ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1072

ਹਰਿ ਕਾ ਨਾਮੁ ਕੋਟਿ ਲਖ ਬਾਹਾ ॥ ਹਰਿ ਜਸੁ ਕੀਰਤਨੁ ਸੰਗਿ ਧਨੁ ਤਾਹਾ ॥ ਗਿਆਨ ਖੜਗੁ ਕਰਿ ਕਿਰਪਾ ਦੀਨਾ ਦੂਤ ਮਾਰੇ ਕਰਿ ਧਾਈ ਹੇ ॥੯॥ ਹਰਿ ਕਾ ਜਾਪੁ ਜਪਹੁ ਜਪੁ ਜਪਨੇ ॥ ਜੀਤਿ ਆਵਹੁ ਵਸਹੁ ਘਰਿ ਅਪਨੇ ॥ ਲਖ ਚਉਰਾਸੀਹ ਨਰਕ ਨ ਦੇਖਹੁ ਰਸਕਿ ਰਸਕਿ ਗੁਣ ਗਾਈ ਹੇ ॥੧੦॥ ਖੰਡ ਬ੍ਰਹਮੰਡ ਉਧਾਰਣਹਾਰਾ ॥ ਊਚ ਅਥਾਹ ਅਗੰਮ ਅਪਾਰਾ ॥ ਜਿਸ ਨੋ ਕ੍ਰਿਪਾ ਕਰੇ ਪ੍ਰਭੁ ਅਪਨੀ ਸੋ ਜਨੁ ਤਿਸਹਿ ਧਿਆਈ ਹੇ ॥੧੧॥ ਬੰਧਨ ਤੋੜਿ ਲੀਏ ਪ੍ਰਭਿ ਮੋਲੇ ॥ ਕਰਿ ਕਿਰਪਾ ਕੀਨੇ ਘਰ ਗੋਲੇ ॥ ਅਨਹਦ ਰੁਣ ਝੁਣਕਾਰੁ ਸਹਜ ਧੁਨਿ ਸਾਚੀ ਕਾਰ ਕਮਾਈ ਹੇ ॥੧੨॥ {ਪੰਨਾ 1072}

ਪਦ ਅਰਥ: ਕੋਟਿ = ਕ੍ਰੋੜ। ਬਾਹਾ = ਬਾਹਾਂ, ਸਾਥੀ, ਮਦਦਗਾਰ। ਜਸੁ ਕੀਰਤਨੁ = ਸਿਫ਼ਤਿ-ਸਾਲਾਹ। ਸੰਗਿ ਤਾਹਾ = ਉਸ (ਮਨੁੱਖ) ਦੇ ਪਾਸ। ਖੜਗੁ = ਤਲਵਾਰ। ਕਰਿ = ਕਰ ਕੇ। ਦੂਤ = (ਕਾਮਾਦਿਕ) ਵੈਰੀ। ਧਾਈ = ਹੱਲਾ।9।

ਜਪੁ ਜਪਨੇ = ਜਪਣ-ਜੋਗ ਜਪ। ਜੀਤਿ = ਜਿੱਤ ਕੇ। ਘਰਿ ਅਪਨੇ = ਆਪਣੇ ਘਰ ਵਿਚ, ਸ੍ਵੈ-ਸਰੂਪ ਵਿਚ, ਪ੍ਰਭੂ-ਚਰਨਾਂ ਵਿਚ। ਰਸਕਿ = ਰਸ ਨਾਲ, ਪ੍ਰੇਮ ਨਾਲ। ਗਾਈ = ਗਾਂਦਾ ਹੈ।10।

ਉਧਾਰਣਹਾਰਾ = ਵਿਕਾਰਾਂ ਤੋਂ ਬਚਾ ਸਕਣ ਵਾਲਾ। ਅਥਾਹ = ਬਹੁਤ ਹੀ ਡੂੰਘਾ। ਅਗੰਮ = ਅਪਹੁੰਚ। ਤਿਸਹਿ = ਤਿਸੁ ਹੀ, ਉਸ (ਪਰਮਾਤਮਾ) ਨੂੰ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}।11।

ਤੋੜਿ = ਤੋੜ ਕੇ। ਪ੍ਰਭਿ = ਪ੍ਰਭੂ ਨੇ। ਘਰ ਗੋਲੇ = ਘਰ ਦੇ ਸੇਵਕ। ਅਨਹਦ = ਇਕ-ਰਸ, ਲਗਾਤਾਰ, ਬਿਨਾ ਵਜਾਏ ਵੱਜ ਰਿਹਾ। ਰੁਣ ਝੁਣ = ਮਿੱਠਾ ਸੁਰੀਲਾ ਰਾਗ। ਰੁਣਝੁਣਕਾਰੁ = ਲਗਾਤਾਰ ਹੋ ਰਿਹਾ ਮਿੱਠਾ ਸੁਰੀਲਾ ਰਾਗ। ਸਹਜ = ਆਤਮਕ ਅਡੋਲਤਾ। ਧੁਨਿ = ਸੁਰ। ਸਾਚੀ = ਸਦਾ ਕਾਇਮ ਰਹਿਣ ਵਾਲੀ।12।

ਅਰਥ: ਹੇ ਭਾਈ! (ਜਿਵੇਂ ਵੈਰੀਆਂ ਦਾ ਟਾਕਰਾ ਕਰਨ ਲਈ ਬਹੁਤੀਆਂ ਬਾਹਾਂ ਬਹੁਤੇ ਭਰਾ ਤੇ ਸਾਥੀ ਮਨੁੱਖ ਵਾਸਤੇ ਸਹਾਰਾ ਹੁੰਦੇ ਹਨ, ਤਿਵੇਂ ਕਾਮਾਦਿਕ ਵੈਰੀਆਂ ਦੇ ਟਾਕਰੇ ਤੇ ਮਨੁੱਖ ਵਾਸਤੇ) ਪਰਮਾਤਮਾ ਦਾ ਨਾਮ (ਮਾਨੋ) ਲੱਖਾਂ ਕ੍ਰੋੜਾਂ ਬਾਹਾਂ ਹੈ, ਪਰਮਾਤਮਾ ਦਾ ਜਸ-ਕੀਰਤਨ ਉਸ ਦੇ ਪਾਸ ਧਨ ਹੈ। ਜਿਸ ਮਨੁੱਖ ਨੂੰ ਪਰਮਾਤਮਾ ਆਤਮਕ ਜੀਵਨ ਦੀ ਸੂਝ ਦੀ ਤਲਵਾਰ ਕਿਰਪਾ ਕਰ ਕੇ ਦੇਂਦਾ ਹੈ, ਉਹ ਮਨੁੱਖ ਹੱਲਾ ਕਰ ਕੇ ਕਾਮਾਦਿਕ ਵੈਰੀਆਂ ਨੂੰ ਮਾਰ ਲੈਂਦਾ ਹੈ।9।

ਹੇ ਭਾਈ! ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ, ਇਹੀ ਜਪਣ-ਜੋਗ ਜਪ ਹੈ। (ਇਸ ਜਪ ਦੀ ਬਰਕਤਿ ਨਾਲ ਕਾਮਾਦਿਕ ਵੈਰੀਆਂ ਨੂੰ) ਜਿੱਤ ਕੇ ਆਪਣੇ ਅਸਲ ਘਰ ਵਿਚ ਟਿਕੇ ਰਹੋਗੇ। ਚੌਰਾਸੀ ਲੱਖ ਜੂਨਾਂ ਦੇ ਨਰਕ ਵੇਖਣੇ ਨਹੀਂ ਪੈਣਗੇ। (ਜਿਹੜਾ ਮਨੁੱਖ) ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾਂਦਾ ਹੈ (ਉਸ ਨੂੰ ਇਹ ਫਲ ਪ੍ਰਾਪਤ ਹੁੰਦਾ ਹੈ।10।

ਹੇ ਭਾਈ! ਪਰਮਾਤਮਾ ਖੰਡਾਂ ਬ੍ਰਹਮੰਡਾਂ ਦੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਣ-ਜੋਗ ਹੈ। ਉਹ ਪ੍ਰਭੂ ਉੱਚਾ ਹੈ ਅਥਾਹ ਹੈ ਅਪਹੁੰਚ ਹੈ ਬੇਅੰਤ ਹੈ। ਜਿਸ ਮਨੁੱਖ ਉਤੇ ਉਹ ਆਪਣੀ ਕਿਰਪਾ ਕਰਦਾ ਹੈ ਉਹ ਮਨੁੱਖ ਉਸੇ ਪ੍ਰਭੂ ਨੂੰ ਹੀ ਸਿਮਰਦਾ ਰਹਿੰਦਾ ਹੈ।11।

ਹੇ ਭਾਈ! ਜਿਸ ਮਨੁੱਖ ਦੇ (ਮਾਇਆ ਦੇ ਮੋਹ ਦੇ) ਬੰਧਨ ਤੋੜ ਕੇ ਪ੍ਰਭੂ ਨੇ ਉਸ ਨੂੰ ਆਪਣਾ ਬਣਾ ਲਿਆ, ਮਿਹਰ ਕਰ ਕੇ ਜਿਸ ਨੂੰ ਉਸ ਨੇ ਆਪਣੇ ਘਰ ਦਾ ਦਾਸ ਬਣਾ ਲਿਆ, ਉਹ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਾਰ ਕਰਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੀ ਤਾਰ ਬੱਝੀ ਰਹਿੰਦੀ ਹੈ, ਉਸ ਦੇ ਅੰਦਰ ਸਿਫ਼ਤਿ-ਸਾਲਾਹ ਦਾ (ਮਾਨੋ) ਲਗਾਤਾਰ ਮਿੱਠਾ ਸੁਰੀਲਾ ਰਾਗ ਹੁੰਦਾ ਰਹਿੰਦਾ ਹੈ।12।

ਮਨਿ ਪਰਤੀਤਿ ਬਨੀ ਪ੍ਰਭ ਤੇਰੀ ॥ ਬਿਨਸਿ ਗਈ ਹਉਮੈ ਮਤਿ ਮੇਰੀ ॥ ਅੰਗੀਕਾਰੁ ਕੀਆ ਪ੍ਰਭਿ ਅਪਨੈ ਜਗ ਮਹਿ ਸੋਭ ਸੁਹਾਈ ਹੇ ॥੧੩॥ ਜੈ ਜੈ ਕਾਰੁ ਜਪਹੁ ਜਗਦੀਸੈ ॥ ਬਲਿ ਬਲਿ ਜਾਈ ਪ੍ਰਭ ਅਪੁਨੇ ਈਸੈ ॥ ਤਿਸੁ ਬਿਨੁ ਦੂਜਾ ਅਵਰੁ ਨ ਦੀਸੈ ਏਕਾ ਜਗਤਿ ਸਬਾਈ ਹੇ ॥੧੪॥ ਸਤਿ ਸਤਿ ਸਤਿ ਪ੍ਰਭੁ ਜਾਤਾ ॥ ਗੁਰ ਪਰਸਾਦਿ ਸਦਾ ਮਨੁ ਰਾਤਾ ॥ ਸਿਮਰਿ ਸਿਮਰਿ ਜੀਵਹਿ ਜਨ ਤੇਰੇ ਏਕੰਕਾਰਿ ਸਮਾਈ ਹੇ ॥੧੫॥ ਭਗਤ ਜਨਾ ਕਾ ਪ੍ਰੀਤਮੁ ਪਿਆਰਾ ॥ ਸਭੈ ਉਧਾਰਣੁ ਖਸਮੁ ਹਮਾਰਾ ॥ ਸਿਮਰਿ ਨਾਮੁ ਪੁੰਨੀ ਸਭ ਇਛਾ ਜਨ ਨਾਨਕ ਪੈਜ ਰਖਾਈ ਹੇ ॥੧੬॥੧॥ {ਪੰਨਾ 1072}

ਪਦ ਅਰਥ: ਮਨਿ = (ਜਿਸ ਮਨੁੱਖ ਦੇ) ਮਨ ਵਿਚ। ਪਰਤੀਤਿ = ਸਰਧਾ। ਪ੍ਰਭ = ਹੇ ਪ੍ਰਭੂ! ਮਤਿ ਮੇਰੀ = 'ਮੇਰੀ ਮੇਰੀ' ਕਰਨ ਵਾਲੀ ਮਤਿ, ਮਮਤਾ ਵਾਲੀ ਮਤਿ। ਅੰਗੀਕਾਰੁ = ਪੱਖ। ਪ੍ਰਭਿ = ਪ੍ਰਭੂ ਨੇ। ਸੋਭ = ਸੋਭਾ। ਸੁਹਾਈ = ਸੋਹਣੀ ਬਣੀ।13।

ਜੈ ਜੈਕਾਰੁ = ਸਿਫ਼ਤਿ-ਸਾਲਾਹ। ਜਗਦੀਸੈ = ਜਗਦੀਸ ਦੀ, ਜਗਤ ਦੇ ਮਾਲਕ ਦੀ (ਜਗਤ-ਈਸ) । ਜਾਈ = ਜਾਈਂ, ਮੈਂ ਜਾਂਦਾ ਹਾਂ। ਈਸ = ਈਸ਼੍ਵਰ। ਜਗਤਿ ਸਬਾਈ = ਸਾਰੇ ਜਗਤ ਵਿਚ।14।

ਸਤਿ = ਸਦਾ ਕਾਇਮ ਰਹਿਣ ਵਾਲਾ। ਪਰਸਾਦਿ = ਕਿਰਪਾ ਨਾਲ। ਰਾਤਾ = ਰੰਗਿਆ ਹੋਇਆ। ਸਿਮਰਿ = ਸਿਮਰ ਕੇ। ਏਕੰਕਾਰਿ = ਇਕ-ਓਅੰਕਾਰ ਵਿਚ, ਸਰਬ-ਵਿਆਪਕ ਵਿਚ।15।

ਉਧਾਰਣੁ = ਪਾਰ ਲੰਘਾਣ ਜੋਗਾ। ਪੁੰਨੀ = ਪੂਰੀ ਹੋਈ। ਪੈਜ = ਲਾਜ, ਇੱਜ਼ਤ। 16।

ਅਰਥ: ਹੇ ਪ੍ਰਭੂ! ਜਿਸ ਮਨੁੱਖ ਦੇ ਮਨ ਵਿਚ ਤੇਰੀ ਸਰਧਾ ਬਣ ਜਾਂਦੀ ਹੈ, ਉਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਮਮਤਾ ਵਾਲੀ ਬੁੱਧੀ ਨਾਸ ਹੋ ਜਾਂਦੀ ਹੈ। ਹੇ ਭਾਈ! ਆਪਣੇ ਪ੍ਰਭੂ ਨੇ ਜਿਸ ਮਨੁੱਖ ਦੀ ਸਹਾਇਤਾ ਕੀਤੀ, ਉਸ ਦੀ ਸਾਰੇ ਜਗਤ ਵਿਚ ਸੋਭਾ ਚਮਕ ਪਈ।13।

ਹੇ ਭਾਈ! ਜਗਤ ਦੇ ਮਾਲਕ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਰਹੋ। ਮੈਂ ਤਾਂ ਆਪਣੇ ਈਸ਼੍ਵਰ ਪ੍ਰਭੂ ਤੋਂ ਸਦਾ ਸਦਕੇ ਜਾਂਦਾ ਹਾਂ। ਉਸ ਪ੍ਰਭੂ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਦਿੱਸਦਾ। ਸਾਰੇ ਜਗਤ ਵਿਚ ਉਹ ਇਕ ਆਪ ਹੀ ਆਪ ਹੈ।14।

ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਨੂੰ ਸਦਾ-ਥਿਰ ਸਦਾ-ਥਿਰ ਜਾਣ ਲਿਆ ਹੈ ਉਸ ਦਾ ਮਨ ਗੁਰੂ ਦੀ ਕਿਰਪਾ ਨਾਲ ਉਸ ਵਿਚ ਰੰਗਿਆ ਰਹਿੰਦਾ ਹੈ। ਹੇ ਪ੍ਰਭੂ! ਤੇਰੇ ਸੇਵਕ ਤੇਰਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰਦੇ ਹਨ, ਉਹ ਸਦਾ ਤੇਰੇ ਸਰਬ-ਵਿਆਪਕ ਸਰੂਪ ਵਿਚ ਲੀਨ ਰਹਿੰਦੇ ਹਨ।15।

ਹੇ ਭਾਈ! ਸਾਡਾ ਮਾਲਕ-ਪ੍ਰਭੂ ਆਪਣੇ ਭਗਤਾਂ ਦਾ ਪਿਆਰਾ ਹੈ, ਸਭ ਜੀਵਾਂ ਦਾ ਪਾਰ-ਉਤਾਰਾ ਕਰਨ ਵਾਲਾ ਹੈ। ਉਸ ਦਾ ਨਾਮ ਸਿਮਰ ਸਿਮਰ ਕੇ ਉਸ ਦੇ ਭਗਤਾਂ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ। ਹੇ ਨਾਨਕ! ਪਰਮਾਤਮਾ ਆਪਣੇ ਸੇਵਕਾਂ ਦੀ ਸਦਾ ਲਾਜ ਰੱਖਦਾ ਹੈ। 16।1।

ਮਾਰੂ ਸੋਲਹੇ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਸੰਗੀ ਜੋਗੀ ਨਾਰਿ ਲਪਟਾਣੀ ॥ ਉਰਝਿ ਰਹੀ ਰੰਗ ਰਸ ਮਾਣੀ ॥ ਕਿਰਤ ਸੰਜੋਗੀ ਭਏ ਇਕਤ੍ਰਾ ਕਰਤੇ ਭੋਗ ਬਿਲਾਸਾ ਹੇ ॥੧॥ ਜੋ ਪਿਰੁ ਕਰੈ ਸੁ ਧਨ ਤਤੁ ਮਾਨੈ ॥ ਪਿਰੁ ਧਨਹਿ ਸੀਗਾਰਿ ਰਖੈ ਸੰਗਾਨੈ ॥ ਮਿਲਿ ਏਕਤ੍ਰ ਵਸਹਿ ਦਿਨੁ ਰਾਤੀ ਪ੍ਰਿਉ ਦੇ ਧਨਹਿ ਦਿਲਾਸਾ ਹੇ ॥੨॥ ਧਨ ਮਾਗੈ ਪ੍ਰਿਉ ਬਹੁ ਬਿਧਿ ਧਾਵੈ ॥ ਜੋ ਪਾਵੈ ਸੋ ਆਣਿ ਦਿਖਾਵੈ ॥ ਏਕ ਵਸਤੁ ਕਉ ਪਹੁਚਿ ਨ ਸਾਕੈ ਧਨ ਰਹਤੀ ਭੂਖ ਪਿਆਸਾ ਹੇ ॥੩॥ ਧਨ ਕਰੈ ਬਿਨਉ ਦੋਊ ਕਰ ਜੋਰੈ ॥ ਪ੍ਰਿਅ ਪਰਦੇਸਿ ਨ ਜਾਹੁ ਵਸਹੁ ਘਰਿ ਮੋਰੈ ॥ ਐਸਾ ਬਣਜੁ ਕਰਹੁ ਗ੍ਰਿਹ ਭੀਤਰਿ ਜਿਤੁ ਉਤਰੈ ਭੂਖ ਪਿਆਸਾ ਹੇ ॥੪॥ ਸਗਲੇ ਕਰਮ ਧਰਮ ਜੁਗ ਸਾਧਾ ॥ ਬਿਨੁ ਹਰਿ ਰਸ ਸੁਖੁ ਤਿਲੁ ਨਹੀ ਲਾਧਾ ॥ ਭਈ ਕ੍ਰਿਪਾ ਨਾਨਕ ਸਤਸੰਗੇ ਤਉ ਧਨ ਪਿਰ ਅਨੰਦ ਉਲਾਸਾ ਹੇ ॥੫॥ {ਪੰਨਾ 1072}

ਪਦ ਅਰਥ: ਸੰਗੀ = ਸਾਥੀ, 'ਨਾਰਿ' ਦਾ ਸਾਥੀ, ਕਾਇਆਂ ਦਾ ਸਾਥੀ। ਜੋਗੀ = (ਅਸਲ ਵਿਚ) ਨਿਰਲੇਪ, ਵਿਰਕਤ (ਜੀਵਾਤਮਾ) । ਨਾਰਿ = ਇਸਤ੍ਰੀ, ਕਾਇਆਂ। ਲਪਟਾਣੀ = ਲਪਟੀ ਹੋਈ ਹੈ, ਚੰਬੜੀ ਹੋਈ ਹੈ। ਉਰਝਿ ਰਹੀ = (ਕਾਇਆਂ-ਇਸਤ੍ਰੀ ਜੀਵਾਤਮਾ ਜੋਗੀ ਨਾਲ) ਉਲਝੀ ਹੋਈ ਹੈ, ਉਸ ਨੂੰ ਆਪਣੇ ਮੋਹ ਵਿਚ ਫਸਾ ਰਹੀ ਹੈ। ਕਿਰਤ = ਪਿਛਲੇ ਕੀਤੇ ਕਰਮ। ਕਿਰਤ ਸੰਜੋਗੀ = ਕੀਤੇ ਕਰਮਾਂ ਦੇ ਸੰਜੋਗਾਂ ਨਾਲ। ਇਕਤ੍ਰਾ = ਇਕੱਠੇ। ਕਰਤੇ = ਕਰਦੇ ਹਨ।1।

ਪਿਰੁ = (ਕਾਇਆਂ-ਇਸਤ੍ਰੀ ਦਾ) ਖਸਮ, ਜੀਵਾਤਮਾ। ਧਨ = ਇਸਤ੍ਰੀ, ਕਾਇਆਂ। ਤਤੁ = ਤੁਰਤ। ਮਾਨੇ = ਮੰਨਦੀ ਹੈ। ਧਨਹਿ = ਕਾਇਆਂ-ਇਸਤ੍ਰੀ ਨੂੰ। ਸੀਗਾਰਿ = ਸਿੰਗਾਰ ਕੇ। ਸੰਗਾਨੈ = (ਆਪਣੇ) ਨਾਲ। ਮਿਲਿ = ਮਿਲ ਕੇ। ਪ੍ਰਿਉ = ਜੀਵਾਤਮਾ-ਪਤੀ।2।

ਮਾਗੈ = ਮੰਗਦੀ ਹੈ। ਬਹੁ ਬਿਧਿ = ਕਈ ਤਰ੍ਹਾਂ। ਧਾਵੈ = ਦੌੜਿਆ ਫਿਰਦਾ ਹੈ। ਪਾਵੈ = ਹਾਸਲ ਕਰਦਾ ਹੈ। ਜੋ = ਜੋ ਕੁਝ। ਆਣਿ = ਲਿਆ ਕੇ। ਇਕ ਵਸਤੁ = ਨਾਮ-ਪਦਾਰਥ। ਕਉ = ਨੂੰ। ਰਹਤੀ = ਬਣੀ ਰਹਿੰਦੀ ਹੈ।3।

ਬਿਨਉ = ਬੇਨਤੀ। ਦੋਊ ਕਰ = ਦੋਵੇਂ ਹੱਥ। ਜੋਰੈ = ਜੋੜਦੀ ਹੈ। ਪ੍ਰਿਅ = ਹੇ ਪਿਆਰੇ! ਪਰਦੇਸਿ = ਪਰਾਏ ਦੇਸ ਵਿਚ। ਘਰਿ ਮੋਰੈ = ਮੇਰੇ ਘਰ ਵਿਚ, ਮੇਰੇ ਵਿਚ ਹੀ। ਗ੍ਰਿਹ ਭੀਤਿਰਿ = ਮੇਰੇ ਹੀ ਘਰ ਵਿਚ, ਇਸੇ ਕਾਇਆਂ ਵਿਚ। ਜਿਤੁ = ਜਿਸ (ਬਣਜ) ਦੀ ਰਾਹੀਂ।4।

ਸਗਲੇ = ਸਾਰੇ। ਸਗਲੇ ਜੁਗ = ਸਾਰੇ ਜੁਗਾਂ ਵਿਚ, ਸਦਾ ਤੋਂ ਹੀ। ਕਰਮ ਧਰਮ ਸਾਧਾ = ਮਿਥੇ ਹੋਏ ਧਾਰਮਿਕ ਕੰਮ ਕੀਤੇ ਗਏ ਹਨ। ਤਿਲੁ = ਰਤਾ ਭਰ ਭੀ। ਲਾਧਾ = ਲੱਭਾ। ਸਤਸੰਗੇ = ਸਾਧ ਸੰਗਤਿ ਵਿਚ। ਅਨੰਦ ਉਲਾਸਾ = ਆਤਮਕ ਆਨੰਦ।5।

ਅਰਥ: ਹੇ ਭਾਈ! (ਇਹ ਜੀਵਾਤਮਾ ਅਸਲ ਵਿਚ ਵਿਰਕਤ) ਜੋਗੀ (ਹੈ, ਇਹ ਕਾਇਆਂ-) ਇਸਤ੍ਰੀ ਦਾ ਸਾਥੀ (ਜਦੋਂ ਬਣ ਜਾਂਦਾ ਹੈ, ਤਾਂ ਕਾਇਆਂ-) ਇਸਤ੍ਰੀ (ਇਸ ਨਾਲ) ਲਪਟੀ ਰਹਿੰਦੀ ਹੈ, ਇਸ ਨੂੰ ਆਪਣੇ ਮੋਹ ਵਿਚ ਫਸਾਂਦੀ ਰਹਿੰਦੀ ਹੈ, (ਤੇ ਇਸ ਨਾਲ ਮਾਇਆ ਦੇ) ਰੰਗ ਰਸ ਮਾਣਦੀ ਰਹਿੰਦੀ ਹੈ। ਕੀਤੇ ਕਰਮਾਂ ਦੇ ਸੰਜੋਗਾਂ ਨਾਲ (ਇਹ ਜੀਵਾਤਮਾ ਅਤੇ ਕਾਇਆਂ) ਇਕੱਠੇ ਹੁੰਦੇ ਹਨ, ਤੇ, (ਦੁਨੀਆ ਦੇ) ਭੋਗ ਬਿਲਾਸ ਕਰਦੇ ਰਹਿੰਦੇ ਹਨ।1।

ਹੇ ਭਾਈ! ਜੋ ਕੁਝ ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ ਆਖਦਾ ਹੈ ਉਹ ਤੁਰਤ ਮੰਨਦੀ ਹੈ। ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ ਸਜਾ-ਸੰਵਾਰ ਕੇ ਆਪਣੇ ਨਾਲ ਰੱਖਦਾ ਹੈ। ਮਿਲ ਕੇ ਦਿਨ ਰਾਤ ਇਹ ਇਕੱਠੇ ਵੱਸਦੇ ਹਨ। ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ (ਕਈ ਤਰ੍ਹਾਂ ਦਾ) ਹੌਸਲਾ ਦੇਂਦਾ ਰਹਿੰਦਾ ਹੈ।2।

ਹੇ ਭਾਈ! ਕਾਇਆਂ-ਇਸਤ੍ਰੀ (ਭੀ ਜੋ ਕੁਝ) ਮੰਗਦੀ ਹੈ, (ਉਹ ਹਾਸਲ ਕਰਨ ਵਾਸਤੇ) ਜੀਵਾਤਮਾ-ਪਤੀ ਕਈ ਤਰ੍ਹਾਂ ਦੀ ਦੌੜ-ਭੱਜ ਕਰਦਾ ਫਿਰਦਾ ਹੈ। ਜੋ ਕੁਝ ਉਸ ਨੂੰ ਲੱਭਦਾ ਹੈ, ਉਹ ਲਿਆ ਕੇ (ਆਪਣੀ ਕਾਇਆਂ-ਇਸਤ੍ਰੀ ਨੂੰ) ਵਿਖਾ ਦੇਂਦਾ ਹੈ। (ਪਰ ਇਸ ਦੌੜ-ਭੱਜ ਵਿਚ ਇਸ ਨੂੰ) ਨਾਮ-ਪਦਾਰਥ ਨਹੀਂ ਲੱਭ ਸਕਦਾ, (ਨਾਮ-ਪਦਾਰਥ ਤੋਂ ਬਿਨਾ) ਕਾਇਆਂ-ਇਸਤ੍ਰੀ ਦੀ (ਮਾਇਆ ਵਾਲੀ) ਭੁੱਖ ਤ੍ਰੇਹ ਟਿਕੀ ਰਹਿੰਦੀ ਹੈ।3।

ਹੇ ਭਾਈ! ਕਾਇਆਂ-ਇਸਤ੍ਰੀ ਦੋਵੇਂ ਹੱਥ ਜੋੜਦੀ ਹੈ ਤੇ (ਜੀਵਾਤਮਾ-ਪਤੀ ਅੱਗੇ) ਬੇਨਤੀ ਕਰਦੀ ਰਹਿੰਦੀ ਹੈ– ਹੇ ਪਿਆਰੇ! (ਮੈਨੂੰ ਛੱਡ ਕੇ) ਕਿਸੇ ਹੋਰ ਦੇਸ ਵਿਚ ਨਾਹ ਤੁਰ ਜਾਈਂ, ਮੇਰੇ ਹੀ ਇਸ ਘਰ ਵਿਚ ਟਿਕਿਆ ਰਹੀਂ। ਇਸੇ ਘਰ ਵਿਚ ਕੋਈ ਐਸਾ ਵਣਜ ਕਰਦਾ ਰਹੁ, ਜਿਸ ਨਾਲ ਮੇਰੀ ਭੁੱਖ ਤ੍ਰੇਹ ਮਿਟਦੀ ਰਹੇ (ਮੇਰੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣ) ।4।

ਪਰ, ਹੇ ਭਾਈ! ਸਦਾ ਤੋਂ ਹੀ ਲੋਕ ਮਿਥੇ ਹੋਏ ਧਾਰਮਿਕ ਕਰਮ ਕਰਦੇ ਆਏ ਹਨ। ਹਰਿ-ਨਾਮ ਦੇ ਸੁਆਦ ਤੋਂ ਬਿਨਾ ਕਿਸੇ ਨੂੰ ਭੀ ਰਤਾ ਭਰ ਸੁਖ ਨਹੀਂ ਲੱਭਾ। ਹੇ ਨਾਨਕ! ਜਦੋਂ ਸਾਧ ਸੰਗਤਿ ਵਿਚ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤਾਂ ਇਹ ਜੀਵਾਤਮਾ ਤੇ ਕਾਇਆਂ ਮਿਲ ਕੇ (ਨਾਮ ਦੀ ਬਰਕਤਿ ਨਾਲ) ਆਤਮਕ ਆਨੰਦ ਮਾਣਦੇ ਹਨ।5।

TOP OF PAGE

Sri Guru Granth Darpan, by Professor Sahib Singh