ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 1070 ਭਗਤਾ ਮੁਖਿ ਅੰਮ੍ਰਿਤ ਹੈ ਬਾਣੀ ॥ ਗੁਰਮੁਖਿ ਹਰਿ ਨਾਮੁ ਆਖਿ ਵਖਾਣੀ ॥ ਹਰਿ ਹਰਿ ਕਰਤ ਸਦਾ ਮਨੁ ਬਿਗਸੈ ਹਰਿ ਚਰਣੀ ਮਨੁ ਲਾਈ ਹੇ ॥੧੩॥ ਹਮ ਮੂਰਖ ਅਗਿਆਨ ਗਿਆਨੁ ਕਿਛੁ ਨਾਹੀ ॥ ਸਤਿਗੁਰ ਤੇ ਸਮਝ ਪੜੀ ਮਨ ਮਾਹੀ ॥ ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਸਤਿਗੁਰ ਕੀ ਸੇਵਾ ਲਾਈ ਹੇ ॥੧੪॥ ਜਿਨਿ ਸਤਿਗੁਰੁ ਜਾਤਾ ਤਿਨਿ ਏਕੁ ਪਛਾਤਾ ॥ ਸਰਬੇ ਰਵਿ ਰਹਿਆ ਸੁਖਦਾਤਾ ॥ ਆਤਮੁ ਚੀਨਿ ਪਰਮ ਪਦੁ ਪਾਇਆ ਸੇਵਾ ਸੁਰਤਿ ਸਮਾਈ ਹੇ ॥੧੫॥ ਜਿਨ ਕਉ ਆਦਿ ਮਿਲੀ ਵਡਿਆਈ ॥ ਸਤਿਗੁਰੁ ਮਨਿ ਵਸਿਆ ਲਿਵ ਲਾਈ ॥ ਆਪਿ ਮਿਲਿਆ ਜਗਜੀਵਨੁ ਦਾਤਾ ਨਾਨਕ ਅੰਕਿ ਸਮਾਈ ਹੇ ॥੧੬॥੧॥ {ਪੰਨਾ 1070} ਪਦ ਅਰਥ: ਮੁਖਿ = ਮੂੰਹ ਵਿਚ। ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਬਾਣੀ। ਗੁਰਮੁਖਿ = ਗੁਰੂ ਦੀ ਰਾਹੀਂ। ਆਖਿ = ਆਖ ਕੇ, ਉਚਾਰ ਕੇ। ਵਖਾਣੀ = ਵਿਆਖਿਆ ਕੀਤੀ ਹੈ। ਕਰਤ = ਕਰਦਿਆਂ। ਬਿਗਸੈ = ਖਿੜਿਆ ਰਹਿੰਦਾ ਹੈ।13। ਹਮ = ਅਸੀਂ ਜੀਵ। ਅਗਿਆਨ = ਗਿਆਨ-ਹੀਣ। ਗਿਆਨੁ = ਆਤਮਕ ਜੀਵਨ ਦੀ ਸੂਝ। ਤੇ = ਤੋਂ ਪਾਸੋਂ। ਮਾਹੀ = ਵਿਚ।14। ਜਿਨਿ = ਜਿਸ (ਮਨੁੱਖ) ਨੇ। ਤਿਨਿ = ਉਸ (ਮਨੁੱਖ) ਨੇ {ਇਕ-ਵਚਨ}। ਸਰਬੈ = ਸਭਨਾਂ ਵਿਚ। ਰਵਿ ਰਹਿਆ = ਵਿਆਪਕ ਹੈ। ਆਤਮੁ = ਆਪਣੇ ਆਪ ਨੂੰ, ਆਪਣੇ ਜੀਵਨ ਨੂੰ। ਚੀਨਿ = ਪੜਤਾਲ ਕੇ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ।15। ਜਿਨ = {ਬਹੁ-ਵਚਨ}। ਆਦਿ = ਧੁਰ ਤੋਂ। ਮਨਿ = ਮਨ ਵਿਚ। ਲਿਵ = ਲਗਨ। ਜਗਜੀਵਨੁ = ਜਗਤ ਦਾ ਜੀਵਨ, ਜਗਤ ਦਾ ਆਸਰਾ। ਅੰਕਿ = ਅੰਕ ਵਿਚ, ਗੋਦ ਵਿਚ। 16। ਅਰਥ: ਹੇ ਭਾਈ! ਭਗਤਾਂ ਦੇ ਮੂੰਹ ਵਿਚ (ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਟਿਕੀ ਰਹਿੰਦੀ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦਾ ਨਾਮ (ਆਪ) ਉਚਾਰ ਕੇ (ਹੋਰਨਾਂ ਨੂੰ ਭੀ) ਸੁਣਾਂਦਾ ਹੈ। ਪਰਮਾਤਮਾ ਦਾ ਨਾਮ ਸਿਮਰਦਿਆਂ ਉਸ ਦਾ ਮਨ ਸਦਾ ਖਿੜਿਆ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਆਪਣਾ ਮਨ ਜੋੜੀ ਰੱਖਦਾ ਹੈ।13। ਹੇ ਪ੍ਰਭੂ! ਅਸੀਂ ਜੀਵ ਮੂਰਖ ਹਾਂ, ਅੰਞਾਣ ਹਾਂ, ਸਾਨੂੰ ਆਤਮਕ ਜੀਵਨ ਦੀ ਕੁਝ ਭੀ ਸੂਝ ਨਹੀਂ ਹੈ। ਗੁਰੂ ਪਾਸੋਂ (ਇਹ) ਸਮਝ ਮਨ ਵਿਚ ਪੈਂਦੀ ਹੈ। ਹੇ ਪ੍ਰਭੂ! ਦਇਆਵਾਨ ਹੋ, ਮਿਹਰ ਕਰ, (ਸਾਨੂੰ) ਗੁਰੂ ਦੀ ਸੇਵਾ ਵਿਚ ਲਾਈ ਰੱਖ।14। ਹੇ ਭਾਈ! ਜਿਸ ਮਨੁੱਖ ਨੇ ਗੁਰੂ ਨਾਲ ਸਾਂਝ ਪਾ ਲਈ, ਉਸ ਨੇ ਇਕ ਪਰਮਾਤਮਾ ਨੂੰ (ਇਉਂ) ਪਛਾਣ ਲਿਆ ਕਿ ਉਹ ਸੁਖਦਾਤਾ ਪ੍ਰਭੂ ਸਭਨਾਂ ਵਿਚ ਵੱਸ ਰਿਹਾ ਹੈ। ਉਸ ਮਨੁੱਖ ਨੇ ਆਪਣੇ ਜੀਵਨ ਨੂੰ ਪੜਤਾਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲਿਆ। ਉਸ ਦੀ ਸੁਰਤਿ ਪਰਮਾਤਮਾ ਦੀ ਸੇਵਾ-ਭਗਤੀ ਵਿਚ ਟਿਕੀ ਰਹਿੰਦੀ ਹੈ।15। ਹੇ ਭਾਈ! ਜਿਨ੍ਹਾਂ ਨੂੰ ਧੁਰ ਦਰਗਾਹ ਤੋਂ ਇੱਜ਼ਤ ਮਿਲਦੀ ਹੈ, ਉਹਨਾਂ ਦੇ ਮਨ ਵਿਚ ਗੁਰੂ ਵੱਸਿਆ ਰਹਿੰਦਾ ਹੈ। ਉਹ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜੀ ਰੱਖਦੇ ਹਨ। ਹੇ ਨਾਨਕ! (ਆਖ-) ਉਹਨਾਂ ਨੂੰ ਜਗਤ ਦਾ ਸਹਾਰਾ ਦਾਤਾਰ ਆਪ ਆ ਮਿਲਦਾ ਹੈ, ਉਹ ਪ੍ਰਭੂ ਦੀ ਗੋਦ ਵਿਚ (ਪ੍ਰਭੂ-ਚਰਨਾਂ ਵਿਚ) ਸਮਾਏ ਰਹਿੰਦੇ ਹਨ। 16।1। ਮਾਰੂ ਮਹਲਾ ੪ ॥ ਹਰਿ ਅਗਮ ਅਗੋਚਰੁ ਸਦਾ ਅਬਿਨਾਸੀ ॥ ਸਰਬੇ ਰਵਿ ਰਹਿਆ ਘਟ ਵਾਸੀ ॥ ਤਿਸੁ ਬਿਨੁ ਅਵਰੁ ਨ ਕੋਈ ਦਾਤਾ ਹਰਿ ਤਿਸਹਿ ਸਰੇਵਹੁ ਪ੍ਰਾਣੀ ਹੇ ॥੧॥ ਜਾ ਕਉ ਰਾਖੈ ਹਰਿ ਰਾਖਣਹਾਰਾ ॥ ਤਾ ਕਉ ਕੋਇ ਨ ਸਾਕਸਿ ਮਾਰਾ ॥ ਸੋ ਐਸਾ ਹਰਿ ਸੇਵਹੁ ਸੰਤਹੁ ਜਾ ਕੀ ਊਤਮ ਬਾਣੀ ਹੇ ॥੨॥ ਜਾ ਜਾਪੈ ਕਿਛੁ ਕਿਥਾਊ ਨਾਹੀ ॥ ਤਾ ਕਰਤਾ ਭਰਪੂਰਿ ਸਮਾਹੀ ॥ ਸੂਕੇ ਤੇ ਫੁਨਿ ਹਰਿਆ ਕੀਤੋਨੁ ਹਰਿ ਧਿਆਵਹੁ ਚੋਜ ਵਿਡਾਣੀ ਹੇ ॥੩॥ ਜੋ ਜੀਆ ਕੀ ਵੇਦਨ ਜਾਣੈ ॥ ਤਿਸੁ ਸਾਹਿਬ ਕੈ ਹਉ ਕੁਰਬਾਣੈ ॥ ਤਿਸੁ ਆਗੈ ਜਨ ਕਰਿ ਬੇਨੰਤੀ ਜੋ ਸਰਬ ਸੁਖਾ ਕਾ ਦਾਣੀ ਹੇ ॥੪॥ {ਪੰਨਾ 1070} ਪਦ ਅਰਥ: ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨ ਇੰਦ੍ਰੇ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੈ। ਅਬਿਨਾਸੀ = ਨਾਸ-ਰਹਿਤ। ਸਰਬੇ = ਸਭਨਾਂ ਵਿਚ {svL}। ਘਟ ਵਾਸੀ = ਸਭ ਸਰੀਰਾਂ ਵਿਚ ਵਾਸ ਰੱਖਣ ਵਾਲਾ। ਤਿਸਹਿ = ਤਿਸੁ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਸਰੇਵਹੁ = ਸਿਮਰੋ। ਪ੍ਰਾਣੀ = ਹੇ ਪ੍ਰਾਣੀ!।1। ਰਾਖਣਹਾਰਾ = ਰੱਖਣ ਦੀ ਸਮਰੱਥਾ ਵਾਲਾ। ਸਾਕਸਿ ਮਾਰਾ = ਮਾਰ ਸਕਦਾ। ਸੰਤਹੁ = ਹੇ ਸੰਤ ਜਨੋ! ਊਤਮ = (ਜੀਵਨ ਨੂੰ) ਉੱਚਾ ਬਣਾ ਦੇਣ ਵਾਲੀ।2। ਜਾ = ਜਦੋਂ। ਜਾਪੈ = ਇਹ ਸਮਝ ਆਉਂਦੀ ਹੈ ਕਿ। ਕਿਥਾਊ = ਕਿਤੇ ਭੀ। ਕਰਤਾ = ਕਰਤਾਰ। ਫੁਨਿ = ਮੁੜ। ਕੀਤੋਨੁ = ਉਸ (ਕਰਤਾਰ) ਨੇ ਕਰ ਦਿੱਤਾ। ਚੋਜ = ਕੌਤਕ, ਖੇਲ। ਵਿਡਾਣੀ = ਅਸਚਰਜ।3। ਵੇਦਨ = {vydnw} ਦੁੱਖ, ਪੀੜ। ਕੈ = ਤੋਂ। ਹਉ = ਹਉਂ, ਮੈਂ। ਜਨ = ਹੇ ਜਨ! ਹੇ ਭਾਈ! ਦਾਣੀ = ਦਾਨੀ, ਦਾਤਾ।4। ਅਰਥ: ਹੇ ਭਾਈ! ਪਰਮਾਤਮਾ ਅਪਹੁੰਚ ਹੈ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਸਦਾ ਹੀ ਨਾਸ ਰਹਿਤ ਹੈ, ਸਭ ਜੀਵਾਂ ਵਿਚ ਵਿਆਪਕ ਹੈ, ਸਭ ਸਰੀਰਾਂ ਵਿਚ ਵੱਸਣ ਵਾਲਾ ਹੈ। ਉਸ ਤੋਂ ਬਿਨਾ ਹੋਰ ਕੋਈ ਦਾਤਾ ਨਹੀਂ ਹੈ। ਹੇ ਪ੍ਰਾਣੀ! ਉਸੇ ਪਰਮਾਤਮਾ ਦਾ ਸਿਮਰਨ ਕਰਿਆ ਕਰੋ।1। ਹੇ ਭਾਈ! ਬਚਾਣ ਦੀ ਸਮਰਥਾ ਵਾਲਾ ਪਰਮਾਤਮਾ ਜਿਸ (ਮਨੁੱਖ) ਦੀ ਰੱਖਿਆ ਕਰਦਾ ਹੈ, ਉਸ ਨੂੰ ਕੋਈ ਮਾਰ ਨਹੀਂ ਸਕਦਾ। ਹੇ ਸੰਤ ਜਨੋ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਿਆ ਕਰੋ। ਉਸ ਦੀ ਸਿਫ਼ਤਿ-ਸਾਲਾਹ ਦੀ ਬਾਣੀ ਜੀਵਨ ਨੂੰ ਉੱਚਾ ਕਰ ਦੇਂਦੀ ਹੈ।2। ਹੇ ਭਾਈ! ਜਦੋਂ ਇਹ ਸਮਝ ਆ ਜਾਂਦੀ ਹੈ ਕਿ ਕਿਤੇ ਭੀ ਕੋਈ ਚੀਜ਼ (ਸਦਾ-ਥਿਰ) ਨਹੀਂ ਹੈ, ਤਦੋਂ ਕਰਤਾਰ ਨੂੰ ਹੀ ਹਰ ਥਾਂ ਵਿਆਪਕ ਸਮਝੋ (ਜੋ ਸਦਾ ਕਾਇਮ ਰਹਿਣ ਵਾਲਾ ਹੈ) । ਹੇ ਭਾਈ! ਉਹ ਕਰਤਾਰ ਸੁੱਕੇ ਤੋਂ ਹਰਾ ਕਰਨ ਵਾਲਾ ਹੈ। ਉਸ ਹਰੀ ਦਾ ਸਿਮਰਨ ਕਰਦੇ ਰਹੋ, ਉਹ ਅਸਚਰਜ ਕੌਤਕ ਕਰਨ ਵਾਲਾ ਹੈ।3। ਹੇ ਭਾਈ! ਮੈਂ ਤਾਂ ਉਸ ਮਾਲਕ ਤੋਂ ਸਦਾ ਸਦਕੇ ਜਾਂਦਾ ਹਾਂ, ਜੋ ਸਭ ਜੀਵਾਂ ਦੇ ਦਿਲ ਦੀ ਪੀੜ ਜਾਣਦਾ ਹੈ। ਹੇ ਭਾਈ! ਉਸ ਪਰਮਾਤਮਾ ਦੀ ਹਜ਼ੂਰੀ ਵਿਚ ਅਰਦਾਸ ਕਰਿਆ ਕਰ, ਜਿਹੜਾ ਸਾਰੇ ਸੁਖਾਂ ਦਾ ਦੇਣ ਵਾਲਾ ਹੈ।4। ਜੋ ਜੀਐ ਕੀ ਸਾਰ ਨ ਜਾਣੈ ॥ ਤਿਸੁ ਸਿਉ ਕਿਛੁ ਨ ਕਹੀਐ ਅਜਾਣੈ ॥ ਮੂਰਖ ਸਿਉ ਨਹ ਲੂਝੁ ਪਰਾਣੀ ਹਰਿ ਜਪੀਐ ਪਦੁ ਨਿਰਬਾਣੀ ਹੇ ॥੫॥ ਨਾ ਕਰਿ ਚਿੰਤ ਚਿੰਤਾ ਹੈ ਕਰਤੇ ॥ ਹਰਿ ਦੇਵੈ ਜਲਿ ਥਲਿ ਜੰਤਾ ਸਭਤੈ ॥ ਅਚਿੰਤ ਦਾਨੁ ਦੇਇ ਪ੍ਰਭੁ ਮੇਰਾ ਵਿਚਿ ਪਾਥਰ ਕੀਟ ਪਖਾਣੀ ਹੇ ॥੬॥ ਨਾ ਕਰਿ ਆਸ ਮੀਤ ਸੁਤ ਭਾਈ ॥ ਨਾ ਕਰਿ ਆਸ ਕਿਸੈ ਸਾਹ ਬਿਉਹਾਰ ਕੀ ਪਰਾਈ ॥ ਬਿਨੁ ਹਰਿ ਨਾਵੈ ਕੋ ਬੇਲੀ ਨਾਹੀ ਹਰਿ ਜਪੀਐ ਸਾਰੰਗਪਾਣੀ ਹੇ ॥੭॥ ਅਨਦਿਨੁ ਨਾਮੁ ਜਪਹੁ ਬਨਵਾਰੀ ॥ ਸਭ ਆਸਾ ਮਨਸਾ ਪੂਰੈ ਥਾਰੀ ॥ ਜਨ ਨਾਨਕ ਨਾਮੁ ਜਪਹੁ ਭਵ ਖੰਡਨੁ ਸੁਖਿ ਸਹਜੇ ਰੈਣਿ ਵਿਹਾਣੀ ਹੇ ॥੮॥ {ਪੰਨਾ 1070} ਪਦ ਅਰਥ: ਜੀਐ ਕੀ = ਜਿੰਦ ਦੀ। ਸਾਰ = ਕਦਰ, (ਦੁੱਖ-ਦਰਦ ਦੀ) ਸੂਝ। ਸਿਉ = ਨਾਲ। ਅਜਾਣ = ਅੰਞਾਣ, ਮੂਰਖ। ਲੂਝੁ = ਝਗੜਾ ਕਰ। ਪਰਾਣੀ = ਹੇ ਪ੍ਰਾਣੀ! ਜਪੀਐ = ਜਪਣਾ ਚਾਹੀਦਾ ਹੈ। ਪਦੁ = ਦਰਜਾ, ਆਤਮਕ ਅਵਸਥਾ। ਨਿਰਬਾਣੀ = ਵਾਸਨਾ-ਰਹਿਤ।5। ਚਿੰਤ = ਫ਼ਿਕਰ। ਕਰਤੇ = ਕਰਤਾਰ ਨੂੰ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਸਭਤੈ = ਸਭਨਾਂ ਨੂੰ। ਅਚਿੰਤ = ਜਿਸ ਦਾ ਚਿੱਤ-ਚੇਤਾ ਭੀ ਨਾਹ ਹੋਵੇ। ਦੇਇ = ਦੇਂਦਾ ਹੈ। ਕੀਟ = ਕੀੜੇ। ਪਖਾਣੀ = ਪੱਥਰਾਂ ਵਿਚ ਦੇ।6। ਸੁਤ = ਪੁੱਤਰ। ਆਸ ਮੀਤ = ਮਿੱਤਰ ਦੀ ਆਸ। ਬੇਲੀ = ਮਦਦਗਾਰ। ਸਾਰੰਗਪਾਣੀ = {ਸਾਰੰਗ = ਧਨੁਖ। ਪਾਣੀ = ਹੱਥ। ਜਿਸ ਦੇ ਹੱਥ ਵਿਚ ਧਨੁਖ ਹੈ} ਪਰਮਾਤਮਾ।7। ਅਨਦਿਨੁ = ਹਰ ਰੋਜ਼, ਹਰ ਵੇਲੇ। ਬਨਵਾਰੀ ਨਾਮੁ = ਪਰਮਾਤਮਾ ਦਾ ਨਾਮ {ਬਨ ਹੈ ਮਾਲਾ ਜਿਸ ਦੀ}। ਮਨਸਾ = {mnI = w} ਮਨ ਦਾ ਫੁਰਨਾ। ਪੂਰੈ = ਪੂਰੀ ਕਰਦਾ ਹੈ। ਥਾਰੀ = ਤੇਰੀ। ਭਵ ਖੰਡਨੁ = ਜਨਮ ਮਰਨ ਦੇ ਗੇੜ ਦਾ ਨਾਸ ਕਰਨ ਵਾਲਾ। ਸੁਖਿ = ਸੁਖ ਵਿਚ। ਸਹਜੇ = ਆਤਮਕ ਅਡੋਲਤਾ ਵਿਚ। ਰੈਣਿ = ਰਾਤ, ਜੀਵਨ-ਰਾਤ। ਵਿਹਾਣੀ = ਬੀਤਦੀ ਹੈ।8। ਅਰਥ: ਹੇ ਭਾਈ! ਜਿਹੜਾ ਮਨੁੱਖ (ਕਿਸੇ ਹੋਰ ਦੀ) ਜਿੰਦ ਦਾ ਦੁੱਖ-ਦਰਦ ਨਹੀਂ ਸਮਝ ਸਕਦਾ, ਉਸ ਮੂਰਖ ਨਾਲ (ਆਪਣੇ ਦੁੱਖ-ਦਰਦ ਦੀ) ਕੋਈ ਗੱਲ ਨਹੀਂ ਕਰਨੀ ਚਾਹੀਦੀ। ਹੇ ਪ੍ਰਾਣੀ! ਉਸ ਮੂਰਖ ਨਾਲ ਕੋਈ ਝੇੜਾ ਨਾਹ ਕਰ। ਸਿਰਫ਼ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਉਹੀ ਵਾਸਨਾ-ਰਹਿਤ ਆਤਮਕ ਦਰਜਾ ਦੇਣ ਵਾਲਾ ਹੈ।5। ਹੇ ਭਾਈ! (ਰੋਜ਼ੀ ਦੀ ਖ਼ਾਤਰ) ਚਿੰਤਾ-ਫ਼ਿਕਰ ਨਾਹ ਕਰ, ਇਹ ਫ਼ਿਕਰ ਕਰਤਾਰ ਨੂੰ ਹੈ। ਉਹ ਕਰਤਾਰ ਜਲ ਵਿਚ ਧਰਤੀ ਵਿਚ (ਵੱਸਣ ਵਾਲੇ) ਸਭ ਜੀਵਾਂ ਨੂੰ (ਰਿਜ਼ਕ) ਦੇਂਦਾ ਹੈ। ਮੇਰਾ ਪ੍ਰਭੂ ਉਹ ਉਹ ਦਾਤਿ ਦੇਂਦਾ ਹੈ ਜਿਸ ਦਾ ਸਾਨੂੰ ਚਿੱਤ-ਚੇਤਾ ਭੀ ਨਹੀਂ ਹੁੰਦਾ। ਪੱਥਰਾਂ ਵਿਚ ਵੱਸਣ ਵਾਲੇ ਕੀੜਿਆਂ ਨੂੰ ਭੀ (ਰਿਜ਼ਕ) ਦੇਂਦਾ ਹੈ।6। ਹੇ ਭਾਈ! ਮਿੱਤਰ ਦੀ, ਪੁੱਤਰ ਦੀ, ਭਰਾ ਦੀ = ਕਿਸੇ ਦੀ ਭੀ ਆਸ ਨਾਹ ਕਰ। ਕਿਸੇ ਸ਼ਾਹ ਦੀ, ਕਿਸੇ ਵਿਹਾਰ ਦੀ = ਕੋਈ ਭੀ ਪਰਾਈ ਆਸ ਨਾਹ ਕਰ। ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਮਦਦਗਾਰ ਨਹੀਂ। ਉਸ ਪਰਮਾਤਮਾ ਦਾ ਹੀ ਨਾਮ ਜਪਣਾ ਚਾਹੀਦਾ ਹੈ।7। ਹੇ ਭਾਈ! ਹਰ ਵੇਲੇ ਪਰਮਾਤਮਾ ਦਾ ਹੀ ਨਾਮ ਜਪਦੇ ਰਹੋ। ਉਹੀ ਤੇਰੀ ਹਰੇਕ ਆਸ ਪੂਰੀ ਕਰਦਾ ਹੈ, ਤੇਰਾ ਹਰੇਕ ਫੁਰਨਾ ਪੂਰਾ ਕਰਦਾ ਹੈ। ਹੇ ਦਾਸ ਨਾਨਕ! ਸਦਾ ਹਰਿ-ਨਾਮ ਜਪਦੇ ਰਹੋ। ਹਰਿ-ਨਾਮ ਜਨਮ ਮਰਨ ਦੇ ਗੇੜ ਦਾ ਨਾਸ ਕਰਨ ਵਾਲਾ ਹੈ। (ਜਿਹੜਾ ਮਨੁੱਖ ਜਪਦਾ ਹੈ ਉਸ ਦੀ) ਉਮਰ-ਰਾਤ ਸੁਖ ਵਿਚ ਆਤਮਕ ਅਡੋਲਤਾ ਵਿਚ ਬੀਤਦੀ ਹੈ।8। ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥ ਸਹਜੇ ਹੀ ਹਰਿ ਨਾਮਿ ਸਮਾਇਆ ॥ ਜੋ ਸਰਣਿ ਪਰੈ ਤਿਸ ਕੀ ਪਤਿ ਰਾਖੈ ਜਾਇ ਪੂਛਹੁ ਵੇਦ ਪੁਰਾਣੀ ਹੇ ॥੯॥ ਜਿਸੁ ਹਰਿ ਸੇਵਾ ਲਾਏ ਸੋਈ ਜਨੁ ਲਾਗੈ ॥ ਗੁਰ ਕੈ ਸਬਦਿ ਭਰਮ ਭਉ ਭਾਗੈ ॥ ਵਿਚੇ ਗ੍ਰਿਹ ਸਦਾ ਰਹੈ ਉਦਾਸੀ ਜਿਉ ਕਮਲੁ ਰਹੈ ਵਿਚਿ ਪਾਣੀ ਹੇ ॥੧੦॥ ਵਿਚਿ ਹਉਮੈ ਸੇਵਾ ਥਾਇ ਨ ਪਾਏ ॥ ਜਨਮਿ ਮਰੈ ਫਿਰਿ ਆਵੈ ਜਾਏ ॥ ਸੋ ਤਪੁ ਪੂਰਾ ਸਾਈ ਸੇਵਾ ਜੋ ਹਰਿ ਮੇਰੇ ਮਨਿ ਭਾਣੀ ਹੇ ॥੧੧॥ ਹਉ ਕਿਆ ਗੁਣ ਤੇਰੇ ਆਖਾ ਸੁਆਮੀ ॥ ਤੂ ਸਰਬ ਜੀਆ ਕਾ ਅੰਤਰਜਾਮੀ ॥ ਹਉ ਮਾਗਉ ਦਾਨੁ ਤੁਝੈ ਪਹਿ ਕਰਤੇ ਹਰਿ ਅਨਦਿਨੁ ਨਾਮੁ ਵਖਾਣੀ ਹੇ ॥੧੨॥ {ਪੰਨਾ 1070-1071} ਪਦ ਅਰਥ: ਜਿਨਿ = ਜਿਸ (ਮਨੁੱਖ) ਨੇ {ਇਕ-ਵਚਨ}। ਸਹਜੇ = ਬਿਨਾ ਕਿਸੇ (ਤਪ ਆਦਿਕ) ਜਤਨ ਦੇ। ਨਾਮਿ = ਨਾਮ ਵਿਚ। ਤਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਪਤਿ = ਇੱਜ਼ਤ। ਜਾਇ = ਜਾ ਕੇ।9। ਲਾਗੈ = ਲੱਗਦਾ ਹੈ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਭਰਮ = ਭਟਕਣਾ। ਭਉ = ਡਰ। ਭਾਗੈ = ਦੂਰ ਹੋ ਜਾਂਦਾ ਹੈ। ਗ੍ਰਿਹ = ਘਰ, ਗ੍ਰਿਹਸਤ।10। ਥਾਇ = ਥਾਂ ਵਿਚ। ਥਾਇ ਨ ਪਾਏ = ਪਰਵਾਨ ਨਹੀਂ ਹੁੰਦੀ। ਜਨਮਿ = ਜੰਮ ਕੇ। ਆਵੈ ਜਾਇ = ਆਉਂਦਾ ਹੈ ਜਾਂਦਾ ਹੈ, ਜੰਮਦਾ ਮਰਦਾ ਰਹਿੰਦਾ ਹੈ। ਮਨਿ = ਮਨ ਵਿਚ। ਭਾਣੀ = ਚੰਗੀ ਲੱਗਦੀ ਹੈ।11। ਹਉ = ਹਉਂ, {Ahm`} ਮੈਂ। ਆਖਾ = ਆਖਾਂ, ਮੈਂ ਬਿਆਨ ਕਰਾਂ। ਸੁਆਮੀ = ਹੇ ਸੁਆਮੀ! ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਮਾਗਉ = ਮਾਗਉਂ, ਮੰਗਦਾ ਹਾਂ। ਤੁਝੈ ਪਹਿ = ਤੇਰੇ ਹੀ ਪਾਸੋਂ। ਕਰਤੇ = ਹੇ ਕਰਤਾਰ! ਅਨਦਿਨੁ = ਹਰ ਰੋਜ਼, ਹਰ ਵੇਲੇ। ਵਖਾਣੀ = ਵਖਾਣੀਂ, ਮੈਂ ਉਚਾਰਦਾ ਰਹਾਂ।12। ਅਰਥ: ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦੀ ਭਗਤੀ ਕੀਤੀ ਉਸ ਨੇ ਸੁਖ ਪ੍ਰਾਪਤ ਕੀਤਾ। ਉਹ ਬਿਨਾ ਕਿਸੇ (ਤਪ ਆਦਿਕ) ਜਤਨ ਦੇ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ। ਬੇਸ਼ੱਕ ਵੇਦਾਂ ਪੁਰਾਣਾਂ (ਦੇ ਪੜ੍ਹਨ ਵਾਲਿਆਂ) ਪਾਸੋਂ ਜਾ ਕੇ ਪੁੱਛ ਲਵੋ। ਜਿਹੜਾ ਮਨੁੱਖ ਪਰਮਾਤਮਾ ਦੀ ਸਰਨ ਪੈਂਦਾ ਹੈ, ਪਰਮਾਤਮਾ ਉਸ ਦੀ ਲਾਜ ਰੱਖਦਾ ਹੈ।9। ਪਰ, ਹੇ ਭਾਈ! ਉਹੀ ਮਨੁੱਖ ਪਰਮਾਤਮਾ ਦੀ ਭਗਤੀ ਵਿਚ ਲੱਗਦਾ ਹੈ, ਜਿਸ ਨੂੰ ਪਰਮਾਤਮਾ ਆਪ ਲਾਂਦਾ ਹੈ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਮਨੁੱਖ ਦੀ ਭਟਕਣਾ ਉਸ ਦਾ ਡਰ ਦੂਰ ਹੋ ਜਾਂਦਾ ਹੈ। ਜਿਵੇਂ ਕੌਲ ਫੁੱਲ ਪਾਣੀ ਵਿਚ (ਪਾਣੀ ਤੋਂ) ਨਿਰਲੇਪ ਰਹਿੰਦਾ ਹੈ, ਤਿਵੇਂ ਉਹ ਮਨੁੱਖ ਗ੍ਰਿਹਸਤ ਦੇ ਵਿਚ ਹੀ (ਮਾਇਆ ਤੋਂ) ਸਦਾ ਉਪਰਾਮ ਰਹਿੰਦਾ ਹੈ।10। ਹੇ ਭਾਈ! ਹਉਮੈ-ਅਹੰਕਾਰ ਵਿਚ ਕੀਤੀ ਹੋਈ ਸੇਵਾ-ਭਗਤੀ ਪਰਵਾਨ ਨਹੀਂ ਹੁੰਦੀ, ਉਹ ਮਨੁੱਖ (ਤਾਂ ਸਗੋਂ) ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। ਹੇ ਭਾਈ! ਉਹੀ ਹੈ ਪੂਰਾ ਤਪ, ਉਹੀ ਹੈ ਸੇਵਾ-ਭਗਤੀ, ਜਿਹੜੀ ਮੇਰੇ ਪ੍ਰਭੂ ਦੇ ਮਨ ਵਿਚ ਪਿਆਰੀ ਲੱਗਦੀ ਹੈ (ਪ੍ਰਭੂ ਦੀ ਰਜ਼ਾ ਵਿਚ ਤੁਰਨਾ ਹੀ ਸਹੀ ਰਸਤਾ ਹੈ) ।11। ਹੇ ਮੇਰੇ ਮਾਲਕ! ਮੈਂ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ? ਤੂੰ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈਂ। ਹੇ ਕਰਤਾਰ! ਮੈਂ ਤੇਰੇ ਹੀ ਪਾਸੋਂ ਇਹ ਦਾਨ ਮੰਗਦਾ ਹਾਂ ਕਿ ਮੈਂ ਹਰ ਵੇਲੇ ਤੇਰਾ ਨਾਮ ਉਚਾਰਦਾ ਰਹਾਂ।12। |
![]() |
![]() |
![]() |
![]() |
Sri Guru Granth Darpan, by Professor Sahib Singh |