ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1082

ਆਪੇ ਸਕਤੀ ਸਬਲੁ ਕਹਾਇਆ ॥ ਆਪੇ ਸੂਰਾ ਅਮਰੁ ਚਲਾਇਆ ॥ ਆਪੇ ਸਿਵ ਵਰਤਾਈਅਨੁ ਅੰਤਰਿ ਆਪੇ ਸੀਤਲੁ ਠਾਰੁ ਗੜਾ ॥੧੩॥ ਜਿਸਹਿ ਨਿਵਾਜੇ ਗੁਰਮੁਖਿ ਸਾਜੇ ॥ ਨਾਮੁ ਵਸੈ ਤਿਸੁ ਅਨਹਦ ਵਾਜੇ ॥ ਤਿਸ ਹੀ ਸੁਖੁ ਤਿਸ ਹੀ ਠਕੁਰਾਈ ਤਿਸਹਿ ਨ ਆਵੈ ਜਮੁ ਨੇੜਾ ॥੧੪॥ ਕੀਮਤਿ ਕਾਗਦ ਕਹੀ ਨ ਜਾਈ ॥ ਕਹੁ ਨਾਨਕ ਬੇਅੰਤ ਗੁਸਾਈ ॥ ਆਦਿ ਮਧਿ ਅੰਤਿ ਪ੍ਰਭੁ ਸੋਈ ਹਾਥਿ ਤਿਸੈ ਕੈ ਨੇਬੇੜਾ ॥੧੫॥ ਤਿਸਹਿ ਸਰੀਕੁ ਨਾਹੀ ਰੇ ਕੋਈ ॥ ਕਿਸ ਹੀ ਬੁਤੈ ਜਬਾਬੁ ਨ ਹੋਈ ॥ ਨਾਨਕ ਕਾ ਪ੍ਰਭੁ ਆਪੇ ਆਪੇ ਕਰਿ ਕਰਿ ਵੇਖੈ ਚੋਜ ਖੜਾ ॥੧੬॥੧॥੧੦॥ {ਪੰਨਾ 1082}

ਪਦ ਅਰਥ: ਆਪੇ = ਆਪ ਹੀ। ਸਬਲੁ = ਸ-ਬਲੁ, ਬਲ ਵਾਲਾ (ਪਰਮਾਤਮਾ) । ਸਕਤੀ = ਸ਼ਕਤੀ, ਮਾਇਆ। ਸੂਰਾ = ਸੂਰਮਾ। ਅਮਰੁ = ਹੁਕਮ। ਸਿਵ = ਸ਼ਿਵ, ਸੁਖ, ਸ਼ਾਂਤੀ। ਵਰਤਾਈਅਨੁ = ਉਸ ਨੇ ਵਰਤਾਈ ਹੋਈ ਹੈ। ਅੰਤਰਿ = (ਸਭ ਦੇ) ਅੰਦਰ। ਠਾਰੁ ਗੜਾ = ਗੜੇ ਵਰਗਾ ਠੰਢਾ-ਠਾਰ।13।

ਜਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ} ਜਿਸ ਨੂੰ। ਨਿਵਾਜੇ = ਬਖ਼ਸ਼ਸ਼ ਕਰਦਾ ਹੈ। ਗੁਰਮੁਖਿ ਸਾਜੇ = ਗੁਰੂ ਦੀ ਸਰਨ ਪਾ ਕੇ ਨਵੀਂ ਆਤਮਕ ਘਾੜਤ ਕਰਦਾ ਹੈ। ਤਿਸੁ = ਉਸ ਦੇ (ਹਿਰਦੇ ਵਿਚ) । ਅਨਹਦ = ਇਕ-ਰਸ, ਲਗਾਤਾਰ। ਤਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਠਕੁਰਾਈ = ਸਰਦਾਰੀ, ਉੱਚਤਾ।14।

ਕਾਗਦ = ਕਾਗ਼ਜ਼ਾਂ ਉਤੇ। ਨਾਨਕ = ਹੇ ਨਾਨਕ! ਗੁਸਾਈ = ਧਰਤੀ ਦਾ ਖਸਮ-ਪ੍ਰਭੂ। ਹਾਥਿ = ਹੱਥ ਵਿਚ। ਤਿਸੈ ਕੈ ਹਾਥਿ = ਉਸੇ ਦੇ ਹੱਥ ਵਿਚ। ਨੇਬੇੜਾ = ਫ਼ੈਸਲਾ।15।

ਰੇ = ਹੇ ਭਾਈ! ਤਿਸਹਿ ਸਰੀਕੁ = ਉਸ (ਪ੍ਰਭੂ) ਦਾ ਸ਼ਰੀਕ (ਬਰਾਬਰ ਦਾ) । ਬੁਤਾ = ਬੁੱਤਾ, ਕੰਮ। ਬੁਤੈ = ਬੁੱਤੈ, ਕੰਮ ਵਿਚ। ਕਿਸ ਹੀ ਬੁਤੈ = (ਉਸ ਦੇ) ਕਿਸੇ ਭੀ ਕੰਮ ਵਿਚ। ਜਬਾਬੁ = ਉਜ਼ਰ, ਇਨਕਾਰ। ਕਰਿ = ਕਰ ਕੇ। ਚੋਜ = ਤਮਾਸ਼ੇ {ਬਹੁ-ਵਚਨ}। 16।

ਅਰਥ: ਹੇ ਭਾਈ! ਬਲਵਾਨ ਪਰਮਾਤਮਾ ਆਪ ਹੀ (ਆਪਣੇ ਆਪ ਨੂੰ) ਮਾਇਆ ਅਖਵਾ ਰਿਹਾ ਹੈ। ਉਹ ਸੂਰਮਾ ਪ੍ਰਭੂ ਆਪ ਹੀ (ਸਾਰੇ ਜਗਤ ਵਿਚ) ਹੁਕਮ ਚਲਾ ਰਿਹਾ ਹੈ। (ਸਭ ਜੀਵਾਂ ਦੇ) ਅੰਦਰ ਉਸਨੇ ਆਪ ਹੀ ਸੁਖ-ਸ਼ਾਂਤੀ ਵਰਤਾਈ ਹੋਈ ਹੈ, (ਕਿਉਂਕਿ) ਉਹ ਆਪ ਹੀ ਗੜੇ ਵਰਗਾ ਸੀਤਲ ਠੰਢਾ-ਠਾਰ ਹੈ।13।

ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਗੁਰੂ ਦੀ ਸਰਨ ਪਾ ਕੇ ਉਸ ਦੀ ਨਵੀਂ ਆਤਮਕ ਘਾੜਤ ਘੜਦਾ ਹੈ। ਉਸ (ਮਨੁੱਖ) ਦੇ ਅੰਦਰ ਪਰਮਾਤਮਾ ਦਾ ਨਾਮ ਆ ਵੱਸਦਾ ਹੈ (ਮਾਨੋ) ਉਸ ਦੇ ਅੰਦਰ ਇਕ-ਰਸ ਵਾਜੇ (ਵੱਜ ਪੈਂਦੇ ਹਨ) । ਉਸੇ ਮਨੁੱਖ ਨੂੰ (ਸਦਾ) ਆਤਮਕ ਆਨੰਦ ਪ੍ਰਾਪਤ ਰਹਿੰਦਾ ਹੈ, ਉਸੇ ਨੂੰ (ਲੋਕ ਪਰਲੋਕ ਵਿਚ) ਆਤਮਕ ਉੱਚਤਾ ਮਿਲ ਜਾਂਦੀ ਹੈ। ਜਮਰਾਜ ਉਸ ਦੇ ਨੇੜੇ ਨਹੀਂ ਢੁਕਦਾ (ਮੌਤ ਦਾ ਡਰ, ਆਤਮਕ ਮੌਤ ਉਸ ਉਤੇ ਅਸਰ ਨਹੀਂ ਪਾ ਸਕਦੀ) ।14।

ਹੇ ਨਾਨਕ! ਆਖ– ਸ੍ਰਿਸ਼ਟੀ ਦਾ ਮਾਲਕ-ਪ੍ਰਭੂ ਬੇਅੰਤ ਹੈ, ਕਾਗ਼ਜ਼ਾਂ ਉਤੇ (ਲਿਖ ਕੇ) ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਜਗਤ ਦੇ ਸ਼ੁਰੂ ਵਿਚ, ਹੁਣ ਅੰਤ ਵਿਚ ਭੀ ਉਹੀ ਕਾਇਮ ਰਹਿਣ ਵਾਲਾ ਹੈ। ਜੀਵਾਂ ਦੇ ਕਰਮਾਂ ਦਾ ਫ਼ੈਸਲਾ ਉਸੇ ਦੇ ਹੱਥ ਵਿਚ ਹੈ।15।

ਹੇ ਭਾਈ! ਕੋਈ ਭੀ ਜੀਵ ਉਸ (ਪਰਮਾਤਮਾ) ਦੇ ਬਰਾਬਰ ਦਾ ਨਹੀਂ ਹੈ। ਉਸ ਦੇ ਕਿਸੇ ਭੀ ਕੰਮ ਵਿਚ ਕਿਸੇ ਪਾਸੋਂ ਇਨਕਾਰ ਨਹੀਂ ਹੋ ਸਕਦਾ। ਨਾਨਕ ਦਾ ਪ੍ਰਭੂ (ਹਰ ਥਾਂ) ਆਪ ਹੀ ਆਪ ਹੈ। ਉਹ ਆਪ ਹੀ ਤਮਾਸ਼ੇ ਕਰ ਕਰ ਕੇ ਖੜਾ ਆਪ ਹੀ ਵੇਖ ਰਿਹਾ ਹੈ। 16।1।10।

ਮਾਰੂ ਮਹਲਾ ੫ ॥ ਅਚੁਤ ਪਾਰਬ੍ਰਹਮ ਪਰਮੇਸੁਰ ਅੰਤਰਜਾਮੀ ॥ ਮਧੁਸੂਦਨ ਦਾਮੋਦਰ ਸੁਆਮੀ ॥ ਰਿਖੀਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰਿ ਰੰਗਾ ॥੧॥ ਮੋਹਨ ਮਾਧਵ ਕ੍ਰਿਸ੍ਨ ਮੁਰਾਰੇ ॥ ਜਗਦੀਸੁਰ ਹਰਿ ਜੀਉ ਅਸੁਰ ਸੰਘਾਰੇ ॥ ਜਗਜੀਵਨ ਅਬਿਨਾਸੀ ਠਾਕੁਰ ਘਟ ਘਟ ਵਾਸੀ ਹੈ ਸੰਗਾ ॥੨॥ ਧਰਣੀਧਰ ਈਸ ਨਰਸਿੰਘ ਨਾਰਾਇਣ ॥ ਦਾੜਾ ਅਗ੍ਰੇ ਪ੍ਰਿਥਮਿ ਧਰਾਇਣ ॥ ਬਾਵਨ ਰੂਪੁ ਕੀਆ ਤੁਧੁ ਕਰਤੇ ਸਭ ਹੀ ਸੇਤੀ ਹੈ ਚੰਗਾ ॥੩॥ ਸ੍ਰੀ ਰਾਮਚੰਦ ਜਿਸੁ ਰੂਪੁ ਨ ਰੇਖਿਆ ॥ ਬਨਵਾਲੀ ਚਕ੍ਰਪਾਣਿ ਦਰਸਿ ਅਨੂਪਿਆ ॥ ਸਹਸ ਨੇਤ੍ਰ ਮੂਰਤਿ ਹੈ ਸਹਸਾ ਇਕੁ ਦਾਤਾ ਸਭ ਹੈ ਮੰਗਾ ॥੪॥ {ਪੰਨਾ 1082}

ਪਦ ਅਰਥ: ਅਚੁਤ = {ÁXu = to fall = ÁXuq = fallen} ਨਾਹ ਨਾਸ ਹੋਣ ਵਾਲਾ। ਪਰਮੇਸੁਰ = ਪਰਮ ਈਸ਼੍ਵਰ, ਸਭ ਤੋਂ ਵੱਡਾ ਮਾਲਕ। ਅੰਤਰਜਾਮੀ = ਸਭ ਦੇ ਦਿਲਾਂ ਵਿਚ ਅੱਪੜਨ ਵਾਲਾ {Xw = to go}। ਮਧੁਸੂਦਨ = ਮਧੂ ਦੈਂਤ ਨੂੰ ਮਾਰਨ ਵਾਲਾ। ਦਾਮੋਦਰ = {ਦਾਮ-ਉਦਰ} ਜਿਸ ਦੇ ਪੇਟ ਦੇ ਦੁਆਲੇ ਰੱਸੀ ਹੈ। ਰਿਖੀਕੇਸ = {Hã = Ik = ਇੰਦ੍ਰੇ। ਈਸ = ਮਾਲਕ} ਜਗਤ ਦੇ ਗਿਆਨ-ਇੰਦ੍ਰਿਆਂ ਦਾ ਮਾਲਕ। ਗੋਵਰਧਨ ਧਾਰੀ = ਗੋਵਰਧਨ ਪਹਾੜ ਨੂੰ ਚੁੱਕਣ ਵਾਲਾ। ਮੁਰਲੀ ਮਨੋਹਰ = ਸੋਹਣੀ ਮੁਰਲੀ (ਬੰਸਰੀ) ਵਾਲਾ। ਰੰਗਾ = ਅਨੇਕਾਂ ਕੌਤਕ-ਤਮਾਸ਼ੇ।1।

ਮੋਹਨ– ਮਨ ਨੂੰ ਮੋਹ ਲੈਣ ਵਾਲਾ। ਮਾਧਵ = {ਮਾਇਆ ਦਾ ਧਵ} ਮਾਇਆ ਦਾ ਪਤੀ। ਮੁਰਾਰੇ = ਮੁਰ-ਦੈਂਤ ਦਾ ਵੈਰੀ {ਮਰੁ-ਅਰਿ}। ਜਗਦੀਸੁਰ = ਜਗਤ ਦਾ ਈਸ਼੍ਵਰ। ਅਸੁਰ ਸੰਘਾਰੇ = ਦੈਂਤਾਂ ਦਾ ਨਾਸ ਕਰਨ ਵਾਲਾ। ਜਗ ਜੀਵਨ = ਜਗਤ ਦਾ ਜੀਵਨ-ਆਸਰਾ। ਘਟ ਘਟ ਵਾਸੀ = ਸਭਨਾਂ ਸਰੀਰਾਂ ਵਿਚ ਵੱਸਣ ਵਾਲਾ। ਸੰਗਾ = ਸੰਗਿ, ਨਾਲ।2।

ਧਰਣੀ ਧਰ = ਧਰਤੀ ਦਾ ਸਹਾਰਾ। ਈਸ = ਈਸ਼, ਮਾਲਕ। ਨਾਰਾਇਣ = {ਨਾਰ-ਜਲ। ਅਯਨ = ਘਰ} ਜਿਸ ਦਾ ਘਰ ਪਾਣੀ (ਸਮੁੰਦਰ) ਵਿਚ ਹੈ। ਦਾੜਾ ਅਗ੍ਰੇ = ਦਾੜ੍ਹਾਂ ਦੇ ਉੱਤੇ। ਪ੍ਰਿਥਮਿ = ਧਰਤੀ। ਧਰਾਇਣ = ਚੁੱਕਣ ਵਾਲਾ। ਬਾਵਨ ਰੂਪੁ = ਵਾਮਨ (ਵਉਣਾ) ਅਵਤਾਰ। ਕਰਤੇ = ਹੇ ਕਰਤਾਰ! ਸੇਤੀ = ਨਾਲ।3।

ਰੇਖਿਆ = ਚਿਹਨ-ਚੱਕ੍ਰ। ਬਨਵਾਲੀ = ਬਨ ਹੈ ਮਾਲਾ ਜਿਸ ਦੀ। ਚਕ੍ਰਪਾਣਿ = {ਪਾਣਿ = ਹੱਥ} ਜਿਸ ਦੇ ਹੱਥ ਵਿਚ (ਸੁਦਰਸ਼ਨ) ਚੱਕ੍ਰ ਹੈ। ਦਰਸਿ ਅਨੂਪਿਆ = ਉਪਮਾ-ਰਹਿਤ ਦਰਸਨ ਵਾਲਾ। ਸਹਸ ਨੇਤ੍ਰ = ਹਜ਼ਾਰਾਂ ਅੱਖਾਂ ਵਾਲਾ। ਸਹਸਾ = ਹਜ਼ਾਰਾਂ। ਮੰਗਾ = ਮੰਗਣ ਵਾਲੇ।4।

ਅਰਥ: ਹੇ ਕਰਤਾਰ! ਤੂੰ ਅਬਿਨਾਸੀ ਹੈਂ, ਤੂੰ ਪਾਰਬ੍ਰਹਮ ਹੈਂ, ਤੂੰ ਪਰਮੇਸੁਰ ਹੈਂ, ਤੂੰ ਅੰਤਰਜਾਮੀ ਹੈਂ। ਹੇ ਸੁਆਮੀ! ਮਧੁਸੂਦਨ ਤੇ ਦਾਮੋਦਰ ਭੀ ਤੂੰ ਹੀ ਹੈਂ। ਹੇ ਹਰੀ! ਤੂੰ ਹੀ ਰਿਖੀਕੇਸ਼ ਗੋਵਰਧਨਧਾਰੀ ਤੇ ਮਨੋਹਰ ਮੁਰਲੀ ਵਾਲਾ ਹੈਂ। ਤੂੰ ਅਨੇਕਾਂ ਰੰਗ-ਤਮਾਸ਼ੇ ਕਰ ਰਿਹਾ ਹੈਂ।1।

ਹੇ ਹਰੀ ਜੀਉ! ਮੋਹਨ, ਮਾਧਵ, ਕ੍ਰਿਸ਼ਨ, ਮੁਰਾਰੀ ਤੂੰ ਹੀ ਹੈਂ। ਤੂੰ ਹੀ ਹੈਂ ਜਗਤ ਦਾ ਮਾਲਕ, ਤੂੰ ਹੀ ਹੈਂ ਦੈਂਤਾਂ ਦਾ ਨਾਸ ਕਰਨ ਵਾਲਾ। ਹੇ ਜਗਜੀਵਨ! ਹੇ ਅਬਿਨਾਸੀ ਠਾਕੁਰ! ਤੂੰ ਸਭ ਸਰੀਰਾਂ ਵਿਚ ਮੌਜੂਦ ਹੈਂ, ਤੂੰ ਸਭਨਾਂ ਦੇ ਨਾਲ ਵੱਸਦਾ ਹੈਂ।2।

ਹੇ ਧਰਤੀ ਦੇ ਆਸਰੇ! ਹੇ ਈਸ਼੍ਵਰ! ਤੂੰ ਹੀ ਹੈਂ ਨਰਸਿੰਘ ਅਵਤਾਰ, ਤੂੰ ਹੀ ਹੈਂ ਵਿਸ਼ਨੂ ਜਿਸ ਦਾ ਨਿਵਾਸ ਸਮੁੰਦਰ ਵਿਚ ਹੈ। (ਵਰਾਹ ਅਵਤਾਰ ਧਾਰ ਕੇ) ਧਰਤੀ ਨੂੰ ਆਪਣੀਆਂ ਦਾੜ੍ਹਾਂ ਉੱਤੇ ਚੁੱਕਣ ਵਾਲਾ ਭੀ ਤੂੰ ਹੀ ਹੈਂ। ਹੇ ਕਰਤਾਰ! (ਰਾਜਾ ਬਲ ਨੂੰ ਛਲਣ ਲਈ) ਤੂੰ ਹੀ ਵਾਮਨ-ਰੂਪ ਧਾਰਿਆ ਸੀ। ਤੂੰ ਸਭ ਜੀਵਾਂ ਦੇ ਨਾਲ ਵੱਸਦਾ ਹੈਂ, (ਫਿਰ ਭੀ ਤੂੰ ਸਭ ਤੋਂ) ਉੱਤਮ ਹੈਂ।3।

ਹੇ ਪ੍ਰਭੂ! ਤੂੰ ਉਹ ਸ੍ਰੀ ਰਾਮਚੰਦਰ ਹੈਂ ਜਿਸ ਦਾ ਨਾਹ ਕੋਈ ਰੂਪ ਹੈ ਨਾਹ ਰੇਖ। ਤੂੰ ਹੀ ਹੈਂ ਬਨਵਾਲੀ ਤੇ ਸੁਦਰਸ਼ਨ-ਚੱਕ੍ਰ-ਧਾਰੀ। ਤੂੰ ਬੇ-ਮਿਸਾਲ ਸਰੂਪ ਵਾਲਾ ਹੈਂ। ਤੇਰੇ ਹਜ਼ਾਰਾਂ ਨੇਤਰ ਹਨ, ਤੇਰੀਆਂ ਹਜ਼ਾਰਾਂ ਮੂਰਤੀਆਂ ਹਨ। ਤੂੰ ਹੀ ਇਕੱਲਾ ਦਾਤਾ ਹੈਂ, ਸਾਰੀ ਦੁਨੀਆ ਤੈਥੋਂ ਮੰਗਣ ਵਾਲੀ ਹੈ।4।

ਭਗਤਿ ਵਛਲੁ ਅਨਾਥਹ ਨਾਥੇ ॥ ਗੋਪੀ ਨਾਥੁ ਸਗਲ ਹੈ ਸਾਥੇ ॥ ਬਾਸੁਦੇਵ ਨਿਰੰਜਨ ਦਾਤੇ ਬਰਨਿ ਨ ਸਾਕਉ ਗੁਣ ਅੰਗਾ ॥੫॥ ਮੁਕੰਦ ਮਨੋਹਰ ਲਖਮੀ ਨਾਰਾਇਣ ॥ ਦ੍ਰੋਪਤੀ ਲਜਾ ਨਿਵਾਰਿ ਉਧਾਰਣ ॥ ਕਮਲਾਕੰਤ ਕਰਹਿ ਕੰਤੂਹਲ ਅਨਦ ਬਿਨੋਦੀ ਨਿਹਸੰਗਾ ॥੬॥ ਅਮੋਘ ਦਰਸਨ ਆਜੂਨੀ ਸੰਭਉ ॥ ਅਕਾਲ ਮੂਰਤਿ ਜਿਸੁ ਕਦੇ ਨਾਹੀ ਖਉ ॥ ਅਬਿਨਾਸੀ ਅਬਿਗਤ ਅਗੋਚਰ ਸਭੁ ਕਿਛੁ ਤੁਝ ਹੀ ਹੈ ਲਗਾ ॥੭॥ ਸ੍ਰੀਰੰਗ ਬੈਕੁੰਠ ਕੇ ਵਾਸੀ ॥ ਮਛੁ ਕਛੁ ਕੂਰਮੁ ਆਗਿਆ ਅਉਤਰਾਸੀ ॥ ਕੇਸਵ ਚਲਤ ਕਰਹਿ ਨਿਰਾਲੇ ਕੀਤਾ ਲੋੜਹਿ ਸੋ ਹੋਇਗਾ ॥੮॥ {ਪੰਨਾ 1082}

ਪਦ ਅਰਥ: ਭਗਤਿ ਵਛਲੁ = ਭਗਤੀ ਨੂੰ ਪਿਆਰ ਕਰਨ ਵਾਲਾ। ਅਨਾਥਹ ਨਾਥੇ = ਹੇ ਅਨਾਥਾਂ ਦੇ ਨਾਥ! ਗੋਪੀ ਨਾਥੁ = ਗੋਪੀਆਂ ਦਾ ਨਾਥ। ਬਾਸੁਦੇਵ = ਵਾਸੁਦੇਵ ਦਾ। ਨਿਰੰਜਨੁ = {ਨਿਰ-ਅੰਜਨ} ਮਾਇਆ ਦੇ ਮੋਹ ਦੀ ਕਾਲਖ ਤੋਂ ਰਹਿਤ। ਦਾਤੇ = ਹੇ ਦਾਤਾਰ! ਸਾਕਉ = ਸਾਕਉਂ। ਬਰਨਿ ਨ ਸਾਕਉਂ = ਮੈਂ ਬਿਆਨ ਨਹੀਂ ਕਰ ਸਕਦਾ।5।

ਮੁਕੰਦ = {mukuzdwiq eiq} ਮੁਕਤੀ ਦੇਣ ਵਾਲਾ। ਲਖਮੀ ਨਾਰਾਇਣ = ਲੱਛਮੀ ਦਾ ਪਤੀ ਨਾਰਾਇਣ। ਨਿਵਾਰਿ = ਬੇ-ਪਤੀ ਤੋਂ ਬਚਾ ਕੇ। ਉਧਾਰਣ = ਬਚਾਣ ਵਾਲਾ। ਕਮਲਾ ਕੰਤ = ਹੇ ਮਾਇਆ ਦੇ ਪਤੀ! ਕਰਹਿ = ਤੂੰ ਕਰਦਾ ਹੈਂ। ਕੰਤੂਹਲ = ਕੌਤਕ ਤਮਾਸ਼ੇ। ਬਿਨੋਦੀ = ਆਨੰਦ ਮਾਣਨ ਵਾਲਾ। ਨਿਸੰਗਾ = ਨਿਰਲੇਪ।6।

ਅਮੋਘ = ਫਲ ਦੇਣ ਵਾਲਾ, ਕਦੇ ਖ਼ਾਲੀ ਨਾਹ ਜਾਣ ਵਾਲਾ। ਆਜੂਨੀ = ਜੂਨਾਂ ਤੋਂ ਰਹਿਤ। ਸੰਭਉ = {ÔvXzBu } ਆਪਣੇ ਆਪ ਤੋਂ ਪਰਗਟ ਹੋਣ ਵਾਲਾ। ਅਕਾਲ ਮੂਰਤਿ = ਜਿਸ ਦੀ ਹਸਤੀ ਕਾਲ ਤੋਂ ਰਹਿਤ ਹੈ। ਖਉ = ਨਾਸ। ਅਬਗਤ = {AÒX#q} ਅਦ੍ਰਿਸ਼ਟ। ਅਗੋਚਰ = ਹੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ! ਲਗਾ = ਆਸਰੇ।7।

ਸ੍ਰੀ ਰੰਗ = ਹੇ ਲਛਮੀ ਦੇ ਪਤੀ! ਕੂਰਮੁ = ਕਛੂਕੁੰਮਾ। ਆਗਿਆ = ਤੇਰੇ ਹੁਕਮ ਵਿਚ। ਅਉਤਰਾਸੀ = ਉਤਰਿਆ, ਅਵਤਾਰ ਲਿਆ। ਕੇਸਵ = (ky_w: pR_ÔXw: siNq AÔX} ਹੇ ਸੋਹਣੇ ਲੰਮੇ ਕੇਸਾਂ ਵਾਲੇ! ਨਿਰਾਲੇ = ਅਨੋਖੇ। ਕੀਤਾ ਲੋੜਹਿ = (ਜੋ ਕੁਝ) ਤੂੰ ਕਰਨਾ ਚਾਹੁੰਦਾ ਹੈਂ।8।

ਅਰਥ: ਹੇ ਅਨਾਥਾਂ ਦੇ ਨਾਥ! ਤੂੰ ਭਗਤੀ ਨੂੰ ਪਿਆਰ ਕਰਨ ਵਾਲਾ ਹੈਂ। ਤੂੰ ਹੀ ਗੋਪੀਆਂ ਦਾ ਨਾਥ ਹੈਂ। ਤੂੰ ਸਭ ਜੀਵਾਂ ਦੇ ਨਾਲ ਰਹਿਣ ਵਾਲਾ ਹੈਂ। ਹੇ ਵਾਸੁਦੇਵ! ਹੇ ਨਿਰਲੇਪ ਦਾਤਾਰ! ਮੈਂ ਤੇਰੇ ਅਨੇਕਾਂ ਗੁਣ ਬਿਆਨ ਨਹੀਂ ਕਰ ਸਕਦਾ।5।

ਹੇ ਮੁਕਤੀ ਦਾਤੇ! ਹੇ ਸੋਹਣੇ ਪ੍ਰਭੂ! ਹੇ ਲੱਛਮੀ ਦੇ ਪਤੀ ਨਾਰਾਇਣ! ਹੇ ਦ੍ਰੋਪਤੀ ਨੂੰ ਬੇਪਤੀ ਤੋਂ ਬਚਾ ਕੇ ਉਸ ਦੀ ਇੱਜ਼ਤ ਰੱਖਣ ਵਾਲੇ! ਹੇ ਲੱਛਮੀ ਦੇ ਪਤੀ! ਤੂੰ ਅਨੇਕਾਂ ਕੌਤਕ ਕਰਦਾ ਹੈਂ। ਤੂੰ ਸਾਰੇ ਆਨੰਦ ਮਾਣਨ ਵਾਲਾ ਹੈਂ, ਤੇ ਨਿਰਲੇਪ ਭੀ ਹੈਂ।6।

ਹੇ ਫਲ ਦੇਣ ਤੋਂ ਕਦੇ ਨਾਹ ਉੱਕਣ ਵਾਲੇ ਦਰਸਨ ਵਾਲੇ ਪ੍ਰਭੂ! ਹੇ ਜੂਨਾਂ-ਰਹਿਤ ਪ੍ਰਭੂ! ਹੇ ਆਪਣੇ ਆਪ ਤੋਂ ਪਰਕਾਸ਼ ਕਰਨ ਵਾਲੇ ਪ੍ਰਭੂ! ਹੇ ਮੌਤ-ਰਹਿਤ ਸਰੂਪ ਵਾਲੇ! ਹੇ (ਅਜਿਹੇ) ਪ੍ਰਭੂ ਜਿਸ ਦਾ ਕਦੇ ਨਾਸ ਨਹੀਂ ਹੋ ਸਕਦਾ! ਹੇ ਅਬਿਨਾਸੀ! ਹੇ ਅਦ੍ਰਿਸ਼ਟ! ਹੇ ਅਗੋਚਰ! (ਜਗਤ ਦੀ) ਹਰੇਕ ਸ਼ੈ ਤੇਰੇ ਹੀ ਆਸਰੇ ਹੈ।7।

ਹੇ ਲੱਛਮੀ ਦੇ ਪਤੀ! ਹੇ ਬੈਕੁੰਠ ਦੇ ਰਹਿਣ ਵਾਲੇ! ਮੱਛ ਤੇ ਕੱਛੂਕੁੰਮਾ (ਆਦਿਕ) ਤੇਰੀ ਹੀ ਆਗਿਆ ਵਿਚ ਅਵਤਾਰ ਹੋਇਆ। ਹੇ ਸੋਹਣੇ ਲੰਮੇ ਕੇਸਾਂ ਵਾਲੇ! ਤੂੰ (ਸਦਾ) ਅਨੋਖੇ ਕੌਤਕ ਕਰਦਾ ਹੈਂ। ਜੋ ਕੁਝ ਤੂੰ ਕਰਨਾ ਚਾਹੁੰਦਾ ਹੈਂ ਜ਼ਰੂਰ ਉਹੀ ਹੁੰਦਾ ਹੈ।8।

ਨਿਰਾਹਾਰੀ ਨਿਰਵੈਰੁ ਸਮਾਇਆ ॥ ਧਾਰਿ ਖੇਲੁ ਚਤੁਰਭੁਜੁ ਕਹਾਇਆ ॥ ਸਾਵਲ ਸੁੰਦਰ ਰੂਪ ਬਣਾਵਹਿ ਬੇਣੁ ਸੁਨਤ ਸਭ ਮੋਹੈਗਾ ॥੯॥ ਬਨਮਾਲਾ ਬਿਭੂਖਨ ਕਮਲ ਨੈਨ ॥ ਸੁੰਦਰ ਕੁੰਡਲ ਮੁਕਟ ਬੈਨ ॥ ਸੰਖ ਚਕ੍ਰ ਗਦਾ ਹੈ ਧਾਰੀ ਮਹਾ ਸਾਰਥੀ ਸਤਸੰਗਾ ॥੧੦॥ ਪੀਤ ਪੀਤੰਬਰ ਤ੍ਰਿਭਵਣ ਧਣੀ ॥ ਜਗੰਨਾਥੁ ਗੋਪਾਲੁ ਮੁਖਿ ਭਣੀ ॥ ਸਾਰਿੰਗਧਰ ਭਗਵਾਨ ਬੀਠੁਲਾ ਮੈ ਗਣਤ ਨ ਆਵੈ ਸਰਬੰਗਾ ॥੧੧॥ ਨਿਹਕੰਟਕੁ ਨਿਹਕੇਵਲੁ ਕਹੀਐ ॥ ਧਨੰਜੈ ਜਲਿ ਥਲਿ ਹੈ ਮਹੀਐ ॥ ਮਿਰਤ ਲੋਕ ਪਇਆਲ ਸਮੀਪਤ ਅਸਥਿਰ ਥਾਨੁ ਜਿਸੁ ਹੈ ਅਭਗਾ ॥੧੨॥ {ਪੰਨਾ 1082}

ਪਦ ਅਰਥ: ਨਿਰਾਹਰੀ = ਨਿਰ-ਆਹਾਰੀ {ਆਹਾਰ-ਖ਼ੁਰਾਕ}, ਅੰਨ ਤੋਂ ਬਿਨਾ ਜੀਊਂਦਾ ਰਹਿਣ ਵਾਲਾ। ਸਮਾਇਆ = ਸਭ ਵਿਚ ਵਿਆਪਕ। ਧਾਰਿ = ਧਾਰ ਕੇ, ਰਚ ਕੇ। ਖੇਲੁ = ਜਗਤ-ਤਮਾਸ਼ਾ। ਚਤੁਰਭੁਜ = ਚਾਰ ਬਾਹਾਂ ਵਾਲਾ, ਬ੍ਰਹਮਾ। ਸਾਵਲ = ਸਾਂਵਲੇ ਰੰਗ ਵਾਲਾ। ਬਣਾਵਹਿ = ਤੂੰ ਬਣਾਂਦਾ ਹੈਂ। ਬੇਣੁ = ਬੰਸਰੀ। ਸੁਨਤ = ਸੁਣਦਿਆਂ। ਸਭ = ਸਾਰੀ ਸ੍ਰਿਸ਼ਟੀ।9।

ਬਨਮਾਲਾ = ਗਿੱਟਿਆਂ ਤਕ ਲਟਕਣ ਵਾਲੀ ਜਾਂਗਲੀ ਫੁੱਲਾਂ ਦੀ ਮਾਲਾ, ਵੈਜਯੰਤੀ ਮਾਲਾ। ਬਿਭੂਖਨ = ਗਹਿਣੇ। ਨੈਨ = ਅੱਖਾਂ। ਬੈਨ = ਬੇਨ, ਬੰਸਰੀ। ਗਦਾ = ਗੁਰਜ। ਸਾਰਥੀ = ਰਥਵਾਹੀ {ਕ੍ਰਿਸ਼ਨ ਅਰਜਨ ਦਾ ਰਥਵਾਹੀ ਸੀ}।10।

ਪੀਤ = ਪੀਲਾ। ਪੀਤੰਬਰ = {ਪੀਅੰਬਰ} ਪੀਲੇ ਬਸਤ੍ਰਾਂ ਵਾਲਾ (ਕ੍ਰਿਸ਼ਨ) । ਧਣੀ = ਮਾਲਕ। ਮੁਖਿ = ਮੂੰਹ ਨਾਲ। ਭਣੀ = ਭਣੀਂ, ਮੈਂ ਉਚਾਰਦਾ ਹਾਂ। ਸਾਰਿੰਗਧਰ = ਧਨੁਖ-ਧਾਰੀ {ਸਾਰਿੰਗ = ਧਨੁਖ}। ਬੀਠੁਲਾ = {iv-ÔQl, ਵਿਸ਼ਠਲ, ਵਿੱਠਲ} ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ। ਸਰਬੰਗਾ = ਸਰਬ ਅੰਗਾ, ਸਾਰੇ ਗੁਣ।11।

ਨਿਹਕੰਟਕੁ = {ਕੰਟਕੁ = ਕੰਡਾ, ਵੈਰੀ} ਜਿਸ ਦਾ ਕੋਈ ਵੈਰੀ ਨਹੀਂ। ਨਿਹਕੇਵਲੁ = ਵਾਸਨਾ-ਰਹਿਤ। ਕਹੀਐ = ਆਖਿਆ ਜਾਂਦਾ ਹੈ। ਧਨੰਜੈ = {DnwzjX = Name of Arjun svwLn` jnpdwn` ijÄvw, ivÙmwdwX k¥vlz ] mÆXy DnÔX iqÕTwim, qynwhumwLz DnzjX: ]} ਸਾਰੇ ਜਗਤ ਦੇ ਧਨ ਨੂੰ ਜਿੱਤਣ ਵਾਲਾ। ਜਲਿ = ਜਲ ਵਿਚ। ਥਲਿ = ਥਲ ਵਿਚ। ਮਹੀਐ = ਧਰਤੀ ਉੱਤੇ {ਮਹੀ = ਧਰਤੀ}। ਮਿਰਤ ਲੋਕ = ਮਾਤ ਲੋਕ। ਪਇਆਲ = ਪਤਾਲ। ਸਮੀਪਤ = ਨੇੜੇ। ਅਸਥਿਤ = ਸਦਾ ਕਾਇਮ ਰਹਿਣ ਵਾਲਾ। ਅਭਗਾ = ਅਟੁੱਟ।12।

ਅਰਥ: ਹੇ ਪ੍ਰਭੂ! ਤੂੰ ਅੰਨ ਖਾਣ ਤੋਂ ਬਿਨਾ ਜੀਊਂਦਾ ਰਹਿਣ ਵਾਲਾ ਹੈਂ, ਤੇਰਾ ਕਿਸੇ ਨਾਲ ਵੈਰ ਨਹੀਂ, ਤੂੰ ਸਭ ਵਿਚ ਵਿਆਪਕ ਹੈਂ। ਇਹ ਜਗਤ-ਖੇਡ ਰਚ ਕੇ (ਤੂੰ ਹੀ ਆਪਣੇ ਆਪ ਨੂੰ) ਬ੍ਰਹਮਾ ਅਖਵਾਇਆ ਹੈ। ਹੇ ਪ੍ਰਭੂ! (ਕ੍ਰਿਸ਼ਨ ਵਰਗੇ) ਅਨੇਕਾਂ ਸਾਂਵਲੇ ਸੋਹਣੇ ਰੂਪ ਤੂੰ ਬਣਾਂਦਾ ਰਹਿੰਦਾ ਹੈਂ। ਤੇਰੀ ਬੰਸਰੀ ਸੁਣਦਿਆਂ ਸਾਰੀ ਸ੍ਰਿਸ਼ਟੀ ਮੋਹੀ ਜਾਂਦੀ ਹੈ।9।

ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਦੀ ਬਨਸਪਤੀ ਤੇਰੇ ਗਹਿਣੇ ਹਨ। ਹੇ ਕੌਲ-ਫੁੱਲਾਂ ਵਰਗੀਆਂ ਅੱਖਾਂ ਵਾਲੇ! ਹੇ ਸੋਹਣੇ ਕੁੰਡਲਾਂ ਵਾਲੇ! ਹੇ ਮੁਕਟ-ਧਾਰੀ! ਹੇ ਬੰਸਰੀ ਵਾਲੇ! ਹੇ ਸੰਖ-ਧਾਰੀ! ਹੇ ਚੱਕ੍ਰ-ਧਾਰੀ! ਹੇ ਗਦਾ-ਧਾਰੀ! ਤੂੰ ਸਤਸੰਗੀਆਂ ਦਾ ਸਭ ਤੋਂ ਵੱਡਾ ਰਥਵਾਹੀ (ਆਗੂ) ਹੈਂ।10।

ਹੇ ਪੀਲੇ ਬਸਤ੍ਰਾਂ ਵਾਲੇ! ਹੇ ਤਿੰਨਾਂ ਭਵਨਾਂ ਦੇ ਮਾਲਕ! ਤੂੰ ਹੀ ਸਾਰੇ ਜਗਤ ਦਾ ਨਾਥ ਹੈਂ, ਸ੍ਰਿਸ਼ਟੀ ਦਾ ਪਾਲਣਹਾਰ ਹੈਂ। ਮੈਂ (ਆਪਣੇ) ਮੂੰਹ ਨਾਲ (ਤੇਰੇ ਨਾਮ) ਉਚਾਰਦਾ ਹਾਂ। ਹੇ ਧਨੁਖ-ਧਾਰੀ! ਹੇ ਭਗਵਾਨ! ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ! ਮੈਥੋਂ ਤੇਰੇ ਸਾਰੇ ਗੁਣ ਬਿਆਨ ਨਹੀਂ ਹੋ ਸਕਦੇ।11।

ਹੇ ਭਾਈ! ਪਰਮਾਤਮਾ ਦਾ ਕੋਈ ਵੈਰੀ ਨਹੀਂ ਹੈ, ਉਸ ਨੂੰ ਵਾਸਨਾ-ਰਹਿਤ ਆਖਿਆ ਜਾਂਦਾ ਹੈ ਉਹੀ (ਸਾਰੇ ਜਗਤ ਦੇ ਧਨ ਨੂੰ ਜਿੱਤਣ ਵਾਲਾ) ਧਨੰਜੈ ਹੈ। ਉਹ ਜਲ ਵਿਚ ਹੈ ਥਲ ਵਿਚ ਹੈ ਧਰਤੀ ਉੱਤੇ (ਹਰ ਥਾਂ) ਹੈ। ਮਾਤ ਲੋਕ ਵਿਚ, ਪਤਾਲ ਵਿਚ (ਸਭ ਜੀਵਾਂ ਦੇ) ਨੇੜੇ ਹੈ। ਉਸ ਦਾ ਥਾਂ ਸਦਾ ਕਾਇਮ ਰਹਿਣ ਵਾਲਾ ਹੈ, ਕਦੇ ਟੁੱਟਣ ਵਾਲਾ ਨਹੀਂ।12।

TOP OF PAGE

Sri Guru Granth Darpan, by Professor Sahib Singh