ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 1067 ਮਾਰੂ ਮਹਲਾ ੩ ॥ ਅਗਮ ਅਗੋਚਰ ਵੇਪਰਵਾਹੇ ॥ ਆਪੇ ਮਿਹਰਵਾਨ ਅਗਮ ਅਥਾਹੇ ॥ ਅਪੜਿ ਕੋਇ ਨ ਸਕੈ ਤਿਸ ਨੋ ਗੁਰ ਸਬਦੀ ਮੇਲਾਇਆ ॥੧॥ ਤੁਧੁਨੋ ਸੇਵਹਿ ਜੋ ਤੁਧੁ ਭਾਵਹਿ ॥ ਗੁਰ ਕੈ ਸਬਦੇ ਸਚਿ ਸਮਾਵਹਿ ॥ ਅਨਦਿਨੁ ਗੁਣ ਰਵਹਿ ਦਿਨੁ ਰਾਤੀ ਰਸਨਾ ਹਰਿ ਰਸੁ ਭਾਇਆ ॥੨॥ ਸਬਦਿ ਮਰਹਿ ਸੇ ਮਰਣੁ ਸਵਾਰਹਿ ॥ ਹਰਿ ਕੇ ਗੁਣ ਹਿਰਦੈ ਉਰ ਧਾਰਹਿ ॥ ਜਨਮੁ ਸਫਲੁ ਹਰਿ ਚਰਣੀ ਲਾਗੇ ਦੂਜਾ ਭਾਉ ਚੁਕਾਇਆ ॥੩॥ ਹਰਿ ਜੀਉ ਮੇਲੇ ਆਪਿ ਮਿਲਾਏ ॥ ਗੁਰ ਕੈ ਸਬਦੇ ਆਪੁ ਗਵਾਏ ॥ ਅਨਦਿਨੁ ਸਦਾ ਹਰਿ ਭਗਤੀ ਰਾਤੇ ਇਸੁ ਜਗ ਮਹਿ ਲਾਹਾ ਪਾਇਆ ॥੪॥ {ਪੰਨਾ 1067} ਪਦ ਅਰਥ: ਅਗਮ = ਹੇ ਅਪਹੁੰਚ! ਅਗੋਚਰ = ਹੇ ਅਗੋਚਰ! ਹੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਪ੍ਰਭੂ! {ਅ-ਗੋ-ਚਰ। ਗੋ = ਗਿਆਨ-ਇੰਦ੍ਰੇ}। ਆਪੇ = ਆਪ ਹੀ। ਅਥਾਹੇ = ਹੇ ਅਥਾਹ! ਹੇ ਡੂੰਘੇ ਜਿਗਰੇ ਵਾਲੇ! ਤਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ} ਉਸ (ਮਨੁੱਖ) ਨੂੰ। ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ।1। ਸੇਵਹਿ = ਸਿਮਰਦੇ ਹਨ {ਬਹੁ-ਵਚਨ}। ਤੁਧੁ ਭਾਵਹਿ = ਤੈਨੂੰ ਚੰਗੇ ਲੱਗਦੇ ਹਨ। ਸਚਿ = ਸਦਾ-ਥਿਰ ਹਰਿ-ਨਾਮ ਵਿਚ। ਅਨਦਿਨੁ = ਹਰ ਰੋਜ਼, ਹਰ ਵੇਲੇ {Anuidnwz}। ਰਵਹਿ = ਸਿਮਰਦੇ ਹਨ, ਚੇਤੇ ਕਰਦੇ ਹਨ। ਰਸਨਾ = ਜੀਭ। ਰਸੁ = ਸੁਆਦ। ਭਾਇਆ = ਚੰਗਾ ਲੱਗਾ।2। ਸਬਦਿ = ਸ਼ਬਦ ਦੀ ਰਾਹੀਂ। ਮਰਹਿ = (ਆਪਾ-ਭਾਵ ਵਲੋਂ, ਵਿਕਾਰਾਂ ਵਲੋਂ) ਮਰਦੇ ਹਨ। ਸੇ = ਉਹ {ਬਹੁ-ਵਚਨ}। ਮਰਣੁ = (ਵਿਕਾਰਾਂ ਵਲੋਂ ਇਹ) ਮੌਤ। ਸਵਾਰਹਿ = ਸੋਹਣੀ ਬਣਾ ਲੈਂਦੇ ਹਨ, ਹੋਰਨਾਂ ਵਾਸਤੇ ਦਿਲ-ਖਿਚਵੀਂ ਬਣਾ ਲੈਂਦੇ ਹਨ। ਹਿਰਦੈ = ਹਿਰਦੇ ਵਿਚ। ਉਰ = ਹਿਰਦਾ। ਧਾਰਹਿ = ਵਸਾ ਲੈਂਦੇ ਹਨ। ਦੂਜਾ ਭਾਉ = (ਪ੍ਰਭੂ ਤੋਂ ਬਿਨਾ) ਹੋਰ ਦਾ ਪਿਆਰ। ਚੁਕਾਇਆ = ਮੁਕਾ ਲਿਆ।3। ਕੈ ਸਬਦੇ = ਦੇ ਸ਼ਬਦ ਦੀ ਰਾਹੀਂ। ਆਪੁ = ਆਪਾ-ਭਾਵ, ਹਉਮੈ। ਰਾਤੇ = ਰੰਗੇ ਹੋਏ। ਲਾਹਾ = ਲਾਭ।4। ਅਰਥ: ਹੇ ਅਪਹੁੰਚ ਪ੍ਰਭੂ! ਹੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਪ੍ਰਭੂ! ਹੇ ਬੇ-ਮੁਥਾਜ ਪ੍ਰਭੂ! ਹੇ (ਆਪਣੇ ਵਰਗੇ) ਆਪ ਹੀ ਆਪ! ਹੇ ਮਿਹਰਵਾਨ! ਹੇ ਅਪਹੁੰਚ! ਹੇ ਡੂੰਘੇ ਜਿਗਰੇ ਵਾਲੇ! ਜਿਸ ਮਨੁੱਖ ਨੂੰ ਤੂੰ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਨਾਲ ਮਿਲਾ ਲੈਂਦਾ ਹੈਂ, ਉਸ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ।1। ਹੇ ਪ੍ਰਭੂ! ਤੇਰੀ ਸੇਵਾ-ਭਗਤੀ ਉਹ ਮਨੁੱਖ ਕਰਦੇ ਹਨ ਜਿਹੜੇ ਤੈਨੂੰ ਪਿਆਰੇ ਲੱਗਦੇ ਹਨ। ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਤੇਰੇ) ਸਦਾ-ਥਿਰ ਨਾਮ ਵਿਚ ਲੀਨ ਰਹਿੰਦੇ ਹਨ, ਹਰ ਵੇਲੇ ਦਿਨ ਰਾਤ ਉਹ ਤੇਰੇ ਗੁਣ ਗਾਂਦੇ ਹਨ। ਹੇ ਹਰੀ! ਉਹਨਾਂ ਦੀ ਜੀਭ ਨੂੰ ਤੇਰੇ ਨਾਮ-ਅੰਮ੍ਰਿਤ ਦਾ ਸੁਆਦ ਚੰਗਾ ਲੱਗਦਾ ਹੈ।2। ਹੇ ਭਾਈ! ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ, ਆਪਾ-ਭਾਵ ਵਲੋਂ) ਮਰਦੇ ਹਨ, ਉਹ ਆਪਣੀ ਇਹ ਮੌਤ ਹੋਰਨਾਂ ਵਾਸਤੇ ਸੋਹਣੀ ਬਣਾ ਲੈਂਦੇ ਹਨ (ਭਾਵ, ਲੋਕਾਂ ਨੂੰ ਉਹਨਾਂ ਦਾ ਇਹ ਆਤਮਕ ਜੀਵਨ ਚੰਗਾ ਲੱਗਦਾ ਹੈ) । ਉਹ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਗੁਣ ਟਿਕਾਈ ਰੱਖਦੇ ਹਨ। ਪਰਮਾਤਮਾ ਦੇ ਚਰਨਾਂ ਵਿਚ ਲੱਗ ਕੇ ਉਹ ਆਪਣਾ ਮਨੁੱਖਾ ਜਨਮ ਕਾਮਯਾਬ ਬਣਾ ਲੈਂਦੇ ਹਨ, ਉਹ (ਆਪਣੇ ਅੰਦਰੋਂ) ਮਾਇਆ ਦਾ ਪਿਆਰ ਮੁਕਾ ਲੈਂਦੇ ਹਨ।3। ਹੇ ਭਾਈ! ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਦੇ ਹਨ, ਪਰਮਾਤਮਾ ਉਹਨਾਂ ਨੂੰ ਆਪ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ। ਉਹ ਹਰ ਵੇਲੇ ਸਦਾ ਪਰਮਾਤਮਾ ਦੀ ਭਗਤੀ ਵਿਚ ਮਸਤ ਰਹਿੰਦੇ ਹਨ, ਇਸ ਜਗਤ ਵਿਚ ਉਹ (ਭਗਤੀ ਦਾ) ਲਾਭ ਖੱਟਦੇ ਹਨ।4। ਤੇਰੇ ਗੁਣ ਕਹਾ ਮੈ ਕਹਣੁ ਨ ਜਾਈ ॥ ਅੰਤੁ ਨ ਪਾਰਾ ਕੀਮਤਿ ਨਹੀ ਪਾਈ ॥ ਆਪੇ ਦਇਆ ਕਰੇ ਸੁਖਦਾਤਾ ਗੁਣ ਮਹਿ ਗੁਣੀ ਸਮਾਇਆ ॥੫॥ ਇਸੁ ਜਗ ਮਹਿ ਮੋਹੁ ਹੈ ਪਾਸਾਰਾ ॥ ਮਨਮੁਖੁ ਅਗਿਆਨੀ ਅੰਧੁ ਅੰਧਾਰਾ ॥ ਧੰਧੈ ਧਾਵਤੁ ਜਨਮੁ ਗਵਾਇਆ ਬਿਨੁ ਨਾਵੈ ਦੁਖੁ ਪਾਇਆ ॥੬॥ ਕਰਮੁ ਹੋਵੈ ਤਾ ਸਤਿਗੁਰੁ ਪਾਏ ॥ ਹਉਮੈ ਮੈਲੁ ਸਬਦਿ ਜਲਾਏ ॥ ਮਨੁ ਨਿਰਮਲੁ ਗਿਆਨੁ ਰਤਨੁ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥੭॥ ਤੇਰੇ ਨਾਮ ਅਨੇਕ ਕੀਮਤਿ ਨਹੀ ਪਾਈ ॥ ਸਚੁ ਨਾਮੁ ਹਰਿ ਹਿਰਦੈ ਵਸਾਈ ॥ ਕੀਮਤਿ ਕਉਣੁ ਕਰੇ ਪ੍ਰਭ ਤੇਰੀ ਤੂ ਆਪੇ ਸਹਜਿ ਸਮਾਇਆ ॥੮॥ {ਪੰਨਾ 1067} ਪਦ ਅਰਥ: ਕਹਾ = ਕਹਾਂ, ਮੈਂ ਆਖਦਾ ਹਾਂ। ਪਾਰਾ = ਪਾਰਲਾ ਬੰਨਾ, ਅੰਤ। ਆਪੇ = ਆਪ ਹੀ। ਗੁਣੀ = ਗੁਣ ਗਾਣ ਵਾਲਾ। ਸਮਾਇਆ = ਲੀਨ ਕਰ ਲੈਂਦਾ ਹੈ।5। ਪਾਸਾਰਾ = ਪਸਰਿਆ ਹੋਇਆ, ਖਿਲਰਿਆ ਹੋਇਆ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਅਗਿਆਨੀ = ਆਤਮਕ ਜੀਵਨ ਤੋਂ ਬੇ-ਸਮਝ। ਅੰਧੁ = ਅੰਨ੍ਹਾ। ਅੰਧੁ ਅੰਧਾਰਾ = ਬਿਲਕੁਲ ਅੰਨ੍ਹਾ। ਧੰਧੈ = ਧੰਧੇ ਵਿਚ। ਧਾਵਤੁ = ਦੌੜ-ਭੱਜ ਕਰਦਾ ਹੈ।6। ਕਰਮ = ਬਖ਼ਸ਼ਸ਼। ਸਬਦਿ = ਸ਼ਬਦ ਦੀ ਰਾਹੀਂ। ਜਲਾਏ = ਸਾੜ ਲੈਂਦਾ ਹੈ। ਨਿਰਮਲੁ = ਪਵਿੱਤਰ। ਗਿਆਨੁ = ਪਰਮਾਤਮਾ ਨਾਲ ਡੂੰਘੀ ਸਾਂਝ। ਅਗਿਆਨੁ = ਆਤਮਕ ਜੀਵਨ ਤੋਂ ਬੇ-ਸਮਝੀ। ਅੰਧੇਰੁ = ਹਨੇਰਾ।7। ਸਚੁ ਨਾਮੁ = ਸਦਾ-ਥਿਰ ਰਹਿਣ ਵਾਲਾ ਨਾਮ। ਹਿਰਦੈ = ਹਿਰਦੇ ਵਿਚ। ਵਸਾਈ = ਵਸਾਈਂ, ਮੈਂ ਵਸਾਵਾਂ। ਪ੍ਰਭ = ਹੇ ਪ੍ਰਭੂ! ਸਹਜਿ = ਆਤਮਕ ਅਡੋਲਤਾ ਵਿਚ।8। ਅਰਥ: ਹੇ ਪ੍ਰਭੂ! (ਮੇਰਾ ਜੀ ਕਰਦਾ ਹੈ ਕਿ) ਮੈਂ ਤੇਰੇ ਗੁਣਾਂ ਦਾ ਕਥਨ ਕਰਾਂ, ਪਰ ਮੈਥੋਂ ਬਿਆਨ ਨਹੀਂ ਕੀਤੇ ਜਾ ਸਕਦੇ। ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ, ਮੁੱਲ ਨਹੀਂ ਪੈ ਸਕਦਾ। ਹੇ ਭਾਈ! ਸਾਰੇ ਸੁਖਾਂ ਦਾ ਦੇਣ ਵਾਲਾ (ਪ੍ਰਭੂ ਜਦੋਂ) ਆਪ ਹੀ ਦਇਆ ਕਰਦਾ ਹੈ, ਤਾਂ ਗੁਣ ਗਾਣ ਵਾਲੇ ਨੂੰ ਆਪਣੇ ਗੁਣਾਂ ਵਿਚ ਲੀਨ ਕਰ ਲੈਂਦਾ ਹੈ।5। ਹੇ ਭਾਈ! ਇਸ ਜਗਤ ਵਿਚ (ਹਰ ਪਾਸੇ) ਮੋਹ ਪਸਰਿਆ ਹੋਇਆ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਸ ਮੋਹ ਦੇ ਕਾਰਨ) ਆਤਮਕ ਜੀਵਨ ਵਲੋਂ ਬੇ-ਸਮਝ ਰਹਿੰਦਾ ਹੈ, (ਮੋਹ ਵਿਚ) ਬਿਲਕੁਲ ਅੰਨ੍ਹਾ ਹੋਇਆ ਰਹਿੰਦਾ ਹੈ, (ਮੋਹ ਦੇ) ਧੰਧੇ ਵਿਚ ਭਟਕਦਾ ਭਟਕਦਾ (ਮਨੁੱਖਾ) ਜਨਮ ਜਾਇਆ ਕਰ ਲੈਂਦਾ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾ ਦੁੱਖ ਪਾਂਦਾ ਹੈ।6। ਹੇ ਭਾਈ! (ਜਦੋਂ ਕਿਸੇ ਮਨੁੱਖ ਉਤੇ) ਪਰਮਾਤਮਾ ਦੀ ਮਿਹਰ ਹੁੰਦੀ ਹੈ, ਤਦੋਂ ਉਸ ਨੂੰ ਗੁਰੂ ਮਿਲਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਉਹ ਆਪਣੇ ਅੰਦਰੋਂ) ਹਉਮੈ ਦੀ ਮੈਲ ਸਾੜਦਾ ਹੈ। ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ, (ਉਸ ਨੂੰ ਆਪਣੇ ਅੰਦਰੋਂ) ਗਿਆਨ ਰਤਨ (ਲੱਭ ਪੈਂਦਾ ਹੈ, ਜੋ ਉਸ ਦੇ ਅੰਦਰ ਆਤਮਕ ਜੀਵਨ ਦਾ) ਚਾਨਣ ਕਰ ਦੇਂਦਾ ਹੈ, ਇਸ ਤਰ੍ਹਾਂ ਉਹ (ਆਪਣੇ ਅੰਦਰੋਂ) ਅਗਿਆਨ-ਹਨੇਰਾ ਦੂਰ ਕਰ ਲੈਂਦਾ ਹੈ।7। ਹੇ ਪ੍ਰਭੂ! (ਤੇਰੇ ਗੁਣਾਂ ਦੇ ਆਧਾਰ ਤੇ) ਤੇਰੇ ਅਨੇਕਾਂ ਹੀ ਨਾਮ ਹਨ, ਮੁੱਲ ਨਹੀਂ ਪਾਇਆ ਜਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੇਰਾ ਨਾਮ ਪ੍ਰਾਪਤ ਨਹੀਂ ਹੋ ਸਕਦਾ) । (ਜੇ ਤੂੰ ਮਿਹਰ ਕਰੇਂ, ਤਾਂ) ਮੈਂ ਤੇਰਾ ਸਦਾ ਕਾਇਮ ਰਹਿਣ ਵਾਲਾ ਨਾਮ ਆਪਣੇ ਹਿਰਦੇ ਵਿਚ ਵਸਾਵਾਂ। ਹੇ ਪ੍ਰਭੂ! ਕੌਣ ਤੇਰਾ ਮੁੱਲ ਪਾ ਸਕਦਾ ਹੈ? (ਜਿਸ ਉਤੇ ਤੂੰ ਦਇਆ ਕਰਦਾ ਹੈਂ, ਉਸ ਨੂੰ) ਤੂੰ ਆਪ ਹੀ ਆਤਮਕ ਅਡੋਲਤਾ ਵਿਚ ਲੀਨ ਰੱਖਦਾ ਹੈਂ।8। ਨਾਮੁ ਅਮੋਲਕੁ ਅਗਮ ਅਪਾਰਾ ॥ ਨਾ ਕੋ ਹੋਆ ਤੋਲਣਹਾਰਾ ॥ ਆਪੇ ਤੋਲੇ ਤੋਲਿ ਤੋਲਾਏ ਗੁਰ ਸਬਦੀ ਮੇਲਿ ਤੋਲਾਇਆ ॥੯॥ ਸੇਵਕ ਸੇਵਹਿ ਕਰਹਿ ਅਰਦਾਸਿ ॥ ਤੂ ਆਪੇ ਮੇਲਿ ਬਹਾਲਹਿ ਪਾਸਿ ॥ ਸਭਨਾ ਜੀਆ ਕਾ ਸੁਖਦਾਤਾ ਪੂਰੈ ਕਰਮਿ ਧਿਆਇਆ ॥੧੦॥ ਜਤੁ ਸਤੁ ਸੰਜਮੁ ਜਿ ਸਚੁ ਕਮਾਵੈ ॥ ਇਹੁ ਮਨੁ ਨਿਰਮਲੁ ਜਿ ਹਰਿ ਗੁਣ ਗਾਵੈ ॥ ਇਸੁ ਬਿਖੁ ਮਹਿ ਅੰਮ੍ਰਿਤੁ ਪਰਾਪਤਿ ਹੋਵੈ ਹਰਿ ਜੀਉ ਮੇਰੇ ਭਾਇਆ ॥੧੧॥ ਜਿਸ ਨੋ ਬੁਝਾਏ ਸੋਈ ਬੂਝੈ ॥ ਹਰਿ ਗੁਣ ਗਾਵੈ ਅੰਦਰੁ ਸੂਝੈ ॥ ਹਉਮੈ ਮੇਰਾ ਠਾਕਿ ਰਹਾਏ ਸਹਜੇ ਹੀ ਸਚੁ ਪਾਇਆ ॥੧੨॥ {ਪੰਨਾ 1067} ਪਦ ਅਰਥ: ਅਗਮ ਅਪਾਰ ਨਾਮੁ = ਅਪਹੁੰਚ ਬੇਅੰਤ ਪਰਮਾਤਮਾ ਦਾ ਨਾਮ। ਕੋ = ਕੋਈ ਭੀ ਮਨੁੱਖ। ਤੋਲਣਹਾਰਾ = ਮੁੱਲ ਪਾਣ ਜੋਗਾ। ਆਪੇ = ਆਪ ਹੀ। ਤੋਲੇ = ਕਦਰ ਜਾਣਦਾ ਹੈ। ਤੋਲਾਏ = (ਜੀਵਾਂ ਨੂੰ ਨਾਮ ਦੀ) ਕਦਰ ਕਰਨੀ ਸਿਖਾਂਦਾ ਹੈ। ਸਬਦੀ = ਸ਼ਬਦ ਦੀ ਰਾਹੀਂ। ਮੇਲਿ = ਮੇਲ ਕੇ। ਤੋਲਾਇਆ = ਕਦਰ ਸਿਖਾਂਦਾ ਹੈ।9। ਸੇਵਹਿ = ਸੇਵਾ-ਭਗਤੀ ਕਰਦੇ ਹਨ। ਕਰਹਿ = ਕਰਦੇ ਹਨ {ਬਹੁ-ਵਚਨ}। ਬਹਾਲਹਿ = ਤੂੰ ਬਿਠਾਂਦਾ ਹੈਂ। ਪੂਰੈ ਕਰਮਿ = (ਤੇਰੀ) ਪੂਰੀ ਬਖ਼ਸ਼ਸ਼ ਨਾਲ।10। ਜਤੁ = ਕਾਮ-ਵਾਸਨਾ ਨੂੰ ਰੋਕਣਾ। ਸਤੁ = ਵਿਕਾਰ-ਰਹਿਤ ਜੀਵਨ। ਸੰਜਮੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਜਤਨ। ਜਿ = ਜਿਹੜਾ ਮਨੁੱਖ। ਸਚੁ ਕਮਾਵੈ = ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ। ਗਾਵੈ = ਗਾਂਦਾ ਹੈ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ ਮਾਇਆ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਭਾਇਆ = ਚੰਗਾ ਲੱਗਾ।11। ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਬੁਝਾਏ = ਆਤਮਕ ਜੀਵਨ ਦੀ ਸੂਝ ਦੇਂਦਾ ਹੈ। ਅੰਦਰੁ = ਹਿਰਦਾ। ਸੂਝੈ = ਸੂਝ ਵਾਲਾ ਹੋ ਜਾਂਦਾ ਹੈ। ਠਾਕਿ = ਰੋਕ ਕੇ। ਸਹਜੇ = ਆਤਮਕ ਅਡੋਲਤਾ ਵਿਚ। ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ।12। ਅਰਥ: ਹੇ ਭਾਈ! ਅਪਹੁੰਚ ਤੇ ਬੇਅੰਤ ਪਰਮਾਤਮਾ ਦੇ ਨਾਮ ਦਾ ਮੁੱਲ ਨਹੀਂ ਪੈ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ) । ਕੋਈ ਭੀ ਜੀਵ (ਹਰਿ-ਨਾਮ ਦਾ) ਮੁੱਲ ਪਾਣ-ਜੋਗਾ ਨਹੀਂ ਹੋ ਸਕਿਆ। ਉਹ ਪ੍ਰਭੂ ਆਪ ਹੀ ਆਪਣੇ ਨਾਮ ਦੀ ਕਦਰ ਜਾਣਦਾ ਹੈ। ਆਪ ਕਦਰ ਜਾਣ ਕੇ ਜੀਵਾਂ ਨੂੰ ਕਦਰ ਕਰਨੀ ਸਿਖਾਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਨਾਲ) ਮੇਲ ਕੇ ਕਦਰ ਸਿਖਾਂਦਾ ਹੈ।9। ਹੇ ਪ੍ਰਭੂ! ਤੇਰੇ ਭਗਤ ਤੇਰੀ ਸੇਵਾ-ਭਗਤੀ ਕਰਦੇ ਹਨ, (ਤੇਰੇ ਦਰ ਤੇ) ਅਰਦਾਸ ਕਰਦੇ ਹਨ। ਤੂੰ ਆਪ ਹੀ ਉਹਨਾਂ ਨੂੰ (ਆਪਣੇ ਨਾਮ ਵਿਚ) ਜੋੜ ਕੇ ਆਪਣੇ ਪਾਸ ਬਿਠਾਂਦਾ ਹੈਂ। ਹੇ ਪ੍ਰਭੂ! ਤੂੰ ਸਾਰੇ ਜੀਵਾਂ ਨੂੰ ਸੁਖ ਦੇਣ ਵਾਲਾ ਹੈਂ। ਤੇਰੀ ਪੂਰੀ ਮਿਹਰ ਨਾਲ (ਹੀ ਤੇਰੇ ਸੇਵਕ) ਤੇਰਾ ਸਿਮਰਨ ਕਰਦੇ ਹਨ।10। ਹੇ ਭਾਈ! ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ, ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਉਸ ਦਾ ਇਹ ਮਨ ਪਵਿੱਤਰ ਹੋ ਜਾਂਦਾ ਹੈ। ਆਤਮਕ ਮੌਤ ਲਿਆਉਣ ਵਾਲੀ ਇਸ ਮਾਇਆ-ਜ਼ਹਰ ਦੇ ਵਿਚ ਵਰਤਦਿਆਂ ਹੀ ਉਸ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮਿਲ ਜਾਂਦਾ ਹੈ। ਮੇਰੇ ਪ੍ਰਭੂ ਨੂੰ ਇਹੀ ਮਰਯਾਦਾ ਭਾਂਦੀ ਹੈ।11। ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਆਪ ਆਤਮਕ ਜੀਵਨ ਦੀ ਸਮਝ ਦੇਂਦਾ ਹੈ, ਉਹੀ ਮਨੁੱਖ ਸਮਝਦਾ ਹੈ। (ਜਿਉਂ ਜਿਉਂ) ਉਹ ਪਰਮਾਤਮਾ ਦੇ ਗੁਣ ਗਾਂਦਾ ਹੈ, ਉਸ ਦਾ ਹਿਰਦਾ ਸੂਝ ਵਾਲਾ ਹੁੰਦਾ ਜਾਂਦਾ ਹੈ। ਉਹ ਮਨੁੱਖ ਹਉਮੈ ਅਤੇ ਮਮਤਾ ਨੂੰ (ਪ੍ਰਭਾਵ ਪਾਣ ਤੋਂ) ਰੋਕ ਰੱਖਦਾ ਹੈ। ਆਤਮਕ ਅਡੋਲਤਾ ਵਿਚ ਟਿਕ ਕੇ ਉਹ ਸਦਾ-ਥਿਰ ਹਰੀ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ।12। ਬਿਨੁ ਕਰਮਾ ਹੋਰ ਫਿਰੈ ਘਨੇਰੀ ॥ ਮਰਿ ਮਰਿ ਜੰਮੈ ਚੁਕੈ ਨ ਫੇਰੀ ॥ ਬਿਖੁ ਕਾ ਰਾਤਾ ਬਿਖੁ ਕਮਾਵੈ ਸੁਖੁ ਨ ਕਬਹੂ ਪਾਇਆ ॥੧੩॥ ਬਹੁਤੇ ਭੇਖ ਕਰੇ ਭੇਖਧਾਰੀ ॥ ਬਿਨੁ ਸਬਦੈ ਹਉਮੈ ਕਿਨੈ ਨ ਮਾਰੀ ॥ ਜੀਵਤੁ ਮਰੈ ਤਾ ਮੁਕਤਿ ਪਾਏ ਸਚੈ ਨਾਇ ਸਮਾਇਆ ॥੧੪॥ ਅਗਿਆਨੁ ਤ੍ਰਿਸਨਾ ਇਸੁ ਤਨਹਿ ਜਲਾਏ ॥ ਤਿਸ ਦੀ ਬੂਝੈ ਜਿ ਗੁਰ ਸਬਦੁ ਕਮਾਏ ॥ ਤਨੁ ਮਨੁ ਸੀਤਲੁ ਕ੍ਰੋਧੁ ਨਿਵਾਰੇ ਹਉਮੈ ਮਾਰਿ ਸਮਾਇਆ ॥੧੫॥ ਸਚਾ ਸਾਹਿਬੁ ਸਚੀ ਵਡਿਆਈ ॥ ਗੁਰ ਪਰਸਾਦੀ ਵਿਰਲੈ ਪਾਈ ॥ ਨਾਨਕੁ ਏਕ ਕਹੈ ਬੇਨੰਤੀ ਨਾਮੇ ਨਾਮਿ ਸਮਾਇਆ ॥੧੬॥੧॥੨੩॥ {ਪੰਨਾ 1067-1068} ਪਦ ਅਰਥ: ਕਰਮੁ = ਬਖ਼ਸ਼ਸ਼, ਮਿਹਰ। ਬਿਨੁ ਕਰਮਾ = (ਪਰਮਾਤਮਾ ਦੀ) ਮਿਹਰ ਤੋਂ ਬਿਨਾ। ਹੋਰ = (ਨਾਮ ਤੋਂ ਖੁੰਝੀ ਹੋਈ) ਹੋਰ ਲੁਕਾਈ। ਘਨੇਰੀ = ਬਥੇਰੀ। ਫਿਰੈ = ਭਟਕਦੀ ਫਿਰਦੀ ਹੈ। ਮਰਿ ਮਰਿ = ਮਰ ਮਰ ਕੇ। ਜੰਮੈ = ਜੰਮਦੀ ਹੈ। ਮਰਿ ਮਰਿ ਜੰਮੈ = ਜਨਮ ਮਰਨ ਦੇ ਗੇੜ ਵਿਚ ਪਈ ਰਹਿੰਦੀ ਹੈ। ਚੁਕੈ ਨ = ਮੁੱਕਦੀ ਨਹੀਂ। ਫੇਰੀ = ਜਨਮ ਮਰਨ ਦਾ ਚੱਕਰ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ।13। ਭੇਖਧਾਰੀ = (ਜੋਗ ਵੈਰਾਗ ਸੰਨਿਆਸ ਆਦਿਕ ਦਾ) ਭੇਖ ਧਾਰਨ ਵਾਲਾ। ਕਿਨੈ = ਕਿਸੇ ਨੇ ਭੀ। ਜੀਵਤ ਮਰੈ = ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਆਪਾ-ਭਾਵ ਛੱਡੇ। ਤਾ = ਤਦੋਂ। ਮੁਕਤਿ = ਹਉਮੈ ਤੋਂ ਖ਼ਲਾਸੀ। ਸਚੈ ਨਾਇ = ਸਦਾ-ਥਿਰ ਹਰਿ-ਨਾਮ ਵਿਚ। ਸਚੈ = ਸਦਾ-ਥਿਰ ਵਿਚ। ਨਾਇ = ਨਾਮ ਵਿਚ।14। ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਤਨਹਿ = ਸਰੀਰ ਨੂੰ। ਜਲਾਏ = ਸਾੜ ਦੇਂਦੀ ਹੈ। ਤਿਸ ਦੀ = (ਸੰਬੰਧਕ 'ਦੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਜਿ = ਜਿਹੜਾ ਮਨੁੱਖ। ਨਿਵਾਰੇ = ਦੂਰ ਕਰ ਲੈਂਦਾ ਹੈ। ਮਾਰਿ = ਮਾਰਿ ਕੇ।15। ਸਚਾ = ਸੱਚਾ, ਸਦਾ ਕਾਇਮ ਰਹਿਣ ਵਾਲਾ। ਸਚੀ = ਸੱਚੀ, ਸਦਾ ਕਾਇਮ ਰਹਿਣ ਵਾਲੀ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਵਿਰਲੈ = (ਕਿਸੇ) ਵਿਰਲੇ (ਮਨੁੱਖ) ਨੇ। ਨਾਨਕੁ ਕਹੈ– ਨਾਨਕ ਆਖਦਾ ਹੈ। ਨਾਮੇ ਨਾਮਿ = ਹਰ ਵੇਲੇ ਨਾਮ ਵਿਚ ਹੀ। 16। ਅਰਥ: ਹੇ ਭਾਈ! ਪਰਮਾਤਮਾ ਦੀ ਮਿਹਰ ਤੋਂ ਬਿਨਾ (ਨਾਮ ਤੋਂ ਖੁੰਝੀ ਹੋਈ) ਹੋਰ ਬਥੇਰੀ ਲੁਕਾਈ ਭਟਕਦੀ ਫਿਰਦੀ ਹੈ। ਉਹ ਜਨਮ ਮਰਨ ਦੇ ਗੇੜ ਵਿਚ ਪਈ ਰਹਿੰਦੀ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕਦਾ ਨਹੀਂ। ਜਿਹੜਾ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦਾ ਲੱਟੂ ਹੋਇਆ ਰਹਿੰਦਾ ਹੈ, ਉਹ ਇਹ ਜ਼ਹਰ ਹੀ ਵਿਹਾਝਦਾ ਫਿਰਦਾ ਹੈ, ਉਹ ਕਦੇ ਆਤਮਕ ਆਨੰਦ ਨਹੀਂ ਮਾਣ ਸਕਦਾ।13। ਹੇ ਭਾਈ! (ਤਿਆਗੀਆਂ ਵਾਲਾ ਪਹਿਰਾਵਾ ਪਾਈ ਫਿਰਦਿਆਂ ਨੂੰ ਵੇਖ ਕੇ ਭੀ ਨਾਹ ਭੁੱਲ ਜਾਣਾ ਕਿ ਇਹ ਇਸ ਜ਼ਹਰ ਤੋਂ ਬਚੇ ਹੋਏ ਹਨ। ਜੋਗ ਸੰਨਿਆਸ ਆਦਿਕ ਵਾਲਾ) ਧਾਰਮਿਕ ਪਹਿਰਾਵਾ ਪਾਣ ਵਾਲਾ ਮਨੁੱਖ ਬਥੇਰੇ (ਇਹੋ ਜਿਹੇ) ਭੇਖ ਕਰਦਾ ਹੈ, ਪਰ ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਭੀ ਮਨੁੱਖ (ਆਪਣੇ ਅੰਦਰੋਂ) ਹਉਮੈ ਦੂਰ ਨਹੀਂ ਕਰ ਸਕਿਆ। ਜਦੋਂ ਮਨੁੱਖ ਦੁਨੀਆ ਦਾ ਕਾਰ-ਵਿਹਾਰ ਕਰਦਾ ਹੋਇਆ ਹੀ ਆਪਾ-ਭਾਵ ਛੱਡਦਾ ਹੈ, ਤਦੋਂ ਉਹ (ਹਉਮੈ ਤੋਂ) ਖ਼ਲਾਸੀ ਪਾ ਲੈਂਦਾ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ।14। ਹੇ ਭਾਈ! ਆਤਮਕ ਜੀਵਨ ਵਲੋਂ ਬੇ-ਸਮਝੀ (ਇਸ ਨੂੰ) ਮਾਇਆ ਦੀ ਤ੍ਰਿਸ਼ਨਾ (ਕਹਿ ਲਵੋ, ਇਹ ਮਾਇਆ ਦੀ ਤ੍ਰਿਸ਼ਨਾ ਮਨੁੱਖ ਦੇ) ਇਸ ਸਰੀਰ ਨੂੰ (ਅੰਦਰੇ ਅੰਦਰ) ਸਾੜਦੀ ਰਹਿੰਦੀ ਹੈ। ਇਹ ਤ੍ਰਿਸ਼ਨਾ-ਅੱਗ ਉਸ ਮਨੁੱਖ ਦੀ ਬੁੱਝਦੀ ਹੈ ਜਿਹੜਾ ਗੁਰੂ ਦੇ ਸ਼ਬਦ ਨੂੰ ਹਰ ਵੇਲੇ ਹਿਰਦੇ ਵਿਚ ਵਸਾਈ ਰੱਖਦਾ ਹੈ। ਉਸ ਦਾ ਤਨ ਵਿਕਾਰਾਂ ਦੀ ਅੱਗ ਤੋਂ ਬਚਿਆ ਰਹਿੰਦਾ ਹੈ, ਉਸ ਦਾ ਮਨ ਸ਼ਾਂਤ ਰਹਿੰਦਾ ਹੈ, ਉਹ (ਆਪਣੇ ਅੰਦਰੋਂ) ਕ੍ਰੋਧ ਦੂਰ ਕਰ ਲੈਂਦਾ ਹੈ, ਹਉਮੈ ਨੂੰ ਮਾਰ ਕੇ ਉਹ ਮਨੁੱਖ (ਗੁਰ-ਸ਼ਬਦ ਵਿਚ) ਲੀਨ ਰਹਿੰਦਾ ਹੈ।15। ਹੇ ਭਾਈ! ਨਾਨਕ ਇਕ ਬੇਨਤੀ ਕਰਦਾ ਹੈ (ਕਿ) ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ। ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਮਾਲਕ ਪ੍ਰਭੂ ਦੀ ਵਡਿਆਈ ਕਰਨ ਦੀ ਦਾਤਿ) ਪ੍ਰਾਪਤ ਕੀਤੀ ਹੈ (ਜਿਸ ਨੇ ਪ੍ਰਾਪਤ ਕੀਤੀ ਹੈ ਉਹ) ਹਰ ਵੇਲੇ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ। 16।1। 23। |
![]() |
![]() |
![]() |
![]() |
Sri Guru Granth Darpan, by Professor Sahib Singh |