ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1065

ਵਡੈ ਭਾਗਿ ਇਹੁ ਸਰੀਰੁ ਪਾਇਆ ॥ ਮਾਣਸ ਜਨਮਿ ਸਬਦਿ ਚਿਤੁ ਲਾਇਆ ॥ ਬਿਨੁ ਸਬਦੈ ਸਭੁ ਅੰਧ ਅੰਧੇਰਾ ਗੁਰਮੁਖਿ ਕਿਸਹਿ ਬੁਝਾਇਦਾ ॥੫॥ ਇਕਿ ਕਿਤੁ ਆਏ ਜਨਮੁ ਗਵਾਏ ॥ ਮਨਮੁਖ ਲਾਗੇ ਦੂਜੈ ਭਾਏ ॥ ਏਹ ਵੇਲਾ ਫਿਰਿ ਹਾਥਿ ਨ ਆਵੈ ਪਗਿ ਖਿਸਿਐ ਪਛੁਤਾਇਦਾ ॥੬॥ ਗੁਰ ਕੈ ਸਬਦਿ ਪਵਿਤ੍ਰੁ ਸਰੀਰਾ ॥ ਤਿਸੁ ਵਿਚਿ ਵਸੈ ਸਚੁ ਗੁਣੀ ਗਹੀਰਾ ॥ ਸਚੋ ਸਚੁ ਵੇਖੈ ਸਭ ਥਾਈ ਸਚੁ ਸੁਣਿ ਮੰਨਿ ਵਸਾਇਦਾ ॥੭॥ ਹਉਮੈ ਗਣਤ ਗੁਰ ਸਬਦਿ ਨਿਵਾਰੇ ॥ ਹਰਿ ਜੀਉ ਹਿਰਦੈ ਰਖਹੁ ਉਰ ਧਾਰੇ ॥ ਗੁਰ ਕੈ ਸਬਦਿ ਸਦਾ ਸਾਲਾਹੇ ਮਿਲਿ ਸਾਚੇ ਸੁਖੁ ਪਾਇਦਾ ॥੮॥ {ਪੰਨਾ 1065}

ਪਦ ਅਰਥ: ਵਡੈ ਭਾਗਿ = ਵੱਡੀ ਕਿਸਮਤ ਨਾਲ। ਜਨਮਿ = ਜਨਮ ਵਿਚ। ਸਬਦਿ = ਗੁਰੂ ਦੇ ਸ਼ਬਦ ਵਿਚ। ਅੰਧ ਅੰਧੇਰਾ = ਅੰਨ੍ਹਿਆਂ ਵਾਲਾ ਹਨੇਰਾ, ਘੁੱਪ ਹਨੇਰਾ, ਉਹ ਹਨੇਰਾ ਜਿਸ ਵਿਚ ਕੁਝ ਭੀ ਨਹੀਂ ਦਿੱਸਦਾ। ਕਿਸਹਿ = ਕਿਸੇ (ਵਿਰਲੇ) ਨੂੰ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ।5।

ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਕਿਤੁ = ਕਿਸ ਕੰਮ? ਕਿਤੁ ਆਏ = ਕਿਸ ਕੰਮ ਆਏ? ਵਿਅਰਥ ਹੀ ਜਗਤ ਵਿਚ ਆਏ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਦੂਜੈ ਭਾਏ = ਦੂਜੈ ਭਾਇ, ਮਾਇਆ ਦੇ ਪਿਆਰ ਵਿਚ। ਹਾਥਿ = ਹੱਥ ਵਿਚ। ਹਾਥਿ ਨ ਆਵੈ = ਨਹੀਂ ਮਿਲਦਾ। ਪਗਿ ਖਿਸਿਐ = ਪੈਰ ਤਿਲਕਣ ਤੇ, ਮੌਤ ਆਉਣ ਤੇ।6।

ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਗੁਣੀ = ਸਾਰੇ ਗੁਣਾਂ ਦਾ ਮਾਲਕ। ਗਹੀਰਾ = ਵੱਡੇ ਜਿਗਰੇ ਵਾਲਾ। ਸਚੋ ਸਚੁ = ਸਦਾ-ਥਿਰ ਪਰਮਾਤਮਾ ਨੂੰ ਹੀ। ਸਚੁ = ਸਦਾ-ਥਿਰ ਹਰਿ-ਨਾਮ। ਸੁਣਿ = ਸੁਣ ਕੇ। ਮੰਨਿ = ਮਨਿ, ਮਨ ਵਿਚ।7।

ਹਉਮੈ ਗਣਤ = ਹਉਮੈ ਦੀਆਂ ਚਿਤਵਨੀਆਂ, ਵੱਡਾ ਬਣਨ ਦੀਆਂ ਸੋਚਾਂ। ਨਿਵਾਰੇ = ਦੂਰ ਕਰ (ਸਕਦਾ) ਹੈ। ਉਰ = ਹਿਰਦਾ। ਧਾਰੇ = ਧਾਰਿ, ਟਿਕਾ ਕੇ। ਸਾਲਾਹੇ = ਸਿਫ਼ਤਿ-ਸਾਲਾਹ ਕਰਦਾ ਹੈ। ਮਿਲਿ = ਮਿਲ ਕੇ। ਸਾਚੇ = ਸਦਾ-ਥਿਰ ਪਰਮਾਤਮਾ ਵਿਚ।8।

ਅਰਥ: ਹੇ ਭਾਈ! ਇਹ ਮਨੁੱਖਾ ਸਰੀਰ ਬੜੀ ਕਿਸਮਤ ਨਾਲ ਮਿਲਦਾ ਹੈ, (ਪਰ ਉਸੇ ਨੂੰ ਹੀ ਮਿਲਿਆ ਜਾਣੋ, ਜਿਸ ਨੇ) ਮਨੁੱਖਾ ਜਨਮ ਵਿਚ (ਆ ਕੇ) ਗੁਰੂ ਦੇ ਸ਼ਬਦ ਵਿਚ ਆਪਣਾ ਮਨ ਜੋੜਿਆ। ਕਿਸੇ ਵਿਰਲੇ ਨੂੰ ਹੀ ਗੁਰੂ ਦੀ ਰਾਹੀਂ ਪਰਮਾਤਮਾ ਇਹ ਸਮਝ ਬਖ਼ਸ਼ਦਾ ਹੈ ਕਿ ਗੁਰੂ ਦੇ ਸ਼ਬਦ ਤੋਂ ਬਿਨਾ (ਜੀਵਨ-ਸਫ਼ਰ ਵਿਚ ਮਨੁੱਖ ਵਾਸਤੇ) ਹਰ ਥਾਂ ਘੁੱਪ ਹਨੇਰਾ ਹੈ।5।

ਹੇ ਭਾਈ! ਕਈ ਮਨੁੱਖ ਮਨੁੱਖਾ ਜਨਮ ਗਵਾ ਕੇ ਜਗਤ ਵਿਚ ਵਿਅਰਥ ਹੀ ਆਏ (ਜਾਣੋ) ਕਿਉਂਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਬੰਦੇ ਮਾਇਆ ਦੇ ਪਿਆਰ ਵਿਚ ਹੀ ਲੱਗੇ ਰਹੇ। ਹੇ ਭਾਈ! ਮਨੁੱਖਾ ਜਨਮ ਵਾਲਾ ਇਹ ਸਮਾ ਫਿਰ ਨਹੀਂ ਮਿਲਦਾ (ਇਸ ਨੂੰ ਵਿਕਾਰਾਂ ਵਿਚ ਗਵਾ ਕੇ) ਮੌਤ ਆਉਣ ਤੇ ਮਨੁੱਖ ਪਛੁਤਾਂਦਾ ਹੈ।6।

ਹੇ ਭਾਈ! ਗੁਰੂ ਦੇ ਸ਼ਬਦ ਵਿਚ ਜੁੜ ਕੇ (ਜਿਸ ਮਨੁੱਖ ਦਾ) ਸਰੀਰ (ਵਿਕਾਰਾਂ ਵਲੋਂ) ਪਵਿੱਤਰ ਰਹਿੰਦਾ ਹੈ, ਉਸ ਮਨੁੱਖ ਦੇ ਇਸ ਸਰੀਰ ਵਿਚ ਉਹ ਪਰਮਾਤਮਾ ਆ ਵੱਸਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਸਾਰੇ ਗੁਣਾਂ ਦਾ ਮਾਲਕ ਹੈ ਅਤੇ ਜੋ ਵੱਡੇ ਜਿਗਰੇ ਵਾਲਾ ਹੈ। ਉਹ ਮਨੁੱਖ (ਫਿਰ) ਹਰ ਥਾਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹੀ ਵੇਖਦਾ ਹੈ, ਸਦਾ-ਥਿਰ ਹਰਿ-ਨਾਮ ਨੂੰ ਸੁਣ ਕੇ ਆਪਣੇ ਮਨ ਵਿਚ ਵਸਾਈ ਰੱਖਦਾ ਹੈ।7।

ਹੇ ਭਾਈ! ਹਉਮੈ ਦੀਆਂ ਗਿਣਤੀਆਂ (ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਦੂਰ ਕਰ ਸਕਦਾ ਹੈ। (ਤਾਂ ਤੇ, ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖੋ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਆਤਮਕ ਆਨੰਦ ਮਾਣਦਾ ਹੈ।8।

ਸੋ ਚੇਤੇ ਜਿਸੁ ਆਪਿ ਚੇਤਾਏ ॥ ਗੁਰ ਕੈ ਸਬਦਿ ਵਸੈ ਮਨਿ ਆਏ ॥ ਆਪੇ ਵੇਖੈ ਆਪੇ ਬੂਝੈ ਆਪੈ ਆਪੁ ਸਮਾਇਦਾ ॥੯॥ ਜਿਨਿ ਮਨ ਵਿਚਿ ਵਥੁ ਪਾਈ ਸੋਈ ਜਾਣੈ ॥ ਗੁਰ ਕੈ ਸਬਦੇ ਆਪੁ ਪਛਾਣੈ ॥ ਆਪੁ ਪਛਾਣੈ ਸੋਈ ਜਨੁ ਨਿਰਮਲੁ ਬਾਣੀ ਸਬਦੁ ਸੁਣਾਇਦਾ ॥੧੦॥ ਏਹ ਕਾਇਆ ਪਵਿਤੁ ਹੈ ਸਰੀਰੁ ॥ ਗੁਰ ਸਬਦੀ ਚੇਤੈ ਗੁਣੀ ਗਹੀਰੁ ॥ ਅਨਦਿਨੁ ਗੁਣ ਗਾਵੈ ਰੰਗਿ ਰਾਤਾ ਗੁਣ ਕਹਿ ਗੁਣੀ ਸਮਾਇਦਾ ॥੧੧॥ ਏਹੁ ਸਰੀਰੁ ਸਭ ਮੂਲੁ ਹੈ ਮਾਇਆ ॥ ਦੂਜੈ ਭਾਇ ਭਰਮਿ ਭੁਲਾਇਆ ॥ ਹਰਿ ਨ ਚੇਤੈ ਸਦਾ ਦੁਖੁ ਪਾਏ ਬਿਨੁ ਹਰਿ ਚੇਤੇ ਦੁਖੁ ਪਾਇਦਾ ॥੧੨॥ {ਪੰਨਾ 1065}

ਪਦ ਅਰਥ: ਚੇਤੇ = ਸਿਮਰਦਾ ਹੈ। ਚੇਤਾਏ = ਸਿਮਰਨ ਲਈ ਪ੍ਰੇਰਦਾ ਹੈ। ਸਬਦਿ = ਸ਼ਬਦ ਦੀ ਰਾਹੀਂ। ਮਨਿ = ਮਨ ਵਿਚ। ਆਏ = ਆਇ, ਆ ਕੇ। ਆਪੇ = ਆਪ ਹੀ। ਬੂਝੈ = ਸਮਝਦਾ ਹੈ {ਇਕ-ਵਚਨ}। ਆਪੈ = ਆਪਣੇ ਆਪ ਵਿਚ। ਆਪੁ = ਆਪਣੇ ਆਪ ਨੂੰ। ਸਮਾਇਦਾ = ਲੀਨ ਕਰਦਾ ਹੈ।9।

ਜਿਨਿ = ਜਿਸ (ਮਨੁੱਖ) ਨੇ। ਵਥੁ = ਨਾਮ-ਪਦਾਰਥ। ਪਾਈ = ਲੱਭ ਲਈ। ਸੋਈ = ਉਹੀ ਮਨੁੱਖ। ਜਾਣੈ = ਕਦਰ ਸਮਝਦਾ ਹੈ। ਕੈ ਸਬਦੇ = ਦੇ ਸ਼ਬਦ ਦੀ ਰਾਹੀਂ। ਆਪੁ = ਆਪਣੇ ਆਪ ਨੂੰ, ਆਪਣੇ ਜੀਵਨ ਨੂੰ। ਪਛਾਣੈ = ਪੜਤਾਲਦਾ ਹੈ। ਨਿਰਮਲੁ = ਪਵਿੱਤਰ ਜੀਵਨ ਵਾਲਾ।10।

ਕਾਇਆ = ਸਰੀਰ। ਚੇਤੈ = ਸਿਮਰਦਾ ਹੈ। ਗੁਣੀ = ਗੁਣਾਂ ਦੇ ਮਾਲਕ ਨੂੰ। ਗਹੀਰੁ = ਡੂੰਘੇ ਜਿਗਰੇ ਵਾਲਾ। ਅਨਦਿਨੁ = ਹਰ ਰੋਜ਼। ਗਾਵੈ = ਗਾਂਦਾ ਹੈ {ਇਕ-ਵਚਨ}। ਰੰਗਿ = ਪ੍ਰੇਮ-ਰੰਗ ਵਿਚ। ਰਾਤਾ = ਰੰਗਿਆ ਹੋਇਆ। ਕਹਿ = ਕਹਿ ਕੇ, ਉਚਾਰ ਕੇ।11।

ਮੂਲੁ = ਮੁੱਢ, ਕਾਰਨ। ਦੂਜੈ ਭਾਇ = ਹੋਰ ਹੋਰ ਪਿਆਰ ਵਿਚ। ਭਰਮਿ = ਭਟਕਣਾ ਵਿਚ। ਭੁਲਾਇਆ = ਕੁਰਾਹੇ ਪਿਆ ਹੋਇਆ।12।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਉਹ ਮਨੁੱਖ (ਹੀ) ਸਿਮਰਦਾ ਹੈ ਜਿਸ ਨੂੰ ਪਰਮਾਤਮਾ ਆਪ ਸਿਮਰਨ ਦੀ ਪ੍ਰੇਰਨਾ ਕਰਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਉਸ ਦੇ ਮਨ ਵਿਚ ਵੱਸਦਾ ਹੈ। (ਹਰੇਕ ਵਿਚ ਵਿਆਪਕ ਪਰਮਾਤਮਾ) ਆਪ ਹੀ (ਉਸ ਮਨੁੱਖ ਦੇ ਹਰੇਕ ਕੰਮ ਨੂੰ) ਵੇਖਦਾ ਹੈ, ਆਪ ਹੀ (ਉਸ ਦੇ ਦਿਲ ਦੀ) ਸਮਝਦਾ ਹੈ, ਅਤੇ (ਆਪ ਹੀ ਉਸ ਮਨੁੱਖ ਵਿਚ ਵੱਸਦਾ ਹੋਇਆ) ਆਪਣੇ ਆਪ ਨੂੰ ਆਪਣੇ ਆਪੇ ਵਿਚ ਲੀਨ ਕਰਦਾ ਹੈ।9।

ਹੇ ਭਾਈ! (ਪਰਮਾਤਮਾ ਦੀ ਕਿਰਪਾ ਨਾਲ) ਜਿਸ (ਮਨੁੱਖ) ਨੇ ਪਰਮਾਤਮਾ ਦਾ ਨਾਮ-ਪਦਾਰਥ (ਆਪਣੇ) ਮਨ ਵਿਚ ਲੱਭ ਲਿਆ, ਉਹ ਹੀ (ਉਸ ਦੀ ਕਦਰ) ਸਮਝਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਉਹ ਮਨੁੱਖ) ਆਪਣੇ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ। (ਜਿਹੜਾ ਮਨੁੱਖ) ਆਪਣੇ ਜੀਵਨ ਨੂੰ ਪੜਤਾਲਦਾ ਹੈ ਉਹੀ ਮਨੁੱਖ ਜੀਵਨ ਵਾਲਾ ਹੋ ਜਾਂਦਾ ਹੈ, (ਉਹ ਫਿਰ ਹੋਰਨਾਂ ਨੂੰ ਭੀ) ਸਿਫ਼ਤਿ-ਸਾਲਾਹ ਦੀ ਬਾਣੀ ਗੁਰੂ ਦਾ ਸ਼ਬਦ ਸੁਣਾਂਦਾ ਹੈ।10।

ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਗੁਣਾਂ ਦੇ ਮਾਲਕ ਡੂੰਘੇ ਜਿਗਰੇ ਵਾਲੇ ਪਰਮਾਤਮਾ ਨੂੰ ਸਿਮਰਦਾ ਹੈ, ਉਸ ਦਾ ਇਹ ਸਰੀਰ (ਵਿਕਾਰਾਂ ਤੋਂ ਬਚ ਕੇ) ਪਵਿੱਤਰ ਹੋ ਜਾਂਦਾ ਹੈ। ਉਹ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਹੈ। ਪਰਮਾਤਮਾ ਦੇ ਗੁਣ ਉਚਾਰ ਕੇ ਉਹ ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ।11।

ਪਰ, ਹੇ ਭਾਈ! ਜਿਹੜਾ ਮਨੁੱਖ (ਪਰਮਾਤਮਾ ਨੂੰ ਛੱਡ ਕੇ) ਹੋਰ ਹੋਰ ਪਿਆਰ ਵਿਚ ਫਸਦਾ ਹੈ, ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਉਸ ਦਾ ਇਹ ਸਰੀਰ ਨਿਰਾ ਮਾਇਆ ਦੇ ਮੋਹ ਦਾ ਕਾਰਨ ਬਣ ਜਾਂਦਾ ਹੈ। ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਉਹ ਸਦਾ ਦੁੱਖ ਪਾਂਦਾ ਹੈ, (ਇਹ ਪੱਕੀ ਗੱਲ ਹੈ ਕਿ) ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਦੁੱਖ ਪਾਂਦਾ ਹੈ।12।

ਜਿ ਸਤਿਗੁਰੁ ਸੇਵੇ ਸੋ ਪਰਵਾਣੁ ॥ ਕਾਇਆ ਹੰਸੁ ਨਿਰਮਲੁ ਦਰਿ ਸਚੈ ਜਾਣੁ ॥ ਹਰਿ ਸੇਵੇ ਹਰਿ ਮੰਨਿ ਵਸਾਏ ਸੋਹੈ ਹਰਿ ਗੁਣ ਗਾਇਦਾ ॥੧੩॥ ਬਿਨੁ ਭਾਗਾ ਗੁਰੁ ਸੇਵਿਆ ਨ ਜਾਇ ॥ ਮਨਮੁਖ ਭੂਲੇ ਮੁਏ ਬਿਲਲਾਇ ॥ ਜਿਨ ਕਉ ਨਦਰਿ ਹੋਵੈ ਗੁਰ ਕੇਰੀ ਹਰਿ ਜੀਉ ਆਪਿ ਮਿਲਾਇਦਾ ॥੧੪॥ ਕਾਇਆ ਕੋਟੁ ਪਕੇ ਹਟਨਾਲੇ ॥ ਗੁਰਮੁਖਿ ਲੇਵੈ ਵਸਤੁ ਸਮਾਲੇ ॥ ਹਰਿ ਕਾ ਨਾਮੁ ਧਿਆਇ ਦਿਨੁ ਰਾਤੀ ਊਤਮ ਪਦਵੀ ਪਾਇਦਾ ॥੧੫॥ ਆਪੇ ਸਚਾ ਹੈ ਸੁਖਦਾਤਾ ॥ ਪੂਰੇ ਗੁਰ ਕੈ ਸਬਦਿ ਪਛਾਤਾ ॥ ਨਾਨਕ ਨਾਮੁ ਸਲਾਹੇ ਸਾਚਾ ਪੂਰੈ ਭਾਗਿ ਕੋ ਪਾਇਦਾ ॥੧੬॥੭॥੨੧॥ {ਪੰਨਾ 1065}

ਪਦ ਅਰਥ: ਜਿ = ਜਿਹੜਾ ਮਨੁੱਖ। ਸਤਿਗੁਰੁ ਸੇਵੇ = ਗੁਰੂ ਦੀ ਸਰਨ ਪੈਂਦਾ ਹੈ। ਪਰਵਾਣੁ = ਕਬੂਲ। ਕਾਇਆ = ਸਰੀਰ। ਹੰਸੁ = ਆਤਮਾ। ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਜਾਣੁ = ਜਾਣੂ-ਪਛਾਣੂ। ਸੇਵੇ = ਸੇਵਾ-ਭਗਤੀ ਕਰਦਾ ਹੈ। ਮੰਨਿ = ਮਨਿ, ਮਨ ਵਿਚ। ਸੋਹੈ– ਸੋਹਣਾ ਲੱਗਦਾ ਹੈ, ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ।13।

ਭਾਗਾ = ਭਾਗਾਂ, ਕਿਸਮਤ। ਮਨਮੁਖ = ਆਪਣੇ ਮਨ ਦੇ ਪਿਛੇ ਤੁਰਨ ਵਾਲੇ। ਭੂਲੇ = ਕੁਰਾਹੇ ਪਏ ਰਹਿੰਦੇ ਹਨ। ਮੁਏ = ਆਤਮਕ ਮੌਤ ਸਹੇੜਦੇ ਹਨ। ਬਿਲਲਾਇ = ਵਿਲਕ ਕੇ, ਦੁਖੀ ਹੋ ਹੋ ਕੇ। ਕੇਰੀ = ਦੀ। ਨਦਰਿ = ਮਿਹਰ ਦੀ ਨਿਗਾਹ।14।

ਕੋਟੁ = ਕਿਲ੍ਹਾ। ਪਕੇ = ਪੱਕੇ, (ਵਿਕਾਰਾਂ ਦੇ ਟਾਕਰੇ ਤੇ) ਅਡੋਲ ਰਹਿਣ ਵਾਲੇ। ਹਟਨਾਲੇ = ਹੱਟਾਂ ਦੀਆਂ ਕਤਾਰਾਂ, ਬਾਜ਼ਾਰ (ਗਿਆਨ-ਇੰਦ੍ਰੇ) । ਲੇਵੈ ਸਮਾਲੈ = ਸਮਾਲਿ ਲੇਵੈ, ਸਾਂਭ ਲੈਂਦਾ ਹੈ। ਵਸਤੁ = ਨਾਮ ਪਦਾਰਥ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਦਵੀ = ਦਰਜਾ।15।

ਆਪੇ = ਆਪ ਹੀ। ਸਚਾ = ਸੱਚਾ, ਸਦਾ ਕਾਇਮ ਰਹਿਣ ਵਾਲਾ। ਗੁਰ ਕੈ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਪਛਾਤਾ = ਪਛਾਣਿਆ ਜਾ ਸਕਦਾ ਹੈ, ਸਾਂਝ ਪਾਈ ਜਾ ਸਕਦੀ ਹੈ। ਸਲਾਹੇ = ਸਿਫ਼ਤਿ-ਸਾਲਾਹ ਕਰਦਾ ਹੈ। ਕੋ = ਕੋਈ (ਵਿਰਲਾ) । 16।

ਅਰਥ: ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਲੋਕ ਪਰਲੋਕ ਵਿਚ) ਆਦਰ-ਜੋਗ ਹੋ ਜਾਂਦਾ ਹੈ। ਉਸ ਦਾ ਸਰੀਰ (ਵਿਕਾਰਾਂ ਵਲੋਂ) ਪਵਿੱਤਰ ਰਹਿੰਦਾ ਹੈ, ਉਸ ਦੀ ਆਤਮਾ ਪਵਿੱਤਰ ਰਹਿੰਦੀ ਹੈ। ਸਦਾ-ਥਿਰ ਪਰਮਾਤਮਾ ਦੇ ਦਰ ਤੇ ਉਹ ਜਾਣੂ-ਪਛਾਣੂ ਹੋ ਜਾਂਦਾ ਹੈ (ਸਤਕਾਰ ਪ੍ਰਾਪਤ ਕਰਦਾ ਹੈ) । ਉਹ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਹੈ, ਪਰਮਾਤਮਾ ਨੂੰ ਮਨ ਵਿਚ ਵਸਾਈ ਰੱਖਦਾ ਹੈ, ਪਰਮਾਤਮਾ ਦੇ ਗੁਣ ਗਾਂਦਾ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ।13।

ਪਰ, ਹੇ ਭਾਈ! ਕਿਸਮਤ ਤੋਂ ਬਿਨਾ ਗੁਰੂ ਦੀ ਸਰਨ ਨਹੀਂ ਪਿਆ ਜਾ ਸਕਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪਏ ਰਹਿੰਦੇ ਹਨ, ਬੜੇ ਦੁੱਖੀ ਹੋ ਹੋ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ। ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਗੁਰੂ ਦੀ ਮਿਹਰ ਦੀ ਨਿਗਾਹ ਹੁੰਦੀ ਹੈ, ਉਹਨਾਂ ਨੂੰ ਪਰਮਾਤਮਾ ਆਪਣੇ (ਚਰਨਾਂ) ਵਿਚ ਜੋੜ ਲੈਂਦਾ ਹੈ।14।

ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ (ਆਪਣੇ ਅੰਦਰ) ਨਾਮ-ਪਦਾਰਥ ਸਾਂਭ ਲੈਂਦਾ ਹੈ (ਵਿਕਾਰਾਂ ਦੇ ਟਾਕਰੇ ਤੇ ਉਸ ਦਾ) ਸਰੀਰ (ਇਕ ਐਸਾ) ਕਿਲ੍ਹਾ (ਬਣ ਜਾਂਦਾ) ਹੈ (ਜਿਸ ਦੇ) ਬਾਜ਼ਾਰ (ਗਿਆਨ-ਇੰਦ੍ਰੇ ਵਿਕਾਰਾਂ ਦੇ ਮੁਕਾਬਲੇ ਤੇ) ਅਡੋਲ (ਹੋ ਜਾਂਦੇ) ਹਨ। ਉਹ ਮਨੁੱਖ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰ ਕੇ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ।15।

ਹੇ ਨਾਨਕ! (ਆਖ– ਹੇ ਭਾਈ!) ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ (ਸਾਰੇ) ਸੁਖ ਦੇਣ ਵਾਲਾ ਹੈ। ਪੂਰੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਨਾਲ ਸਾਂਝ ਪਾਈ ਜਾ ਸਕਦੀ ਹੈ। ਪੂਰੀ ਕਿਸਮਤ ਨਾਲ ਮਨੁੱਖ ਇਹ ਦਾਤਿ ਪ੍ਰਾਪਤ ਕਰਦਾ ਹੈ ਕਿ ਸਦਾ-ਥਿਰ ਹਰਿ-ਨਾਮ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ। 16।7। 21।

TOP OF PAGE

Sri Guru Granth Darpan, by Professor Sahib Singh