ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1081

ਮਾਰੂ ਸੋਲਹੇ ਮਹਲਾ ੫    ੴ ਸਤਿਗੁਰ ਪ੍ਰਸਾਦਿ ॥ ਤੂ ਸਾਹਿਬੁ ਹਉ ਸੇਵਕੁ ਕੀਤਾ ॥ ਜੀਉ ਪਿੰਡੁ ਸਭੁ ਤੇਰਾ ਦੀਤਾ ॥ ਕਰਨ ਕਰਾਵਨ ਸਭੁ ਤੂਹੈ ਤੂਹੈ ਹੈ ਨਾਹੀ ਕਿਛੁ ਅਸਾੜਾ ॥੧॥ ਤੁਮਹਿ ਪਠਾਏ ਤਾ ਜਗ ਮਹਿ ਆਏ ॥ ਜੋ ਤੁਧੁ ਭਾਣਾ ਸੇ ਕਰਮ ਕਮਾਏ ॥ ਤੁਝ ਤੇ ਬਾਹਰਿ ਕਿਛੂ ਨ ਹੋਆ ਤਾ ਭੀ ਨਾਹੀ ਕਿਛੁ ਕਾੜਾ ॥੨॥ ਊਹਾ ਹੁਕਮੁ ਤੁਮਾਰਾ ਸੁਣੀਐ ॥ ਈਹਾ ਹਰਿ ਜਸੁ ਤੇਰਾ ਭਣੀਐ ॥ ਆਪੇ ਲੇਖ ਅਲੇਖੈ ਆਪੇ ਤੁਮ ਸਿਉ ਨਾਹੀ ਕਿਛੁ ਝਾੜਾ ॥੩॥ ਤੂ ਪਿਤਾ ਸਭਿ ਬਾਰਿਕ ਥਾਰੇ ॥ ਜਿਉ ਖੇਲਾਵਹਿ ਤਿਉ ਖੇਲਣਹਾਰੇ ॥ ਉਝੜ ਮਾਰਗੁ ਸਭੁ ਤੁਮ ਹੀ ਕੀਨਾ ਚਲੈ ਨਾਹੀ ਕੋ ਵੇਪਾੜਾ ॥੪॥ {ਪੰਨਾ 1081}

ਪਦ ਅਰਥ: ਹਉ = ਹਉਂ, ਮੈਂ। ਜੀਉ = ਜਿੰਦ। ਪਿੰਡੁ = ਸਰੀਰ। ਸਭੁ = ਹਰ ਥਾਂ। ਅਸਾੜਾ = ਸਾਡਾ।1।

ਤੁਮਹਿ = ਤੂੰ (ਆਪ) ਹੀ। ਪਠਾਏ = ਭੇਜੇ, ਘੱਲੇ। ਤੁਧੁ ਭਾਣਾ = ਤੈਨੂੰ ਚੰਗਾ ਲੱਗਾ। ਸੇ = ਉਹ {ਬਹੁ-ਵਚਨ}। ਤੇ = ਤੋਂ। ਤਾ ਭੀ = ਇਤਨਾ ਖਲਜਗਨ ਹੁੰਦਿਆਂ ਭੀ। ਕਾੜਾ = ਚਿੰਤਾ-ਫ਼ਿਕਰ।2।

ਊਹਾ = ਉਥੇ, ਉਸ ਲੋਕ ਵਿਚ, ਪਰਲੋਕ ਵਿਚ। ਸੁਣੀਐ = ਸੁਣਿਆ ਜਾਂਦਾ ਹੈ। ਈਹਾ = ਇਥੇ, ਇਸ ਲੋਕ ਵਿਚ। ਭਣੀਐ = ਉਚਾਰਿਆ ਜਾਂਦਾ ਹੈ। ਆਪੇ ਲੇਖ = ਤੂੰ ਆਪ ਹੀ ਲੇਖੇ ਲਿਖਣ ਵਾਲਾ। ਅਲੇਖੈ = (ਤੂੰ) ਲੇਖੇ ਤੋਂ ਬਾਹਰ। ਸਿਉ = ਨਾਲ। ਝਾੜਾ = ਝੇੜਾ, ਝਗੜਾ।3।

ਸਭਿ = ਸਾਰੇ। ਥਾਰੇ = ਤੇਰੇ। ਉਝੜੁ = ਔਝੜ, ਕੁਰਾਹ। ਮਾਰਗੁ = (ਸਿੱਧਾ) ਰਸਤਾ। ਵੇਪਾੜਾ = ਉਲਟੇ ਰਹੇ। ਕੋ = ਕੋਈ ਮਨੁੱਖ।4।

ਅਰਥ: ਹੇ ਪ੍ਰਭੂ! ਤੂੰ (ਮੇਰਾ) ਮਾਲਕ ਹੈਂ, ਮੈਂ ਤੇਰਾ (ਪੈਦਾ) ਕੀਤਾ ਹੋਇਆ ਸੇਵਕ ਹਾਂ। ਇਹ ਜਿੰਦ ਇਹ ਸਰੀਰ ਸਭ ਕੁਝ ਤੇਰਾ ਦਿੱਤਾ ਹੋਇਆ ਹੈ। ਹੇ ਪ੍ਰਭੂ! (ਜਗਤ ਵਿਚ) ਸਭ ਕੁਝ ਕਰਨ ਵਾਲਾ ਤੂੰ ਹੀ ਹੈਂ (ਜੀਵਾਂ ਪਾਸੋਂ) ਕਰਾਣ ਵਾਲਾ ਭੀ ਤੂੰ ਹੀ ਹੈਂ। ਅਸਾਂ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ।1।

ਹੇ ਪ੍ਰਭੂ! ਤੂੰ ਹੀ (ਜੀਵਾਂ ਨੂੰ) ਭੇਜਦਾ ਹੈਂ, ਤਾਂ (ਇਹ) ਜਗਤ ਵਿਚ ਆਉਂਦੇ ਹਨ। ਜੋ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਦੇ ਕਰਮ ਜੀਵ ਕਰਦੇ ਹਨ। ਹੇ ਪ੍ਰਭੂ! ਤੇਰੇ ਹੁਕਮ ਤੋਂ ਬਾਹਰ ਕੁਝ ਭੀ ਨਹੀਂ ਹੋ ਸਕਦਾ। ਇਤਨਾ ਖਲਜਗਨ ਹੁੰਦਿਆਂ ਭੀ ਤੈਨੂੰ ਕੋਈ ਚਿੰਤਾ-ਫ਼ਿਕਰ ਨਹੀਂ ਹੈ।2।

ਹੇ ਪ੍ਰਭੂ! ਪਰਲੋਕ ਵਿਚ ਭੀ ਤੇਰਾ (ਹੀ) ਹੁਕਮ (ਚੱਲ ਰਿਹਾ) ਸੁਣਿਆ ਜਾ ਰਿਹਾ ਹੈ, ਇਸ ਲੋਕ ਵਿਚ ਭੀ ਤੇਰੀ ਹੀ ਸਿਫ਼ਤਿ-ਸਾਲਾਹ ਉਚਾਰੀ ਜਾ ਰਹੀ ਹੈ। ਹੇ ਪ੍ਰਭੂ! ਤੂੰ ਆਪ ਹੀ (ਜੀਵਾਂ ਦੇ ਕੀਤੇ ਕਰਮਾਂ ਦੇ) ਲੇਖੇ (ਲਿਖਣ ਵਾਲਾ ਹੈਂ) , ਤੂੰ ਆਪ ਹੀ ਲੇਖੇ ਤੋਂ ਬਾਹਰ ਹੈਂ। ਤੇਰੇ ਨਾਲ (ਜੀਵ) ਕੋਈ ਝਗੜਾ ਨਹੀਂ ਪਾ ਸਕਦੇ।3।

ਹੇ ਪ੍ਰਭੂ! ਤੂੰ (ਸਭ ਜੀਵਾਂ ਦਾ) ਪਿਤਾ ਹੈਂ, ਸਾਰੇ (ਜੀਵ) ਤੇਰੇ ਬੱਚੇ ਹਨ। ਜਿਵੇਂ ਤੂੰ (ਇਹਨਾਂ ਬੱਚਿਆਂ ਨੂੰ) ਖਿਡਾਂਦਾ ਹੈਂ, ਤਿਵੇਂ ਹੀ ਇਹ ਖੇਡ ਸਕਦੇ ਹਨ। ਹੇ ਪ੍ਰਭੂ! ਗ਼ਲਤ ਰਸਤਾ ਤੇ ਠੀਕ ਰਸਤਾ ਸਭ ਕੁਝ ਤੂੰ ਆਪ ਹੀ ਬਣਾਇਆ ਹੋਇਆ ਹੈ। ਕੋਈ ਭੀ ਜੀਵ (ਆਪਣੇ ਆਪ) ਗ਼ਲਤ ਰਸਤੇ ਉੱਤੇ ਤੁਰ ਨਹੀਂ ਸਕਦਾ।4।

ਇਕਿ ਬੈਸਾਇ ਰਖੇ ਗ੍ਰਿਹ ਅੰਤਰਿ ॥ ਇਕਿ ਪਠਾਏ ਦੇਸ ਦਿਸੰਤਰਿ ॥ ਇਕ ਹੀ ਕਉ ਘਾਸੁ ਇਕ ਹੀ ਕਉ ਰਾਜਾ ਇਨ ਮਹਿ ਕਹੀਐ ਕਿਆ ਕੂੜਾ ॥੫॥ ਕਵਨ ਸੁ ਮੁਕਤੀ ਕਵਨ ਸੁ ਨਰਕਾ ॥ ਕਵਨੁ ਸੈਸਾਰੀ ਕਵਨੁ ਸੁ ਭਗਤਾ ॥ ਕਵਨ ਸੁ ਦਾਨਾ ਕਵਨੁ ਸੁ ਹੋਛਾ ਕਵਨ ਸੁ ਸੁਰਤਾ ਕਵਨੁ ਜੜਾ ॥੬॥ ਹੁਕਮੇ ਮੁਕਤੀ ਹੁਕਮੇ ਨਰਕਾ ॥ ਹੁਕਮਿ ਸੈਸਾਰੀ ਹੁਕਮੇ ਭਗਤਾ ॥ ਹੁਕਮੇ ਹੋਛਾ ਹੁਕਮੇ ਦਾਨਾ ਦੂਜਾ ਨਾਹੀ ਅਵਰੁ ਧੜਾ ॥੭॥ ਸਾਗਰੁ ਕੀਨਾ ਅਤਿ ਤੁਮ ਭਾਰਾ ॥ ਇਕਿ ਖੜੇ ਰਸਾਤਲਿ ਕਰਿ ਮਨਮੁਖ ਗਾਵਾਰਾ ॥ ਇਕਨਾ ਪਾਰਿ ਲੰਘਾਵਹਿ ਆਪੇ ਸਤਿਗੁਰੁ ਜਿਨ ਕਾ ਸਚੁ ਬੇੜਾ ॥੮॥ {ਪੰਨਾ 1081}

ਪਦ ਅਰਥ: ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਗ੍ਰਿਹ = ਘਰ। ਪਠਾਏ = ਭੇਜੇ। ਦੇਸ ਦਿਸੰਤਰਿ = ਦੇਸ ਦੇਸ ਅੰਤਰਿ, ਹੋਰ ਹੋਰ ਦੇਸਾਂ ਵਿਚ। ਇਕ ਹੀ ਕਉ = ਕਈਆਂ ਨੂੰ। ਇਨ ਮਹਿ = ਤੇਰੇ ਇਹਨਾਂ ਕੰਮਾਂ ਵਿਚ। ਕੂੜਾ = ਝੂਠਾ, ਗ਼ਲਤ। ਕਿਆ ਕਹੀਐ = ਕੀਹ ਕਿਹਾ ਜਾ ਸਕਦਾ ਹੈ? ਨਹੀਂ ਕਿਹਾ ਜਾ ਸਕਦਾ।5।

ਕਵਨ = ਕੌਣ? ਕਿਹੜੀ? ਸੈਸਾਰੀ = ਗ੍ਰਿਹਸਤੀ। ਦਾਨਾ = ਸਿਆਣਾ। ਹੋਛਾ = ਮੂਰਖ, ਕਾਹਲੇ ਸੁਭਾਉ ਵਾਲਾ। ਸੁਰਤਾ = ਉੱਚੀ ਸੁਰਤਿ ਵਾਲਾ, ਉੱਚੀ ਸੂਝ ਵਾਲਾ। ਜੜਾ = ਜੜ੍ਹ, ਮੂਰਖ।6।

ਹੁਕਮੇ = (ਤੇਰੇ) ਹੁਕਮ ਵਿਚ ਹੀ। ਹੁਕਮਿ = ਹੁਕਮ ਅਨੁਸਾਰ। ਧੜਾ = (ਤੇਰੇ ਮੁਕਾਬਲੇ ਤੇ) ਬਲ ਵਾਲਾ।7।

ਸਾਗਰੁ = ਸਮੁੰਦਰ। ਅਤਿ ਭਾਰਾ = ਬਹੁਤ ਵੱਡਾ। ਖੜੇ = ਪਾ ਦਿੱਤੇ, ਭੇਜ ਦਿੱਤੇ। ਰਸਾਤਲਿ = ਨਰਕ ਵਿਚ। ਕਰਿ = ਕਰ ਕੇ, ਬਣਾ ਕੇ। ਮਨਮੁਖ = ਮਨ ਦੇ ਮੁਰੀਦ। ਗਾਵਾਰਾ = ਮੂਰਖ। ਲੰਘਾਵਹਿ = ਤੂੰ ਲੰਘਾਂਦਾ ਹੈਂ। ਸਚੁ = ਸਦਾ ਕਾਇਮ ਰਹਿਣ ਵਾਲਾ। ਬੇੜਾ = ਜਹਾਜ਼।8।

ਅਰਥ: ਹੇ ਪ੍ਰਭੂ! ਕਈ ਜੀਵ ਐਸੇ ਹਨ ਜਿਨ੍ਹਾਂ ਨੂੰ ਤੂੰ ਘਰ ਵਿਚ ਬਿਠਾਲ ਰੱਖਿਆ ਹੈ। ਕਈ ਐਸੇ ਹਨ ਜਿਨ੍ਹਾਂ ਨੂੰ ਤੂੰ ਹੋਰ ਹੋਰ ਦੇਸਾਂ ਵਿਚ ਭੇਜਦਾ ਹੈਂ। ਕਈ ਜੀਵਾਂ ਨੂੰ ਤੂੰ ਘਾਹ ਖੋਤਰਨ ਤੇ ਲਾ ਦਿੱਤਾ ਹੈ, ਕਈਆਂ ਨੂੰ ਤੂੰ ਰਾਜੇ ਬਣਾ ਦਿੱਤਾ ਹੈ। ਤੇਰੇ ਇਹਨਾਂ ਕੰਮਾਂ ਵਿਚੋਂ ਕਿਸੇ ਕੰਮ ਨੂੰ ਗ਼ਲਤ ਨਹੀਂ ਆਖਿਆ ਜਾ ਸਕਦਾ।5।

ਹੇ ਪ੍ਰਭੂ! ਤੇਰੇ ਹੁਕਮ ਤੋਂ ਬਾਹਰ ਨਾਹ ਕੋਈ ਮੁਕਤੀ ਹੈ ਨਾਹ ਕੋਈ ਨਰਕ ਹੈ। ਤੇਰੇ ਹੁਕਮ ਤੋਂ ਬਿਨਾ ਨਾਹ ਕੋਈ ਗ੍ਰਿਹਸਤੀ ਹੈ ਨਾਹ ਕੋਈ ਭਗਤ ਬਣ ਸਕਦਾ ਹੈ। ਨਾਹ ਕੋਈ ਵੱਡੇ ਜਿਗਰੇ ਵਾਲਾ ਹੈ ਨਾਹ ਕੋਈ ਹੋਛੇ ਸੁਭਾਉ ਵਾਲਾ ਹੈ। ਤੇਰੇ ਹੁਕਮ ਤੋਂ ਬਿਨਾ ਨਾਹ ਕੋਈ ਉੱਚੀ ਸੂਝ ਵਾਲਾ ਹੈ ਤੇ ਨਾਹ ਕੋਈ ਮੂਰਖ ਹੈ।6।

ਹੇ ਪ੍ਰਭੂ! ਤੇਰੇ ਹੀ ਹੁਕਮ ਵਿਚ (ਕਿਸੇ ਨੂੰ) ਮੁਕਤੀ (ਮਿਲਦੀ) ਹੈ, ਤੇਰੇ ਹੀ ਹੁਕਮ ਵਿਚ (ਕਿਸੇ ਨੂੰ) ਨਰਕ (ਮਿਲਦਾ) ਹੈ। ਤੇਰੇ ਹੀ ਹੁਕਮ ਵਿਚ ਕੋਈ ਗ੍ਰਿਹਸਤੀ ਹੈ ਤੇ ਕੋਈ ਭਗਤ ਹੈ। ਹੇ ਪ੍ਰਭੂ! ਤੇਰੇ ਹੀ ਹੁਕਮ ਵਿਚ ਕੋਈ ਕਾਹਲੇ ਸੁਭਾਉ ਵਾਲਾ ਹੈ ਤੇ ਕੋਈ ਗੰਭੀਰ ਸੁਭਾਉ ਵਾਲਾ ਹੈ। ਤੇਰੇ ਟਾਕਰੇ ਤੇ ਹੋਰ ਕੋਈ ਧੜਾ ਹੈ ਹੀ ਨਹੀਂ।7।

ਹੇ ਪ੍ਰਭੂ! ਇਹ ਬੇਅੰਤ ਵੱਡਾ ਸੰਸਾਰ-ਸਮੁੰਦਰ ਤੂੰ ਆਪ ਹੀ ਬਣਾਇਆ ਹੈ। (ਇਥੇ) ਕਈ ਜੀਵਾਂ ਨੂੰ ਮਨ ਦੇ ਮੁਰੀਦ-ਮੂਰਖ ਬਣਾ ਕੇ ਤੂੰ ਆਪ ਹੀ ਨਰਕ ਵਿਚ ਪਾਂਦਾ ਹੈਂ। ਕਈ ਜੀਵਾਂ ਨੂੰ ਤੂੰ ਆਪ ਹੀ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈਂ। ਜਿਨ੍ਹਾਂ ਵਾਸਤੇ ਤੂੰ ਗੁਰੂ ਨੂੰ ਸਦਾ ਕਾਇਮ ਰਹਿਣ ਵਾਲਾ ਜਹਾਜ਼ ਬਣਾ ਦੇਂਦਾ ਹੈਂ।8।

ਕਉਤਕੁ ਕਾਲੁ ਇਹੁ ਹੁਕਮਿ ਪਠਾਇਆ ॥ ਜੀਅ ਜੰਤ ਓਪਾਇ ਸਮਾਇਆ ॥ ਵੇਖੈ ਵਿਗਸੈ ਸਭਿ ਰੰਗ ਮਾਣੇ ਰਚਨੁ ਕੀਨਾ ਇਕੁ ਆਖਾੜਾ ॥੯॥ ਵਡਾ ਸਾਹਿਬੁ ਵਡੀ ਨਾਈ ॥ ਵਡ ਦਾਤਾਰੁ ਵਡੀ ਜਿਸੁ ਜਾਈ ॥ ਅਗਮ ਅਗੋਚਰੁ ਬੇਅੰਤ ਅਤੋਲਾ ਹੈ ਨਾਹੀ ਕਿਛੁ ਆਹਾੜਾ ॥੧੦॥ ਕੀਮਤਿ ਕੋਇ ਨ ਜਾਣੈ ਦੂਜਾ ॥ ਆਪੇ ਆਪਿ ਨਿਰੰਜਨ ਪੂਜਾ ॥ ਆਪਿ ਸੁ ਗਿਆਨੀ ਆਪਿ ਧਿਆਨੀ ਆਪਿ ਸਤਵੰਤਾ ਅਤਿ ਗਾੜਾ ॥੧੧॥ ਕੇਤੜਿਆ ਦਿਨ ਗੁਪਤੁ ਕਹਾਇਆ ॥ ਕੇਤੜਿਆ ਦਿਨ ਸੁੰਨਿ ਸਮਾਇਆ ॥ ਕੇਤੜਿਆ ਦਿਨ ਧੁੰਧੂਕਾਰਾ ਆਪੇ ਕਰਤਾ ਪਰਗਟੜਾ ॥੧੨॥ {ਪੰਨਾ 1081}

ਪਦ ਅਰਥ: ਕਉਤਕੁ = ਖੇਲ, ਤਮਾਸ਼ਾ। ਕਾਲੁ = ਮੌਤ। ਹੁਕਮਿ = ਹੁਕਮ ਵਿਚ। ਪਠਾਇਆ = ਭੇਜਿਆ। ਓਪਾਇ = ਪੈਦਾ ਕਰ ਕੇ। ਸਮਾਇਆ = ਲੀਨ ਕਰ ਦੇਂਦਾ ਹੈ, ਮੁਕਾ ਦੇਂਦਾ ਹੈ। ਵਿਗਸੈ = ਖ਼ੁਸ਼ ਹੁੰਦਾ ਹੈ। ਸਭਿ = ਸਾਰੇ। ਮਾਣੇ = ਮਾਣਦਾ ਹੈ। ਰਚਨੁ = ਜਗਤ-ਰਚਨਾ। ਆਖਾੜਾ = ਅਖਾੜਾ, ਪਿੜ।9।

ਨਾਈ = ਵਡਿਆਈ। ਜਾਈ = ਥਾਂ। ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਆਹਾੜਾ = ਮਾਪ, ਤੋਲ।10।

ਆਪੇ = ਆਪ ਹੀ। ਨਿਰੰਜਨ = {ਨਿਰ-ਅੰਜਨ} (ਮਾਇਆ ਦੇ ਮੋਹ ਦੀ) ਕਾਲਖ ਤੋਂ ਰਹਿਤ। ਪੂਜਾ = ਪੁੱਜਦਾ ਹੈ, ਅੱਪੜਦਾ ਹੈ, ਬਰਾਬਰ ਦਾ ਹੈ। ਗਿਆਨੀ = ਡੂੰਘੀ ਸਾਂਝ ਪਾਣ ਵਾਲਾ। ਧਿਆਨੀ = ਸੁਰਤਿ ਜੋੜਨ ਵਾਲਾ। ਗਾੜਾ ਸਤਵੰਤਾ = ਬਹੁਤ ਉੱਚੇ ਆਚਰਨ ਵਾਲਾ।11।

ਕੇਤੜਿਆ ਦਿਨ = ਅਨੇਕਾਂ ਦਿਨ, ਢੇਰ ਸਮਾ। ਗੁਪਤੁ = ਲੁਕਿਆ ਹੋਇਆ। ਸੁੰਨਿ = ਸੁੰਞ ਵਿਚ, ਅਫੁਰ ਹਾਲਤ ਵਿਚ, ਉਸ ਹਾਲਤ ਵਿਚ ਜਿਥੇ ਕੋਈ ਫੁਰਨਾ ਨਹੀਂ ਉੱਠਦਾ। ਧੁੰਧੂਕਾਰਾ = ਹਨੇਰਾ ਹੀ ਹਨੇਰਾ, ਉਹ ਹਾਲਤ ਜੋ ਜੀਵਾਂ ਦੀ ਸਮਝ ਤੋਂ ਪਰੇ ਹੈ। ਕਰਤਾ = ਕਰਦਾ ਹੈ।12।

ਅਰਥ: ਹੇ ਭਾਈ! ਇਹ ਕਾਲ (ਮੌਤ, ਜੋ ਪ੍ਰਭੂ ਦਾ ਬਣਾਇਆ ਇਕ) ਖਿਡੌਣਾ (ਹੀ ਹੈ, ਉਸ ਨੇ ਆਪਣੇ) ਹੁਕਮ ਅਨੁਸਾਰ (ਜਗਤ ਵਿਚ) ਭੇਜਿਆ ਹੈ। (ਪ੍ਰਭੂ ਆਪ ਹੀ) ਸਾਰੇ ਜੀਵਾਂ ਨੂੰ ਪੈਦਾ ਕਰ ਕੇ ਮੁਕਾ ਦੇਂਦਾ ਹੈ। (ਪ੍ਰਭੂ ਆਪ ਹੀ ਇਸ ਤਮਾਸ਼ੇ ਨੂੰ) ਵੇਖ ਰਿਹਾ ਹੈ (ਤੇ ਵੇਖ ਵੇਖ ਕੇ) ਖ਼ੁਸ਼ ਹੋ ਰਿਹਾ ਹੈ, (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਾਰੇ ਰੰਗ ਮਾਣ ਰਿਹਾ ਹੈ। ਇਸ ਜਗਤ-ਰਚਨਾ ਨੂੰ ਉਸ ਨੇ ਇਕ ਅਖਾੜਾ ਬਣਾਇਆ ਹੋਇਆ ਹੈ।9।

ਹੇ ਭਾਈ! ਉਹ ਮਾਲਕ-ਪ੍ਰਭੂ (ਬਹੁਤ) ਵੱਡਾ ਹੈ, ਉਸ ਦੀ ਵਡਿਆਈ (ਭੀ ਬਹੁਤ) ਵੱਡੀ ਹੈ, ਉਹ ਬੜਾ ਵੱਡਾ ਦਾਤਾ ਹੈ, ਉਸ ਦੀ ਥਾਂ (ਜਿਥੇ ਉਹ ਰਹਿੰਦਾ ਹੈ ਬਹੁਤ) ਵੱਡੀ ਹੈ। ਉਹ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬੇਅੰਤ ਹੈ, ਤੋਲਿਆ ਨਹੀਂ ਜਾ ਸਕਦਾ। ਉਸ ਦੇ ਤੋਲਣ ਲਈ ਕੋਈ ਭੀ ਮਾਪ-ਤੋਲ ਨਹੀਂ ਹੈ।10।

ਹੇ ਭਾਈ! ਹੋਰ ਕੋਈ ਭੀ ਜੀਵ ਉਸ ਦਾ ਮੁੱਲ ਨਹੀਂ ਪਾ ਸਕਦਾ, ਉਹ ਨਿਰਲੇਪ ਪ੍ਰਭੂ ਆਪਣੇ ਬਰਾਬਰ ਦਾ ਆਪ ਹੀ ਹੈ। ਉਹ ਆਪ ਹੀ ਆਪਣੇ ਆਪ ਨੂੰ ਜਾਣਨ ਵਾਲਾ ਹੈ, ਆਪ ਹੀ ਆਪਣੇ ਆਪ ਵਿਚ ਸਮਾਧੀ ਲਾਣ ਵਾਲਾ ਹੈ। ਉਹ ਬਹੁਤ ਹੀ ਉੱਚੇ ਆਚਰਨ ਵਾਲਾ ਹੈ।11।

ਹੇ ਭਾਈ! (ਹੁਣ ਜਗਤ ਬਣਨ ਤੇ ਸਿਆਣੇ) ਆਖਦੇ ਹਨ ਕਿ ਬੇਅੰਤ ਸਮਾ ਉਹ ਗੁਪਤ ਹੀ ਰਿਹਾ, ਬੇਅੰਤ ਸਮਾ ਉਹ ਅਫੁਰ ਅਵਸਥਾ ਵਿਚ ਟਿਕਿਆ ਰਿਹਾ। ਬੇਅੰਤ ਸਮਾ ਇਕ ਐਸੀ ਅਵਸਥਾ ਬਣੀ ਰਹੀ ਜੋ ਜੀਵਾਂ ਦੀ ਸਮਝ ਤੋਂ ਪਰੇ ਹੈ। ਫਿਰ ਉਸ ਨੇ ਆਪ ਹੀ ਆਪਣੇ ਆਪ ਨੂੰ (ਜਗਤ-ਰੂਪ ਵਿਚ) ਪਰਗਟ ਕਰ ਲਿਆ।12।

TOP OF PAGE

Sri Guru Granth Darpan, by Professor Sahib Singh