ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1066

ਮਾਰੂ ਮਹਲਾ ੩ ॥ ਨਿਰੰਕਾਰਿ ਆਕਾਰੁ ਉਪਾਇਆ ॥ ਮਾਇਆ ਮੋਹੁ ਹੁਕਮਿ ਬਣਾਇਆ ॥ ਆਪੇ ਖੇਲ ਕਰੇ ਸਭਿ ਕਰਤਾ ਸੁਣਿ ਸਾਚਾ ਮੰਨਿ ਵਸਾਇਦਾ ॥੧॥ ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ ॥ ਚਾਰੇ ਬੇਦ ਬ੍ਰਹਮੇ ਨੋ ਫੁਰਮਾਇਆ ॥ ਵਰ੍ਹੇ ਮਾਹ ਵਾਰ ਥਿਤੀ ਕਰਿ ਇਸੁ ਜਗ ਮਹਿ ਸੋਝੀ ਪਾਇਦਾ ॥੨॥ ਗੁਰ ਸੇਵਾ ਤੇ ਕਰਣੀ ਸਾਰ ॥ ਰਾਮ ਨਾਮੁ ਰਾਖਹੁ ਉਰਿ ਧਾਰ ॥ ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ ॥੩॥ ਵੇਦੁ ਪੜੈ ਅਨਦਿਨੁ ਵਾਦ ਸਮਾਲੇ ॥ ਨਾਮੁ ਨ ਚੇਤੈ ਬਧਾ ਜਮਕਾਲੇ ॥ ਦੂਜੈ ਭਾਇ ਸਦਾ ਦੁਖੁ ਪਾਏ ਤ੍ਰੈ ਗੁਣ ਭਰਮਿ ਭੁਲਾਇਦਾ ॥੪॥ {ਪੰਨਾ 1066}

ਪਦ ਅਰਥ: ਨਿਰੰਕਾਰਿ = ਨਿਰੰਕਾਰ ਨੇ, ਆਕਾਰ-ਰਹਿਤ ਪਰਮਾਤਮਾ ਨੇ। ਆਕਾਰੁ = ਇਹ ਦਿੱਸਦਾ ਜਗਤ। ਉਪਾਇਆ = ਪੈਦਾ ਕੀਤਾ। ਹੁਕਮਿ = (ਆਪਣੇ) ਹੁਕਮ ਅਨੁਸਾਰ। ਆਪੇ = (ਨਿਰੰਕਾਰ) ਆਪ ਹੀ। ਖੇਲ = {ਬਹੁ-ਵਚਨ}। ਸਭਿ = ਸਾਰੇ। ਸੁਣਿ = ਸੁਣ ਕੇ। ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਮੰਨਿ = ਮਨਿ, ਮਨ ਵਿਚ।1।

ਮਾਈ = ਮਾਂ। ਮਾਇਆ ਮਾਈ = ਮਾਇਆ-ਮਾਂ (ਦੀ ਰਾਹੀਂ) । ਪਰਸੂਤਿ = {pRsuiq = offspring, progeny, issue} ਬੱਚੇ। ਤ੍ਰੈ ਗੁਣ ਪਰਸੂਤਿ = ਤ੍ਰੈ-ਗੁਣੀ ਜੀਵ। ਜਮਾਇਆ = ਪੈਦਾ ਕੀਤੇ। ਥਿਤੀ = {'ਥਿਤਿ' ਤੋਂ ਬਹੁ-ਵਚਨ} ਥਿੱਤਾਂ। ਕਰਿ = ਕਰ ਕੇ, ਬਣਾ ਕੇ। ਸੋਝੀ = (ਸਮੇ ਆਦਿਕ ਦੀ) ਸੂਝ।2।

ਤੇ = ਤੋਂ। ਕਰਣੀ = ਕਰਨ-ਜੋਗ ਕੰਮ। ਸਾਰ = ਸ੍ਰੇਸ਼ਟ। ਸਾਰ ਕਰਣੀ = ਸ੍ਰੇਸ਼ਟ ਕਰਨ-ਜੋਗ ਕੰਮ। ਉਰਿ = ਹਿਰਦੇ ਵਿਚ। ਉਰਿਧਾਰ = ਹਿਰਦੇ ਵਿਚ ਟਿਕਾ ਕੇ। ਜਗ ਅੰਤਰਿ = ਜਗਤ ਵਿਚ। ਵਰਤੀ = (ਜਿਸ ਦੇ ਹਿਰਦੇ ਵਿਚ) ਆ ਵੱਸੀ। ਇਸੁ ਬਾਣੀ ਤੇ = ਇਸ ਬਾਣੀ ਤੋਂ, ਇਸ ਬਾਣੀ ਦੀ ਰਾਹੀਂ।3।

ਪੜੈ = ਪੜ੍ਹਦਾ ਹੈ {ਇਕ-ਵਚਨ}। ਅਨਦਿਨੁ {Anuidnwz} ਹਰ ਰੋਜ਼। ਵਾਦ = {ਬਹੁ-ਵਚਨ} ਝਗੜੇ, ਬਹਸਾਂ। ਸਮਾਲੇ = ਸੰਭਾਲਦਾ ਹੈ, ਕਰਦਾ ਹੈ। ਚੇਤੈ = ਸਿਮਰਦਾ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਹੋਰ ਦੇ ਪਿਆਰ ਵਿਚ। ਤ੍ਰੈ ਗੁਣ ਭਰਮਿ = ਮਾਇਆ ਦੇ ਤਿੰਨ ਗੁਣਾਂ ਦੀ ਭਟਕਣਾ ਵਿਚ ਪੈ ਕੇ। ਭੁਲਾਇਦਾ = ਕੁਰਾਹੇ ਪਿਆ ਰਹਿੰਦਾ ਹੈ।4।

ਅਰਥ: ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ (ਗੁਰੂ ਪਾਸੋਂ) ਸੁਣ ਕੇ (ਆਪਣੇ) ਮਨ ਵਿਚ ਵਸਾਂਦਾ ਹੈ (ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਆਕਾਰ-ਰਹਿਤ ਪਰਮਾਤਮਾ ਨੇ (ਆਪਣੇ ਆਪ ਤੋਂ ਪਹਿਲਾਂ) ਇਹ ਦਿੱਸਦਾ ਜਗਤ ਪੈਦਾ ਕੀਤਾ, ਮਾਇਆ ਦਾ ਮੋਹ ਭੀ ਉਸ ਨੇ ਆਪਣੇ ਹੁਕਮ ਵਿਚ ਹੀ ਬਣਾ ਦਿੱਤਾ। ਕਰਤਾਰ ਆਪ ਹੀ ਇਹ ਸਾਰੇ ਖੇਲ ਕਰ ਰਿਹਾ ਹੈ।1।

(ਹੇ ਭਾਈ! ਹਰਿ-ਨਾਮ ਨੂੰ ਆਪਣੇ ਮਨ ਵਿਚ ਵਸਾਣ ਵਾਲਾ ਮਨੁੱਖ ਇਹ ਨਿਸ਼ਚਾ ਰੱਖਦਾ ਹੈ ਕਿ) (ਜਗਤ ਦੀ) ਮਾਂ ਮਾਇਆ ਤੋਂ (ਜਗਤ ਦੇ ਪਿਤਾ ਪਰਮਾਤਮਾ ਨੇ ਸਾਰੇ) ਤ੍ਰੈਗੁਣੀ ਜੀਵ ਪੈਦਾ ਕੀਤੇ (ਬ੍ਰਹਮਾ ਸ਼ਿਵ ਆਦਿਕ ਭੀ ਉਸੇ ਨੇ ਪੈਦਾ ਕੀਤੇ) , ਬ੍ਰਹਮਾ ਨੂੰ ਉਸ ਨੇ ਚਾਰੇ ਵੇਦ (ਰਚਣ ਲਈ) ਹੁਕਮ ਕੀਤਾ। ਵਰ੍ਹੇ ਮਹੀਨੇ ਵਾਰ ਥਿੱਤਾਂ (ਆਦਿਕ) ਬਣਾ ਕੇ ਇਸ ਜਗਤ ਵਿਚ (ਸਮੇ ਆਦਿਕ ਦੀ) ਸੂਝ ਭੀ ਉਹ ਪਰਮਾਤਮਾ ਹੀ ਪੈਦਾ ਕਰਨ ਵਾਲਾ ਹੈ।2।

ਹੇ ਭਾਈ! (ਪਰਮਾਤਮਾ ਦੀ ਮਿਹਰ ਨਾਲ ਜਿਸ ਨੂੰ ਗੁਰੂ ਮਿਲ ਪਿਆ) ਗੁਰੂ ਦੀ ਸਰਨ ਪੈਣ ਤੋਂ ਉਸ ਨੂੰ ਇਹ ਸ੍ਰੇਸ਼ਟ ਕਰਨ-ਜੋਗ ਕੰਮ ਮਿਲ ਗਿਆ ਕਿ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖੋ। ਸੋ, ਹੇ ਭਾਈ! ਇਸ ਜਗਤ ਵਿਚ (ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦੀ ਬਾਣੀ ਆ ਵੱਸਦੀ ਹੈ, ਉਹ ਇਸ ਬਾਣੀ ਦੀ ਬਰਕਤ ਨਾਲ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ।3।

(ਪਰ, ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਸਰਨ ਤੋਂ ਵਾਂਜਿਆਂ ਰਹਿ ਕੇ ਵੇਦ (ਆਦਿਕ ਹੀ) ਪੜ੍ਹਦਾ ਹੈ, ਤੇ, ਹਰ ਵੇਲੇ ਚਰਚਾ ਆਦਿਕ ਹੀ ਕਰਦਾ ਹੈ, ਪਰਮਾਤਮਾ ਦਾ ਨਾਮ ਸਿਮਰਦਾ ਨਹੀਂ ਉਹ ਆਤਮਕ ਮੌਤ ਦੇ ਬੰਧਨਾਂ ਵਿਚ ਬੱਝਾ ਰਹਿੰਦਾ ਹੈ। ਹੋਰ ਹੋਰ ਪਿਆਰ ਵਿਚ ਫਸ ਕੇ ਉਹ ਸਦਾ ਦੁੱਖ ਪਾਂਦਾ ਹੈ। ਮਾਇਆ ਦੇ ਤਿੰਨ ਗੁਣਾਂ ਦੀ ਭਟਕਣਾ ਵਿਚ ਪੈ ਕੇ ਉਹ ਜੀਵਨ ਦੇ ਗ਼ਲਤ ਰਸਤੇ ਤੇ ਪਿਆ ਰਹਿੰਦਾ ਹੈ।4।

ਗੁਰਮੁਖਿ ਏਕਸੁ ਸਿਉ ਲਿਵ ਲਾਏ ॥ ਤ੍ਰਿਬਿਧਿ ਮਨਸਾ ਮਨਹਿ ਸਮਾਏ ॥ ਸਾਚੈ ਸਬਦਿ ਸਦਾ ਹੈ ਮੁਕਤਾ ਮਾਇਆ ਮੋਹੁ ਚੁਕਾਇਦਾ ॥੫॥ ਜੋ ਧੁਰਿ ਰਾਤੇ ਸੇ ਹੁਣਿ ਰਾਤੇ ॥ ਗੁਰ ਪਰਸਾਦੀ ਸਹਜੇ ਮਾਤੇ ॥ ਸਤਿਗੁਰੁ ਸੇਵਿ ਸਦਾ ਪ੍ਰਭੁ ਪਾਇਆ ਆਪੈ ਆਪੁ ਮਿਲਾਇਦਾ ॥੬॥ ਮਾਇਆ ਮੋਹਿ ਭਰਮਿ ਨ ਪਾਏ ॥ ਦੂਜੈ ਭਾਇ ਲਗਾ ਦੁਖੁ ਪਾਏ ॥ ਸੂਹਾ ਰੰਗੁ ਦਿਨ ਥੋੜੇ ਹੋਵੈ ਇਸੁ ਜਾਦੇ ਬਿਲਮ ਨ ਲਾਇਦਾ ॥੭॥ ਏਹੁ ਮਨੁ ਭੈ ਭਾਇ ਰੰਗਾਏ ॥ ਇਤੁ ਰੰਗਿ ਸਾਚੇ ਮਾਹਿ ਸਮਾਏ ॥ ਪੂਰੈ ਭਾਗਿ ਕੋ ਇਹੁ ਰੰਗੁ ਪਾਏ ਗੁਰਮਤੀ ਰੰਗੁ ਚੜਾਇਦਾ ॥੮॥ {ਪੰਨਾ 1066}

ਪਦ ਅਰਥ: ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਏਕਸੁ ਸਿਉ = ਸਿਰਫ਼ ਇਕ ਨਾਲ। ਲਿਵ = ਲਗਨ, ਪ੍ਰੀਤ। ਤ੍ਰਿਬਿਧਿ = ਤਿੰਨ ਕਿਸਮ ਦੀ, ਮਾਇਆ ਦੇ ਤਿੰਨ (ਰਜੋ ਤਮੋ ਸਤੋ) ਗੁਣਾਂ ਵਾਲੀ। ਮਨਸਾ = {mnI = w} ਮਨ ਦਾ ਫੁਰਨਾ। ਮਨਹਿ = ਮਨਿ ਹੀ {ਲਫ਼ਜ਼ 'ਮਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ} ਮਨ ਵਿਚ ਹੀ। ਸਾਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ। ਮੁਕਤਾ = (ਮਾਇਆ ਦੇ ਮੋਹ ਤੋਂ) ਸੁਤੰਤਰ।5।

ਧੁਰਿ = (ਪਹਿਲੀ ਕੀਤੀ ਕਮਾਈ ਅਨੁਸਾਰ) ਧੁਰ ਦਰਗਾਹ ਤੋਂ। ਰਾਤੇ = (ਨਾਮ-ਰੰਗ ਵਿਚ) ਰੰਗੇ ਹੋਏ। ਸੇ = ਉਹ {ਬਹੁ-ਵਚਨ}। ਹੁਣਿ = ਇਸ ਜਨਮ ਵਿਚ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਸਹਜੇ = ਆਤਮਕ ਅਡੋਲਤਾ ਵਿਚ। ਮਾਤੇ = ਮਸਤ। ਸੇਵਿ = ਸੇਵ ਕੇ, ਸਰਨ ਪੈ ਕੇ। ਆਪੈ = ਆਪੇ ਵਿਚ। ਆਪੁ = ਆਪਣੇ ਆਪ ਨੂੰ।6।

ਮੋਹਿ = ਮੋਹ ਵਿਚ। ਭਰਮਿ = ਭਟਕਣਾ ਵਿਚ। ਦੂਜੈ ਭਾਇ = ਹੋਰ ਹੋਰ ਪਿਆਰ ਵਿਚ। ਲਗਾ = ਲੱਗਾ ਹੋਇਆ। ਸੂਹਾ ਰੰਗੁ = (ਕਸੁੰਭੇ ਵਰਗਾ) ਸ਼ੋਖ਼ ਰੰਗ। ਜਾਦੇ = ਦੂਰ ਹੁੰਦਿਆਂ। ਬਿਲਮ = ਦੇਰ, ਚਿਰ।7।

ਭੈ = ਅਦਬ ਵਿਚ। ਭਾਇ = ਪਿਆਰ ਵਿਚ। ਇਤੁ = ਇਸ ਵਿਚ। ਇਤੁ ਰੰਗਿ = ਇਸ ਰੰਗ ਵਿਚ। ਕੋ = ਕੋਈ (ਵਿਰਲਾ) ।8।

ਅਰਥ: ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਿਰਫ਼ ਪਰਮਾਤਮਾ ਨਾਲ ਪਿਆਰ ਪਾਂਦਾ ਹੈ, (ਇਸ ਤਰ੍ਹਾਂ ਉਹ) ਮਾਇਆ ਦੇ ਤਿੰਨ ਗੁਣਾਂ ਦੇ ਕਾਰਨ ਪੈਦਾ ਹੋਣ ਵਾਲੇ ਫੁਰਨੇ ਨੂੰ ਆਪਣੇ ਮਨ ਦੇ ਵਿਚ ਹੀ ਮੁਕਾ ਦੇਂਦਾ ਹੈ। ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਬਰਕਤ ਨਾਲ ਉਹ ਮਨੁੱਖ (ਵਿਕਾਰਾਂ ਤੋਂ) ਸਦਾ ਬਚਿਆ ਰਹਿੰਦਾ ਹੈ, (ਉਹ ਆਪਣੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ।5।

ਪਰ, ਹੇ ਭਾਈ! ਇਸ ਮਨੁੱਖਾ ਜਨਮ ਵਿਚ ਉਹ ਮਨੁੱਖ ਹੀ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ਜਿਹੜੇ (ਪਹਿਲੀ ਕੀਤੀ ਕਮਾਈ ਅਨੁਸਾਰ) ਧੁਰ ਦਰਗਾਹ ਤੋਂ ਰੰਗੇ ਹੋਏ ਹੁੰਦੇ ਹਨ। ਉਹ ਗੁਰੂ ਦੀ ਕਿਰਪਾ ਨਾਲ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ। ਹੇ ਭਾਈ! ਗੁਰੂ ਦੀ ਸਰਨ ਪੈ ਕੇ ਮਨੁੱਖ ਸਦਾ ਪ੍ਰਭੂ ਦਾ ਮਿਲਾਪ ਪ੍ਰਾਪਤ ਕਰੀ ਰੱਖਦਾ ਹੈ, ਉਹ ਆਪਣੇ ਆਪ ਨੂੰ (ਪ੍ਰਭੂ ਦੇ) ਆਪੇ ਵਿਚ ਮਿਲਾ ਲੈਂਦਾ ਹੈ।6।

ਹੇ ਭਾਈ! ਮਾਇਆ ਦੇ ਮੋਹ ਵਿਚ, ਭਟਕਣਾ ਵਿਚ ਫਸਿਆ ਹੋਇਆ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਹੋਰ ਹੋਰ ਪਿਆਰ ਵਿਚ ਲੱਗਾ ਹੋਇਆ ਮਨੁੱਖ ਦੁੱਖ (ਹੀ) ਸਹਾਰਦਾ ਹੈ। (ਕਸੁੰਭੇ ਦੇ ਰੰਗ ਵਾਂਗ ਮਾਇਆ ਦਾ) ਸ਼ੋਖ਼ ਰੰਗ ਥੋੜੇ ਦਿਨ ਹੀ ਰਹਿੰਦਾ ਹੈ, ਇਸ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ।7।

ਹੇ ਭਾਈ! ਜਿਹੜਾ ਮਨੁੱਖ (ਆਪਣੇ) ਇਸ ਮਨ ਨੂੰ ਪਰਮਾਤਮਾ ਦੇ ਡਰ-ਅਦਬ ਵਿਚ ਪਿਆਰ ਵਿਚ ਰੰਗਦਾ ਹੈ, ਉਹ ਇਸ ਰੰਗ ਵਿਚ (ਰੰਗੀਜ ਕੇ) ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ। ਪਰ ਕੋਈ ਵਿਰਲਾ ਮਨੁੱਖ ਵੱਡੀ ਕਿਸਮਤ ਨਾਲ ਇਹ ਪ੍ਰੇਮ-ਰੰਗ ਹਾਸਲ ਕਰਦਾ ਹੈ। ਉਹ ਗੁਰੂ ਦੀ ਮਤਿ ਉੱਤੇ ਤੁਰ ਕੇ ਇਹ ਰੰਗ (ਆਪਣੇ ਮਨ ਨੂੰ) ਚਾੜ੍ਹਦਾ ਹੈ।8।

ਮਨਮੁਖੁ ਬਹੁਤੁ ਕਰੇ ਅਭਿਮਾਨੁ ॥ ਦਰਗਹ ਕਬ ਹੀ ਨ ਪਾਵੈ ਮਾਨੁ ॥ ਦੂਜੈ ਲਾਗੇ ਜਨਮੁ ਗਵਾਇਆ ਬਿਨੁ ਬੂਝੇ ਦੁਖੁ ਪਾਇਦਾ ॥੯॥ ਮੇਰੈ ਪ੍ਰਭਿ ਅੰਦਰਿ ਆਪੁ ਲੁਕਾਇਆ ॥ ਗੁਰ ਪਰਸਾਦੀ ਹਰਿ ਮਿਲੈ ਮਿਲਾਇਆ ॥ ਸਚਾ ਪ੍ਰਭੁ ਸਚਾ ਵਾਪਾਰਾ ਨਾਮੁ ਅਮੋਲਕੁ ਪਾਇਦਾ ॥੧੦॥ ਇਸੁ ਕਾਇਆ ਕੀ ਕੀਮਤਿ ਕਿਨੈ ਨ ਪਾਈ ॥ ਮੇਰੈ ਠਾਕੁਰਿ ਇਹ ਬਣਤ ਬਣਾਈ ॥ ਗੁਰਮੁਖਿ ਹੋਵੈ ਸੁ ਕਾਇਆ ਸੋਧੈ ਆਪਹਿ ਆਪੁ ਮਿਲਾਇਦਾ ॥੧੧॥ ਕਾਇਆ ਵਿਚਿ ਤੋਟਾ ਕਾਇਆ ਵਿਚਿ ਲਾਹਾ ॥ ਗੁਰਮੁਖਿ ਖੋਜੇ ਵੇਪਰਵਾਹਾ ॥ ਗੁਰਮੁਖਿ ਵਣਜਿ ਸਦਾ ਸੁਖੁ ਪਾਏ ਸਹਜੇ ਸਹਜਿ ਮਿਲਾਇਦਾ ॥੧੨॥ {ਪੰਨਾ 1066}

ਪਦ ਅਰਥ: ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਮਾਨੁ = ਆਦਰ। ਲਾਗੇ = ਲਾਗਿ, ਲੱਗ ਕੇ।9।

ਪ੍ਰਭਿ = ਪ੍ਰਭੂ ਨੇ। ਅੰਦਰਿ = (ਹਰੇਕ ਜੀਵ ਦੇ) ਅੰਦਰ। ਆਪੁ = ਆਪਣਾ ਆਪ। ਸਚਾ = ਸੱਚਾ, ਸਦਾ ਕਾਇਮ ਰਹਿਣ ਵਾਲਾ।10।

ਕੀਮਤਿ = ਕਦਰ। ਕਿਨੈ ਨ = ਕਿਸੇ ਨੇ ਨਹੀਂ। ਠਾਕੁਰਿ = ਠਾਕੁਰ ਨੇ। ਬਣਤ = ਮਰਯਾਦਾ, ਵਿਓਂਤ। ਗੁਰਮੁਖਿ = ਗੁਰੂ ਦੇ ਸਨਮੁਖ। ਸੋਧੈ = ਸੋਧਦਾ ਹੈ, ਵਿਕਾਰਾਂ ਤੋਂ ਬਚਾਈ ਰੱਖਦਾ ਹੈ। ਆਪਹਿ = ਆਪਣੇ ਵਿਚ ਹੀ। ਆਪੁ = ਆਪਣੇ ਆਪ ਨੂੰ।11।

ਤੋਟਾ = ਘਾਟਾ। ਲਾਹਾ = ਲਾਭ। ਖੋਜੇ = (ਸਰੀਰ ਵਿਚ) ਭਾਲ ਕਰਦਾ ਹੈ। ਵਣਜਿ = (ਨਾਮ ਦਾ) ਵਣਜ ਕਰ ਕੇ। ਸਹਜਿ = ਆਤਮਕ ਅਡੋਲਤਾ ਵਿਚ।12।

ਅਰਥ: ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਬੜਾ ਅਹੰਕਾਰ ਕਰਦਾ ਹੈ, ਪਰ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਕਦੇ ਭੀ ਆਦਰ ਨਹੀਂ ਪਾਂਦਾ। ਹੋਰ ਹੋਰ (ਮੋਹ) ਵਿਚ ਲੱਗ ਕੇ ਉਹ ਆਪਣਾ ਮਨੁੱਖਾ ਜਨਮ ਗੰਵਾ ਲੈਂਦਾ ਹੈ, ਸਹੀ ਜੀਵਨ ਦੀ ਸੂਝ ਤੋਂ ਬਿਨਾ ਉਹ ਸਦਾ ਦੁੱਖ ਪਾਂਦਾ ਹੈ।9।

ਹੇ ਭਾਈ! ਮੇਰੇ ਪ੍ਰਭੂ ਨੇ ਆਪਣੇ ਆਪ ਨੂੰ (ਹਰੇਕ ਜੀਵ ਦੇ) ਅੰਦਰ ਗੁਪਤ ਰੱਖਿਆ ਹੋਇਆ ਹੈ, (ਫਿਰ ਭੀ) ਗੁਰੂ ਦੀ ਕਿਰਪਾ ਨਾਲ ਹੀ ਮਿਲਾਇਆ ਮਿਲਦਾ ਹੈ। (ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਇਹ ਸਮਝ ਲੈਂਦਾ ਹੈ ਕਿ) ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਨਾਮ ਜਪਣਾ ਹੀ ਸਹੀ ਵਣਜ-ਵਪਾਰ ਹੈ। (ਗੁਰੂ ਦੀ ਕਿਰਪਾ ਨਾਲ ਉਹ) ਕੀਮਤੀ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ।10।

ਹੇ ਭਾਈ! (ਆਪਣੀ ਅਕਲ ਦੇ ਆਸਰੇ) ਕਿਸੇ ਮਨੁੱਖ ਨੇ ਇਸ (ਮਨੁੱਖਾ) ਸਰੀਰ ਦੀ ਕਦਰ ਨਹੀਂ ਸਮਝੀ। ਮੇਰੇ ਮਾਲਕ-ਪ੍ਰਭੂ ਨੇ ਇਹੀ ਮਰਯਾਦਾ ਬਣਾ ਰੱਖੀ ਹੈ ਕਿ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ (ਆਪਣੇ) ਸਰੀਰ ਨੂੰ ਵਿਕਾਰਾਂ ਤੋਂ ਬਚਾਈ ਰੱਖਦਾ ਹੈ, ਅਤੇ ਆਪਾ-ਭਾਵ ਨੂੰ ਆਪਣੇ ਵਿਚ ਹੀ ਲੀਨ ਕਰ ਦੇਂਦਾ ਹੈ।11।

ਹੇ ਭਾਈ! (ਹਰਿ-ਨਾਮ ਤੋਂ ਖੁੰਝਿਆਂ) ਸਰੀਰ ਦੇ ਅੰਦਰ (ਆਤਮਕ ਜੀਵਨ ਦਾ) ਘਾਟਾ ਪੈਂਦਾ ਜਾਂਦਾ ਹੈ (ਨਾਮ ਵਿਚ ਜੁੜਿਆਂ) ਸਰੀਰ ਅੰਦਰ (ਆਤਮਕ ਜੀਵਨ ਦਾ) ਲਾਭ ਪ੍ਰਾਪਤ ਹੁੰਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਵੇਪਰਵਾਹ ਪ੍ਰਭੂ ਨੂੰ (ਆਪਣੇ ਸਰੀਰ ਵਿਚ) ਭਾਲਦਾ ਹੈ। ਨਾਮ-ਵਣਜ ਕਰ ਕੇ ਉਹ ਸਦਾ ਸੁਖ ਮਾਣਦਾ ਹੈ, ਅਤੇ ਹਰ ਵੇਲੇ ਆਪਣੇ ਆਪ ਨੂੰ ਆਤਮਕ ਅਡੋਲਤਾ ਵਿਚ ਟਿਕਾਈ ਰੱਖਦਾ ਹੈ।12।

ਸਚਾ ਮਹਲੁ ਸਚੇ ਭੰਡਾਰਾ ॥ ਆਪੇ ਦੇਵੈ ਦੇਵਣਹਾਰਾ ॥ ਗੁਰਮੁਖਿ ਸਾਲਾਹੇ ਸੁਖਦਾਤੇ ਮਨਿ ਮੇਲੇ ਕੀਮਤਿ ਪਾਇਦਾ ॥੧੩॥ ਕਾਇਆ ਵਿਚਿ ਵਸਤੁ ਕੀਮਤਿ ਨਹੀ ਪਾਈ ॥ ਗੁਰਮੁਖਿ ਆਪੇ ਦੇ ਵਡਿਆਈ ॥ ਜਿਸ ਦਾ ਹਟੁ ਸੋਈ ਵਥੁ ਜਾਣੈ ਗੁਰਮੁਖਿ ਦੇਇ ਨ ਪਛੋਤਾਇਦਾ ॥੧੪॥ ਹਰਿ ਜੀਉ ਸਭ ਮਹਿ ਰਹਿਆ ਸਮਾਈ ॥ ਗੁਰ ਪਰਸਾਦੀ ਪਾਇਆ ਜਾਈ ॥ ਆਪੇ ਮੇਲਿ ਮਿਲਾਏ ਆਪੇ ਸਬਦੇ ਸਹਜਿ ਸਮਾਇਦਾ ॥੧੫॥ ਆਪੇ ਸਚਾ ਸਬਦਿ ਮਿਲਾਏ ॥ ਸਬਦੇ ਵਿਚਹੁ ਭਰਮੁ ਚੁਕਾਏ ॥ ਨਾਨਕ ਨਾਮਿ ਮਿਲੈ ਵਡਿਆਈ ਨਾਮੇ ਹੀ ਸੁਖੁ ਪਾਇਦਾ ॥੧੬॥੮॥੨੨॥ {ਪੰਨਾ 1066}

ਪਦ ਅਰਥ: ਮਹਲੁ = ਪਰਮਾਤਮਾ ਦਾ ਟਿਕਾਣਾ। ਸਚੇ = ਸਦਾ ਕਾਇਮ ਰਹਿਣ ਵਾਲੇ। ਭੰਡਾਰਾ = ਖ਼ਜ਼ਾਨੇ। ਦੇਵਣਹਾਰਾ = ਦੇਣ ਦੀ ਸਮਰਥਾ ਵਾਲਾ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਮਨਿ = ਮਨ ਵਿਚ। ਮੇਲੇ = ਮੇਲਿ, ਮੇਲ ਕੇ, ਟਿਕਾ ਕੇ। ਕੀਮਤਿ = ਕਦਰ।13।

ਕਾਇਆ = ਸਰੀਰ। ਵਸਤੁ = ਨਾਮ-ਪਦਾਰਥ। ਗੁਰਮੁਖਿ = ਗੁਰੂ ਦੀ ਰਾਹੀਂ। ਆਪੇ = (ਪ੍ਰਭੂ) ਆਪ ਹੀ। ਦੇ = ਦੇਂਦਾ ਹੈ। ਜਿਸ ਦਾ = {ਸੰਬੰਧਕ 'ਦਾ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਵਥੁ = ਵਸਤੁ, ਨਾਮ-ਪਦਾਰਥ। ਦੇਇ = ਦੇਂਦਾ ਹੈ।14।

ਰਹਿਆ ਸਮਾਈ = ਸਮਾਇ ਰਹਿਆ, ਵਿਆਪਕ ਹੈ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਮੇਲਿ = ਮੇਲ ਕੇ (ਗੁਰੂ ਨਾਲ) । ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸਮਾਇਦਾ = ਲੀਨ ਰੱਖਦਾ ਹੈ।15।

ਸਬਦਿ = ਸ਼ਬਦ ਵਿਚ। ਸਬਦੇ = ਸ਼ਬਦ ਦੀ ਰਾਹੀਂ। ਵਿਚਹੁ = ਮਨੁੱਖ ਦੇ ਹਿਰਦੇ ਵਿਚੋਂ। ਭਰਮੁ = ਭਟਕਣਾ। ਚੁਕਾਏ = ਦੂਰ ਕਰਦਾ ਹੈ। ਨਾਮਿ = ਨਾਮ ਵਿਚ (ਜੁੜਿਆਂ) । ਨਾਮੇ ਹੀ = ਨਾਮ ਦੀ ਰਾਹੀਂ ਹੀ। 16।

ਅਰਥ: ਹੇ ਭਾਈ! ਪਰਮਾਤਮਾ ਦਾ ਟਿਕਾਣਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੇ ਖ਼ਜ਼ਾਨੇ (ਭੀ) ਸਦਾ ਕਾਇਮ ਰਹਿਣ ਵਾਲੇ ਹਨ। ਸਭ ਕੁਝ ਦੇਣ ਦੀ ਸਮਰਥਾ ਵਾਲਾ ਪਰਮਾਤਮਾ ਆਪ ਹੀ (ਜੀਵਾਂ ਨੂੰ ਇਹ ਖ਼ਜ਼ਾਨੇ) ਦੇਂਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਾਰੇ ਸੁਖ ਦੇਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਸ ਨੂੰ ਆਪਣੇ ਮਨ ਵਿਚ ਸਾਂਭ ਰੱਖਦਾ ਹੈ, ਉਸ (ਦੇ ਨਾਮ) ਦੀ ਕਦਰ ਸਮਝਦਾ ਹੈ।13।

ਹੇ ਭਾਈ! ਮਨੁੱਖ ਦੇ ਸਰੀਰ ਦੇ ਵਿਚ ਹੀ ਨਾਮ-ਪਦਾਰਥ ਹੈ, ਪਰ ਮਨੁੱਖ ਇਸ ਦੀ ਕਦਰ ਨਹੀਂ ਸਮਝਦਾ। ਗੁਰੂ ਦੇ ਸਨਮੁਖ ਕਰ ਕੇ (ਪਰਮਾਤਮਾ) ਆਪ ਹੀ (ਆਪਣੇ ਨਾਮ ਦੀ ਕਦਰ ਕਰਨ ਦੀ) ਵਡਿਆਈ ਬਖ਼ਸ਼ਦਾ ਹੈ। ਹੇ ਭਾਈ! ਇਸ ਪਰਮਾਤਮਾ ਦਾ (ਬਣਾਇਆ ਹੋਇਆ ਇਹ ਮਨੁੱਖਾ ਸਰੀਰ-) ਹੱਟ ਹੈ, ਉਹ (ਇਸ ਵਿਚ ਰਖੇ ਹੋਏ ਨਾਮ-) ਪਦਾਰਥ (ਦੀ ਕਦਰ) ਨੂੰ ਜਾਣਦਾ ਹੈ। (ਉਹ ਪ੍ਰਭੂ ਇਹ ਦਾਤਿ) ਗੁਰੂ ਦੀ ਰਾਹੀਂ ਦੇਂਦਾ ਹੈ, (ਦੇ ਕੇ) ਪਛੁਤਾਂਦਾ ਨਹੀਂ।14।

ਹੇ ਭਾਈ! ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੈ, (ਪਰ ਉਹ) ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਉਹ ਆਪ ਹੀ (ਗੁਰੂ ਨਾਲ) ਮਿਲਾ ਕੇ (ਆਪਣੇ ਨਾਲ) ਮਿਲਾਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਜੀਵ ਨੂੰ) ਆਤਮਕ ਅਡੋਲਤਾ ਵਿਚ ਟਿਕਾਈ ਰੱਖਦਾ ਹੈ।15।

ਹੇ ਭਾਈ! ਸਦਾ-ਥਿਰ ਪ੍ਰਭੂ ਆਪ ਹੀ (ਮਨੁੱਖ ਨੂੰ ਗੁਰੂ ਦੇ) ਸ਼ਬਦ ਵਿਚ ਜੋੜਦਾ ਹੈ, ਸ਼ਬਦ ਦੀ ਰਾਹੀਂ ਹੀ (ਉਸ ਦੇ) ਅੰਦਰੋਂ ਭਟਕਣਾ ਦੂਰ ਕਰਦਾ ਹੈ। ਹੇ ਨਾਨਕ! ਹਰਿ-ਨਾਮ ਵਿਚ ਜੁੜਿਆਂ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ, ਨਾਮ ਦੀ ਰਾਹੀਂ ਹੀ (ਮਨੁੱਖ) ਆਤਮਕ ਆਨੰਦ ਮਾਣਦਾ ਹੈ। 16।8। 22।

TOP OF PAGE

Sri Guru Granth Darpan, by Professor Sahib Singh