ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1078

ਪਾਰਜਾਤੁ ਲੋੜਹਿ ਮਨ ਪਿਆਰੇ ॥ ਕਾਮਧੇਨੁ ਸੋਹੀ ਦਰਬਾਰੇ ॥ ਤ੍ਰਿਪਤਿ ਸੰਤੋਖੁ ਸੇਵਾ ਗੁਰ ਪੂਰੇ ਨਾਮੁ ਕਮਾਇ ਰਸਾਇਣਾ ॥੬॥ ਗੁਰ ਕੈ ਸਬਦਿ ਮਰਹਿ ਪੰਚ ਧਾਤੂ ॥ ਭੈ ਪਾਰਬ੍ਰਹਮ ਹੋਵਹਿ ਨਿਰਮਲਾ ਤੂ ॥ ਪਾਰਸੁ ਜਬ ਭੇਟੈ ਗੁਰੁ ਪੂਰਾ ਤਾ ਪਾਰਸੁ ਪਰਸਿ ਦਿਖਾਇਣਾ ॥੭॥ ਕਈ ਬੈਕੁੰਠ ਨਾਹੀ ਲਵੈ ਲਾਗੇ ॥ ਮੁਕਤਿ ਬਪੁੜੀ ਭੀ ਗਿਆਨੀ ਤਿਆਗੇ ॥ ਏਕੰਕਾਰੁ ਸਤਿਗੁਰ ਤੇ ਪਾਈਐ ਹਉ ਬਲਿ ਬਲਿ ਗੁਰ ਦਰਸਾਇਣਾ ॥੮॥ ਗੁਰ ਕੀ ਸੇਵ ਨ ਜਾਣੈ ਕੋਈ ॥ ਗੁਰੁ ਪਾਰਬ੍ਰਹਮੁ ਅਗੋਚਰੁ ਸੋਈ ॥ ਜਿਸ ਨੋ ਲਾਇ ਲਏ ਸੋ ਸੇਵਕੁ ਜਿਸੁ ਵਡਭਾਗ ਮਥਾਇਣਾ ॥੯॥ ਗੁਰ ਕੀ ਮਹਿਮਾ ਬੇਦ ਨ ਜਾਣਹਿ ॥ ਤੁਛ ਮਾਤ ਸੁਣਿ ਸੁਣਿ ਵਖਾਣਹਿ ॥ ਪਾਰਬ੍ਰਹਮ ਅਪਰੰਪਰ ਸਤਿਗੁਰ ਜਿਸੁ ਸਿਮਰਤ ਮਨੁ ਸੀਤਲਾਇਣਾ ॥੧੦॥ {ਪੰਨਾ 1078}

ਪਦ ਅਰਥ: ਪਾਰਜਾਤੁ = ਮਨੋਕਾਮਨਾ ਪੂਰੀ ਕਰਨ ਵਾਲਾ ਰੁੱਖ {ਹਿੰਦੂ ਧਰਮ-ਪੁਸਤਕਾਂ ਅਨੁਸਾਰ ਸੁਰਗ ਵਿਚ ਪੰਜ ਅਜਿਹੇ ਰੁੱਖ ਮੰਨੇ ਗਏ ਹਨ}। ਮਨ = ਹੇ ਮਨ! ਲੋੜਹਿ = (ਜੇ ਤੂੰ ਹਾਸਲ ਕਰਨਾ) ਚਾਹੁੰਦਾ ਹੈਂ। ਕਾਮਧੇਨੁ = {ਧੇਨੁ = ਗਾਂ} ਮਨ ਦੀ ਕਾਮਨਾ ਪੂਰੀ ਕਰਨ ਵਾਲੀ ਗਾਂ {ਇਹ ਭੀ ਸੁਰਗ ਵਿਚ ਹੀ ਰਹਿੰਦੀ ਮੰਨੀ ਗਈ ਹੈ}। ਸੋਹੀ = ਸੋਭਾ ਦੇਵੇ। ਦਰਬਾਰੇ = (ਤੇਰੇ) ਦਰ ਤੇ। ਤ੍ਰਿਪਤਿ = ਰਜੇਵਾਂ। ਰਸਾਇਣਾ = {ਰਸ-ਅਯਨ = ਰਸਾਂ ਦਾ ਘਰ} ਸਭ ਰਸਾਂ ਦਾ ਸੋਮਾ।6।

ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਮਰਹਿ = ਮਰ ਜਾਂਦੇ ਹਨ। ਪੰਚ ਧਾਤੂ = (ਕਾਮਾਦਿਕ) ਪੰਜ ਵਿਸ਼ੇ। ਭੈ ਪਾਰਬ੍ਰਹਮ = ਪਰਮਾਤਮਾ ਦੇ ਡਰ-ਅਦਬ ਵਿਚ (ਰਹਿ ਕੇ) । ਹੋਵਹਿ ਤੂ = ਤੂੰ ਹੋ ਜਾਇਂਗਾ। ਨਿਰਮਲ = ਪਵਿੱਤਰ ਜੀਵਨ ਵਾਲਾ। ਪਾਰਸੁ = ਹੋਰ ਧਾਤਾਂ ਨੂੰ ਸੋਨਾ ਬਣਾ ਦੇਣ ਵਾਲੀ ਪੱਥਰੀ। ਭੇਟੈ = ਮਿਲਦਾ ਹੈ। ਪਰਸਿ = ਛੁਹ ਕੇ। ਦਿਖਾਇਣਾ = (ਪਰਮਾਤਮਾ) ਦਿੱਸ ਪੈਂਦਾ ਹੈ।7।

ਲਵੈ ਲਾਗੇ = ਬਰਾਬਰੀ ਕਰ ਸਕਦੇ। ਬਪੁੜੀ = ਨਿਮਾਣੀ, ਵਿਚਾਰੀ। ਗਿਆਨੀ = ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲਾ। ਤੇ = ਤੋਂ, ਦੀ ਰਾਹੀਂ। ਹਉ = ਮੈਂ। ਬਲਿ ਬਲਿ = ਸਦਾ ਸਦਕੇ।8।

ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਮਥਾਇਣਾ = ਮੱਥੇ ਉੱਤੇ।9।

ਮਹਿਮਾ = ਵਡਿਆਈ, ਉੱਚ-ਆਤਮਕਤਾ। ਨ ਜਾਣਹਿ = ਨਹੀਂ ਜਾਣਦੇ {ਬਹੁ-ਵਚਨ}। ਤੁਛ ਮਾਤ = ਤੁੱਛ ਮਾਤ੍ਰ, ਬਹੁਤ ਹੀ ਥੋੜਾ। ਸੁਣਿ = ਸੁਣ ਕੇ। ਅਪਰੰਪਰ = ਪਰੇ ਤੋਂ ਪਰੇ।10।

ਅਰਥ: ਹੇ ਪਿਆਰੇ ਮਨ! ਜੇ ਤੂੰ (ਸੁਰਗ ਦਾ) ਪਾਰਜਾਤ (ਰੁੱਖ) ਹਾਸਲ ਕਰਨਾ ਚਾਹੁੰਦਾ ਹੈਂ, ਜੇ ਤੂੰ ਚਾਹੁੰਦਾ ਹੈਂ ਕਿ ਕਾਮਧੇਨ ਤੇਰੇ ਬੂਹੇ ਉਤੇ ਸੋਭ ਰਹੀ ਹੋਵੇ, ਤਾਂ ਪੂਰੇ ਗੁਰੂ ਦੀ ਸਰਨ ਪਿਆ ਰਹੁ, ਗੁਰੂ ਪਾਸੋਂ ਪੂਰਨ ਸੰਤੋਖ ਪ੍ਰਾਪਤ ਕਰ, (ਗੁਰੂ ਦੇ ਰਾਹੇ ਤੁਰ ਕੇ) ਨਾਮ-ਸਿਮਰਨ ਦੀ ਕਮਾਈ ਕਰ, ਹਰਿ-ਨਾਮ ਹੀ ਸਾਰੇ ਰਸਾਂ ਦਾ ਸੋਮਾ ਹੈ।6।

ਹੇ ਪਿਆਰੇ ਮਨ! ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਕਾਮਾਦਿਕ ਪੰਜੇ ਵਿਸ਼ੇ ਮਰ ਜਾਂਦੇ ਹਨ, (ਗੁਰੂ ਦੇ ਸ਼ਬਦ ਦੀ ਰਾਹੀਂ) ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ ਤੂੰ ਪਵਿੱਤਰ ਹੋ ਜਾਇਂਗਾ। (ਹੇ ਮਨ! ਗੁਰੂ ਹੀ) ਪਾਰਸ ਹੈ। ਜਦੋਂ ਪੂਰਾ ਗੁਰੂ-ਪਾਰਸ ਮਿਲ ਪੈਂਦਾ ਹੈ, ਤਾਂ ਉਸ ਪਾਰਸ ਨੂੰ ਛੁਹਿਆਂ (ਪਰਮਾਤਮਾ ਹਰ ਥਾਂ) ਦਿੱਸ ਪੈਂਦਾ ਹੈ।7।

ਹੇ ਭਾਈ! ਅਨੇਕਾਂ ਬੈਕੁੰਠ (ਗੁਰੂ ਦੇ ਦਰਸਨ ਦੀ) ਬਰਾਬਰੀ ਨਹੀਂ ਕਰ ਸਕਦੇ। ਜਿਹੜਾ ਮਨੁੱਖ (ਗੁਰੂ ਦੀ ਰਾਹੀਂ) ਪਰਮਾਤਮਾ ਨਾਲ ਸਾਂਝ ਪਾਂਦਾ ਹੈ, ਉਹ ਮੁਕਤੀ ਨੂੰ ਭੀ ਇਕ ਨਿਮਾਣੀ ਜਿਹੀ ਚੀਜ਼ ਸਮਝ ਕੇ (ਇਸ ਦੀ ਲਾਲਸਾ) ਛਡ ਦੇਂਦਾ ਹੈ। ਹੇ ਭਾਈ! ਗੁਰੂ ਦੀ ਰਾਹੀਂ ਹੀ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ। ਮੈਂ ਤਾਂ ਗੁਰੂ ਦੇ ਦਰਸਨ ਤੋਂ ਸਦਾ ਸਦਕੇ ਹਾਂ ਸਦਾ ਸਦਕੇ ਹਾਂ।8।

ਹੇ ਭਾਈ! ਗੁਰੂ ਦੀ ਸਰਨ (ਪੈਣ ਦਾ ਕੀਹ ਮਹਾਤਮ ਹੈ? = ਇਹ ਭੇਤ ਨਿਰੇ ਦਿਮਾਗ਼ੀ ਤੌਰ ਤੇ) ਕੋਈ ਮਨੁੱਖ ਸਮਝ ਨਹੀਂ ਸਕਦਾ (ਸਰਨ ਪਿਆਂ ਹੀ ਸਮਝ ਪੈਂਦੀ ਹੈ) । ਗੁਰੂ (ਆਤਮਕ ਜੀਵਨ ਵਿਚ) ਉਹੀ ਪਰਮਾਤਮਾ ਹੈ ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਜਿਸ ਮਨੁੱਖ ਦੇ ਮੱਥੇ ਦੇ ਭਾਗ ਜਾਗ ਪੈਣ, ਜਿਸ ਨੂੰ (ਪਰਮਾਤਮਾ ਆਪ ਗੁਰੂ ਦੀ ਚਰਨੀਂ) ਲਾਂਦਾ ਹੈ ਉਹ ਗੁਰੂ ਦਾ ਸੇਵਕ ਬਣਦਾ ਹੈ।9।

ਹੇ ਭਾਈ! ਗੁਰੂ ਦੀ ਉੱਚ-ਆਤਮਕਤਾ ਵੇਦ (ਭੀ) ਨਹੀਂ ਜਾਣਦੇ, ਉਹ (ਹੋਰਨਾਂ ਪਾਸੋਂ) ਸੁਣ ਸੁਣ ਕੇ ਰਤਾ-ਮਾਤ੍ਰ ਹੀ ਬਿਆਨ ਕਰ ਸਕੇ ਹਨ। ਹੇ ਭਾਈ! ਗੁਰੂ (ਉੱਚ-ਆਤਮਕਤਾ ਵਿਚ) ਉਹ ਪਰਮਾਤਮਾ ਹੀ ਹੈ ਜੋ ਪਰੇ ਤੋਂ ਪਰੇ ਹੈ ਅਤੇ ਜਿਸ ਦਾ ਨਾਮ ਸਿਮਰਦਿਆਂ ਮਨ ਸੀਤਲ ਹੋ ਜਾਂਦਾ ਹੈ।10।

ਜਾ ਕੀ ਸੋਇ ਸੁਣੀ ਮਨੁ ਜੀਵੈ ॥ ਰਿਦੈ ਵਸੈ ਤਾ ਠੰਢਾ ਥੀਵੈ ॥ ਗੁਰੁ ਮੁਖਹੁ ਅਲਾਏ ਤਾ ਸੋਭਾ ਪਾਏ ਤਿਸੁ ਜਮ ਕੈ ਪੰਥਿ ਨ ਪਾਇਣਾ ॥੧੧॥ ਸੰਤਨ ਕੀ ਸਰਣਾਈ ਪੜਿਆ ॥ ਜੀਉ ਪ੍ਰਾਣ ਧਨੁ ਆਗੈ ਧਰਿਆ ॥ ਸੇਵਾ ਸੁਰਤਿ ਨ ਜਾਣਾ ਕਾਈ ਤੁਮ ਕਰਹੁ ਦਇਆ ਕਿਰਮਾਇਣਾ ॥੧੨॥ ਨਿਰਗੁਣ ਕਉ ਸੰਗਿ ਲੇਹੁ ਰਲਾਏ ॥ ਕਰਿ ਕਿਰਪਾ ਮੋਹਿ ਟਹਲੈ ਲਾਏ ॥ ਪਖਾ ਫੇਰਉ ਪੀਸਉ ਸੰਤ ਆਗੈ ਚਰਣ ਧੋਇ ਸੁਖੁ ਪਾਇਣਾ ॥੧੩॥ ਬਹੁਤੁ ਦੁਆਰੇ ਭ੍ਰਮਿ ਭ੍ਰਮਿ ਆਇਆ ॥ ਤੁਮਰੀ ਕ੍ਰਿਪਾ ਤੇ ਤੁਮ ਸਰਣਾਇਆ ॥ ਸਦਾ ਸਦਾ ਸੰਤਹ ਸੰਗਿ ਰਾਖਹੁ ਏਹੁ ਨਾਮ ਦਾਨੁ ਦੇਵਾਇਣਾ ॥੧੪॥ ਭਏ ਕ੍ਰਿਪਾਲ ਗੁਸਾਈ ਮੇਰੇ ॥ ਦਰਸਨੁ ਪਾਇਆ ਸਤਿਗੁਰ ਪੂਰੇ ॥ ਸੂਖ ਸਹਜ ਸਦਾ ਆਨੰਦਾ ਨਾਨਕ ਦਾਸ ਦਸਾਇਣਾ ॥੧੫॥੨॥੭॥ {ਪੰਨਾ 1078}

ਪਦ ਅਰਥ: ਜਾ ਕੀ = ਜਿਸ (ਗੁਰੂ) ਦੀ। ਸੋਇ = ਸੋਭਾ। ਸੁਣੀ = ਸੁਣਿ, ਸੁਣ ਕੇ। ਜੀਵੈ = ਆਤਮਕ ਜੀਵਨ ਹਾਸਲ ਕਰ ਲੈਂਦਾ ਹੈ। ਰਿਦੈ = ਹਿਰਦੇ ਵਿਚ। ਥੀਵੈ = ਹੋ ਜਾਂਦਾ ਹੈ। ਗੁਰਮੁਖਹੁ = ਗੁਰੂ ਦੇ ਮੂੰਹੋਂ, ਗੁਰੂ ਦੇ ਰਾਹ ਤੇ ਤੁਰ ਕੇ। ਅਲਾਏ = (ਨਾਮ) ਉਚਾਰੇ। ਤਿਸੁ = ਉਸ (ਮਨੁੱਖ) ਨੂੰ। ਜਮ ਕੈ ਪੰਥਿ = ਜਮਰਾਜ ਦੇ ਰਾਹ ਉਤੇ। ਨ ਪਾਇਣਾ = ਨਹੀਂ ਪਾਂਦਾ।11।

ਪੜਿਆ = (ਮੈਂ ਭੀ) ਪਿਆ ਹਾਂ। ਜੀਉ = ਜਿੰਦ। ਆਗੈ = ਗੁਰੂ ਦੇ ਅੱਗੇ। ਸੁਰਤਿ = ਸੂਝ। ਜਾਣਾ = ਜਾਣਾਂ, ਮੈਂ ਜਾਣਦਾਂ। ਕਾਈ = {ਇਸਤ੍ਰੀ-ਲਿੰਗ ਹੈ। ਪੁਲਿੰਗ ਹੈ 'ਕੋਈ'}। ਕਿਰਮਾਇਣਾ = ਕਿਰਮ ਉੱਤੇ, ਕੀੜੇ ਉਤੇ।12।

ਨਿਰਗੁਣ = ਗੁਣ-ਹੀਨ। ਕਉ = ਨੂੰ। ਸੰਗਿ = ਗੁਰੂ ਦੀ ਸੰਗਤਿ ਵਿਚ। ਮੋਹਿ = ਮੈਨੂੰ। ਟਹਲੈ = ਗੁਰੂ ਦੀ ਟਹਲ ਵਿਚ। ਫੇਰਉ = ਫੇਰਉਂ, ਮੈਂ ਫੇਰਾਂ। ਪੀਸਉ = ਪੀਸਉਂ, ਮੈਂ ਪੀਹਾਂ। ਸੰਤ = ਗੁਰੂ। ਧੋਇ = ਧੋ ਕੇ।13।

ਭ੍ਰਮਿ = ਭਟਕ ਕੇ। ਤੇ = ਤੋਂ, ਨਾਲ। ਤੁਮ ਸਰਣਾਇਆ = ਤੇਰੀ ਸਰਨ। ਸੰਗਿ = ਨਾਲ।14।

ਗੁਸਾਈ = ਮਾਲਕ। ਸਹਜ = ਆਤਮਕ ਅਡੋਲਤਾ। ਨਾਨਕ = ਹੇ ਨਾਨਕ! ਦਾਸ ਦਸਾਇਣਾ = ਦਾਸਾਂ ਦਾ ਦਾਸ।15।

ਅਰਥ: ਹੇ ਭਾਈ! ਜਿਸ (ਗੁਰੂ) ਦੀ ਸੋਭਾ ਸੁਣ ਕੇ ਮਨ ਆਤਮਕ ਜੀਵਨ ਪ੍ਰਾਪਤ ਕਰਦਾ ਹੈ, ਜੇ ਗੁਰੂ (ਮਨੁੱਖ ਦੇ) ਹਿਰਦੇ ਵਿਚ ਆ ਵੱਸੇ, ਤਾਂ ਹਿਰਦਾ ਸ਼ਾਂਤ ਹੋ ਜਾਂਦਾ ਹੈ। ਜੇ ਮਨੁੱਖ ਗੁਰੂ ਦੇ ਰਸਤੇ ਉੱਤੇ ਤੁਰ ਕੇ ਹਰਿ-ਨਾਮ ਸਿਮਰੇ, ਤਾਂ ਮਨੁੱਖ (ਲੋਕ ਪਰਲੋਕ ਵਿਚ) ਸੋਭਾ ਖੱਟਦਾ ਹੈ, ਗੁਰੂ ਉਸ ਮਨੁੱਖ ਨੂੰ ਜਮਰਾਜ ਦੇ ਰਸਤੇ ਨਹੀਂ ਪੈਣ ਦੇਂਦਾ।11।

ਹੇ ਪ੍ਰਭੂ! ਮੈਂ ਭੀ ਤੇਰੇ ਸੰਤ ਜਨਾਂ ਦੀ ਸਰਨ ਆ ਪਿਆ ਹਾਂ, ਮੈਂ ਆਪਣੀ ਜਿੰਦ ਆਪਣੇ ਪ੍ਰਾਣ ਆਪਣਾ ਧਨ ਸੰਤ ਜਨਾਂ ਦੇ ਅੱਗੇ ਲਿਆ ਰੱਖਿਆ ਹੈ। ਮੈਂ ਸੇਵਾ-ਭਗਤੀ ਕਰਨ ਦੀ ਕੋਈ ਸੂਝ ਨਹੀਂ ਜਾਣਦਾ। ਮੈਂ ਨਿਮਾਣੇ ਉੱਤੇ ਤੂੰ ਆਪ ਹੀ ਕਿਰਪਾ ਕਰ।12।

ਹੇ ਪ੍ਰਭੂ! ਮੈਨੂੰ ਗੁਣ-ਹੀਣ ਨੂੰ ਗੁਰੂ ਦੀ ਸੰਗਤਿ ਵਿਚ ਰਲਾਈ ਰੱਖ। ਮੈਨੂੰ ਗੁਰੂ ਦੀ ਸੇਵਾ-ਟਹਲ ਵਿਚ ਜੋੜੀ ਰੱਖ। ਮੈਂ ਗੁਰੂ ਦੇ ਦਰ ਤੇ ਪੱਖਾ ਝੱਲਦਾ ਰਹਾਂ, (ਚੱਕੀ) ਪੀਂਹਦਾ ਰਹਾਂ, ਤੇ ਗੁਰੂ ਦੇ ਚਰਨ ਧੋ ਕੇ ਆਨੰਦ ਮਾਣਦਾ ਰਹਾਂ।13।

ਹੇ ਪ੍ਰਭੂ! ਮੈਂ ਦਰਵਾਜ਼ਿਆਂ ਤੇ ਭਟਕ ਭਟਕ ਕੇ ਆਇਆ ਹਾਂ। ਤੇਰੀ ਹੀ ਕਿਰਪਾ ਨਾਲ (ਹੁਣ) ਤੇਰੀ ਸਰਨ ਆਇਆ ਹਾਂ। ਮੈਨੂੰ ਸਦਾ ਹੀ ਆਪਣੇ ਸੰਤ ਜਨਾਂ ਦੀ ਸੰਗਤਿ ਵਿਚ ਰੱਖ, ਅਤੇ ਉਹਨਾਂ ਪਾਸੋਂ ਆਪਣੇ ਨਾਮ ਦਾ ਖ਼ੈਰ ਪਵਾ।14।

ਹੇ ਨਾਨਕ! (ਆਖ– ਹੇ ਭਾਈ!) ਜਦੋਂ (ਹੁਣ) ਮੇਰਾ ਮਾਲਕ-ਪ੍ਰਭੂ ਦਇਆਵਾਨ ਹੋਇਆ, ਤਾਂ ਮੈਨੂੰ ਪੂਰੇ ਗੁਰੂ ਦਾ ਦਰਸਨ ਹੋਇਆ। ਹੁਣ ਮੇਰੇ ਅੰਦਰ ਸਦਾ ਆਤਮਕ ਅਡੋਲਤਾ ਤੇ ਸੁਖ-ਆਨੰਦ ਬਣੇ ਰਹਿੰਦੇ ਹਨ। ਮੈਂ ਉਸ ਦੇ ਦਾਸਾਂ ਦਾ ਦਾਸ ਬਣਿਆ ਰਹਿੰਦਾ ਹਾਂ।15।2।7।

ਮਾਰੂ ਸੋਲਹੇ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਸਿਮਰੈ ਧਰਤੀ ਅਰੁ ਆਕਾਸਾ ॥ ਸਿਮਰਹਿ ਚੰਦ ਸੂਰਜ ਗੁਣਤਾਸਾ ॥ ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ ॥੧॥ ਸਿਮਰਹਿ ਖੰਡ ਦੀਪ ਸਭਿ ਲੋਆ ॥ ਸਿਮਰਹਿ ਪਾਤਾਲ ਪੁਰੀਆ ਸਚੁ ਸੋਆ ॥ ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰਿ ਜਨਾ ॥੨॥ ਸਿਮਰਹਿ ਬ੍ਰਹਮੇ ਬਿਸਨ ਮਹੇਸਾ ॥ ਸਿਮਰਹਿ ਦੇਵਤੇ ਕੋੜਿ ਤੇਤੀਸਾ ॥ ਸਿਮਰਹਿ ਜਖ੍ਯ੍ਯਿ ਦੈਤ ਸਭਿ ਸਿਮਰਹਿ ਅਗਨਤੁ ਨ ਜਾਈ ਜਸੁ ਗਨਾ ॥੩॥ ਸਿਮਰਹਿ ਪਸੁ ਪੰਖੀ ਸਭਿ ਭੂਤਾ ॥ ਸਿਮਰਹਿ ਬਨ ਪਰਬਤ ਅਉਧੂਤਾ ॥ ਲਤਾ ਬਲੀ ਸਾਖ ਸਭ ਸਿਮਰਹਿ ਰਵਿ ਰਹਿਆ ਸੁਆਮੀ ਸਭ ਮਨਾ ॥੪॥ {ਪੰਨਾ 1078-1079}

ਪਦ ਅਰਥ: ਸਿਮਰੈ = ਸਿਮਰਦਾ ਹੈ, ਹਰ ਵੇਲੇ ਚੇਤੇ ਰੱਖਦਾ ਹੈ, ਰਜ਼ਾ ਵਿਚ ਤੁਰਦਾ ਹੈ। ਅਰੁ = ਅਤੇ। ਸਿਮਰਹਿ = ਸਿਮਰਦੇ ਹਨ {ਬਹੁ-ਵਚਨ}। ਗੁਣਤਾਸਾ = ਗੁਣਾਂ ਦਾ ਖ਼ਜ਼ਾਨਾ ਪਰਮਾਤਮਾ। ਪਉਣ = ਹਵਾ। ਬੈਸੰਤਰ = ਅੱਗ। ਸਗਲ = ਸਾਰੀ। ਉਪਾਰਜਨਾ = ਸ੍ਰਿਸ਼ਟੀ।1।

ਦੀਪ = ਦ੍ਵੀਪ, ਟਾਪੂ। ਸਭਿ = ਸਾਰੇ। ਲੋਆ = ਮੰਡਲ {ਲੋਕ}। ਸਚੁ = ਸਦਾ-ਥਿਰ ਪ੍ਰਭੂ। ਸਚੁ ਸੋਆ = ਉਸ ਸਦਾ-ਥਿਰ ਪ੍ਰਭੂ ਨੂੰ। ਖਾਣੀ = {ਅੰਡਜ ਜੇਰਜ ਸੇਤਜ ਉਤਭੁਜ ਆਦਿਕ) ਖਾਣੀਆਂ। ਬਾਣੀ = ਸਭ ਬੋਲੀਆਂ (ਦੇ ਬੋਲਣ ਵਾਲੇ) ।2।

ਬ੍ਰਹਮੇ = {ਬਹੁ-ਵਚਨ} ਅਨੇਕਾਂ ਬ੍ਰਹਮੇ। ਬਿਸਨ = {ਬਹੁ-ਵਚਨ}। ਮਹੇਸਾ = ਸ਼ਿਵ। ਕੋੜਿ ਤੇਤੀਸਾ = ਤੇਤੀ ਕ੍ਰੋੜ। ਜਖ੍ਯ੍ਯਿ = ਜੱਖ (ਦੇਵਤਿਆਂ ਦੀ ਇਕ ਸ਼੍ਰੇਣੀ) । ਅਗਨਤੁ = ਉਹ ਪਰਮਾਤਮਾ ਜਿਸ ਦੇ ਗੁਣ ਗਿਣੇ ਨਹੀਂ ਜਾ ਸਕਦੇ। ਜਸੁ = ਸਿਫ਼ਤਿ-ਸਾਲਾਹ। ਨ ਜਾਈ ਗਨਾ = ਗਿਣਿਆ ਨਹੀਂ ਜਾ ਸਕਦਾ।3।

ਸਭਿ ਭੂਤਾ = ਸਾਰੇ ਜੀਵ। ਪਰਬਤ ਅਉਧੂਤਾ = ਨਾਂਗੇ ਸਾਧੂਆਂ ਵਾਂਗ ਅਡੋਲ ਟਿਕੇ ਹੋਏ ਪਰਬਤ। ਲਤਾ = ਵੇਲ। ਬਲੀ = {vÑlI} ਵੇਲ। ਸਾਖ = ਸ਼ਾਖ਼ਾਂ। ਰਵਿ ਰਹਿਆ = ਵਿਆਪਕ ਹੈ। ਸਭ ਮਨਾ = ਸਾਰੇ ਮਨਾਂ ਵਿਚ।4।

ਅਰਥ: ਹੇ ਭਾਈ! ਧਰਤੀ ਪਰਮਾਤਮਾ ਦੀ ਰਜ਼ਾ ਵਿਚ ਤੁਰ ਰਹੀ ਹੈ ਆਕਾਸ਼ ਉਸ ਦੀ ਰਜ਼ਾ ਵਿਚ ਹੈ। ਚੰਦ ਅਤੇ ਸੂਰਜ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਰਜ਼ਾ ਵਿਚ ਤੁਰ ਰਹੇ ਹਨ। ਹਵਾ ਪਾਣੀ ਅੱਗ (ਆਦਿਕ ਤੱਤ) ਪ੍ਰਭੂ ਦੀ ਰਜ਼ਾ ਵਿਚ ਕੰਮ ਕਰ ਰਹੇ ਹਨ। ਸਾਰੀ ਸ੍ਰਿਸ਼ਟੀ ਉਸ ਦੀ ਰਜ਼ਾ ਵਿਚ ਕੰਮ ਕਰ ਰਹੀ ਹੈ।1।

ਹੇ ਭਾਈ! ਸਾਰੇ ਖੰਡ ਦੀਪ ਮੰਡਲ, ਪਾਤਾਲ ਅਤੇ ਸਾਰੀਆਂ ਪੁਰੀਆਂ, ਸਾਰੀਆਂ ਖਾਣੀਆਂ ਅਤੇ ਬਾਣੀਆਂ (ਦੇ ਜੀਵ) , ਸਾਰੇ ਪ੍ਰਭੂ ਦੇ ਸੇਵਕ ਸਦਾ-ਥਿਰ ਪ੍ਰਭੂ ਦੀ ਰਜ਼ਾ ਵਿਚ ਵਰਤ ਰਹੇ ਹਨ।2।

ਹੇ ਭਾਈ! ਅਨੇਕਾਂ ਬ੍ਰਹਮੇ ਵਿਸ਼ਨੂ ਅਤੇ ਸ਼ਿਵ, ਤੇਤੀ ਕ੍ਰੋੜ ਦੇਵਤੇ, ਸਾਰੇ ਜੱਖ੍ਯ੍ਯ ਅਤੇ ਦੈਂਤ ਉਸ ਅਗਣਤ ਪ੍ਰਭੂ ਨੂੰ ਹਰ ਵੇਲੇ ਯਾਦ ਕਰ ਰਹੇ ਹਨ। ਉਸ ਦੀ ਸਿਫ਼ਤਿ-ਸਾਲਾਹ ਦਾ ਅੰਤ ਨਹੀਂ ਪਾਇਆ ਜਾ ਸਕਦਾ।3।

ਹੇ ਭਾਈ! ਸਾਰੇ ਪਸ਼ੂ ਪੰਛੀ ਆਦਿਕ ਜੀਵ, ਜੰਗਲ ਅਤੇ ਅਡੋਲ ਟਿਕੇ ਹੋਏ ਪਹਾੜ, ਵੇਲਾਂ ਰੁੱਖਾਂ ਦੀਆਂ ਸ਼ਾਖਾਂ, ਸਭ ਪਰਮਾਤਮਾ ਦੀ ਰਜ਼ਾ ਵਿਚ ਕੰਮ ਕਰ ਰਹੇ ਹਨ। ਹੇ ਭਾਈ! ਮਾਲਕ-ਪ੍ਰਭੂ ਸਭ ਜੀਵਾਂ ਦੇ ਮਨਾਂ ਵਿਚ ਵੱਸ ਰਿਹਾ ਹੈ।4।

TOP OF PAGE

Sri Guru Granth Darpan, by Professor Sahib Singh