ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 1071 ਕਿਸ ਹੀ ਜੋਰੁ ਅਹੰਕਾਰ ਬੋਲਣ ਕਾ ॥ ਕਿਸ ਹੀ ਜੋਰੁ ਦੀਬਾਨ ਮਾਇਆ ਕਾ ॥ ਮੈ ਹਰਿ ਬਿਨੁ ਟੇਕ ਧਰ ਅਵਰ ਨ ਕਾਈ ਤੂ ਕਰਤੇ ਰਾਖੁ ਮੈ ਨਿਮਾਣੀ ਹੇ ॥੧੩॥ ਨਿਮਾਣੇ ਮਾਣੁ ਕਰਹਿ ਤੁਧੁ ਭਾਵੈ ॥ ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥ ਜਿਨ ਕਾ ਪਖੁ ਕਰਹਿ ਤੂ ਸੁਆਮੀ ਤਿਨ ਕੀ ਊਪਰਿ ਗਲ ਤੁਧੁ ਆਣੀ ਹੇ ॥੧੪॥ ਹਰਿ ਹਰਿ ਨਾਮੁ ਜਿਨੀ ਸਦਾ ਧਿਆਇਆ ॥ ਤਿਨੀ ਗੁਰ ਪਰਸਾਦਿ ਪਰਮ ਪਦੁ ਪਾਇਆ ॥ ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ਬਿਨੁ ਸੇਵਾ ਪਛੋਤਾਣੀ ਹੇ ॥੧੫॥ ਤੂ ਸਭ ਮਹਿ ਵਰਤਹਿ ਹਰਿ ਜਗੰਨਾਥੁ ॥ ਸੋ ਹਰਿ ਜਪੈ ਜਿਸੁ ਗੁਰ ਮਸਤਕਿ ਹਾਥੁ ॥ ਹਰਿ ਕੀ ਸਰਣਿ ਪਇਆ ਹਰਿ ਜਾਪੀ ਜਨੁ ਨਾਨਕੁ ਦਾਸੁ ਦਸਾਣੀ ਹੇ ॥੧੬॥੨॥ {ਪੰਨਾ 1071} ਪਦ ਅਰਥ: ਕਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਸੁ' ਦਾ ੁ ਉੱਡ ਗਿਆ ਹੈ}। ਜੋਰੁ = ਤਾਣ, ਮਾਣ। ਦੀਬਾਨ = ਆਸਰਾ। ਧਰ = ਆਸਰਾ। ਕਾਈ = {ਇਸਤ੍ਰੀ-ਲਿੰਗ। 'ਕੋਈ' ਪੁਲਿੰਗ}। ਕਰਤੇ = ਹੇ ਕਰਤਾਰ! ਮੈ = ਮੈਨੂੰ।13। ਕਰਹਿ = ਤੂੰ ਕਰਦਾ ਹੈਂ। ਤੁਧੁ ਭਾਵੈ = ਤੈਨੂੰ ਚੰਗਾ ਲੱਗਦਾ ਹੈ। ਹੋਰ ਕੇਤੀ = ਹੋਰ ਕਿਤਨੀ ਹੀ ਲੁਕਾਈ। ਝਖਿ = ਖ਼ੁਆਰ ਹੋ ਕੇ। ਪਖੁ = ਮਦਦ। ਊਪਰਿ = ਸਭਨਾਂ ਦੇ ਉੱਤੇ। ਗਲ = ਗੱਲ। ਆਣੀ = ਲਿਆਂਦੀ।14। ਜਿਨੀ = ਜਿਨ੍ਹਾਂ ਨੇ। ਪਰਸਾਦਿ = ਕਿਰਪਾ ਨਾਲ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਜਿਨਿ = ਜਿਸ ਨੇ।15। ਵਰਤਹਿ = ਵਿਆਪਕ ਹੈਂ। ਜਗੰਨਾਥੁ = ਜਗਤ ਦਾ ਨਾਥ। ਗੁਰ ਹਾਥੁ = ਗੁਰੂ ਦਾ ਹੱਥ। ਜਿਸੁ ਮਸਤਕਿ = ਜਿਸ ਦੇ ਮੱਥੇ ਉਥੇ। ਜਾਪੀ = ਜਾਪੀਂ, ਮੈਂ ਜਪਾਂ। ਦਾਸੁ ਦਸਾਣੀ = ਦਾਸਾਂ ਦਾ ਦਾਸ। 16। ਅਰਥ: ਹੇ ਭਾਈ! ਕਿਸੇ ਦੇ ਅੰਦਰ ਚੰਗਾ ਬੋਲ ਸਕਣ ਦੇ ਅਹੰਕਾਰ ਦਾ ਤਾਣ ਹੈ। ਕਿਸੇ ਨੂੰ ਮਾਇਆ ਦੇ ਆਸਰੇ ਦਾ ਤਾਣ ਹੈ। ਮੈਨੂੰ ਪਰਮਾਤਮਾ ਤੋਂ ਬਿਨਾ ਕੋਈ ਆਸਰਾ ਨਹੀਂ ਕੋਈ ਸਹਾਰਾ ਨਹੀਂ। ਹੇ ਕਰਤਾਰ! ਮੇਰੀ ਨਿਮਾਣੀ ਦੀ ਰੱਖਿਆ ਤੂੰ ਹੀ ਕਰ।13। ਹੇ ਸੁਆਮੀ! ਤੂੰ ਨਿਮਾਣੇ ਦਾ ਮਾਣ ਹੈਂ। ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਤੂੰ ਕਰਦਾ ਹੈਂ। (ਤੇਰੀ ਰਜ਼ਾ ਤੋਂ ਲਾਂਭੇ ਜਾਣ ਦਾ ਜਤਨ ਕਰ ਕੇ) ਬੇਅੰਤ ਲੁਕਾਈ ਖ਼ੁਆਰ ਹੋ ਹੋ ਕੇ ਜਨਮ ਮਰਨ ਦੇ ਗੇੜ ਵਿਚ ਪੈਂਦੀ ਹੈ। ਹੇ ਸੁਆਮੀ! ਤੂੰ ਜਿਨ੍ਹਾਂ ਦਾ ਪੱਖ ਕਰਦਾ ਹੈਂ, ਉਹਨਾਂ ਦੀ ਗੱਲ ਹਰ ਥਾਂ ਮੰਨੀ ਜਾਂਦੀ ਹੈ।14। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਸਦਾ ਪਰਮਾਤਮਾ ਦਾ ਨਾਮ ਸਿਮਰਿਆ, ਉਹਨਾਂ ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ। ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦੀ ਸੇਵਾ-ਭਗਤੀ ਕੀਤੀ, ਉਸ ਨੇ ਸੁਖ ਮਾਣਿਆ। ਪ੍ਰਭੂ ਦੀ ਸੇਵਾ-ਭਗਤੀ ਤੋਂ ਬਿਨਾ ਲੁਕਾਈ ਪਛੁਤਾਂਦੀ ਹੈ।15। ਹੇ ਹਰੀ! ਤੂੰ ਜਗਤ ਦਾ ਨਾਥ ਹੈਂ। ਤੂੰ ਸਭ ਵਿਚ ਵਿਆਪਕ ਹੈਂ। ਹੇ ਭਾਈ! ਉਹੀ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਜਿਸ ਦੇ ਮੱਥੇ ਉੱਤੇ ਗੁਰੂ ਦਾ ਹੱਥ ਹੁੰਦਾ ਹੈ। ਹੇ ਭਾਈ! (ਮੈਂ ਭੀ) ਹਰੀ ਦੀ ਸਰਨ ਪਿਆ ਹਾਂ, ਮੈਂ ਭੀ ਹਰੀ ਦਾ ਨਾਮ ਜਪਦਾ ਹਾਂ। ਦਾਸ ਨਾਨਕ ਹਰੀ ਦੇ ਦਾਸਾਂ ਦਾ ਦਾਸ ਹੈ। 16।2। ਮਾਰੂ ਸੋਲਹੇ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਕਲਾ ਉਪਾਇ ਧਰੀ ਜਿਨਿ ਧਰਣਾ ॥ ਗਗਨੁ ਰਹਾਇਆ ਹੁਕਮੇ ਚਰਣਾ ॥ ਅਗਨਿ ਉਪਾਇ ਈਧਨ ਮਹਿ ਬਾਧੀ ਸੋ ਪ੍ਰਭੁ ਰਾਖੈ ਭਾਈ ਹੇ ॥੧॥ ਜੀਅ ਜੰਤ ਕਉ ਰਿਜਕੁ ਸੰਬਾਹੇ ॥ ਕਰਣ ਕਾਰਣ ਸਮਰਥ ਆਪਾਹੇ ॥ ਖਿਨ ਮਹਿ ਥਾਪਿ ਉਥਾਪਨਹਾਰਾ ਸੋਈ ਤੇਰਾ ਸਹਾਈ ਹੇ ॥੨॥ ਮਾਤ ਗਰਭ ਮਹਿ ਜਿਨਿ ਪ੍ਰਤਿਪਾਲਿਆ ॥ ਸਾਸਿ ਗ੍ਰਾਸਿ ਹੋਇ ਸੰਗਿ ਸਮਾਲਿਆ ॥ ਸਦਾ ਸਦਾ ਜਪੀਐ ਸੋ ਪ੍ਰੀਤਮੁ ਵਡੀ ਜਿਸੁ ਵਡਿਆਈ ਹੇ ॥੩॥ ਸੁਲਤਾਨ ਖਾਨ ਕਰੇ ਖਿਨ ਕੀਰੇ ॥ ਗਰੀਬ ਨਿਵਾਜਿ ਕਰੇ ਪ੍ਰਭੁ ਮੀਰੇ ॥ ਗਰਬ ਨਿਵਾਰਣ ਸਰਬ ਸਧਾਰਣ ਕਿਛੁ ਕੀਮਤਿ ਕਹੀ ਨ ਜਾਈ ਹੇ ॥੪॥ {ਪੰਨਾ 1071} ਪਦ ਅਰਥ: ਕਲਾ = ਗੁਪਤ ਤਾਕਤ, ਸੱਤਿਆ, ਸ਼ਕਤੀ। ਉਪਾਇ = ਪੈਦਾ ਕਰ ਕੇ। ਜਿਨਿ = ਜਿਸ (ਪਰਮਾਤਮਾ) ਨੇ। ਧਰਣਾ = ਧਰਤੀ। ਗਗਨੁ = ਆਕਾਸ਼। ਰਹਾਇਆ = ਟਿਕਾਇਆ, ਥੰਮ੍ਹਿਆ। ਹੁਕਮੇ = ਹੁਕਮ ਦੀ ਰਾਹੀਂ ਹੀ। ਚਰਣਾ = ਆਸਰਾ (ਦੇ ਕੇ) । ਈਧਨ = ਲੱਕੜਾਂ। ਬਾਧੀ = ਬੰਨ੍ਹੀ ਹੋਈ ਹੈ। ਰਾਖੈ = ਰੱਖਿਆ ਕਰਦਾ ਹੈ।1। ਕਉ = ਨੂੰ। ਸੰਬਾਹੇ = ਅਪੜਾਂਦਾ ਹੈ। ਕਰਣ = ਸ੍ਰਿਸ਼ਟੀ। ਕਾਰਣ = ਮੂਲ। ਆਪਾਹੇ = ਮਾਇਆ ਦੀ ਪਾਹ ਤੋਂ ਰਹਿਤ, ਨਿਰਲੇਪ। ਥਾਪਿ = ਪੈਦਾ ਕਰ ਕੇ। ਉਥਾਪਨਹਾਰਾ = ਨਾਸ ਕਰ ਸਕਣ ਵਾਲਾ। ਸਹਾਈ = ਮਦਦਗਾਰ।2। ਜਿਨਿ = ਜਿਸ (ਪ੍ਰਭੂ) ਨੇ। ਪ੍ਰਤਿਪਾਲਿਆ = ਰੱਖਿਆ ਕੀਤੀ। ਸਾਸਿ = (ਹਰੇਕ) ਸਾਹ ਦੇ ਨਾਲ। ਗ੍ਰਾਸਿ = (ਹਰੇਕ) ਗ੍ਰਾਹੀ ਦੇ ਨਾਲ। ਸੰਗਿ = ਨਾਲ। ਸਮਾਲਿਆ = ਸੰਭਾਲ ਕਰਦਾ ਹੈ। ਜਪੀਐ = ਜਪਣਾ ਚਾਹੀਦਾ ਹੈ।3। ਸੁਲਤਾਨ = ਪਾਤਿਸ਼ਾਹ। ਖਾਨ = ਸਰਦਾਰ। ਕੀਰੇ = ਕੀੜੇ। ਨਿਵਾਜਿ = ਨਿਵਾਜ ਕੇ, ਉੱਚਾ ਕਰ ਕੇ। ਮੀਰੇ = ਅਮੀਰ। ਗਰਬ = ਅਹੰਕਾਰ। ਸਰਬ ਸਧਾਰਣ = ਸਭ ਨੂੰ ਆਸਰਾ ਦੇਣ ਵਾਲਾ।4। ਅਰਥ: ਹੇ ਭਾਈ! ਜਿਸ ਪਰਮਾਤਮਾ ਨੇ (ਆਪਣੇ ਹੀ ਅੰਦਰੋਂ) ਸ਼ਕਤੀ ਪੈਦਾ ਕਰ ਕੇ ਧਰਤੀ ਸਾਜੀ ਹੈ, ਜਿਸ ਨੇ ਆਪਣੇ ਹੁਕਮ ਦਾ ਹੀ ਆਸਰਾ ਦੇ ਕੇ ਆਕਾਸ਼ ਨੂੰ ਥੰਮ੍ਹ ਰੱਖਿਆ ਹੈ, ਜਿਸ ਨੇ ਅੱਗ ਪੈਦਾ ਕਰ ਕੇ ਇਸ ਨੂੰ ਲੱਕੜਾਂ ਵਿਚ ਬੰਨ੍ਹ ਰੱਖਿਆ ਹੈ, ਉਹੀ ਪਰਮਾਤਮਾ (ਸਭ ਜੀਵਾਂ ਦੀ) ਰੱਖਿਆ ਕਰਦਾ ਹੈ।1। ਹੇ ਭਾਈ! ਜਿਹੜਾ ਪਰਮਾਤਮਾ ਸਾਰੇ ਹੀ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ, ਜੋ ਸ੍ਰਿਸ਼ਟੀ ਦਾ ਮੂਲ ਹੈ, ਜੋ ਸਭ ਤਾਕਤਾਂ ਦਾ ਮਾਲਕ ਤੇ ਨਿਰਲੇਪ ਹੈ, ਜੋ ਇਕ ਛਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਸਮਰੱਥਾ ਰੱਖਦਾ ਹੈ, ਉਹੀ ਪਰਮਾਤਮਾ (ਹਰ ਵੇਲੇ) ਤੇਰਾ ਭੀ ਮਦਦਗਾਰ ਹੈ।2। ਹੇ ਭਾਈ! ਜਿਸ ਪਰਮਾਤਮਾ ਨੇ ਮਾਂ ਦੇ ਪੇਟ ਵਿਚ (ਤੇਰੀ) ਪਾਲਣਾ ਕੀਤੀ, ਤੇਰੇ ਹਰੇਕ ਸਾਹ ਦੇ ਨਾਲ ਤੇਰੀ ਹਰੇਕ ਗਿਰਾਹੀ ਦੇ ਨਾਲ ਤੇਰਾ ਸੰਗੀ ਬਣ ਕੇ ਤੇਰੀ ਸੰਭਾਲ ਕੀਤੀ, ਜਿਸ ਪਰਮਾਤਮਾ ਦੀ ਇਤਨੀ ਵੱਡੀ ਵਡਿਆਈ ਹੈ, ਉਸ ਪ੍ਰੀਤਮ ਪ੍ਰਭੂ ਨੂੰ ਸਦਾ ਹੀ ਸਦਾ ਹੀ ਜਪਣਾ ਚਾਹੀਦਾ ਹੈ।3। ਹੇ ਭਾਈ! ਉਹ ਪਰਮਾਤਮਾ ਪਾਤਿਸ਼ਾਹਾਂ ਤੇ ਖ਼ਾਨਾਂ ਨੂੰ ਇਕ ਛਿਨ ਵਿਚ ਕੀੜੇ (ਕੰਗਾਲ) ਬਣਾ ਦੇਂਦਾ ਹੈ, ਗ਼ਰੀਬਾਂ ਨੂੰ ਉੱਚੇ ਕਰ ਕੇ ਅਮੀਰ ਬਣਾ ਦੇਂਦਾ ਹੈ। ਉਹ ਪਰਮਾਤਮਾ (ਅਹੰਕਾਰੀਆਂ ਦਾ) ਅਹੰਕਾਰ ਦੂਰ ਕਰਨ ਵਾਲਾ ਹੈ, ਉਹ ਪਰਮਾਤਮਾ ਸਭ ਦਾ ਆਸਰਾ ਹੈ, ਹੇ ਭਾਈ! ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ।4। ਸੋ ਪਤਿਵੰਤਾ ਸੋ ਧਨਵੰਤਾ ॥ ਜਿਸੁ ਮਨਿ ਵਸਿਆ ਹਰਿ ਭਗਵੰਤਾ ॥ ਮਾਤ ਪਿਤਾ ਸੁਤ ਬੰਧਪ ਭਾਈ ਜਿਨਿ ਇਹ ਸ੍ਰਿਸਟਿ ਉਪਾਈ ਹੇ ॥੫॥ ਪ੍ਰਭ ਆਏ ਸਰਣਾ ਭਉ ਨਹੀ ਕਰਣਾ ॥ ਸਾਧਸੰਗਤਿ ਨਿਹਚਉ ਹੈ ਤਰਣਾ ॥ ਮਨ ਬਚ ਕਰਮ ਅਰਾਧੇ ਕਰਤਾ ਤਿਸੁ ਨਾਹੀ ਕਦੇ ਸਜਾਈ ਹੇ ॥੬॥ ਗੁਣ ਨਿਧਾਨ ਮਨ ਤਨ ਮਹਿ ਰਵਿਆ ॥ ਜਨਮ ਮਰਣ ਕੀ ਜੋਨਿ ਨ ਭਵਿਆ ॥ ਦੂਖ ਬਿਨਾਸ ਕੀਆ ਸੁਖਿ ਡੇਰਾ ਜਾ ਤ੍ਰਿਪਤਿ ਰਹੇ ਆਘਾਈ ਹੇ ॥੭॥ ਮੀਤੁ ਹਮਾਰਾ ਸੋਈ ਸੁਆਮੀ ॥ ਥਾਨ ਥਨੰਤਰਿ ਅੰਤਰਜਾਮੀ ॥ ਸਿਮਰਿ ਸਿਮਰਿ ਪੂਰਨ ਪਰਮੇਸੁਰ ਚਿੰਤਾ ਗਣਤ ਮਿਟਾਈ ਹੇ ॥੮॥ {ਪੰਨਾ 1071} ਪਦ ਅਰਥ: ਪਤਿਵੰਤਾ = ਇੱਜ਼ਤ ਵਾਲਾ। ਜਿਸੁ ਮਨਿ = ਜਿਸ ਦੇ ਮਨ ਵਿਚ। ਸੁਤ = ਪੁੱਤਰ। ਬੰਧਪ = ਰਿਸ਼ਤੇਦਾਰ। ਜਿਨਿ = ਜਿਸ (ਕਰਤਾਰ) ਨੇ।5। ਪ੍ਰਭ ਸਰਣਾ = ਪ੍ਰਭੂ ਦੀ ਸਰਨ ਵਿਚ। ਨਿਹਚਉ = ਜ਼ਰੂਰ। ਬਚ = ਬਚਨ। ਅਰਾਧੇ = ਸਿਮਰਦਾ ਹੈ। ਸਜਾਈ = ਸਜ਼ਾ, ਦੰਡ, ਕਸ਼ਟ।6। ਗੁਣ ਨਿਧਾਨ = ਗੁਣਾਂ ਦਾ ਖ਼ਜ਼ਾਨਾ। ਰਵਿਆ = ਸਿਮਰਿਆ। ਸੁਖਿ = ਸੁਖ ਵਿਚ। ਤ੍ਰਿਪਤਿ ਰਹੇ ਆਘਾਈ = ਮਾਇਆ ਦੀ ਤ੍ਰਿਸ਼ਨਾ ਵਲੋਂ ਪੂਰਨ ਤੌਰ ਤੇ ਰੱਜ ਗਏ।7। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ {ਅੰਤਰਿ = ਵਿਚ}। ਸਿਮਰਿ = ਸਿਮਰ ਕੇ। ਗਣਤ = ਚਿੰਤਾ-ਫ਼ਿਕਰ।8। ਅਰਥ: ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਹਰੀ ਭਗਵਾਨ ਆ ਵੱਸਦਾ ਹੈ, ਉਹੀ (ਅਸਲ) ਇੱਜ਼ਤ-ਦਾਰ ਹੈ ਉਹੀ (ਅਸਲ) ਧਨਾਢ ਹੈ। ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ ਹੈ ਮਾਂ ਪਿਉ, ਉਹੀ ਹੈ ਪੁੱਤਰ ਰਿਸ਼ਤੇਦਾਰ ਤੇ ਭਰਾ (ਉਹੀ ਹੈ ਸਦਾ ਨਾਲ ਨਿਭਣ ਵਾਲਾ ਸਨਬੰਧੀ) ।5। ਹੇ ਭਾਈ! ਪ੍ਰਭੂ ਦੀ ਸਰਨ ਪਿਆਂ ਕਿਸੇ ਕਿਸਮ ਦਾ ਡਰ ਕਰਨ ਦੀ ਲੋੜ ਨਹੀਂ ਰਹਿੰਦੀ। ਹੇ ਭਾਈ! ਗੁਰੂ ਦੀ ਸੰਗਤਿ ਵਿਚ ਰਿਹਾਂ ਜ਼ਰੂਰ (ਸਾਰੇ ਡਰਾਂ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ। ਜਿਹੜਾ ਮਨੁੱਖ ਆਪਣੇ ਮਨ ਦੀ ਰਾਹੀਂ ਬਚਨਾਂ ਦੀ ਰਾਹੀਂ ਕੰਮਾਂ ਦੀ ਰਾਹੀਂ ਕਰਤਾਰ ਦਾ ਆਰਾਧਨ ਕਰਦਾ ਰਹਿੰਦਾ ਹੈ, ਉਸ ਨੂੰ ਕਦੇ ਕੋਈ ਕਸ਼ਟ ਨਹੀਂ ਪੋਹ ਸਕਦਾ।6। ਹੇ ਭਾਈ! ਜਿਹੜਾ ਮਨੁੱਖ ਆਪਣੇ ਮਨ ਵਿਚ ਆਪਣੇ ਤਨ ਵਿਚ ਪਰਮਾਤਮਾ ਨੂੰ ਯਾਦ ਰੱਖਦਾ ਹੈ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਭਟਕਦਾ। ਉਸ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ, ਉਹ ਸਦਾ ਲਈ ਆਤਮਕ ਆਨੰਦ ਵਿਚ ਟਿਕਾਣਾ ਬਣਾ ਲੈਂਦਾ ਹੈ, ਕਿਉਂਕਿ ਉਹ (ਤ੍ਰਿਸ਼ਨਾ ਵਲੋਂ) ਪੂਰਨ ਤੌਰ ਤੇ ਰੱਜਿਆ ਰਹਿੰਦਾ ਹੈ।7। ਹੇ ਭਾਈ! ਉਹੀ ਮਾਲਕ-ਪ੍ਰਭੂ ਅਸਾਂ ਜੀਵਾਂ ਦਾ (ਅਸਲ) ਮਿੱਤਰ ਹੈ। ਉਸ ਪੂਰਨ ਦਿਲ ਦੀ ਜਾਣਨ ਵਾਲਾ ਉਹ ਪ੍ਰਭੂ ਹਰੇਕ ਥਾਂ ਵਿਚ ਵੱਸ ਰਿਹਾ ਹੈ। ਸਭ ਦੇ ਪਰਮੇਸਰ ਦਾ ਨਾਮ ਸਦਾ ਸਿਮਰ ਕੇ ਮਨੁੱਖ ਆਪਣੇ ਸਾਰੇ ਚਿੰਤਾ-ਫ਼ਿਕਰ ਮਿਟਾ ਲੈਂਦਾ ਹੈ।8। |
![]() |
![]() |
![]() |
![]() |
Sri Guru Granth Darpan, by Professor Sahib Singh |