ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1076

ਇਕੁ ਜਾਚਿਕੁ ਮੰਗੈ ਦਾਨੁ ਦੁਆਰੈ ॥ ਜਾ ਪ੍ਰਭ ਭਾਵੈ ਤਾ ਕਿਰਪਾ ਧਾਰੈ ॥ ਦੇਹੁ ਦਰਸੁ ਜਿਤੁ ਮਨੁ ਤ੍ਰਿਪਤਾਸੈ ਹਰਿ ਕੀਰਤਨਿ ਮਨੁ ਠਹਰਾਇਦਾ ॥੯॥ ਰੂੜੋ ਠਾਕੁਰੁ ਕਿਤੈ ਵਸਿ ਨ ਆਵੈ ॥ ਹਰਿ ਸੋ ਕਿਛੁ ਕਰੇ ਜਿ ਹਰਿ ਕਿਆ ਸੰਤਾ ਭਾਵੈ ॥ ਕੀਤਾ ਲੋੜਨਿ ਸੋਈ ਕਰਾਇਨਿ ਦਰਿ ਫੇਰੁ ਨ ਕੋਈ ਪਾਇਦਾ ॥੧੦॥ ਜਿਥੈ ਅਉਘਟੁ ਆਇ ਬਨਤੁ ਹੈ ਪ੍ਰਾਣੀ ॥ ਤਿਥੈ ਹਰਿ ਧਿਆਈਐ ਸਾਰਿੰਗਪਾਣੀ ॥ ਜਿਥੈ ਪੁਤ੍ਰੁ ਕਲਤ੍ਰੁ ਨ ਬੇਲੀ ਕੋਈ ਤਿਥੈ ਹਰਿ ਆਪਿ ਛਡਾਇਦਾ ॥੧੧॥ ਵਡਾ ਸਾਹਿਬੁ ਅਗਮ ਅਥਾਹਾ ॥ ਕਿਉ ਮਿਲੀਐ ਪ੍ਰਭ ਵੇਪਰਵਾਹਾ ॥ ਕਾਟਿ ਸਿਲਕ ਜਿਸੁ ਮਾਰਗਿ ਪਾਏ ਸੋ ਵਿਚਿ ਸੰਗਤਿ ਵਾਸਾ ਪਾਇਦਾ ॥੧੨॥ {ਪੰਨਾ 1076}

ਪਦ ਅਰਥ: ਜਾਚਿਕੁ = ਮੰਗਤਾ {ਇਕ-ਵਚਨ}। ਦੁਆਰੈ = ਦਰ ਤੇ (ਖੜਾ) । ਜਾ = ਜਾਂ, ਜਦੋਂ। ਪ੍ਰਭ ਭਾਵੈ = ਪ੍ਰਭੂ ਨੂੰ ਚੰਗਾ ਲੱਗੇ। ਜਿਤੁ = ਜਿਸ (ਦਰਸਨ) ਦੀ ਰਾਹੀਂ। ਤ੍ਰਿਪਤਾਸੈ = ਰੱਜ ਜਾਂਦਾ ਹੈ। ਕੀਰਤਨਿ = ਕੀਰਤਨ ਵਿਚ।9।

ਰੂੜੋ = ਸੁੰਦਰ। ਕਿਤੈ = ਕਿਸੇ ਤਰੀਕੇ ਨਾਲ। ਵਸਿ = ਵੱਸ ਵਿਚ। ਜਿ = ਜੋ ਕੁਝ। ਕੀਤਾ ਲੋੜਨਿ = ਕਰਨਾ ਚਾਹੁੰਦੇ ਹਨ। ਕਹਾਇਨਿ = ਕਰਾ ਲੈਂਦੇ ਹਨ। ਦਰਿ = ਦਰ ਤੇ। ਫੇਰੁ = ਰੁਕਾਵਟ।10।

ਅਉਘਟੁ = ਔਖਿਆਈ। ਧਿਆਈਐ = ਸਿਮਰਨਾ ਚਾਹੀਦਾ ਹੈ। ਸਾਰਿੰਗਪਾਣੀ = ਧਨੁਖ-ਧਾਰੀ ਪ੍ਰਭੂ {ਸਾਰਿੰਗ = ਧਨੁਖ। ਪਾਣੀ = ਹੱਥ}। ਕਲਤ੍ਰੁ = ਇਸਤ੍ਰੀ।11।

ਅਗਮ = ਅਪਹੁੰਚ। ਅਥਾਹਾ = ਡੂੰਘਾ। ਵੇਪਰਵਾਹ = ਬੇ-ਮੁਥਾਜ। ਕਾਟਿ = ਕੱਟ ਕੇ। ਸਿਲਕ = ਫਾਹੀ। ਮਾਰਗਿ = (ਸਹੀ) ਰਸਤੇ ਉਤੇ।12।

ਅਰਥ: (ਪ੍ਰਭੂ ਦਾ ਦਾਸ) ਇਕ ਮੰਗਤਾ (ਬਣ ਕੇ ਉਸ ਦੇ) ਦਰ ਤੇ (ਖੜਾ ਉਸ ਦੇ ਦਰਸਨ ਦਾ) ਖ਼ੈਰ ਮੰਗਦਾ ਹੈ। ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ ਤਦੋਂ ਉਹ ਕਿਰਪਾ ਕਰਦਾ ਹੈ। (ਮੰਗਤਾ ਇਉਂ ਮੰਗੀ ਜਾਂਦਾ ਹੈ– ਹੇ ਪ੍ਰਭੂ!) ਆਪਣਾ ਦਰਸ਼ਨ ਦੇਹ, ਜਿਸ ਦੀ ਬਰਕਤਿ ਨਾਲ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ ਤੇ ਸਿਫ਼ਤਿ-ਸਾਲਾਹ ਵਿਚ ਟਿਕ ਜਾਂਦਾ ਹੈ।9।

ਹੇ ਭਾਈ! ਸੋਹਣਾ ਪ੍ਰਭੂ ਕਿਸੇ ਤਰੀਕੇ ਨਾਲ ਵੱਸ ਵਿਚ ਨਹੀਂ ਆਉਂਦਾ ਪਰ ਜੋ ਕੁਝ ਉਸ ਦੇ ਸੰਤ ਚਾਹੁੰਦੇ ਹਨ ਉਹ ਕੁਝ ਕਰ ਦੇਂਦਾ ਹੈ। (ਪ੍ਰਭੂ ਦੇ ਸੰਤ ਜਨ ਜੋ ਕੁਝ) ਕਰਨਾ ਚਾਹੁੰਦੇ ਹਨ ਉਹੀ ਕੁਝ ਪ੍ਰਭੂ ਪਾਸੋਂ ਕਰਾ ਲੈਂਦੇ ਹਨ। ਪ੍ਰਭੂ ਦੇ ਦਰ ਤੇ ਉਹਨਾਂ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਪਾ ਸਕਦਾ।10।

ਹੇ ਪ੍ਰਾਣੀ! (ਜੀਵਨ-ਸਫ਼ਰ ਵਿਚ) ਜਿਥੇ ਭੀ ਕੋਈ ਔਖਿਆਈ ਆ ਬਣਦੀ ਹੈ, ਉੱਥੇ ਹੀ ਧਨੁਖ-ਧਾਰੀ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ। ਜਿੱਥੇ ਨਾਹ ਪੁੱਤਰ ਨਾਹ ਇਸਤ੍ਰੀ ਕੋਈ ਭੀ ਸਾਥੀ ਨਹੀਂ ਬਣ ਸਕਦਾ, ਉਥੇ ਪ੍ਰਭੂ ਆਪ (ਔਖਿਆਈ ਤੋਂ) ਛੁਡਾ ਲੈਂਦਾ ਹੈ।11।

ਹੇ ਭਾਈ! ਪਰਮਾਤਮਾ ਅਪਹੁੰਚ ਹੈ, ਅਥਾਹ ਹੈ, ਵੱਡਾ ਮਾਲਕ ਹੈ। ਉਸ ਬੇ-ਮੁਥਾਜ ਨੂੰ ਜੀਵ ਆਪਣੇ ਉੱਦਮ ਨਾਲ ਨਹੀਂ ਮਿਲ ਸਕਦਾ। ਉਹ ਪ੍ਰਭੂ ਆਪ ਹੀ ਜਿਸ ਮਨੁੱਖ ਨੂੰ (ਮਾਇਆ ਦੇ ਮੋਹ ਦੀ) ਫਾਹੀ ਕੱਟ ਕੇ ਸਹੀ ਜੀਵਨ-ਰਾਹ ਤੇ ਪਾਂਦਾ ਹੈ, ਉਹ ਮਨੁੱਖ ਸਾਧ ਸੰਗਤਿ ਵਿਚ ਆ ਟਿਕਦਾ ਹੈ।12।

ਹੁਕਮੁ ਬੂਝੈ ਸੋ ਸੇਵਕੁ ਕਹੀਐ ॥ ਬੁਰਾ ਭਲਾ ਦੁਇ ਸਮਸਰਿ ਸਹੀਐ ॥ ਹਉਮੈ ਜਾਇ ਤ ਏਕੋ ਬੂਝੈ ਸੋ ਗੁਰਮੁਖਿ ਸਹਜਿ ਸਮਾਇਦਾ ॥੧੩॥ ਹਰਿ ਕੇ ਭਗਤ ਸਦਾ ਸੁਖਵਾਸੀ ॥ ਬਾਲ ਸੁਭਾਇ ਅਤੀਤ ਉਦਾਸੀ ॥ ਅਨਿਕ ਰੰਗ ਕਰਹਿ ਬਹੁ ਭਾਤੀ ਜਿਉ ਪਿਤਾ ਪੂਤੁ ਲਾਡਾਇਦਾ ॥੧੪॥ ਅਗਮ ਅਗੋਚਰੁ ਕੀਮਤਿ ਨਹੀ ਪਾਈ ॥ ਤਾ ਮਿਲੀਐ ਜਾ ਲਏ ਮਿਲਾਈ ॥ ਗੁਰਮੁਖਿ ਪ੍ਰਗਟੁ ਭਇਆ ਤਿਨ ਜਨ ਕਉ ਜਿਨ ਧੁਰਿ ਮਸਤਕਿ ਲੇਖੁ ਲਿਖਾਇਦਾ ॥੧੫॥ ਤੂ ਆਪੇ ਕਰਤਾ ਕਾਰਣ ਕਰਣਾ ॥ ਸ੍ਰਿਸਟਿ ਉਪਾਇ ਧਰੀ ਸਭ ਧਰਣਾ ॥ ਜਨ ਨਾਨਕੁ ਸਰਣਿ ਪਇਆ ਹਰਿ ਦੁਆਰੈ ਹਰਿ ਭਾਵੈ ਲਾਜ ਰਖਾਇਦਾ ॥੧੬॥੧॥੫॥ {ਪੰਨਾ 1076}

ਪਦ ਅਰਥ: ਬੂਝੈ = (ਜਿਹੜਾ ਮਨੁੱਖ) ਸਮਝ ਲੈਂਦਾ ਹੈ। ਕਹੀਐ = ਆਖਿਆ ਜਾਂਦਾ ਹੈ। ਦੁਇ = ਦੋਵੇਂ। ਸਮਸਰਿ = ਬਰਾਬਰ, ਇਕੋ ਜਿਹੇ। ਸਹੀਐ = ਸਹਾਰਨਾ ਚਾਹੀਦਾ ਹੈ। ਜਾਇ = ਜਾਂਦੀ ਹੈ। ਤ = ਤਦੋਂ। ਏਕੋ ਬੂਝੈ = ਇਕ ਪਰਮਾਤਮਾ ਨੂੰ ਹੀ ਸਭ ਕੁਝ ਕਰਨ ਕਰਾਣ ਵਾਲਾ ਸਮਝਦਾ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ। ਸਹਜਿ = ਆਤਮਕ ਅਡੋਲਤਾ ਵਿਚ।13।

ਸੁਖ ਵਾਸੀ = ਆਤਮਕ ਆਨੰਦ ਵਿਚ ਟਿਕੇ ਰਹਿਣ ਵਾਲੇ। ਬਾਲ ਸੁਭਾਇ = ਬਾਲਕ ਵਾਲੇ ਸੁਭਾਉ ਵਿਚ, ਵੈਰ-ਵਿਰੋਧ ਤੋਂ ਪਰੇ ਰਹਿ ਕੇ। ਅਤੀਤ = ਵਿਰਕਤ। ਕਰਹਿ = ਕਰਦੇ ਹਨ। ਲਾਡਾਇਦਾ = ਲਾਡ ਕਰਾਂਦਾ ਹੈ।14।

ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ}। ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਜਾ = ਜਾਂ, ਜਦੋਂ। ਗੁਰਮੁਖਿ = ਗੁਰੂ ਦੀ ਰਾਹੀਂ। ਜਿਨ ਮਸਤਕਿ = ਜਿਨ੍ਹਾਂ ਦੇ ਮੱਥੇ ਉਤੇ। ਧੁਰਿ = ਧੁਰੋਂ, ਪ੍ਰਭੂ ਦੇ ਹੁਕਮ ਅਨੁਸਾਰ। ਲੇਖੁ = ਕੀਤੇ ਕਰਮਾਂ ਅਨੁਸਾਰ ਭਾਗਾਂ ਵਿਚ ਲਿਖਿਆ ਲੇਖ।15।

ਕਰਤਾ = ਪੈਦਾ ਕਰਨ ਵਾਲਾ। ਕਰਣਾ = ਕਰਣ, ਜਗਤ। ਕਾਰਣ = ਮੂਲ। ਧਰੀ = ਆਸਰਾ ਦਿੱਤਾ ਹੋਇਆ ਹੈ। ਧਰਣਾ = ਧਰਤੀ। ਹਰਿ ਦੁਆਰੈ = ਹਰੀ ਦੇ ਦਰ ਤੇ। ਹਰਿ ਭਾਵੈ = ਜੇ ਹਰੀ ਨੂੰ ਚੰਗਾ ਲੱਗੇ। ਲਾਜ = ਇੱਜ਼ਤ। 16।

ਅਰਥ: ਹੇ ਭਾਈ! ਉਹ ਮਨੁੱਖ ਪਰਮਾਤਮਾ ਦਾ ਭਗਤ ਆਖਿਆ ਜਾਂਦਾ ਹੈ, ਜਿਹੜਾ (ਹਰੇਕ ਹੋ ਰਹੀ ਕਾਰ ਨੂੰ ਪਰਮਾਤਮਾ ਦੀ) ਸਮਝਦਾ ਹੈ (ਤੇ, ਇਹ ਨਿਸ਼ਚਾ ਰੱਖਦਾ ਹੈ ਕਿ) ਦੁਖ (ਆਵੇ ਚਾਹੇ) ਸੁਖ, ਦੋਹਾਂ ਨੂੰ ਇਕੋ ਜਿਹਾ ਸਹਾਰਨਾ ਚਾਹੀਦਾ ਹੈ। ਪਰ ਮਨੁੱਖ ਤਦੋਂ ਹੀ ਸਿਰਫ਼ ਪਰਮਾਤਮਾ ਨੂੰ ਹੀ ਸਭ ਕੁਝ ਕਰਨ ਕਰਾਣ ਵਾਲਾ ਸਮਝਦਾ ਹੈ ਜਦੋਂ ਉਸ ਦੇ ਅੰਦਰੋਂ ਹਉਮੈ ਦੂਰ ਹੁੰਦੀ ਹੈ। ਉਹ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।13।

ਹੇ ਭਾਈ! ਪਰਮਾਤਮਾ ਦੇ ਭਗਤ ਸਦਾ ਆਤਮਕ ਆਨੰਦ ਮਾਣਦੇ ਹਨ। ਉਹ ਸਦਾ ਵੈਰ-ਵਿਰੋਧ ਤੋਂ ਪਰੇ ਰਹਿੰਦੇ ਹਨ, ਵਿਰਕਤ ਅਤੇ ਮਾਇਆ ਦੇ ਮੋਹ ਤੋਂ ਉਤਾਂਹ ਰਹਿੰਦੇ ਹਨ। ਜਿਵੇਂ ਪਿਉ ਆਪਣੇ ਪੁੱਤਰ ਨੂੰ ਕਈ ਲਾਡ ਲਡਾਂਦਾ ਹੈ, (ਤਿਵੇਂ ਭਗਤ ਪ੍ਰਭੂ-ਪਿਤਾ ਦੀ ਗੋਦ ਵਿਚ ਰਹਿ ਕੇ) ਕਈ ਤਰ੍ਹਾਂ ਦੇ ਅਨੇਕਾਂ ਆਤਮਕ ਰੰਗ ਮਾਣਦੇ ਹਨ।14।

ਹੇ ਭਾਈ! ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਉਹ ਕਿਸੇ ਭੀ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ। ਉਸ ਨੂੰ ਤਦੋਂ ਹੀ ਮਿਲ ਸਕੀਦਾ ਹੈ, ਜਦੋਂ ਉਹ ਆਪ ਹੀ ਮਿਲਾਂਦਾ ਹੈ। ਗੁਰੂ ਦੀ ਰਾਹੀਂ ਉਹਨਾਂ ਮਨੁੱਖਾਂ ਦੇ ਹਿਰਦੇ ਵਿਚ ਪਰਗਟ ਹੁੰਦਾ ਹੈ ਜਿਨ੍ਹਾਂ ਦੇ ਮੱਥੇ ਉਤੇ (ਪੂਰਬਲੇ ਸੰਸਕਾਰਾਂ ਅਨੁਸਾਰ) ਧੁਰੋਂ ਹੀ ਮਿਲਾਪ ਦਾ ਲੇਖ ਲਿਖਿਆ ਹੁੰਦਾ ਹੈ।15।

ਹੇ ਪ੍ਰਭੂ! ਤੂੰ ਆਪ ਹੀ ਪੈਦਾ ਕਰਨ ਵਾਲਾ ਹੈਂ, ਤੂੰ ਆਪ ਹੀ ਜਗਤ ਦਾ ਮੂਲ ਹੈਂ। ਤੂੰ ਆਪ ਹੀ ਸ੍ਰਿਸ਼ਟੀ ਪੈਦਾ ਕਰ ਕੇ ਸਾਰੀ ਧਰਤੀ ਨੂੰ ਸਹਾਰਾ ਦਿੱਤਾ ਹੋਇਆ ਹੈ।

ਹੇ ਭਾਈ! ਦਾਸ ਨਾਨਕ ਉਸੇ ਪ੍ਰਭੂ ਦੇ ਦਰ ਤੇ (ਡਿੱਗਾ ਹੋਇਆ ਹੈ, ਉਸੇ ਦੀ) ਸਰਨ ਪਿਆ ਹੋਇਆ ਹੈ। ਉਸ ਦੀ ਆਪਣੀ ਰਜ਼ਾ ਹੁੰਦੀ ਹੈ ਤਾਂ (ਲੋਕ ਪਰਲੋਕ ਵਿਚ ਜੀਵ ਦੀ) ਇੱਜ਼ਤ ਰੱਖ ਲੈਂਦਾ ਹੈ। 16।1।5।

ਮਾਰੂ ਸੋਲਹੇ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਜੋ ਦੀਸੈ ਸੋ ਏਕੋ ਤੂਹੈ ॥ ਬਾਣੀ ਤੇਰੀ ਸ੍ਰਵਣਿ ਸੁਣੀਐ ॥ ਦੂਜੀ ਅਵਰ ਨ ਜਾਪਸਿ ਕਾਈ ਸਗਲ ਤੁਮਾਰੀ ਧਾਰਣਾ ॥੧॥ ਆਪਿ ਚਿਤਾਰੇ ਅਪਣਾ ਕੀਆ ॥ ਆਪੇ ਆਪਿ ਆਪਿ ਪ੍ਰਭੁ ਥੀਆ ॥ ਆਪਿ ਉਪਾਇ ਰਚਿਓਨੁ ਪਸਾਰਾ ਆਪੇ ਘਟਿ ਘਟਿ ਸਾਰਣਾ ॥੨॥ ਇਕਿ ਉਪਾਏ ਵਡ ਦਰਵਾਰੀ ॥ ਇਕਿ ਉਦਾਸੀ ਇਕਿ ਘਰ ਬਾਰੀ ॥ ਇਕਿ ਭੂਖੇ ਇਕਿ ਤ੍ਰਿਪਤਿ ਅਘਾਏ ਸਭਸੈ ਤੇਰਾ ਪਾਰਣਾ ॥੩॥ ਆਪੇ ਸਤਿ ਸਤਿ ਸਤਿ ਸਾਚਾ ॥ ਓਤਿ ਪੋਤਿ ਭਗਤਨ ਸੰਗਿ ਰਾਚਾ ॥ ਆਪੇ ਗੁਪਤੁ ਆਪੇ ਹੈ ਪਰਗਟੁ ਅਪਣਾ ਆਪੁ ਪਸਾਰਣਾ ॥੪॥ {ਪੰਨਾ 1076}

ਪਦ ਅਰਥ: ਦੀਸੈ = ਦਿੱਸ ਰਿਹਾ ਹੈ। ਏਕੋ ਤੂ ਹੈ– ਸਿਰਫ਼ ਤੂੰ ਹੀ ਤੂੰ ਹੈਂ। ਬਾਣੀ = ਆਵਾਜ਼। ਸ੍ਰਵਣਿ = ਕੰਨ ਨਾਲ। ਸੁਣੀਐ = ਸੁਣੀ ਜਾ ਰਹੀ ਹੈ। ਅਵਰ = ਹੋਰ। ਕਾਈ = {ਲਫ਼ਜ਼ 'ਕੋਈ' ਪੁਲਿੰਗ ਹੈ, ਅਤੇ 'ਕਾਈ' ਇਸਤ੍ਰੀ-ਲਿੰਗ ਹੈ}। ਸਗਲ = ਸਾਰੀ ਸ੍ਰਿਸ਼ਟੀ। ਧਾਰਣਾ = ਆਸਰਾ ਦਿੱਤਾ ਹੋਇਆ ਹੈ।1।

ਚਿਤਾਰੇ = ਸੰਭਾਲ ਕਰਦਾ ਹੈ, ਖ਼ਿਆਲ ਰੱਖਦਾ ਹੈ। ਕੀਆ = ਪੈਦਾ ਕੀਤਾ ਹੋਇਆ (ਜਗਤ) । ਆਪੇ = ਆਪ ਹੀ। ਥੀਆ = (ਹਰ ਥਾਂ ਮੌਜੂਦ) ਹੈ। ਉਪਾਇ = ਪੈਦਾ ਕਰ ਕੇ। ਰਚਿਓਨੁ = ਉਸ (ਪ੍ਰਭੂ) ਨੇ ਰਚਿਆ ਹੈ। ਪਸਾਰਾ = ਜਗਤ-ਖਿਲਾਰਾ। ਘਟਿ ਘਟਿ = ਹਰੇਕ ਘਟ ਵਿਚ। ਸਾਰਣਾ = ਸਾਰ ਲੈਂਦਾ ਹੈ।2।

ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਦਰਵਾਰੀ = ਦਰਬਾਰ ਵਾਲੇ। ਉਦਾਸੀ = ਵਿਰਕਤ। ਘਰਬਾਰੀ = ਗ੍ਰਿਹਸਤੀ। ਭੂਖੇ = ਭੁੱਖੇ, ਤ੍ਰਿਸ਼ਨਾ ਦੇ ਅਧੀਨ। ਤ੍ਰਿਪਤਿ ਅਘਾਏ = ਪੂਰਨ ਤੌਰ ਤੇ ਰੱਜੇ ਹੋਏ। ਸਭਸੈ = ਹਰੇਕ ਜੀਵ ਨੂੰ। ਪਾਰਣਾ = ਪਰਣਾ, ਆਸਰਾ।3।

ਸਤਿ = {sÄX} ਸਦਾ ਕਾਇਮ ਰਹਿਣ ਵਾਲਾ। ਸਾਚਾ = ਸਦਾ ਕਾਇਮ ਰਹਿਣ ਵਾਲਾ। ਓਤਿ ਪੋਤਿ = ਤਾਣੇ ਪੇਟੇ ਵਿਚ {ਓਤ = ਉਣਿਆ ਹੋਇਆ। ਪੋਤ = ਪ੍ਰੋਤ, ਪ੍ਰੋਤਾ ਹੋਇਆ}। ਸੰਗਿ = ਨਾਲ। ਰਾਚਾ = ਰਚਿਆ-ਮਿਚਿਆ, ਮਿਲਿਆ ਹੋਇਆ। ਗੁਪਤੁ = ਲੁਕਿਆ ਹੋਇਆ। ਆਪੁ = ਆਪਣੇ ਆਪ ਨੂੰ। ਪਸਾਰਣਾ = ਖਿਲਾਰਿਆ ਹੋਇਆ ਹੈ।4।

ਅਰਥ: ਹੇ ਪ੍ਰਭੂ! (ਜਗਤ ਵਿਚ) ਜੋ ਕੁਝ ਦਿੱਸ ਰਿਹਾ ਹੈ, ਇਹ ਸਭ ਕੁਝ ਸਿਰਫ਼ ਤੂੰ ਹੀ ਤੂੰ ਹੈਂ। (ਸਭ ਜੀਵਾਂ ਵਿਚ ਤੂੰ ਹੀ ਬੋਲ ਰਿਹਾ ਹੈਂ) ਤੇਰਾ ਹੀ ਬੋਲ ਕੰਨੀਂ ਸੁਣਿਆ ਜਾ ਰਿਹਾ ਹੈ। ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ, ਕੋਈ ਭੀ ਸ਼ੈ ਤੈਥੋਂ ਵੱਖਰੀ ਨਹੀਂ ਦਿੱਸ ਰਹੀ।1।

ਹੇ ਭਾਈ! ਆਪਣੇ ਪੈਦਾ ਕੀਤੇ ਜਗਤ ਦੀ ਪ੍ਰਭੂ ਆਪ ਹੀ ਸੰਭਾਲ ਕਰ ਰਿਹਾ ਹੈ, ਹਰ ਥਾਂ ਪ੍ਰਭੂ ਆਪ ਹੀ ਆਪ ਹੈ। ਪ੍ਰਭੂ ਨੇ ਆਪ ਹੀ ਆਪਣੇ ਆਪ ਤੋਂ ਪੈਦਾ ਕਰ ਕੇ ਇਹ ਜਗਤ-ਪਸਾਰਾ ਰਚਿਆ ਹੈ। ਹਰੇਕ ਸਰੀਰ ਵਿਚ ਆਪ ਹੀ (ਵਿਆਪਕ ਹੋ ਕੇ ਸਭ ਦੀ) ਸਾਰ ਲੈਂਦਾ ਹੈ।2।

ਹੇ ਪ੍ਰਭੂ! ਤੂੰ ਕਈ ਵੱਡੇ ਦਰਬਾਰਾਂ ਵਾਲੇ ਪੈਦਾ ਕੀਤੇ ਹਨ, ਕਈ ਤਿਆਗੀ ਤੇ ਕਈ ਗ੍ਰਿਹਸਤੀ ਬਣਾ ਦਿੱਤੇ ਹਨ। ਤੂੰ ਕਈ ਤਾਂ ਅਜਿਹੇ ਪੈਦਾ ਕੀਤੇ ਹਨ ਜੋ ਸਦਾ ਤ੍ਰਿਸ਼ਨਾ ਦੇ ਅਧੀਨ ਰਹਿੰਦੇ ਹਨ, ਤੇ ਕਈ ਪੂਰਨ ਤੌਰ ਤੇ ਰੱਜੇ ਹੋਏ ਹਨ। ਹਰੇਕ ਜੀਵ ਨੂੰ ਤੇਰਾ ਹੀ ਸਹਾਰਾ ਹੈ।3।

ਹੇ ਭਾਈ! ਪਰਮਾਤਮਾ ਸਿਰਫ਼ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ। ਤਾਣੇ ਪੇਟੇ ਵਾਂਗ ਆਪਣੇ ਭਗਤਾਂ ਨਾਲ ਰਚਿਆ-ਮਿਚਿਆ ਰਹਿੰਦਾ ਹੈ। (ਜੀਵਾਤਮਾ ਦੇ ਰੂਪ ਵਿਚ ਹਰੇਕ ਜੀਵ ਦੇ ਅੰਦਰ) ਆਪ ਹੀ ਲੁਕਿਆ ਹੋਇਆ ਹੈ, ਇਹ ਦਿੱਸਦਾ ਪਸਾਰਾ ਭੀ ਉਹ ਆਪ ਹੀ ਹੈ। (ਜਗਤ-ਰੂਪ ਵਿਚ) ਉਸ ਨੇ ਆਪਣੇ ਆਪ ਨੂੰ ਆਪ ਹੀ ਖਿਲਾਰਿਆ ਹੋਇਆ ਹੈ।4।

TOP OF PAGE

Sri Guru Granth Darpan, by Professor Sahib Singh