ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1075

ਅਗਮੁ ਅਗੋਚਰੁ ਗੁਰੂ ਦਿਖਾਇਆ ॥ ਭੂਲਾ ਮਾਰਗਿ ਸਤਿਗੁਰਿ ਪਾਇਆ ॥ ਗੁਰ ਸੇਵਕ ਕਉ ਬਿਘਨੁ ਨ ਭਗਤੀ ਹਰਿ ਪੂਰ ਦ੍ਰਿੜ੍ਹ੍ਹਾਇਆ ਗਿਆਨਾਂ ਹੇ ॥੫॥ ਗੁਰਿ ਦ੍ਰਿਸਟਾਇਆ ਸਭਨੀ ਠਾਂਈ ॥ ਜਲਿ ਥਲਿ ਪੂਰਿ ਰਹਿਆ ਗੋਸਾਈ ॥ ਊਚ ਊਨ ਸਭ ਏਕ ਸਮਾਨਾਂ ਮਨਿ ਲਾਗਾ ਸਹਜਿ ਧਿਆਨਾ ਹੇ ॥੬॥ ਗੁਰਿ ਮਿਲਿਐ ਸਭ ਤ੍ਰਿਸਨ ਬੁਝਾਈ ॥ ਗੁਰਿ ਮਿਲਿਐ ਨਹ ਜੋਹੈ ਮਾਈ ॥ ਸਤੁ ਸੰਤੋਖੁ ਦੀਆ ਗੁਰਿ ਪੂਰੈ ਨਾਮੁ ਅੰਮ੍ਰਿਤੁ ਪੀ ਪਾਨਾਂ ਹੇ ॥੭॥ ਗੁਰ ਕੀ ਬਾਣੀ ਸਭ ਮਾਹਿ ਸਮਾਣੀ ॥ ਆਪਿ ਸੁਣੀ ਤੈ ਆਪਿ ਵਖਾਣੀ ॥ ਜਿਨਿ ਜਿਨਿ ਜਪੀ ਤੇਈ ਸਭਿ ਨਿਸਤ੍ਰੇ ਤਿਨ ਪਾਇਆ ਨਿਹਚਲ ਥਾਨਾਂ ਹੇ ॥੮॥ ਸਤਿਗੁਰ ਕੀ ਮਹਿਮਾ ਸਤਿਗੁਰੁ ਜਾਣੈ ॥ ਜੋ ਕਿਛੁ ਕਰੇ ਸੁ ਆਪਣ ਭਾਣੈ ॥ ਸਾਧੂ ਧੂਰਿ ਜਾਚਹਿ ਜਨ ਤੇਰੇ ਨਾਨਕ ਸਦ ਕੁਰਬਾਨਾਂ ਹੇ ॥੯॥੧॥੪॥ {ਪੰਨਾ 1075}

ਪਦ ਅਰਥ: ਅਗਮੁ = ਅਪਹੁੰਚ ਪ੍ਰਭੂ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਮਾਰਗਿ = (ਸਹੀ ਜੀਵਨ-) ਰਾਹ ਉੱਤੇ। ਸਤਿਗੁਰਿ = ਗੁਰੂ ਨੇ। ਕਉ = ਨੂੰ। ਬਿਘਨੁ = ਰੁਕਾਵਟ। ਭਗਤੀ = ਭਗਤੀ (ਦੇ ਕਾਰਨ) । ਦ੍ਰਿੜਾਇਆ = ਹਿਰਦੇ ਵਿਚ ਪੱਕਾ ਕੀਤਾ। ਗਿਆਨ = ਪਰਮਾਤਮਾ ਨਾਲ ਡੂੰਘੀ ਸਾਂਝ।5।

ਗੁਰਿ = ਗੁਰੂ ਨੇ। ਦ੍ਰਿਸਟਇਆ = ਵਿਖਾ ਦਿੱਤਾ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਪੂਰਿ ਰਹਿਆ = ਵਿਆਪਕ ਹੈ। ਗੋਸਾਈ = ਸ੍ਰਿਸ਼ਟੀ ਦਾ ਮਾਲਕ-ਪ੍ਰਭੂ। ਊਨ = ਊਣੇ, ਖ਼ਾਲੀ। ਮਨਿ = ਮਨ ਵਿਚ। ਸਹਜਿ = ਆਤਮਕ ਅਡੋਲਤਾ ਦੀ ਰਾਹੀਂ।6।

ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਨਹ ਜੋਹੈ– ਤੱਕ ਨਹੀਂ ਸਕਦੀ, ਘਰ ਨਹੀਂ ਸਕਦੀ। ਮਾਈ = ਮਾਇਆ। ਸਤੁ ਸੰਤੋਖੁ = ਸੇਵਾ ਅਤੇ ਸੰਤੋਖ। ਗੁਰਿ ਪੂਰੈ = ਪੂਰੇ ਗੁਰੂ ਨੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਪਾਨਾਂ = ਪਿਲਾਂਦਾ ਹੈ।7।

ਸਭ ਮਾਹਿ ਸਮਾਣੀ = ਸਭ ਜੀਵਾਂ ਦੇ ਹਿਰਦੇ ਵਿਚ ਟਿਕਣ-ਜੋਗ ਹੈ। ਤੈ = ਅਤੇ। ਜਿਨਿ ਜਿਨਿ = ਜਿਸ ਜਿਸ ਨੇ। ਤੇਈ ਸਭਿ = ਉਹ ਸਾਰੇ ਹੀ। ਨਿਸਤ੍ਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ। ਤਿਨ = ਉਹਨਾਂ ਨੇ {ਬਹੁ-ਵਚਨ}।8।

ਮਹਿਮਾ = ਵਡਿਆਈ, ਵੱਡਾ ਜਿਗਰਾ। ਭਾਣੈ = ਰਜ਼ਾ ਵਿਚ। ਸਾਧੂ ਧੂਰਿ = ਗੁਰੂ ਦੀ ਚਰਨ-ਧੂੜ। ਜਾਚਹਿ = ਮੰਗਦੇ ਹਨ {ਬਹੁ-ਵਚਨ}। ਸਦ = ਸਦਾ।9।

ਅਰਥ: ਹੇ ਭਾਈ! ਕੁਰਾਹੇ ਜਾ ਰਹੇ ਮਨੁੱਖ ਨੂੰ ਗੁਰੂ ਨੇ ਹੀ (ਸਦਾ) ਸਹੀ ਜੀਵਨ-ਰਾਹ ਤੇ ਪਾਇਆ ਹੈ, ਗੁਰੂ ਨੇ ਹੀ ਉਸ ਨੂੰ ਅਪਹੁੰਚ ਤੇ ਅਗੋਚਰ ਪਰਮਾਤਮਾ ਦਾ ਦਰਸਨ ਕਰਾਇਆ ਹੈ। ਭਗਤੀ ਦੀ ਬਰਕਤਿ ਨਾਲ ਗੁਰੂ ਦੇ ਸੇਵਕ ਦੇ ਜੀਵਨ-ਸਫ਼ਰ ਵਿਚ ਕੋਈ ਰੁਕਾਵਟ ਨਹੀਂ ਪੈਂਦੀ ਗੁਰੂ ਹੀ ਪੂਰਨ ਪਰਮਾਤਮਾ ਨਾਲ ਡੂੰਘੀ ਸਾਂਝ ਸੇਵਕ ਦੇ ਹਿਰਦੇ ਵਿਚ ਪੱਕੀ ਕਰਦਾ ਹੈ।5।

ਹੇ ਭਾਈ! ਗੁਰੂ ਨੇ (ਹੀ ਸੇਵਕ ਨੂੰ ਪਰਮਾਤਮਾ) ਸਭਨੀਂ ਥਾਈਂ ਵੱਸਦਾ ਵਿਖਾਇਆ ਹੈ (ਤੇ ਦੱਸਿਆ ਹੈ ਕਿ) ਸ੍ਰਿਸ਼ਟੀ ਦਾ ਮਾਲਕ ਜਲ ਵਿਚ ਧਰਤੀ ਵਿਚ (ਹਰ ਥਾਂ) ਵਿਆਪਕ ਹੈ, ਉੱਚੇ ਤੇ ਖ਼ਾਲੀ ਸਭ ਥਾਈਂ ਇਕੋ ਜਿਹਾ ਵਿਆਪਕ ਹੈ। (ਗੁਰੂ ਦੀ ਰਾਹੀਂ ਹੀ ਸੇਵਕ ਦੇ) ਮਨ ਵਿਚ ਆਤਮਕ ਅਡੋਲਤਾ ਦੀ ਬਰਕਤਿ ਨਾਲ ਪ੍ਰਭੂ-ਚਰਨਾਂ ਵਿਚ ਸੁਰਤਿ ਜੁੜਦੀ ਹੈ।6।

ਜੇ ਮਨੁੱਖ ਨੂੰ ਗੁਰੂ ਮਿਲ ਪਏ ਤਾਂ ਉਹ (ਮਨੁੱਖ ਦੇ ਅੰਦਰੋਂ) ਸਾਰੀ ਤ੍ਰਿਸ਼ਨਾ (ਦੀ ਅੱਗ) ਬੁਝਾ ਦੇਂਦਾ ਹੈ, ਮਨੁੱਖ ਉਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ। (ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸਤ ਅਤੇ ਸੰਤੋਖ ਬਖ਼ਸ਼ਿਆ, ਉਹ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆਪ ਪੀਂਦਾ ਹੈ ਤੇ ਹੋਰਨਾਂ ਨੂੰ ਪਿਲਾਂਦਾ ਹੈ।7।

ਹੇ ਭਾਈ! ਗੁਰੂ ਦੀ ਬਾਣੀ ਸਭ ਜੀਵਾਂ ਦੇ ਹਿਰਦੇ ਵਿਚ ਟਿਕਣ-ਜੋਗ ਹੈ, ਗੁਰੂ ਨੇ (ਪਰਮਾਤਮਾ ਪਾਸੋਂ) ਆਪ ਸੁਣੀ ਅਤੇ (ਦੁਨੀਆ ਦੇ ਜੀਵਾਂ ਨੂੰ) ਆਪ ਸੁਣਾਈ ਹੈ। ਜਿਸ ਜਿਸ ਮਨੁੱਖ ਨੇ ਇਹ ਬਾਣੀ ਹਿਰਦੇ ਵਿਚ ਵਸਾਈ ਹੈ, ਉਹ ਸਾਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, ਉਹਨਾਂ ਨੇ ਉਹ ਆਤਮਕ ਟਿਕਾਣਾ ਹਾਸਲ ਕਰ ਲਿਆ ਹੈ ਜੋ (ਮਾਇਆ ਦੇ ਪ੍ਰਭਾਵ ਹੇਠ) ਡੋਲਦਾ ਨਹੀਂ ਹੈ।8।

ਹੇ ਭਾਈ! ਗੁਰੂ ਦੀ ਉੱਚ-ਆਤਮਕਤਾ ਗੁਰੂ (ਹੀ) ਜਾਣਦਾ ਹੈ (ਗੁਰੂ ਹੀ ਜਾਣਦਾ ਹੈ ਕਿ ਪਰਮਾਤਮਾ) ਜੋ ਕੁਝ ਕਰਦਾ ਹੈ ਆਪਣੀ ਰਜ਼ਾ ਵਿਚ ਕਰਦਾ ਹੈ। ਹੇ ਨਾਨਕ! (ਆਖ– ਹੇ ਪ੍ਰਭੂ!) ਤੇਰੇ ਸੇਵਕ ਗੁਰੂ ਦੇ ਚਰਨਾਂ ਦੀ ਧੂੜ ਮੰਗਦੇ ਹਨ ਤੇ (ਗੁਰੂ ਤੋਂ) ਸਦਾ ਸਦਕੇ ਜਾਂਦੇ ਹਨ।9।1।4।

ਮਾਰੂ ਸੋਲਹੇ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਆਦਿ ਨਿਰੰਜਨੁ ਪ੍ਰਭੁ ਨਿਰੰਕਾਰਾ ॥ ਸਭ ਮਹਿ ਵਰਤੈ ਆਪਿ ਨਿਰਾਰਾ ॥ ਵਰਨੁ ਜਾਤਿ ਚਿਹਨੁ ਨਹੀ ਕੋਈ ਸਭ ਹੁਕਮੇ ਸ੍ਰਿਸਟਿ ਉਪਾਇਦਾ ॥੧॥ ਲਖ ਚਉਰਾਸੀਹ ਜੋਨਿ ਸਬਾਈ ॥ ਮਾਣਸ ਕਉ ਪ੍ਰਭਿ ਦੀਈ ਵਡਿਆਈ ॥ ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ ॥੨॥ ਕੀਤਾ ਹੋਵੈ ਤਿਸੁ ਕਿਆ ਕਹੀਐ ॥ ਗੁਰਮੁਖਿ ਨਾਮੁ ਪਦਾਰਥੁ ਲਹੀਐ ॥ ਜਿਸੁ ਆਪਿ ਭੁਲਾਏ ਸੋਈ ਭੂਲੈ ਸੋ ਬੂਝੈ ਜਿਸਹਿ ਬੁਝਾਇਦਾ ॥੩॥ ਹਰਖ ਸੋਗ ਕਾ ਨਗਰੁ ਇਹੁ ਕੀਆ ॥ ਸੇ ਉਬਰੇ ਜੋ ਸਤਿਗੁਰ ਸਰਣੀਆ ॥ ਤ੍ਰਿਹਾ ਗੁਣਾ ਤੇ ਰਹੈ ਨਿਰਾਰਾ ਸੋ ਗੁਰਮੁਖਿ ਸੋਭਾ ਪਾਇਦਾ ॥੪॥ {ਪੰਨਾ 1075}

ਪਦ ਅਰਥ: ਆਦਿ = (ਸਭ ਦਾ) ਮੁੱਢ। ਨਿਰੰਜਨੁ = {ਨਿਰ-ਅੰਜਨੁ। ਅੰਜਨੁ = ਸੁਰਮਾ, ਮਾਇਆ ਦੇ ਮੋਹ ਦੀ ਕਾਲਖ} ਮਾਇਆ ਦੇ ਪ੍ਰਭਾਵ ਤੋਂ ਰਹਿਤ। ਨਿਰੰਕਾਰਾ = ਨਿਰ-ਅਕਾਰ, ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਾਹ ਜਾ ਸਕੇ। ਨਿਰਾਰਾ = ਨਿਰਾਲਾ, ਵੱਖਰਾ। ਵਰਨੁ = ਰੰਗ। ਚਿਹਨੁ = ਨਿਸ਼ਾਨ। ਹੁਕਮੇ = ਹੁਕਮ ਦੀ ਰਾਹੀਂ ਹੀ।1।

ਸਬਾਈ = ਸਾਰੀ। ਮਾਣਸ ਕਉ = ਮਾਣਸ ਜੋਨਿ ਕਉ, ਮਨੁੱਖ ਜਨਮ ਨੂੰ। ਪ੍ਰਭਿ = ਪ੍ਰਭੂ ਨੇ। ਦੀਈ = ਦਿੱਤੀ ਹੈ। ਤੇ = ਤੋਂ। ਚੂਕੈ = ਖੁੰਝ ਜਾਂਦਾ ਹੈ। ਆਇ ਜਾਇ = ਜਨਮ ਮਰਨ ਦੇ ਗੇੜ ਵਿਚ ਪੈ ਕੇ।2।

ਕੀਤਾ = ਪ੍ਰਭੂ ਦਾ ਕੀਤਾ ਹੋਇਆ। ਤਿਸੁ ਕਿਆ ਕਹੀਐ = ਉਸ ਦੀ ਵਡਿਆਈ ਕਰਨੀ ਵਿਅਰਥ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਲਹੀਐ = ਹਾਸਲ ਕਰਨਾ ਚਾਹੀਦਾ ਹੈ। ਭੁਲਾਏ = ਕੁਰਾਹੇ ਪਾ ਦੇਵੇ। ਜਿਸਹਿ = ਜਿਸੁ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}।3।

ਹਰਖ = ਖ਼ੁਸ਼ੀ। ਸੋਗ = ਗ਼ਮੀ। ਨਗਰੁ = ਸਰੀਰ-ਸ਼ਹਰ। ਸੇ = ਉਹ {ਬਹੁ-ਵਚਨ}। ਉਬਰੇ = (ਮਾਇਆ ਦੇ ਪ੍ਰਭਾਵ ਤੋਂ) ਬਚ ਜਾਂਦੇ ਹਨ। ਤੇ = ਤੋਂ। ਨਿਰਾਰਾ = ਨਿਰਾਲਾ, ਬਚਿਆ ਹੋਇਆ।4।

ਅਰਥ: ਹੇ ਭਾਈ! ਉਹ ਪਰਮਾਤਮਾ, ਜੋ ਸਭ ਦਾ ਮੂਲ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਤੇ ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ, ਸਭ ਜੀਵਾਂ ਵਿਚ ਮੌਜੂਦ ਹੈ, ਤੇ ਫਿਰ ਭੀ ਨਿਰਲੇਪ ਰਹਿੰਦਾ ਹੈ। ਉਸ ਦਾ ਕੋਈ (ਬ੍ਰਾਹਮਣ ਖਤ੍ਰੀ ਆਦਿਕ) ਵਰਨ ਨਹੀਂ, ਕੋਈ ਜਾਤਿ ਨਹੀਂ, ਕੋਈ ਚਿਹਨ ਨਹੀਂ। ਉਹ ਆਪਣੇ ਹੁਕਮ ਅਨੁਸਾਰ ਹੀ ਸਾਰੀ ਸ੍ਰਿਸ਼ਟੀ ਪੈਦਾ ਕਰਦਾ ਹੈ।1।

ਹੇ ਭਾਈ! ਸਾਰੀਆਂ ਚੌਰਾਸੀ ਲੱਖ ਜੂਨਾਂ ਵਿਚੋਂ ਪਰਮਾਤਮਾ ਨੇ ਮਨੁੱਖਾ ਜਨਮ ਨੂੰ ਵਡਿਆਈ ਦਿੱਤੀ ਹੈ। ਪਰ ਜਿਹੜਾ ਮਨੁੱਖ ਇਸ ਪੌੜੀ ਤੋਂ ਖੁੰਝ ਜਾਂਦਾ ਹੈ, ਉਹ ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁੱਖ ਭੋਗਦਾ ਹੈ।2।

ਹੇ ਭਾਈ! ਪਰਮਾਤਮਾ ਦੇ ਪੈਦਾ ਕੀਤੇ ਹੋਏ ਦੀ ਵਡਿਆਈ ਕਰਦੇ ਰਹਿਣਾ ਵਿਅਰਥ ਹੈ (ਪਰਮਾਤਮਾ ਦੀ
ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਕੀਮਤੀ ਨਾਮ ਪ੍ਰਾਪਤ ਕਰਨਾ ਚਾਹੀਦਾ ਹੈ। (ਪਰ ਜੀਵ ਦੇ ਵੱਸ ਦੀ ਇਹ ਗੱਲ ਨਹੀਂ ਹੈ) ਜਿਸ ਮਨੁੱਖ ਨੂੰ ਪਰਮਾਤਮਾ ਆਪ ਕੁਰਾਹੇ ਪਾ ਦੇਂਦਾ ਹੈ, ਉਹ ਮਨੁੱਖ ਕੁਰਾਹੇ ਪਿਆ ਰਹਿੰਦਾ ਹੈ। ਉਹ ਮਨੁੱਖ ਹੀ ਸਹੀ ਜੀਵਨ-ਰਸਤਾ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸਮਝਾਂਦਾ ਹੈ।3।

ਹੇ ਭਾਈ! ਪਰਮਾਤਮਾ ਨੇ ਇਸ ਮਨੁੱਖਾ ਸਰੀਰ ਨੂੰ ਖ਼ੁਸ਼ੀ ਗ਼ਮੀ ਦਾ ਨਗਰ ਬਣਾ ਦਿੱਤਾ ਹੈ। ਉਹ ਮਨੁੱਖ ਹੀ (ਇਹਨਾਂ ਦੇ ਪ੍ਰਭਾਵ ਤੋਂ) ਬਚਦੇ ਹਨ ਜਿਹੜੇ ਗੁਰੂ ਦੀ ਸਰਨ ਪੈਂਦੇ ਹਨ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਮਾਇਆ ਦੇ ਤਿੰਨ ਗੁਣਾਂ ਤੋਂ ਨਿਰਾਲਾ ਰਹਿੰਦਾ ਹੈ ਉਹ (ਲੋਕ ਪਰਲੋਕ ਵਿਚ) ਸੋਭਾ ਖੱਟਦਾ ਹੈ।4।

ਅਨਿਕ ਕਰਮ ਕੀਏ ਬਹੁਤੇਰੇ ॥ ਜੋ ਕੀਜੈ ਸੋ ਬੰਧਨੁ ਪੈਰੇ ॥ ਕੁਰੁਤਾ ਬੀਜੁ ਬੀਜੇ ਨਹੀ ਜੰਮੈ ਸਭੁ ਲਾਹਾ ਮੂਲੁ ਗਵਾਇਦਾ ॥੫॥ ਕਲਜੁਗ ਮਹਿ ਕੀਰਤਨੁ ਪਰਧਾਨਾ ॥ ਗੁਰਮੁਖਿ ਜਪੀਐ ਲਾਇ ਧਿਆਨਾ ॥ ਆਪਿ ਤਰੈ ਸਗਲੇ ਕੁਲ ਤਾਰੇ ਹਰਿ ਦਰਗਹ ਪਤਿ ਸਿਉ ਜਾਇਦਾ ॥੬॥ ਖੰਡ ਪਤਾਲ ਦੀਪ ਸਭਿ ਲੋਆ ॥ ਸਭਿ ਕਾਲੈ ਵਸਿ ਆਪਿ ਪ੍ਰਭਿ ਕੀਆ ॥ ਨਿਹਚਲੁ ਏਕੁ ਆਪਿ ਅਬਿਨਾਸੀ ਸੋ ਨਿਹਚਲੁ ਜੋ ਤਿਸਹਿ ਧਿਆਇਦਾ ॥੭॥ ਹਰਿ ਕਾ ਸੇਵਕੁ ਸੋ ਹਰਿ ਜੇਹਾ ॥ ਭੇਦੁ ਨ ਜਾਣਹੁ ਮਾਣਸ ਦੇਹਾ ॥ ਜਿਉ ਜਲ ਤਰੰਗ ਉਠਹਿ ਬਹੁ ਭਾਤੀ ਫਿਰਿ ਸਲਲੈ ਸਲਲ ਸਮਾਇਦਾ ॥੮॥ {ਪੰਨਾ 1075-1076}

ਪਦ ਅਰਥ: ਜੋ = ਜਿਹੜਾ (ਭੀ ਕਰਮ) । ਕੀਜੈ = ਕੀਤਾ ਜਾਏ। ਬੰਧਨੁ = ਫਾਹੀ। ਪੈਰੇ = ਪੈਰਾਂ ਵਿਚ। ਕੁਰੁਤਾ = ਬੇ-ਬਾਹਾਰਾ। ਜੰਮੈ = ਉੱਗਦਾ। ਲਾਹਾ = ਖੱਟੀ। ਮੂਲ = ਰਾਸ-ਪੂੰਜੀ।5।

ਪਰਧਾਨਾ = ਸਭ ਤੋਂ ਸ੍ਰੇਸ਼ਟ ਕਰਮ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਲਾਇ ਧਿਆਨਾ = ਸੁਰਤਿ ਜੋੜ ਕੇ। ਤਰੈ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਦਾ ਹੈ। ਦਰਗਾਹ = ਹਜ਼ੂਰੀ ਵਿਚ। ਪਤਿ = ਇੱਜ਼ਤ।6।

ਦੀਪ = ਦ੍ਵੀਪ, ਟਾਪੂ। ਸਭਿ = ਸਾਰੇ। ਲੋਆ = ਲੋਕ, ਮੰਡਲ। ਕਾਲੈ ਵਸਿ = ਕਾਲ ਦੇ ਵੱਸ ਵਿਚ। ਪ੍ਰਭਿ = ਪ੍ਰਭੂ ਨੇ। ਨਿਹਚਲੁ = ਸਦਾ ਕਾਇਮ ਰਹਿਣ ਵਾਲਾ। ਅਬਿਨਾਸੀ = ਨਾਸ-ਰਹਿਤ। ਤਿਸਹਿ = ਤਿਸੁ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}।7।

ਸੇਵਕੁ = ਭਗਤ। ਭੇਦੁ = ਫ਼ਰਕ, ਵਿੱਥ। ਮਾਣਸੁ ਦੇਹਾ = ਮਨੁੱਖਾ ਸਰੀਰ। ਜਲ ਤਰੰਗ = ਪਾਣੀ ਦੀਆਂ ਲਹਰਾਂ। ਉਠਹਿ = ਉੱਠਦੀਆਂ ਹਨ {ਬਹੁ-ਵਚਨ}। ਸਲਲੈ = ਪਾਣੀ ਵਿਚ। ਸਲਲ = ਪਾਣੀ।8।

ਅਰਥ: ਹੇ ਭਾਈ! (ਨਾਮ-ਸਿਮਰਨ ਤੋਂ ਬਿਨਾ ਤੀਰਥ-ਇਸ਼ਨਾਨ ਆਦਿਕ ਭਾਵੇਂ) ਅਨੇਕਾਂ ਬਥੇਰੇ (ਮਿਥੇ ਹੋਏ ਧਾਰਮਿਕ) ਕਰਮ ਕੀਤੇ ਜਾਣ, ਜਿਹੜਾ ਭੀ ਅਜਿਹਾ ਕਰਮ ਕੀਤਾ ਜਾਂਦਾ ਹੈ, ਉਹ ਇਸ ਜੀਵਨ-ਸਫ਼ਰ ਵਿਚ ਮਨੁੱਖ ਦੇ ਪੈਰਾਂ ਵਿਚ ਫਾਹੀ ਬਣਦਾ ਹੈ। (ਮਨੁੱਖ ਦੇ ਆਤਮਕ ਜੀਵਨ ਵਾਸਤੇ ਹਰਿ-ਨਾਮ ਦੇ ਸਿਮਰਨ ਦੀ ਲੋੜ ਹੈ। ਹੋਰ ਹੋਰ ਕਰਮ ਇਉਂ ਹੀ ਵਿਅਰਥ ਹਨ, ਜਿਵੇਂ,) ਬੇ-ਬਹਾਰਾ ਬੀਜਿਆ ਹੋਇਆ ਬੀਜ ਉੱਗਦਾ ਨਹੀਂ। ਮਨੁੱਖ ਖੱਟੀ ਭੀ ਗਵਾਂਦਾ ਹੈ ਤੇ ਰਾਸ-ਪੂੰਜੀ ਭੀ ਗਵਾਂਦਾ ਹੈ।5।

ਹੇ ਭਾਈ! (ਜੁਗਾਂ ਦੀ ਵੰਡ ਕਰਨ ਵਾਲਿਆਂ ਅਨੁਸਾਰ ਭੀ) ਕਲਜੁਗ ਵਿਚ ਕੀਰਤਨ ਹੀ ਪਰਧਾਨ ਕਰਮ ਹੈ। (ਉਂਞ ਤਾਂ ਸਦਾ ਹੀ) ਗੁਰੂ ਦੀ ਸਰਨ ਪੈ ਕੇ ਸੁਰਤਿ ਜੋੜ ਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ। (ਜਿਹੜਾ ਮਨੁੱਖ ਜਪਦਾ ਹੈ) ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ ਪਾਰ ਲੰਘਾ ਲੈਂਦਾ ਹੈ, ਅਤੇ ਪਰਮਾਤਮਾ ਦੀ ਹਜ਼ੂਰੀ ਵਿਚ ਇੱਜ਼ਤ ਨਾਲ ਜਾਂਦਾ ਹੈ।6।

ਹੇ ਭਾਈ! ਇਹ ਜਿਤਨੇ ਭੀ ਖੰਡ ਮੰਡਲ ਪਾਤਾਲ ਤੇ ਦੀਪ ਹਨ, ਇਹ ਸਾਰੇ ਪਰਮਾਤਮਾ ਨੇ ਆਪ ਹੀ ਕਾਲ ਦੇ ਅਧੀਨ ਰੱਖੇ ਹੋਏ ਹਨ। ਨਾਸ-ਰਹਿਤ ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ, ਜਿਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਹ ਭੀ ਅਟੱਲ ਜੀਵਨ ਵਾਲਾ ਹੋ ਜਾਂਦਾ ਹੈ (ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ) ।7।

ਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲਾ ਮਨੁੱਖ ਪਰਮਾਤਮਾ ਵਰਗਾ ਹੀ ਹੋ ਜਾਂਦਾ ਹੈ। ਉਸ ਦਾ ਮਨੁੱਖਾ ਸਰੀਰ (ਵੇਖ ਕੇ ਪਰਮਾਤਮਾ ਨਾਲੋਂ ਉਸ ਦਾ) ਫ਼ਰਕ ਨਾਹ ਸਮਝੋ। (ਸਿਮਰਨ ਕਰਨ ਵਾਲਾ ਮਨੁੱਖ ਇਉਂ ਹੀ ਹੈ) ਜਿਵੇਂ ਕਈ ਕਿਸਮਾਂ ਦੀਆਂ ਪਾਣੀ ਦੀਆਂ ਲਹਰਾਂ ਉੱਠਦੀਆਂ ਹਨ, ਮੁੜ ਪਾਣੀ ਵਿਚ ਪਾਣੀ ਰਲ ਜਾਂਦਾ ਹੈ।8।

TOP OF PAGE

Sri Guru Granth Darpan, by Professor Sahib Singh