਸਰਬ-ਵਿਆਪਕ ਸਰੂਪ ਉਸ ਦੇ ਅੰਦਰ ਵੱਸਦਾ ਹੀ ਵਿਖਾ ਦਿੱਤਾ ਹੈ, ਉਹ ਮਨੁੱਖ ਤੇਰੇ ਨਾਮ ਦਾ ਵਣਜਾਰਾ ਬਣ ਜਾਂਦਾ ਹੈ। (ਇਹ ਦਾਤਿ) ਜਿਹੜਾ ਕੋਈ ਪ੍ਰਾਪਤ ਕਰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪ੍ਰਾਪਤ ਕਰਦਾ ਹੈ) ।3। ਹੇ ਭਾਈ! ਜੇ ਗੁਰੂ ਦੀ ਸਰਨ ਪੈ ਜਾਈਏ ਤਾਂ ਆਤਮਕ ਅਡੋਲਤਾ ਦਾ ਆਨੰਦ ਮਿਲ ਜਾਂਦਾ ਹੈ। (ਗੁਰੂ ਦੇ ਸਨਮੁਖ ਹੋਣ ਵਾਲੇ ਮਨੁੱਖ ਦੇ) ਹਿਰਦੇ ਵਿਚ ਗੋਬਿੰਦ-ਪ੍ਰਭੂ ਆ ਵੱਸਦਾ ਹੈ। ਉਹ ਮਨੁੱਖ ਦਿਨ ਗਤ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ। ਹੇ ਭਾਈ! ਪਰਮਾਤਮਾ ਆਪ ਹੀ (ਆਪਣੀ) ਭਗਤੀ ਕਰਾਂਦਾ ਹੈ।4। |
![]() |
![]() |
![]() |
![]() |
Sri Guru Granth Darpan, by Professor Sahib Singh |