ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1069

ਮਾਰੂ ਸੋਲਹੇ ਮਹਲਾ ੪ ੴ ਸਤਿਗੁਰ ਪ੍ਰਸਾਦਿ ॥ ਸਚਾ ਆਪਿ ਸਵਾਰਣਹਾਰਾ ॥ ਅਵਰ ਨ ਸੂਝਸਿ ਬੀਜੀ ਕਾਰਾ ॥ ਗੁਰਮੁਖਿ ਸਚੁ ਵਸੈ ਘਟ ਅੰਤਰਿ ਸਹਜੇ ਸਚਿ ਸਮਾਈ ਹੇ ॥੧॥ ਸਭਨਾ ਸਚੁ ਵਸੈ ਮਨ ਮਾਹੀ ॥ ਗੁਰ ਪਰਸਾਦੀ ਸਹਜਿ ਸਮਾਹੀ ॥ ਗੁਰੁ ਗੁਰੁ ਕਰਤ ਸਦਾ ਸੁਖੁ ਪਾਇਆ ਗੁਰ ਚਰਣੀ ਚਿਤੁ ਲਾਈ ਹੇ ॥੨॥ ਸਤਿਗੁਰੁ ਹੈ ਗਿਆਨੁ ਸਤਿਗੁਰੁ ਹੈ ਪੂਜਾ ॥ ਸਤਿਗੁਰੁ ਸੇਵੀ ਅਵਰੁ ਨ ਦੂਜਾ ॥ ਸਤਿਗੁਰ ਤੇ ਨਾਮੁ ਰਤਨ ਧਨੁ ਪਾਇਆ ਸਤਿਗੁਰ ਕੀ ਸੇਵਾ ਭਾਈ ਹੇ ॥੩॥ ਬਿਨੁ ਸਤਿਗੁਰ ਜੋ ਦੂਜੈ ਲਾਗੇ ॥ ਆਵਹਿ ਜਾਹਿ ਭ੍ਰਮਿ ਮਰਹਿ ਅਭਾਗੇ ॥ ਨਾਨਕ ਤਿਨ ਕੀ ਫਿਰਿ ਗਤਿ ਹੋਵੈ ਜਿ ਗੁਰਮੁਖਿ ਰਹਹਿ ਸਰਣਾਈ ਹੇ ॥੪॥ {ਪੰਨਾ 1069}

ਪਦ ਅਰਥ: ਸਚਾ = ਸੱਚਾ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸਵਾਰਣਹਾਰਾ = ਜੀਵਨ ਸੋਹਣਾ ਬਣਾਣ ਦੀ ਸਮਰਥਾ ਵਾਲਾ। ਬੀਜੀ = ਦੂਜੀ। ਕਾਰਾ = ਕਾਰ, ਕੰਮ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਘਟ ਅੰਤਰਿ = ਹਿਰਦੇ ਵਿਚ। ਸਹਜੇ = ਆਤਮਕ ਅਡੋਲਤਾ ਦੀ ਰਾਹੀਂ। ਸਚਿ = ਸਦਾ-ਥਿਰ ਪ੍ਰਭੂ।1।

ਮਾਹੀ = ਮਾਹਿ, ਵਿਚ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਸਹਜਿ = ਆਤਮਕ ਅਡੋਲਤਾ ਦੀ ਰਾਹੀਂ। ਕਰਤ = ਕਰਦਿਆਂ।2।

ਗਿਆਨੁ = ਆਤਮਕ ਜੀਵਨ ਦੀ ਸੂਝ। ਸੇਵੀ = ਸੇਵੀਂ, ਮੈਂ ਸੇਵਾ ਕਰਦਾ ਹਾਂ। ਤੇ = ਤੋਂ। ਭਾਈ = ਚੰਗੀ ਲੱਗੀ ਹੈ।3।

ਦੂਜੈ = ਹੋਰ ਵਿਚ, ਮਾਇਆ ਵਿਚ। ਭ੍ਰਮਿ = ਭਟਕ ਭਟਕ ਕੇ। ਅਭਾਗੇ = ਮੰਦ-ਭਾਗੀ ਬੰਦੇ। ਨਾਨਕ = ਹੇ ਨਾਨਕ! ਗਤਿ = ਉੱਚੀ ਆਤਮਕ ਅਵਸਥਾ। ਜਿ = ਜਿਹੜੇ।4।

ਅਰਥ: ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆ ਵੱਸਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ। ਉਸ ਨੂੰ (ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਕੋਈ ਦੂਜੀ ਕਾਰ ਨਹੀਂ ਸੁੱਝਦੀ। ਪਰ, ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ ਉਸ ਦਾ ਜੀਵਨ ਸੋਹਣਾ ਬਣਾਣ ਦੀ ਸਮਰਥਾ ਰੱਖਦਾ ਹੈ।1।

ਹੇ ਭਾਈ! (ਉਂਞ ਤਾਂ) ਸਦਾ-ਥਿਰ ਪ੍ਰਭੂ ਸਭ ਜੀਵਾਂ ਦੇ ਮਨ ਵਿਚ ਵੱਸਦਾ ਹੈ, ਪਰ ਗੁਰੂ ਦੀ ਕਿਰਪਾ ਦੀ ਰਾਹੀਂ ਹੀ (ਜੀਵ) ਆਤਮਕ ਅਡੋਲਤਾ ਵਿਚ (ਟਿਕ ਕੇ ਪ੍ਰਭੂ ਵਿਚ) ਲੀਨ ਹੁੰਦੇ ਹਨ। ਗੁਰੂ ਨੂੰ ਹਰ ਵੇਲੇ ਯਾਦ ਕਰਦਿਆਂ ਮਨੁੱਖ ਆਤਮਕ ਆਨੰਦ ਮਾਣਦਾ ਹੈ, ਗੁਰੂ ਦੇ ਚਰਨਾਂ ਵਿਚ ਚਿੱਤ ਜੋੜੀ ਰੱਖਦਾ ਹੈ।2।

ਹੇ ਭਾਈ! ਗੁਰੂ ਆਤਮਕ ਜੀਵਨ ਦੀ ਸੂਝ (ਦੇਣ ਵਾਲਾ) ਹੈ, ਗੁਰੂ (ਪਰਮਾਤਮਾ ਦੀ) ਭਗਤੀ (ਸਿਖਾਣ ਵਾਲਾ) ਹੈ। ਮੈਂ ਤਾਂ ਗੁਰੂ ਦੀ ਹੀ ਸਰਨ ਪੈਂਦਾ ਹਾਂ, ਕੋਈ ਹੋਰ ਦੂਜਾ (ਮੈਂ ਆਪਣੇ ਮਨ ਵਿਚ) ਨਹੀਂ (ਲਿਆਉਂਦਾ) । ਮੈਂ ਗੁਰੂ ਪਾਸੋਂ ਸ੍ਰੇਸ਼ਟ ਨਾਮ-ਧਨ ਲੱਭਾ ਹੈ, ਮੈਨੂੰ ਗੁਰੂ ਦੀ (ਦੱਸੀ) ਸੇਵਾ ਹੀ ਪਿਆਰੀ ਲੱਗਦੀ ਹੈ।3।

ਹੇ ਭਾਈ! ਜਿਹੜੇ ਮਨੁੱਖ ਗੁਰੂ ਨੂੰ ਛੱਡ ਕੇ ਹੋਰ ਪਾਸੇ ਲੱਗਦੇ ਹਨ, ਉਹ ਮੰਦ-ਭਾਗੀ ਮਨੁੱਖ ਭਟਕਣਾ ਵਿਚ ਪੈ ਕੇ ਆਤਮਕ ਮੌਤ ਸਹੇੜਦੇ ਹਨ, ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਹੇ ਨਾਨਕ! (ਆਖ-) ਉਹਨਾਂ ਮਨੁੱਖਾਂ ਦੀ ਹੀ ਫਿਰ ਉੱਚੀ ਆਤਮਕ ਅਵਸਥਾ ਬਣਦੀ ਹੈ ਜਿਹੜੇ ਗੁਰੂ ਦੀ ਸਰਨ ਪੈਂਦੇ ਹਨ।4।

ਗੁਰਮੁਖਿ ਪ੍ਰੀਤਿ ਸਦਾ ਹੈ ਸਾਚੀ ॥ ਸਤਿਗੁਰ ਤੇ ਮਾਗਉ ਨਾਮੁ ਅਜਾਚੀ ॥ ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਰਖਿ ਲੇਵਹੁ ਗੁਰ ਸਰਣਾਈ ਹੇ ॥੫॥ ਅੰਮ੍ਰਿਤ ਰਸੁ ਸਤਿਗੁਰੂ ਚੁਆਇਆ ॥ ਦਸਵੈ ਦੁਆਰਿ ਪ੍ਰਗਟੁ ਹੋਇ ਆਇਆ ॥ ਤਹ ਅਨਹਦ ਸਬਦ ਵਜਹਿ ਧੁਨਿ ਬਾਣੀ ਸਹਜੇ ਸਹਜਿ ਸਮਾਈ ਹੇ ॥੬॥ ਜਿਨ ਕਉ ਕਰਤੈ ਧੁਰਿ ਲਿਖਿ ਪਾਈ ॥ ਅਨਦਿਨੁ ਗੁਰੁ ਗੁਰੁ ਕਰਤ ਵਿਹਾਈ ॥ ਬਿਨੁ ਸਤਿਗੁਰ ਕੋ ਸੀਝੈ ਨਾਹੀ ਗੁਰ ਚਰਣੀ ਚਿਤੁ ਲਾਈ ਹੇ ॥੭॥ ਜਿਸੁ ਭਾਵੈ ਤਿਸੁ ਆਪੇ ਦੇਇ ॥ ਗੁਰਮੁਖਿ ਨਾਮੁ ਪਦਾਰਥੁ ਲੇਇ ॥ ਆਪੇ ਕ੍ਰਿਪਾ ਕਰੇ ਨਾਮੁ ਦੇਵੈ ਨਾਨਕ ਨਾਮਿ ਸਮਾਈ ਹੇ ॥੮॥ {ਪੰਨਾ 1069}

ਪਦ ਅਰਥ: ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਸਾਚੀ = ਸਦਾ ਟਿਕੀ ਰਹਿਣ ਵਾਲੀ। ਤੇ = ਤੋਂ, ਪਾਸੋਂ। ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਅਚਾਜੀ = ਜਿਹੜਾ ਜਾਚਿਆ ਨਾਹ ਜਾ ਸਕੇ, ਜਿਸ ਦੀ ਕੀਮਤਿ ਦਾ ਅੰਦਾਜ਼ਾ ਨਾਹ ਲੱਗ ਸਕੇ, ਅਮੋਲਕ।5।

ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਚੁਆਇਆ = ਨਾਮ-ਰਸ ਪੈਦਾ ਕਰਨ ਵਿਚ ਸਹਾਇਤਾ ਕੀਤੀ। ਦਸਵੈ ਦੁਆਰਿ = ਦਸਵੇਂ ਦੁਆਰ ਵਿਚ, ਦਿਮਾਗ਼ ਵਿਚ, ਸੋਚ-ਮੰਡਲ ਵਿਚ। ਤਹ = ਉਸ ਆਤਮਕ ਅਵਸਥਾ ਵਿਚ। ਅਨਹਦ = ਬਿਨਾ ਵਜਾਏ ਵੱਜਣ ਵਾਲੇ। ਸਬਦ ਵਜਹਿ = ਸ਼ਬਦ ਵੱਜਦੇ ਹਨ, ਪੰਜ ਸ਼ਬਦ ਵੱਜਦੇ ਹਨ, ਪੰਜ ਕਿਸਮਾਂ ਦੇ ਸਾਜ਼ ਵਜਦੇ ਹਨ। ਧੁਨਿ = ਸੁਰ, ਆਤਮਕ ਸੁਰ, ਆਤਮਕ ਆਨੰਦ। ਧੁਨਿ ਬਾਣੀ = ਸਿਫ਼ਤਿ-ਸਾਲਾਹ ਦੀ ਬਾਣੀ ਤੋਂ ਪੈਦਾ ਹੋਇਆ ਆਤਮਕ ਆਨੰਦ। ਸਹਜੇ ਸਹਜਿ = ਹਰ ਵੇਲੇ ਆਤਮਕ ਅਡੋਲਤਾ ਵਿਚ।6।

ਕਰਤੈ = ਕਰਤਾਰ ਨੇ। ਧੁਰਿ = ਧੁਰ ਤੋਂ। ਲਿਖਿ = (ਕੀਤੇ ਕਰਮਾਂ ਅਨੁਸਾਰ) ਲਿਖ ਕੇ। ਅਨਦਿਨੁ = ਹਰ ਰੋਜ਼, ਹਰ ਵੇਲੇ। ਕਰਤ = ਕਰਦਿਆਂ, ਯਾਦ ਕਰਦਿਆਂ। ਵਿਹਾਈ (ਉਮਰ) ਬੀਤਦੀ ਹੈ। ਕੋ = ਕੋਈ ਮਨੁੱਖ। ਸੀਝੈ = ਕਾਮਯਾਬ ਹੁੰਦਾ। ਲਾਈ = ਲਾਇ।7।

ਜਿਸੁ ਭਾਵੈ = ਜੋ ਤਿਸੁ ਭਾਵੈ, ਜਿਹੜਾ ਮਨੁੱਖ ਉਸ ਨੂੰ ਚੰਗਾ ਲੱਗਦਾ ਹੈ। ਦੇਇ = ਦੇਂਦਾ ਹੈ। ਲੇਇ = ਲੈਂਦਾ ਹੈ। ਨਾਮਿ = ਨਾਮ ਵਿਚ। ਸਮਾਈ = ਲੀਨ ਰਹਿੰਦਾ ਹੈ।8।

ਅਰਥ: ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦੀ ਪ੍ਰਭੂ ਨਾਲ ਪ੍ਰੀਤ ਪੱਕੀ ਹੁੰਦੀ ਹੈ। (ਉਹ ਹਰ ਵੇਲੇ ਇਉਂ ਅਰਦਾਸ ਕਰਦਾ ਰਹਿੰਦਾ ਹੈ-) ਮੈਂ ਗੁਰੂ ਪਾਸੋਂ (ਤੇਰਾ) ਅਮੋਲਕ ਨਾਮ ਮੰਗਦਾ ਹਾਂ। ਹੇ ਹਰੀ! ਦਇਆਵਾਨ ਹੋ, ਕਿਰਪਾ ਕਰ। ਮੈਨੂੰ ਸਦਾ ਗੁਰੂ ਦੀ ਸਰਨ ਵਿਚ ਰੱਖ।5।

ਹੇ ਭਾਈ! ਗੁਰੂ (ਜਿਸ ਮਨੁੱਖ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੈਦਾ ਕਰਦਾ ਹੈ, (ਪਰਮਾਤਮਾ) ਉਸ ਦੇ ਸੋਚ-ਮੰਡਲ ਵਿਚ ਪਰਗਟ ਹੋ ਜਾਂਦਾ ਹੈ। ਉਸ ਅਵਸਥਾ ਵਿਚ ਉਸ ਮਨੁੱਖ ਦੇ ਅੰਦਰ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ (ਇਉਂ) ਆਤਮਕ ਆਨੰਦ ਪੈਦਾ ਹੁੰਦਾ ਹੈ (ਜਿਵੇਂ, ਮਾਨੋ, ਉਥੇ) ਪੰਜ ਕਿਸਮਾਂ ਦੇ ਸਾਜ਼ ਵੱਜ ਰਹੇ ਹਨ। ਉਹ ਮਨੁੱਖ ਹਰ ਵੇਲੇ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।6।

ਪਰ, ਹੇ ਭਾਈ! (ਆਤਮਕ ਆਨੰਦ ਦੀ ਇਹ ਦਾਤਿ ਉਹਨਾਂ ਨੂੰ ਮਿਲਦੀ ਹੈ) ਜਿਨ੍ਹਾਂ ਦੇ ਭਾਗਾਂ ਵਿਚ ਕਰਤਾਰ ਨੇ ਧੁਰ ਦਰਗਾਹੋਂ ਲਿਖ ਕੇ ਰੱਖ ਦਿੱਤੀ ਹੈ। ਉਹਨਾਂ ਦੀ ਉਮਰ ਸਦਾ ਗੁਰੂ ਨੂੰ ਯਾਦ ਕਰਦਿਆਂ ਬੀਤਦੀ ਹੈ। ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਕੋਈ ਮਨੁੱਖ (ਜ਼ਿੰਦਗੀ ਵਿਚ) ਕਾਮਯਾਬ ਨਹੀਂ ਹੁੰਦਾ। ਤੂੰ ਸਦਾ ਗੁਰੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖ।7।

ਹੇ ਭਾਈ! ਜਿਹੜਾ ਜੀਵ ਉਸ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ਉਸ ਨੂੰ ਉਹ ਆਪ ਹੀ (ਨਾਮ ਦੀ ਦਾਤਿ) ਦੇਂਦਾ ਹੈ। ਉਹ ਮਨੁੱਖ ਗੁਰੂ ਦੀ ਰਾਹੀਂ ਇਹ ਕੀਮਤੀ ਨਾਮ ਹਾਸਲ ਕਰਦਾ ਹੈ। ਹੇ ਨਾਨਕ! (ਆਖ-) ਜਿਸ ਉਤੇ ਉਹ ਪ੍ਰਭੂ ਕਿਰਪਾ ਕਰਦਾ ਹੈ ਉਸ ਨੂੰ ਆਪਣਾ ਨਾਮ ਦੇਂਦਾ ਹੈ। ਉਹ ਮਨੁੱਖ ਨਾਮ ਵਿਚ ਲੀਨ ਰਹਿੰਦਾ ਹੈ।8।

ਗਿਆਨ ਰਤਨੁ ਮਨਿ ਪਰਗਟੁ ਭਇਆ ॥ ਨਾਮੁ ਪਦਾਰਥੁ ਸਹਜੇ ਲਇਆ ॥ ਏਹ ਵਡਿਆਈ ਗੁਰ ਤੇ ਪਾਈ ਸਤਿਗੁਰ ਕਉ ਸਦ ਬਲਿ ਜਾਈ ਹੇ ॥੯॥ ਪ੍ਰਗਟਿਆ ਸੂਰੁ ਨਿਸਿ ਮਿਟਿਆ ਅੰਧਿਆਰਾ ॥ ਅਗਿਆਨੁ ਮਿਟਿਆ ਗੁਰ ਰਤਨਿ ਅਪਾਰਾ ॥ ਸਤਿਗੁਰ ਗਿਆਨੁ ਰਤਨੁ ਅਤਿ ਭਾਰੀ ਕਰਮਿ ਮਿਲੈ ਸੁਖੁ ਪਾਈ ਹੇ ॥੧੦॥ ਗੁਰਮੁਖਿ ਨਾਮੁ ਪ੍ਰਗਟੀ ਹੈ ਸੋਇ ॥ ਚਹੁ ਜੁਗਿ ਨਿਰਮਲੁ ਹਛਾ ਲੋਇ ॥ ਨਾਮੇ ਨਾਮਿ ਰਤੇ ਸੁਖੁ ਪਾਇਆ ਨਾਮਿ ਰਹਿਆ ਲਿਵ ਲਾਈ ਹੇ ॥੧੧॥ ਗੁਰਮੁਖਿ ਨਾਮੁ ਪਰਾਪਤਿ ਹੋਵੈ ॥ ਸਹਜੇ ਜਾਗੈ ਸਹਜੇ ਸੋਵੈ ॥ ਗੁਰਮੁਖਿ ਨਾਮਿ ਸਮਾਇ ਸਮਾਵੈ ਨਾਨਕ ਨਾਮੁ ਧਿਆਈ ਹੇ ॥੧੨॥ {ਪੰਨਾ 1069}

ਪਦ ਅਰਥ: ਗਿਆਨ = ਆਤਮਕ ਜੀਵਨ ਦੀ ਸੂਝ। ਮਨਿ = ਮਨ ਵਿਚ। ਸਹਜੇ = ਆਤਮਕ ਅਡੋਲਤਾ ਵਿਚ। ਗੁਰ ਤੇ = ਗੁਰੂ ਪਾਸੋਂ। ਸਦ = ਸਦਾ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ।9।

ਸੂਰੁ = ਸੂਰਜ। ਨਿਸਿ ਅੰਧਿਆਰਾ = ਰਾਤ ਦਾ ਹਨੇਰਾ। ਗੁਰ ਰਤਨਿ ਆਪਾਰਾ = ਗੁਰੂ ਦੇ ਬੇਅੰਤ ਕੀਮਤੀ (ਗਿਆਨ) ਰਤਨ ਨਾਲ। ਅਤਿ ਭਾਰੀ = ਬਹੁਤ ਹੀ ਕੀਮਤੀ। ਕਰਮਿ = ਮਿਹਰ ਨਾਲ। ਮਿਲੈ = ਮਿਲਦਾ ਹੈ {ਇਕ-ਵਚਨ}।10।

ਸੋਇ = ਸੋਭਾ। ਪ੍ਰਗਟਿ = ਖਿੱਲਰੀ। ਚਹੁ ਜੁਗਿ = ਚਾਰ-ਜੁਗੀ ਸਮੇ ਵਿਚ, ਸਦਾ ਲਈ। ਲੋਇ = ਜਗਤ ਵਿਚ। ਨਾਮੇ ਨਾਮਿ = ਨਾਮਿ ਹੀ ਨਾਮਿ, ਹਰ ਵੇਲੇ ਨਾਮ ਵਿਚ। ਰਤੇ = ਰੰਗੇ ਹੋਏ ਨੇ। ਲਿਵ = ਲਗਨ।11।

ਗੁਰਮੁਖਿ = ਗੁਰੂ ਦੀ ਰਾਹੀਂ। ਸਹਜੇ = ਆਤਮਕ ਅਡੋਲਤਾ ਵਿਚ ਹੀ। ਨਾਮਿ = ਨਾਮ ਵਿਚ। ਸਮਾਇ = ਸਮਾ ਕੇ। ਸਮਾਵੈ = ਸਮਾਇਆ ਰਹਿੰਦਾ ਹੈ।12।

ਅਰਥ: ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਆਤਮਕ ਜੀਵਨ ਦੀ ਸ੍ਰੇਸ਼ਟ ਸੂਝ ਉੱਘੜ ਪਈ, ਉਸ ਨੇ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦਾ ਕੀਮਤੀ ਨਾਮ ਲੱਭ ਲਿਆ। ਪਰ ਇਹ ਵਡਿਆਈ ਗੁਰੂ ਪਾਸੋਂ (ਹੀ) ਮਿਲਦੀ ਹੈ। ਮੈਂ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ।9।

ਹੇ ਭਾਈ! (ਜਿਵੇਂ ਜਦੋਂ) ਸੂਰਜ ਚੜ੍ਹਦਾ ਹੈ (ਤਦੋਂ) ਰਾਤ ਦਾ ਹਨੇਰਾ ਮਿਟ ਜਾਂਦਾ ਹੈ, (ਇਸੇ ਤਰ੍ਹਾਂ) ਗੁਰੂ ਦੇ ਬੇਅੰਤ ਕੀਮਤੀ ਗਿਆਨ-ਰਤਨ ਨਾਲ ਅਗਿਆਨ-ਹਨੇਰਾ ਦੂਰ ਹੋ ਜਾਂਦਾ ਹੈ। ਹੇ ਭਾਈ! ਗੁਰੂ ਦਾ (ਦਿੱਤਾ ਹੋਇਆ) 'ਗਿਆਨ ਰਤਨ' ਬਹੁਤ ਹੀ ਕੀਮਤੀ ਹੈ। ਪਰਮਾਤਮਾ ਦੀ ਮਿਹਰ ਨਾਲ ਜਿਸ ਨੂੰ ਇਹ ਮਿਲਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ।10।

ਹੇ ਭਾਈ! ਗੁਰੂ ਦੀ ਰਾਹੀਂ ਜਿਸ ਨੂੰ ਹਰਿ-ਨਾਮ ਪ੍ਰਾਪਤ ਹੁੰਦਾ ਹੈ, ਉਸ ਦੀ ਸੋਭਾ ਖਿੱਲਰ ਜਾਂਦੀ ਹੈ, ਉਹ ਸਦਾ ਲਈ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ, ਉਹ ਸਾਰੇ ਜਗਤ ਵਿਚ ਹੱਛਾ ਮੰਨਿਆ ਜਾਂਦਾ ਹੈ। ਹੇ ਭਾਈ! ਹਰ ਵੇਲੇ ਹਰਿ-ਨਾਮ ਵਿਚ ਰੰਗੇ ਰਹਿਣ ਕਰਕੇ ਉਹ ਸੁਖ ਮਾਣਦਾ ਹੈ, ਉਹ ਹਰਿ-ਨਾਮ ਵਿਚ ਹਰ ਵੇਲੇ ਸੁਰਤਿ ਜੋੜੀ ਰੱਖਦਾ ਹੈ।11।

ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਰਾਹੀਂ ਹਰਿ-ਨਾਮ ਹਾਸਲ ਹੁੰਦਾ ਹੈ, ਉਹ ਜਾਗਦਾ ਸੁੱਤਾ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ (ਆਤਮਕ ਅਡੋਲਤਾ ਵਿਚ ਜਾਗਦਾ ਹੈ ਆਤਮਕ ਅਡੋਲਤਾ ਵਿਚ ਸੌਂਦਾ ਹੈ) । ਹੇ ਨਾਨਕ! ਗੁਰੂ ਦੀ ਰਾਹੀਂ ਨਾਮ ਵਿਚ ਲੀਨ ਹੋ ਕੇ ਉਹ ਮਨੁੱਖ (ਪਰਮਾਤਮਾ ਵਿਚ) ਲੀਨ ਰਹਿੰਦਾ ਹੈ, ਉਹ ਹਰ ਵੇਲੇ ਹਰਿ-ਨਾਮ ਹੀ ਸਿਮਰਦਾ ਹੈ।12।

TOP OF PAGE

Sri Guru Granth Darpan, by Professor Sahib Singh