ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 1068 ਮਾਰੂ ਮਹਲਾ ੩ ॥ ਨਦਰੀ ਭਗਤਾ ਲੈਹੁ ਮਿਲਾਏ ॥ ਭਗਤ ਸਲਾਹਨਿ ਸਦਾ ਲਿਵ ਲਾਏ ॥ ਤਉ ਸਰਣਾਈ ਉਬਰਹਿ ਕਰਤੇ ਆਪੇ ਮੇਲਿ ਮਿਲਾਇਆ ॥੧॥ ਪੂਰੈ ਸਬਦਿ ਭਗਤਿ ਸੁਹਾਈ ॥ ਅੰਤਰਿ ਸੁਖੁ ਤੇਰੈ ਮਨਿ ਭਾਈ ॥ ਮਨੁ ਤਨੁ ਸਚੀ ਭਗਤੀ ਰਾਤਾ ਸਚੇ ਸਿਉ ਚਿਤੁ ਲਾਇਆ ॥੨॥ ਹਉਮੈ ਵਿਚਿ ਸਦ ਜਲੈ ਸਰੀਰਾ ॥ ਕਰਮੁ ਹੋਵੈ ਭੇਟੇ ਗੁਰੁ ਪੂਰਾ ॥ ਅੰਤਰਿ ਅਗਿਆਨੁ ਸਬਦਿ ਬੁਝਾਏ ਸਤਿਗੁਰ ਤੇ ਸੁਖੁ ਪਾਇਆ ॥੩॥ ਮਨਮੁਖੁ ਅੰਧਾ ਅੰਧੁ ਕਮਾਏ ॥ ਬਹੁ ਸੰਕਟ ਜੋਨੀ ਭਰਮਾਏ ॥ ਜਮ ਕਾ ਜੇਵੜਾ ਕਦੇ ਨ ਕਾਟੈ ਅੰਤੇ ਬਹੁ ਦੁਖੁ ਪਾਇਆ ॥੪॥ {ਪੰਨਾ 1068} ਪਦ ਅਰਥ: ਨਦਰੀ = ਮਿਹਰ ਦੀ ਨਿਗਾਹ ਨਾਲ। ਲੈਹੁ ਮਿਲਾਏ = ਤੂੰ (ਆਪਣੇ ਨਾਲ) ਮਿਲਾ ਲੈਂਦਾ ਹੈਂ। ਸਲਾਹਨਿ = ਸਿਫ਼ਤਿ-ਸਾਲਾਹ ਕਰਦੇ ਹਨ। ਲਿਵ ਲਾਏ = ਲਿਵ ਲਾਇ, ਸੁਰਤਿ ਜੋੜ ਕੇ। ਤਉ = ਤੇਰੀ। ਉਬਰਹਿ = (ਵਿਕਾਰਾਂ ਤੋਂ) ਬਚਦੇ ਹਨ। ਕਰਤੇ = ਹੇ ਕਰਤਾਰ।1। ਸਬਦਿ = ਸ਼ਬਦ ਦੀ ਰਾਹੀਂ। ਸੁਹਾਈ = ਸੋਹਣੀ ਬਣੀ। ਤੇਰੈ ਮਨਿ = ਤੇਰੇ ਮਨ ਵਿਚ। ਭਾਈ = (ਉਹ ਭਗਤੀ) ਭਾ ਗਈ। ਰਤਾ = ਰੰਗਿਆ ਗਿਆ। ਸਿਉ = ਨਾਲ।2। ਸਦ = ਸਦਾ। ਜਲੈ = ਸੜਦਾ ਹੈ {ਇਕ-ਵਚਨ}। ਕਰਮੁ = ਮਿਹਰ, ਬਖ਼ਸ਼ਸ਼। ਭੇਟੇ = ਮਿਲਦਾ ਹੈ। ਅੰਤਰਿ = ਅੰਦਰ (-ਵੱਸਦਾ) । ਅਗਿਆਨੁ = ਆਤਮਕ ਜੀਵਨ ਵਲੋਂ ਕੋਰਾ-ਪਨ। ਬੁਝਾਏ = ਮਿਟਾ ਦੇਂਦਾ ਹੈ। ਤੇ = ਤੋਂ।3। ਮਨਮੁਖ = ਆਪਣੇ ਮਨ ਵਲ ਮੂੰਹ ਕਰੀ ਰੱਖਣ ਵਾਲਾ ਮਨੁੱਖ, ਮਨ ਦਾ ਮੁਰੀਦ। ਅੰਧਾ = (ਮਾਇਆ ਦੇ ਮੋਹ ਵਿਚ) ਅੰਨ੍ਹਾ। ਅੰਧੁ = ਅੰਨ੍ਹਿਆਂ ਵਾਲਾ ਕੰਮ। ਸੰਕਟ = ਕਸ਼ਟ। ਭਰਮਾਏ = ਭਟਕਦਾ ਹੈ। ਜੇਵੜਾ = ਫਾਹੀ। ਨ ਕਾਟੈ = ਨਹੀਂ ਕੱਟ ਸਕਦਾ। ਅੰਤੇ = ਅਖ਼ੀਰ ਵੇਲੇ। ਜਮ ਕਾ ਜੇਵੜਾ = ਆਤਮਕ ਮੌਤ ਦੀ ਫਾਹੀ।4। ਅਰਥ: ਹੇ ਕਰਤਾਰ! ਆਪਣੇ ਭਗਤਾਂ ਨੂੰ ਤੂੰ ਮਿਹਰ ਦੀ ਨਿਗਾਹ ਨਾਲ (ਆਪਣੇ ਚਰਨਾਂ ਵਿਚ) ਜੋੜ ਰੱਖਦਾ ਹੈਂ, (ਇਸ ਵਾਸਤੇ) ਭਗਤ (ਤੇਰੇ ਚਰਨਾਂ ਵਿਚ) ਸੁਰਤਿ ਜੋੜ ਕੇ ਸਦਾ ਤੇਰੀ ਸਿਫ਼ਤਿ-ਸਾਲਾਹ ਕਰਦੇ ਰਹਿੰਦੇ ਹਨ। ਤੇਰੀ ਸਰਨ ਵਿਚ ਰਹਿ ਕੇ ਉਹ ਵਿਕਾਰਾਂ ਤੋਂ ਬਚੇ ਰਹਿੰਦੇ ਹਨ। ਤੂੰ ਆਪ ਹੀ ਉਹਨਾਂ ਨੂੰ (ਗੁਰੂ ਨਾਲ) ਮਿਲਾ ਕੇ (ਆਪਣੇ ਨਾਲ) ਜੋੜੀ ਰੱਖਦਾ ਹੈਂ।1। ਹੇ ਕਰਤਾਰ! ਪੂਰੇ (ਗੁਰੂ ਦੇ) ਸ਼ਬਦ ਦੀ ਬਰਕਤਿ ਨਾਲ (ਜਿਸ ਮਨੁੱਖ ਦੇ ਅੰਦਰ ਤੇਰੀ) ਭਗਤੀ ਨਿਖਰ ਆਉਂਦੀ ਹੈ, ਉਸ ਦੇ ਅੰਦਰ ਆਤਮਕ ਆਨੰਦ ਬਣ ਜਾਂਦਾ ਹੈ, (ਉਸ ਮਨੁੱਖ ਦੀ ਭਗਤੀ) ਤੇਰੇ ਮਨ ਵਿਚ ਪਿਆਰੀ ਲੱਗਦੀ ਹੈ। ਉਸ ਮਨੁੱਖ ਦਾ ਮਨ ਉਸ ਦਾ ਤਨ ਤੇਰੀ ਸਦਾ-ਥਿਰ ਸਿਫ਼ਤਿ-ਸਾਲਾਹ ਵਿਚ ਰੰਗਿਆ ਰਹਿੰਦਾ ਹੈ, ਉਹ ਤੇਰੇ ਸਦਾ-ਥਿਰ ਨਾਮ ਨਾਲ ਆਪਣਾ ਚਿੱਤ ਜੋੜ ਰੱਖਦਾ ਹੈ।2। ਹੇ ਭਾਈ! ਹਉਮੈ (ਦੀ ਅੱਗ) ਵਿਚ (ਮਨੁੱਖ ਦਾ) ਸਰੀਰ (ਅੰਦਰੇ ਅੰਦਰ) ਸਦਾ ਸੜਦਾ ਰਹਿੰਦਾ ਹੈ। (ਜਦੋਂ ਪ੍ਰਭੂ ਦੀ) ਮਿਹਰ ਹੁੰਦੀ ਹੈ ਤਾਂ ਇਸ ਨੂੰ ਪੂਰਾ ਗੁਰੂ ਮਿਲਦਾ ਹੈ। ਉਹ ਮਨੁੱਖ ਆਪਣੇ ਅੰਦਰ-ਵੱਸਦੇ ਅਗਿਆਨ ਨੂੰ ਗੁਰੂ ਦੇ ਸ਼ਬਦ ਨਾਲ ਦੂਰ ਕਰ ਲੈਂਦਾ ਹੈ, ਗੁਰੂ ਪਾਸੋਂ ਉਹ ਆਤਮਕ ਆਨੰਦ ਪ੍ਰਾਪਤ ਕਰਦਾ ਹੈ।3। ਪਰ, ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਰਹਿੰਦਾ ਹੈ, ਉਹ ਸਦਾ ਅੰਨ੍ਹਿਆਂ ਵਾਲਾ ਕੰਮ ਹੀ ਕਰਦਾ ਹੈ (ਔਝੜੇ ਪਿਆ ਰਹਿੰਦਾ ਹੈ) । (ਜੀਵਨ-ਸਫ਼ਰ ਵਿਚ ਸਹੀ ਰਸਤੇ ਤੋਂ ਖੁੰਝ ਕੇ) ਉਹ ਅਨੇਕਾਂ ਕਸ਼ਟ ਸਹਾਰਦਾ ਹੈ, ਤੇ, ਅਨੇਕਾਂ ਜੂਨਾਂ ਵਿਚ ਭਟਕਦਾ ਫਿਰਦਾ ਹੈ। (ਉਹ ਮਨੁੱਖ ਆਪਣੇ ਗਲੋਂ) ਆਤਮਕ ਮੌਤ ਦੀ ਫਾਹੀ ਕਦੇ ਨਹੀਂ ਕੱਟ ਸਕਦਾ। ਅੰਤ ਵੇਲੇ ਭੀ ਉਹ ਬਹੁਤ ਦੁੱਖ ਪਾਂਦਾ ਹੈ।4। ਆਵਣ ਜਾਣਾ ਸਬਦਿ ਨਿਵਾਰੇ ॥ ਸਚੁ ਨਾਮੁ ਰਖੈ ਉਰ ਧਾਰੇ ॥ ਗੁਰ ਕੈ ਸਬਦਿ ਮਰੈ ਮਨੁ ਮਾਰੇ ਹਉਮੈ ਜਾਇ ਸਮਾਇਆ ॥੫॥ ਆਵਣ ਜਾਣੈ ਪਰਜ ਵਿਗੋਈ ॥ ਬਿਨੁ ਸਤਿਗੁਰ ਥਿਰੁ ਕੋਇ ਨ ਹੋਈ ॥ ਅੰਤਰਿ ਜੋਤਿ ਸਬਦਿ ਸੁਖੁ ਵਸਿਆ ਜੋਤੀ ਜੋਤਿ ਮਿਲਾਇਆ ॥੬॥ ਪੰਚ ਦੂਤ ਚਿਤਵਹਿ ਵਿਕਾਰਾ ॥ ਮਾਇਆ ਮੋਹ ਕਾ ਏਹੁ ਪਸਾਰਾ ॥ ਸਤਿਗੁਰੁ ਸੇਵੇ ਤਾ ਮੁਕਤੁ ਹੋਵੈ ਪੰਚ ਦੂਤ ਵਸਿ ਆਇਆ ॥੭॥ ਬਾਝੁ ਗੁਰੂ ਹੈ ਮੋਹੁ ਗੁਬਾਰਾ ॥ ਫਿਰਿ ਫਿਰਿ ਡੁਬੈ ਵਾਰੋ ਵਾਰਾ ॥ ਸਤਿਗੁਰ ਭੇਟੇ ਸਚੁ ਦ੍ਰਿੜਾਏ ਸਚੁ ਨਾਮੁ ਮਨਿ ਭਾਇਆ ॥੮॥ {ਪੰਨਾ 1068} ਪਦ ਅਰਥ: ਆਵਣ ਜਾਣਾ = ਜੰਮਣਾ ਮਰਨਾ, ਜਨਮ ਮਰਨ ਦਾ ਗੇੜ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਨਿਵਾਰੇ = ਦੂਰ ਕਰ ਲੈਂਦਾ ਹੈ। ਸਚੁ ਨਾਮੁ = ਸਦਾ-ਥਿਰ ਹਰਿ-ਨਾਮ। ਉਰ = {ars} ਹਿਰਦਾ। ਧਾਰੇ = ਧਾਰਿ, ਟਿਕਾ ਕੇ। ਮਰੈ = (ਅਪਣੱਤ ਵਲੋਂ) ਮਾਰਦਾ ਹੈ, ਆਪਾ-ਭਾਵ ਦੂਰ ਕਰਦਾ ਹੈ। ਮਨੁ ਮਾਰੇ = ਮਨ ਨੂੰ ਵੱਸ ਵਿਚ ਰੱਖਦਾ ਹੈ। ਜਾਇ = ਦੂਰ ਹੋ ਜਾਂਦੀ ਹੈ।5। ਆਵਣ ਜਾਣੈ = ਜਨਮ ਮਰਨ (ਦੇ ਗੇੜ) ਵਿਚ। ਪਰਜ = ਸ੍ਰਿਸ਼ਟੀ। ਵਿਗੋਈ = ਖ਼ੁਆਰ ਹੁੰਦੀ ਹੈ। ਥਿਰੁ = ਟਿਕਿਆ ਹੋਇਆ। ਅੰਦਰਿ = ਅੰਦਰ, ਹਿਰਦੇ ਵਿਚ। ਸਬਦਿ = ਸ਼ਬਦ ਦੀ ਰਾਹੀਂ। ਜੋਤੀ = ਪਰਮਾਤਮਾ ਦੀ ਜੋਤਿ ਵਿਚ।6। ਪੰਚ ਦੂਤ = (ਕਾਮਾਦਿਕ) ਪੰਜ ਵੈਰੀਆਂ ਦੇ ਕਾਰਨ। ਚਿਤਵਦੇ = (ਜੀਵ) ਚਿਤਵਦੇ ਰਹਿੰਦੇ ਹਨ। ਪਸਾਰਾ = ਖਿਲਾਰਾ। ਮੋਹ ਕਾ ਪਸਾਰਾ = ਹਰ ਪਾਸੇ ਮੋਹ ਦਾ ਪ੍ਰਭਾਵ। ਸੇਵੇ = ਸਰਨ ਪਿਆ ਰਹੇ। ਮੁਕਤੁ = (ਮੋਹ ਦੇ ਪ੍ਰਭਾਵ ਤੋਂ) ਸੁਤੰਤਰ। ਵਸਿ = ਵੱਸ ਵਿਚ।7। ਗੁਬਾਰਾ = ਘੁੱਪ ਹਨੇਰਾ। ਫਿਰਿ ਫਿਰਿ = ਮੁੜ ਮੁੜ। ਵਾਰੋ ਵਾਰਾ = ਬਾਰ ਬਾਰ, ਅਨੇਕਾਂ ਵਾਰੀ। ਸਤਿਗੁਰ ਭੇਟੇ = ਗੁਰੂ ਨੂੰ ਮਿਲ ਪਏ। ਸਚੁ = ਸਦਾ-ਥਿਰ ਹਰਿ-ਨਾਮ। ਦ੍ਰਿੜਾਏ = ਹਿਰਦੇ ਵਿਚ ਪੱਕਾ ਕਰ ਦੇਂਦਾ ਹੈ। ਮਨਿ = ਮਨਿ ਵਿਚ। ਭਾਇਆ = ਪਿਆਰਾ ਲੱਗਣ ਲੱਗ ਪੈਂਦਾ ਹੈ।8। ਅਰਥ: ਹੇ ਭਾਈ! ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਹ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜਨਮ ਮਰਨ ਦਾ ਗੇੜ ਦੂਰ ਕਰ ਲੈਂਦਾ ਹੈ। ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਪਾ-ਭਾਵ ਦੂਰ ਕਰ ਲੈਂਦਾ ਹੈ, ਉਹ ਆਪਣੇ ਮਨ ਨੂੰ ਵੱਸ ਵਿਚ ਕਰ ਲੈਂਦਾ ਹੈ, ਉਸ ਦੀ ਹਉਮੈ ਦੂਰ ਹੋ ਜਾਂਦੀ ਹੈ, ਉਹ ਸਦਾ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ।5। ਹੇ ਭਾਈ! ਸ੍ਰਿਸ਼ਟੀ ਜਨਮ ਮਰਨ ਦੇ ਗੇੜ ਵਿਚ ਖ਼ੁਆਰ ਹੁੰਦੀ ਰਹਿੰਦੀ ਹੈ। ਗੁਰੂ ਦੀ ਸਰਨ ਤੋਂ ਬਿਨਾ (ਇਸ ਚੱਕਰ ਵਿਚੋਂ) ਕਿਸੇ ਨੂੰ ਭੀ ਖੁਲ੍ਹੀਰ ਨਹੀਂ ਹੁੰਦੀ। ਜਿਸ ਮਨੁੱਖ ਦੇ ਅੰਦਰ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੀ ਜੋਤਿ ਪਰਗਟ ਹੋ ਪੈਂਦੀ ਹੈ, ਉਸ ਦੇ ਅੰਦਰ ਆਤਮਕ ਆਨੰਦ ਆ ਵੱਸਦਾ ਹੈ, ਉਸ ਦੀ ਜੋਤਿ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ।6। ਹੇ ਭਾਈ! (ਕਾਮਾਦਿਕ) ਪੰਜ ਵੈਰੀਆਂ ਦੇ (ਪ੍ਰਭਾਵ ਦੇ) ਕਾਰਨ (ਜੀਵ ਹਰ ਵੇਲੇ) ਵਿਕਾਰ ਚਿਤਵਦੇ ਰਹਿੰਦੇ ਹਨ। ਹਰ ਪਾਸੇ ਮਾਇਆ ਦੇ ਮੋਹ ਦਾ ਪ੍ਰਭਾਵ ਬਣਿਆ ਹੋਇਆ ਹੈ। ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਤਦੋਂ (ਇਸ ਮੋਹ ਦੇ ਦਬਾਅ ਤੋਂ) ਸੁਤੰਤਰ ਹੁੰਦਾ ਹੈ, (ਕਾਮਾਦਿਕ) ਪੰਜੇ ਵੈਰੀ ਉਸ ਦੇ ਵੱਸ ਵਿਚ ਆ ਜਾਂਦੇ ਹਨ।7। ਹੇ ਭਾਈ! ਗੁਰੂ ਤੋਂ ਬਿਨਾ (ਮਾਇਆ ਦਾ) ਮੋਹ (ਇਤਨਾ ਪ੍ਰਬਲ ਰਹਿੰਦਾ) ਹੈ (ਕਿ ਮਨੁੱਖ ਦੇ ਜੀਵਨ-ਰਾਹ ਵਿਚ ਆਤਮਕ ਜੀਵਨ ਵਲੋਂ) ਘੁੱਪ ਹਨੇਰਾ (ਬਣਿਆ) ਰਹਿੰਦਾ ਹੈ। ਮਨੁੱਖ ਮੁੜ ਮੁੜ ਅਨੇਕਾਂ ਵਾਰੀ (ਮੋਹ ਦੇ ਸਮੁੰਦਰ ਵਿਚ) ਡੁੱਬਦਾ ਹੈ। ਜਦੋਂ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ, ਤਾਂ ਗੁਰੂ ਸਦਾ-ਥਿਰ ਹਰਿ-ਨਾਮ ਇਸ ਦੇ ਹਿਰਦੇ ਵਿਚ ਪੱਕਾ ਕਰ ਦੇਂਦਾ ਹੈ। (ਤਾਂ ਫਿਰ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਇਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ।8। ਸਾਚਾ ਦਰੁ ਸਾਚਾ ਦਰਵਾਰਾ ॥ ਸਚੇ ਸੇਵਹਿ ਸਬਦਿ ਪਿਆਰਾ ॥ ਸਚੀ ਧੁਨਿ ਸਚੇ ਗੁਣ ਗਾਵਾ ਸਚੇ ਮਾਹਿ ਸਮਾਇਆ ॥੯॥ ਘਰੈ ਅੰਦਰਿ ਕੋ ਘਰੁ ਪਾਏ ॥ ਗੁਰ ਕੈ ਸਬਦੇ ਸਹਜਿ ਸੁਭਾਏ ॥ ਓਥੈ ਸੋਗੁ ਵਿਜੋਗੁ ਨ ਵਿਆਪੈ ਸਹਜੇ ਸਹਜਿ ਸਮਾਇਆ ॥੧੦॥ ਦੂਜੈ ਭਾਇ ਦੁਸਟਾ ਕਾ ਵਾਸਾ ॥ ਭਉਦੇ ਫਿਰਹਿ ਬਹੁ ਮੋਹ ਪਿਆਸਾ ॥ ਕੁਸੰਗਤਿ ਬਹਹਿ ਸਦਾ ਦੁਖੁ ਪਾਵਹਿ ਦੁਖੋ ਦੁਖੁ ਕਮਾਇਆ ॥੧੧॥ ਸਤਿਗੁਰ ਬਾਝਹੁ ਸੰਗਤਿ ਨ ਹੋਈ ॥ ਬਿਨੁ ਸਬਦੇ ਪਾਰੁ ਨ ਪਾਏ ਕੋਈ ॥ ਸਹਜੇ ਗੁਣ ਰਵਹਿ ਦਿਨੁ ਰਾਤੀ ਜੋਤੀ ਜੋਤਿ ਮਿਲਾਇਆ ॥੧੨॥ {ਪੰਨਾ 1068} ਪਦ ਅਰਥ: ਸਾਚਾ = ਸਦਾ ਕਾਇਮ ਰਹਿਣ ਵਾਲਾ। ਦਰੁ = ਦਰਵਾਜ਼ਾ। ਦਰਵਾਰਾ = ਦਰਬਾਰ। ਸੇਵਹਿ = ਸੇਵਾ-ਭਗਤੀ ਕਰਦੇ ਹਨ। ਸੱਚੇ ਸੇਵਹਿ = ਸਦਾ-ਥਿਰ ਪ੍ਰਭੂ ਦੀ ਭਗਤੀ ਕਰਦੇ ਹਨ। ਸਬਦਿ ਪਿਆਰਾ = ਗੁਰੂ ਦੇ ਸ਼ਬਦ ਵਿਚ ਪਿਆਰ ਪਾ ਕੇ। ਧੁਨਿ = ਲਗਨ। ਗਾਵਾ = ਗਾਵਾਂ, ਮੈਂ ਭੀ ਗਾਵਾਂ।9। ਘਰੈ ਅੰਦਰਿ = ਹਿਰਦੇ-ਘਰ ਦੇ ਅੰਦਰ ਹੀ। ਕੋ = ਕੋਈ ਵਿਰਲਾ। ਘਰੁ = ਪਰਮਾਤਮਾ ਦਾ ਟਿਕਾਣਾ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪਿਆਰ ਵਿਚ। ਓਥੈ = ਉਸ ਸਹਿਜ-ਅਵਸਥਾ ਵਿਚ। ਸੋਗੁ = ਗ਼ਮ। ਵਿਜੋਗੁ = ਵਿਛੋੜਾ। ਨ ਵਿਆਪੈ = ਜ਼ੋਰ ਨਹੀਂ ਪਾ ਸਕਦਾ। ਸਹਜੇ ਸਹਜਿ = ਹਰ ਵੇਲੇ ਸਹਿਜ ਵਿਚ।10। ਦੂਜੈ ਭਾਇ = ਹੋਰ ਹੋਰ ਪਿਆਰ ਵਿਚ। ਦੁਸਟ = ਕੁਕਰਮੀ ਬੰਦੇ। ਪਿਆਸਾ = ਤ੍ਰਿਸ਼ਨਾ। ਕੁਸੰਗਤਿ = ਭੈੜੀ ਸੁਹਬਤ ਵਿਚ। ਬਹਹਿ = ਬੈਠਦੇ ਹਨ {ਬਹੁ-ਵਚਨ}। ਦੁਖੋ ਦੁਖੁ = ਹਰ ਵੇਲੇ ਦੁੱਖ।11। ਬਾਝਹੁ = ਬਿਨਾ। ਸੰਗਤਿ = ਭਲੀ ਸੁਹਬਤ। ਪਾਰੁ = ਵਿਕਾਰਾਂ ਤੋਂ ਪਾਰਲਾ ਬੰਨਾ। ਸਹਜੇ = ਆਤਮਕ ਅਡੋਲਤਾ ਵਿਚ। ਰਵਹਿ = ਗਾਂਦੇ ਹਨ, ਸਿਮਰਦੇ ਹਨ {ਬਹੁ-ਵਚਨ}। ਜੋਤੀ = ਪਰਮਾਤਮਾ ਦੀ ਜੋਤਿ ਵਿਚ।12। ਅਰਥ: ਹੇ ਭਾਈ! ਪਰਮਾਤਮਾ ਦਾ ਦਰ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਦਰਬਾਰ ਭੀ ਸਦਾ-ਥਿਰ ਹੈ। ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਪਿਆਰ ਪਾਂਦੇ ਹਨ ਉਹ ਹੀ ਉਸ ਸਦਾ-ਥਿਰ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਹਨ। (ਜੇ ਮੇਰੇ ਉਤੇ ਉਸ ਦੀ ਮਿਹਰ ਹੋਵੇ ਤਾਂ) ਮੈਂ (ਭੀ) ਟਿਕਵੀਂ ਲਗਨ ਨਾਲ ਉਸ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਰਹਾਂ। (ਜਿਹੜੇ ਮਨੁੱਖ ਗੁਣ ਗਾਂਦੇ ਹਨ ਉਹ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦੇ ਹਨ।9। ਹੇ ਭਾਈ! ਜਿਹੜਾ ਕੋਈ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣੇ ਹਿਰਦੇ-ਘਰ ਵਿਚ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ, ਉਹ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕਿਆ ਰਹਿੰਦਾ ਹੈ। ਉਸ ਅਡੋਲ ਅਵਸਥਾ ਵਿਚ ਟਿਕਿਆਂ ਸੋਗ ਜ਼ੋਰ ਨਹੀਂ ਪਾ ਸਕਦਾ, (ਪ੍ਰਭੂ-ਚਰਨਾਂ ਤੋਂ) ਵਿਛੋੜਾ ਜ਼ੋਰ ਨਹੀਂ ਪਾ ਸਕਦਾ। ਉਹ ਮਨੁੱਖ ਸਦਾ ਹੀ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।10। ਹੇ ਭਾਈ! ਕੁਕਰਮੀ ਬੰਦੇ (ਪ੍ਰਭੂ ਨੂੰ ਭੁਲਾ ਕੇ) ਹੋਰ ਹੋਰ ਪਿਆਰ ਵਿਚ ਮਨ ਨੂੰ ਜੋੜੀ ਰੱਖਦੇ ਹਨ, ਬੜੇ ਮੋਹ ਬੜੀ ਤ੍ਰਿਸ਼ਨਾ ਦੇ ਕਾਰਨ ਉਹ ਭਟਕਦੇ ਫਿਰਦੇ ਹਨ। (ਕੁਕਰਮੀ ਬੰਦੇ) ਸਦਾ ਭੈੜੀ ਸੁਹਬਤ ਵਿਚ ਬੈਠਦੇ ਹਨ ਤੇ ਦੁੱਖ ਪਾਂਦੇ ਹਨ। ਉਹ ਸਦਾ ਉਹੀ ਕਰਮ ਕਮਾਂਦੇ ਹਨ ਜਿਨ੍ਹਾਂ ਵਿਚੋਂ ਨਿਰਾ ਦੁੱਖ ਹੀ ਦੁੱਖ ਨਿਕਲੇ।11। ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ ਭਲੀ ਸੁਹਬਤ ਨਹੀਂ ਮਿਲ ਸਕਦੀ। ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਮਨੁੱਖ ਕੁਕਰਮਾਂ (ਦੀ ਨਦੀ) ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਜਿਹੜੇ ਮਨੁੱਖ ਦਿਨ ਰਾਤ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਲੀਨ ਰਹਿੰਦੀ ਹੈ।12। ਕਾਇਆ ਬਿਰਖੁ ਪੰਖੀ ਵਿਚਿ ਵਾਸਾ ॥ ਅੰਮ੍ਰਿਤੁ ਚੁਗਹਿ ਗੁਰ ਸਬਦਿ ਨਿਵਾਸਾ ॥ ਉਡਹਿ ਨ ਮੂਲੇ ਨ ਆਵਹਿ ਨ ਜਾਹੀ ਨਿਜ ਘਰਿ ਵਾਸਾ ਪਾਇਆ ॥੧੩॥ ਕਾਇਆ ਸੋਧਹਿ ਸਬਦੁ ਵੀਚਾਰਹਿ ॥ ਮੋਹ ਠਗਉਰੀ ਭਰਮੁ ਨਿਵਾਰਹਿ ॥ ਆਪੇ ਕ੍ਰਿਪਾ ਕਰੇ ਸੁਖਦਾਤਾ ਆਪੇ ਮੇਲਿ ਮਿਲਾਇਆ ॥੧੪॥ ਸਦ ਹੀ ਨੇੜੈ ਦੂਰਿ ਨ ਜਾਣਹੁ ॥ ਗੁਰ ਕੈ ਸਬਦਿ ਨਜੀਕਿ ਪਛਾਣਹੁ ॥ ਬਿਗਸੈ ਕਮਲੁ ਕਿਰਣਿ ਪਰਗਾਸੈ ਪਰਗਟੁ ਕਰਿ ਦੇਖਾਇਆ ॥੧੫॥ ਆਪੇ ਕਰਤਾ ਸਚਾ ਸੋਈ ॥ ਆਪੇ ਮਾਰਿ ਜੀਵਾਲੇ ਅਵਰੁ ਨ ਕੋਈ ॥ ਨਾਨਕ ਨਾਮੁ ਮਿਲੈ ਵਡਿਆਈ ਆਪੁ ਗਵਾਇ ਸੁਖੁ ਪਾਇਆ ॥੧੬॥੨॥੨੪॥ {ਪੰਨਾ 1068-1069} ਪਦ ਅਰਥ: ਕਾਇਆ = ਸਰੀਰ। ਬਿਰਖ = ਰੁੱਖ। ਪੰਖੀ = ਪੰਛੀ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲੀ ਨਾਮ-ਚੋਗ। ਚੁਗਹਿ = ਚੁਗਦੇ ਹਨ। ਸਬਦਿ = ਸ਼ਬਦ ਵਿਚ। ਉਡਹਿ ਨ = ਬਾਹਰ ਨਹੀਂ ਭਟਕਦੇ। ਨ ਮੂਲੇ = ਬਿਲਕੁਲ ਨਹੀਂ। ਨ ਜਾਹੀ = ਨ ਜਾਹਿ, ਨਾਹ ਜਾਂਦੇ ਹਨ, ਨਾਹ ਮਰਦੇ ਹਨ। ਨਿਜ ਘਰਿ = ਆਪਣੇ (ਅਸਲ) ਘਰ ਵਿਚ, ਪ੍ਰਭੂ ਦੇ ਚਰਨਾਂ ਵਿਚ।13। ਸੋਧਹਿ = ਸੋਧਦੇ ਹਨ, ਪੜਤਾਲ ਕਰਦੇ ਹਨ। ਠਗਉਰੀ = ਠਗ-ਮੂਰੀ, ਠਗ-ਬੂਟੀ, ਉਹ ਬੂਟੀ ਜਿਸ ਨਾਲ ਠਗ ਲੋਕ ਮੁਸਾਫ਼ਿਰਾਂ ਨੂੰ ਠੱਗਦੇ ਹਨ (ਧਤੂਰਾ ਆਦਿਕ) । ਭਰਮੁ = ਭਟਕਣਾ। ਨਿਵਾਰਹਿ = ਦੂਰ ਕਰਦੇ ਹਨ। ਆਪੇ ਸੁਖਦਾਤਾ = ਸੁਖਾਂ ਦਾ ਦਾਤਾ ਆਪ ਪ੍ਰਭੂ।14। ਸਦ = ਸਦਾ। ਗੁਰ ਕੈ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਨਜੀਕਿ = ਨਜ਼ਦੀਕ, ਨੇੜੇ। ਬਿਗਸੈ = ਖਿੜ ਪੈਂਦਾ ਹੈ। ਕਮਲੁ = (ਹਿਰਦਾ-) ਕੌਲ ਫੁੱਲ। ਪਰਗਾਸੈ = ਚਾਨਣ ਕਰਦੀ ਹੈ, ਚਮਕ ਪੈਂਦੀ ਹੈ। ਪਰਗਟੁ = ਪਰਤੱਖ। ਕਰਿ = ਕਰ ਕੇ।15। ਕਰਤਾ = ਕਰਤਾਰ। ਸਚਾ = ਸਦਾ ਕਾਇਮ ਰਹਿਣ ਵਾਲਾ। ਮਾਰਿ = ਮਾਰ ਕੇ। ਅਵਰੁ = ਹੋਰ। ਆਪੁ = ਆਪਾ-ਭਾਵ। ਗਵਾਇ = ਦੂਰ ਕਰ ਕੇ। 16। ਅਰਥ: ਹੇ ਭਾਈ! (ਜਿਵੇਂ ਰਾਤ-ਬਸੇਰੇ ਲਈ ਪੰਛੀ ਕਿਸੇ ਰੁੱਖ ਉਤੇ ਆ ਟਿਕਦੇ ਹਨ, ਇਸੇ ਤਰ੍ਹਾਂ ਇਹ) ਸਰੀਰ (ਮਾਨੋ) ਰੁੱਖ ਹੈ, (ਇਸ ਸਰੀਰ) ਵਿਚ (ਜੀਵ) ਪੰਛੀ ਦਾ ਨਿਵਾਸ ਹੈ। ਜਿਹੜੇ ਜੀਵ-ਪੰਛੀ ਗੁਰੂ ਦੇ ਸ਼ਬਦ ਵਿਚ ਟਿਕ ਕੇ ਆਤਮਕ ਜੀਵਨ ਦੇਣ ਵਾਲੀ ਨਾਮ-ਚੋਗ ਚੁਗਦੇ ਹਨ, ਉਹ ਬਿਲਕੁਲ ਬਾਹਰ ਨਹੀਂ ਭਟਕਦੇ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੇ, ਉਹ ਸਦਾ ਪ੍ਰਭੂ-ਚਰਨਾਂ ਵਿਚ ਨਿਵਾਸ ਰੱਖਦੇ ਹਨ।13। ਹੇ ਭਾਈ! ਜਿਹੜੇ ਮਨੁੱਖ (ਆਪਣੇ) ਸਰੀਰ ਦੀ ਪੜਤਾਲ ਕਰਦੇ ਰਹਿੰਦੇ ਹਨ, ਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਵਸਾਈ ਰੱਖਦੇ ਹਨ, ਉਹ ਮਨੁੱਖ ਮੋਹ ਦੀ ਠੱਗ-ਬੂਟੀ ਨਹੀਂ ਖਾਂਦੇ, ਉਹ ਮਨੁੱਖ (ਆਪਣੇ ਅੰਦਰੋਂ) ਭਟਕਣਾ ਦੂਰ ਕਰ ਲੈਂਦੇ ਹਨ। ਪਰ, ਹੇ ਭਾਈ! (ਇਹ) ਕਿਰਪਾ ਸੁਖਾਂ ਦਾ ਦੇਣ ਵਾਲਾ ਪਰਮਾਤਮਾ ਆਪ ਹੀ ਕਰਦਾ ਹੈ, ਉਹ ਆਪ ਹੀ (ਉਹਨਾਂ ਨੂੰ ਗੁਰੂ ਨਾਲ) ਮਿਲਾ ਕੇ (ਆਪਣੇ ਚਰਨਾਂ ਵਿਚ) ਜੋੜਦਾ ਹੈ।14। ਹੇ ਭਾਈ! ਪਰਮਾਤਮਾ ਸਦਾ ਹੀ (ਸਾਡੇ) ਨੇੜੇ ਰਹਿੰਦਾ ਹੈ, ਉਸ ਨੂੰ (ਕਦੇ ਭੀ ਆਪਣੇ ਤੋਂ) ਦੂਰ ਨਾਹ ਸਮਝੋ। ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖੋ। ਹੇ ਭਾਈ! (ਜਿਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਨਾਲ ਵੱਸਦਾ ਵੇਖਦਾ ਹੈ ਉਸ ਦਾ ਹਿਰਦਾ-) ਕੌਲ-ਫੁੱਲ ਖਿੜਿਆ ਰਹਿੰਦਾ ਹੈ, (ਉਸ ਦੇ ਅੰਦਰ ਰੱਬੀ ਜੋਤਿ ਦੀ) ਕਿਰਨ (ਆਤਮਕ ਜੀਵਨ ਦਾ) ਚਾਨਣ ਕਰ ਦੇਂਦੀ ਹੈ। (ਗੁਰੂ ਉਸ ਮਨੁੱਖ ਨੂੰ ਪਰਮਾਤਮਾ) ਪਰਤੱਖ ਕਰ ਕੇ ਵਿਖਾ ਦੇਂਦਾ ਹੈ।15। ਹੇ ਨਾਨਕ! ਉਹ ਕਰਤਾਰ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ, ਉਹ ਆਪ ਹੀ ਮਾਰ ਕੇ ਜਿਵਾਲਦਾ ਹੈ (ਭਾਵ, ਮਾਰਦਾ ਭੀ ਆਪ ਹੀ ਹੈ, ਪੈਦਾ ਭੀ ਕਰਦਾ ਆਪ ਹੀ ਹੈ) । ਉਸ ਤੋਂ ਬਿਨਾ ਕੋਈ ਹੋਰ ਇਸ ਸਮਰਥਾ ਵਾਲਾ ਨਹੀਂ ਹੈ। ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਉਸ ਨੂੰ (ਲੋਕ ਪਰਲੋਕ ਦੀ) ਸੋਭਾ ਮਿਲ ਜਾਂਦੀ ਹੈ। ਉਹ ਮਨੁੱਖ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਕੇ ਆਤਮਕ ਆਨੰਦ ਮਾਣਦਾ ਰਹਿੰਦਾ ਹੈ। 16।2। 24। |
![]() |
![]() |
![]() |
![]() |
Sri Guru Granth Darpan, by Professor Sahib Singh |