ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1079 ਸਿਮਰਹਿ ਥੂਲ ਸੂਖਮ ਸਭਿ ਜੰਤਾ ॥ ਸਿਮਰਹਿ ਸਿਧ ਸਾਧਿਕ ਹਰਿ ਮੰਤਾ ॥ ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਧਨਾ ॥੫॥ ਸਿਮਰਹਿ ਨਰ ਨਾਰੀ ਆਸਰਮਾ ॥ ਸਿਮਰਹਿ ਜਾਤਿ ਜੋਤਿ ਸਭਿ ਵਰਨਾ ॥ ਸਿਮਰਹਿ ਗੁਣੀ ਚਤੁਰ ਸਭਿ ਬੇਤੇ ਸਿਮਰਹਿ ਰੈਣੀ ਅਰੁ ਦਿਨਾ ॥੬॥ ਸਿਮਰਹਿ ਘੜੀ ਮੂਰਤ ਪਲ ਨਿਮਖਾ ॥ ਸਿਮਰੈ ਕਾਲੁ ਅਕਾਲੁ ਸੁਚਿ ਸੋਚਾ ॥ ਸਿਮਰਹਿ ਸਉਣ ਸਾਸਤ੍ਰ ਸੰਜੋਗਾ ਅਲਖੁ ਨ ਲਖੀਐ ਇਕੁ ਖਿਨਾ ॥੭॥ ਕਰਨ ਕਰਾਵਨਹਾਰ ਸੁਆਮੀ ॥ ਸਗਲ ਘਟਾ ਕੇ ਅੰਤਰਜਾਮੀ ॥ ਕਰਿ ਕਿਰਪਾ ਜਿਸੁ ਭਗਤੀ ਲਾਵਹੁ ਜਨਮੁ ਪਦਾਰਥੁ ਸੋ ਜਿਨਾ ॥੮॥ {ਪੰਨਾ 1079} ਪਦ ਅਰਥ: ਥੂਲ = ਸਥੂਲ, ਵੱਡੇ ਆਕਾਰ ਵਾਲੇ। ਸੂਖਮ = ਬਹੁਤ ਹੀ ਨਿੱਕੇ ਸਰੀਰ ਵਾਲੇ। ਸਭਿ = ਸਾਰੇ। ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਮੰਤਾ = ਮੰਤ੍ਰ, ਜਾਪ। ਗੁਪਤ ਪ੍ਰਗਟ = ਦਿੱਸਦੇ ਅਣਦਿੱਸਦੇ ਜੀਵ। ਪ੍ਰਭ = ਹੇ ਪ੍ਰਭੂ! ਧਨਾ = ਧਨੀ, ਮਾਲਕ।5। ਆਸਰਮਾ = {ਬ੍ਰਹਮਚਰਜ, ਗ੍ਰਿਹਸਤ, ਵਾਨਪ੍ਰਸਥ, ਸੰਨਿਆਸ) ਚੌਹਾਂ ਆਸ਼੍ਰਮਾਂ ਦੇ ਪ੍ਰਾਣੀ। ਵਰਨਾ = (ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ) ਚਾਰ ਵਰਨਾਂ ਦੇ ਪ੍ਰਾਣੀ। ਸਭਿ = ਸਾਰੇ। ਗੁਨੀ = ਗੁਣਵਾਨ। ਬੇਤੇ = ਵਿਦਵਾਨ। ਰੈਣੀ = ਰਾਤ।6। ਮੂਰਤ = ਮੁਹੂਰਤ। ਨਿਮਖਾ = {inmy_} ਅੱਖ ਝਮਕਣ ਜਿਤਨਾ ਸਮਾ। ਕਾਲੁ = ਮੌਤ। ਅਕਾਲੁ = ਜਨਮ। ਸੁਚਿ = ਸਰੀਰਕ ਪਵਿੱਤ੍ਰਤਾ। ਸੋਚਾ = ਸ਼ੌਚ, ਸਰੀਰਕ ਕ੍ਰਿਆ ਸਾਧਣੀ। ਸਉਣ ਸਾਸਤ੍ਰ = ਜੋਤਿਸ਼ ਆਦਿਕ ਦੇ ਸ਼ਾਸਤ੍ਰ। ਅਲਖੁ = ਜਿਸ ਦਾ ਸਹੀ ਸਰੂਪ ਬਿਆਨ ਨਾਹ ਹੋ ਸਕੇ।7। ਕਰਾਵਨਹਾਰ = (ਜੀਵਾਂ ਪਾਸੋਂ) ਕਰਾ ਸਕਣ ਵਾਲਾ। ਘਟ = ਹਿਰਦਾ। ਕਰਿ = ਕਰ ਕੇ। ਜਿਨਾ = ਜਿਣਾ, ਜਿੱਤਦਾ ਹੈ।8। ਅਰਥ: ਹੇ ਮੇਰੇ ਪ੍ਰਭੂ! ਬਹੁਤ ਵੱਡੇ ਸਰੀਰਾਂ ਤੋਂ ਲੈ ਕੇ ਬਹੁਤ ਹੀ ਨਿੱਕੇ ਸਰੀਰਾਂ ਵਾਲੇ ਸਾਰੇ ਜੀਵ, ਸਿੱਧ ਅਤੇ ਸਾਧਿਕ, ਦਿੱਸਦੇ ਅਣਦਿੱਸਦੇ ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ। ਹੇ ਪ੍ਰਭੂ! ਤੂੰ ਸਾਰੇ ਭਵਨਾਂ ਦਾ ਮਾਲਕ ਹੈਂ।1। ਹੇ ਭਾਈ! ਚੌਹਾਂ ਆਸ਼੍ਰਮਾਂ ਦੇ ਨਰ ਤੇ ਨਾਰੀਆਂ, ਸਭ ਜਾਤਾਂ ਤੇ ਵਰਨਾਂ ਦੇ ਸਾਰੇ ਪ੍ਰਾਣੀ, ਗੁਣਵਾਨ ਚਤੁਰ ਸਿਆਣੇ ਸਾਰੇ ਜੀਵ ਪਰਮਾਤਮਾ ਨੂੰ ਹੀ ਸਿਮਰਦੇ ਹਨ। (ਸਾਰੇ ਜੀਵ) ਰਾਤ ਅਤੇ ਦਿਨ ਹਰ ਵੇਲੇ ਉਸੇ ਪ੍ਰਭੂ ਨੂੰ ਸਿਮਰਦੇ ਹਨ।6। ਹੇ ਭਾਈ! ਘੜੀ ਮੁਹੂਰਤ, ਪਲ, ਨਿਮਖ (ਆਦਿਕ ਸਮੇ ਦੀਆਂ ਵੰਡਾਂ) ਪ੍ਰਭੂ ਦੇ ਹੁਕਮ-ਨਿਯਮ ਵਿਚ ਲੰਘਦੇ ਜਾ ਰਹੇ ਹਨ। ਮੌਤ ਪ੍ਰਭੂ ਦੇ ਹੁਕਮ ਵਿਚ ਤੁਰ ਰਹੀ ਹੈ, ਜਨਮ ਪ੍ਰਭੂ ਦੇ ਹੁਕਮ ਵਿਚ ਤੁਰ ਰਿਹਾ ਹੈ। ਸੁੱਚ ਅਤੇ ਸਰੀਰਕ ਕ੍ਰਿਆ = ਇਹ ਭੀ ਹੁਕਮ ਵਿਚ ਹੀ ਕਾਰ ਚੱਲ ਰਹੀ ਹੈ। ਸੰਜੋਗ ਆਦਿਕ ਦੱਸਣ ਵਾਲੇ ਜੋਤਿਸ਼ ਅਤੇ ਹੋਰ ਸ਼ਾਸਤ੍ਰ ਉਸ ਦੇ ਹੁਕਮ ਵਿਚ ਹੀ ਚੱਲ ਪਏ ਹਨ। ਪਰ ਪ੍ਰਭੂ ਆਪ ਐਸਾ ਹੈ ਕਿ ਉਸ ਦਾ ਸਹੀ ਸਰੂਪ ਦੱਸਿਆ ਨਹੀਂ ਜਾ ਸਕਦਾ, ਰਤਾ ਭਰ ਭੀ ਬਿਆਨ ਨਹੀਂ ਕੀਤਾ ਜਾ ਸਕਦਾ।7। ਹੇ ਸਭ ਕੁਝ ਆਪ ਕਰ ਸਕਣ ਵਾਲੇ ਅਤੇ ਜੀਵਾਂ ਪਾਸੋਂ ਕਰਾ ਸਕਣ ਵਾਲੇ ਸੁਆਮੀ! ਹੇ ਸਭ ਦੇ ਦਿਲਾਂ ਦੀ ਜਾਣਨ ਵਾਲੇ ਪ੍ਰਭੂ! ਤੂੰ ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣੀ ਭਗਤੀ ਵਿਚ ਲਾਂਦਾ ਹੈਂ, ਉਹ ਇਸ ਕੀਮਤੀ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਜਾਂਦਾ ਹੈ।8। ਜਾ ਕੈ ਮਨਿ ਵੂਠਾ ਪ੍ਰਭੁ ਅਪਨਾ ॥ ਪੂਰੈ ਕਰਮਿ ਗੁਰ ਕਾ ਜਪੁ ਜਪਨਾ ॥ ਸਰਬ ਨਿਰੰਤਰਿ ਸੋ ਪ੍ਰਭੁ ਜਾਤਾ ਬਹੁੜਿ ਨ ਜੋਨੀ ਭਰਮਿ ਰੁਨਾ ॥੯॥ ਗੁਰ ਕਾ ਸਬਦੁ ਵਸੈ ਮਨਿ ਜਾ ਕੈ ॥ ਦੂਖੁ ਦਰਦੁ ਭ੍ਰਮੁ ਤਾ ਕਾ ਭਾਗੈ ॥ ਸੂਖ ਸਹਜ ਆਨੰਦ ਨਾਮ ਰਸੁ ਅਨਹਦ ਬਾਣੀ ਸਹਜ ਧੁਨਾ ॥੧੦॥ ਸੋ ਧਨਵੰਤਾ ਜਿਨਿ ਪ੍ਰਭੁ ਧਿਆਇਆ ॥ ਸੋ ਪਤਿਵੰਤਾ ਜਿਨਿ ਸਾਧਸੰਗੁ ਪਾਇਆ ॥ ਪਾਰਬ੍ਰਹਮੁ ਜਾ ਕੈ ਮਨਿ ਵੂਠਾ ਸੋ ਪੂਰ ਕਰੰਮਾ ਨਾ ਛਿਨਾ ॥੧੧॥ ਜਲਿ ਥਲਿ ਮਹੀਅਲਿ ਸੁਆਮੀ ਸੋਈ ॥ ਅਵਰੁ ਨ ਕਹੀਐ ਦੂਜਾ ਕੋਈ ॥ ਗੁਰ ਗਿਆਨ ਅੰਜਨਿ ਕਾਟਿਓ ਭ੍ਰਮੁ ਸਗਲਾ ਅਵਰੁ ਨ ਦੀਸੈ ਏਕ ਬਿਨਾ ॥੧੨॥ {ਪੰਨਾ 1079} ਪਦ ਅਰਥ: ਜਾ ਕੈ ਮਨਿ = ਜਿਸ (ਮਨੁੱਖ) ਦੇ ਮਨ ਵਿਚ। ਵੂਠਾ = ਆ ਵੱਸਿਆ। ਕਰਮਿ = ਬਖ਼ਸ਼ਸ਼ ਦੀ ਰਾਹੀਂ। ਸਰਬ ਨਿਰੰਤਰਿ = ਸਭਨਾਂ ਦੇ ਅੰਦਰ। ਜਾਤਾ = ਜਾਣ ਲਿਆ। ਬਹੁੜਿ = ਮੁੜ, ਫਿਰ। ਭਰਮਿ = ਭਟਕ ਕੇ। ਰੁਨਾ = ਰੁੰਨਾ, ਰੋਇਆ, ਦੁਖੀ ਹੋਇਆ।9। ਭ੍ਰਮੁ = ਭਟਕਣਾ। ਤਾ ਕਾ = ਉਸ (ਮਨੁੱਖ) ਦਾ। ਭਾਗੈ = ਭੱਜ ਜਾਂਦਾ ਹੈ {ਇਕ-ਵਚਨ}। ਸਹਜ = ਆਤਮਕ ਅਡੋਲਤਾ। ਅਨਹਦ = ਇਕ-ਰਸ, ਲਗਾਤਾਰ। ਧੁਨਾ = ਰੌ।10। ਜਿਨਿ = ਜਿਸ (ਮਨੁੱਖ) ਨੇ। ਪਤਿਵੰਤਾ = ਇੱਜ਼ਤ ਵਾਲਾ। ਸੰਗੁ = ਸਾਥ। ਸਾਧ ਸੰਗੁ = ਗੁਰੂ ਦਾ ਸਾਥ। ਪੂਰ ਕਰੰਮਾ = ਪੂਰੇ ਭਾਗਾਂ ਵਾਲਾ। ਛਿਨਾ = ਗੁਪਤ, ਲੁਕਿਆ ਹੋਇਆ। ਨਾ ਛਿਨਾ = ਉੱਘਾ।11। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉੱਤੇ, ਪੁਲਾੜ ਵਿਚ, ਆਕਾਸ਼ ਵਿਚ। ਕਹੀਐ = ਦੱਸਿਆ ਜਾ ਸਕਦਾ। ਗੁਰ ਗਿਆਨ ਅੰਜਨਿ = ਗੁਰੂ ਦੇ ਗਿਆਨ ਦੇ ਸੁਰਮੇ ਨੇ। ਸਗਲਾ = ਸਾਰਾ। ਦੀਸੈ = ਦਿੱਸਦਾ।12। ਅਰਥ: ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਿਆਰਾ ਪ੍ਰਭੂ ਆ ਵੱਸਦਾ ਹੈ, ਉਹ (ਪ੍ਰਭੂ ਦੀ) ਪੂਰੀ ਮਿਹਰ ਨਾਲ ਗੁਰੂ ਦਾ (ਦੱਸਿਆ) ਨਾਮ-ਜਾਪ ਜਪਦਾ ਹੈ। ਉਹ ਮਨੁੱਖ ਉਸ ਪ੍ਰਭੂ ਨੂੰ ਸਭਨਾਂ ਦੇ ਅੰਦਰ ਵੱਸਦਾ ਪਛਾਣ ਲੈਂਦਾ ਹੈ, ਉਹ ਮਨੁੱਖ ਮੁੜ ਜੂਨਾਂ ਦੀ ਭਟਕਣਾ ਵਿਚ ਦੁਖੀ ਨਹੀਂ ਹੁੰਦਾ।9। ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ ਟਿਕ ਜਾਂਦਾ ਹੈ, ਉਸ ਦਾ ਦੁੱਖ ਉਸ ਦਾ ਦਰਦ ਦੂਰ ਹੋ ਜਾਂਦਾ ਹੈ, ਉਸ ਦੀ ਭਟਕਣਾ ਮੁੱਕ ਜਾਂਦੀ ਹੈ। ਉਸ ਦੇ ਅੰਦਰ ਆਤਮਕ ਅਡੋਲਤਾ ਦੇ ਸੁਖ-ਆਨੰਦ ਬਣੇ ਰਹਿੰਦੇ ਹਨ, ਉਸ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆਉਣ ਲੱਗ ਪੈਂਦਾ ਹੈ, ਗੁਰਬਾਣੀ ਦੀ ਬਰਕਤਿ ਨਾਲ ਉਸ ਦੇ ਅੰਦਰ ਇਕ-ਰਸ ਆਤਮਕ ਅਡੋਲਤਾ ਦੀ ਰੌ ਚੱਲੀ ਰਹਿੰਦੀ ਹੈ।10। ਹੇ ਭਾਈ! ਜਿਸ ਮਨੁੱਖ ਨੇ ਪ੍ਰਭੂ ਦਾ ਧਿਆਨ ਧਰਿਆ ਉਹ ਨਾਮ-ਖ਼ਜ਼ਾਨੇ ਦਾ ਮਾਲਕ ਬਣ ਗਿਆ, ਜਿਸ ਮਨੁੱਖ ਨੇ ਗੁਰੂ ਦਾ ਸਾਥ ਹਾਸਲ ਕਰ ਲਿਆ ਉਹ (ਲੋਕ ਪਰਲੋਕ ਵਿਚ) ਇੱਜ਼ਤ ਵਾਲਾ ਹੋ ਗਿਆ। ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਆ ਵੱਸਿਆ, ਉਹ ਵੱਡੀ ਕਿਸਮਤ ਵਾਲਾ ਹੋ ਗਿਆ ਉਹ (ਜਗਤ ਵਿਚ) ਉੱਘਾ ਹੋ ਗਿਆ।11। ਹੇ ਭਾਈ! ਉਹੀ ਮਾਲਕ-ਪ੍ਰਭੂ ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਵੱਸਦਾ ਹੈ, ਉਸ ਤੋਂ ਬਿਨਾ ਕੋਈ ਦੂਜਾ ਦੱਸਿਆ ਹੀ ਨਹੀਂ ਜਾ ਸਕਦਾ। ਹੇ ਭਾਈ! ਗੁਰੂ ਦੇ ਗਿਆਨ ਦੇ ਸੁਰਮੇ ਨੇ (ਜਿਸ ਮਨੁੱਖ ਦੀਆਂ ਅੱਖਾਂ ਦਾ) ਸਾਰਾ ਭਰਮ (-ਜਾਲਾ) ਕੱਟ ਦਿੱਤਾ, ਉਸ ਨੂੰ ਇਕ ਪਰਮਾਤਮਾ ਤੋਂ ਬਿਨਾ (ਕਿਤੇ ਕੋਈ) ਹੋਰ ਨਹੀਂ ਦਿੱਸਦਾ।12। ਊਚੇ ਤੇ ਊਚਾ ਦਰਬਾਰਾ ॥ ਕਹਣੁ ਨ ਜਾਈ ਅੰਤੁ ਨ ਪਾਰਾ ॥ ਗਹਿਰ ਗੰਭੀਰ ਅਥਾਹ ਸੁਆਮੀ ਅਤੁਲੁ ਨ ਜਾਈ ਕਿਆ ਮਿਨਾ ॥੧੩॥ ਤੂ ਕਰਤਾ ਤੇਰਾ ਸਭੁ ਕੀਆ ॥ ਤੁਝੁ ਬਿਨੁ ਅਵਰੁ ਨ ਕੋਈ ਬੀਆ ॥ ਆਦਿ ਮਧਿ ਅੰਤਿ ਪ੍ਰਭੁ ਤੂਹੈ ਸਗਲ ਪਸਾਰਾ ਤੁਮ ਤਨਾ ॥੧੪॥ ਜਮਦੂਤੁ ਤਿਸੁ ਨਿਕਟਿ ਨ ਆਵੈ ॥ ਸਾਧਸੰਗਿ ਹਰਿ ਕੀਰਤਨੁ ਗਾਵੈ ॥ ਸਗਲ ਮਨੋਰਥ ਤਾ ਕੇ ਪੂਰਨ ਜੋ ਸ੍ਰਵਣੀ ਪ੍ਰਭ ਕਾ ਜਸੁ ਸੁਨਾ ॥੧੫॥ ਤੂ ਸਭਨਾ ਕਾ ਸਭੁ ਕੋ ਤੇਰਾ ॥ ਸਾਚੇ ਸਾਹਿਬ ਗਹਿਰ ਗੰਭੀਰਾ ॥ ਕਹੁ ਨਾਨਕ ਸੇਈ ਜਨ ਊਤਮ ਜੋ ਭਾਵਹਿ ਸੁਆਮੀ ਤੁਮ ਮਨਾ ॥੧੬॥੧॥੮॥ {ਪੰਨਾ 1079} ਪਦ ਅਰਥ: ਤੇ = ਤੋਂ। ਊਚੇ ਤੇ ਊਚਾ = ਸਭ ਤੋਂ ਉੱਚਾ। ਪਾਰਾ = ਪਾਰਲਾ ਬੰਨਾ। ਗਹਿਰ = ਡੂੰੰਘਾ। ਗੰਭੀਰ = ਵੱਡੇ ਜਿਗਰੇ ਵਾਲਾ। ਕਿਆ ਮਿਨਾ = ਮੈਂ ਕੀਹ ਮਿਣ ਸਕਦਾ ਹਾਂ? ਮੈਂ ਮਿਣ-ਤੋਲ ਨਹੀਂ ਸਕਦਾ।13। ਸਭੁ = ਸਾਰਾ ਜਗਤ। ਬੀਆ = ਦੂਜਾ। ਆਦਿ ਮਧਿ ਅੰਤਿ = ਜਗਤ-ਰਚਨਾ ਦੇ ਸ਼ੁਰੂ ਵਿਚ, ਵਿਚਕਾਰ ਅਤੇ ਅਖ਼ੀਰ ਵਿਚ। ਤੁਮ ਤਨਾ = ਤੇਰੇ ਸਰੀਰ ਦਾ, ਤੇਰੇ ਆਪੇ ਦਾ।14। ਨਿਕਟਿ = ਨੇੜੇ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਤਾ ਕੇ = ਉਸ ਮਨੁੱਖ ਦੇ। ਸ੍ਰਵਣੀ = ਕੰਨਾਂ ਨਾਲ।15। ਸਭੁ ਕੋ = ਹਰੇਕ ਜੀਵ। ਸਾਹਿਬ = ਹੇ ਸਾਹਿਬ! ਸਾਚੇ = ਹੇ ਸਦਾ ਕਾਇਮ ਰਹਿਣ ਵਾਲੇ! ਨਾਨਕ = ਹੇ ਨਾਨਕ! ਸੇਈ ਜਨ = ਉਹੀ ਮਨੁੱਖ {ਬਹੁ-ਵਚਨ}। ਸੁਆਮੀ = ਹੇ ਸੁਆਮੀ!। 16। ਅਰਥ: ਹੇ ਪ੍ਰਭੂ! ਤੇਰਾ ਦਰਬਾਰ ਸਭ (ਦਰਬਾਰਾਂ) ਨਾਲੋਂ ਉੱਚਾ ਹੈ, ਉਸ ਦਾ ਅਖ਼ੀਰ ਉਸ ਦਾ ਪਾਰਲਾ ਬੰਨਾ ਦੱਸਿਆ ਨਹੀਂ ਜਾ ਸਕਦਾ। ਹੇ ਡੂੰਘੇ ਤੇ ਅਥਾਹ (ਸਮੁੰਦਰ) ! ਹੇ ਵੱਡੇ ਜਿਗਰੇ ਵਾਲੇ! ਹੇ ਮਾਲਕ! ਤੂੰ ਅਤੁੱਲ ਹੈਂ, ਤੈਨੂੰ ਤੋਲਿਆ ਨਹੀਂ ਜਾ ਸਕਦਾ, ਤੈਨੂੰ ਮਿਣਿਆ ਨਹੀਂ ਜਾ ਸਕਦਾ।13। ਹੇ ਪ੍ਰਭੂ! ਤੂੰ ਪੈਦਾ ਕਰਨ ਵਾਲਾ ਹੈਂ, ਸਾਰਾ ਜਗਤ ਤੇਰਾ ਪੈਦਾ ਕੀਤਾ ਹੋਇਆ ਹੈ। ਤੈਥੋਂ ਬਿਨਾ (ਤੇਰੇ ਵਰਗਾ) ਕੋਈ ਹੋਰ ਦੂਜਾ ਨਹੀਂ ਹੈ। ਜਗਤ ਦੇ ਸ਼ੁਰੂ ਤੋਂ ਅਖ਼ੀਰ ਤਕ ਤੂੰ ਸਦਾ ਕਾਇਮ ਰਹਿਣ ਵਾਲਾ ਹੈਂ। ਇਹ ਸਾਰਾ ਜਗਤ-ਖਿਲਾਰਾ ਤੇਰੇ ਹੀ ਆਪਣੇ ਆਪ ਦਾ ਹੈ।14। ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਹੈ, ਜਮਦੂਤ ਉਸ ਦੇ ਨੇੜੇ ਨਹੀਂ ਆ ਸਕਦਾ (ਮੌਤ ਉਸ ਨੂੰ ਡਰਾ ਨਹੀਂ ਸਕਦੀ। ਆਤਮਕ ਮੌਤ ਉਸ ਦੇ ਨੇੜੇ ਨਹੀਂ ਆ ਸਕਦੀ) । ਜਿਹੜਾ ਮਨੁੱਖ ਆਪਣੇ ਕੰਨਾਂ ਨਾਲ ਪ੍ਰਭੂ ਦਾ ਜਸ ਸੁਣਦਾ ਰਹਿੰਦਾ ਹੈ, ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ।15। ਹੇ ਪ੍ਰਭੂ! ਤੂੰ ਸਾਰੇ ਜੀਵਾਂ ਦਾ (ਖਸਮ) ਹੈਂ। ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ। ਹੇ ਨਾਨਕ! ਆਖ– (ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਹੇ ਡੂੰਘੇ ਤੇ ਵੱਡੇ ਜਿਗਰੇ ਵਾਲੇ ਪ੍ਰਭੂ!) ਉਹੀ ਮਨੁੱਖ ਸ੍ਰੇਸ਼ਟ ਹਨ ਜਿਹੜੇ ਤੇਰੇ ਮਨ ਨੂੰ ਚੰਗੇ ਲੱਗਦੇ ਹਨ। 16।1।8। |
Sri Guru Granth Darpan, by Professor Sahib Singh |