ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1064

ਮਨਮੁਖੁ ਅੰਧੁ ਕਰੇ ਚਤੁਰਾਈ ॥ ਭਾਣਾ ਨ ਮੰਨੇ ਬਹੁਤੁ ਦੁਖੁ ਪਾਈ ॥ ਭਰਮੇ ਭੂਲਾ ਆਵੈ ਜਾਏ ਘਰੁ ਮਹਲੁ ਨ ਕਬਹੂ ਪਾਇਦਾ ॥੫॥ ਸਤਿਗੁਰੁ ਮੇਲੇ ਦੇ ਵਡਿਆਈ ॥ ਸਤਿਗੁਰ ਕੀ ਸੇਵਾ ਧੁਰਿ ਫੁਰਮਾਈ ॥ ਸਤਿਗੁਰ ਸੇਵੇ ਤਾ ਨਾਮੁ ਪਾਏ ਨਾਮੇ ਹੀ ਸੁਖੁ ਪਾਇਦਾ ॥੬॥ ਸਭ ਨਾਵਹੁ ਉਪਜੈ ਨਾਵਹੁ ਛੀਜੈ ॥ ਗੁਰ ਕਿਰਪਾ ਤੇ ਮਨੁ ਤਨੁ ਭੀਜੈ ॥ ਰਸਨਾ ਨਾਮੁ ਧਿਆਏ ਰਸਿ ਭੀਜੈ ਰਸ ਹੀ ਤੇ ਰਸੁ ਪਾਇਦਾ ॥੭॥ ਮਹਲੈ ਅੰਦਰਿ ਮਹਲੁ ਕੋ ਪਾਏ ॥ ਗੁਰ ਕੈ ਸਬਦਿ ਸਚਿ ਚਿਤੁ ਲਾਏ ॥ ਜਿਸ ਨੋ ਸਚੁ ਦੇਇ ਸੋਈ ਸਚੁ ਪਾਏ ਸਚੇ ਸਚਿ ਮਿਲਾਇਦਾ ॥੮॥ {ਪੰਨਾ 1064}

ਪਦ ਅਰਥ: ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਅੰਧੁ = ਅੰਨ੍ਹਾ, ਮਾਇਆ ਦੇ ਮੋਹ ਵਿਚ ਅੰਨ੍ਹਾ। ਭਰਮੇ = ਭਟਕਣਾ ਦੇ ਕਾਰਨ। ਭੂਲਾ = ਕੁਰਾਹੇ ਪਿਆ ਹੋਇਆ। ਆਵੈ ਜਾਏ = ਜੰਮਦਾ ਮਰਦਾ ਹੈ। ਘਰੁ ਮਹਲੁ = ਪਰਮਾਤਮਾ ਦੇ ਚਰਨਾਂ ਵਿਚ ਥਾਂ।5।

ਮੇਲੇ = ਮਿਲਾਂਦਾ ਹੈ। ਦੇ = ਦੇਂਦਾ ਹੈ। ਧੁਰਿ = ਧੁਰੋਂ, ਪਰਮਾਤਮਾ ਨੇ ਆਪਣੀ ਹਜ਼ੂਰੀ ਵਿਚੋਂ। ਨਾਮੇ ਹੀ = ਨਾਮ ਦੀ ਰਾਹੀਂ ਹੀ।6।

ਸਭ = ਹਰੇਕ (ਗੁਣ) । ਨਾਵਹੁ = ਨਾਮ (ਜਪਣ) ਤੋਂ। ਛੀਜੈ = (ਹਰੇਕ ਔਗੁਣ) ਨਾਸ ਹੁੰਦਾ ਹੈ। ਤੇ = ਤੋਂ। ਭੀਜੈ = ਭਿੱਜ ਜਾਂਦਾ ਹੈ। ਰਸਨਾ = ਜੀਭ ਨਾਲ। ਰਸਿ = ਰਸ ਵਿਚ, ਸੁਆਦ ਵਿਚ, ਆਤਮਕ ਆਨੰਦ ਵਿਚ। ਰਸ ਹੀ ਤੇ = (ਉਸ) ਆਤਮਕ ਆਨੰਦ ਤੋਂ ਹੀ।7।

ਮਹਲੈ ਅੰਦਰਿ = ਸਰੀਰ ਵਿਚ। ਕੋ = ਜਿਹੜਾ ਕੋਈ ਮਨੁੱਖ। ਮਹਲੁ = ਪਰਮਾਤਮਾ ਦਾ ਟਿਕਾਣਾ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਸਚਿ = ਸਦਾ-ਥਿਰ ਪ੍ਰਭੂ ਵਿਚ। ਸਚੁ = ਸਦਾ-ਥਿਰ ਪ੍ਰਭੂ। ਸਚੁ = ਸਦਾ-ਥਿਰ ਹਰਿ-ਨਾਮ। ਸਚੇ ਸਚਿ = ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ।8।

ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਤੇ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਚੁਕਾ ਮਨੁੱਖ (ਆਪਣੇ ਵਲੋਂ ਬਥੇਰੀ) ਸਿਆਣਪ ਕਰਦਾ ਹੈ, (ਪਰ ਜਦ ਤਕ ਉਹ ਪਰਮਾਤਮਾ ਦੇ) ਕੀਤੇ ਨੂੰ ਮਿੱਠਾ ਕਰ ਕੇ ਨਹੀਂ ਮੰਨਦਾ (ਉਤਨਾ ਚਿਰ ਉਹ) ਬਹੁਤ ਦੁੱਖ ਪਾਂਦਾ ਹੈ। ਮਨ ਦਾ ਮੁਰੀਦ ਮਨੁੱਖ ਭਟਕਣਾ ਦੇ ਕਾਰਨ ਕੁਰਾਹੇ ਪਿਆ ਹੋਇਆ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ, ਉਹ ਕਦੇ ਭੀ (ਇਸ ਤਰ੍ਹਾਂ) ਪਰਮਾਤਮਾ ਦੇ ਚਰਨਾਂ ਵਿਚ ਥਾਂ ਨਹੀਂ ਲੱਭ ਸਕਦਾ।5।

ਹੇ ਭਾਈ! (ਜਿਸ ਮਨੁੱਖ ਨੂੰ ਪਰਮਾਤਮਾ) ਗੁਰੂ ਮਿਲਾਂਦਾ ਹੈ, (ਉਸ ਨੂੰ ਲੋਕ ਪਰਲੋਕ ਦੀ) ਇੱਜ਼ਤ ਬਖ਼ਸ਼ਦਾ ਹੈ। ਗੁਰੂ ਦੀ ਦੱਸੀ ਕਾਰ ਕਰਨ ਦਾ ਹੁਕਮ ਧੁਰੋਂ ਹੀ ਪ੍ਰਭੂ ਨੇ ਦਿੱਤਾ ਹੋਇਆ ਹੈ। ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤਦੋਂ ਉਹ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ, ਤੇ, ਨਾਮ ਵਿਚ ਜੁੜ ਕੇ ਹੀ ਆਤਮਕ ਆਨੰਦ ਪਾਂਦਾ ਹੈ।6।

ਹੇ ਭਾਈ! ਨਾਮ (ਸਿਮਰਨ) ਤੋਂ ਹਰੇਕ (ਗੁਣ ਮਨੁੱਖ ਦੇ ਅੰਦਰ) ਪੈਦਾ ਹੋ ਜਾਂਦਾ ਹੈ, ਨਾਮ (ਸਿਮਰਨ) ਤੋਂ (ਹਰੇਕ ਔਗੁਣ ਮਨੁੱਖ ਦੇ ਅੰਦਰੋਂ) ਨਾਸ ਹੋ ਜਾਂਦਾ ਹੈ। ਹੇ ਭਾਈ! ਗੁਰੂ ਦੀ ਕਿਰਪਾ ਨਾਲ (ਹੀ ਮਨੁੱਖ ਦਾ) ਮਨ (ਮਨੁੱਖ ਦਾ) ਤਨ (ਨਾਮ-ਰਸ ਵਿਚ) ਭਿੱਜਦਾ ਹੈ। (ਜਦੋਂ ਮਨੁੱਖ ਆਪਣੀ) ਜੀਭ ਨਾਲ ਹਰਿ-ਨਾਮ ਸਿਮਰਦਾ ਹੈ, ਉਹ ਅਨੰਦ ਵਿਚ ਭਿੱਜ ਜਾਂਦਾ ਹੈ, ਉਸ ਆਨੰਦ ਤੋਂ ਹੀ ਮਨੁੱਖ ਹੋਰ ਆਤਮਕ ਆਨੰਦ ਪ੍ਰਾਪਤ ਕਰਦਾ ਹੈ।7।

ਹੇ ਭਾਈ! ਜਿਹੜਾ ਕੋਈ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ) ਸਰੀਰ ਵਿਚ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ, ਉਹ ਸਦਾ-ਥਿਰ ਹਰਿ-ਨਾਮ ਵਿਚ ਚਿੱਤ ਜੋੜੀ ਰੱਖਦਾ ਹੈ। ਪਰ, ਹੇ ਭਾਈ! ਜਿਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਆਪਣਾ ਸਦਾ-ਥਿਰ ਹਰਿ-ਨਾਮ ਦੇਂਦਾ ਹੈ, ਉਹੀ ਇਹ ਹਰਿ-ਨਾਮ ਹਾਸਲ ਕਰਦਾ ਹੈ, ਤੇ, ਉਹ ਹਰ ਵੇਲੇ ਇਸ ਸਦਾ-ਥਿਰ ਹਰਿ-ਨਾਮ ਵਿਚ ਇਕ-ਮਿਕ ਹੋਇਆ ਰਹਿੰਦਾ ਹੈ।8।

ਨਾਮੁ ਵਿਸਾਰਿ ਮਨਿ ਤਨਿ ਦੁਖੁ ਪਾਇਆ ॥ ਮਾਇਆ ਮੋਹੁ ਸਭੁ ਰੋਗੁ ਕਮਾਇਆ ॥ ਬਿਨੁ ਨਾਵੈ ਮਨੁ ਤਨੁ ਹੈ ਕੁਸਟੀ ਨਰਕੇ ਵਾਸਾ ਪਾਇਦਾ ॥੯॥ ਨਾਮਿ ਰਤੇ ਤਿਨ ਨਿਰਮਲ ਦੇਹਾ ॥ ਨਿਰਮਲ ਹੰਸਾ ਸਦਾ ਸੁਖੁ ਨੇਹਾ ॥ ਨਾਮੁ ਸਲਾਹਿ ਸਦਾ ਸੁਖੁ ਪਾਇਆ ਨਿਜ ਘਰਿ ਵਾਸਾ ਪਾਇਦਾ ॥੧੦॥ ਸਭੁ ਕੋ ਵਣਜੁ ਕਰੇ ਵਾਪਾਰਾ ॥ ਵਿਣੁ ਨਾਵੈ ਸਭੁ ਤੋਟਾ ਸੰਸਾਰਾ ॥ ਨਾਗੋ ਆਇਆ ਨਾਗੋ ਜਾਸੀ ਵਿਣੁ ਨਾਵੈ ਦੁਖੁ ਪਾਇਦਾ ॥੧੧॥ ਜਿਸ ਨੋ ਨਾਮੁ ਦੇਇ ਸੋ ਪਾਏ ॥ ਗੁਰ ਕੈ ਸਬਦਿ ਹਰਿ ਮੰਨਿ ਵਸਾਏ ॥ ਗੁਰ ਕਿਰਪਾ ਤੇ ਨਾਮੁ ਵਸਿਆ ਘਟ ਅੰਤਰਿ ਨਾਮੋ ਨਾਮੁ ਧਿਆਇਦਾ ॥੧੨॥ {ਪੰਨਾ 1064}

ਪਦ ਅਰਥ: ਵਿਸਾਰਿ = ਵਿਸਾਰ ਕੇ, ਭੁਲਾ ਕੇ। ਮਨਿ = ਮਨ ਵਿਚ। ਤਨਿ = ਸਰੀਰ ਵਿਚ। ਸਭੁ ਰੋਗੁ = ਨਿਰਾ ਰੋਗ। ਕਮਾਇਆ = ਵਿਹਾਝਿਆ, ਖੱਟਿਆ। ਕੁਸਟੀ = ਕੋਹੜਾ, ਰੋਗੀ। ਨਰਕੇ = ਨਰਕ ਵਿਚ ਹੀ।9।

ਨਾਮਿ = ਨਾਮ ਵਿਚ। ਰਤੇ = ਰੱਤੇ, ਰੰਗੇ ਹੋਏ। ਦੇਹਾ = ਸਰੀਰ। ਨਿਰਮਲ = ਪਵਿਤਰ, ਵਿਕਾਰਾਂ ਤੋਂ ਬਚਿਆ ਹੋਇਆ। ਹੰਸਾ = ਆਤਮਾ। ਨੇਹਾ = ਪਿਆਰ, ਪਰਮਾਤਮਾ ਨਾਲ ਪਿਆਰ। ਸਲਾਹਿ = ਸਲਾਹ ਕੇ। ਨਿਜ ਘਰਿ = ਆਪਣੇ ਅਸਲ ਘਰ ਵਿਚ, ਪ੍ਰਭੂ-ਚਰਨਾਂ ਵਿਚ।10।

ਸਭੁ ਕੋ = ਹਰੇਕ ਜੀਵ। ਸਭੁ ਤੋਟਾ = ਨਿਰਾ ਘਾਟਾ। ਸੰਸਾਰ = ਜਗਤ ਵਿਚ। ਨਾਗੋ = ਨੰਗਾ ਹੀ। ਜਾਸੀ ਜਾਇਗਾ।11।

ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਦੇਇ = ਦੇਂਦਾ ਹੈ। ਮੰਨਿ = ਮਨਿ, ਮਨ ਵਿਚ। ਤੇ = ਤੋਂ। ਘਟ ਅੰਤਰਿ = ਹਿਰਦੇ ਵਿਚ। ਨਾਮੋ ਨਾਮੁ = ਹਰ ਵੇਲੇ ਨਾਮ।12।

ਅਰਥ: ਹੇ ਭਾਈ! (ਜਿਸ ਮਨੁੱਖ ਦੇ ਮਨ ਵਿਚ ਹਰ ਵੇਲੇ) ਮਾਇਆ ਦਾ ਮੋਹ (ਪ੍ਰਬਲ ਹੈ; ਉਸ ਨੇ) ਨਿਰਾ (ਆਤਮਕ) ਰੋਗ ਹੀ ਖੱਟਿਆ ਹੈ। ਪਰਮਾਤਮਾ ਦਾ ਨਾਮ ਭੁਲਾ ਕੇ ਉਸ ਆਪਣੇ ਮਨ ਵਿਚ ਤਨ ਵਿਚ ਦੁਖ ਹੀ ਪਾਇਆ ਹੈ। ਪ੍ਰਭੂ ਦੇ ਨਾਮ ਤੋਂ ਬਿਨਾ (ਮਨੁੱਖ ਦਾ) ਮਨ ਭੀ ਰੋਗੀ, ਤਨ (ਭਾਵ, ਗਿਆਨ-ਇੰਦ੍ਰੇ) ਭੀ ਰੋਗੀ (ਵਿਕਾਰੀ) , ਉਹ ਨਰਕ ਵਿਚ ਹੀ ਪਿਆ ਰਹਿੰਦਾ ਹੈ।9।

ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਸਰੀਰ ਵਿਕਾਰਾਂ ਤੋਂ ਬਚੇ ਰਹਿੰਦੇ ਹਨ, ਉਹਨਾਂ ਦਾ ਆਤਮਾ ਪਵਿੱਤਰ ਰਹਿੰਦਾ ਹੈ, ਉਹ (ਪ੍ਰਭੂ-ਚਰਨਾਂ ਨਾਲ) ਪਿਆਰ (ਜੋੜ ਕੇ) ਸਦਾ ਆਤਮਕ ਆਨੰਦ ਮਾਣਦੇ ਹਨ। ਹੇ ਭਾਈ! ਪਰਮਾਤਮਾ ਦੇ ਨਾਮ ਦੀ ਸਿਫ਼ਤਿ-ਸਾਲਾਹ ਕਰ ਕੇ ਮਨੁੱਖ ਸਦਾ ਸੁਖ ਪਾਂਦਾ ਹੈ, ਪ੍ਰਭੂ-ਚਰਨਾਂ ਵਿਚ ਉਸ ਦਾ ਨਿਵਾਸ ਬਣਿਆ ਰਹਿੰਦਾ ਹੈ।10।

ਹੇ ਭਾਈ! (ਜਗਤ ਵਿਚ ਆ ਕੇ) ਹਰੇਕ ਜੀਵ ਵਣਜ ਵਾਪਾਰ (ਆਦਿਕ ਕੋਈ ਨਾ ਕੋਈ ਕਾਰ-ਵਿਹਾਰ) ਕਰਦਾ ਹੈ, ਪਰ ਪ੍ਰਭੂ ਦੇ ਨਾਮ ਤੋਂ ਸੱਖਣੇ ਰਹਿ ਕੇ ਜਗਤ ਵਿਚ ਨਿਰਾ ਘਾਟਾ (ਹੀ ਘਾਟਾ) ਹੈ, (ਕਿਉਂਕਿ ਜਗਤ ਵਿਚ ਜੀਵ) ਨੰਗਾ ਹੀ ਆਉਂਦਾ ਹੈ (ਤੇ ਇਥੋਂ) ਨੰਗਾ ਹੀ ਤੁਰ ਜਾਇਗਾ (ਦੁਨੀਆ ਵਾਲੀ ਕਮਾਈ ਇਥੇ ਹੀ ਰਹਿ ਜਾਇਗੀ) । ਪ੍ਰਭੂ ਦੇ ਨਾਮ ਤੋਂ ਵਾਂਝਿਆ ਹੋਇਆ ਦੁੱਖ ਹੀ ਸਹਾਰਦਾ ਹੈ।11।

ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਆਪਣਾ ਨਾਮ ਦੇਂਦਾ ਹੈ ਉਹ (ਹੀ ਇਹ ਦਾਤਿ) ਹਾਸਲ ਕਰਦਾ ਹੈ। ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ। ਗੁਰੂ ਦੀ ਕਿਰਪਾ ਨਾਲ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਉਹ ਹਰ ਵੇਲੇ ਹਰਿ-ਨਾਮ ਹੀ ਸਿਮਰਦਾ ਰਹਿੰਦਾ ਹੈ।12।

ਨਾਵੈ ਨੋ ਲੋਚੈ ਜੇਤੀ ਸਭ ਆਈ ॥ ਨਾਉ ਤਿਨਾ ਮਿਲੈ ਧੁਰਿ ਪੁਰਬਿ ਕਮਾਈ ॥ ਜਿਨੀ ਨਾਉ ਪਾਇਆ ਸੇ ਵਡਭਾਗੀ ਗੁਰ ਕੈ ਸਬਦਿ ਮਿਲਾਇਦਾ ॥੧੩॥ ਕਾਇਆ ਕੋਟੁ ਅਤਿ ਅਪਾਰਾ ॥ ਤਿਸੁ ਵਿਚਿ ਬਹਿ ਪ੍ਰਭੁ ਕਰੇ ਵੀਚਾਰਾ ॥ ਸਚਾ ਨਿਆਉ ਸਚੋ ਵਾਪਾਰਾ ਨਿਹਚਲੁ ਵਾਸਾ ਪਾਇਦਾ ॥੧੪॥ ਅੰਤਰ ਘਰ ਬੰਕੇ ਥਾਨੁ ਸੁਹਾਇਆ ॥ ਗੁਰਮੁਖਿ ਵਿਰਲੈ ਕਿਨੈ ਥਾਨੁ ਪਾਇਆ ॥ ਇਤੁ ਸਾਥਿ ਨਿਬਹੈ ਸਾਲਾਹੇ ਸਚੇ ਹਰਿ ਸਚਾ ਮੰਨਿ ਵਸਾਇਦਾ ॥੧੫॥ ਮੇਰੈ ਕਰਤੈ ਇਕ ਬਣਤ ਬਣਾਈ ॥ ਇਸੁ ਦੇਹੀ ਵਿਚਿ ਸਭ ਵਥੁ ਪਾਈ ॥ ਨਾਨਕ ਨਾਮੁ ਵਣਜਹਿ ਰੰਗਿ ਰਾਤੇ ਗੁਰਮੁਖਿ ਕੋ ਨਾਮੁ ਪਾਇਦਾ ॥੧੬॥੬॥੨੦॥ {ਪੰਨਾ 1064}

ਪਦ ਅਰਥ: ਲੋਚੈ = ਤਾਂਘਦੀ ਹੈ, ਪ੍ਰਾਪਤ ਕਰਨ ਦੀ ਤਾਂਘ ਕਰਦੀ ਹੈ। ਨਾਵੈ ਨੋ = ਪਰਮਾਤਮਾ ਦੇ ਨਾਮ ਨੂੰ। ਜੇਤੀ = ਜਿਤਨੀ ਭੀ। ਸਭ ਆਈ = ਸਾਰੀ ਪੈਦਾ ਹੋਈ ਲੁਕਾਈ। ਧੁਰਿ = ਧੁਰ ਤੋਂ। ਪੁਰਬਿ = ਪਹਿਲੇ ਜਨਮ ਵਿਚ। ਸੋ = ਉਹ {ਬਹੁ-ਵਚਨ}। ਕੈ ਸਬਦਿ = ਦੇ ਸ਼ਬਦ ਦੀ ਰਾਹੀਂ।13।

ਕਾਇਆ = ਸਰੀਰ। ਕੋਟੁ = ਕਿਲ੍ਹਾ। ਅਤਿ ਅਪਾਰਾ = ਬਹੁਤ ਬੇਅੰਤ (ਪ੍ਰਭੂ) ਦਾ। ਤਿਸੁ ਵਿਚਿ = ਇਸ (ਕਾਇਆ ਕੋਟ) ਵਿਚ। ਬਹਿ = ਬੈਠ ਕੇ। ਸਦਾ = ਸਦਾ ਕਾਇਮ ਰਹਿਣ ਵਾਲਾ। ਨਿਹਚਲੁ = ਕਦੇ ਨਾਹ ਹਿੱਲਣ ਵਾਲਾ, ਅਟੱਲ।14।

ਅੰਤਰ ਘਰ = ਅੰਦਰਲੇ ਘਰ (ਮਨ, ਬੁੱਧੀ, ਗਿਆਨ-ਇੰਦ੍ਰੇ ਆਦਿਕ) {ਬਹੁ-ਵਚਨ}। ਬੰਕੇ = ਸੋਹਣੇ, ਬਾਂਕੇ। ਥਾਨੁ = ਹਿਰਦਾ ਥਾਂ। ਸੁਹਾਇਆ = ਸੋਹਣਾ। ਇਤੁ = ਇਸ ਵਿਚ {ਲਫ਼ਜ਼ 'ਇਸੁ' ਤੋਂ ਅਧਿਕਰਣ ਕਾਰਕ ਇਕ-ਵਚਨ}। ਸਾਥਿ = ਸਾਥ ਵਿਚ (ਅੰਦਰਲੇ ਸੋਹਣੇ ਘਰਾਂ ਦੇ ਸਾਥ ਵਿਚ, ਮਨ ਬੁੱਧੀ ਗਿਆਨ-ਇੰਦ੍ਰੇ ਆਦਿਕ ਦੇ ਸਾਥ ਵਿਚ) । ਨਿਬਹੈ– ਨਿਭਦੀ ਹੈ, ਪੂਰੀ ਉਤਰਦੀ ਹੈ। ਸਾਲਾਹੇ ਸਚੇ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹੇ। ਮੰਨਿ = ਮਨਿ, ਮਨ ਵਿਚ।15।

ਮੇਰੈ ਕਰਤੈ = ਮੇਰੇ ਕਰਤਾਰ ਨੇ। ਦੇਹੀ = ਸਰੀਰ। ਸਭ ਵਥੁ = ਸਾਰੀ ਵਸਤ, ਆਤਮਕ ਜੀਵਨ ਦੀ ਸਾਰੀ ਪੂੰਜੀ। ਵਣਜਹਿ = ਵਣਜਦੇ ਹਨ, ਵਿਹਾਝਦੇ ਹਨ। ਰੰਗਿ = ਪ੍ਰੇਮ-ਰੰਗਿ ਵਿਚ। ਰਾਤੇ = ਰੰਗੇ ਹੋਏ। ਗੁਰਮੁਖਿ ਕੋ = ਕੋਈ ਮਨੁੱਖ ਜੋ ਗੁਰੂ ਦੀ ਸਰਨ ਪੈਂਦਾ ਹੈ। 16।

ਅਰਥ: ਹੇ ਭਾਈ! ਜਿਤਨੀ ਭੀ ਲੁਕਾਈ (ਜਗਤ ਵਿਚ) ਪੈਦਾ ਹੁੰਦੀ ਹੈ (ਉਹ ਸਾਰੀ) ਪਰਮਾਤਮਾ ਦਾ ਨਾਮ ਪ੍ਰਾਪਤ ਕਰਨ ਦੀ ਤਾਂਘ ਕਰਦੀ ਹੈ, ਪਰ ਪਰਮਾਤਮਾ ਦਾ ਨਾਮ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਨੇ ਪ੍ਰਭੂ ਦੀ ਰਜ਼ਾ ਅਨੁਸਾਰ ਪਹਿਲੇ ਜਨਮ ਵਿਚ (ਨਾਮ ਜਪਣ ਦੀ) ਕਮਾਈ ਕੀਤੀ ਹੁੰਦੀ ਹੈ।

ਹੇ ਭਾਈ! ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ, ਉਹ ਵੱਡੇ ਭਾਗਾਂ ਵਾਲੇ ਬਣ ਜਾਂਦੇ ਹਨ। (ਅਜਿਹੇ ਵਡਭਾਗੀਆਂ ਨੂੰ ਪਰਮਾਤਮਾ) ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਨਾਲ) ਮਿਲਾ ਲੈਂਦਾ ਹੈ।13।

ਹੇ ਭਾਈ! (ਮਨੁੱਖ ਦਾ ਇਹ) ਸਰੀਰ ਉਸ ਬਹੁਤ ਬੇਅੰਤ ਪਰਮਾਤਮਾ (ਦੇ ਰਹਿਣ) ਲਈ ਕਿਲ੍ਹਾ ਹੈ। ਇਸ ਕਿਲ੍ਹੇ ਵਿਚ ਬੈਠ ਕੇ ਪਰਮਾਤਮਾ (ਕਈ ਕਿਸਮ ਦੇ) ਵਿਚਾਰ ਕਰਦਾ ਰਹਿੰਦਾ ਹੈ। ਉਸ ਪਰਮਾਤਮਾ ਦਾ ਨਿਆਂ ਸਦਾ ਕਾਇਮ ਰਹਿਣ ਵਾਲਾ ਹੈ। ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦਾ ਵਾਪਾਰ ਕਰਦਾ ਹੈ, ਉਹ (ਇਸ ਕਿਲ੍ਹੇ ਵਿਚ) ਭਟਕਣਾ ਤੋਂ ਰਹਿਤ ਨਿਵਾਸ ਪ੍ਰਾਪਤ ਕਰੀ ਰੱਖਦਾ ਹੈ।14।

ਹੇ ਭਾਈ! (ਨਾਮ ਸਿਮਰਨ ਦੀ ਬਰਕਤਿ ਨਾਲ ਸਰੀਰ ਦੇ ਮਨ ਬੁੱਧੀ ਆਦਿਕ) ਅੰਦਰਲੇ ਘਰ ਸੋਹਣੇ ਬਣੇ ਰਹਿੰਦੇ ਹਨ, ਹਿਰਦਾ-ਥਾਂ ਭੀ ਸੋਹਣਾ ਬਣਿਆ ਰਹਿੰਦਾ ਹੈ। ਕਿਸੇ ਉਸ ਵਿਰਲੇ ਮਨੁੱਖ ਨੂੰ ਇਹ ਥਾਂ ਪ੍ਰਾਪਤ ਹੁੰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ। ਜਿਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ ਤੇ ਸਦਾ-ਥਿਰ ਹਰਿ-ਨਾਮ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ, ਉਸ ਮਨੁੱਖ ਦੀ ਪ੍ਰਭੂ ਨਾਲ ਪ੍ਰੀਤ ਇਸ (ਮਨ ਬੁੱਧੀ ਆਦਿਕ ਵਾਲੇ) ਸਾਥ ਵਿਚ ਤੋੜ ਪੂਰੀ ਉਤਰਦੀ ਹੈ।15।

ਹੇ ਭਾਈ! ਮੇਰੇ ਕਰਤਾਰ ਨੇ ਇਹ ਇਕ (ਅਜੀਬ) ਵਿਓਂਤ ਬਣਾ ਦਿੱਤੀ ਹੈ ਕਿ ਉਸ ਨੇ ਮਨੁੱਖ ਦੇ ਸਰੀਰ ਵਿਚ (ਹੀ ਉਸ ਦੇ ਆਤਮਕ ਜੀਵਨ ਦੀ) ਸਾਰੀ ਰਾਸਿ-ਪੂੰਜੀ ਪਾ ਰੱਖੀ ਹੈ। ਹੇ ਨਾਨਕ! ਜਿਹੜੇ ਮਨੁੱਖ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਨਾਮ ਦਾ ਵਣਜ ਕਰਦੇ ਰਹਿੰਦੇ ਹਨ, ਉਹ ਉਸ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ। ਹੇ ਭਾਈ! ਕੋਈ ਉਹ ਮਨੁੱਖ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਕਰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ। 16।6। 20।

ਮਾਰੂ ਮਹਲਾ ੩ ॥ ਕਾਇਆ ਕੰਚਨੁ ਸਬਦੁ ਵੀਚਾਰਾ ॥ ਤਿਥੈ ਹਰਿ ਵਸੈ ਜਿਸ ਦਾ ਅੰਤੁ ਨ ਪਾਰਾਵਾਰਾ ॥ ਅਨਦਿਨੁ ਹਰਿ ਸੇਵਿਹੁ ਸਚੀ ਬਾਣੀ ਹਰਿ ਜੀਉ ਸਬਦਿ ਮਿਲਾਇਦਾ ॥੧॥ ਹਰਿ ਚੇਤਹਿ ਤਿਨ ਬਲਿਹਾਰੈ ਜਾਉ ॥ ਗੁਰ ਕੈ ਸਬਦਿ ਤਿਨ ਮੇਲਿ ਮਿਲਾਉ ॥ ਤਿਨ ਕੀ ਧੂਰਿ ਲਾਈ ਮੁਖਿ ਮਸਤਕਿ ਸਤਸੰਗਤਿ ਬਹਿ ਗੁਣ ਗਾਇਦਾ ॥੨॥ ਹਰਿ ਕੇ ਗੁਣ ਗਾਵਾ ਜੇ ਹਰਿ ਪ੍ਰਭ ਭਾਵਾ ॥ ਅੰਤਰਿ ਹਰਿ ਨਾਮੁ ਸਬਦਿ ਸੁਹਾਵਾ ॥ ਗੁਰਬਾਣੀ ਚਹੁ ਕੁੰਡੀ ਸੁਣੀਐ ਸਾਚੈ ਨਾਮਿ ਸਮਾਇਦਾ ॥੩॥ ਸੋ ਜਨੁ ਸਾਚਾ ਜਿ ਅੰਤਰੁ ਭਾਲੇ ॥ ਗੁਰ ਕੈ ਸਬਦਿ ਹਰਿ ਨਦਰਿ ਨਿਹਾਲੇ ॥ ਗਿਆਨ ਅੰਜਨੁ ਪਾਏ ਗੁਰ ਸਬਦੀ ਨਦਰੀ ਨਦਰਿ ਮਿਲਾਇਦਾ ॥੪॥ {ਪੰਨਾ 1064-1065}

ਪਦ ਅਰਥ: ਕਾਇਆ = ਸਰੀਰ। ਕੰਚਨੁ = ਸੋਨਾ, ਸੋਨੇ ਵਰਗੀ ਪਵਿੱਤਰ। ਤਿਥੈ = ਉਸ (ਸਰੀਰ) ਵਿਚ। ਜਿਸ ਦਾ = {ਸੰਬੰਧਕ 'ਦਾ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ} ਜਿਸ ਪਰਮਾਤਮਾ ਦਾ। ਪਾਰਾਵਾਰਾ = ਪਾਰ-ਅਵਾਰ, ਪਾਰਲਾ ਉਰਲਾ ਬੰਨਾ। ਅਨਦਿਨੁ = ਹਰ ਰੋਜ਼ {Anuidnwz}। ਸੇਵਿਹੁ = ਸੇਵਾ-ਭਗਤੀ ਕਰਦੇ ਰਿਹਾ ਕਰੋ। ਸਚੀ ਬਾਣੀ = ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ। ਸਬਦਿ = ਸ਼ਬਦ ਦੀ ਰਾਹੀਂ।1।

ਚੇਤਹਿ = (ਜਿਹੜੇ ਮਨੁੱਖ) ਸਿਮਰਦੇ ਹਨ {ਬਹੁ-ਵਚਨ}। ਜਾਉ = ਜਾਉਂ, ਮੈਂ ਜਾਂਦਾ ਹਾਂ। ਤਿਨ ਮੇਲਿ = ਉਹਨਾਂ ਦੀ ਸੰਗਤਿ ਵਿਚ। ਮਿਲਾਉ = ਮਿਲਾਉਂ, ਮੈਂ ਮਿਲਦਾ ਹਾਂ। ਲਾਈ = ਲਾਈਂ, ਮੈਂ ਲਾਂਦਾ ਹਾਂ। ਮੁਖਿ = ਮੂੰਹ ਉਤੇ। ਮਸਤਕਿ = ਮੱਥੇ ਉਤੇ। ਬਹਿ = ਬੈਠ ਕੇ।2।

ਗਾਵਾ = ਗਾਵਾਂ, ਮੈਂ ਗਾਵਾਂ। ਭਾਵਾ = ਭਾਵਾਂ, ਮੈਂ ਚੰਗਾ ਲੱਗਾਂ। ਅੰਤਰਿ = ਅੰਦਰ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸੁਹਾਵਾ = ਸੁਹਾਵਾਂ, ਮੈਂ ਸੋਹਣਾ ਬਣ ਜਾਵਾਂ। ਚਹੁ ਕੁੰਡੀ = ਚੌਹਾਂ ਕੂਟਾਂ ਵਿਚ, ਸਾਰੇ ਸੰਸਾਰ ਵਿਚ। ਸੁਣੀਐ = ਸੁਣਿਆ ਜਾਂਦਾ ਹੈ, ਪ੍ਰਸਿੱਧ ਹੋ ਜਾਂਦਾ ਹੈ। ਸਾਚੈ = ਸਦਾ-ਥਿਰ ਪਰਮਾਤਮਾ ਵਿਚ। ਨਾਮਿ = ਨਾਮ ਦੀ ਰਾਹੀਂ।3।

ਸਾਚਾ = ਸਦਾ-ਥਿਰ ਜੀਵਨ ਵਾਲਾ, ਅਡੋਲ ਜੀਵਨ ਵਾਲਾ। ਜਿ = ਜਿਹੜਾ। ਅੰਤਰੁ = ਅੰਦਰਲਾ, ਹਿਰਦਾ {ਲਫ਼ਜ਼ 'ਅੰਤਰਿ' ਅਤੇ 'ਅੰਤਰੁ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ}। ਭਾਲੇ = ਖੋਜਦਾ ਹੈ, ਪੜਤਾਲਦਾ ਹੈ। ਕੈ ਸਬਦਿ = ਦੇ ਸ਼ਬਦ ਵਿਚ (ਜੁੜਿਆਂ) । ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਾਲੇ = ਵੇਖਦਾ ਹੈ। ਅੰਜਨੁ = ਸੁਰਮਾ। ਨਦਰੀ = ਮਿਹਰ ਦੀ ਨਿਗਾਹ ਦਾ ਮਾਲਕ।4।

ਅਰਥ: ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ, (ਸ਼ਬਦ ਦੀ ਬਰਕਤ ਨਾਲ ਵਿਕਾਰਾਂ ਤੋਂ ਬਚ ਸਕਣ ਨਾਲ ਉਸ ਦਾ) ਸਰੀਰ ਸੋਨੇ ਵਰਗਾ ਸੁੱਧ ਹੋ ਜਾਂਦਾ ਹੈ। ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਪਰਮਾਤਮਾ ਦੀ ਹਸਤੀ ਦਾ ਪਾਰਲਾ ਉਰਲਾ ਬੰਨਾ ਨਹੀਂ ਲੱਭ ਸਕਦਾ, ਉਹ ਪਰਮਾਤਮਾ ਉਸ (ਮਨੁੱਖ ਦੇ) ਹਿਰਦੇ ਵਿਚ ਆ ਵੱਸਦਾ ਹੈ। ਹੇ ਭਾਈ! ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਰਿਹਾ ਕਰੋ। ਪਰਮਾਤਮਾ ਗੁਰੂ ਦੇ ਸ਼ਬਦ ਵਿਚ ਜੋੜ ਕੇ ਆਪਣੇ ਨਾਲ ਮਿਲਾ ਲੈਂਦਾ ਹੈ।1।

ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮੈਂ ਉਹਨਾਂ ਦੀ ਸੰਗਤਿ ਵਿਚ ਮਿਲਦਾ ਹਾਂ। ਹੇ ਭਾਈ! ਜਿਹੜੇ ਮਨੁੱਖ ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੇ ਗੁਣ ਗਾਂਦੇ ਹਨ, ਮੈਂ ਉਹਨਾਂ (ਦੇ ਚਰਨਾਂ) ਦੀ ਧੂੜ ਆਪਣੇ ਮੂੰਹ ਉਤੇ ਆਪਣੇ ਮੱਥੇ ਉਤੇ ਲਾਂਦਾ ਹਾਂ।2।

ਹੇ ਭਾਈ! ਮੈਂ ਪਰਮਾਤਮਾ ਦੇ ਗੁਣ ਤਦੋਂ ਹੀ ਗਾ ਸਕਦਾ ਹਾਂ ਜੇ ਮੈਂ ਉਸ ਨੂੰ ਚੰਗਾ ਲੱਗਾਂ (ਜੇ ਮੇਰੇ ਉਤੇ ਉਸ ਦੀ ਮਿਹਰ ਹੋਵੇ) । ਹੇ ਭਾਈ! ਜੇ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪਏ, ਤਾਂ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮੇਰਾ ਜੀਵਨ ਸੋਹਣਾ ਬਣ ਜਾਂਦਾ ਹੈ।

ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਬਾਣੀ ਵਿਚ ਜੁੜਦਾ ਹੈ, ਉਹ ਸਾਰੇ ਸੰਸਾਰ ਵਿਚ ਪਰਗਟ ਹੋ ਜਾਂਦਾ ਹੈ। ਨਾਮ ਵਿਚ ਲੀਨ ਰਿਹਾਂ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ।3।

ਹੇ ਭਾਈ! ਜਿਹੜਾ ਮਨੁੱਖ ਆਪਣੇ ਹਿਰਦੇ ਨੂੰ ਪੜਤਾਲਦਾ ਰਹਿੰਦਾ ਹੈ, ਉਹ ਮਨੁੱਖ (ਵਿਕਾਰਾਂ ਵਲੋਂ) ਅਡੋਲ ਜੀਵਨ ਵਾਲਾ ਬਣ ਜਾਂਦਾ ਹੈ। ਗੁਰੂ ਦੇ ਸ਼ਬਦ ਵਿਚ ਜੁੜਿਆਂ ਪਰਮਾਤਮਾ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ। ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਜੀਵਨ ਦੀ ਸੂਝ ਦਾ ਸੁਰਮਾ ਵਰਤਦਾ ਹੈ, ਮਿਹਰ ਦਾ ਮਾਲਕ ਪਰਮਾਤਮਾ ਉਸ ਨੂੰ ਆਪਣੀ ਮਿਹਰ ਨਾਲ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ।4।

TOP OF PAGE

Sri Guru Granth Darpan, by Professor Sahib Singh