ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1080 ਮਾਰੂ ਮਹਲਾ ੫ ॥ ਪ੍ਰਭ ਸਮਰਥ ਸਰਬ ਸੁਖ ਦਾਨਾ ॥ ਸਿਮਰਉ ਨਾਮੁ ਹੋਹੁ ਮਿਹਰਵਾਨਾ ॥ ਹਰਿ ਦਾਤਾ ਜੀਅ ਜੰਤ ਭੇਖਾਰੀ ਜਨੁ ਬਾਂਛੈ ਜਾਚੰਗਨਾ ॥੧॥ ਮਾਗਉ ਜਨ ਧੂਰਿ ਪਰਮ ਗਤਿ ਪਾਵਉ ॥ ਜਨਮ ਜਨਮ ਕੀ ਮੈਲੁ ਮਿਟਾਵਉ ॥ ਦੀਰਘ ਰੋਗ ਮਿਟਹਿ ਹਰਿ ਅਉਖਧਿ ਹਰਿ ਨਿਰਮਲਿ ਰਾਪੈ ਮੰਗਨਾ ॥੨॥ ਸ੍ਰਵਣੀ ਸੁਣਉ ਬਿਮਲ ਜਸੁ ਸੁਆਮੀ ॥ ਏਕਾ ਓਟ ਤਜਉ ਬਿਖੁ ਕਾਮੀ ॥ ਨਿਵਿ ਨਿਵਿ ਪਾਇ ਲਗਉ ਦਾਸ ਤੇਰੇ ਕਰਿ ਸੁਕ੍ਰਿਤੁ ਨਾਹੀ ਸੰਗਨਾ ॥੩॥ ਰਸਨਾ ਗੁਣ ਗਾਵੈ ਹਰਿ ਤੇਰੇ ॥ ਮਿਟਹਿ ਕਮਾਤੇ ਅਵਗੁਣ ਮੇਰੇ ॥ ਸਿਮਰਿ ਸਿਮਰਿ ਸੁਆਮੀ ਮਨੁ ਜੀਵੈ ਪੰਚ ਦੂਤ ਤਜਿ ਤੰਗਨਾ ॥੪॥ {ਪੰਨਾ 1080} ਪਦ ਅਰਥ: ਪ੍ਰਭ = ਹੇ ਪ੍ਰਭੂ! ਸਮਰਥ = ਹੇ ਸਾਰੀਆਂ ਤਾਕਤਾਂ ਦੇ ਮਾਲਕ! ਸਿਮਰਉ = ਮੈਂ ਸਿਮਰਦਾ ਰਹਾਂ। ਜੀਅ ਜੰਤ = ਸਾਰੇ ਜੀਵ। ਭੇਖਾਰੀ = ਮੰਗਤੇ। ਜਨੁ = ਦਾਸ। ਬਾਂਛੈ = ਮੰਗਦਾ ਹੈ, ਤਾਂਘ ਕਰਦਾ ਹੈ। ਜਾਚੰਗਨਾ = ਮੰਗਤਾ (ਬਣ ਕੇ) ।1। ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਜਨ ਧੂਰਿ = ਸੰਤ ਜਨਾਂ ਦੀ ਚਰਨ-ਧੂੜ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਪਾਵਉ = ਪਾਵਉਂ, ਮੈਂ ਹਾਸਲ ਕਰ ਲਵਾਂ। ਦੀਰਘ ਰੋਗ = ਵੱਡੇ ਰੋਗ। ਮਿਟਹਿ = ਮਿਟ ਜਾਂਦੇ ਹਨ {ਬਹੁ-ਵਚਨ}। ਹਰਿ ਅਉਖਧਿ = ਹਰਿ-ਨਾਮ ਦੀ ਦਵਾਈ ਨਾਲ। ਨਿਰਮਲਿ = ਨਿਰਮਲ ਵਿਚ। ਰਾਪੈ = ਰੰਗਿਆ ਜਾਏ। ਮੰਗਨਾ = ਮੈਂ ਮੰਗਦਾ ਹਾਂ।2। ਸ੍ਰਵਣੀ = ਕੰਨਾਂ ਨਾਲ। ਸੁਣਉ = ਸੁਣਉਂ, ਮੈਂ ਸੁਣਦਾ ਰਹਾਂ। ਬਿਮਲ = ਪਵਿੱਤਰ। ਸੁਆਮੀ = ਹੇ ਸੁਆਮੀ! ਓਟ = ਆਸਰਾ। ਤਜਉ = ਤਜਉਂ, ਮੈਂ ਤਿਆਗ ਦਿਆਂ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ। ਕਾਮੀ = ਕਾਮਨਾ, ਵਾਸਨਾ। ਨਿਵਿ = ਨਿਊਂ ਕੇ। ਪਾਇ ਲਗਉ = ਪਾਇ ਲਗਉਂ, ਮੈਂ ਪੈਰੀਂ ਲੱਗਾਂ। ਕਰਿ = ਕਰ ਕੇ। ਸੁਕ੍ਰਿਤੁ = ਨੇਕ ਕਮਾਈ। ਸੰਗਨਾ = ਝਾਕਾ ਲੱਗੇ।3। ਰਸਨਾ = ਜੀਭ। ਕਮਾਤੇ = ਕਮਾਏ ਹੋਏ। ਅਵਗੁਣ = ਵਿਕਾਰ। ਸਿਮਰਿ = ਸਿਮਰ ਕੇ। ਜੀਵੈ = ਆਤਮਕ ਜੀਵਨ ਪ੍ਰਾਪਤ ਕਰਦਾ ਰਹੇ। ਦੂਤ = ਵੈਰੀ। ਤੰਗਨਾ = ਤੰਗ ਕਰਨ ਵਾਲੇ।4। ਅਰਥ: ਹੇ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ! ਹੇ ਸਾਰੇ ਸੁਖ ਦੇਣ ਵਾਲੇ! (ਮੇਰੇ ਉਤੇ) ਮਿਹਰਵਾਨ ਹੋ, ਮੈਂ ਤੇਰਾ ਨਾਮ ਸਿਮਰਦਾ ਰਹਾਂ। ਹੇ ਭਾਈ! ਪਰਮਾਤਮਾ ਦਾਤਾਂ ਦੇਣ ਵਾਲਾ ਹੈ, ਸਾਰੇ ਜੀਵ (ਉਸ ਦੇ ਦਰ ਦੇ) ਮੰਗਤੇ ਹਨ। (ਨਾਨਕ ਉਸ ਦਾ) ਦਾਸ ਮੰਗਤਾ ਬਣ ਕੇ (ਉਸ ਪਾਸੋਂ ਨਾਮ ਦੀ ਦਾਤਿ) ਮੰਗਦਾ ਹੈ।1। ਹੇ ਭਾਈ! (ਪ੍ਰਭੂ ਦੇ ਦਰ ਤੋਂ) ਮੈਂ (ਉਸ ਦੇ) ਸੇਵਕਾਂ ਦੀ ਚਰਨ-ਧੂੜ ਮੰਗਦਾ ਹਾਂ ਤਾ ਕਿ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਸਕਾਂ, ਅਤੇ ਅਨੇਕਾਂ ਜਨਮਾਂ ਦੀ (ਵਿਕਾਰਾਂ ਦੀ) ਮੈਲ ਦੂਰ ਕਰ ਸਕਾਂ। ਹੇ ਭਾਈ! ਹਰਿ-ਨਾਮ ਦੀ ਦਵਾਈ ਨਾਲ ਵੱਡੇ-ਵੱਡੇ ਰੋਗ ਦੂਰ ਹੋ ਜਾਂਦੇ ਹਨ। ਮੈਂ ਭੀ (ਉਸ ਦੇ ਦਰ ਤੋਂ) ਮੰਗਦਾ ਹਾਂ ਕਿ ਉਸ ਦੇ ਪਵਿੱਤਰ ਨਾਮ ਵਿਚ (ਮੇਰਾ ਮਨ) ਰੰਗਿਆ ਰਹੇ।2। ਹੇ ਸੁਆਮੀ! (ਮਿਹਰ ਕਰ) ਮੈਂ (ਆਪਣੇ) ਕੰਨਾਂ ਨਾਲ ਤੇਰਾ ਪਵਿੱਤਰ ਜਸ ਸੁਣਦਾ ਰਹਾਂ। ਮੈਨੂੰ ਸਿਰਫ਼ ਤੇਰਾ ਹੀ ਆਸਰਾ ਹੈ, (ਮਿਹਰ ਕਰ) ਮੈਂ ਆਤਮਕ ਮੌਤ ਲਿਆਉਣ ਵਾਲੀ ਕਾਮ-ਵਾਸਨਾ ਤਿਆਗ ਦਿਆਂ, ਮੈਂ ਨਿਊਂ ਨਿਊਂ ਕੇ ਤੇਰੇ ਸੇਵਕਾਂ ਦੀ ਚਰਨੀਂ ਲੱਗਦਾ ਰਹਾਂ। ਇਹ ਨੇਕ ਕਮਾਈ ਕਰਦਿਆਂ ਮੈਨੂੰ ਕਦੇ ਝਾਕਾ ਨਾਹ ਲੱਗੇ।3। ਹੇ ਸੁਆਮੀ! ਹੇ ਹਰੀ! (ਮਿਹਰ ਕਰ) ਮੇਰੀ ਜੀਭ ਤੇਰੇ ਗੁਣ ਗਾਂਦੀ ਰਹੇ, ਤੇ, ਮੇਰੇ (ਪਿਛਲੇ) ਕੀਤੇ ਹੋਏ ਔਗੁਣ ਮਿਟ ਜਾਣ। (ਮਿਹਰ ਕਰ) ਤੇਰਾ ਨਾਮ ਸਿਮਰ ਸਿਮਰ ਕੇ (ਤੇ, ਸਿਮਰਨ ਦੀ ਬਰਕਤਿ ਨਾਲ) ਦੁਖੀ ਕਰਨ ਵਾਲੇ ਕਾਮਾਦਿਕ ਪੰਜ ਵੈਰੀਆਂ ਦਾ ਸਾਥ ਛੱਡ ਕੇ ਮੇਰਾ ਮਨ ਆਤਮਕ ਜੀਵਨ ਪ੍ਰਾਪਤ ਕਰ ਲਏ।4। ਚਰਨ ਕਮਲ ਜਪਿ ਬੋਹਿਥਿ ਚਰੀਐ ॥ ਸੰਤਸੰਗਿ ਮਿਲਿ ਸਾਗਰੁ ਤਰੀਐ ॥ ਅਰਚਾ ਬੰਦਨ ਹਰਿ ਸਮਤ ਨਿਵਾਸੀ ਬਾਹੁੜਿ ਜੋਨਿ ਨ ਨੰਗਨਾ ॥੫॥ ਦਾਸ ਦਾਸਨ ਕੋ ਕਰਿ ਲੇਹੁ ਗੋੁਪਾਲਾ ॥ ਕ੍ਰਿਪਾ ਨਿਧਾਨ ਦੀਨ ਦਇਆਲਾ ॥ ਸਖਾ ਸਹਾਈ ਪੂਰਨ ਪਰਮੇਸੁਰ ਮਿਲੁ ਕਦੇ ਨ ਹੋਵੀ ਭੰਗਨਾ ॥੬॥ ਮਨੁ ਤਨੁ ਅਰਪਿ ਧਰੀ ਹਰਿ ਆਗੈ ॥ ਜਨਮ ਜਨਮ ਕਾ ਸੋਇਆ ਜਾਗੈ ॥ ਜਿਸ ਕਾ ਸਾ ਸੋਈ ਪ੍ਰਤਿਪਾਲਕੁ ਹਤਿ ਤਿਆਗੀ ਹਉਮੈ ਹੰਤਨਾ ॥੭॥ ਜਲਿ ਥਲਿ ਪੂਰਨ ਅੰਤਰਜਾਮੀ ॥ ਘਟਿ ਘਟਿ ਰਵਿਆ ਅਛਲ ਸੁਆਮੀ ॥ ਭਰਮ ਭੀਤਿ ਖੋਈ ਗੁਰਿ ਪੂਰੈ ਏਕੁ ਰਵਿਆ ਸਰਬੰਗਨਾ ॥੮॥ {ਪੰਨਾ 1080} ਪਦ ਅਰਥ: ਚਰਨ ਕਮਲ = ਕੌਲ ਫੁੱਲ ਵਰਗੇ ਸੋਹਣੇ ਚਰਨ। ਬੋਹਿਥਿ = ਜਹਾਜ਼ ਵਿਚ। ਚਰੀਐ = ਚੜ੍ਹਨਾ ਚਾਹੀਦਾ ਹੈ। ਸੰਗਿ = ਸੰਗਤਿ ਵਿਚ। ਸਾਗਰੁ = ਸਮੁੰਦਰ। ਤਰੀਐ = ਤਰਿਆ ਜਾ ਸਕਦਾ ਹੈ। ਅਰਚਾ = ਫੁੱਲ ਆਦਿਕ ਭੇਟ ਰੱਖ ਕੇ ਦੇਵ-ਪੂਜਾ ਕਰਨੀ। ਬੰਦਨ = ਨਮਸਕਾਰ। ਸਮਤ ਨਿਵਾਸੀ = (ਸਭ ਜੀਵਾਂ ਵਿਚ) ਇਕ-ਸਮਾਨ ਵੱਸਣ ਵਾਲਾ। ਨ ਨੰਗਨਾ = ਬੇ-ਇੱਜ਼ਤ ਨਹੀਂ ਹੋਈਦਾ।5। ਕੋ = ਦਾ। ਗੋੁਪਾਲਾ = ਹੇ ਗੋਪਾਲ! {ਅੱਖਰ 'ਗ' ਨਾਲ ਦੋ ਲਗਾਂ ਹਨ:ੋ ਅਤੇ ੁ। ਅਸਲ ਲਫ਼ਜ਼ 'ਗੋਪਾਲ' ਹੈ, ਇਥੇ 'ਗੁਪਾਲ' ਪੜ੍ਹਨਾ ਹੈ}। ਨਿਧਾਨ = ਖ਼ਜ਼ਾਨਾ। ਪਰਮੇਸੁਰ = ਹੇ ਪਰਮੇਸਰ! ਭੰਗਨਾ = ਵਿਛੋੜਾ।6। ਅਰਪਿ = ਭੇਟਾ ਕਰ ਕੇ। ਅਰਪਿ ਧਰੀ = ਭੇਟਾ ਕਰ ਦਿੱਤੀ। ਜਿਸ ਕਾ = {ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਸਾ = ਸੀ, ਪੈਦਾ ਕੀਤਾ ਹੋਇਆ ਸੀ। ਹਤਿ = ਮਾਰ ਕੇ। ਹੰਤਨਾ = ਮਾਰਨ ਵਾਲੀ, ਆਤਮਕ ਮੌਤ ਲਿਆਉਣ ਵਾਲੀ।7। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਪੂਰਨ = ਵਿਆਪਕ। ਘਟਿ ਘਟਿ = ਹਰੇਕ ਸਰੀਰ ਵਿਚ। ਭੀਤਿ = ਕੰਧ। ਗੁਰਿ ਪੂਰੈ = ਪੂਰੇ ਗੁਰੂ ਨੇ। ਰਵਿਆ = ਵਿਆਪਕ। ਸਰਬੰਗਨਾ = ਸਭਨਾਂ ਵਿਚ।8। ਅਰਥ: ਹੇ ਭਾਈ! (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਪਰਮਾਤਮਾ ਦੇ) ਸੋਹਣੇ ਚਰਨਾਂ ਦਾ ਧਿਆਨ ਧਰ ਕੇ (ਨਾਮ-) ਜਹਾਜ਼ ਵਿਚ ਚੜ੍ਹਨਾ ਚਾਹੀਦਾ ਹੈ, ਗੁਰੂ ਦੀ ਸੰਗਤਿ ਵਿਚ ਮਿਲ ਕੇ (ਸੰਸਾਰ-) ਸਮੁੰਦਰ ਤੋਂ ਪਾਰ ਲੰਘਿਆ ਜਾ ਸਕੀਦਾ ਹੈ। ਪਰਮਾਤਮਾ ਨੂੰ ਸਭ ਜੀਵਾਂ ਵਿਚ ਇਕ-ਸਮਾਨ ਵੱਸਦਾ ਜਾਣ ਲੈਣਾ = ਇਹੀ ਹੈ ਉਸ ਦੀ ਅਰਚਾ-ਪੂਜਾ, ਇਹੀ ਹੈ ਉਸ ਅੱਗੇ ਬੰਦਨਾ। (ਇਸ ਤਰ੍ਹਾਂ) ਮੁੜ ਮੁੜ ਜੂਨਾਂ ਵਿਚ ਪੈ ਕੇ ਖ਼ੁਆਰ ਨਹੀਂ ਹੋਈਦਾ।5। ਹੇ ਗੋਪਾਲ! ਹੇ ਕਿਰਪਾ ਦੇ ਖ਼ਜ਼ਾਨੇ! ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ। ਹੇ ਸਰਬ-ਵਿਆਪਕ ਪਰਮੇਸਰ! ਤੂੰ ਹੀ ਮੇਰਾ ਮਿੱਤਰ ਹੈਂ, ਤੂੰ ਹੀ ਮੇਰਾ ਮਦਦਗਾਰ ਹੈਂ। ਮੈਨੂੰ ਮਿਲ, ਤੈਥੋਂ ਮੇਰਾ ਕਦੇ ਵਿਛੋੜਾ ਨਾਹ ਹੋਵੇ।6। ਹੇ ਭਾਈ! ਜਿਸ ਮਨੁੱਖ ਨੇ ਆਪਣਾ ਮਨ ਆਪਣਾ ਤਨ ਪਰਮਾਤਮਾ ਅੱਗੇ ਭੇਟਾ ਕਰ ਦਿੱਤਾ, ਉਹ ਮਨੁੱਖ ਅਨੇਕਾਂ ਜਨਮਾਂ ਦਾ ਸੁੱਤਾ ਹੋਇਆ (ਭੀ) ਜਾਗ ਪੈਂਦਾ ਹੈ (ਆਤਮਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ) । ਜਿਸ ਪਰਮਾਤਮਾ ਨੇ ਉਸ ਨੂੰ ਪੈਦਾ ਕੀਤਾ ਸੀ, ਉਹੀ ਉਸ ਦਾ ਰਾਖਾ ਬਣ ਜਾਂਦਾ ਹੈ, ਉਹ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਹਉਮੈ ਨੂੰ ਸਦਾ ਲਈ ਤਿਆਗ ਦੇਂਦਾ ਹੈ।7। ਹੇ ਭਾਈ! ਪੂਰੇ ਗੁਰੂ ਨੇ (ਜਿਸ ਮਨੁੱਖ ਦੀ ਪਰਮਾਤਮਾ ਨਾਲੋਂ ਵਿਛੋੜਾ ਪਾਣ ਵਾਲੀ) ਭਟਕਣਾ ਦੀ ਕੰਧ ਦੂਰ ਕਰ ਦਿੱਤੀ, ਉਸ ਨੂੰ ਪਰਮਾਤਮਾ ਸਭਨਾਂ ਵਿਚ ਵਿਆਪਕ ਦਿੱਸ ਪੈਂਦਾ ਹੈ; (ਉਸ ਨੂੰ ਦਿੱਸ ਪੈਂਦਾ ਹੈ ਕਿ) ਸਭ ਦੇ ਦਿਲਾਂ ਦੀ ਜਾਣਨ ਵਾਲਾ ਪ੍ਰਭੂ ਜਲ ਵਿਚ ਧਰਤੀ ਵਿਚ ਸਭ ਥਾਂ ਵਿਆਪਕ ਹੈ, ਮਾਇਆ ਪਾਸੋਂ ਨਾਹ ਛਲਿਆ ਜਾ ਸਕਣ ਵਾਲਾ ਹਰੀ ਹਰੇਕ ਸਰੀਰ ਵਿਚ ਮੌਜੂਦ ਹੈ।8। ਜਤ ਕਤ ਪੇਖਉ ਪ੍ਰਭ ਸੁਖ ਸਾਗਰ ॥ ਹਰਿ ਤੋਟਿ ਭੰਡਾਰ ਨਾਹੀ ਰਤਨਾਗਰ ॥ ਅਗਹ ਅਗਾਹ ਕਿਛੁ ਮਿਤਿ ਨਹੀ ਪਾਈਐ ਸੋ ਬੂਝੈ ਜਿਸੁ ਕਿਰਪੰਗਨਾ ॥੯॥ ਛਾਤੀ ਸੀਤਲ ਮਨੁ ਤਨੁ ਠੰਢਾ ॥ ਜਨਮ ਮਰਣ ਕੀ ਮਿਟਵੀ ਡੰਝਾ ॥ ਕਰੁ ਗਹਿ ਕਾਢਿ ਲੀਏ ਪ੍ਰਭਿ ਅਪੁਨੈ ਅਮਿਓ ਧਾਰਿ ਦ੍ਰਿਸਟੰਗਨਾ ॥੧੦॥ ਏਕੋ ਏਕੁ ਰਵਿਆ ਸਭ ਠਾਈ ॥ ਤਿਸੁ ਬਿਨੁ ਦੂਜਾ ਕੋਈ ਨਾਹੀ ॥ ਆਦਿ ਮਧਿ ਅੰਤਿ ਪ੍ਰਭੁ ਰਵਿਆ ਤ੍ਰਿਸਨ ਬੁਝੀ ਭਰਮੰਗਨਾ ॥੧੧॥ ਗੁਰੁ ਪਰਮੇਸਰੁ ਗੁਰੁ ਗੋਬਿੰਦੁ ॥ ਗੁਰੁ ਕਰਤਾ ਗੁਰੁ ਸਦ ਬਖਸੰਦੁ ॥ ਗੁਰ ਜਪੁ ਜਾਪਿ ਜਪਤ ਫਲੁ ਪਾਇਆ ਗਿਆਨ ਦੀਪਕੁ ਸੰਤ ਸੰਗਨਾ ॥੧੨॥ {ਪੰਨਾ 1080} ਪਦ ਅਰਥ: ਜਤ ਕਤ = ਜਿੱਥੇ ਕਿੱਥੇ, ਜਿਸ ਭੀ ਪਾਸੇ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਸੁਖ ਸਾਗਰ = ਸੁਖਾਂ ਦਾ ਸਮੁੰਦਰ। ਤੋਟਿ = ਘਾਟਾ, ਕਮੀ। ਰਤਨਾਗਰ = {ਰਤਨ-ਆਕਰ} ਰਤਨਾਂ ਦੀ ਖਾਣ। ਅਗਹ = ਅ-ਗਹ, ਜੋ ਪਕੜ ਤੋਂ ਪਰੇ ਹੈ। ਅਗਾਹ = ਅਥਾਹ। ਮਿਤਿ = ਹੱਦ-ਬੰਨਾ, ਮਿਣਤੀ। ਕਿਰਪੰਗਨਾ = ਕਿਰਪਾ।9। ਸੀਤਲ = ਠੰਢੀ। ਡੰਝਾ = ਸੜਨ। ਕਰੁ = ਹੱਥ {ਇਕ-ਵਚਨ}। ਗਹਿ = ਫੜ ਕੇ। ਪ੍ਰੀਭ ਅਪੁਨੈ = ਆਪਣੇ ਪ੍ਰਭੂ ਨੇ। ਅਮਿਓ = ਅੰਮ੍ਰਿਤ। ਦ੍ਰਿਸਟੰਗਨਾ = ਦ੍ਰਿਸ਼ਟੀ। ਅਮਿਓ ਦ੍ਰਿਸਟੰਗਨਾ = ਆਤਮਕ ਜੀਵਨ ਦੇਣ ਵਾਲੀ ਦ੍ਰਿਸ਼ਟੀ।10। ਏਕੋ ਏਕੁ = ਸਿਰਫ਼ ਪਰਮਾਤਮਾ ਹੀ ਪਰਮਾਤਮਾ। ਰਵਿਆ = ਵਿਆਪਕ ਹੈ। ਆਦਿ ਮਧਿ ਅੰਤਿ = ਜਗਤ-ਰਚਨਾ ਦੇ ਸ਼ੁਰੂ ਵਿਚ, ਵਿਚਕਾਰ, ਅਖ਼ੀਰ ਵਿਚ। ਤ੍ਰਿਸਨ = ਤ੍ਰਿਸ਼ਨਾ। ਭਰਮੰਗਨਾ = ਭਟਕਣਾ।11। ਸਦ = ਸਦਾ। ਗੁਰ ਜਪੁ = ਗੁਰੂ ਦਾ ਦੱਸਿਆ ਨਾਮ ਦਾ ਜਾਪ। ਜਾਪਿ = ਜਪ ਕੇ। ਜਪਤ = ਜਪਦਿਆਂ। ਦੀਪਕੁ = ਦੀਵਾ। ਗਿਆਨ ਦੀਪਕੁ = ਗਿਆਨ ਦਾ ਦੀਵਾ, ਆਤਮਕ ਜੀਵਨ ਦੀ ਸੂਝ ਦਾ ਦੀਵਾ। ਸੰਤ ਸੰਗਨਾ = ਗੁਰੂ ਦੀ ਸੰਗਤਿ, ਸਾਧ ਸੰਗਤਿ।12। ਅਰਥ: ਹੇ ਭਾਈ! ਮੈਂ ਜਿਸ ਭੀ ਪਾਸੇ ਵੇਖਦਾ ਹਾਂ, ਸੁਖਾਂ ਦਾ ਸਮੁੰਦਰ ਪਰਮਾਤਮਾ ਹੀ (ਵੱਸ ਰਿਹਾ ਹੈ) । ਰਤਨਾਂ ਦੀ ਖਾਣ ਉਸ ਪਰਮਾਤਮਾ ਦੇ ਖ਼ਜ਼ਾਨਿਆਂ ਵਿਚ ਕਦੇ ਕਮੀ ਨਹੀਂ ਆਉਂਦੀ। ਹੇ ਭਾਈ! ਉਸ ਪਰਮਾਤਮਾ ਦੀ ਹਸਤੀ ਦਾ ਕੋਈ ਹੱਦ-ਬੰਨਾ ਨਹੀਂ ਲੱਭ ਸਕਦਾ ਜੋ ਹਰੇਕ ਕਿਸਮ ਦੀ ਜਕੜ ਤੋਂ ਪਰੇ ਹੈ ਜਿਸ ਦੀ ਹਾਥ ਨਹੀਂ ਪਾਈ ਜਾ ਸਕਦੀ। ਪਰ ਇਹ ਗੱਲ ਉਹ ਮਨੁੱਖ ਸਮਝਦਾ ਹੈ ਜਿਸ ਉਤੇ ਉਸ ਦੀ ਕਿਰਪਾ ਹੋਵੇ।9। ਹੇ ਭਾਈ! ਆਤਮਕ ਜੀਵਨ ਦੇਣ ਵਾਲੀ ਨਿਗਾਹ ਕਰ ਕੇ ਪਿਆਰੇ ਪ੍ਰਭੂ ਨੇ ਜਿਨ੍ਹਾਂ (ਵਡ-ਭਾਗੀਆਂ) ਨੂੰ (ਉਹਨਾਂ ਦਾ) ਹੱਥ ਫੜ ਕੇ (ਸੰਸਾਰ-ਸਮੁੰਦਰ ਵਿਚੋਂ) ਕੱਢ ਲਿਆ ਹੈ, ਉਹਨਾਂ ਦਾ ਹਿਰਦਾ ਸ਼ਾਂਤ ਹੋ ਗਿਆ ਹੈ, ਉਹਨਾਂ ਦਾ ਮਨ ਉਹਨਾਂ ਦਾ ਤਨ ਸ਼ਾਂਤ ਹੋ ਗਿਆ ਹੈ, ਉਹਨਾਂ ਦੀ ਉਹ ਸੜਨ ਮਿਟ ਗਈ ਹੈ ਜੋ ਜਨਮ ਮਰਨ ਦੇ ਗੇੜ ਵਿਚ ਪਾਂਦੀ ਹੈ।10। ਹੇ ਭਾਈ! (ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੀ ਮਾਇਆ ਦੀ) ਤ੍ਰਿਸ਼ਨਾ ਮੁੱਕ ਜਾਂਦੀ ਹੈ ਭਟਕਣਾ ਮੁੱਕ ਜਾਂਦੀ ਹੈ (ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਪਰਮਾਤਮਾ ਹੀ ਪਰਮਾਤਮਾ ਸਭਨੀਂ ਥਾਈਂ ਵੱਸ ਰਿਹਾ ਹੈ, ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ, ਉਹ ਪਰਮਾਤਮਾ ਹੀ ਜਗਤ-ਰਚਨਾ ਦੇ ਸ਼ੁਰੂ ਵਿਚ ਸੀ, ਉਹ ਪਰਮਾਤਮਾ ਹੀ ਹੁਣ ਮੌਜੂਦ ਹੈ, ਉਹ ਪਰਮਾਤਮਾ ਹੀ ਜਗਤ ਦੇ ਅੰਤ ਵਿਚ ਹੋਵੇਗਾ।11। ਹੇ ਭਾਈ! ਸਾਧ ਸੰਗਤਿ ਵਿਚ ਟਿਕ ਕੇ ਗੁਰੂ ਦਾ ਦੱਸਿਆ ਹਰਿ-ਨਾਮ ਦਾ ਜਾਪ ਜਪਦਿਆਂ ਜਿਸ ਮਨੁੱਖ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ ਦੀਵਾ ਜਗ ਪੈਂਦਾ ਹੈ ਜਿਸ ਨੂੰ ਇਹ ਫਲ ਪ੍ਰਾਪਤ ਹੋ ਜਾਂਦਾ ਹੈ (ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਗੁਰੂ ਪਰਮੇਸਰ (ਦਾ ਰੂਪ) ਹੈ ਗੁਰੂ ਗੋਬਿੰਦ (ਦਾ ਰੂਪ) ਹੈ, ਗੁਰੂ ਕਰਤਾਰ (ਦਾ ਰੂਪ ਹੈ) ਗੁਰੂ ਸਦਾ ਬਖ਼ਸ਼ਸ਼ਾਂ ਕਰਨ ਵਾਲਾ ਹੈ।12। ਜੋ ਪੇਖਾ ਸੋ ਸਭੁ ਕਿਛੁ ਸੁਆਮੀ ॥ ਜੋ ਸੁਨਣਾ ਸੋ ਪ੍ਰਭ ਕੀ ਬਾਨੀ ॥ ਜੋ ਕੀਨੋ ਸੋ ਤੁਮਹਿ ਕਰਾਇਓ ਸਰਣਿ ਸਹਾਈ ਸੰਤਹ ਤਨਾ ॥੧੩॥ ਜਾਚਕੁ ਜਾਚੈ ਤੁਮਹਿ ਅਰਾਧੈ ॥ ਪਤਿਤ ਪਾਵਨ ਪੂਰਨ ਪ੍ਰਭ ਸਾਧੈ ॥ ਏਕੋ ਦਾਨੁ ਸਰਬ ਸੁਖ ਗੁਣ ਨਿਧਿ ਆਨ ਮੰਗਨ ਨਿਹਕਿੰਚਨਾ ॥੧੪॥ ਕਾਇਆ ਪਾਤ੍ਰੁ ਪ੍ਰਭੁ ਕਰਣੈਹਾਰਾ ॥ ਲਗੀ ਲਾਗਿ ਸੰਤ ਸੰਗਾਰਾ ॥ ਨਿਰਮਲ ਸੋਇ ਬਣੀ ਹਰਿ ਬਾਣੀ ਮਨੁ ਨਾਮਿ ਮਜੀਠੈ ਰੰਗਨਾ ॥੧੫॥ ਸੋਲਹ ਕਲਾ ਸੰਪੂਰਨ ਫਲਿਆ ॥ ਅਨਤ ਕਲਾ ਹੋਇ ਠਾਕੁਰੁ ਚੜਿਆ ॥ ਅਨਦ ਬਿਨੋਦ ਹਰਿ ਨਾਮਿ ਸੁਖ ਨਾਨਕ ਅੰਮ੍ਰਿਤ ਰਸੁ ਹਰਿ ਭੁੰਚਨਾ ॥੧੬॥੨॥੯॥ {ਪੰਨਾ 1080-1081} ਪਦ ਅਰਥ: ਪੇਖਾ = ਪੇਖਾਂ, ਮੈਂ ਵੇਖਦਾ ਹਾਂ। ਸਭੁ ਕਿਛੁ = ਹਰੇਕ ਚੀਜ਼। ਬਾਨੀ = ਬੋਲ। ਕੀਨੋ = ਕੀਤਾ। ਤੁਮਹਿ = ਤੂੰ ਹੀ। ਸਹਾਈ = ਸਹਾਇਤਾ ਕਰਨ ਵਾਲਾ। ਸੰਤਹ ਤਨਾ = ਸੰਤਾਂ ਦਾ ਆਸਰਾ।13। ਜਾਚਕੁ = ਮੰਗਤਾ। ਜਾਚੈ = ਮੰਗਦਾ ਹੈ {ਇਕ-ਵਚਨ}। ਅਰਾਧੈ = ਆਰਾਧਦਾ ਹੈ। ਪਤਿਤ ਪਾਵਨ = ਹੇ ਪਤਿਤਾਂ ਨੂੰ ਪਵਿੱਤਰ ਕਰਨ ਵਾਲੇ! ਸਾਧੈ = (ਤੈਨੂੰ) ਸਾਧ ਨੂੰ। ਸਰਬ ਸੁਖ = ਹੇ ਸਾਰੇ ਸੁਖ ਦੇਣ ਵਾਲੇ! ਗੁਣ ਨਿਧਿ = ਹੇ ਗੁਣਾਂ ਦੇ ਖ਼ਜ਼ਾਨੇ! ਆਨ = (ਨਾਮ ਤੋਂ ਬਿਨਾ) ਹੋਰ। ਨਿਹ ਕਿੰਚਨਾ = ਕੁਝ ਭੀ ਨਹੀਂ, ਨਿਕੰਮਾ।14। ਪਾਤ੍ਰੁ = ਯੋਗ ਭਾਂਡਾ। ਕਾਇਆ = ਸਰੀਰ। ਲਾਗਿ = ਛੁਹ। ਸੰਗਾਰਾ = ਸੰਗਤਿ ਵਿਚ। ਸੋਇ = ਸੋਭਾ। ਹਰਿ ਬਾਣੀ = ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦਾ ਸਦਕਾ। ਨਾਮਿ = ਨਾਮ ਵਿਚ। ਮਜੀਠੈ = ਮਜੀਠ (ਦੇ ਪੱਕੇ ਰੰਗ) ਵਿਚ।15। ਸੋਲਹ ਕਲਾ = ਸੋਲਾਂ ਕਲਾਂ ਵਾਲਾ, ਪੂਰਨ ਤੌਰ ਤੇ। ਅਨਤ = ਅਨੰਤ। ਅਨਤ ਕਲਾ = ਬੇਅੰਤ ਤਾਕਤਾਂ ਵਾਲਾ। ਚੜਿਆ = (ਸੂਰਜ ਵਾਂਗ ਹਿਰਦੇ-ਆਕਾਸ਼ ਵਿਚ) ਪਰਗਟ ਹੋਇਆ। ਅਨਦ ਬਿਨੋਦ = ਆਨੰਦ ਖ਼ੁਸ਼ੀਆਂ। ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਭੁੰਚਨਾ = ਭੋਗਦਾ ਹੈ, ਮਾਣਦਾ ਹੈ। 16। ਅਰਥ: ਹੇ ਭਾਈ! (ਸੰਸਾਰ ਵਿਚ) ਮੈਂ ਜੋ ਕੁਝ ਵੇਖਦਾ ਹਾਂ ਸਭ ਕੁਝ ਮਾਲਕ-ਪ੍ਰਭੂ (ਦਾ ਹੀ ਰੂਪ) ਹੈ, ਜੋ ਕੁਝ ਮੈਂ ਸੁਣਦਾ ਹਾਂ, ਪ੍ਰਭੂ ਹੀ ਹਰ ਥਾਂ ਆਪ ਬੋਲ ਰਿਹਾ ਹੈ। ਹੇ ਪ੍ਰਭੂ! ਜੋ ਕੁਝ ਜੀਵ ਕਰਦੇ ਹਨ, ਉਹ ਤੂੰ ਹੀ ਕਰਾ ਰਿਹਾ ਹੈਂ। ਤੂੰ ਸਰਨ-ਪਿਆਂ ਦੀ ਸਹਾਇਤਾ ਕਰਨ ਵਾਲਾ ਹੈਂ, ਤੂੰ (ਆਪਣੇ) ਸੰਤਾਂ ਦਾ ਸਹਾਰਾ ਹੈਂ।13। ਹੇ ਪਤਿਤ-ਪਾਵਨ ਪ੍ਰਭੂ! ਹੇ ਪੂਰਨ ਸਾਧ ਪ੍ਰਭੂ! (ਤੇਰੇ ਦਰ ਦਾ) ਮੰਗਤਾ (ਦਾਸ) ਤੈਥੋਂ ਹੀ ਮੰਗਦਾ ਹੈ ਤੈਨੂੰ ਹੀ ਆਰਾਧਦਾ ਹੈ। ਹੇ ਸਾਰੇ ਸੁਖ ਦੇਣ ਵਾਲੇ ਪ੍ਰਭੂ! ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਤੇਰਾ ਦਾਸ ਤੈਥੋਂ) ਸਿਰਫ਼ (ਤੇਰੇ ਨਾਮ ਦਾ) ਦਾਨ (ਹੀ ਮੰਗਦਾ ਹੈ) , ਹੋਰ ਮੰਗਾਂ ਮੰਗਣੀਆਂ ਨਿਕੰਮੀਆਂ ਹਨ।14। ਹੇ ਭਾਈ! ਜਿਸ ਮਨੁੱਖ ਨੂੰ ਸਾਧ ਸੰਗਤਿ ਵਿਚ ਛੁਹ ਲੱਗ ਜਾਂਦੀ ਹੈ, ਸਮਰੱਥ ਪ੍ਰਭੂ ਉਸ ਦੇ ਸਰੀਰ ਨੂੰ (ਨਾਮ ਦੀ ਦਾਤਿ ਹਾਸਲ ਕਰਨ ਲਈ) ਯੋਗ ਭਾਂਡਾ ਬਣਾ ਦੇਂਦਾ ਹੈ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਦੀ ਰਾਹੀਂ ਉਸ ਮਨੁੱਖ ਦੀ ਚੰਗੀ ਸੋਭਾ ਬਣ ਜਾਂਦੀ ਹੈ, ਉਸ ਦਾ ਮਨ ਮਜੀਠ (ਦੇ ਪੱਕੇ ਰੰਗ ਵਰਗੇ) ਨਾਮ-ਰੰਗ ਵਿਚ ਰੰਗਿਆ ਜਾਂਦਾ ਹੈ।15। ਹੇ ਭਾਈ! ਜਿਸ ਮਨੁੱਖ ਦੇ ਹਿਰਦੇ-ਆਕਾਸ਼ ਵਿਚ ਬੇਅੰਤ ਤਾਕਤਾਂ ਵਾਲਾ ਪ੍ਰਭੂ-ਸੂਰਜ ਚੜ੍ਹ ਪੈਂਦਾ ਹੈ (ਪ੍ਰਭੂ ਪਰਗਟ ਹੋ ਜਾਂਦਾ ਹੈ) , ਉਸ ਦਾ ਜੀਵਨ ਮੁਕੰਮਲ ਤੌਰ ਤੇ ਸਫਲ ਹੋ ਜਾਂਦਾ ਹੈ। ਹੇ ਨਾਨਕ! ਹਰਿ-ਨਾਮ ਦੀ ਬਰਕਤਿ ਨਾਲ ਉਸ ਮਨੁੱਖ ਦੇ ਅੰਦਰ ਆਨੰਦ ਖ਼ੁਸ਼ੀਆਂ ਤੇ ਸੁਖ ਬਣੇ ਰਹਿੰਦੇ ਹਨ, ਉਹ ਮਨੁੱਖ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਮਾਣਦਾ ਰਹਿੰਦਾ ਹੈ। 16।2।9। |
Sri Guru Granth Darpan, by Professor Sahib Singh |