ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1077 ਸਦਾ ਸਦਾ ਸਦ ਹੋਵਣਹਾਰਾ ॥ ਊਚਾ ਅਗਮੁ ਅਥਾਹੁ ਅਪਾਰਾ ॥ ਊਣੇ ਭਰੇ ਭਰੇ ਭਰਿ ਊਣੇ ਏਹਿ ਚਲਤ ਸੁਆਮੀ ਕੇ ਕਾਰਣਾ ॥੫॥ ਮੁਖਿ ਸਾਲਾਹੀ ਸਚੇ ਸਾਹਾ ॥ ਨੈਣੀ ਪੇਖਾ ਅਗਮ ਅਥਾਹਾ ॥ ਕਰਨੀ ਸੁਣਿ ਸੁਣਿ ਮਨੁ ਤਨੁ ਹਰਿਆ ਮੇਰੇ ਸਾਹਿਬ ਸਗਲ ਉਧਾਰਣਾ ॥੬॥ ਕਰਿ ਕਰਿ ਵੇਖਹਿ ਕੀਤਾ ਅਪਣਾ ॥ ਜੀਅ ਜੰਤ ਸੋਈ ਹੈ ਜਪਣਾ ॥ ਅਪਣੀ ਕੁਦਰਤਿ ਆਪੇ ਜਾਣੈ ਨਦਰੀ ਨਦਰਿ ਨਿਹਾਲਣਾ ॥੭॥ ਸੰਤ ਸਭਾ ਜਹ ਬੈਸਹਿ ਪ੍ਰਭ ਪਾਸੇ ॥ ਅਨੰਦ ਮੰਗਲ ਹਰਿ ਚਲਤ ਤਮਾਸੇ ॥ ਗੁਣ ਗਾਵਹਿ ਅਨਹਦ ਧੁਨਿ ਬਾਣੀ ਤਹ ਨਾਨਕ ਦਾਸੁ ਚਿਤਾਰਣਾ ॥੮॥ {ਪੰਨਾ 1077} ਪਦ ਅਰਥ: ਸਦ-ਸਦਾ। ਹੋਵਣਹਾਰਾ = ਕਾਇਮ ਰਹਿ ਸਕਣ ਵਾਲਾ। ਅਗਮੁ = ਅਪਹੁੰਚ। ਅਪਾਰਾ = ਬੇਅੰਤ। ਊਣੇ = ਸੱਖਣੇ। ਭਰਿ = ਭਰ ਕੇ। ਏਹਿ = {ਲਫ਼ਜ਼ 'ਏਹ' ਤੋਂ ਬਹੁ-ਵਚਨ}। ਚਲਤ = {ਬਹੁ-ਵਚਨ} ਕੌਤਕ।5। ਮੁਖਿ = ਮੂੰਹ ਨਾਲ। ਸਾਲਾਹੀ = ਸਾਲਾਹੀਂ, ਮੈਂ ਸਿਫ਼ਤਿ-ਸਾਲਾਹ ਕਰਾਂ। ਸਚੇ ਸਾਹਾ = ਹੇ ਸਦਾ-ਥਿਰ ਸ਼ਾਹ! ਨੈਣੀ = ਨੈਣੀਂ, ਅੱਖਾਂ ਨਾਲ। ਪੇਖਾ = ਪੇਖਾਂ, ਮੈਂ ਵੇਖਾਂ। ਕਰਨੀ = ਕਰਨੀਂ, ਕੰਨਾਂ ਨਾਲ। ਸੁਣਿ = ਸੁਣ ਕੇ। ਸਾਹਿਬ = ਹੇ ਸਾਹਿਬ! ਸਗਲ = ਸਾਰੇ ਜੀਵ।6। ਵੇਖਹਿ = ਤੂੰ ਵੇਖਦਾ ਹੈਂ, ਸੰਭਾਲ ਕਰਦਾ ਹੈਂ। ਕਰਿ = (ਪੈਦਾ) ਕਰ ਕੇ। ਸੋਈ = ਉਸ ਪਰਮਾਤਮਾ ਨੂੰ ਹੀ। ਆਪੇ = ਆਪ ਹੀ। ਨਦਰੀ = ਮਿਹਰ ਦੀ ਨਿਗਾਹ ਵਾਲਾ। ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਾਲਣਾ = ਵੇਖਦਾ ਹੈ।7। ਸੰਤ ਸਭਾ = ਸੰਤਾਂ ਦੀ ਸਭਾ, ਸਾਧ ਸੰਗਤਿ। ਜਹ = ਜਿੱਥੇ। ਬੈਸਹਿ = ਬੈਠਦੇ ਹਨ {ਬਹੁ-ਵਚਨ}। ਪ੍ਰਭ ਪਾਸੇ = ਪ੍ਰਭੂ ਦੇ ਪਾਸ, ਪ੍ਰਭੂ-ਚਰਨਾਂ ਵਿਚ। ਮੰਗਲ = ਖ਼ੁਸ਼ੀਆਂ। ਗਾਵਹਿ = ਗਾਂਦੇ ਹਨ। ਅਨਹਦ ਧੁਨਿ = ਇਕ-ਰਸ ਸੁਰ ਨਾਲ। ਤਹ = ਉਥੇ। ਚਿਤਾਰਣਾ = ਚੇਤੇ ਕਰਦਾ ਹੈ।8। ਅਰਥ: ਹੇ ਭਾਈ! ਪਰਮਾਤਮਾ ਸਦਾ ਹੀ ਸਦਾ ਹੀ ਜੀਊਂਦਾ ਰਹਿਣ ਵਾਲਾ ਹੈ, (ਆਤਮਕ ਅਵਸਥਾ ਵਿਚ) ਉਹ ਬਹੁਤ ਉੱਚਾ ਹੈ, ਅਪਹੁੰਚ ਹੈ, ਅਥਾਹ ਹੈ, ਬੇਅੰਤ ਹੈ। ਉਸ ਮਾਲਕ-ਪ੍ਰਭੂ ਦੇ ਇਹ ਕੌਤਕ ਤਮਾਸ਼ੇ ਹਨ ਕਿ ਸੱਖਣੇ (ਭਾਂਡੇ) ਭਰ ਦੇਂਦਾ ਹੈ, ਭਰਿਆਂ ਨੂੰ ਖ਼ਾਲੀ ਕਰ ਦੇਂਦਾ ਹੈ।5। ਹੇ ਸਦਾ ਕਾਇਮ ਰਹਿਣ ਵਾਲੇ ਪਾਤਿਸ਼ਾਹ! (ਮਿਹਰ ਕਰ) ਮੈਂ ਮੂੰਹੋਂ ਤੇਰੀ ਸਿਫ਼ਤਿ-ਕਰਦਾ ਰਹਾਂ। ਹੇ ਅਪਹੁੰਚ ਤੇ ਅਥਾਹ ਪ੍ਰਭੂ! (ਕਿਰਪਾ ਕਰ, ਹਰ ਥਾਂ) ਮੈਂ (ਤੈਨੂੰ) ਅੱਖਾਂ ਨਾਲ ਵੇਖਾਂ। ਕੰਨਾਂ ਨਾਲ ਤੇਰੀ ਸਿਫ਼ਤਿ-ਸਾਲਾਹ ਸੁਣ ਸੁਣ ਕੇ ਮੇਰਾ ਮਨ ਮੇਰਾ ਤਨ (ਆਤਮਕ ਜੀਵਨ ਨਾਲ) ਹਰਿਆ-ਭਰਿਆ ਹੋਇਆ ਰਹੇ। ਹੇ ਮੇਰੇ ਮਾਲਕ! ਤੂੰ ਸਭਨਾਂ ਜੀਵਾਂ ਦਾ ਬੇੜਾ ਪਾਰ ਕਰਨ ਵਾਲਾ ਹੈਂ।6। ਹੇ ਪ੍ਰਭੂ! ਤੂੰ ਸਭ ਜੀਵਾਂ ਨੂੰ ਪੈਦਾ ਕਰ ਕਰ ਕੇ ਆਪਣੇ ਪੈਦਾ ਕੀਤਿਆਂ ਦੀ ਸੰਭਾਲ ਕਰਦਾ ਹੈਂ। ਹੇ ਭਾਈ! ਸਾਰੇ ਜੀਅ ਜੰਤ ਉਸੇ ਸਿਰਜਣਹਾਰ ਨੂੰ ਜਪਦੇ ਹਨ। ਆਪਣੀ ਕੁਦਰਤ (ਪੈਦਾ ਕਰਨ ਦੀ ਤਾਕਤ) ਨੂੰ ਆਪ ਹੀ ਜਾਣਦਾ ਹੈ। ਮਿਹਰ ਦਾ ਮਾਲਕ ਪ੍ਰਭੂ ਮਿਹਰ ਦੀ ਨਿਗਾਹ ਨਾਲ ਸਭ ਵਲ ਤੱਕਦਾ ਹੈ।7। ਹੇ ਭਾਈ! ਜਿਸ ਸਾਧ ਸੰਗਤਿ ਵਿਚ (ਸੰਤ ਜਨ) ਪ੍ਰਭੂ ਦੇ ਚਰਨਾਂ ਵਿਚ ਬੈਠਦੇ ਹਨ, ਪ੍ਰਭੂ ਦੇ ਕੌਤਕ ਤਮਾਸ਼ਿਆਂ ਦਾ ਜ਼ਿਕਰ ਕਰ ਕੇ ਆਤਮਕ ਆਨੰਦ ਖ਼ੁਸ਼ੀਆਂ ਮਾਣਦੇ ਹਨ, ਅਤੇ ਇਕ-ਰਸ ਸੁਰ ਵਿਚ ਬਾਣੀ ਦੀ ਰਾਹੀਂ ਪ੍ਰਭੂ ਦੇ ਗੁਣ ਗਾਂਦੇ ਹਨ, (ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਉਸ ਸਾਧ ਸੰਗਤਿ ਵਿਚ ਦਾਸ ਨਾਨਕ ਭੀ ਉਸ ਦੇ ਗੁਣ ਆਪਣੇ ਹਿਰਦੇ ਵਿਚ ਵਸਾਏ।8। ਆਵਣੁ ਜਾਣਾ ਸਭੁ ਚਲਤੁ ਤੁਮਾਰਾ ॥ ਕਰਿ ਕਰਿ ਦੇਖੈ ਖੇਲੁ ਅਪਾਰਾ ॥ ਆਪਿ ਉਪਾਏ ਉਪਾਵਣਹਾਰਾ ਅਪਣਾ ਕੀਆ ਪਾਲਣਾ ॥੯॥ ਸੁਣਿ ਸੁਣਿ ਜੀਵਾ ਸੋਇ ਤੁਮਾਰੀ ॥ ਸਦਾ ਸਦਾ ਜਾਈ ਬਲਿਹਾਰੀ ॥ ਦੁਇ ਕਰ ਜੋੜਿ ਸਿਮਰਉ ਦਿਨੁ ਰਾਤੀ ਮੇਰੇ ਸੁਆਮੀ ਅਗਮ ਅਪਾਰਣਾ ॥੧੦॥ ਤੁਧੁ ਬਿਨੁ ਦੂਜੇ ਕਿਸੁ ਸਾਲਾਹੀ ॥ ਏਕੋ ਏਕੁ ਜਪੀ ਮਨ ਮਾਹੀ ॥ ਹੁਕਮੁ ਬੂਝਿ ਜਨ ਭਏ ਨਿਹਾਲਾ ਇਹ ਭਗਤਾ ਕੀ ਘਾਲਣਾ ॥੧੧॥ ਗੁਰ ਉਪਦੇਸਿ ਜਪੀਐ ਮਨਿ ਸਾਚਾ ॥ ਗੁਰ ਉਪਦੇਸਿ ਰਾਮ ਰੰਗਿ ਰਾਚਾ ॥ ਗੁਰ ਉਪਦੇਸਿ ਤੁਟਹਿ ਸਭਿ ਬੰਧਨ ਇਹੁ ਭਰਮੁ ਮੋਹੁ ਪਰਜਾਲਣਾ ॥੧੨॥ {ਪੰਨਾ 1077} ਪਦ ਅਰਥ: ਆਵਣੁ ਜਾਣਾ = (ਜੀਵਾਂ ਦਾ) ਜੰਮਣਾ ਤੇ ਮਰਨਾ। ਚਲਤੁ = ਤਮਾਸ਼ਾ, ਖੇਲ। ਕਰਿ = ਪੈਦਾ ਕਰ ਕੇ। ਅਪਾਰਾ = ਬੇਅੰਤ ਪ੍ਰਭੂ। ਉਪਾਵਣਹਾਰਾ = ਪੈਦਾ ਕਰਨ ਦੀ ਸਮਰਥਾ ਵਾਲਾ। ਕੀਆ = ਪੈਦਾ ਕੀਤੇ ਹੋਏ ਨੂੰ।9। ਸੁਣਿ = ਸੁਣ ਕੇ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ। ਸੋਇ = ਖ਼ਬਰ, ਸੋਭਾ। ਜਾਈ = ਜਾਈਂ, ਮੈਂ ਜਾਂਦਾ ਹਾਂ। ਦੁਇ ਕਰ = ਦੋਵੇਂ ਹੱਥ {ਬਹੁ-ਵਚਨ}। ਜੋੜਿ = ਜੋੜ ਕੇ। ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਅਪਾਰਣਾ = ਹੇ ਅਪਾਰ!।10। ਸਾਲਾਹੀ = ਸਾਲਾਹੀਂ, ਮੈਂ ਸਾਲਾਹਾਂ। ਜਪੀ = ਜਪੀਂ, ਮੈਂ ਜਪਦਾ ਹਾਂ। ਮਾਹੀ = ਮਾਹਿ, ਵਿਚ। ਬੂਝਿ = ਸਮਝ ਕੇ। ਜਨ = ਪ੍ਰਭੂ ਦੇ ਸੇਵਕ। ਨਿਹਾਲਾ = ਪ੍ਰਸੰਨ। ਘਾਲਣਾ = ਮਿਹਨਤ, ਕਮਾਈ।11। ਉਪਦੇਸਿ = ਉਪਦੇਸ਼ ਦੀ ਰਾਹੀਂ। ਜਪੀਐ = ਜਪਣਾ ਚਾਹੀਦਾ ਹੈ। ਮਨਿ = ਮਨ ਵਿਚ। ਸਾਚਾ = ਸਦਾ-ਥਿਰ ਪ੍ਰਭੂ। ਰੰਗਿ = ਪ੍ਰੇਮ-ਰੰਗ ਵਿਚ। ਰਾਚਾ = ਰਚ-ਮਿਚ ਜਾਂਦਾ ਹੈ। ਤੂਟਹਿ = ਟੁੱਟ ਜਾਂਦੇ ਹਨ {ਬਹੁ-ਵਚਨ}। ਸਭਿ = ਸਾਰੇ। ਪਰਜਾਲਣਾ = ਚੰਗੀ ਤਰ੍ਹਾਂ ਸੜ ਜਾਂਦਾ ਹੈ।12। ਅਰਥ: ਹੇ ਪ੍ਰਭੂ! (ਜੀਵਾਂ ਦਾ) ਜੰਮਣਾ ਤੇ ਮਰਨਾ = ਇਹ ਸਾਰਾ ਤੇਰਾ (ਰਚਿਆ) ਖੇਲ ਹੈ। ਹੇ ਭਾਈ! ਬੇਅੰਤ ਪ੍ਰਭੂ ਇਹ ਖੇਲ ਕਰ ਕਰ ਕੇ ਵੇਖ ਰਿਹਾ ਹੈ। ਪੈਦਾ ਕਰਨ ਦੀ ਸਮਰਥਾ ਵਾਲਾ ਪ੍ਰਭੂ ਆਪ (ਜੀਵਾਂ ਨੂੰ) ਪੈਦਾ ਕਰਦਾ ਹੈ। ਆਪਣੇ ਪੈਦਾ ਕੀਤੇ (ਜੀਵਾਂ) ਨੂੰ (ਆਪ ਹੀ) ਪਾਲਦਾ ਹੈ।9। ਹੇ ਪ੍ਰਭੂ! ਤੇਰੀ ਸੋਭਾ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ, ਮੈਂ ਤੈਥੋਂ ਸਦਾ ਹੀ ਸਦਕੇ ਜਾਂਦਾ ਹਾਂ। ਹੇ ਮੇਰੇ ਅਪਹੁੰਚ ਤੇ ਬੇਅੰਤ ਮਾਲਕ! (ਜਦੋਂ ਤੇਰੀ ਮਿਹਰ ਹੁੰਦੀ ਹੈ) ਮੈਂ ਦੋਵੇਂ ਹੱਥ ਜੋੜ ਕੇ ਦਿਨ ਰਾਤ ਤੈਨੂੰ ਸਿਮਰਦਾ ਹਾਂ।10। ਹੇ ਪ੍ਰਭੂ! ਤੈਨੂੰ ਛੱਡ ਕੇ ਮੈਂ ਕਿਸੇ ਹੋਰ ਦੀ ਸਿਫ਼ਤਿ-ਸਾਲਾਹ ਨਹੀਂ ਕਰ ਸਕਦਾ। ਮੈਂ ਆਪਣੇ ਮਨ ਵਿਚ ਸਿਰਫ਼ ਇਕ ਤੈਨੂੰ ਹੀ ਜਪਦਾ ਹਾਂ। ਤੇਰੇ ਸੇਵਕ ਤੇਰੀ ਰਜ਼ਾ ਨੂੰ ਸਮਝ ਕੇ ਸਦਾ ਖਿੜੇ-ਮੱਥੇ ਰਹਿੰਦੇ ਹਨ– ਇਹ ਹੈ ਤੇਰਿਆਂ ਭਗਤਾਂ ਦੀ ਘਾਲ ਕਮਾਈ।11। ਹੇ ਭਾਈ! ਗੁਰੂ ਦੇ ਉਪਦੇਸ਼ ਦੀ ਰਾਹੀਂ ਮਨ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ। ਗੁਰੂ ਦੇ ਉਪਦੇਸ਼ ਉਤੇ ਤੁਰ ਕੇ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਿਚਿਆ ਰਹਿੰਦਾ ਹੈ। ਹੇ ਭਾਈ! ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਦੇ) ਸਾਰੇ ਬੰਧਨ ਟੁੱਟ ਜਾਂਦੇ ਹਨ। ਮਨੁੱਖ ਦੀ ਇਹ ਭਟਕਣਾ, ਮਨੁੱਖ ਦਾ ਇਹ ਮੋਹ ਚੰਗੀ ਤਰ੍ਹਾਂ ਸੜ ਜਾਂਦਾ ਹੈ।12। ਜਹ ਰਾਖੈ ਸੋਈ ਸੁਖ ਥਾਨਾ ॥ ਸਹਜੇ ਹੋਇ ਸੋਈ ਭਲ ਮਾਨਾ ॥ ਬਿਨਸੇ ਬੈਰ ਨਾਹੀ ਕੋ ਬੈਰੀ ਸਭੁ ਏਕੋ ਹੈ ਭਾਲਣਾ ॥੧੩॥ ਡਰ ਚੂਕੇ ਬਿਨਸੇ ਅੰਧਿਆਰੇ ॥ ਪ੍ਰਗਟ ਭਏ ਪ੍ਰਭ ਪੁਰਖ ਨਿਰਾਰੇ ॥ ਆਪੁ ਛੋਡਿ ਪਏ ਸਰਣਾਈ ਜਿਸ ਕਾ ਸਾ ਤਿਸੁ ਘਾਲਣਾ ॥੧੪॥ ਐਸਾ ਕੋ ਵਡਭਾਗੀ ਆਇਆ ॥ ਆਠ ਪਹਰ ਜਿਨਿ ਖਸਮੁ ਧਿਆਇਆ ॥ ਤਿਸੁ ਜਨ ਕੈ ਸੰਗਿ ਤਰੈ ਸਭੁ ਕੋਈ ਸੋ ਪਰਵਾਰ ਸਧਾਰਣਾ ॥੧੫॥ ਇਹ ਬਖਸੀਸ ਖਸਮ ਤੇ ਪਾਵਾ ॥ ਆਠ ਪਹਰ ਕਰ ਜੋੜਿ ਧਿਆਵਾ ॥ ਨਾਮੁ ਜਪੀ ਨਾਮਿ ਸਹਜਿ ਸਮਾਵਾ ਨਾਮੁ ਨਾਨਕ ਮਿਲੈ ਉਚਾਰਣਾ ॥੧੬॥੧॥੬॥ {ਪੰਨਾ 1077} ਪਦ ਅਰਥ: ਜਹ = ਜਿੱਥੇ। ਰਾਖੈ = (ਪਰਮਾਤਮਾ ਸਾਨੂੰ) ਰੱਖਦਾ ਹੈ। ਸੁਖ ਥਾਨਾ = ਸੁਖ ਦੇਣ ਵਾਲਾ ਥਾਂ। ਸਹਜ = ਪ੍ਰਭੂ ਦੀ ਰਜ਼ਾ ਵਿਚ ਹੀ। ਭਲ = ਭਲਾ। ਮਾਨਾ = ਮੰਨਦਾ ਹੈ। ਬੈਰ = (ਸਾਰੇ) ਵੈਰ। ਸਭੁ = ਹਰ ਥਾਂ। ਏਕੋ = ਇਕ ਪਰਮਾਤਮਾ ਨੂੰ ਹੀ।13। ਚੂਕੇ = ਮੁੱਕ ਗਏ। ਅੰਧਿਆਰੇ = (ਆਤਮਕ ਜੀਵਨ ਦੇ ਰਾਹ ਦੇ) ਹਨੇਰੇ। ਨਿਰਾਰੇ = ਨਿਰਾਲਾ, ਨਿਰਲੇਪ। ਆਪੁ = ਆਪਾ-ਭਾਵ। ਛੋਡਿ = ਤਿਆਗ ਕੇ। ਜਿਸ ਕਾ = {ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ} ਜਿਸ (ਪ੍ਰਭੂ) ਦਾ। ਸਾ = ਸੀ, ਹੈ। ਤਿਸੁ ਘਾਲਣਾ = ਉਸ (ਪ੍ਰਭੂ ਦੇ ਨਾਮ) ਦੀ ਘਾਲ-ਕਮਾਈ।14। ਕੋ = ਕੋਈ (ਵਿਰਲਾ) ਮਨੁੱਖ। ਜਿਨਿ = ਜਿਸ (ਮਨੁੱਖ) ਨੇ। ਕੈ ਸੰਗਿ = ਦੇ ਨਾਲ, ਦੀ ਸੰਗਤਿ ਵਿਚ। ਸਭੁ ਕੋਈ = ਹਰੇਕ ਜੀਵ। ਸਧਾਰਣਾ = ਆਸਰਾ ਦੇਣ ਵਾਲਾ।15। ਬਖਸੀਸ = ਬਖ਼ਸ਼ਸ਼, ਦਾਤਿ। ਤੇ = ਤੋਂ। ਪਾਵਾ = ਪਾਵਾਂ, ਮੈਂ ਹਾਸਲ ਕਰਾਂ। ਕਰ ਜੋੜਿ = (ਦੋਵੇਂ) ਹੱਥ ਜੋੜ ਕੇ। ਧਿਆਵਾ = ਧਿਆਵਾਂ, ਮੈਂ ਸਿਮਰਦਾ ਰਹਾਂ। ਜਪੀ = ਜਪੀਂ, ਮੈਂ ਜਪਾਂ। ਨਾਮਿ = ਨਾਮ ਵਿਚ । ਸਹਜਿ = ਆਤਮਕ ਅਡੋਲਤਾ ਵਿਚ। ਸਮਾਵਾ = ਸਮਾਵਾਂ, ਸਮਾਇਆ ਰਹਾਂ। 16। ਅਰਥ: ਹੇ ਭਾਈ! ('ਐਸਾ ਕੋ ਵਡਭਾਗੀ ਆਇਆ' ਜਿਹੜਾ ਇਹ ਨਿਸ਼ਚਾ ਰੱਖਦਾ ਹੈ ਕਿ) ਜਿੱਥੇ (ਪਰਮਾਤਮਾ ਸਾਨੂੰ) (ਸਾਡੇ ਵਾਸਤੇ) ਸੁਖ ਦੇਣ ਵਾਲਾ ਥਾਂ ਹੈ, (ਜਿਹੜਾ ਮਨੁੱਖ) ਜੋ ਕੁਝ ਰਜ਼ਾ ਵਿਚ ਹੋ ਰਿਹਾ ਹੈ ਉਸ ਨੂੰ ਭਲਾਈ ਵਾਸਤੇ ਹੋ ਰਿਹਾ ਮੰਨਦਾ ਹੈ, (ਜਿਸ ਮਨੁੱਖ ਦੇ ਅੰਦਰੋਂ) ਸਾਰੇ ਵੈਰ-ਵਿਰੋਧ ਮਿਟ ਜਾਂਦੇ ਹਨ, (ਜਿਸ ਨੂੰ ਜਗਤ ਵਿਚ) ਕੋਈ ਵੈਰੀ ਨਹੀਂ ਦਿੱਸਦਾ, (ਜਿਹੜਾ) ਹਰ ਥਾਂ ਸਿਰਫ਼ ਪਰਮਾਤਮਾ ਨੂੰ ਹੀ ਵੇਖਦਾ ਹੈ।13। ਹੇ ਭਾਈ! ('ਐਸਾ ਕੋ ਵਡਭਾਗੀ ਆਇਆ', ਜਿਸ ਦੇ ਅੰਦਰੋਂ) ਸਾਰੇ ਡਰ ਮੁੱਕ ਜਾਂਦੇ ਹਨ, ਆਤਮਕ ਜੀਵਨ ਦੇ ਰਸਤੇ ਦੇ ਸਾਰੇ ਹਨੇਰੇ ਦੂਰ ਹੋ ਜਾਂਦੇ ਹਨ, (ਜਿਸ ਦੇ ਅੰਦਰ) ਨਿਰਲੇਪ ਪ੍ਰਭੂ ਪਰਗਟ ਹੋ ਜਾਂਦਾ ਹੈ, (ਜਿਹੜਾ ਮਨੁੱਖ) ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦੀ ਸਰਨੀਂ ਪੈਂਦਾ ਹੈ, ਜਿਸ ਪ੍ਰਭੂ ਦਾ ਪੈਦਾ ਕੀਤਾ ਹੋਇਆ ਹੈ ਉਸੇ (ਦੇ ਸਿਮਰਨ) ਦੀ ਘਾਲ-ਕਮਾਈ ਕਰਦਾ ਹੈ।14। ਹੇ ਭਾਈ! ਕੋਈ ਵਿਰਲਾ ਹੀ ਅਜਿਹਾ ਭਾਗਾਂ ਵਾਲਾ ਮਨੁੱਖ ਜੰਮਦਾ ਹੈ, ਜਿਹੜਾ ਅੱਠੇ ਪਹਰ ਮਾਲਕ-ਪ੍ਰਭੂ ਦਾ ਨਾਮ ਯਾਦ ਕਰਦਾ ਹੈ। ਉਸ ਮਨੁੱਖ ਦੀ ਸੰਗਤਿ ਵਿਚ (ਰਹਿ ਕੇ) ਹਰੇਕ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਉਹ ਮਨੁੱਖ ਆਪਣੇ ਪਰਵਾਰ ਵਾਸਤੇ ਸਹਾਰਾ ਬਣ ਜਾਂਦਾ ਹੈ।15। ਹੇ ਨਾਨਕ! (ਆਖ– ਹੇ ਭਾਈ! ਜੇ ਮੇਰੇ ਮਾਲਕ ਦੀ ਮੇਰੇ ਉਤੇ ਮਿਹਰ ਹੋਵੇ ਤਾਂ) ਮੈਂ ਉਸ ਮਾਲਕ ਪਾਸੋਂ ਇਹ ਦਾਤਿ ਹਾਸਿਲ ਕਰਾਂ ਕਿ ਅੱਠੇ ਪਹਰ ਦੋਵੇਂ ਹੱਥ ਜੋੜ ਕੇ ਉਸ ਦਾ ਨਾਮ ਸਿਮਰਦਾ ਰਹਾਂ, ਉਸ ਦਾ ਨਾਮ ਜਪਦਾ ਰਹਾਂ, ਉਸ ਦੇ ਨਾਮ ਵਿਚ ਆਤਮਕ ਅਡੋਲਤਾ ਵਿਚ ਲੀਨ ਰਹਾਂ, ਮੈਨੂੰ ਉਸ ਦਾ ਨਾਮ ਜਪਣ ਦੀ ਦਾਤਿ ਮਿਲੀ ਰਹੇ। 16।1।6। ਮਾਰੂ ਮਹਲਾ ੫ ॥ ਸੂਰਤਿ ਦੇਖਿ ਨ ਭੂਲੁ ਗਵਾਰਾ ॥ ਮਿਥਨ ਮੋਹਾਰਾ ਝੂਠੁ ਪਸਾਰਾ ॥ ਜਗ ਮਹਿ ਕੋਈ ਰਹਣੁ ਨ ਪਾਏ ਨਿਹਚਲੁ ਏਕੁ ਨਾਰਾਇਣਾ ॥੧॥ ਗੁਰ ਪੂਰੇ ਕੀ ਪਉ ਸਰਣਾਈ ॥ ਮੋਹੁ ਸੋਗੁ ਸਭੁ ਭਰਮੁ ਮਿਟਾਈ ॥ ਏਕੋ ਮੰਤ੍ਰੁ ਦ੍ਰਿੜਾਏ ਅਉਖਧੁ ਸਚੁ ਨਾਮੁ ਰਿਦ ਗਾਇਣਾ ॥੨॥ ਜਿਸੁ ਨਾਮੈ ਕਉ ਤਰਸਹਿ ਬਹੁ ਦੇਵਾ ॥ ਸਗਲ ਭਗਤ ਜਾ ਕੀ ਕਰਦੇ ਸੇਵਾ ॥ ਅਨਾਥਾ ਨਾਥੁ ਦੀਨ ਦੁਖ ਭੰਜਨੁ ਸੋ ਗੁਰ ਪੂਰੇ ਤੇ ਪਾਇਣਾ ॥੩॥ ਹੋਰੁ ਦੁਆਰਾ ਕੋਇ ਨ ਸੂਝੈ ॥ ਤ੍ਰਿਭਵਣ ਧਾਵੈ ਤਾ ਕਿਛੂ ਨ ਬੂਝੈ ॥ ਸਤਿਗੁਰੁ ਸਾਹੁ ਭੰਡਾਰੁ ਨਾਮ ਜਿਸੁ ਇਹੁ ਰਤਨੁ ਤਿਸੈ ਤੇ ਪਾਇਣਾ ॥੪॥ ਜਾ ਕੀ ਧੂਰਿ ਕਰੇ ਪੁਨੀਤਾ ॥ ਸੁਰਿ ਨਰ ਦੇਵ ਨ ਪਾਵਹਿ ਮੀਤਾ ॥ ਸਤਿ ਪੁਰਖੁ ਸਤਿਗੁਰੁ ਪਰਮੇਸਰੁ ਜਿਸੁ ਭੇਟਤ ਪਾਰਿ ਪਰਾਇਣਾ ॥੫॥ {ਪੰਨਾ 1077-1078} ਪਦ ਅਰਥ: ਸੂਰਤਿ = ਸ਼ਕਲ। ਦੇਖਿ = ਵੇਖ ਕੇ। ਗਵਾਰਾ = ਹੇ ਮੂਰਖ! ਮਿਥਨ = ਝੂਠਾ। ਮੋਹਾਰਾ = ਮੋਹ ਦਾ। ਪਸਾਰਾ = ਖਿਲਾਰਾ। ਨਿਹਚਲੁ = ਸਦਾ ਕਾਇਮ ਰਹਿਣ ਵਾਲਾ।1। ਸਭੁ ਭਰਮੁ = ਹਰੇਕ ਕਿਸਮ ਦਾ ਭਰਮ। ਮਿਟਾਈ = (ਗੁਰੂ) ਮਿਟਾਂਦਾ ਹੈ। ਮੰਤ੍ਰੁ = ਉਪਦੇਸ਼। ਦ੍ਰਿੜਾਏ = ਹਿਰਦੇ ਵਿਚ ਪੱਕਾ ਕਰਦਾ ਹੈ। ਅਉਖਧੁ = ਦਵਾਈ, ਦਾਰੂ। ਸਚੁ = ਸਦਾ-ਥਿਰ। ਰਿਦ = ਹਿਰਦੇ ਵਿਚ।2। ਜਿਸੁ ਨਾਮੈ ਕਉ = ਜਿਸ ਦੇ ਨਾਮ ਨੂੰ। ਜਾ ਕੀ = ਜਿਸ (ਪ੍ਰਭੂ) ਦੀ। ਦੀਨ ਦੁਖ ਭੰਜਨੁ = ਗ਼ਰੀਬਾਂ ਦੇ ਦੁੱਖ ਨਾਸ ਕਰਨ ਵਾਲਾ।3। ਦੁਆਰਾ = ਦਰਵਾਜ਼ਾ, ਦਰ। ਤ੍ਰਿਭਵਣ = ਤਿੰਨਾਂ ਭਵਨਾਂ ਵਿਚ। ਧਾਵੈ = (ਜੇ) ਦੌੜਦਾ ਫਿਰੇ। ਭੰਡਾਰੁ = ਖ਼ਜ਼ਾਨਾ। ਤਿਸੈ ਤੇ = ਉਸ (ਗੁਰੂ) ਪਾਸੋਂ ਹੀ।4। ਪੁਨੀਤਾ = ਪਵਿੱਤਰ। ਸੁਰ = ਸੁਰਗ ਦੇ ਰਹਿਣ ਵਾਲੇ। ਨਰ = ਮਨੁੱਖ। ਮੀਤਾ = ਹੇ ਮਿੱਤਰ।5। ਅਰਥ: ਹੇ ਮੂਰਖ! (ਜਗਤ ਦੇ ਪਦਾਰਥਾਂ ਦੀ) ਸ਼ਕਲ ਵੇਖ ਕੇ ਗ਼ਲਤੀ ਨਾਹ ਖਾਹ। ਇਹ ਸਾਰਾ ਝੂਠੇ ਮੋਹ ਦਾ ਝੂਠਾ ਖਿਲਾਰਾ ਹੈ। ਜਗਤ ਵਿਚ ਕੋਈ ਭੀ ਸਦਾ ਲਈ ਟਿਕਿਆ ਨਹੀਂ ਰਹਿ ਸਕਦਾ, ਸਿਰਫ਼ ਇਕ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ।1। ਹੇ ਭਾਈ! ਪੂਰੇ ਗੁਰੂ ਦੀ ਸਰਨ ਪਿਆ ਰਹੁ। ਗੁਰੂ (ਸਰਨ ਪਏ ਮਨੁੱਖ ਦਾ) ਮੋਹ ਸੋਗ ਤੇ ਸਾਰਾ ਭਰਮ ਮਿਟਾ ਦੇਂਦਾ ਹੈ। ਗੁਰੂ ਇਕੋ ਉਪਦੇਸ਼ ਹਿਰਦੇ ਵਿਚ ਕਰਦਾ ਹੈ ਇਕੋ ਦਵਾਈ ਦੇਂਦਾ ਹੈ ਕਿ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਸਿਮਰਨਾ ਚਾਹੀਦਾ ਹੈ।2। ਹੇ ਭਾਈ! ਜਿਸ ਪਰਮਾਤਮਾ ਦੇ ਨਾਮ ਨੂੰ ਅਨੇਕਾਂ ਦੇਵਤੇ ਤਰਸਦੇ ਹਨ, ਸਾਰੇ ਹੀ ਭਗਤ ਜਿਸ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ, ਜਿਹੜਾ ਪਰਮਾਤਮਾ ਨਿਖਸਮਿਆਂ ਦਾ ਖਸਮ ਹੈ, ਜਿਹੜਾ ਪਰਮਾਤਮਾ ਗ਼ਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਹੈ, ਉਹ ਪਰਮਾਤਮਾ ਪੂਰੇ ਗੁਰੂ ਪਾਸੋਂ ਮਿਲਦਾ ਹੈ।3। ਹੇ ਭਾਈ! ਹੋਰ ਕੋਈ ਦਰ (ਐਸਾ) ਨਹੀਂ ਸੁੱਝਦਾ (ਜਿਥੋਂ ਨਾਮ-ਰਤਨ ਮਿਲ ਸਕੇ) । ਜੇ ਮਨੁੱਖ ਤਿੰਨਾਂ ਭਵਨਾਂ ਵਿਚ ਦੌੜ-ਭੱਜ ਕਰਦਾ ਫਿਰੇ ਤਾਂ ਭੀ ਉਸ ਨੂੰ ਨਾਮ-ਰਤਨ ਦੀ ਕੋਈ ਸਮਝ ਨਹੀਂ ਪੈ ਸਕਦੀ। ਇਕ ਗੁਰੂ ਹੀ ਐਸਾ ਸ਼ਾਹ ਹੈ ਜਿਸ ਦੇ ਪਾਸ ਨਾਮ ਦਾ ਖ਼ਜ਼ਾਨਾ ਹੈ। ਉਸ ਗੁਰੂ ਪਾਸੋਂ ਨਾਮ-ਰਤਨ ਮਿਲ ਸਕਦਾ ਹੈ।4। ਹੇ ਭਾਈ! ਜਿਸ (ਪ੍ਰਭੂ) ਦੀ ਚਰਨ-ਧੂੜ ਪਵਿੱਤਰ ਕਰ ਦੇਂਦੀ ਹੈ, ਹੇ ਮਿੱਤਰ! ਉਸ ਨੂੰ ਦੇਵਤੇ ਮਨੁੱਖ ਪ੍ਰਾਪਤ ਨਹੀਂ ਕਰ ਸਕਦੇ। ਸਿਰਫ਼ ਹਰੀ-ਰੂਪ ਗੁਰੂ ਪੁਰਖ ਹੀ ਹੈ ਜਿਸ ਨੂੰ ਮਿਲਿਆਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ।5। |
Sri Guru Granth Darpan, by Professor Sahib Singh |