ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 1074 ਸਚੁ ਤਪਾਵਸੁ ਸਚੇ ਕੇਰਾ ॥ ਸਾਚਾ ਥਾਨੁ ਸਦਾ ਪ੍ਰਭ ਤੇਰਾ ॥ ਸਚੀ ਕੁਦਰਤਿ ਸਚੀ ਬਾਣੀ ਸਚੁ ਸਾਹਿਬ ਸੁਖੁ ਕੀਜਾ ਹੇ ॥੫॥ ਏਕੋ ਆਪਿ ਤੂਹੈ ਵਡ ਰਾਜਾ ॥ ਹੁਕਮਿ ਸਚੇ ਕੈ ਪੂਰੇ ਕਾਜਾ ॥ ਅੰਤਰਿ ਬਾਹਰਿ ਸਭੁ ਕਿਛੁ ਜਾਣੈ ਆਪੇ ਹੀ ਆਪਿ ਪਤੀਜਾ ਹੇ ॥੬॥ ਤੂ ਵਡ ਰਸੀਆ ਤੂ ਵਡ ਭੋਗੀ ॥ ਤੂ ਨਿਰਬਾਣੁ ਤੂਹੈ ਹੀ ਜੋਗੀ ॥ ਸਰਬ ਸੂਖ ਸਹਜ ਘਰਿ ਤੇਰੈ ਅਮਿਉ ਤੇਰੀ ਦ੍ਰਿਸਟੀਜਾ ਹੇ ॥੭॥ ਤੇਰੀ ਦਾਤਿ ਤੁਝੈ ਤੇ ਹੋਵੈ ॥ ਦੇਹਿ ਦਾਨੁ ਸਭਸੈ ਜੰਤ ਲੋਐ ॥ ਤੋਟਿ ਨ ਆਵੈ ਪੂਰ ਭੰਡਾਰੈ ਤ੍ਰਿਪਤਿ ਰਹੇ ਆਘੀਜਾ ਹੇ ॥੮॥ {ਪੰਨਾ 1074} ਪਦ ਅਰਥ: ਤਪਾਵਸੁ = ਨਿਆਂ, ਇਨਸਾਫ਼। ਕੇਰਾ = ਦਾ। ਥਾਨੁ = ਥਾਂ, ਟਿਕਾਣਾ। ਪ੍ਰਭ = ਹੇ ਪ੍ਰਭੂ! ਬਾਣੀ = ਬਨਾਵਟ, ਨਿਯਮ। ਸਚੀ = ਅਟੱਲ ਨਿਯਮਾਂ ਵਾਲੀ। ਸਾਹਿਬ = ਹੇ ਸਾਹਿਬ! ਕੀਜਾ = ਕੀਤਾ ਹੈ।5। ਵਡ = ਵੱਡਾ। ਸਚੇ ਕੈ ਹੁਕਮਿ = ਸਦਾ-ਥਿਰ ਪ੍ਰਭੂ ਦੇ ਹੁਕਮ ਵਿਚ। ਕਾਜਾ = ਕਾਰਜ, ਜੀਵਾਂ ਦੇ ਕੰਮ। ਪੂਰੇ = ਸਿਰੇ ਚੜ੍ਹਦੇ ਹਨ। ਪਤੀਜਾ = ਪਤੀਜਦਾ ਹੈ, ਸੰਤੁਸ਼ਟ ਹੁੰਦਾ ਹੈ।6। ਰਸੀਆ = ਰਸ-ਆਨੰਦ ਮਾਣਨ ਵਾਲਾ। ਭੋਗੀ = ਪਦਾਰਥਾਂ ਨੂੰ ਭੋਗਣ ਵਾਲਾ। ਨਿਰਬਾਣੁ = ਵਾਸਨਾ-ਰਹਿਤ, ਨਿਰਲੇਪ। ਜੋਗੀ = ਵਿਰਕਤ। ਸਹਜ = ਆਤਮਕ ਅਡੋਲਤਾ। ਘਰਿ ਤੇਰੈ = ਤੇਰੇ ਘਰ ਵਿਚ। ਅਮਿਉ = ਅੰਮ੍ਰਿਤ। ਦ੍ਰਿਸਟੀਜਾ = ਦ੍ਰਿਸ਼ਟੀ ਵਿਚ।7। ਤੁਝੈ ਤੇ = ਤੇਰੇ ਪਾਸੋਂ ਹੀ। ਦੇਹਿ = ਤੂੰ ਦੇਂਦਾ ਹੈਂ। ਲੋਐ = ਲੋਕਾਂ ਨੂੰ। ਤੋਟਿ = ਘਾਟਾ। ਭੰਡਾਰੈ = ਖ਼ਜ਼ਾਨੇ ਵਿਚ। ਤ੍ਰਿਪਤਿ ਰਹੇ ਆਘੀਜਾ = ਪੂਰਨ ਤੌਰ ਤੇ ਰੱਜੇ ਰਹਿੰਦੇ ਹਨ (ਸਾਰੇ ਜੀਵ) ।8। ਅਰਥ: ਹੇ ਭਾਈ! ਸਦਾ-ਥਿਰ ਪਰਮਾਤਮਾ ਦਾ ਨਿਆਂ ਭੀ ਅਟੱਲ (ਅਭੁੱਲ) ਹੈ। ਹੇ ਪ੍ਰਭੂ! ਤੇਰਾ ਟਿਕਾਣਾ ਸਦਾ ਕਾਇਮ ਰਹਿਣ ਵਾਲਾ ਹੈ। ਹੇ ਸਾਹਿਬ! ਤੇਰੀ ਰਚੀ ਹੋਈ ਕੁਦਰਤਿ ਤੇ (ਉਸ ਦੀ) ਬਣਤਰ ਅਟੱਲ ਨਿਯਮਾਂ ਵਾਲੀ ਹੈ। ਤੂੰ ਆਪ ਹੀ (ਇਸ ਕੁਦਰਤਿ ਵਿਚ) ਅਟੱਲ ਸੁਖ ਪੈਦਾ ਕੀਤਾ ਹੋਇਆ ਹੈ।5। ਹੇ ਪ੍ਰਭੂ! ਸਿਰਫ਼ ਤੂੰ ਆਪ ਹੀ ਸਭ ਤੋਂ ਵੱਡਾ ਰਾਜਾ ਹੈਂ। ਹੇ ਭਾਈ! ਸਦਾ-ਥਿਰ ਪ੍ਰਭੂ ਦੇ ਹੁਕਮ ਅਨੁਸਾਰ ਸਭ ਜੀਵਾਂ ਦੇ ਕੰਮ ਸਿਰੇ ਚੜ੍ਹਦੇ ਹਨ। ਜੋ ਕੁਝ ਜੀਵਾਂ ਦੇ ਅੰਦਰ ਵਰਤਦਾ ਹੈ ਜੋ ਕੁਝ ਬਾਹਰ ਸਾਰੇ ਜਗਤ ਵਿਚ ਹੋ ਰਿਹਾ ਹੈ ਇਹ ਸਭ ਕੁਝ ਉਹ ਆਪ ਹੀ ਜਾਣਦਾ ਹੈ, ਤੇ ਸੰਤੁਸ਼ਟ ਹੁੰਦਾ ਹੈ।6। ਹੇ ਪ੍ਰਭੂ! (ਸਭ ਵਿਚ ਵਿਆਪਕ ਹੋ ਕੇ) ਤੂੰ ਸਭ ਤੋਂ ਵੱਡਾ ਰਸ ਮਾਣਨ ਵਾਲਾ ਤੇ ਭੋਗ ਭੋਗਣ ਵਾਲਾ ਹੈਂ। (ਨਿਰਾਕਾਰ ਹੁੰਦਾ ਹੋਇਆ) ਤੂੰ ਆਪ ਹੀ ਵਾਸਨਾ-ਰਹਿਤ ਜੋਗੀ ਹੈਂ। ਹੇ ਪ੍ਰਭੂ! ਆਤਮਕ ਅਡੋਲਤਾ ਦੇ ਸਾਰੇ ਆਨੰਦ ਤੇਰੇ ਘਰ ਵਿਚ ਮੌਜੂਦ ਹਨ, ਤੇਰੀ ਮਿਹਰ ਦੀ ਨਿਗਾਹ ਵਿਚ ਅੰਮ੍ਰਿਤ ਵੱਸ ਰਿਹਾ ਹੈ।7। ਹੇ ਪ੍ਰਭੂ! ਜਿਤਨੀ ਦਾਤਿ ਤੂੰ ਦੇ ਰਿਹਾ ਹੈਂ ਇਹ ਤੂੰ ਹੀ ਦੇ ਸਕਦਾ ਹੈਂ। ਤੂੰ ਤਾਂ ਸਾਰੇ ਲੋਕਾਂ ਵਿਚ ਸਭ ਜੀਵਾਂ ਨੂੰ ਦਾਨ ਦੇ ਰਿਹਾ ਹੈਂ। ਤੇਰੇ ਭਰੇ ਹੋਏ ਖ਼ਜ਼ਾਨੇ ਵਿਚ ਕਦੇ ਘਾਟਾ ਨਹੀਂ ਪੈ ਸਕਦਾ। ਸਾਰੇ ਹੀ ਜੀਵ (ਤੇਰੀਆਂ ਦਾਤਾਂ ਦੀ ਬਰਕਤਿ ਨਾਲ) ਪੂਰਨ ਤੌਰ ਤੇ ਰੱਜੇ ਰਹਿੰਦੇ ਹਨ।8। ਜਾਚਹਿ ਸਿਧ ਸਾਧਿਕ ਬਨਵਾਸੀ ॥ ਜਾਚਹਿ ਜਤੀ ਸਤੀ ਸੁਖਵਾਸੀ ॥ ਇਕੁ ਦਾਤਾਰੁ ਸਗਲ ਹੈ ਜਾਚਿਕ ਦੇਹਿ ਦਾਨੁ ਸ੍ਰਿਸਟੀਜਾ ਹੇ ॥੯॥ ਕਰਹਿ ਭਗਤਿ ਅਰੁ ਰੰਗ ਅਪਾਰਾ ॥ ਖਿਨ ਮਹਿ ਥਾਪਿ ਉਥਾਪਨਹਾਰਾ ॥ ਭਾਰੋ ਤੋਲੁ ਬੇਅੰਤ ਸੁਆਮੀ ਹੁਕਮੁ ਮੰਨਿ ਭਗਤੀਜਾ ਹੇ ॥੧੦॥ ਜਿਸੁ ਦੇਹਿ ਦਰਸੁ ਸੋਈ ਤੁਧੁ ਜਾਣੈ ॥ ਓਹੁ ਗੁਰ ਕੈ ਸਬਦਿ ਸਦਾ ਰੰਗ ਮਾਣੈ ॥ ਚਤੁਰੁ ਸਰੂਪੁ ਸਿਆਣਾ ਸੋਈ ਜੋ ਮਨਿ ਤੇਰੈ ਭਾਵੀਜਾ ਹੇ ॥੧੧॥ ਜਿਸੁ ਚੀਤਿ ਆਵਹਿ ਸੋ ਵੇਪਰਵਾਹਾ ॥ ਜਿਸੁ ਚੀਤਿ ਆਵਹਿ ਸੋ ਸਾਚਾ ਸਾਹਾ ॥ ਜਿਸੁ ਚੀਤਿ ਆਵਹਿ ਤਿਸੁ ਭਉ ਕੇਹਾ ਅਵਰੁ ਕਹਾ ਕਿਛੁ ਕੀਜਾ ਹੇ ॥੧੨॥ {ਪੰਨਾ 1074} ਪਦ ਅਰਥ: ਜਾਚਹਿ = ਮੰਗਦੇ ਹਨ {ਬਹੁ-ਵਚਨ}। ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਜਤੀ = ਕਾਮ-ਵਾਸਨਾ ਤੋਂ ਬਚੇ ਰਹਿਣ ਦਾ ਜਤਨ ਕਰਨ ਵਾਲੇ। ਸਤੀ = ਵਿਕਾਰਾਂ ਤੋਂ ਬਚਣ ਦਾ ਉੱਦਮ ਕਰਨ ਵਾਲੇ। ਸਗਲ = ਸਾਰੀ ਲੁਕਾਈ। ਜਾਚਿਕ = ਮੰਗਣ ਵਾਲੀ। ਦੇਹਿ = ਤੂੰ ਦੇਂਦਾ ਹੈਂ।9। ਕਰਹਿ = ਕਰਦੇ ਹਨ। ਅਰੁ = ਅਤੇ। ਥਾਪਿ = ਪੈਦਾ ਕਰ ਕੇ। ਉਥਾਪਨਹਾਰਾ = ਨਾਸ ਕਰ ਸਕਣ ਵਾਲਾ। ਮੰਨਿ = ਮੰਨ ਕੇ। ਭਗਤੀਜਾ = ਭਗਤ ਬਣਦੇ ਹਨ।10। ਦੇਹਿ = ਤੂੰ ਦੇਂਦਾ ਹੈਂ। ਸੋਈ = ਉਹੀ ਮਨੁੱਖ। ਤੁਧੁ ਜਾਣੈ = ਤੇਰੇ ਨਾਲ ਸਾਂਝ ਪਾਂਦਾ ਹੈ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਤੇਰੈ ਮਨਿ = ਤੇਰੇ ਮਨ ਵਿਚ।11। ਜਿਸੁ ਚੀਤਿ = ਜਿਸ (ਮਨੁੱਖ) ਦੇ ਚਿੱਤ ਵਿਚ। ਆਵਹਿ = ਤੂੰ ਆ ਵੱਸਦਾ ਹੈਂ। ਵੇਪਰਵਾਹਾ = ਬੇ-ਮੁਥਾਜ। ਸਾਚਾ ਸਾਹਾ = ਸੱਚਾ ਸ਼ਾਹ, ਸਦਾ ਕਾਇਮ ਰਹਿਣ ਵਾਲੇ (ਨਾਮ-) ਧਨ ਦਾ ਮਾਲਕ। ਭਉ ਕੇਹਾ = ਕੇਹਾ ਡਰ? ਕੋਈ ਡਰ ਨਹੀਂ (ਰਹਿ ਜਾਂਦਾ) ।12। ਅਰਥ: ਹੇ ਪ੍ਰਭੂ! ਜੰਗਲਾਂ ਦੇ ਵਾਸੀ ਸਿੱਧ ਤੇ ਸਾਧਿਕ (ਤੇਰੇ ਦਰ ਤੋਂ ਹੀ) ਮੰਗਦੇ ਹਨ। ਸੁਖ-ਰਹਿਣੇ ਜਤੀ ਤੇ ਸਤੀ (ਭੀ ਤੇਰੇ ਦਰ ਤੋਂ) ਮੰਗਦੇ ਹਨ। ਤੂੰ ਇਕ ਦਾਤਾ ਹੈਂ, ਹੋਰ ਸਾਰੀ ਲੁਕਾਈ (ਤੇਰੇ ਦਰ ਤੋਂ) ਮੰਗਣ ਵਾਲੀ ਹੈ। ਤੂੰ ਸਾਰੀ ਸ੍ਰਿਸ਼ਟੀ ਨੂੰ ਦਾਨ ਦੇਂਦਾ ਹੈਂ।9। ਹੇ ਭਾਈ! (ਅਨੇਕਾਂ ਭਗਤ) ਬੇਅੰਤ ਪ੍ਰਭੂ ਦੀ ਭਗਤੀ ਕਰਦੇ ਹਨ ਅਤੇ ਆਤਮਕ ਆਨੰਦ ਮਾਣਦੇ ਹਨ। ਪਰਮਾਤਮਾ ਪੈਦਾ ਕਰ ਕੇ ਇਕ ਛਿਨ ਵਿਚ ਨਾਸ ਕਰਨ ਦੀ ਸਮਰਥਾ ਰੱਖਦਾ ਹੈ। ਉਹ ਮਾਲਕ ਬੇਅੰਤ ਤਾਕਤ ਵਾਲਾ ਹੈ ਬੇਅੰਤ ਹੈ। (ਜੀਵ) ਉਸ ਦਾ ਹੁਕਮ ਮੰਨ ਕੇ ਉਸ ਦੇ ਭਗਤ ਬਣਦੇ ਹਨ।10। ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਦਰਸਨ ਦੇਂਦਾ ਹੈਂ, ਉਹੀ ਤੇਰੇ ਨਾਲ ਸਾਂਝ ਪਾਂਦਾ ਹੈ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਸਦਾ ਆਤਮਕ ਆਨੰਦ ਮਾਣਦਾ ਹੈ। ਉਹੀ ਮਨੁੱਖ (ਅਸਲ) ਸਿਆਣਾ ਹੈ ਸੋਹਣਾ ਹੈ ਅਕਲ ਵਾਲਾ ਹੈ, ਜਿਹੜਾ ਤੇਰੇ ਮਨ ਵਿਚ ਚੰਗਾ ਲੱਗਦਾ ਹੈ।11। ਹੇ ਪ੍ਰਭੂ! ਜਿਸ ਮਨੁੱਖ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ, ਉਹ ਸਦਾ ਕਾਇਮ ਰਹਿਣ ਵਾਲੇ (ਨਾਮ-) ਧਨ ਦਾ ਮਾਲਕ ਬਣ ਜਾਂਦਾ ਹੈ, ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ, ਕੋਈ ਭੀ ਉਸ ਦਾ ਕੁਝ ਵਿਗਾੜ ਨਹੀਂ ਸਕਦਾ।12। ਤ੍ਰਿਸਨਾ ਬੂਝੀ ਅੰਤਰੁ ਠੰਢਾ ॥ ਗੁਰਿ ਪੂਰੈ ਲੈ ਤੂਟਾ ਗੰਢਾ ॥ ਸੁਰਤਿ ਸਬਦੁ ਰਿਦ ਅੰਤਰਿ ਜਾਗੀ ਅਮਿਉ ਝੋਲਿ ਝੋਲਿ ਪੀਜਾ ਹੇ ॥੧੩॥ ਮਰੈ ਨਾਹੀ ਸਦ ਸਦ ਹੀ ਜੀਵੈ ॥ ਅਮਰੁ ਭਇਆ ਅਬਿਨਾਸੀ ਥੀਵੈ ॥ ਨਾ ਕੋ ਆਵੈ ਨਾ ਕੋ ਜਾਵੈ ਗੁਰਿ ਦੂਰਿ ਕੀਆ ਭਰਮੀਜਾ ਹੇ ॥੧੪॥ ਪੂਰੇ ਗੁਰ ਕੀ ਪੂਰੀ ਬਾਣੀ ॥ ਪੂਰੈ ਲਾਗਾ ਪੂਰੇ ਮਾਹਿ ਸਮਾਣੀ ॥ ਚੜੈ ਸਵਾਇਆ ਨਿਤ ਨਿਤ ਰੰਗਾ ਘਟੈ ਨਾਹੀ ਤੋਲੀਜਾ ਹੇ ॥੧੫॥ ਬਾਰਹਾ ਕੰਚਨੁ ਸੁਧੁ ਕਰਾਇਆ ॥ ਨਦਰਿ ਸਰਾਫ ਵੰਨੀ ਸਚੜਾਇਆ ॥ ਪਰਖਿ ਖਜਾਨੈ ਪਾਇਆ ਸਰਾਫੀ ਫਿਰਿ ਨਾਹੀ ਤਾਈਜਾ ਹੇ ॥੧੬॥ ਅੰਮ੍ਰਿਤ ਨਾਮੁ ਤੁਮਾਰਾ ਸੁਆਮੀ ॥ ਨਾਨਕ ਦਾਸ ਸਦਾ ਕੁਰਬਾਨੀ ॥ ਸੰਤਸੰਗਿ ਮਹਾ ਸੁਖੁ ਪਾਇਆ ਦੇਖਿ ਦਰਸਨੁ ਇਹੁ ਮਨੁ ਭੀਜਾ ਹੇ ॥੧੭॥੧॥੩॥ {ਪੰਨਾ 1074} ਪਦ ਅਰਥ: ਅੰਤਰੁ = ਹਿਰਦਾ {ਲਫ਼ਜ਼ 'ਅੰਤਰੁ' ਅਤੇ 'ਅੰਤਰਿ' ਦਾ ਫ਼ਰਕ ਚੇਤੇ ਰੱਖੋ}। ਗੁਰਿ ਪੂਰੈ = ਪੂਰੇ ਗੁਰੂ ਨੇ। ਤੂਟਾ ਲੈ = (ਪ੍ਰਭੂ ਨਾਲੋਂ) ਟੁੱਟੇ ਹੋਏ ਨੂੰ ਫੜ ਕੇ। ਗੰਢਾ = (ਪ੍ਰਭੂ ਨਾਲ ਫਿਰ) ਜੋੜ ਦਿੱਤਾ। ਰਿਦ ਅੰਤਰਿ = ਹਿਰਦੇ ਵਿਚ। ਜਾਗੀ = ਜਾਗ ਪਈ, ਪੈਦਾ ਹੋ ਗਈ। 'ਸੁਰਤਿ...ਜਾਗੀ' = ਗੁਰੂ ਦੇ ਸ਼ਬਦ ਨੂੰ ਸੁਰਤਿ ਵਿਚ (ਟਿਕਾਣ ਦੀ ਸੂਝ ਉਸ ਮਨੁੱਖ ਦੇ) ਹਿਰਦੇ ਵਿਚ ਜਾਗ ਪਈ। ਅਮਿਉ = ਅੰਮ੍ਰਿਤ। ਝੋਲਿ = ਝੋਲਿ ਕੇ, ਹਿਲਾ ਕੇ, ਸੁਆਦ ਨਾਲ।13। ਮਰੈ = ਆਤਮਕ ਮੌਤ ਸਹੇੜਦਾ ਹੈ। ਸਦ ਸਦ ਹੀ = ਸਦਾ ਹੀ ਸਦਾ ਹੀ। ਜੀਵੈ = ਆਤਮਕ ਜੀਵਨ ਜੀਊਂਦਾ ਹੈ। ਅਮਰੁ = ਅਟੱਲ ਆਤਮਕ ਜੀਵਨ ਵਾਲਾ। ਥੀਵੈ = ਹੋ ਜਾਂਦਾ ਹੈ। ਗੁਰਿ = ਗੁਰੂ ਨੇ।14। ਪੂਰੈ = ਪੂਰਨ ਪ੍ਰਭੂ ਵਿਚ। ਲਾਗਾ = ਲੱਗਾ, ਜੁੜਿਆ। ਮਹਿ = ਵਿਚ। ਚੜੈ = ਚੜ੍ਹਦਾ ਹੈ। ਸਵਾਇਆ ਰੰਗਾ = ਵਧੀਕ ਪ੍ਰੇਮ-ਰੰਗ। ਘਟੈ = ਘਟਦਾ। ਤੋਲੀਜਾ = ਤੋਲਿਆਂ, ਪੜਤਾਲ ਕੀਤਿਆਂ।15। ਬਾਰਹਾ = ਬਾਰਾਂ ਵੰਨੀ ਦਾ, ਪੂਰੇ ਬਾਰਾਂ ਮਾਸੇ ਤੋਲ ਤੇ ਵਿਕਣ ਵਾਲਾ। ਕੰਚਨੁ = ਸੋਨਾ। ਸੁਧੁ = ਸ਼ੁੱਧ, ਖਰਾ। ਵੰਨੀਸ = ਸੋਹਣੇ ਰੰਗ ਵਾਲਾ। ਨਦਰਿ ਸਰਾਫ ਚੜਾਇਆ = ਸਰਾਫ਼ ਦੀ ਨਜ਼ਰ ਵਿਚ ਚੜ੍ਹ ਜਾਂਦਾ ਹੈ, ਸਰਾਫ਼ ਦੀ ਨਜ਼ਰ ਵਿਚ ਪਰਵਾਨ ਹੋ ਜਾਂਦਾ ਹੈ। ਪਰਖਿ = ਪਰਖ ਕੇ। 16। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਸੁਆਮੀ = ਹੇ ਸੁਆਮੀ! ਸੰਤ ਸੰਗਿ = ਸੰਤ (ਗੁਰੂ) ਦੀ ਸੰਗਤਿ ਵਿਚ। ਦੇਖਿ = ਵੇਖ ਕੇ। 17। ਅਰਥ: ਹੇ ਭਾਈ! (ਪ੍ਰਭੂ ਨਾਲੋਂ) ਟੁੱਟੇ ਹੋਏ ਜਿਸ ਮਨੁੱਖ ਨੂੰ ਫੜ ਕੇ ਪੂਰੇ ਗੁਰੂ ਨੇ (ਮੁੜ ਪ੍ਰਭੂ ਨਾਲ) ਜੋੜ ਦਿੱਤਾ, ਉਸ ਦੀ ਤ੍ਰਿਸ਼ਨਾ (ਦੀ ਅੱਗ) ਬੁੱਝ ਗਈ ਉਸ ਦਾ ਹਿਰਦਾ ਸ਼ਾਂਤ ਹੋ ਗਿਆ। ਗੁਰੂ ਦੇ ਸ਼ਬਦ ਨੂੰ ਸੁਰਤਿ ਵਿਚ (ਟਿਕਾਣ ਦੀ ਸੂਝ ਉਸ ਮਨੁੱਖ ਦੇ) ਹਿਰਦੇ ਵਿਚ ਜਾਗ ਪਈ। ਉਹ ਮਨੁੱਖ ਬੜੇ ਸੁਆਦ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ।13। ਹੇ ਭਾਈ! ਗੁਰੂ ਨੇ ਜਿਸ ਮਨੁੱਖ ਦੀ ਭਟਕਣਾ ਦੂਰ ਕਰ ਦਿੱਤੀ, ਉਹ ਆਤਮਕ ਮੌਤ ਨਹੀਂ ਸਹੇੜਦਾ, ਉਹ ਸਦਾ ਹੀ ਆਤਮਕ ਜੀਵਨ ਜੀਊਂਦਾ ਹੈ। ਉਹ ਅਟੱਲ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ, ਉਸ ਨੂੰ ਮੌਤ ਦਾ ਸਹਮ ਨਹੀਂ ਵਿਆਪਦਾ। ਅਜਿਹਾ ਮਨੁੱਖ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ।14। ਹੇ ਭਾਈ! ਜਿਹੜਾ ਮਨੁੱਖ ਪੂਰੇ ਗੁਰੂ ਦੀ ਪੂਰੀ ਬਾਣੀ ਦੀ ਰਾਹੀਂ ਪੂਰਨ ਪਰਮਾਤਮਾ ਦੀ ਯਾਦ ਵਿਚ ਜੁੜਦਾ ਹੈ, ਉਹ ਉਸ ਵਿਚ ਸਮਾਇਆ ਰਹਿੰਦਾ ਹੈ। ਪਰਮਾਤਮਾ ਦੇ ਪ੍ਰੇਮ ਦਾ ਰੰਗ (ਉਸ ਦੇ ਹਿਰਦੇ ਵਿਚ) ਸਦਾ ਹੀ ਵਧਦਾ ਰਹਿੰਦਾ ਹੈ, ਪੜਤਾਲ ਕੀਤਿਆਂ ਉਹ ਕਦੇ ਭੀ ਘੱਟ ਨਹੀਂ ਹੁੰਦਾ।15। ਹੇ ਭਾਈ! ਉਹ ਮਨੁੱਖ ਬਾਰਾਂ ਵੰਨੀ ਦੇ ਸੋਨੇ ਵਰਗਾ ਖਰਾ ਹੋ ਜਾਂਦਾ ਹੈ, ਉਹ ਸੋਹਣੇ ਰੰਗ ਵਾਲਾ (ਸੋਹਣੇ ਆਤਮਕ ਜੀਵਨ ਵਾਲਾ) ਗੁਰੂ-ਸਰਾਫ਼ ਦੀਆਂ ਨਜ਼ਰਾਂ ਵਿਚ ਪਰਵਾਨ ਹੋ ਜਾਂਦਾ ਹੈ। (ਜਿਵੇਂ ਸੁੱਧ ਸੋਨੇ ਨੂੰ) ਸਰਾਫ਼ ਪਰਖ ਕੇ ਖ਼ਜ਼ਾਨੇ ਵਿਚ ਪਾ ਲੈਂਦੇ ਹਨ, ਤੇ ਉਸ ਨੂੰ ਫਿਰ ਪਰਖਣ ਲਈ ਤਾਇਆ ਨਹੀਂ ਜਾਂਦਾ (ਇਸ ਤਰ੍ਹਾਂ ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ) । 16। ਹੇ ਨਾਨਕ! (ਆਖ-) ਹੇ ਮੇਰੇ ਮਾਲਕ-ਪ੍ਰਭੂ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ। ਤੇਰੇ ਦਾਸ ਤੈਥੋਂ ਸਦਾ ਸਦਕੇ ਜਾਂਦੇ ਹਨ। ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹ ਬਹੁਤ ਆਤਮਕ ਆਨੰਦ ਮਾਣਦੇ ਹਨ, (ਤੇਰਾ) ਦਰਸਨ ਕਰ ਕੇ ਉਹਨਾਂ ਦਾ ਇਹ ਮਨ (ਤੇਰੇ ਨਾਮ-ਰਸ ਵਿਚ) ਭਿੱਜਾ ਰਹਿੰਦਾ ਹੈ। 17।1।3। ਮਾਰੂ ਮਹਲਾ ੫ ਸੋਲਹੇ ੴ ਸਤਿਗੁਰ ਪ੍ਰਸਾਦਿ ॥ ਗੁਰੁ ਗੋਪਾਲੁ ਗੁਰੁ ਗੋਵਿੰਦਾ ॥ ਗੁਰੁ ਦਇਆਲੁ ਸਦਾ ਬਖਸਿੰਦਾ ॥ ਗੁਰੁ ਸਾਸਤ ਸਿਮ੍ਰਿਤਿ ਖਟੁ ਕਰਮਾ ਗੁਰੁ ਪਵਿਤ੍ਰੁ ਅਸਥਾਨਾ ਹੇ ॥੧॥ ਗੁਰੁ ਸਿਮਰਤ ਸਭਿ ਕਿਲਵਿਖ ਨਾਸਹਿ ॥ ਗੁਰੁ ਸਿਮਰਤ ਜਮ ਸੰਗਿ ਨ ਫਾਸਹਿ ॥ ਗੁਰੁ ਸਿਮਰਤ ਮਨੁ ਨਿਰਮਲੁ ਹੋਵੈ ਗੁਰੁ ਕਾਟੇ ਅਪਮਾਨਾ ਹੇ ॥੨॥ ਗੁਰ ਕਾ ਸੇਵਕੁ ਨਰਕਿ ਨ ਜਾਏ ॥ ਗੁਰ ਕਾ ਸੇਵਕੁ ਪਾਰਬ੍ਰਹਮੁ ਧਿਆਏ ॥ ਗੁਰ ਕਾ ਸੇਵਕੁ ਸਾਧਸੰਗੁ ਪਾਏ ਗੁਰੁ ਕਰਦਾ ਨਿਤ ਜੀਅ ਦਾਨਾ ਹੇ ॥੩॥ ਗੁਰ ਦੁਆਰੈ ਹਰਿ ਕੀਰਤਨੁ ਸੁਣੀਐ ॥ ਸਤਿਗੁਰੁ ਭੇਟਿ ਹਰਿ ਜਸੁ ਮੁਖਿ ਭਣੀਐ ॥ ਕਲਿ ਕਲੇਸ ਮਿਟਾਏ ਸਤਿਗੁਰੁ ਹਰਿ ਦਰਗਹ ਦੇਵੈ ਮਾਨਾਂ ਹੇ ॥੪॥ {ਪੰਨਾ 1074-1075} ਪਦ ਅਰਥ: ਗੋਪਾਲੁ = {ਗੋ-ਸ੍ਰਿਸ਼ਟੀ} ਸ੍ਰਿਸ਼ਟੀ ਦਾ ਪਾਲਣਹਾਰ। ਗੋਵਿੰਦਾ = ਸ੍ਰਿਸ਼ਟੀ ਦੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ। ਦਇਆਲੁ = ਦਇਆ ਦਾ ਘਰ। ਘਟੁ ਕਰਮਾ = ਬ੍ਰਾਹਮਣਾਂ ਵਾਸਤੇ ਸ਼ਾਸਤ੍ਰ ਦੇ ਦੱਸੇ ਹੋਏ ਛੇ ਉੱਤਮ ਧਾਰਮਿਕ ਕਰਮ = ਦਾਨ ਦੇਣਾ, ਦਾਨ ਲੈਣਾ; ਜੱਗ ਕਰਨਾ, ਜੱਗ ਕਰਾਣਾ; ਵਿੱਦਿਆ ਪੜ੍ਹਣੀ, ਵਿੱਦਿਆ ਪੜ੍ਹਾਣੀ। ਅਸਥਾਨਾ = ਥਾਂ, ਤੀਰਥ।1। ਸਿਮਰਤ = ਸਿਮਰਦਿਆਂ, ਯਾਦ ਕਰਦਿਆਂ। ਸਭਿ = ਸਾਰੇ। ਕਿਲਵਿਖ = ਪਾਪ {ਬਹੁ-ਵਚਨ}। ਜਮ ਸੰਗਿ = ਜਮਰਾਜ ਦੀ ਸੰਗਤਿ ਵਿਚ। ਅਪਮਾਨਾ = ਨਿਰਾਦਰੀ।2। ਨਰਕਿ = ਨਰਕ ਵਿਚ। ਸੰਗੁ = ਸਾਥ। ਜੀਅ ਦਾਨਾ = ਆਤਮਕ ਜੀਵਨ ਦੀ ਦਾਤਿ।3। ਗੁਰ ਦੁਆਰੈ = ਗੁਰੂ ਦੇ ਦਰ ਤੇ (ਰਹਿ ਕੇ) । ਸੁਣੀਐ = ਸੁਣਨਾ ਚਾਹੀਦਾ ਹੈ। ਭੇਟਿ = ਭੈਟੇ, ਮਿਲਦਾ ਹੈ। ਮੁਖਿ = ਮੂੰਹ ਨਾਲ। ਭਣੀਐ = ਉਚਾਰਨਾ ਚਾਹੀਦਾ ਹੈ। ਕਲਿ = ਝਗੜੇ। ਮਾਨਾਂ = ਆਦਰ।4। ਅਰਥ: ਹੇ ਭਾਈ! (ਗੁਰੂ ਦੇ ਸੇਵਕ ਵਾਸਤੇ) ਗੁਰੂ ਗੋਪਾਲ (ਦਾ ਰੂਪ) ਹੈ, ਗੁਰੂ ਗੋਵਿੰਦ (ਦਾ ਰੂਪ) ਹੈ। ਗੁਰੂ ਦਰਿਆ ਦਾ ਸੋਮਾ ਹੈ, ਗੁਰੂ ਸਦਾ ਬਖ਼ਸ਼ਸ਼ ਕਰਨ ਵਾਲਾ ਹੈ। (ਸੇਵਕ ਵਾਸਤੇ) ਗੁਰੂ (ਹੀ ਸ਼ਾਸਤ੍ਰ ਹੈ, ਸਿਮ੍ਰਿਤੀ ਹੈ, ਛੇ ਧਾਰਮਿਕ ਕਰਮ ਹੈ; ਗੁਰੂ ਹੀ ਪਵਿੱਤਰ ਤੀਰਥ ਹੈ।1। ਹੇ ਭਾਈ! ਗੁਰੂ ਨੂੰ (ਹਰ ਵੇਲੇ) ਯਾਦ ਕਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ, ਗੁਰੂ ਨੂੰ ਯਾਦ ਕਰਦਿਆਂ (ਜੀਵ) ਜਮ ਦੀ ਫਾਹੀ ਵਿਚ ਨਹੀਂ ਫਸਦੇ (ਆਤਮਕ ਮੌਤ ਤੋਂ ਬਚੇ ਰਹਿੰਦੇ ਹਨ) । ਗੁਰੂ ਨੂੰ ਯਾਦ ਕਰਦਿਆਂ ਮਨ ਪਵਿੱਤਰ ਹੋ ਜਾਂਦਾ ਹੈ, (ਤੇ ਇਸ ਤਰ੍ਹਾਂ) ਗੁਰੂ ਮਨੁੱਖ ਨੂੰ (ਲੋਕ ਪਰਲੋਕ ਦੀ) ਨਿਰਾਦਰੀ ਤੋਂ ਬਚਾ ਲੈਂਦਾ ਹੈ।2। ਹੇ ਭਾਈ! ਗੁਰੂ ਦਾ ਸੇਵਕ ਨਰਕ ਵਿਚ ਨਹੀਂ ਪੈਂਦਾ, (ਕਿਉਂਕਿ) ਗੁਰੂ ਦਾ ਸੇਵਕ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ। ਗੁਰੂ ਦਾ ਸੇਵਕ ਸਾਧ ਸੰਗਤਿ (ਦਾ ਮਿਲਾਪ) ਹਾਸਲ ਕਰ ਲੈਂਦਾ ਹੈ, (ਸਾਧ ਸੰਗਤਿ ਵਿਚ) ਗੁਰੂ ਉਸ ਨੂੰ ਸਦਾ ਆਤਮਕ ਜੀਵਨ ਦੀ ਦਾਤਿ ਬਖ਼ਸ਼ਦਾ ਹੈ।3। ਹੇ ਭਾਈ! ਗੁਰੂ ਦੇ ਦਰ ਤੇ ਰਹਿ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨੀ ਚਾਹੀਦੀ ਹੈ, ਹਰੀ ਦਾ ਜਸ ਮੂੰਹੋਂ ਉਚਾਰਨਾ ਚਾਹੀਦਾ ਹੈ (ਜਿਸ ਨੂੰ) ਗੁਰੂ ਮਿਲ ਪੈਂਦਾ ਹੈ (ਉਹ ਮਨੁੱਖ ਸਦਾ ਇਹ ਉੱਦਮ ਕਰਦਾ ਹੈ) । ਹੇ ਭਾਈ! ਗੁਰੂ (ਮਨੁੱਖ ਦੇ) ਸਾਰੇ ਝਗੜੇ ਕਲੇਸ਼ ਮਿਟਾ ਦੇਂਦਾ ਹੈ, ਗੁਰੂ ਮਨੁੱਖ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਸਤਕਾਰ ਦੇਂਦਾ ਹੈ।4। |
![]() |
![]() |
![]() |
![]() |
Sri Guru Granth Darpan, by Professor Sahib Singh |