ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1063

ਸਤਿਗੁਰ ਤੇ ਵਿਛੁੜੇ ਤਿਨੀ ਦੁਖੁ ਪਾਇਆ ॥ ਅਨਦਿਨੁ ਮਾਰੀਅਹਿ ਦੁਖੁ ਸਬਾਇਆ ॥ ਮਥੇ ਕਾਲੇ ਮਹਲੁ ਨ ਪਾਵਹਿ ਦੁਖ ਹੀ ਵਿਚਿ ਦੁਖੁ ਪਾਇਦਾ ॥੫॥ ਸਤਿਗੁਰੁ ਸੇਵਹਿ ਸੇ ਵਡਭਾਗੀ ॥ ਸਹਜ ਭਾਇ ਸਚੀ ਲਿਵ ਲਾਗੀ ॥ ਸਚੋ ਸਚੁ ਕਮਾਵਹਿ ਸਦ ਹੀ ਸਚੈ ਮੇਲਿ ਮਿਲਾਇਦਾ ॥੬॥ ਜਿਸ ਨੋ ਸਚਾ ਦੇਇ ਸੁ ਪਾਏ ॥ ਅੰਤਰਿ ਸਾਚੁ ਭਰਮੁ ਚੁਕਾਏ ॥ ਸਚੁ ਸਚੈ ਕਾ ਆਪੇ ਦਾਤਾ ਜਿਸੁ ਦੇਵੈ ਸੋ ਸਚੁ ਪਾਇਦਾ ॥੭॥ ਆਪੇ ਕਰਤਾ ਸਭਨਾ ਕਾ ਸੋਈ ॥ ਜਿਸ ਨੋ ਆਪਿ ਬੁਝਾਏ ਬੂਝੈ ਕੋਈ ॥ ਆਪੇ ਬਖਸੇ ਦੇ ਵਡਿਆਈ ਆਪੇ ਮੇਲਿ ਮਿਲਾਇਦਾ ॥੮॥ {ਪੰਨਾ 1063}

ਪਦ ਅਰਥ: ਤੇ = ਤੋਂ। ਅਨਦਿਨੁ = ਹਰ ਰੋਜ਼, ਹਰ ਵੇਲੇ। ਮਾਰੀਅਹਿ = ਮਾਰੀਦੇ ਹਨ, ਮਾਰ ਖਾਂਦੇ ਹਨ, ਦੁੱਖ ਦੀਆਂ ਚੋਟਾਂ ਸਹਾਰਦੇ ਹਨ। ਸਬਾਈਆ = ਹਰੇਕ ਕਿਸਮ ਦਾ। ਕਾਲੇ = (ਵਿਕਾਰਾਂ ਦੀ ਕਾਲਖ ਨਾਲ) ਕਾਲੇ। ਮਹਲੁ = (ਪਰਮਾਤਮਾ ਦੀ ਹਜ਼ੂਰੀ ਵਿਚ) ਟਿਕਾਣਾ।5।

ਸੇਵਹਿ = ਸਰਨ ਪੈਂਦੇ ਹਨ। ਸੇ = ਉਹ {ਬਹੁ-ਵਚਨ}। ਸਹਜ ਭਾਇ = ਆਤਮਕ ਅਡੋਲਤਾ ਅਨੁਸਾਰ, ਬਿਨਾ ਕਿਸੇ ਖ਼ਾਸ ਜਤਨ ਦੇ। ਲਿਵ = ਲਗਨ। ਸਚੋ ਸਚੁ = ਹਰ ਵੇਲੇ ਸਦਾ-ਥਿਰ ਨਾਮ ਦਾ ਸਿਮਰਨ। ਸਦ = ਸਦਾ। ਮੇਲਿ = (ਗੁਰੂ ਆਪਣੇ ਨਾਲ) ਮਿਲਾ ਕੇ। ਸਚੈ = ਸਦਾ-ਥਿਰ ਪ੍ਰਭੂ ਵਿਚ।6।

ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਦੇਇ = ਦੇਂਦਾ ਹੈ। ਸੁ = ਉਹ {ਇਕ-ਵਚਨ}। ਸਾਚੁ = ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ। ਭਰਮੁ = ਭਟਕਣਾ। ਚੁਕਾਏ = ਦੂਰ ਕਰ ਲੈਂਦਾ ਹੈ। ਸਚੁ = ਸਦਾ-ਥਿਰ ਪ੍ਰਭੂ। ਸਚੈ ਕਾ = ਸਦਾ-ਥਿਰ ਹਰਿ-ਨਾਮ ਦਾ। ਸਚੁ = ਸਦਾ-ਥਿਰ ਹਰਿ-ਨਾਮ।7।

ਕਰਤਾ ਸੋਈ = ਉਹ ਕਰਤਾਰ ਆਪ ਹੀ। ਬੁਝਾਏ = ਸਮਝ ਦੇਂਦਾ ਹੈ। ਦੇ = ਦੇਂਦਾ ਹੈ।8।

ਅਰਥ: ਹੇ ਭਾਈ! ਜਿਹੜੇ ਮਨੁੱਖ ਗੁਰੂ (ਦੇ ਚਰਨਾਂ) ਤੋਂ ਵਿਛੁੜੇ ਹੋਏ ਹਨ, ਉਹਨਾਂ ਨੇ (ਆਪਣੇ ਵਾਸਤੇ) ਦੁੱਖ ਹੀ ਦੁੱਖ ਸਹੇੜਿਆ ਹੋਇਆ ਹੈ। ਉਹ ਹਰ ਵੇਲੇ ਦੁੱਖਾਂ ਦੀਆਂ ਚੋਟਾਂ ਖਾਂਦੇ ਹਨ, ਉਹਨਾਂ ਨੂੰ ਹਰੇਕ ਕਿਸਮ ਦਾ ਦੁੱਖ ਵਾਪਰਿਆ ਰਹਿੰਦਾ ਹੈ। (ਵਿਕਾਰਾਂ ਦੀ ਕਾਲਖ਼ ਨਾਲ ਉਹਨਾਂ ਦੇ) ਮੂੰਹ ਕਾਲੇ ਹੋਏ ਰਹਿੰਦੇ ਹਨ (ਉਹਨਾਂ ਦੇ ਮਨ ਮਲੀਨ ਰਹਿੰਦੇ ਹਨ) ਉਹਨਾਂ ਨੂੰ ਪ੍ਰਭੂ-ਚਰਨਾਂ ਵਿਚ ਟਿਕਾਣਾ ਨਹੀਂ ਮਿਲਦਾ। ਹੇ ਭਾਈ! (ਗੁਰੂ-ਚਰਨਾਂ ਤੋਂ ਵਿਛੁੜਿਆ ਹੋਇਆ ਮਨੁੱਖ) ਸਦਾ ਦੁੱਖ ਵਿਚ ਹੀ ਗ੍ਰਸਿਆ ਰਹਿੰਦਾ ਹੈ, ਸਦਾ ਦੁੱਖ ਸਹਾਰਦਾ ਹੈ।5।

ਹੇ ਭਾਈ! ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਬੜੇ ਭਾਗਾਂ ਵਾਲੇ ਹੋ ਜਾਂਦੇ ਹਨ। ਕਿਸੇ ਖ਼ਾਸ ਜਤਨ ਤੋਂ ਬਿਨਾ ਹੀ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਉਹਨਾਂ ਦੀ ਲਗਨ ਲੱਗੀ ਰਹਿੰਦੀ ਹੈ। ਉਹ ਮਨੁੱਖ ਸਦਾ ਹੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਹਨ। (ਗੁਰੂ ਉਹਨਾਂ ਨੂੰ ਆਪਣੇ ਨਾਲ) ਮਿਲਾ ਕੇ ਸਦਾ-ਥਿਰ ਹਰਿ-ਨਾਮ ਵਿਚ ਮਿਲਾ ਦੇਂਦਾ ਹੈ।6।

ਪਰ, ਹੇ ਭਾਈ! ਉਹ ਮਨੁੱਖ (ਹੀ ਸਦਾ-ਥਿਰ ਹਰਿ-ਨਾਮ ਦੀ ਦਾਤਿ) ਪ੍ਰਾਪਤ ਕਰਦਾ ਹੈ ਜਿਸ ਨੂੰ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਦੇਂਦਾ ਹੈ। ਉਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਹਰਿ-ਨਾਮ ਟਿਕਿਆ ਰਹਿੰਦਾ ਹੈ, (ਨਾਮ ਦੀ ਬਰਕਤਿ ਨਾਲ ਉਹ ਮਨੁੱਖ ਆਪਣੇ ਅੰਦਰੋਂ) ਭਟਕਣਾ ਦੂਰ ਕਰ ਲੈਂਦਾ ਹੈ। ਹੇ ਭਾਈ! ਸਦਾ-ਥਿਰ ਪ੍ਰਭੂ ਆਪਣੇ ਸਦਾ-ਥਿਰ ਨਾਮ ਦੀ ਦਾਤਿ ਦੇਣ ਵਾਲਾ ਆਪ ਹੀ ਹੈ। ਜਿਸ ਨੂੰ ਦੇਂਦਾ ਹੈ, ਉਹ ਮਨੁੱਖ ਸਦਾ-ਥਿਰ ਨਾਮ ਹਾਸਲ ਕਰ ਲੈਂਦਾ ਹੈ।7।

ਹੇ ਭਾਈ! ਉਹ ਕਰਤਾਰ ਆਪ ਹੀ ਸਭ ਜੀਵਾਂ ਦਾ (ਮਾਲਕ) ਹੈ। ਇਹ ਗੱਲ ਕੋਈ ਉਹ ਮਨੁੱਖ ਹੀ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸਮਝਾਂਦਾ ਹੈ। ਹੇ ਭਾਈ! ਕਰਤਾਰ ਆਪ ਹੀ ਬਖ਼ਸ਼ਸ਼ ਕਰਦਾ ਹੈ, ਆਪ ਹੀ ਵਡਿਆਈ ਦੇਂਦਾ ਹੈ, ਆਪ ਹੀ (ਗੁਰੂ ਨਾਲ) ਮਿਲਾ ਕੇ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ।8।

ਹਉਮੈ ਕਰਦਿਆ ਜਨਮੁ ਗਵਾਇਆ ॥ ਆਗੈ ਮੋਹੁ ਨ ਚੂਕੈ ਮਾਇਆ ॥ ਅਗੈ ਜਮਕਾਲੁ ਲੇਖਾ ਲੇਵੈ ਜਿਉ ਤਿਲ ਘਾਣੀ ਪੀੜਾਇਦਾ ॥੯॥ ਪੂਰੈ ਭਾਗਿ ਗੁਰ ਸੇਵਾ ਹੋਈ ॥ ਨਦਰਿ ਕਰੇ ਤਾ ਸੇਵੇ ਕੋਈ ॥ ਜਮਕਾਲੁ ਤਿਸੁ ਨੇੜਿ ਨ ਆਵੈ ਮਹਲਿ ਸਚੈ ਸੁਖੁ ਪਾਇਦਾ ॥੧੦॥ ਤਿਨ ਸੁਖੁ ਪਾਇਆ ਜੋ ਤੁਧੁ ਭਾਏ ॥ ਪੂਰੈ ਭਾਗਿ ਗੁਰ ਸੇਵਾ ਲਾਏ ॥ ਤੇਰੈ ਹਥਿ ਹੈ ਸਭ ਵਡਿਆਈ ਜਿਸੁ ਦੇਵਹਿ ਸੋ ਪਾਇਦਾ ॥੧੧॥ ਅੰਦਰਿ ਪਰਗਾਸੁ ਗੁਰੂ ਤੇ ਪਾਏ ॥ ਨਾਮੁ ਪਦਾਰਥੁ ਮੰਨਿ ਵਸਾਏ ॥ ਗਿਆਨ ਰਤਨੁ ਸਦਾ ਘਟਿ ਚਾਨਣੁ ਅਗਿਆਨ ਅੰਧੇਰੁ ਗਵਾਇਦਾ ॥੧੨॥ {ਪੰਨਾ 1063}

ਪਦ ਅਰਥ: ਹਉਮੈ = 'ਹਉਂ ਹਉਂ, ਮੈਂ ਮੈਂ'; ਅਹੰਕਾਰ। ਆਗੈ = ਜੀਵਨ-ਸਫ਼ਰ ਵਿਚ। ਨ ਚੂਕੈ = ਨਹੀਂ ਮੁਕਦਾ। ਆਗੈ = ਪਰਲੋਕ ਵਿਚ। ਜਮਕਾਲੁ = ਧਰਮ ਰਾਜ।9।

ਪੂਰੈ ਭਾਗਿ = ਵੱਡੀ ਕਿਸਮਤ ਨਾਲ। ਗੁਰ ਸੇਵਾ = ਗੁਰੂ ਦੀ ਦੱਸੀ ਕਾਰ। ਨਦਰਿ = ਮਿਹਰ ਦੀ ਨਿਗਾਹ। ਜਮਕਾਲੁ = ਮੌਤ, ਮੌਤ ਦਾ ਸਹਮ, ਆਤਮਕ ਮੌਤ। ਮਹਲਿ ਸਚੈ = ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ।10।

ਤੁਧੁ = ਤੈਨੂੰ। ਭਾਏ = ਚੰਗੇ ਲੱਗੇ। ਹਥਿ = ਹੱਥ ਵਿਚ। ਦੇਵਹਿ = ਤੂੰ ਦੇਂਦਾ ਹੈਂ।11।

ਅੰਦਰਿ = ਹਿਰਦੇ ਵਿਚ। ਪਰਗਾਸੁ = ਚਾਨਣ, ਆਤਮਕ ਜੀਵਨ ਦੀ ਸੂਝ। ਤੇ = ਤੋਂ, ਪਾਸੋਂ। ਮੰਨਿ = ਮਨਿ, ਮਨ ਵਿਚ। ਘਟਿ = ਹਿਰਦੇ ਵਿਚ। ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝੀ।12।

ਅਰਥ: ਹੇ ਭਾਈ! ਜਿਹੜਾ ਮਨੁੱਖ 'ਮੈਂ ਵੱਡਾ ਹਾਂ, ਮੈਂ ਵੱਡਾ ਬਣ ਜਾਵਾਂ' = ਇਹਨਾਂ ਹੀ ਸੋਚਾਂ ਵਿਚ ਆਪਣੀ ਜ਼ਿੰਦਗੀ ਵਿਅਰਥ ਗੁਜ਼ਾਰ ਦੇਂਦਾ ਹੈ, ਉਸ ਦੇ ਜੀਵਨ-ਸਫ਼ਰ ਵਿਚ (ਉਸ ਦੇ ਅੰਦਰੋਂ) ਮਾਇਆ ਦਾ ਮੋਹ (ਕਦੇ) ਨਹੀਂ ਮੁੱਕਦਾ। (ਜਦੋਂ) ਪਰਲੋਕ ਵਿਚ ਧਰਮ ਰਾਜ (ਉਸ ਪਾਸੋਂ ਮਨੁੱਖਾ ਜੀਵਨ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਦਾ ਹੈ (ਤਦੋਂ ਉਹ ਇਉਂ) ਪੀੜਿਆ ਜਾਂਦਾ ਹੈ ਜਿਵੇਂ (ਕੋਲ੍ਹੂ ਵਿਚ ਪਾਈ) ਘਾਣੀ ਦੇ ਤਿਲ ਪੀੜੇ ਜਾਂਦੇ ਹਨ।9।

ਹੇ ਭਾਈ! ਗੁਰੂ ਦੀ ਦੱਸੀ (ਨਾਮ-ਸਿਮਰਨ ਦੀ) ਕਾਰ ਵੱਡੀ ਕਿਸਮਤ ਨਾਲ (ਹੀ ਕਿਸੇ ਪਾਸੋਂ) ਹੋ ਸਕਦੀ ਹੈ। ਜਦੋਂ ਪਰਮਾਤਮਾ ਦੀ ਨਿਗਾਹ ਕਰਦਾ ਹੈ ਤਦੋਂ ਹੀ ਕੋਈ ਮਨੁੱਖ ਕਰ ਸਕਦਾ ਹੈ। ਆਤਮਕ ਮੌਤ ਉਸ ਮਨੁੱਖ ਦੇ ਨੇੜੇ ਨਹੀਂ ਆਉਂਦੀ। ਉਹ ਮਨੁੱਖ ਸਦਾ-ਥਿਰ ਪਰਮਾਤਮਾ ਦੇ ਚਰਨਾਂ ਵਿਚ ਜੁੜ ਕੇ ਆਤਮਕ ਆਨੰਦ ਮਾਣਦਾ ਹੈ।10।

ਹੇ ਪ੍ਰਭੂ! ਜਿਹੜੇ ਮਨੁੱਖ ਤੈਨੂੰ ਚੰਗੇ ਲੱਗੇ ਉਹਨਾਂ ਨੇ ਹੀ ਆਤਮਕ ਆਨੰਦ ਮਾਣਿਆ। ਉਹਨਾਂ ਦੀ ਵੱਡੀ ਕਿਸਮਤ ਕਿ ਤੂੰ ਉਹਨਾਂ ਨੂੰ ਗੁਰੂ ਦੀ ਦੱਸੀ ਕਾਰੇ ਲਾਈ ਰਖਿਆ। ਸਾਰੀ (ਲੋਕ ਪਰਲੋਕ ਦੀ) ਇੱਜ਼ਤ ਤੇਰੇ ਹੱਥ ਵਿਚ ਹੈ, ਜਿਸ ਨੂੰ ਤੂੰ (ਇਹ ਇੱਜ਼ਤ) ਦੇਂਦਾ ਹੈਂ ਉਹ ਪ੍ਰਾਪਤ ਕਰਦਾ ਹੈ।11।

(ਹੇ ਪ੍ਰਭੂ! ਜਿਸ ਉੱਤੇ ਤੂੰ ਮਿਹਰ ਦੀ ਨਿਗਾਹ ਕਰਦਾ ਹੈਂ, ਉਹ ਮਨੁੱਖ ਆਪਣੇ) ਹਿਰਦੇ ਵਿਚ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰਦਾ ਹੈ, ਉਹ (ਤੇਰਾ) ਸ੍ਰੇਸ਼ਟ ਨਾਮ ਆਪਣੇ ਮਨ ਵਿਚ ਵਸਾਂਦਾ ਹੈ। ਉਸ ਦੇ ਹਿਰਦੇ ਵਿਚ ਆਤਮਕ ਜੀਵਨ ਦੀ ਸੂਝ ਦਾ ਸ੍ਰੇਸ਼ਟ ਚਾਨਣ ਹੋ ਜਾਂਦਾ ਹੈ (ਜਿਸ ਦੀ ਬਰਕਤਿ ਨਾਲ ਉਹ ਆਪਣੇ ਅੰਦਰੋਂ) ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ ਦੂਰ ਕਰ ਲੈਂਦਾ ਹੈ।12।

ਅਗਿਆਨੀ ਅੰਧੇ ਦੂਜੈ ਲਾਗੇ ॥ ਬਿਨੁ ਪਾਣੀ ਡੁਬਿ ਮੂਏ ਅਭਾਗੇ ॥ ਚਲਦਿਆ ਘਰੁ ਦਰੁ ਨਦਰਿ ਨ ਆਵੈ ਜਮ ਦਰਿ ਬਾਧਾ ਦੁਖੁ ਪਾਇਦਾ ॥੧੩॥ ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ॥ ਗਿਆਨੀ ਧਿਆਨੀ ਪੂਛਹੁ ਕੋਈ ॥ ਸਤਿਗੁਰੁ ਸੇਵੇ ਤਿਸੁ ਮਿਲੈ ਵਡਿਆਈ ਦਰਿ ਸਚੈ ਸੋਭਾ ਪਾਇਦਾ ॥੧੪॥ ਸਤਿਗੁਰ ਨੋ ਸੇਵੇ ਤਿਸੁ ਆਪਿ ਮਿਲਾਏ ॥ ਮਮਤਾ ਕਾਟਿ ਸਚਿ ਲਿਵ ਲਾਏ ॥ ਸਦਾ ਸਚੁ ਵਣਜਹਿ ਵਾਪਾਰੀ ਨਾਮੋ ਲਾਹਾ ਪਾਇਦਾ ॥੧੫॥ ਆਪੇ ਕਰੇ ਕਰਾਏ ਕਰਤਾ ॥ ਸਬਦਿ ਮਰੈ ਸੋਈ ਜਨੁ ਮੁਕਤਾ ॥ ਨਾਨਕ ਨਾਮੁ ਵਸੈ ਮਨ ਅੰਤਰਿ ਨਾਮੋ ਨਾਮੁ ਧਿਆਇਦਾ ॥੧੬॥੫॥੧੯॥ {ਪੰਨਾ 1062}

ਪਦ ਅਰਥ: ਦੂਜੈ = (ਪਰਮਾਤਮਾ ਨੂੰ ਭੁਲਾ ਕੇ) ਹੋਰ ਹੋਰ (ਮੋਹ) ਵਿਚ। ਅਭਾਗੇ = ਬਦ-ਕਿਸਮਤ, ਮੰਦ-ਭਾਗੀ। ਚਲਦਿਆ = ਜ਼ਿੰਦਗੀ ਦੇ ਸਫ਼ਰ ਵਿਚ ਪਿਆਂ। ਘਰੁ = ਅਸਲ ਘਰ ਜਿਥੋਂ ਕਦੇ ਵਿਛੋੜਾ ਨਾਹ ਹੋਵੇ। ਦਰੁ = (ਅਸਲ) ਦਰਵਾਜ਼ਾ। ਜਮ ਦਰਿ = ਜਮਰਾਜ ਦੇ ਦਰ ਤੇ। ਬਾਧਾ = ਬੱਧਾ ਹੋਇਆ।13।

ਮੁਕਤਿ = (ਮਾਇਆ ਦੇ ਮੋਹ ਤੋਂ) ਖ਼ਲਾਸੀ। ਗਿਆਨੀ = ਧਾਰਮਿਕ ਪੁਸਤਕਾਂ ਪੜ੍ਹ ਕੇ ਨਿਰੀ ਕਥਾ-ਵਾਰਤਾ ਚਰਚਾ ਕਰਨ ਵਾਲੇ। ਧਿਆਨੀ = ਸਮਾਧੀਆਂ ਲਾਣ ਵਾਲੇ। ਸੇਵੇ = ਸਰਨ ਪੈਂਦਾ ਹੈ। ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ।14।

ਮਮਤਾ = ਮਾਇਕ ਪਦਾਰਥਾਂ ਦੇ ਕਬਜ਼ੇ ਦੀ ਲਾਲਸਾ। ਕਾਟਿ = ਕੱਟ ਕੇ। ਸਚਿ = ਸਦਾ-ਥਿਰ ਹਰਿ-ਨਾਮ ਵਿਚ। ਲਿਵ = ਲਗਨ। ਸਚੁ = ਸਦਾ-ਥਿਰ ਹਰਿ-ਨਾਮ। ਨਾਮੋ = ਨਾਮ ਹੀ। ਲਾਹਾ = ਲਾਭ।15।

ਆਪੇ = (ਪ੍ਰਭੂ) ਆਪ ਹੀ। ਕਰਤਾ = ਕਰਤਾਰ। ਸਬਦਿ = ਗੁਰੂ ਦੇ ਸ਼ਬਦ ਵਿਚ ਜੁੜ ਕੇ। ਮਰੈ = ਆਪਾ-ਭਾਵ ਛੱਡੇ। ਮੁਕਤਾ = (ਮਾਇਆ ਦੇ ਮੋਹ ਤੋਂ) ਸੁਤੰਤਰ। ਅੰਤਰਿ = ਅੰਦਰ। ਨਾਮੋ ਨਾਮੁ = ਹਰ ਵੇਲੇ ਨਾਮ। 16।

ਅਰਥ: ਹੇ ਭਾਈ! ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਤੇ ਆਤਮਕ ਜੀਵਨ ਤੋਂ ਬੇ-ਸਮਝ ਮਨੁੱਖ (ਪਰਮਾਤਮਾ ਨੂੰ ਛੱਡ ਕੇ) ਹੋਰ ਹੋਰ ਵਿਚ ਲੱਗੇ ਰਹਿੰਦੇ ਹਨ, ਉਹ ਬਦ-ਕਿਸਮਤ ਮਨੁੱਖ ਪਾਣੀ ਤੋਂ ਬਿਨਾ (ਵਿਕਾਰਾਂ ਦੇ ਪਾਣੀ ਵਿਚ) ਡੁੱਬ ਕੇ ਆਤਮਕ ਮੌਤੇ ਮਰ ਜਾਂਦੇ ਹਨ। ਜ਼ਿੰਦਗੀ ਦੇ ਸਫ਼ਰ ਵਿਚ ਪਿਆਂ ਆਪਣਾ ਅਸਲੀ ਘਰ-ਬਾਰ ਨਹੀਂ ਦਿੱਸਦਾ। (ਅਜਿਹਾ ਮਨੁੱਖ) ਜਮਰਾਜ ਦੇ ਦਰ ਤੇ ਬੱਝਾ ਹੋਇਆ ਦੁੱਖ ਪਾਂਦਾ ਹੈ।13।

ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੁੰਦੀ, ਬੇਸ਼ੱਕ ਕੋਈ ਮਨੁੱਖ ਉਹਨਾਂ ਨੂੰ ਪੁੱਛ ਵੇਖੇ ਜੋ ਧਾਰਮਿਕ ਪੁਸਤਕਾਂ ਪੜ੍ਹ ਕੇ ਨਿਰੀ ਕਥਾ-ਵਾਰਤਾ ਚਰਚਾ ਕਰਨ ਵਾਲੇ ਹਨ, ਜਾਂ ਜੋ, ਸਮਾਧੀਆਂ ਲਾਈ ਰੱਖਦੇ ਹਨ। ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ, ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਆਦਰ ਪ੍ਰਾਪਤ ਕਰਦਾ ਹੈ।14।

ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਦੱਸੀ ਕਾਰ ਕਰਦਾ ਹੈ, ਉਸ ਨੂੰ ਪਰਮਾਤਮਾ ਆਪ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ। ਉਹ ਮਨੁੱਖ (ਆਪਣੇ ਅੰਦਰੋਂ) ਮਾਇਕ ਪਦਾਰਥਾਂ ਦੇ ਕਬਜ਼ੇ ਦੀ ਲਾਲਸਾ ਛੱਡ ਕੇ ਸਦਾ-ਥਿਰ ਹਰਿ-ਨਾਮ ਵਿਚ ਸੁਰਤਿ ਜੋੜੀ ਰੱਖਦਾ ਹੈ। ਹੇ ਭਾਈ! ਜਿਹੜੇ ਵਣਜਾਰੇ-ਜੀਵ ਸਦਾ-ਥਿਰ ਹਰਿ-ਨਾਮ ਦਾ ਵਣਜ ਸਦਾ ਕਰਦੇ ਹਨ, ਉਹਨਾਂ ਨੂੰ ਹਰੀ-ਨਾਮ ਦਾ ਲਾਭ ਮਿਲਦਾ ਹੈ।15।

ਪਰ, ਹੇ ਭਾਈ! ਕਰਤਾਰ ਆਪ ਹੀ (ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ। (ਉਸ ਦੀ ਮਿਹਰ ਨਾਲ) ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਆਪਾ-ਭਾਵ ਤਿਆਗਦਾ ਹੈ, ਉਹੀ (ਵਿਕਾਰਾਂ ਤੋਂ) ਸੁਤੰਤਰ ਹੋ ਜਾਂਦਾ ਹੈ। ਹੇ ਨਾਨਕ! ਉਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਟਿਕਿਆ ਰਹਿੰਦਾ ਹੈ, ਉਹ ਹਰ ਵੇਲੇ ਪਰਮਾਤਮਾ ਦਾ ਨਾਮ ਹੀ ਸਿਮਰਦਾ ਰਹਿੰਦਾ ਹੈ। 16।5। 19।

ਮਾਰੂ ਮਹਲਾ ੩ ॥ ਜੋ ਤੁਧੁ ਕਰਣਾ ਸੋ ਕਰਿ ਪਾਇਆ ॥ ਭਾਣੇ ਵਿਚਿ ਕੋ ਵਿਰਲਾ ਆਇਆ ॥ ਭਾਣਾ ਮੰਨੇ ਸੋ ਸੁਖੁ ਪਾਏ ਭਾਣੇ ਵਿਚਿ ਸੁਖੁ ਪਾਇਦਾ ॥੧॥ ਗੁਰਮੁਖਿ ਤੇਰਾ ਭਾਣਾ ਭਾਵੈ ॥ ਸਹਜੇ ਹੀ ਸੁਖੁ ਸਚੁ ਕਮਾਵੈ ॥ ਭਾਣੇ ਨੋ ਲੋਚੈ ਬਹੁਤੇਰੀ ਆਪਣਾ ਭਾਣਾ ਆਪਿ ਮਨਾਇਦਾ ॥੨॥ ਤੇਰਾ ਭਾਣਾ ਮੰਨੇ ਸੁ ਮਿਲੈ ਤੁਧੁ ਆਏ ॥ ਜਿਸੁ ਭਾਣਾ ਭਾਵੈ ਸੋ ਤੁਝਹਿ ਸਮਾਏ ॥ ਭਾਣੇ ਵਿਚਿ ਵਡੀ ਵਡਿਆਈ ਭਾਣਾ ਕਿਸਹਿ ਕਰਾਇਦਾ ॥੩॥ ਜਾ ਤਿਸੁ ਭਾਵੈ ਤਾ ਗੁਰੂ ਮਿਲਾਏ ॥ ਗੁਰਮੁਖਿ ਨਾਮੁ ਪਦਾਰਥੁ ਪਾਏ ॥ ਤੁਧੁ ਆਪਣੈ ਭਾਣੈ ਸਭ ਸ੍ਰਿਸਟਿ ਉਪਾਈ ਜਿਸ ਨੋ ਭਾਣਾ ਦੇਹਿ ਤਿਸੁ ਭਾਇਦਾ ॥੪॥ {ਪੰਨਾ 1063-1064}

ਪਦ ਅਰਥ: ਜੋ = ਜੋ ਕੁਝ, ਜਿਹੜਾ ਕੰਮ। ਸੋ = ਉਹ ਕੰਮ। ਕਰਿ ਪਾਇਆ = ਜ਼ਰੂਰ ਕਰ ਦੇਂਦਾ ਹੈਂ। ਕੋ ਵਿਰਲਾ = ਕੋਈ ਵਿਰਲਾ ਮਨੁੱਖ। ਭਾਣੇ ਵਿਚਿ ਆਇਆ = ਭਾਣੇ ਨੂੰ ਮਿੱਠਾ ਮੰਨਿਆ, ਤੇਰੇ ਕੀਤੇ ਨੂੰ ਸਿਰ-ਮੱਥੇ ਤੇ ਮੰਨਿਆ। ਭਾਣਾ ਮੰਨੇ = ਤੇਰੇ ਕੀਤੇ ਨੂੰ ਠੀਕ ਮੰਨਦਾ ਹੈ।1।

ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਨੂੰ। ਭਾਵੈ = ਚੰਗਾ ਲੱਗਦਾ ਹੈ। ਸਹਜੇ = ਆਤਮਕ ਅਡੋਲਤਾ ਵਿਚ। ਸੁਖੁ = ਆਤਮਕ ਆਨੰਦ। ਸਚੁ ਕਮਾਵੈ = ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ। ਭਾਣੇ ਨੋ ਲੋਚੈ = ਪ੍ਰਭੂ ਦੇ ਕੀਤੇ ਨੂੰ ਮਿੱਠਾ ਮੰਨਣ ਦੀ ਤਾਂਘ ਕਰਦੀ ਹੈ।2।

ਆਏ = ਆਇ, ਆ ਕੇ। ਤੁਧੁ = ਤੈਨੂੰ। ਜਿਸੁ = ਜਿਸ ਮਨੁੱਖ ਨੂੰ। ਤੁਝਹਿ = ਤੇਰੇ ਵਿਚ। ਵਡਿਆਈ = ਇੱਜ਼ਤ। ਕਿਸਹਿ = ਕਿਸੇ ਵਿਰਲੇ ਤੋਂ।3।

ਤਿਸੁ ਭਾਵੈ = ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ। ਜਾ = ਜਾਂ, ਜਦੋਂ। ਤਾ = ਤਾਂ, ਤਦੋਂ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਤੁਧੁ = ਤੂੰ। ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਦੇਹਿ = ਤੂੰ ਦੇਂਦਾ ਹੈਂ। ਤਿਸੁ ਭਾਇਦਾ = ਉਸ ਨੂੰ (ਤੇਰਾ ਭਾਣਾ) ਮਿੱਠਾ ਲੱਗਦਾ ਹੈ।4।

ਅਰਥ: ਹੇ ਪ੍ਰਭੂ! ਜਿਹੜਾ ਕੰਮ ਤੂੰ ਕਰਨਾ (ਚਾਹੁੰਦਾ) ਹੈਂ, ਉਹ ਕੰਮ ਤੂੰ ਜ਼ਰੂਰ ਕਰ ਦੇਂਦਾ ਹੈਂ, (ਇਹ ਪਤਾ ਹੁੰਦਿਆਂ ਭੀ) ਕੋਈ ਵਿਰਲਾ ਮਨੁੱਖ ਤੇਰੀ ਰਜ਼ਾ ਨੂੰ ਮਿੱਠਾ ਕਰ ਕੇ ਮੰਨਦਾ ਹੈ। ਜਿਹੜਾ ਮਨੁੱਖ ਤੇਰੀ ਰਜ਼ਾ ਨੂੰ ਸਿਰ-ਮੱਥੇ ਤੇ ਮੰਨਦਾ ਹੈ, ਉਹ ਆਤਮਕ ਸੁਖ ਹਾਸਲ ਕਰਦਾ ਹੈ, ਤੇਰੀ ਰਜ਼ਾ ਵਿਚ ਵਿਚ ਰਹਿ ਕੇ ਆਤਮਕ ਆਨੰਦ ਮਾਣਦਾ ਹੈ।1।

ਹੇ ਪ੍ਰਭੂ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਤੇਰੀ ਰਜ਼ਾ ਚੰਗੀ ਲੱਗਦੀ ਹੈ। ਉਹ ਆਤਮਕ ਅਡੋਲਤਾ ਵਿਚ ਰਹਿ ਕੇ ਸੁਖ ਪਾਂਦਾ ਹੈ, ਉਹ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਰਹਿੰਦਾ ਹੈ।

ਹੇ ਭਾਈ! ਪ੍ਰਭੂ ਦੇ ਕੀਤੇ ਨੂੰ ਮਿੱਠਾ ਮੰਨਣ ਦੀ ਤਾਂਘ ਬਥੇਰੀ ਲੁਕਾਈ ਕਰਦੀ ਹੈ, ਪਰ ਆਪਣੀ ਰਜ਼ਾ ਉਹ ਆਪ ਹੀ (ਕਿਸੇ ਵਿਰਲੇ ਤੋਂ) ਮਨਾਂਦਾ ਹੈ।2।

ਹੇ ਪ੍ਰਭੂ! ਜਿਹੜਾ ਮਨੁੱਖ ਤੇਰੀ ਰਜ਼ਾ ਨੂੰ ਮੰਨਦਾ ਹੈ, ਉਹ ਤੈਨੂੰ ਆ ਮਿਲਦਾ ਹੈ। ਜਿਸ ਮਨੁੱਖ ਨੂੰ ਤੇਰਾ ਭਾਣਾ ਭਾ ਜਾਂਦਾ ਹੈ, ਉਹ ਤੇਰੇ (ਚਰਨਾਂ) ਵਿਚ ਲੀਨ ਹੋ ਜਾਂਦਾ ਹੈ।

ਹੇ ਭਾਈ! ਪਰਮਾਤਮਾ ਦੀ ਰਜ਼ਾ ਵਿਚ ਰਿਹਾਂ ਬੜੀ ਇੱਜ਼ਤ ਮਿਲਦੀ ਹੈ। ਪਰ ਕਿਸੇ ਵਿਰਲੇ ਨੂੰ ਰਜ਼ਾ ਵਿਚ ਤੋਰਦਾ ਹੈ।3।

ਹੇ ਭਾਈ! ਜਦੋਂ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਤਦੋਂ ਉਹ (ਕਿਸੇ ਵਡਭਾਗੀ ਨੂੰ) ਗੁਰੂ ਮਿਲਾਂਦਾ ਹੈ। ਤੇ, ਗੁਰੂ ਦੇ ਸਨਮੁਖ ਹੋਇਆ ਮਨੁੱਖ ਪਰਮਾਤਮਾ ਦਾ ਸ੍ਰੇਸ਼ਟ ਨਾਮ ਪ੍ਰਾਪਤ ਕਰ ਲੈਂਦਾ ਹੈ।

ਹੇ ਭਾਈ! ਇਹ ਸਾਰੀ ਸ੍ਰਿਸ਼ਟੀ ਤੂੰ ਆਪਣੀ ਰਜ਼ਾ ਵਿਚ ਪੈਦਾ ਕੀਤੀ ਹੈ। ਜਿਸ ਮਨੁੱਖ ਨੂੰ ਤੂੰ ਆਪਣੀ ਰਜ਼ਾ ਮੰਨਣ ਦੀ ਤਾਕਤ ਦੇਂਦਾ ਹੈਂ, ਉਸ ਨੂੰ ਤੇਰੀ ਰਜ਼ਾ ਪਿਆਰੀ ਲੱਗਦੀ ਹੈ।4।

TOP OF PAGE

Sri Guru Granth Darpan, by Professor Sahib Singh