ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1073

ਧਨ ਅੰਧੀ ਪਿਰੁ ਚਪਲੁ ਸਿਆਨਾ ॥ ਪੰਚ ਤਤੁ ਕਾ ਰਚਨੁ ਰਚਾਨਾ ॥ ਜਿਸੁ ਵਖਰ ਕਉ ਤੁਮ ਆਏ ਹਹੁ ਸੋ ਪਾਇਓ ਸਤਿਗੁਰ ਪਾਸਾ ਹੇ ॥੬॥ ਧਨ ਕਹੈ ਤੂ ਵਸੁ ਮੈ ਨਾਲੇ ॥ ਪ੍ਰਿਅ ਸੁਖਵਾਸੀ ਬਾਲ ਗੁਪਾਲੇ ॥ ਤੁਝੈ ਬਿਨਾ ਹਉ ਕਿਤ ਹੀ ਨ ਲੇਖੈ ਵਚਨੁ ਦੇਹਿ ਛੋਡਿ ਨ ਜਾਸਾ ਹੇ ॥੭॥ ਪਿਰਿ ਕਹਿਆ ਹਉ ਹੁਕਮੀ ਬੰਦਾ ॥ ਓਹੁ ਭਾਰੋ ਠਾਕੁਰੁ ਜਿਸੁ ਕਾਣਿ ਨ ਛੰਦਾ ॥ ਜਿਚਰੁ ਰਾਖੈ ਤਿਚਰੁ ਤੁਮ ਸੰਗਿ ਰਹਣਾ ਜਾ ਸਦੇ ਤ ਊਠਿ ਸਿਧਾਸਾ ਹੇ ॥੮॥ ਜਉ ਪ੍ਰਿਅ ਬਚਨ ਕਹੇ ਧਨ ਸਾਚੇ ॥ ਧਨ ਕਛੂ ਨ ਸਮਝੈ ਚੰਚਲਿ ਕਾਚੇ ॥ ਬਹੁਰਿ ਬਹੁਰਿ ਪਿਰ ਹੀ ਸੰਗੁ ਮਾਗੈ ਓਹੁ ਬਾਤ ਜਾਨੈ ਕਰਿ ਹਾਸਾ ਹੇ ॥੯॥ ਆਈ ਆਗਿਆ ਪਿਰਹੁ ਬੁਲਾਇਆ ॥ ਨਾ ਧਨ ਪੁਛੀ ਨ ਮਤਾ ਪਕਾਇਆ ॥ ਊਠਿ ਸਿਧਾਇਓ ਛੂਟਰਿ ਮਾਟੀ ਦੇਖੁ ਨਾਨਕ ਮਿਥਨ ਮੋਹਾਸਾ ਹੇ ॥੧੦॥ {ਪੰਨਾ 1073}

ਪਦ ਅਰਥ: ਧਨ = ਕਾਇਆਂ (-ਇਸਤ੍ਰੀ) । ਅੰਧੀ = ਮਾਇਆ-ਗ੍ਰਸੀ, ਮਾਇਆ ਦੇ ਮੋਹ ਵਿਚ ਅੰਨ੍ਹੀ। ਪਿਰੁ = ਜੀਵਾਤਮਾ-ਪਤੀ। ਚਪਲੁ = ਚੰਚਲ। ਸਿਆਨਾ = ਚਤੁਰ। ਪੰਚ ਤਤੁ ਕਾ ਰਚਨੁ = ਦੁਨੀਆ ਵਾਲੀ ਖੇਡ। ਰਚਾਨਾ = ਖੇਡ ਰਿਹਾ ਹੈ। ਵਖਰੁ ਕਉ = ਨਾਮ-ਪਦਾਰਥ ਵਾਸਤੇ।6।

ਮੈ ਨਾਲੇ = ਮੇਰੇ ਨਾਲ। ਪ੍ਰਿਅ ਸੁਖਵਾਸੀ = ਹੇ ਸੁਖ-ਰਹਿਣੇ ਪਿਆਰੇ। ਬਾਲ ਗੁਪਾਲੇ = ਹੇ ਲਾਡੁਲੇ ਸੱਜਣ! ਹਉ = ਮੈਂ। ਕਿਤ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਤੁ' ਦਾ ੁ ਉੱਡ ਗਿਆ ਹੈ}। ਕਿਤ ਹੀ ਲੇਖੈ = ਕਿਸੇ ਹੀ ਲੇਖੇ ਵਿਚ, ਕਾਸੇ ਜੋਗੀ। ਵਚਨੁ ਦੇਹਿ = ਇਕਰਾਰ ਕਰ। ਨ ਜਾਸਾ = ਨਾ ਜਾਸਾਂ, ਨਹੀਂ ਜਾਵਾਂਗਾ।7।

ਪਿਰਿ = ਪਿਰ ਨੇ। ਹਉ = ਮੈਂ। ਕਾਣਿ = ਡਰ। ਛੰਦਾ = ਮੁਥਾਜੀ। ਜਿਚਰੁ = ਜਿਤਨਾ ਚਿਰ। ਸਦੇ = ਸੱਦੇ। ਜਾ = ਜਦੋਂ। ਸਿਧਾਸਾ = ਸਿਧਾਸਾਂ, ਮੈਂ ਚਲਾ ਜਾਵਾਂਗਾ।8।

ਜਾ = ਜਦੋਂ। ਕਹੇ = ਆਖਦਾ ਹੈ। ਪ੍ਰਿਅ = ਪਿਆਰਾ (ਜੀਵਾਤਮਾ) । ਬਹੁਰਿ ਬਹੁਰਿ = ਮੁੜ ਮੁੜ। ਸੰਗੁ = ਸਾਥ। ਓਹੁ = {ਪੁਲਿੰਗ} ਜੀਵਾਤਮਾ। ਹਾਸਾ = ਮਖ਼ੌਲ।9।

ਆਗਿਆ ਪਿਰਹੁ = ਪ੍ਰਭੂ-ਪਤੀ ਵਲੋਂ ਹੁਕਮ। ਮਤਾ = ਸਲਾਹ। ਊਠਿ = ਉੱਠ ਕੇ। ਛੂਟਰਿ = ਛੁੱਟੜ। ਮਿਥਨ ਮੋਹਾਸਾ = ਮੋਹ ਦਾ ਝੂਠਾ ਪਸਾਰਾ।10।

ਅਰਥ: ਹੇ ਭਾਈ! ਮਾਇਆ-ਗ੍ਰਸੀ ਕਾਇਆਂ ਦੀ ਸੰਗਤਿ ਵਿਚ ਜੀਵਾਤਮਾ ਚੰਚਲ ਚਤੁਰ ਹੋ ਕੇ ਦੁਨੀਆ ਦੀ ਖੇਡ ਹੀ ਖੇਡ ਰਿਹਾ ਹੈ। ਹੇ ਭਾਈ! ਜਿਸ (ਨਾਮ-) ਪਦਾਰਥ ਦੀ ਖ਼ਾਤਰ ਤੁਸੀ ਜਗਤ ਵਿਚ ਆਏ ਹੋ, ਉਹ ਪਦਾਰਥ ਗੁਰੂ ਪਾਸੋਂ ਮਿਲਦਾ ਹੈ।6।

ਹੇ ਭਾਈ! ਕਾਇਆਂ (ਜੀਵਾਤਮਾ ਨੂੰ) ਆਖਦੀ ਰਹਿੰਦੀ ਹੈ– ਹੇ ਪਿਆਰੇ ਤੇ ਸੁਖ-ਰਹਿਣੇ ਲਾਡੁਲੇ ਪਤੀ! ਤੂੰ ਸਦਾ ਮੇਰੇ ਨਾਲ ਵੱਸਦਾ ਰਹੁ। ਤੈਥੋਂ ਬਿਨਾ ਮੇਰਾ ਕੁਝ ਭੀ ਮੁੱਲ ਨਹੀਂ ਹੈ। (ਮੇਰੇ ਨਾਲ) ਇਕਰਾਰ ਕਰ ਕਿ ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ।7।

ਹੇ ਭਾਈ! (ਜਦੋਂ ਭੀ ਕਾਇਆਂ-ਇਸਤ੍ਰੀ ਨੇ ਇਹ ਤਰਲਾ ਲਿਆ, ਤਦੋਂ ਹੀ) ਜੀਵਾਤਮਾ-ਪਤੀ ਨੇ ਆਖਿਆ: ਮੈਂ ਤਾਂ (ਉਸ ਪਰਮਾਤਮਾ ਦੇ) ਹੁਕਮ ਵਿਚ ਤੁਰਨ ਵਾਲਾ ਗ਼ੁਲਾਮ ਹਾਂ। ਉਹ ਬੜਾ ਵੱਡਾ ਮਾਲਕ ਹੈ, ਉਸ ਨੂੰ ਕਿਸੇ ਦਾ ਡਰ ਨਹੀਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ। ਜਿਤਨਾ ਚਿਰ ਉਹ ਮੈਨੂੰ ਤੇਰੇ ਨਾਲ ਰੱਖੇਗਾ, ਮੈਂ ਉਤਨਾ ਚਿਰ ਰਹਿ ਸਕਦਾ ਹਾਂ। ਜਦੋਂ ਸੱਦੇਗਾ, ਤਦੋਂ ਮੈਂ ਉੱਠ ਕੇ ਤੁਰ ਪਵਾਂਗਾ।8।

ਹੇ ਭਾਈ! ਜਦੋਂ ਭੀ ਜੀਵਾਤਮਾ ਇਹ ਸੱਚੇ ਬਚਨ ਕਾਇਆਂ-ਇਸਤ੍ਰੀ ਨੂੰ ਆਖਦਾ ਹੈ, ਉਹ ਚੰਚਲ ਤੇ ਅਕਲ ਦੀ ਕੱਚੀ ਕੁਝ ਭੀ ਨਹੀਂ ਸਮਝਦੀ। ਉਹ ਮੁੜ ਮੁੜ ਜੀਵਾਤਮਾ-ਪਤੀ ਦਾ ਸਾਥ ਹੀ ਮੰਗਦੀ ਹੈ, ਤੇ, ਜੀਵਾਤਮਾ ਉਸ ਦੀ ਗੱਲ ਨੂੰ ਮਖ਼ੌਲ ਸਮਝ ਛੱਡਦਾ ਹੈ।9।

ਹੇ ਭਾਈ! ਜਦੋਂ ਪਤੀ-ਪਰਮਾਤਮਾ ਵਲੋਂ ਹੁਕਮ ਆਉਂਦਾ ਹੈ, ਜਦੋਂ ਉਹ ਸੱਦਾ ਭੇਜਦਾ ਹੈ, ਜੀਵਾਤਮਾ ਨਾਹ ਹੀ ਕਾਇਆਂ-ਇਸਤ੍ਰੀ ਨੂੰ ਪੁੱਛਦਾ ਹੈ, ਨਾਹ ਹੀ ਉਸ ਨਾਲ ਸਲਾਹ ਕਰਦਾ ਹੈ। ਉਹ ਕਾਇਆਂ-ਮਿੱਟੀ ਨੂੰ ਛੁੱਟੜ ਕਰ ਕੇ ਉੱਠ ਕੇ ਤੁਰ ਪੈਂਦਾ ਹੈ। ਹੇ ਨਾਨਕ! ਵੇਖ, ਇਹ ਹੈ ਮੋਹ ਦਾ ਝੂਠਾ ਪਸਾਰਾ।10।

ਰੇ ਮਨ ਲੋਭੀ ਸੁਣਿ ਮਨ ਮੇਰੇ ॥ ਸਤਿਗੁਰੁ ਸੇਵਿ ਦਿਨੁ ਰਾਤਿ ਸਦੇਰੇ ॥ ਬਿਨੁ ਸਤਿਗੁਰ ਪਚਿ ਮੂਏ ਸਾਕਤ ਨਿਗੁਰੇ ਗਲਿ ਜਮ ਫਾਸਾ ਹੇ ॥੧੧॥ ਮਨਮੁਖਿ ਆਵੈ ਮਨਮੁਖਿ ਜਾਵੈ ॥ ਮਨਮੁਖਿ ਫਿਰਿ ਫਿਰਿ ਚੋਟਾ ਖਾਵੈ ॥ ਜਿਤਨੇ ਨਰਕ ਸੇ ਮਨਮੁਖਿ ਭੋਗੈ ਗੁਰਮੁਖਿ ਲੇਪੁ ਨ ਮਾਸਾ ਹੇ ॥੧੨॥ ਗੁਰਮੁਖਿ ਸੋਇ ਜਿ ਹਰਿ ਜੀਉ ਭਾਇਆ ॥ ਤਿਸੁ ਕਉਣੁ ਮਿਟਾਵੈ ਜਿ ਪ੍ਰਭਿ ਪਹਿਰਾਇਆ ॥ ਸਦਾ ਅਨੰਦੁ ਕਰੇ ਆਨੰਦੀ ਜਿਸੁ ਸਿਰਪਾਉ ਪਇਆ ਗਲਿ ਖਾਸਾ ਹੇ ॥੧੩॥ ਹਉ ਬਲਿਹਾਰੀ ਸਤਿਗੁਰ ਪੂਰੇ ॥ ਸਰਣਿ ਕੇ ਦਾਤੇ ਬਚਨ ਕੇ ਸੂਰੇ ॥ ਐਸਾ ਪ੍ਰਭੁ ਮਿਲਿਆ ਸੁਖਦਾਤਾ ਵਿਛੁੜਿ ਨ ਕਤ ਹੀ ਜਾਸਾ ਹੇ ॥੧੪॥ ਗੁਣ ਨਿਧਾਨ ਕਿਛੁ ਕੀਮ ਨ ਪਾਈ ॥ ਘਟਿ ਘਟਿ ਪੂਰਿ ਰਹਿਓ ਸਭ ਠਾਈ ॥ ਨਾਨਕ ਸਰਣਿ ਦੀਨ ਦੁਖ ਭੰਜਨ ਹਉ ਰੇਣ ਤੇਰੇ ਜੋ ਦਾਸਾ ਹੇ ॥੧੫॥੧॥੨॥ {ਪੰਨਾ 1073}

ਪਦ ਅਰਥ: ਸੇਵਿ = ਸਰਨ ਪਿਆ ਰਹੁ। ਸਦੇਰੇ = ਸਦਾ ਹੀ। ਪਚਿ = (ਵਿਕਾਰਾਂ ਦੀ ਅੱਗ ਵਿਚ) ਸੜ ਕੇ। ਮੂਏ = ਆਤਮਕ ਮੌਤ ਸਹੇੜ ਬੈਠੇ। ਸਾਕਤ ਗਲਿ = ਸਾਕਤ ਦੇ ਗਲ ਵਿਚ, ਪਰਮਾਤਮਾ ਤੋਂ ਟੁੱਟੇ ਮਨੁੱਖ ਦੇ ਗਲ ਵਿਚ। ਜਮ ਫਾਸਾ = ਜਮ ਦਾ ਫਾਹਾ।11।

ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਆਵੈ = ਜੰਮਦਾ ਹੈ। ਜਾਵੈ = ਮਰਦਾ ਹੈ। ਖਾਵੈ = ਖਾਂਦਾ ਰਹਿੰਦਾ ਹੈ। ਸੇ = ਉਹ {ਬਹੁ-ਵਚਨ}। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਲੇਪੁ = ਲਬੇੜ, ਅਸਰ। ਮਾਸਾ = ਰਤਾ ਭੀ।12।

ਸੋਇ = ਉਹੀ ਮਨੁੱਖ। ਜਿ = ਜਿਹੜਾ। ਭਾਇਆ = ਚੰਗਾ ਲੱਗਾ। ਪ੍ਰਭਿ = ਪ੍ਰਭੂ ਨੇ। ਪਹਿਰਾਇਆ = ਸਿਰੋਪਾਉ ਦਿੱਤਾ, ਸਤਿਕਾਰਿਆ। ਆਨੰਦੀ = ਆਨੰਦ-ਦਾਤੇ ਨੂੰ (ਮਿਲ ਕੇ) । ਜਿਸੁ ਗਲਿ = ਜਿਸ ਦੇ ਗਲ ਵਿਚ। ਸਿਰਪਾਉ ਖਾਸਾ = ਵਧੀਆ ਸਿਰੋਪਾਉ।13।

ਹਉ = ਮੈਂ। ਸੂਰੇ = ਸੂਰਮੇ। ਬਚਨ ਕੇ ਸੂਰੇ = ਸੂਰਮਿਆਂ ਵਾਂਗ ਆਪਣੇ ਬਚਨ ਉੱਤੇ ਕਾਇਮ ਰਹਿਣ ਵਾਲੇ।14।

ਗੁਣ ਨਿਧਾਨ = ਗੁਣਾਂ ਦਾ ਖ਼ਜ਼ਾਨਾ। ਕੀਮ = ਕੀਮਤ, ਕਦਰ। ਘਟਿ ਘਟਿ = ਹਰੇਕ ਸਰੀਰ ਵਿਚ। ਸਭ ਠਾਈ = ਸਭ ਥਾਵਾਂ ਵਿਚ। ਦੀਨ ਦੁਖ ਭੰਜਨ = ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਹਉ = ਮੈਂ । ਰੇਣ = ਚਰਨ-ਧੂੜ।15।

ਅਰਥ: ਹੇ ਮੇਰੇ ਲੋਭੀ ਮਨ! (ਮੇਰੀ ਗੱਲ) ਸੁਣ; ਦਿਨ ਰਾਤ ਸਦਾ ਹੀ ਗੁਰੂ ਦੀ ਸਰਨ ਪਿਆ ਰਹੁ। ਗੁਰੂ ਦੀ ਸਰਨ ਤੋਂ ਬਿਨਾ ਸਾਕਤ ਨਿਗੁਰੇ ਮਨੁੱਖ (ਵਿਕਾਰਾਂ ਦੀ ਅੱਗ ਵਿਚ) ਸੜ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ। ਉਹਨਾਂ ਦੇ ਗਲ ਵਿਚ ਜਮਰਾਜ ਦਾ (ਇਹ) ਫਾਹਾ ਪਿਆ ਰਹਿੰਦਾ ਹੈ।11।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜੰਮਦਾ ਹੈ ਮਰਦਾ ਹੈ, ਮੁੜ ਮੁੜ ਜਨਮ ਮਰਨ ਦੇ ਇਸ ਗੇੜ ਦੀਆਂ ਚੋਟਾਂ ਖਾਂਦਾ ਰਹਿੰਦਾ ਹੈ। ਮਨ ਦਾ ਮੁਰੀਦ ਸਾਰੇ ਹੀ ਨਰਕਾਂ ਦੇ ਦੁੱਖ ਭੋਗਦਾ ਹੈ। ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਉੱਤੇ ਇਹਨਾਂ ਦਾ ਰਤਾ ਭੀ ਅਸਰ ਨਹੀਂ ਪੈਂਦਾ।12।

ਹੇ ਭਾਈ! ਉਸੇ ਮਨੁੱਖ ਨੂੰ ਗੁਰੂ ਦੇ ਸਨਮੁਖ ਜਾਣੋ ਜਿਹੜਾ ਪਰਮਾਤਮਾ ਨੂੰ ਚੰਗਾ ਲੱਗ ਗਿਆ। ਜਿਸ (ਅਜਿਹੇ) ਮਨੁੱਖ ਨੂੰ ਪਰਮਾਤਮਾ ਨੇ ਆਪ ਆਦਰ-ਸਤਕਾਰ ਦਿੱਤਾ, ਉਸ ਦੀ ਇਸ ਸੋਭਾ ਨੂੰ ਕੋਈ ਮਿਟਾ ਨਹੀਂ ਸਕਦਾ। ਜਿਸ ਮਨੁੱਖ ਦੇ ਗਲ ਵਿਚ ਕਰਤਾਰ ਵੱਲੋਂ ਸੋਹਣਾ ਸਿਰੋਪਾਉ ਪੈ ਗਿਆ, ਉਹ ਆਨੰਦ-ਸਰੂਪ ਪਰਮਾਤਮਾ ਦੇ ਚਰਨਾਂ ਵਿਚ ਜੁੜ ਕੇ ਸਦਾ ਆਤਮਕ ਆਨੰਦ ਮਾਣਦਾ ਹੈ।13।

ਹੇ ਭਾਈ! ਮੈਂ ਪੂਰੇ ਗੁਰੂ ਤੋਂ ਸਦਕੇ ਜਾਂਦਾ ਹਾਂ। ਗੁਰੂ ਸਰਨ ਪਏ ਦੀ ਸਹਾਇਤਾ ਕਰਨ ਜੋਗਾ ਹੈ, ਗੁਰੂ ਸੂਰਮਿਆਂ ਵਾਂਗ ਬਚਨ ਪਾਲਣ ਵਾਲਾ ਹੈ। (ਪੂਰੇ ਗੁਰੂ ਦੀ ਮਿਹਰ ਨਾਲ ਮੈਨੂੰ) ਅਜਿਹਾ ਸੁਖਾਂ ਦਾ ਦਾਤਾ ਪਰਮਾਤਮਾ ਮਿਲ ਗਿਆ ਹੈ, ਕਿ ਉਸ ਦੇ ਚਰਨਾਂ ਤੋਂ ਵਿੱਛੁੜ ਕੇ ਮੈਂ ਹੋਰ ਕਿਤੇ ਭੀ ਨਹੀਂ ਜਾਵਾਂਗਾ।14।

ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਤੇਰੀ ਕੀਮਤ ਨਹੀਂ ਪੈ ਸਕਦੀ। ਤੂੰ ਸਭਨੀਂ ਥਾਈਂ ਹਰੇਕ ਸਰੀਰ ਵਿਚ ਵਿਆਪਕ ਹੈਂ। ਹੇ ਨਾਨਕ! (ਆਖ-) ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਮਿਹਰ ਕਰ, ਮੈਂ ਉਹਨਾਂ (ਦੇ ਚਰਨਾਂ) ਦੀ ਧੂੜ ਬਣਿਆ ਰਹਾਂ ਜੋ ਤੇਰੇ ਦਾਸ ਹਨ।15।1।2।

ਮਾਰੂ ਸੋਲਹੇ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਕਰੈ ਅਨੰਦੁ ਅਨੰਦੀ ਮੇਰਾ ॥ ਘਟਿ ਘਟਿ ਪੂਰਨੁ ਸਿਰ ਸਿਰਹਿ ਨਿਬੇਰਾ ॥ ਸਿਰਿ ਸਾਹਾ ਕੈ ਸਚਾ ਸਾਹਿਬੁ ਅਵਰੁ ਨਾਹੀ ਕੋ ਦੂਜਾ ਹੇ ॥੧॥ ਹਰਖਵੰਤ ਆਨੰਤ ਦਇਆਲਾ ॥ ਪ੍ਰਗਟਿ ਰਹਿਓ ਪ੍ਰਭੁ ਸਰਬ ਉਜਾਲਾ ॥ ਰੂਪ ਕਰੇ ਕਰਿ ਵੇਖੈ ਵਿਗਸੈ ਆਪੇ ਹੀ ਆਪਿ ਪੂਜਾ ਹੇ ॥੨॥ ਆਪੇ ਕੁਦਰਤਿ ਕਰੇ ਵੀਚਾਰਾ ॥ ਆਪੇ ਹੀ ਸਚੁ ਕਰੇ ਪਸਾਰਾ ॥ ਆਪੇ ਖੇਲ ਖਿਲਾਵੈ ਦਿਨੁ ਰਾਤੀ ਆਪੇ ਸੁਣਿ ਸੁਣਿ ਭੀਜਾ ਹੇ ॥੩॥ ਸਾਚਾ ਤਖਤੁ ਸਚੀ ਪਾਤਿਸਾਹੀ ॥ ਸਚੁ ਖਜੀਨਾ ਸਾਚਾ ਸਾਹੀ ॥ ਆਪੇ ਸਚੁ ਧਾਰਿਓ ਸਭੁ ਸਾਚਾ ਸਚੇ ਸਚਿ ਵਰਤੀਜਾ ਹੇ ॥੪॥ {ਪੰਨਾ 1073}

ਪਦ ਅਰਥ: ਕਰੈ ਅਨੰਦੁ = ਖ਼ੁਸ਼ ਹੋ ਰਿਹਾ ਹੈ। ਅਨੰਦੀ = ਆਨੰਦ ਦਾ ਮਾਲਕ ਪਰਮਾਤਮਾ। ਘਟਿ ਘਟਿ = ਹਰੇਕ ਘਟ ਵਿਚ। ਪੂਰਨੁ = ਵਿਆਪਕ। ਸਿਰ ਸਿਰਹਿ = ਹਰੇਕ ਦੇ ਸਿਰ ਉੱਤੇ, ਹਰੇਕ ਦੇ ਕੀਤੇ ਕਰਮਾਂ ਅਨੁਸਾਰ। ਨਿਬੇਰਾ = ਫ਼ੈਸਲਾ, ਨਿਬੇੜਾ। ਸਿਰਿ ਸਾਹਾ ਕੈ = ਸ਼ਾਹਾਂ ਕੈ ਸਿਰਿ, ਸ਼ਾਹਾਂ ਦੇ ਸਿਰ ਉੱਤੇ। ਸਚਾ = ਸਦਾ ਕਾਇਮ ਰਹਿਣ ਵਾਲਾ। ਸਾਹਿਬੁ = ਮਾਲਕ।1।

ਹਰਖ = ਖ਼ੁਸ਼ੀ। ਹਰਖਵੰਤ = ਖ਼ੁਸ਼ੀ ਦਾ ਮਾਲਕ। ਆਨੰਤ = ਅਨੰਤ, ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਜਾਲਾ = ਰੌਸ਼ਨੀ, ਚਾਨਣ। ਪ੍ਰਗਟਿ ਰਹਿਓ = ਪਰਗਟ ਹੋ ਰਿਹਾ ਹੈ। ਕਰੇ ਕਰਿ = ਕਰਿ ਕਰਿ, ਕਰ ਕਰ ਕੇ। ਵਿਗਸੈ = ਖਿੜ ਰਿਹਾ ਹੈ, ਖ਼ੁਸ਼ ਹੋ ਰਿਹਾ ਹੈ।2।

ਕਰੇ = ਕਰਿ, ਰਚ ਕੇ। ਵੀਚਾਰਾ = ਖ਼ਿਆਲ, ਸੰਭਾਲ। ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਪਸਾਰਾ = ਜਗਤ-ਖਿਲਾਰਾ। ਸੁਣਿ = ਸੁਣ ਕੇ। ਭੀਜਾ = ਪ੍ਰਸੰਨ ਹੁੰਦਾ ਹੈ।3।

ਸਚੀ = ਸਦਾ ਕਾਇਮ ਰਹਿਣ ਵਾਲੀ। ਖਜੀਨਾ = ਖ਼ਜ਼ਾਨਾ। ਸਾਹੀ = ਸ਼ਾਹ। ਆਪੇ ਸਚੁ = ਸਦਾ-ਥਿਰ ਹੈ ਆਪ ਹੀ। ਸਭੁ = ਸਾਰਾ ਜਗਤ। ਸਚੇ ਸਚਿ = ਸਦਾ-ਥਿਰ (ਹੁਕਮ) ਦੀ ਰਾਹੀਂ। ਵਰਤੀਜਾ = ਵਰਤਣ-ਵਿਹਾਰ ਕਰ ਰਿਹਾ ਹੈ।4।

ਅਰਥ: ਹੇ ਭਾਈ! ਖ਼ੁਸ਼ੀਆਂ ਦਾ ਮਾਲਕ ਮੇਰਾ ਪ੍ਰਭੂ (ਆਪ ਹੀ ਹਰ ਥਾਂ) ਖ਼ੁਸ਼ੀ ਮਾਣ ਰਿਹਾ ਹੈ। ਹਰੇਕ ਸਰੀਰ ਵਿਚ ਉਹ ਵਿਆਪਕ ਹੈ। ਹਰੇਕ ਜੀਵ ਦੇ ਕੀਤੇ ਕਰਮਾਂ ਅਨੁਸਾਰ ਫ਼ੈਸਲਾ ਕਰਦਾ ਹੈ। (ਦੁਨੀਆ ਦੇ) ਬਾਦਸ਼ਾਹਾਂ ਦੇ ਭੀ ਸਿਰ ਉੱਤੇ ਉਹ ਸਦਾ-ਥਿਰ ਪਰਮਾਤਮਾ ਹੈ। ਕੋਈ ਹੋਰ (ਉਸ ਦੇ ਬਰਾਬਰ ਦਾ) ਨਹੀਂ ਹੈ।1।

ਹੇ ਭਾਈ! ਬੇਅੰਤ ਪਰਮਾਤਮਾ ਖ਼ੁਸ਼ੀਆਂ ਦਾ ਮਾਲਕ ਹੈ, ਦਇਆ ਦਾ ਘਰ ਹੈ। ਹਰ ਥਾਂ ਪਰਗਟ ਹੋ ਰਿਹਾ ਹੈ, ਸਭਨਾਂ ਵਿਚ ਉਹ ਹੀ (ਆਪਣੀ ਜੋਤਿ ਦਾ) ਚਾਨਣ ਕਰ ਰਿਹਾ ਹੈ। ਅਨੇਕਾਂ ਹੀ ਰੂਪ ਬਣਾ ਬਣਾ ਕੇ (ਸਭਨਾਂ ਦੀ) ਸੰਭਾਲ ਕਰ ਰਿਹਾ ਹੈ, ਤੇ ਖ਼ੁਸ਼ ਹੋ ਰਿਹਾ ਹੈ, (ਸਭ ਵਿਚ ਵਿਆਪਕ ਹੈ) ਆਪ ਹੀ (ਆਪਣੀ) ਪੂਜਾ ਕਰ ਰਿਹਾ ਹੈ।2।

ਹੇ ਭਾਈ! ਪਰਮਾਤਮਾ ਆਪ ਹੀ ਇਹ ਕੁਦਰਤਿ ਰਚਦਾ ਹੈ ਆਪ ਹੀ ਇਸ ਦੀ ਸੰਭਾਲ ਕਰਦਾ ਹੈ। ਉਹ ਸਦਾ-ਥਿਰ ਪ੍ਰਭੂ ਆਪ ਹੀ ਜਗਤ-ਖਿਲਾਰਾ ਬਣਾ ਰਿਹਾ ਹੈ। ਦਿਨ ਰਾਤ ਹਰ ਵੇਲੇ ਉਹ ਆਪ ਹੀ (ਜੀਵਾਂ ਨੂੰ) ਖੇਡਾਂ ਖਿਡਾ ਰਿਹਾ ਹੈ। ਆਪ ਹੀ (ਜੀਵਾਂ ਦੀਆਂ ਅਰਜ਼ੋਈਆਂ) ਸੁਣ ਸੁਣ ਕੇ ਖ਼ੁਸ਼ ਹੁੰਦਾ ਹੈ।3।

ਹੇ ਭਾਈ! ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਸ਼ਾਹਨਸ਼ਾਹ ਹੈ, ਉਸ ਦਾ ਖ਼ਜ਼ਾਨਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਪਾਤਿਸ਼ਾਹੀ ਸਦਾ ਕਾਇਮ ਰਹਿਣ ਵਾਲੀ ਹੈ, ਉਸ ਦਾ ਤਖ਼ਤ ਸਦਾ ਕਾਇਮ ਰਹਿਣ ਵਾਲਾ ਹੈ। ਉਹ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ। ਸਾਰੇ ਜਗਤ ਨੂੰ ਉਹ ਆਪ ਹੀ ਸਹਾਰਾ ਦੇਣ ਵਾਲਾ ਹੈ। ਆਪਣੇ ਸਦਾ-ਥਿਰ (ਨਿਯਮਾਂ ਦੀ) ਰਾਹੀਂ ਉਹ ਆਪ ਹੀ ਜਗਤ ਵਿਚ ਵਰਤਾਰਾ ਵਰਤ ਰਿਹਾ ਹੈ।4।

TOP OF PAGE

Sri Guru Granth Darpan, by Professor Sahib Singh