ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1083

ਪਤਿਤ ਪਾਵਨ ਦੁਖ ਭੈ ਭੰਜਨੁ ॥ ਅਹੰਕਾਰ ਨਿਵਾਰਣੁ ਹੈ ਭਵ ਖੰਡਨੁ ॥ ਭਗਤੀ ਤੋਖਿਤ ਦੀਨ ਕ੍ਰਿਪਾਲਾ ਗੁਣੇ ਨ ਕਿਤ ਹੀ ਹੈ ਭਿਗਾ ॥੧੩॥ ਨਿਰੰਕਾਰੁ ਅਛਲ ਅਡੋਲੋ ॥ ਜੋਤਿ ਸਰੂਪੀ ਸਭੁ ਜਗੁ ਮਉਲੋ ॥ ਸੋ ਮਿਲੈ ਜਿਸੁ ਆਪਿ ਮਿਲਾਏ ਆਪਹੁ ਕੋਇ ਨ ਪਾਵੈਗਾ ॥੧੪॥ ਆਪੇ ਗੋਪੀ ਆਪੇ ਕਾਨਾ ॥ ਆਪੇ ਗਊ ਚਰਾਵੈ ਬਾਨਾ ॥ ਆਪਿ ਉਪਾਵਹਿ ਆਪਿ ਖਪਾਵਹਿ ਤੁਧੁ ਲੇਪੁ ਨਹੀ ਇਕੁ ਤਿਲੁ ਰੰਗਾ ॥੧੫॥ ਏਕ ਜੀਹ ਗੁਣ ਕਵਨ ਬਖਾਨੈ ॥ ਸਹਸ ਫਨੀ ਸੇਖ ਅੰਤੁ ਨ ਜਾਨੈ ॥ ਨਵਤਨ ਨਾਮ ਜਪੈ ਦਿਨੁ ਰਾਤੀ ਇਕੁ ਗੁਣੁ ਨਾਹੀ ਪ੍ਰਭ ਕਹਿ ਸੰਗਾ ॥੧੬॥ {ਪੰਨਾ 1083}

ਪਦ ਅਰਥ: ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਾਵਨ = ਪਵਿੱਤਰ (ਕਰਨ ਵਾਲਾ) । ਭੈ = {ਬਹੁ-ਵਚਨ} ਸਾਰੇ ਡਰ। ਭੰਜਨੁ = ਨਾਸ ਕਰਨ ਵਾਲਾ। ਨਿਵਾਰਣੁ = ਦੂਰ ਕਰਨ ਵਾਲਾ। ਭਵ = ਜਨਮ ਮਰਨ ਦਾ ਗੇੜ। ਤੋਖਿਤ = ਪ੍ਰਸੰਨ ਹੁੰਦਾ ਹੈ। ਕਿਤ ਹੀ ਗੁਣੇ = ਕਿਸੇ ਭੀ (ਹੋਰ) ਗੁਣ ਨਾਲ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਤੁ' ਦਾ ੁ ਉੱਡ ਗਿਆ ਹੈ}। ਭਿਗਾ = ਭਿੱਜਦਾ, ਪਤੀਜਦਾ।13।

ਮਉਲੋ = ਖਿੜਿਆ ਹੋਇਆ ਹੈ। ਆਪਹੁ = ਆਪਣੇ ਜਤਨ ਨਾਲ।14।

ਆਪੇ = ਆਪ ਹੀ। ਕਾਨਾ = ਕਾਨ੍ਹ, ਕ੍ਰਿਸ਼ਨ। ਬਾਨਾ = ਬਨ ਵਿਚ। ਉਪਾਵਹਿ = ਤੂੰ ਪੈਦਾ ਕਰਦਾ ਹੈਂ। ਖਪਾਵਹਿ = ਤੂੰ ਨਾਸ ਕਰਦਾ ਹੈਂ। ਲੇਪੁ = ਪ੍ਰਭਾਵ, ਅਸਰ, ਦਬਾਉ। ਇਕੁ ਤਿਲੁ = ਰਤਾ ਭਰ ਭੀ। ਰੰਗਾ = ਦੁਨੀਆ ਦੇ ਰੰਗ-ਤਮਾਸ਼ਿਆਂ ਦਾ।15।

ਜੀਹ = ਜੀਭ। ਕਵਨ = ਕਿਹੜੇ ਕਿਹੜੇ? ਸਹਸ = ਹਜ਼ਾਰ। ਫਨੀ = ਫਣਾਂ ਵਾਲਾ। ਸੇਖ = ਸ਼ੇਸ਼ਨਾਗ। ਨਵਤਨ = ਨਵਾਂ। ਇਕੁ ਗੁਣੁ ਪ੍ਰਭ = ਪ੍ਰਭੂ ਦਾ ਇੱਕ (ਭੀ) ਗੁਣ। ਕਹਿ ਸੰਗਾ = ਕਹਿ ਸਕਦਾ। 16।

ਅਰਥ: ਹੇ ਭਾਈ! ਪਰਮਾਤਮਾ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ, (ਜੀਵਾਂ ਦੇ) ਸਾਰੇ ਦੁੱਖ ਸਾਰੇ ਡਰ ਦੂਰ ਕਰਨ ਵਾਲਾ ਹੈ, ਅਹੰਕਾਰ ਦੂਰ ਕਰਨ ਵਾਲਾ ਹੈ ਅਤੇ ਜਨਮ ਮਰਨ ਦਾ ਗੇੜ ਨਾਸ ਕਰਨ ਵਾਲਾ ਹੈ। ਹੇ ਭਾਈ! ਦੀਨਾਂ ਉੱਤੇ ਕਿਰਪਾ ਕਰਨ ਵਾਲਾ ਪ੍ਰਭੂ ਭਗਤੀ ਨਾਲ ਖ਼ੁਸ਼ ਹੁੰਦਾ ਹੈ, ਕਿਸੇ ਭੀ ਹੋਰ ਗੁਣ ਨਾਲ ਨਹੀਂ ਪਤੀਜਦਾ।13।

ਹੇ ਭਾਈ! ਆਕਾਰ-ਰਹਿਤ ਪਰਮਾਤਮਾ ਨੂੰ ਮਾਇਆ ਛਲ ਨਹੀਂ ਸਕਦੀ, (ਮਾਇਆ ਦੇ ਹੱਲਿਆਂ ਅੱਗੇ) ਉਹ ਡੋਲਣ ਵਾਲਾ ਨਹੀਂ ਹੈ। ਉਹ ਨਿਰਾ ਨੂਰ ਹੀ ਨੂਰ ਹੈ (ਉਸ ਦੇ ਨੂਰ ਨਾਲ) ਸਾਰਾ ਜਗਤ ਖਿੜ ਰਿਹਾ ਹੈ। (ਉਸ ਪਰਮਾਤਮਾ ਨੂੰ ਉਹੀ ਮਨੁੱਖ (ਹੀ) ਮਿਲ ਸਕਦਾ ਹੈ, ਜਿਸ ਨੂੰ ਉਹ ਆਪ ਮਿਲਾਂਦਾ ਹੈ। (ਉਸ ਦੀ ਮਿਹਰ ਤੋਂ ਬਿਨਾ ਨਿਰੇ) ਆਪਣੇ ਉੱਦਮ ਨਾਲ ਕੋਈ ਭੀ ਮਨੁੱਖ ਉਸ ਨੂੰ ਮਿਲ ਨਹੀਂ ਸਕਦਾ।14।

ਹੇ ਭਾਈ! ਪਰਮਾਤਮਾ ਆਪ ਹੀ ਗੋਪੀਆਂ ਹੈ, ਆਪ ਹੀ ਕ੍ਰਿਸ਼ਨ ਹੈ। ਪ੍ਰਭੂ ਆਪ ਹੀ ਗਊਆਂ ਨੂੰ ਬਿੰਦ੍ਰਾਬਨ ਵਿਚ ਚਾਰਦਾ ਹੈ। ਹੇ ਪ੍ਰਭੂ! ਤੂੰ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈਂ, ਆਪ ਹੀ ਨਾਸ ਕਰਦਾ ਹੈਂ। ਦੁਨੀਆ ਦੇ ਰੰਗ-ਤਮਾਸ਼ਿਆਂ ਦਾ ਤੇਰੇ ਉਤੇ ਰਤਾ ਭੀ ਅਸਰ ਨਹੀਂ ਹੁੰਦਾ।15।

ਹੇ ਪ੍ਰਭੂ! (ਮੇਰੀ) ਇੱਕ ਜੀਭ (ਤੇਰੇ) ਕਿਹੜੇ ਕਿਹੜੇ ਗੁਣ ਬਿਆਨ ਕਰ ਸਕਦੀ ਹੈ? ਹਜ਼ਾਰ ਫਣਾਂ ਵਾਲਾ ਸ਼ੇਸ਼ਨਾਗ (ਭੀ) (ਤੇਰੇ ਗੁਣਾਂ ਦਾ) ਅੰਤ ਨਹੀਂ ਜਾਣਦਾ। ਉਹ ਦਿਨ ਰਾਤ (ਤੇਰੇ) ਨਵੇਂ ਨਵੇਂ ਨਾਮ ਜਪਦਾ ਹੈ, ਪਰ, ਹੇ ਪ੍ਰਭੂ! ਉਹ ਤੇਰਾ ਇੱਕ ਭੀ ਗੁਣ ਬਿਆਨ ਨਹੀਂ ਕਰ ਸਕਦਾ। 16।

ਓਟ ਗਹੀ ਜਗਤ ਪਿਤ ਸਰਣਾਇਆ ॥ ਭੈ ਭਇਆਨਕ ਜਮਦੂਤ ਦੁਤਰ ਹੈ ਮਾਇਆ ॥ ਹੋਹੁ ਕ੍ਰਿਪਾਲ ਇਛਾ ਕਰਿ ਰਾਖਹੁ ਸਾਧ ਸੰਤਨ ਕੈ ਸੰਗਿ ਸੰਗਾ ॥੧੭॥ ਦ੍ਰਿਸਟਿਮਾਨ ਹੈ ਸਗਲ ਮਿਥੇਨਾ ॥ ਇਕੁ ਮਾਗਉ ਦਾਨੁ ਗੋਬਿਦ ਸੰਤ ਰੇਨਾ ॥ ਮਸਤਕਿ ਲਾਇ ਪਰਮ ਪਦੁ ਪਾਵਉ ਜਿਸੁ ਪ੍ਰਾਪਤਿ ਸੋ ਪਾਵੈਗਾ ॥੧੮॥ ਜਿਨ ਕਉ ਕ੍ਰਿਪਾ ਕਰੀ ਸੁਖਦਾਤੇ ॥ ਤਿਨ ਸਾਧੂ ਚਰਣ ਲੈ ਰਿਦੈ ਪਰਾਤੇ ॥ ਸਗਲ ਨਾਮ ਨਿਧਾਨੁ ਤਿਨ ਪਾਇਆ ਅਨਹਦ ਸਬਦ ਮਨਿ ਵਾਜੰਗਾ ॥੧੯॥ ਕਿਰਤਮ ਨਾਮ ਕਥੇ ਤੇਰੇ ਜਿਹਬਾ ॥ ਸਤਿ ਨਾਮੁ ਤੇਰਾ ਪਰਾ ਪੂਰਬਲਾ ॥ ਕਹੁ ਨਾਨਕ ਭਗਤ ਪਏ ਸਰਣਾਈ ਦੇਹੁ ਦਰਸੁ ਮਨਿ ਰੰਗੁ ਲਗਾ ॥੨੦॥ ਤੇਰੀ ਗਤਿ ਮਿਤਿ ਤੂਹੈ ਜਾਣਹਿ ॥ ਤੂ ਆਪੇ ਕਥਹਿ ਤੈ ਆਪਿ ਵਖਾਣਹਿ ॥ ਨਾਨਕ ਦਾਸੁ ਦਾਸਨ ਕੋ ਕਰੀਅਹੁ ਹਰਿ ਭਾਵੈ ਦਾਸਾ ਰਾਖੁ ਸੰਗਾ ॥੨੧॥੨॥੧੧॥ {ਪੰਨਾ 1083}

ਪਦ ਅਰਥ: ਗਹੀ = ਫੜੀ। ਜਗਤ ਪਿਤਾ = ਹੇ ਜਗਤ ਦੇ ਪਿਤਾ! ਭਇਆਨਕ = ਡਰਾਉਣੇ। ਦੁਤਰ = {duÔqr} ਜਿਸ ਤੋਂ ਪਾਰ ਲੰਘਣਾ ਔਖਾ ਹੈ। ਇਛਾ = ਚੰਗੀ ਭਾਵਨਾ, ਮਿਹਰ ਦੀ ਨਿਗਾਹ। ਕਰਿ = ਕਰ ਕੇ। ਸੰਗਿ = ਨਾਲ। 17।

ਦ੍ਰਿਸਟਿਮਾਨ = ਜੋ ਕੁਝ ਦਿੱਸ ਰਿਹਾ ਹੈ। ਮਿਥੇਨਾ = ਨਾਸਵੰਤ। ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਰੇਨਾ = ਚਰਨ-ਧੂੜ। ਮਸਤਕਿ = ਮੱਥੇ ਉਤੇ। ਲਾਇ = ਲਾ ਕੇ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਪਾਵਉ = ਪਾਵਉਂ, ਮੈਂ ਪ੍ਰਾਪਤ ਕਰਾਂ। ਜਿਸੁ ਪ੍ਰਾਪਤਿ = ਜਿਸ ਦੇ ਭਾਗਾਂ ਵਿਚ ਪ੍ਰਾਪਤੀ ਲਿਖੀ ਹੋਈ ਹੈ। 18।

ਕਰੀ = ਕੀਤੀ। ਜਿਨ ਕਉ = ਜਿਨ੍ਹਾਂ ਉੱਤੇ। ਰਿਦੈ = ਹਿਰਦੇ ਵਿਚ। ਪਰਾਤੇ = ਪਰੋਤੇ। ਨਾਮ ਨਿਧਾਨੁ = ਨਾਮ ਦਾ ਖ਼ਜ਼ਾਨਾ। ਅਨਹਦ = ਇਕ-ਰਸ। ਮਨਿ = ਮਨ ਵਿਚ। ਵਾਜੰਗਾ = ਵੱਜਦੇ ਹਨ।

ਕਿਰਤਮ = ਬਣਾਏ ਹੋਏ, ਘੜੇ ਹੋਏ। ਪਰਾ ਪੂਰਬਲਾ = ਮੁੱਢ-ਕਦੀਮਾਂ ਦਾ। ਨਾਨਕ = ਹੇ ਨਾਨਕ! ਰੰਗੁ = ਆਤਮਕ ਆਨੰਦ। 20।

ਗਤਿ = ਆਤਮਕ ਹਾਲਤ। ਮਿਤਿ = ਮਾਤ, ਮਿਣਤੀ। ਤੇਰੀ ਗਤਿ ਮਿਤਿ = ਤੂੰ ਕਿਹੋ ਜਿਹਾ ਹੈਂ ਤੇ ਕਿਤਨਾ ਵੱਡਾ ਹੈਂ = ਇਹ ਗੱਲ। ਤੈ = ਅਤੇ। ਕੋ = ਦਾ। ਦਾਸਾ ਸੰਗਾ = ਦਾਸਾਂ ਦੀ ਸੰਗਤਿ ਵਿਚ। 21।

ਅਰਥ: ਹੇ ਜਗਤ ਦੇ ਪਿਤਾ! ਮੈਂ ਤੇਰੀ ਓਟ ਲਈ ਹੈ, ਮੈਂ ਤੇਰੀ ਸਰਨ ਆਇਆ ਹਾਂ। ਜਮਦੂਤ ਬੜੇ ਡਰਾਉਣੇ ਹਨ, ਬੜੇ ਡਰ ਦੇ ਰਹੇ ਹਨ। ਮਾਇਆ (ਇਕ ਅਜਿਹਾ ਸਮੁੰਦਰ ਹੈ ਜਿਸ) ਵਿਚੋਂ ਪਾਰ ਲੰਘਣਾ ਔਖਾ ਹੈ। ਹੇ ਪ੍ਰਭੂ! ਦਇਆਵਾਨ ਹੋਹੁ, ਮੈਨੂੰ ਕਿਰਪਾ ਕਰ ਕੇ ਸਾਧ ਸੰਗਤਿ ਵਿਚ ਰੱਖ। 17।

ਹੇ ਗੋਬਿੰਦ! ਇਹ ਦਿੱਸਦਾ ਪਸਾਰਾ ਸਭ ਨਾਸਵੰਤ ਹੈ। ਮੈਂ (ਤੇਰੇ ਪਾਸੋਂ) ਇਕ (ਇਹ) ਦਾਨ ਮੰਗਦਾ ਹਾਂ (ਕਿ ਮੈਨੂੰ) ਸੰਤ ਜਨਾਂ ਦੇ ਚਰਨਾਂ ਦੀ ਧੂੜ (ਮਿਲੇ) । (ਇਹ ਧੂੜ) ਮੈਂ (ਆਪਣੇ) ਮੱਥੇ ਉੱਤੇ ਲਾ ਕੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰਾਂ। ਜਿਸ ਦੇ ਭਾਗਾਂ ਵਿਚ ਤੂੰ ਜਿਸ ਚਰਨ-ਧੂੜ ਦੀ ਪ੍ਰਾਪਤੀ ਲਿਖੀ ਹੈ ਉਹੀ ਹਾਸਲ ਕਰ ਸਕਦਾ ਹੈ। 18।

ਹੇ ਸੁਖਾਂ ਦੇ ਦੇਣ ਵਾਲੇ! ਜਿਨ੍ਹਾਂ ਉਤੇ ਤੂੰ ਮਿਹਰ ਕਰਦਾ ਹੈਂ ਉਹ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਪ੍ਰੋ ਲੈਂਦੇ ਹਨ। ਉਹਨਾਂ ਨੂੰ ਸਾਰੇ ਖ਼ਜ਼ਾਨਿਆਂ ਤੋਂ ਸ੍ਰੇਸ਼ਟ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ। ਉਹਨਾਂ ਦੇ ਮਨ ਵਿਚ (ਮਾਨੋ) ਇਕ-ਰਸ ਵਾਜੇ ਵੱਜਣ ਲੱਗ ਪੈਂਦੇ ਹਨ। 19।

ਹੇ ਪ੍ਰਭੂ! (ਸਾਡੀ ਜੀਵਾਂ ਦੀ) ਜੀਭ ਤੇਰੇ ਉਹ ਨਾਮ ਉਚਾਰਦੀ ਹੈ ਜੋ ਨਾਮ (ਤੇਰੇ ਗੁਣ ਵੇਖ ਵੇਖ ਕੇ ਜੀਵਾਂ ਨੇ) ਬਣਾਏ ਹੋਏ ਹਨ। ਪਰ 'ਸਤਿਨਾਮੁ' ਤੇਰਾ ਮੁੱਢ-ਕਦੀਮਾਂ ਦਾ ਨਾਮ ਹੈ (ਭਾਵ, ਤੂੰ 'ਹੋਂਦ ਵਾਲਾ' ਹੈਂ, ਤੇਰੀ ਇਹ 'ਹੋਂਦ' ਜਗਤ-ਰਚਨਾ ਤੋਂ ਪਹਿਲਾਂ ਭੀ ਮੌਜੂਦ ਸੀ) । ਹੇ ਨਾਨਕ! ਆਖ– (ਹੇ ਪ੍ਰਭੂ!) ਤੇਰੇ ਭਗਤ ਤੇਰੀ ਸਰਨ ਪਏ ਰਹਿੰਦੇ ਹਨ, ਤੂੰ ਉਹਨਾਂ ਨੂੰ ਦਰਸਨ ਦੇਂਦਾ ਹੈਂ, ਉਹਨਾਂ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ। 20।

ਹੇ ਪ੍ਰਭੂ! ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ = ਇਹ ਗੱਲ ਤੂੰ ਆਪ ਹੀ ਜਾਣਦਾ ਹੈਂ। ਆਪਣੀ 'ਗਤਿ ਮਿਤਿ' ਤੂੰ ਦੱਸ ਸਕਦਾ ਹੈਂ ਤੇ ਆਪ ਹੀ ਬਿਆਨ ਕਰ ਸਕਦਾ ਹੈਂ। ਹੇ ਪ੍ਰਭੂ! ਨਾਨਕ ਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ। ਤੇ, ਹੇ ਹਰੀ! ਜੇ ਤੇਰੀ ਮਿਹਰ ਹੋਵੇ ਤਾਂ (ਨਾਨਕ ਨੂੰ) ਆਪਣੇ ਦਾਸਾਂ ਦੀ ਸੰਗਤਿ ਵਿਚ ਰੱਖ। 21।2।11।

ਮਾਰੂ ਮਹਲਾ ੫ ॥ ਅਲਹ ਅਗਮ ਖੁਦਾਈ ਬੰਦੇ ॥ ਛੋਡਿ ਖਿਆਲ ਦੁਨੀਆ ਕੇ ਧੰਧੇ ॥ ਹੋਇ ਪੈ ਖਾਕ ਫਕੀਰ ਮੁਸਾਫਰੁ ਇਹੁ ਦਰਵੇਸੁ ਕਬੂਲੁ ਦਰਾ ॥੧॥ ਸਚੁ ਨਿਵਾਜ ਯਕੀਨ ਮੁਸਲਾ ॥ ਮਨਸਾ ਮਾਰਿ ਨਿਵਾਰਿਹੁ ਆਸਾ ॥ ਦੇਹ ਮਸੀਤਿ ਮਨੁ ਮਉਲਾਣਾ ਕਲਮ ਖੁਦਾਈ ਪਾਕੁ ਖਰਾ ॥੨॥ ਸਰਾ ਸਰੀਅਤਿ ਲੇ ਕੰਮਾਵਹੁ ॥ ਤਰੀਕਤਿ ਤਰਕ ਖੋਜਿ ਟੋਲਾਵਹੁ ॥ ਮਾਰਫਤਿ ਮਨੁ ਮਾਰਹੁ ਅਬਦਾਲਾ ਮਿਲਹੁ ਹਕੀਕਤਿ ਜਿਤੁ ਫਿਰਿ ਨ ਮਰਾ ॥੩॥ ਕੁਰਾਣੁ ਕਤੇਬ ਦਿਲ ਮਾਹਿ ਕਮਾਹੀ ॥ ਦਸ ਅਉਰਾਤ ਰਖਹੁ ਬਦ ਰਾਹੀ ॥ ਪੰਚ ਮਰਦ ਸਿਦਕਿ ਲੇ ਬਾਧਹੁ ਖੈਰਿ ਸਬੂਰੀ ਕਬੂਲ ਪਰਾ ॥੪॥ {ਪੰਨਾ 1083}

ਪਦ ਅਰਥ: ਅਗਮ = ਅਪਹੁੰਚ ਰੱਬ। ਖੁਦਾਈ ਬੰਦੇ = ਖ਼ੁਦਾਈ ਬੰਦੇ, ਹੇ ਖ਼ੁਦਾ ਦੇ ਬੰਦੇ! ਧੰਧੇ = ਝੰਬੇਲੇ। ਪੈ ਖਾਕੁ ਫਕੀਰ = ਫ਼ਕੀਰਾਂ ਦੇ ਪੈਰਾਂ ਦੀ ਖ਼ਾਕ। ਹੋਇ = ਹੋ ਕੇ। ਮੁਸਾਫਰੁ = ਪਰਦੇਸੀ। ਦਰਾ = (ਪ੍ਰਭੂ ਦੇ) ਦਰ ਤੇ।1।

ਸਚੁ = ਸਦਾ-ਥਿਰ ਹਰਿ-ਨਾਮ ਦਾ ਸਿਮਰਨ। ਯਕੀਨ = ਸ਼ਰਧਾ। ਮੁਸਲਾ = ਮੁਸੱਲਾ, ਉਹ ਫੂਹੜੀ ਜਿਸ ਉੱਤੇ ਮੁਸਲਮਾਨ ਨਿਮਾਜ਼ ਪੜ੍ਹਦਾ ਹੈ। ਮਨਸਾ = ਮਨ ਦਾ ਫੁਰਨਾ। ਮਾਰਿ = ਮਾਰ ਕੇ। ਨਿਵਾਰਿਹੁ = ਦੂਰ ਕਰੋ। ਆਸਾ = (ਫ਼ਕੀਰ ਦਾ) ਸੋਟਾ। ਦੇਹ = ਸਰੀਰ। ਮਉਲਾਣਾ = ਮੌਲਵੀ। ਕਲਮ ਖੁਦਾਈ = ਖ਼ੁਦਾ ਦਾ ਕਲਮਾ। ਪਾਕੁ = ਪਵਿੱਤਰ।2।

ਸਰਾ ਸਰੀਅਤਿ = ਸ਼ਰਹ ਸ਼ਰੀਅਤਿ, ਧਾਰਮਿਕ ਰਹਿਣੀ, ਬਾਹਰਲੀ ਧਾਰਮਿਕ ਰਹਿਤ। ਲੇ = ਲੈ ਕੇ। ਤਰੀਕਤਿ = ਮਨ ਨੂੰ ਪਵਿੱਤਰ ਕਰਨ ਦਾ ਤਰੀਕਾ। ਤਰਕ = ਤਿਆਗ। ਖੋਜਿ = ਖੋਜ ਕੇ। ਟੋਲਾਵਹੁ = ਲੱਭੋ। ਮਾਰਫਤਿ = ਗਿਆਨ, ਆਤਮਕ ਜੀਵਨ ਦੀ ਸੂਝ। ਅਬਦਾਲਾ = ਹੇ ਅਬਦਾਲ ਫ਼ਕੀਰ! {ਫ਼ਕੀਰਾਂ ਦੇ ਪੰਜ ਦਰਜੇ = ਵਲੀ, ਗ਼ੌਂਸ, ਕੁਤਬ, ਅਬਦਾਲ, ਕਲੰਦਰ}। ਹਕੀਕਤਿ = ਮੁਸਲਮਾਨਾਂ ਅਨੁਸਾਰ ਚੌਥਾ ਪਦ ਜਿਥੇ ਰੱਬ ਨਾਲ ਮਿਲਾਪ ਹੋ ਜਾਂਦਾ ਹੈ। ਜਿਤੁ = ਜਿਸ (ਮਿਲਾਪ) ਦੀ ਰਾਹੀਂ। ਮਰਾ = ਮੌਤ, ਆਤਮਕ ਮੌਤ।3।

ਮਾਹਿ = ਵਿਚ। ਕਮਾਹੀ = ਕਮਾਹਿ, ਨਾਮ ਸਿਮਰਨ ਦੀ ਕਮਾਈ ਕਰ। ਦਸ ਅਉਰਾਤ = ਦਸ ਔਰਤਾਂ ਨੂੰ, ਦਸ ਇੰਦ੍ਰਿਆਂ ਨੂੰ। ਬਦ ਰਾਹੀ = ਭੈੜੇ ਰਾਹ ਤੋਂ। ਪੰਚ ਮਰਦ = ਕਾਮਾਦਿਕ ਪੰਜ ਸੂਰਮੇ। ਸਿਦਕਿ = ਸਿਦਕ ਦੀ ਰਾਹੀਂ। ਲੇ = ਲੈ ਕੇ, ਫੜ ਕੇ। ਬਾਧਹੁ = ਬੰਨ੍ਹ ਰੱਖੋ। ਖੈਰਿ = ਖ਼ੈਰ ਦੀ ਰਾਹੀਂ {ਖ਼ੈਰੁ = ਦਾਨ}। ਖੈਰਿ ਸਬੂਰੀ = ਸੰਤੋਖ ਦੇ ਖ਼ੈਰ ਦੀ ਰਾਹੀਂ। ਕਬੂਲ = ਪਰਵਾਨ।4।

ਅਰਥ: ਹੇ ਅੱਲਾ ਦੇ ਬੰਦੇ! ਹੇ ਅਪਹੁੰਚ ਰੱਬ ਦੇ ਬੰਦੇ! ਹੇ ਖ਼ੁਦਾ ਦੇ ਬੰਦੇ! (ਨਿਰੇ) ਦੁਨੀਆ ਵਾਲੇ ਖ਼ਿਆਲ ਛੱਡ ਦੇਹ, (ਨਿਰੇ) ਦੁਨੀਆ ਦੇ ਝੰਬੇਲੇ ਛੱਡ ਦੇਹ। ਰੱਬ ਦੇ ਫ਼ਕੀਰਾਂ ਦੇ ਪੈਰਾਂ ਦੀ ਖ਼ਾਕ ਹੋ ਕੇ (ਦੁਨੀਆ ਵਿਚ) ਮੁਸਾਫ਼ਰ ਬਣਿਆ ਰਹੁ। ਇਹੋ ਜਿਹਾ ਫ਼ਕੀਰ ਰੱਬ ਦੇ ਦਰ ਤੇ ਕਬੂਲ ਹੋ ਜਾਂਦਾ ਹੈ।1।

ਹੇ ਖ਼ੁਦਾ ਦੇ ਬੰਦੇ! ਸਦਾ ਕਾਇਮ ਰਹਿਣ ਵਾਲੇ ਰੱਬ ਦੇ ਨਾਮ (ਦੀ ਯਾਦ) ਨੂੰ (ਆਪਣੀ) ਨਿਮਾਜ਼ ਬਣਾ। ਰੱਬ ਉਤੇ ਭਰੋਸਾ = ਇਹ ਤੇਰਾ ਮੁਸੱਲਾ ਹੋਵੇ। ਹੇ ਖ਼ੁਦਾ ਦੇ ਫ਼ਕੀਰ! (ਆਪਣੇ ਅੰਦਰੋਂ) ਮਨ ਦਾ ਫੁਰਨਾ ਮਾਰ ਕੇ ਮੁਕਾ ਦੇਹ = ਇਸ ਨੂੰ ਸੋਟਾ ਬਣਾ। (ਤੇਰਾ ਇਹ) ਸਰੀਰ (ਤੇਰੀ) ਮਸੀਤ ਹੋਵੇ, (ਤੇਰਾ) ਮਨ (ਉਸ ਮਸੀਤ ਵਿਚ) ਮੁੱਲਾਂ (ਬਣਿਆ ਰਹੇ) । (ਇਸ ਮਨ ਨੂੰ ਸਦਾ) ਪਵਿੱਤਰ ਤੇ ਸਾਫ਼ ਰੱਖ = ਇਹ ਤੇਰੇ ਵਾਸਤੇ ਖ਼ੁਦਾਈ ਕਲਮਾ ਹੈ।2।

ਹੇ ਖ਼ੁਦਾ ਦੇ ਬੰਦੇ! (ਖ਼ੁਦਾ ਦਾ ਨਾਮ) ਲੈ ਕੇ ਬੰਦਗੀ ਦੀ ਕਮਾਈ ਕਰਿਆ ਕਰ = ਇਹ ਹੈ ਅਸਲ ਸ਼ਰਹ ਸ਼ਰੀਅਤਿ (ਬਾਹਰਲੀ ਧਾਰਮਿਕ ਰਹਿਣੀ) । ਹੇ ਰੱਬ ਦੇ ਬੰਦੇ! (ਆਪਾ-ਭਾਵ) ਤਿਆਗ ਕੇ (ਆਪਣੇ ਅੰਦਰ-ਵੱਸਦੇ ਰੱਬ ਨੂੰ) ਖੋਜ ਕੇ ਲੱਭ = ਇਹ ਹੈ ਮਨ ਨੂੰ ਸਾਫ਼ ਰੱਖਣ ਦਾ ਤਰੀਕਾ। ਹੇ ਅਬਦਾਲ ਫ਼ਕੀਰ! ਆਪਣੇ ਮਨ ਨੂੰ ਵੱਸ ਵਿਚ ਰੱਖ = ਇਹ ਹੈ ਮਾਰਫ਼ਤਿ (ਆਤਮਕ ਜੀਵਨ ਦੀ ਸੂਝ) । ਰੱਬ ਨਾਲ ਮਿਲਿਆ ਰਹੁ = ਇਹ ਹੈ ਹਕੀਕਤਿ (ਚੌਥਾ ਪਦ) । (ਇਹ ਹਕੀਕਤਿ ਐਸੀ ਹੈ ਕਿ) ਇਸ ਦੀ ਰਾਹੀਂ ਮੁੜ ਆਤਮਕ ਮੌਤ ਨਹੀਂ ਹੁੰਦੀ।3।

ਹੇ ਖ਼ੁਦਾ ਦੇ ਬੰਦੇ! ਆਪਣੇ ਦਿਲ ਵਿਚ ਖ਼ੁਦਾ ਦੇ ਨਾਮ ਦੀ ਯਾਦ ਦੀ ਕਮਾਈ ਕਰਦਾ ਰਹੁ = ਇਹ ਹੈ ਕੁਰਾਨ, ਹੈ ਇਹ ਹੈ ਕਤੇਬਾਂ ਦੀ ਤਾਲੀਮ। ਹੇ ਖ਼ੁਦਾ ਦੇ ਬੰਦੇ! ਆਪਣੇ ਦਸ ਹੀ ਇੰਦ੍ਰਿਆਂ ਨੂੰ ਭੈੜੇ ਰਸਤੇ ਤੋਂ ਰੋਕ ਰੱਖ। ਸਿਦਕ ਦੀ ਮਦਦ ਨਾਲ ਪੰਜ ਕਾਮਾਦਿਕ ਸੂਰਮਿਆਂ ਨੂੰ ਫੜ ਕੇ ਬੰਨ੍ਹ ਰੱਖ। ਸੰਤੋਖ ਦੇ ਖ਼ੈਰ ਦੀ ਬਰਕਤਿ ਨਾਲ ਤੂੰ ਖ਼ੁਦਾ ਦੇ ਦਰ ਤੇ ਕਬੂਲ ਹੋ ਜਾਹਿਂਗਾ।4।

ਮਕਾ ਮਿਹਰ ਰੋਜਾ ਪੈ ਖਾਕਾ ॥ ਭਿਸਤੁ ਪੀਰ ਲਫਜ ਕਮਾਇ ਅੰਦਾਜਾ ॥ ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ ਹੁਜਰਾ ॥੫॥ ਸਚੁ ਕਮਾਵੈ ਸੋਈ ਕਾਜੀ ॥ ਜੋ ਦਿਲੁ ਸੋਧੈ ਸੋਈ ਹਾਜੀ ॥ ਸੋ ਮੁਲਾ ਮਲਊਨ ਨਿਵਾਰੈ ਸੋ ਦਰਵੇਸੁ ਜਿਸੁ ਸਿਫਤਿ ਧਰਾ ॥੬॥ ਸਭੇ ਵਖਤ ਸਭੇ ਕਰਿ ਵੇਲਾ ॥ ਖਾਲਕੁ ਯਾਦਿ ਦਿਲੈ ਮਹਿ ਮਉਲਾ ॥ ਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ ॥੭॥ ਦਿਲ ਮਹਿ ਜਾਨਹੁ ਸਭ ਫਿਲਹਾਲਾ ॥ ਖਿਲਖਾਨਾ ਬਿਰਾਦਰ ਹਮੂ ਜੰਜਾਲਾ ॥ ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ ਖੁਦਾਇ ਦਰਾ ॥੮॥ {ਪੰਨਾ 1083-1084}

ਪਦ ਅਰਥ: ਮਕਾ = ਮੱਕਾ; ਦੇਸ ਅਰਬ ਦਾ ਉਹ ਪ੍ਰਸਿੱਧ ਸ਼ਹਿਰ ਜਿਸ ਦਾ ਦਰਸਨ ਕਰਨ ਹਰ ਸਾਲ ਮੁਸਲਮਾਨ ਦੂਰੋਂ ਦੂਰੋਂ ਅੱਪੜਦੇ ਹਨ, ਹਜ਼ਰਤ ਮੁਹੰਮਦ ਸਾਹਿਬ ਮੱਕੇ ਵਿਚ ਹੀ ਪੈਦਾ ਹੋਏ ਸਨ। ਮਿਹਰ = ਤਰਸ, ਦਇਆ। ਰੋਜਾ = ਰੋਜ਼ਾ। ਪੈ ਖਾਕਾ = ਸਭਨਾਂ ਦੇ ਪੈਰਾਂ ਦੀ ਖ਼ਾਕ ਹੋਣਾ। ਭਿਸਤੁ = ਬਹਿਸ਼ਤ। ਪੀਰ ਲਫਜ = ਗੁਰੂ ਦੇ ਬਚਨ। ਅੰਦਾਜਾ = ਅੰਦਾਜ਼ੇ ਨਾਲ, ਪੂਰੇ ਤੌਰ ਤੇ। ਹੂਰ = ਬਹਿਸ਼ਤ ਦੀਆਂ ਸੁੰਦਰ ਇਸਤ੍ਰੀਆਂ। ਨੂਰ = ਪਰਮਾਤਮਾ ਦਾ ਪ੍ਰਕਾਸ਼। ਮੁਸਕੁ = ਸੁਗੰਧੀ। ਖੁਦਾਇਆ = ਖ਼ੁਦਾ ਦੀ ਬੰਦਗੀ। ਬੰਦਗੀ ਅਲਹ = ਅੱਲਾ ਦੀ ਬੰਦਗੀ। ਆਲਾ = ਆਹਲਾ, ਸ੍ਰੇਸ਼ਟ। ਹੁਜਰਾ = ਬੰਦਗੀ ਕਰਨ ਲਈ ਵੱਖਰਾ ਨਿੱਕਾ ਜਿਹਾ ਕਮਰਾ।5।

ਸਚੁ = ਸਦਾ ਕਾਇਮ ਰਹਿਣ ਵਾਲੇ ਖ਼ੁਦਾ ਦੀ ਯਾਦ। ਸੋਧੈ = ਸੋਧਦਾ ਹੈ, ਪੜਤਾਲਦਾ ਹੈ ਪਵਿੱਤਰ ਰੱਖਦਾ ਹੈ। ਹਾਜੀ = ਮੱਕੇ ਦਾ ਹੱਜ ਕਰਨ ਵਾਲਾ, ਹੱਜ ਦੇ ਮੌਕੇ ਤੇ ਮੱਕੇ ਦਾ ਦਰਸਨ ਕਰਨ ਵਾਲਾ। ਮਲਊਨ = ਵਿਕਾਰਾਂ ਨੂੰ। ਨਿਵਾਰੈ = ਦੂਰ ਕਰਦਾ ਹੈ। ਜਿਸੁ ਧਰਾ = ਜਿਸ ਦਾ ਆਸਰਾ।6।

ਵਖਤ = ਵਕਤ {ਲਫ਼ਜ਼ 'ਵਕਤ' ਮੁਸਲਮਾਨੀ ਲਫ਼ਜ਼ ਹੈ, ਅਤੇ 'ਵੇਲਾ' ਹੇਂਦਕਾ ਲਫ਼ਜ਼ ਹੈ}। ਖਾਲਕੁ = ਖ਼ਲਕਤ ਨੂੰ ਪੈਦਾ ਕਰਨ ਵਾਲਾ। ਦਸ ਮਰਦਨੁ = ਦਸਾਂ (ਇੰਦ੍ਰਿਆਂ) ਨੂੰ ਮਲ ਦੇਣ ਵਾਲਾ ਰੱਬ, ਦਸਾਂ ਇੰਦ੍ਰਿਆਂ ਨੂੰ ਵੱਸ ਵਿਚ ਕਰਾ ਦੇਣ ਵਾਲਾ ਅੱਲਾ। ਸੀਲੁ = ਚੰਗਾ ਸੁਭਾਉ। ਬੰਧਾਨਿ = ਪਰਹੇਜ਼, ਵਿਕਾਰਾਂ ਵਲੋਂ ਸੰਕੋਚ। ਬਰਾ = ਸ੍ਰੇਸ਼ਟ।7।

ਸਭ = ਸਾਰੀ ਸ੍ਰਿਸ਼ਟੀ। ਫਿਲਹਾਲਾ = ਨਾਸਵੰਤ, ਚੰਦ-ਰੋਜ਼ਾ। ਬਿਰਾਦਰ = ਹੇ ਭਾਈ! ਖਿਲਖਾਨਾ = ਟੱਬਰ-ਟੋਰ। ਹਮੂ = ਸਾਰਾ। ਮੀਰ = ਸ਼ਾਹ। ਉਮਰੇ = ਅਮੀਰ ਲੋਕ। ਫਾਨਾਇਆ = ਨਾਸਵੰਤ, ਫ਼ਨਾਹ ਹੋਣ ਵਾਲੇ। ਮੁਕਾਮ = ਕਾਇਮ ਰਹਿਣ ਵਾਲਾ।8।

ਅਰਥ: ਹੇ ਖ਼ੁਦਾ ਦੇ ਬੰਦੇ! (ਦਿਲ ਵਿਚ ਸਭਨਾਂ ਵਾਸਤੇ) ਤਰਸ ਨੂੰ (ਹੱਜ-ਅਸਥਾਨ) ਮੱਕਾ (ਸਮਝ) । (ਸਭ ਦੇ) ਪੈਰਾਂ ਦੀ ਖ਼ਾਕ ਹੋਏ ਰਹਿਣਾ (ਅਸਲ) ਰੋਜ਼ਾ ਹੈ। ਗੁਰੂ ਦੇ ਬਚਨਾਂ ਉਤੇ ਪੂਰੇ ਤੌਰ ਤੇ ਤੁਰਨਾ = ਇਹ ਹੈ ਬਹਿਸ਼ਤ। ਖ਼ੁਦਾ ਦੇ ਨੂਰ ਦਾ ਜ਼ਹੂਰ ਹੀ ਹੂਰਾਂ ਹਨ, ਖ਼ੁਦਾ ਦੀ ਬੰਦਗੀ ਹੀ ਕਸਤੂਰੀ ਹੈ। ਖ਼ੁਦਾ ਦੀ ਬੰਦਗੀ ਹੀ ਸਭ ਤੋਂ ਵਧੀਆ ਹੁਜਰਾ ਹੈ (ਜਿੱਥੇ ਮਨ ਵਿਕਾਰਾਂ ਵੱਲੋਂ ਹਟ ਕੇ ਇੱਕ ਟਿਕਾਣੇ ਤੇ ਰਹਿ ਸਕਦਾ ਹੈ) ।5।

ਹੇ ਖ਼ੁਦਾ ਦੇ ਬੰਦੇ! ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਅੱਲਾ ਦੀ ਬੰਦਗੀ ਕਰਦਾ ਹੈ ਉਹ ਹੈ (ਅਸਲ) ਕਾਜ਼ੀ। ਜਿਹੜਾ ਮਨੁੱਖ ਆਪਣੇ ਦਿਲ ਨੂੰ ਪਵਿੱਤਰ ਰੱਖਣ ਦਾ ਜਤਨ ਕਰਦਾ ਰਹਿੰਦਾ ਹੈ ਉਹੀ ਹੈ (ਅਸਲ) ਹੱਜ ਕਰਨ ਵਾਲਾ। ਜਿਹੜਾ ਮਨੁੱਖ (ਆਪਣੇ ਅੰਦਰੋਂ) ਵਿਕਾਰਾਂ ਨੂੰ ਦੂਰ ਕਰਦਾ ਹੈ ਉਹ (ਅਸਲ) ਮੁੱਲਾਂ ਹੈ। ਜਿਸ ਮਨੁੱਖ ਨੂੰ ਖ਼ੁਦਾ ਦੀ ਸਿਫ਼ਤਿ-ਸਾਲਾਹ ਦਾ ਸਹਾਰਾ ਹੈ ਉਹ ਹੈ (ਅਸਲ) ਫ਼ਕੀਰ।6।

ਹੇ ਖ਼ੁਦਾ ਦੇ ਬੰਦੇ! ਹਰ ਵਕਤ ਹਰ ਵੇਲੇ ਖ਼ਾਲਕ ਨੂੰ ਮੌਲਾ ਨੂੰ ਆਪਣੇ ਦਿਲ ਵਿਚ ਯਾਦ ਕਰਦਾ ਰਹੁ। ਹਰ ਵੇਲੇ ਖ਼ੁਦਾ ਨੂੰ ਯਾਦ ਕਰਦੇ ਰਹੋ = ਇਹੀ ਹੈ ਤਸਬੀ। ਉਹ ਖ਼ੁਦਾ ਹੀ ਦਸਾਂ ਇੰਦ੍ਰਿਆਂ ਨੂੰ ਵੱਸ ਵਿਚ ਲਿਆ ਸਕਦਾ ਹੈ। ਹੇ ਖ਼ੁਦਾ ਦੇ ਬੰਦੇ! ਚੰਗਾ ਸੁਭਾਉ ਅਤੇ (ਵਿਕਾਰਾਂ ਵਲੋਂ) ਤਕੜਾ ਪਰਹੇਜ਼ ਹੀ ਸੁੰਨਤਿ (ਸਮਝ) ।7।

ਹੇ ਅੱਲਾ ਦੇ ਬੰਦੇ! ਸਾਰੀ ਰਚਨਾ ਨੂੰ ਆਪਣੇ ਦਿਲ ਵਿਚ ਨਾਸਵੰਤ ਜਾਣ। ਹੇ ਭਾਈ! ਇਹ ਟੱਬਰ-ਟੋਰ (ਦਾ ਮੋਹ) ਸਭ ਫਾਹੀਆਂ (ਵਿਚ ਫਸਾਣ ਵਾਲਾ ਹੀ) ਹੈ। ਸ਼ਾਹ, ਪਾਤਿਸ਼ਾਹ, ਅਮੀਰ ਲੋਕ ਸਭ ਨਾਸਵੰਤ ਹਨ। ਸਿਰਫ਼ ਖ਼ੁਦਾ ਦਾ ਦਰ ਹੀ ਸਦਾ ਕਾਇਮ ਰਹਿਣ ਵਾਲਾ ਹੈ।8।

TOP OF PAGE

Sri Guru Granth Darpan, by Professor Sahib Singh