ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1084 ਅਵਲਿ ਸਿਫਤਿ ਦੂਜੀ ਸਾਬੂਰੀ ॥ ਤੀਜੈ ਹਲੇਮੀ ਚਉਥੈ ਖੈਰੀ ॥ ਪੰਜਵੈ ਪੰਜੇ ਇਕਤੁ ਮੁਕਾਮੈ ਏਹਿ ਪੰਜਿ ਵਖਤ ਤੇਰੇ ਅਪਰਪਰਾ ॥੯॥ ਸਗਲੀ ਜਾਨਿ ਕਰਹੁ ਮਉਦੀਫਾ ॥ ਬਦ ਅਮਲ ਛੋਡਿ ਕਰਹੁ ਹਥਿ ਕੂਜਾ ॥ ਖੁਦਾਇ ਏਕੁ ਬੁਝਿ ਦੇਵਹੁ ਬਾਂਗਾਂ ਬੁਰਗੂ ਬਰਖੁਰਦਾਰ ਖਰਾ ॥੧੦॥ ਹਕੁ ਹਲਾਲੁ ਬਖੋਰਹੁ ਖਾਣਾ ॥ ਦਿਲ ਦਰੀਆਉ ਧੋਵਹੁ ਮੈਲਾਣਾ ॥ ਪੀਰੁ ਪਛਾਣੈ ਭਿਸਤੀ ਸੋਈ ਅਜਰਾਈਲੁ ਨ ਦੋਜ ਠਰਾ ॥੧੧॥ ਕਾਇਆ ਕਿਰਦਾਰ ਅਉਰਤ ਯਕੀਨਾ ॥ ਰੰਗ ਤਮਾਸੇ ਮਾਣਿ ਹਕੀਨਾ ॥ ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥੧੨॥ {ਪੰਨਾ 1084} ਪਦ ਅਰਥ: ਅਵਲਿ = (ਨਿਮਾਜ਼ ਦਾ) ਪਹਿਲਾ (ਵਕਤ) । ਦੂਜੀ = ਦੂਜੀ (ਨਿਮਾਜ਼) । ਸਾਬੂਰੀ = ਸੰਤੋਖ। ਤੀਜੈ = (ਨਿਮਾਜ਼ ਦੇ) ਤੀਜੇ (ਵਕਤ) ਵਿਚ। ਹਲੇਮੀ = ਨਿਮ੍ਰਤਾ। ਚਉਥੈ = ਚੌਥੈ (ਵਕਤ) ਵਿਚ। ਖੈਰੀ = ਸਭ ਦਾ ਭਲਾ ਮੰਗਣਾ। ਪੰਜੇ = (ਕਾਮਾਦਿਕ) ਪੰਜ ਹੀ। ਇਕਤੁ = ਇੱਕ ਵਿਚ। ਇਕਤੁ ਮੁਕਾਮੈ = ਇੱਕੋ ਥਾਂ ਵਿਚ, ਵੱਸ ਵਿਚ (ਰੱਖਣੇ) । ਏਹਿ = {ਲਫ਼ਜ਼ 'ਏਹ' ਤੋਂ ਬਹੁ-ਵਚਨ}। ਵਖਤ = ਨਿਮਾਜ਼ ਦੇ ਵਕਤ। ਅਪਰ ਪਰਾ = ਪਰੇ ਤੋਂ ਪਰੇ, ਬਹੁਤ ਵਧੀਆ।9। ਸਗਲੀ = ਸਾਰੀ (ਸ੍ਰਿਸ਼ਟੀ) ਵਿਚ। ਮਉਦੀਫਾ = ਵਜ਼ਫ਼ਿਾ, ਇਸਲਾਮੀ ਸਰਧਾ ਅਨੁਸਾਰ ਸਦਾ ਜਾਰੀ ਰੱਖਣ ਵਾਲਾ ਇਕ ਪਾਠ। ਬਦ ਅਮਲ = ਭੈੜੇ ਕੰਮ। ਹਥਿ = ਹੱਥ ਵਿਚ। ਕੂਜਾ = ਕੂਜ਼ਾ, ਲੋਟਾ, ਅਸਤਾਵਾ। ਬੁਝਿ = ਸਮਝ ਕੇ। ਬੁਰਗੂ = ਸਿੰਙ ਜੋ ਮੁਸਲਮਾਨ ਫ਼ਕੀਰ ਵਜਾਂਦੇ ਹਨ। ਬਰਖੁਰਦਾਰ = ਭਲਾ ਬੱਚਾ। ਖਰਾ = ਚੰਗਾ।10। ਹਕੁ = ਹੱਕ ਦੀ ਕਮਾਈ, ਆਪਣੀ ਨੇਕ ਮਿਹਨਤ ਨਾਲ ਖੱਟੀ ਹੋਈ ਮਾਇਆ। ਬਖੋਰਹੁ = ਖਾਵੋ। ਮੈਲਾਣਾ = ਵਿਕਾਰਾਂ ਦੀ ਮੈਲ। ਪੀਰੁ = ਗੁਰੂ, ਰਾਹਬਰ। ਭਿਸਤੀ = ਬਹਿਸ਼ਤ ਦਾ ਹੱਕਦਾਰ। ਦੋਜ = ਦੋਜ਼ਕ (ਵਿਚ) । ਠਰਾ = ਠੇਹਲਦਾ, ਸੁੱਟਦਾ।11। ਕਾਇਆ = ਸਰੀਰ। ਕਿਰਦਾਰ = ਅਮਲ, ਚੰਗੇ ਮੰਦੇ ਕਰਮ। ਅਉਰਤ = ਇਸਤ੍ਰੀ। ਅਉਰਤ ਯਕੀਨਾ = ਪਤਿਬ੍ਰਤਾ ਇਸਤ੍ਰੀ। ਹਕੀਨਾ = ਹੱਕ ਦੇ, ਰੱਬੀ ਮਿਲਾਪ ਦੇ। ਨਾਪਾਕ = ਅਪਵਿੱਤਰ। ਪਾਕੁ = ਪਵਿੱਤਰ। ਹਦੀਸ = ਪੈਗ਼ੰਬਰੀ ਪੁਸਤਕ ਜਿਸ ਨੂੰ ਕੁਰਾਨ ਤੋਂ ਦੂਜਾ ਦਰਜਾ ਦਿੱਤਾ ਜਾਂਦਾ ਹੈ, ਇਸ ਵਿਚ ਮੁਸਲਮਾਨੀ ਸ਼ਰਹ ਦੀ ਹਿਦਾਇਤ ਹੈ। ਹਦੂਰਿ ਹਦੀਸਾ = ਹਜ਼ੂਰੀ ਹਦੀਸ, ਰੱਬੀ ਸ਼ਰਹ ਦੀ ਪੁਸਤਕ। ਸਾਬਤ ਸੂਰਤਿ = (ਸੁੰਨਤਿ, ਲਬਾਂ ਕੱਟਣ ਆਦਿਕ ਦੀ ਸ਼ਰਹ ਨਾਹ ਕਰ ਕੇ) ਸਰੀਰ ਨੂੰ ਜਿਉਂ ਕਾ ਤਿਉਂ ਰੱਖਣਾ। ਦਸਤਾਰ ਸਿਰਾ = ਸਿਰ ਉਤੇ ਦਸਤਾਰ (ਦਾ ਕਾਰਨ ਬਣਦੀ ਹੈ) , ਇੱਜ਼ਤ-ਆਦਰ ਦਾ ਵਸੀਲਾ ਹੈ।12। ਅਰਥ: ਹੇ ਖ਼ੁਦਾ ਦੇ ਬੰਦੇ! (ਤੇਰੀ ਉਮਰ ਦੇ) ਇਹ ਪੰਜ ਵੇਲੇ ਤੇਰੇ ਵਾਸਤੇ ਬੜੇ ਹੀ ਲਾਭਦਾਇਕ ਹੋ ਸਕਦੇ ਹਨ (ਜੇ ਤੂੰ) ਪਹਿਲੇ ਵਕਤ ਵਿਚ ਰੱਬ ਦੀ ਸਿਫ਼ਤਿ-ਸਾਲਾਹ ਕਰਦਾ ਰਹੇਂ, ਜੇ ਸੰਤੋਖ ਤੇਰੀ ਦੂਜੀ ਨਿਮਾਜ਼ ਹੋਵੇ, ਨਿਮਾਜ਼ ਦੇ ਤੀਜੇ ਵਕਤ ਵਿਚ ਤੂੰ ਨਿਮ੍ਰਤਾ ਧਾਰਨ ਕਰੇਂ, ਜੇ ਚੌਥੇ ਵਕਤ ਵਿਚ ਤੂੰ ਸਭ ਦਾ ਭਲਾ ਮੰਗੇਂ, ਜੇ ਪੰਜਵੇਂ ਵਕਤ ਵਿਚ ਤੂੰ ਕਾਮਾਦਿਕ ਪੰਜਾਂ ਨੂੰ ਹੀ ਵੱਸ ਵਿਚ ਰੱਖੇਂ (ਭਾਵ, ਰੱਬ ਦੀ ਸਿਫ਼ਤਿ-ਸਾਲਾਹ, ਸੰਤੋਖ, ਨਿਮ੍ਰਤਾ, ਸਭ ਦਾ ਭਲਾ ਮੰਗਣਾ, ਕਾਮਾਦਿਕ ਪੰਜਾਂ ਨੂੰ ਹੀ ਵੱਸ ਵਿਚ ਰੱਖਣਾ = ਇਹ ਪੰਜ ਹਨ ਆਤਮਕ ਜੀਵਨ ਦੀਆਂ ਪੰਜ ਨਿਮਾਜ਼ਾਂ, ਤੇ, ਇਹ ਜੀਵਨ ਨੂੰ ਬਹੁਤ ਉੱਚਾ ਕਰਦੀਆਂ ਹਨ) ।9। ਹੇ ਅੱਲਾ ਦੇ ਬੰਦੇ! ਸਾਰੀ ਸ੍ਰਿਸ਼ਟੀ ਵਿਚ ਇਕੋ ਖ਼ੁਦਾ ਨੂੰ ਵੱਸਦਾ ਜਾਣ = ਇਸ ਨੂੰ ਤੂੰ ਆਪਣਾ ਹਰ ਵੇਲੇ ਦਾ ਰੱਬੀ ਸਲਾਮ ਦਾ ਪਾਠ ਬਣਾਈ ਰੱਖ। ਮੰਦੇ ਕਰਮ ਕਰਨੇ ਛੱਡ ਦੇ = ਇਹ ਪਾਣੀ ਦਾ ਲੋਟਾ ਤੂੰ ਆਪਣੇ ਹੱਥ ਵਿਚ ਫੜ (ਸਰੀਰਕ ਸੁਅੱਛਤਾ ਵਾਸਤੇ) । ਇਹ ਯਕੀਨ ਬਣਾ ਕਿ ਸਾਰੀ ਹੀ ਖ਼ਲਕਤ ਦਾ ਇਕੋ ਖ਼ੁਦਾ ਹੈ– ਇਹ ਸਦਾ ਬਾਂਗ ਦਿਆ ਕਰ। ਹੇ ਫ਼ਕੀਰ ਸਾਈਂ! ਖ਼ੁਦਾ ਦਾ ਚੰਗਾ ਪੁੱਤਰ ਬਣਨ ਦਾ ਜਤਨ ਕਰਿਆ ਕਰ = ਇਹ ਸਿੰਙ ਵਜਾਇਆ ਕਰ।10। ਹੇ ਖ਼ੁਦਾ ਦੇ ਬੰਦੇ! ਹੱਕ ਦੀ ਕਮਾਈ ਕਰਿਆ ਕਰ = ਇਹ ਹੈ 'ਹਲਾਲ', ਇਹ, ਖਾਣਾ ਖਾਇਆ ਕਰ। (ਦਿਲ ਵਿਚੋਂ ਵਿਤਕਰੇ ਕੱਢ ਕੇ) ਦਿਲ ਨੂੰ ਦਰੀਆ ਬਣਾਣ ਦਾ ਜਤਨ ਕਰ, (ਇਸ ਤਰ੍ਹਾਂ) ਦਿਲ ਦੀ (ਵਿਕਾਰਾਂ ਦੀ) ਮੈਲ ਧੋਇਆ ਕਰ। ਹੇ ਅੱਲਾ ਦੇ ਬੰਦੇ! ਜਿਹੜਾ ਮਨੁੱਖ ਆਪਣੇ ਗੁਰੂ-ਪੀਰ (ਦੇ ਹੁਕਮ) ਨੂੰ ਪਛਾਣਦਾ ਹੈ, ਉਹ ਬਹਿਸ਼ਤ ਦਾ ਹੱਕਦਾਰ ਬਣ ਜਾਂਦਾ ਹੈ, ਅਜ਼ਰਾਈਲ ਉਸ ਨੂੰ ਦੋਜ਼ਕ ਵਿਚ ਨਹੀਂ ਸੁੱਟਦਾ।11। ਹੇ ਖ਼ੁਦਾ ਦੇ ਬੰਦੇ! ਆਪਣੇ ਇਸ ਸਰੀਰ ਨੂੰ, ਜਿਸ ਦੀ ਰਾਹੀਂ ਸਦਾ ਚੰਗੇ ਮੰਦੇ ਕਰਮ ਕੀਤੇ ਜਾਂਦੇ ਹਨ ਆਪਣੀ ਵਫ਼ਾਦਾਰ ਔਰਤ (ਪਤਿਬ੍ਰਤਾ ਇਸਤ੍ਰੀ) ਬਣਾ, (ਤੇ, ਵਿਕਾਰਾਂ ਦੇ ਰੰਗ-ਤਮਾਸ਼ੇ ਮਾਣਨ ਦੇ ਥਾਂ, ਇਸ ਪਤਿਬ੍ਰਤਾ ਇਸਤ੍ਰੀ ਦੀ ਰਾਹੀਂ) ਰੱਬੀ ਮਿਲਾਪ ਦੇ ਰੰਗ-ਤਮਾਸ਼ੇ ਮਾਣਿਆ ਕਰ। ਹੇ ਅੱਲਾ ਦੇ ਬੰਦੇ! (ਵਿਕਾਰਾਂ ਵਿਚ) ਮਲੀਨ ਹੋ ਰਹੇ ਮਨ ਨੂੰ ਪਵਿੱਤਰ ਕਰਨ ਦਾ ਜਤਨ ਕਰ = ਇਹੀ ਹੈ ਰੱਬੀ ਮਿਲਾਪ ਪੈਦਾ ਕਰਨ ਵਾਲੀ ਸ਼ਰਹ ਦੀ ਕਿਤਾਬ। (ਸੁੰਨਤਿ, ਲਬਾਂ ਕਟਾਣ ਆਦਿਕ ਸ਼ਰਹ ਨੂੰ ਛੱਡ ਕੇ) ਆਪਣੀ ਸ਼ਕਲ ਨੂੰ ਜਿਉਂ ਕਾ ਤਿਉਂ ਰੱਖ = ਇਹ (ਲੋਕ ਪਰਲੋਕ ਵਿਚ) ਇੱਜ਼ਤ-ਆਦਰ ਪ੍ਰਾਪਤ ਕਰਨ ਦਾ ਵਸੀਲਾ ਬਣ ਜਾਂਦਾ ਹੈ।12। ਮੁਸਲਮਾਣੁ ਮੋਮ ਦਿਲਿ ਹੋਵੈ ॥ ਅੰਤਰ ਕੀ ਮਲੁ ਦਿਲ ਤੇ ਧੋਵੈ ॥ ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ ॥੧੩॥ ਜਾ ਕਉ ਮਿਹਰ ਮਿਹਰ ਮਿਹਰਵਾਨਾ ॥ ਸੋਈ ਮਰਦੁ ਮਰਦੁ ਮਰਦਾਨਾ ॥ ਸੋਈ ਸੇਖੁ ਮਸਾਇਕੁ ਹਾਜੀ ਸੋ ਬੰਦਾ ਜਿਸੁ ਨਜਰਿ ਨਰਾ ॥੧੪॥ ਕੁਦਰਤਿ ਕਾਦਰ ਕਰਣ ਕਰੀਮਾ ॥ ਸਿਫਤਿ ਮੁਹਬਤਿ ਅਥਾਹ ਰਹੀਮਾ ॥ ਹਕੁ ਹੁਕਮੁ ਸਚੁ ਖੁਦਾਇਆ ਬੁਝਿ ਨਾਨਕ ਬੰਦਿ ਖਲਾਸ ਤਰਾ ॥੧੫॥੩॥੧੨॥ {ਪੰਨਾ 1084} ਪਦ ਅਰਥ: ਦਿਲਿ = ਦਿਲ ਵਾਲਾ। ਮੋਮ ਦਿਲਿ = ਮੋਮ ਵਰਗੇ (ਨਰਮ) ਦਿਲ ਵਾਲਾ। ਅੰਤਰ ਕੀ = ਅੰਦਰ ਦੀ, ਅੰਦਰਲੀ। ਤੇ = ਤੋਂ। ਕੁਸਮ = ਫੁੱਲ। ਪਾਟੁ = ਪੱਟ, ਰੇਸ਼ਮ। ਪਾਕੁ = ਪਵਿੱਤਰ। ਹਰਾ = {ਹਾਰਿਣ} ਹਰਨ ਦੀ ਖੱਲ, ਮ੍ਰਿਗ ਛਾਲਾ।13। ਮਰਦਾਨਾ = ਸੂਰਮਾ। ਸੇਖੁ = ਸ਼ੇਖ਼ੁ। ਨਰਾ = ਨਰਹਰ, ਪਰਮਾਤਮਾ।14। ਕੁਦਰਤਿ ਕਾਦਰ = ਕਾਦਰ ਦੀ ਕੁਦਰਤਿ ਨੂੰ, ਕਰਤਾਰ ਦੀ ਰਚੀ ਰਚਨਾ ਨੂੰ। ਕਰਣ ਕਰੀਮਾ = ਕਰੀਮ ਦੇ ਕਰਣ ਨੂੰ, ਬਖ਼ਸ਼ਿੰਦ ਪ੍ਰਭੂ ਦੇ ਰਚੇ ਜਗਤ ਨੂੰ। ਰਹੀਮ = ਰਹਿਮ ਕਰਨ ਵਾਲਾ ਰੱਬ। ਮੁਹਬਤਿ = ਮੁਹੱਬਤਿ, ਪਿਆਰ। ਹਕੁ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਨੂੰ। ਬੁਝਿ = ਸਮਝ ਕੇ। ਬੰਦਿ = ਮਾਇਆ ਦੇ ਮੋਹ ਦੇ ਬੰਧਨ। ਤਰਾ = ਤਰ ਜਾਈਦਾ ਹੈ।15। ਅਰਥ: ਹੇ ਖ਼ੁਦਾ ਦੇ ਬੰਦੇ! (ਅਸਲ) ਮੁਸਲਮਾਨ ਉਹ ਹੈ ਜੋ ਮੋਮ ਵਰਗੇ ਨਰਮ ਦਿਲ ਵਾਲਾ ਹੁੰਦਾ ਹੈ ਅਤੇ ਜੋ ਆਪਣੇ ਦਿਲ ਤੋਂ ਅੰਦਰਲੀ (ਵਿਕਾਰਾਂ ਦੀ) ਮੈਲ ਧੋ ਦੇਂਦਾ ਹੈ। (ਉਹ ਮੁਸਲਮਾਨ) ਦੁਨੀਆ ਦੇ ਰੰਗ-ਤਮਾਸ਼ਿਆਂ ਦੇ ਨੇੜੇ ਨਹੀਂ ਢੁਕਦਾ (ਜੋ ਇਉਂ ਪਵਿੱਤਰ ਰਹਿੰਦਾ ਹੈ) ਜਿਵੇਂ ਫੁੱਲ ਰੇਸ਼ਮ ਘਿਉ ਅਤੇ ਮ੍ਰਿਗਛਾਲਾ ਪਵਿੱਤਰ (ਰਹਿੰਦੇ ਹਨ) ।13। ਹੇ ਖ਼ੁਦਾ ਦੇ ਬੰਦੇ! ਜਿਸ ਮਨੁੱਖ ਉੱਤੇ ਮਿਹਰਵਾਨ (ਮੌਲਾ) ਦੀ ਹਰ ਵੇਲੇ ਮਿਹਰ ਰਹਿੰਦੀ ਹੈ, (ਵਿਕਾਰਾਂ ਦੇ ਟਾਕਰੇ ਤੇ) ਉਹੀ ਮਨੁੱਖ ਸੂਰਮਾ ਮਰਦ (ਸਾਬਤ ਹੁੰਦਾ) ਹੈ। ਉਹੀ ਹੈ (ਅਸਲ) ਸ਼ੇਖ਼ ਮਸਾਇਕ ਤੇ ਹਾਜੀ, ਉਹੀ ਹੈ (ਅਸਲ) ਖ਼ੁਦਾ ਦਾ ਬੰਦਾ ਜਿਸ ਉੱਤੇ ਖ਼ੁਦਾ ਦੀ ਮਿਹਰ ਦੀ ਨਿਗਾਹ ਰਹਿੰਦੀ ਹੈ।14। ਹੇ ਨਾਨਕ! (ਆਖ-) ਹੇ ਖ਼ੁਦਾ ਦੇ ਬੰਦੇ! ਕਾਦਰ ਦੀ ਕੁਦਰਤਿ ਨੂੰ, ਬਖ਼ਸ਼ਿੰਦ ਮਾਲਕ ਦੇ ਰਚੇ ਜਗਤ ਨੂੰ, ਬੇਅੰਤ ਡੂੰਘੇ ਰਹਿਮ-ਦਿਲ ਖ਼ੁਦਾ ਦੀ ਮੁਹੱਬਤ ਤੇ ਸਿਫ਼ਤਿ-ਸਾਲਾਹ ਨੂੰ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਹੁਕਮ ਨੂੰ, ਸਦਾ ਕਾਇਮ ਰਹਿਣ ਵਾਲੇ ਖ਼ੁਦਾ ਨੂੰ ਸਮਝ ਕੇ ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਹੋ ਜਾਂਦੀ ਹੈ, ਤੇ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।15।3।12। ਮਾਰੂ ਮਹਲਾ ੫ ॥ ਪਾਰਬ੍ਰਹਮ ਸਭ ਊਚ ਬਿਰਾਜੇ ॥ ਆਪੇ ਥਾਪਿ ਉਥਾਪੇ ਸਾਜੇ ॥ ਪ੍ਰਭ ਕੀ ਸਰਣਿ ਗਹਤ ਸੁਖੁ ਪਾਈਐ ਕਿਛੁ ਭਉ ਨ ਵਿਆਪੈ ਬਾਲ ਕਾ ॥੧॥ ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥ ਰਕਤ ਕਿਰਮ ਮਹਿ ਨਹੀ ਸੰਘਾਰਿਆ ॥ ਅਪਨਾ ਸਿਮਰਨੁ ਦੇ ਪ੍ਰਤਿਪਾਲਿਆ ਓਹੁ ਸਗਲ ਘਟਾ ਕਾ ਮਾਲਕਾ ॥੨॥ ਚਰਣ ਕਮਲ ਸਰਣਾਈ ਆਇਆ ॥ ਸਾਧਸੰਗਿ ਹੈ ਹਰਿ ਜਸੁ ਗਾਇਆ ॥ ਜਨਮ ਮਰਣ ਸਭਿ ਦੂਖ ਨਿਵਾਰੇ ਜਪਿ ਹਰਿ ਹਰਿ ਭਉ ਨਹੀ ਕਾਲ ਕਾ ॥੩॥ ਸਮਰਥ ਅਕਥ ਅਗੋਚਰ ਦੇਵਾ ॥ ਜੀਅ ਜੰਤ ਸਭਿ ਤਾ ਕੀ ਸੇਵਾ ॥ ਅੰਡਜ ਜੇਰਜ ਸੇਤਜ ਉਤਭੁਜ ਬਹੁ ਪਰਕਾਰੀ ਪਾਲਕਾ ॥੪॥ {ਪੰਨਾ 1084} ਪਦ ਅਰਥ: ਸਭ ਊਚ = ਸਭਨਾਂ ਤੋਂ ਉੱਚਾ। ਬਿਰਾਜੇ = ਟਿਕਿਆ ਹੋਇਆ ਹੈ। ਆਪੇ = ਆਪ ਹੀ। ਥਾਪਿ = ਪੈਦਾ ਕਰ ਕੇ। ਉਥਾਪੇ = ਨਾਸ ਕਰਦਾ ਹੈ। ਸਾਜੇ = ਸਾਜਦਾ ਹੈ, ਬਣਾਂਦਾ ਹੈ। ਗਹਤ = ਫੜਦਿਆਂ। ਪਾਈਐ = ਪਾਈਦਾ ਹੈ। ਨ ਵਿਆਪੈ = ਜ਼ੋਰ ਨਹੀਂ ਪਾ ਸਕਦਾ। ਬਾਲ = ਬਾਲਾ, ਮਾਇਆ।1। ਜਿਨਹਿ = ਜਿਨਿ ਹੀ, ਜਿਸ ਨੇ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਨਿ' ਦੀ 'ਿ' ਉੱਡ ਗਈ ਹੈ}। ਉਬਾਰਿਆ = ਬਚਾਇਆ। ਰਕਤ = ਰੱਤ, ਲਹੂ। ਕਿਰਮ = ਕੀੜੇ। ਨਹੀ ਸੰਘਾਰਿਆ = ਨਹੀਂ ਮਰਨ ਦਿੱਤਾ। ਦੇ = ਦੇ ਕੇ। ਪ੍ਰਤਿਪਾਲਿਆ = ਰੱਖਿਆ ਕੀਤੀ। ਘਟ = ਸਰੀਰ।2। ਚਰਣ ਕਮਲ = ਕੌਲ ਫੁੱਲ ਵਰਗੇ ਸੋਹਣੇ ਚਰਨ। ਸਾਧ ਸੰਗਿ = ਸਾਧ ਸੰਗਤਿ ਵਿਚ। ਜਸੁ = ਸਿਫ਼ਤਿ-ਸਾਲਾਹ। ਸਭਿ = ਸਾਰੇ। ਜਨਮ ਮਰਨ ਸਭਿ ਦੂਖ = ਜਨਮ ਤੋਂ ਮਰਨ ਤੱਕ ਦੇ ਸਾਰੇ ਦੁੱਖ, ਸਾਰੀ ਉਮਰ ਦੇ ਦੁੱਖ। ਨਿਵਾਰੇ = ਦੂਰ ਕਰਦਾ ਹੈ। ਕਾਲੁ = ਮੌਤ, ਆਤਮਕ ਮੌਤ।3। ਸਮਰਥ = ਸਭ ਤਾਕਤਾਂ ਦਾ ਮਾਲਕ। ਅਕਥ = ਜਿਸ ਦੇ ਸਰੂਪ ਦਾ ਬਿਆਨ ਨਾਹ ਕੀਤਾ ਜਾ ਸਕੇ। ਅਗੋਚਰ = ਅ-ਗੋ-ਚਰ} ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਸੇਵਾ = ਚਾਨਣ-ਰੂਪ। ਸਭਿ = ਸਾਰੇ। ਤਾ ਕੀ = ਉਸ (ਪਰਮਾਤਮਾ) ਦੀ। ਸੇਵਾ = ਸਰਨ। ਅੰਡਜ = ਅੰਡ-ਜ, ਅੰਡੇ ਤੋਂ ਪੈਦਾ ਹੋਣ ਵਾਲੇ। ਜੇਰਜ = ਜੇਰ-ਜ, ਜਿਓਰ ਤੋਂ ਜੰਮਣ ਵਾਲੇ। ਸੇਤਜ = ਸੇਤ-ਜ, ਮੁੜ੍ਹਕੇ ਤੋਂ ਜੰਮਣ ਵਾਲੇ। ਉਤਭੁਜ = {ai¨^j = Sprouting, germinating (as a plant) } ਧਰਤੀ ਵਿਚੋਂ ਉੱਗਣ ਵਾਲੇ। ਬਹੁ ਪਰਕਾਰੀ = ਅਨੇਕਾਂ ਤਰੀਕਿਆਂ ਨਾਲ।4। ਅਰਥ: ਹੇ ਭਾਈ! ਪਰਮਾਤਮਾ ਸਭ ਤੋਂ ਉੱਚੇ (ਆਤਮਕ) ਟਿਕਾਣੇ ਉੱਤੇ ਟਿਕਿਆ ਰਹਿੰਦਾ ਹੈ, ਉਹ ਆਪ ਹੀ (ਸਭ ਨੂੰ) ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ, ਉਹ ਆਪ ਹੀ ਰਚਨਾ ਰਚਦਾ ਹੈ। ਹੇ ਭਾਈ! ਉਸ ਪਰਮਾਤਮਾ ਦਾ ਆਸਰਾ ਲਿਆਂ ਆਤਮਕ ਆਨੰਦ ਪ੍ਰਾਪਤ ਹੋਇਆ ਰਹਿੰਦਾ ਹੈ, ਮਾਇਆ ਦੇ ਮੋਹ ਦਾ ਡਰ ਰਤਾ ਵੀ ਆਪਣਾ ਜ਼ੋਰ ਨਹੀਂ ਪਾ ਸਕਦਾ।1। ਹੇ ਭਾਈ! ਜਿਸ ਪਰਮਾਤਮਾ ਨੇ (ਜੀਵ ਨੂੰ) ਮਾਂ ਦੇ ਪੇਟ ਦੀ ਅੱਗ ਵਿਚ ਬਚਾਈ ਰੱਖਿਆ, ਜਿਸ ਨੇ ਮਾਂ ਦੀ ਰੱਤ ਦੇ ਕਿਰਮਾਂ ਵਿਚ (ਜੀਵ ਨੂੰ) ਮਰਨ ਨਾਹ ਦਿੱਤਾ ਉਸ ਨੇ (ਤਦੋਂ) ਆਪਣੇ (ਨਾਮ ਦਾ) ਸਿਮਰਨ ਦੇ ਕੇ ਰੱਖਿਆ ਕੀਤੀ। ਹੇ ਭਾਈ! ਉਹ ਪ੍ਰਭੂ ਸਾਰੇ ਜੀਵਾਂ ਦਾ ਮਾਲਕ ਹੈ।2। ਹੇ ਭਾਈ! ਜਿਹੜਾ ਮਨੁੱਖ ਪ੍ਰਭੂ ਦੇ ਸੋਹਣੇ ਚਰਨਾਂ ਦੀ ਸਰਨ ਵਿਚ ਆ ਜਾਂਦਾ ਹੈ, ਜਿਹੜਾ ਮਨੁੱਖ ਸਾਧ ਸੰਗਤਿ ਵਿਚ (ਰਹਿ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਪਰਮਾਤਮਾ ਉਸ ਦੇ ਸਾਰੀ ਉਮਰ ਦੇ ਦੁੱਖ ਦੂਰ ਕਰ ਦੇਂਦਾ ਹੈ। ਪਰਮਾਤਮਾ ਦਾ ਨਾਮ ਜਪ ਜਪ ਕੇ ਉਸ ਨੂੰ (ਆਤਮਕ) ਮੌਤ ਦਾ ਡਰ ਨਹੀਂ ਰਹਿ ਜਾਂਦਾ।3। ਹੇ ਭਾਈ! ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਉਸ ਦਾ ਸਰੂਪ ਸਹੀ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਹ ਨੂਰ ਹੀ ਨੂਰ ਹੈ। ਸਾਰੇ ਜੀਆ-ਜੰਤਾਂ ਨੂੰ ਉਸੇ ਦਾ ਹੀ ਆਸਰਾ ਹੈ। ਹੇ ਭਾਈ! ਅੰਡਜ ਜੇਰਜ ਸੇਤਜ ਉਤਭੁਜ = ਇਹਨਾਂ ਚੌਹਾਂ ਹੀ ਖਾਣੀਆਂ ਦੇ ਜੀਵਾਂ ਨੂੰ ਉਹ ਕਈ ਤਰੀਕਿਆਂ ਨਾਲ ਪਾਲਣ ਵਾਲਾ ਹੈ।4। |
Sri Guru Granth Darpan, by Professor Sahib Singh |