ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1085 ਤਿਸਹਿ ਪਰਾਪਤਿ ਹੋਇ ਨਿਧਾਨਾ ॥ ਰਾਮ ਨਾਮ ਰਸੁ ਅੰਤਰਿ ਮਾਨਾ ॥ ਕਰੁ ਗਹਿ ਲੀਨੇ ਅੰਧ ਕੂਪ ਤੇ ਵਿਰਲੇ ਕੇਈ ਸਾਲਕਾ ॥੫॥ ਆਦਿ ਅੰਤਿ ਮਧਿ ਪ੍ਰਭੁ ਸੋਈ ॥ ਆਪੇ ਕਰਤਾ ਕਰੇ ਸੁ ਹੋਈ ॥ ਭ੍ਰਮੁ ਭਉ ਮਿਟਿਆ ਸਾਧਸੰਗ ਤੇ ਦਾਲਿਦ ਨ ਕੋਈ ਘਾਲਕਾ ॥੬॥ ਊਤਮ ਬਾਣੀ ਗਾਉ ਗੋੁਪਾਲਾ ॥ ਸਾਧਸੰਗਤਿ ਕੀ ਮੰਗਹੁ ਰਵਾਲਾ ॥ ਬਾਸਨ ਮੇਟਿ ਨਿਬਾਸਨ ਹੋਈਐ ਕਲਮਲ ਸਗਲੇ ਜਾਲਕਾ ॥੭॥ ਸੰਤਾ ਕੀ ਇਹ ਰੀਤਿ ਨਿਰਾਲੀ ॥ ਪਾਰਬ੍ਰਹਮੁ ਕਰਿ ਦੇਖਹਿ ਨਾਲੀ ॥ ਸਾਸਿ ਸਾਸਿ ਆਰਾਧਨਿ ਹਰਿ ਹਰਿ ਕਿਉ ਸਿਮਰਤ ਕੀਜੈ ਆਲਕਾ ॥੮॥ {ਪੰਨਾ 1085} ਪਦ ਅਰਥ: ਤਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ} ਉਸ ਨੂੰ ਹੀ। ਨਿਧਾਨਾ = ਖ਼ਜ਼ਾਨਾ। ਰਸੁ = ਆਨੰਦ, ਸੁਆਦ। ਮਾਨਾ = ਮਾਣਦਾ ਹੈ। ਕਰੁ = ਹੱਥ {ਇਕ-ਵਚਨ}। ਗਹਿ = ਫੜ ਕੇ। ਕੂਪ = ਖੂਹ। ਅੰਧ ਕੂਪ ਤੇ = ਅੰਨ੍ਹੇ ਖੂਹ ਤੋਂ। ਸਾਲਕਾ = ਸੰਤ।5। ਆਦਿ = ਸ਼ੁਰੂ ਵਿਚ। ਮਧਿ = ਵਿਚਕਾਰ, ਹੁਣ। ਅੰਤਿ = (ਰਚਨਾ ਦੇ) ਅੰਤ ਵਿਚ। ਆਪੇ = ਆਪ ਹੀ। ਭ੍ਰਮੁ = ਭਟਕਣਾ। ਸਾਧ ਸੰਗ ਤੇ = ਸਾਧ ਸੰਗਤਿ ਤੋਂ। ਦਾਲਿਦ = ਦਰਿੱਦ੍ਰ, ਗਰੀਬੀ, ਦੁੱਖ। ਘਾਲਕਾ = ਨਾਸ ਕਰਨ ਵਾਲਾ, ਆਤਮਕ ਮੌਤ ਲਿਆਉਣ ਵਾਲਾ।6। ਗੋੁਪਾਲਾ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ ਗੋਪਾਲਾ' ਹੈ, ਇਥੇ 'ਗੁਪਾਲਾ' ਪੜ੍ਹਨਾ ਹੈ}। ਰਵਾਲਾ = ਚਰਨ-ਧੂੜ। ਬਾਸਨ = ਵਾਸਨਾ। ਮੇਟਿ = ਮਿਟਾ ਕੇ। ਨਿਬਾਸਨ = ਵਾਸਨਾ-ਰਹਿਤ। ਹੋਈਐ = ਹੋ ਜਾਈਦਾ ਹੈ। ਕਲਮਲ = ਪਾਪ। ਸਗਲੇ = ਸਾਰੇ। ਜਾਲਕਾ = ਸਾੜ ਲਈਦੇ।7। ਰੀਤਿ = ਮਰਯਾਦਾ, ਜੀਵਨ-ਚਾਲ। ਨਿਰਾਲੀ = ਵੱਖਰੀ। ਕਰਿ = ਕਰ ਕੇ, ਸਮਝ ਕੇ। ਨਾਲੀ = (ਆਪਣੇ) ਨਾਲ ਹੀ। ਦੇਖਹਿ = ਵੇਖਦੇ ਹਨ {ਬਹੁ-ਵਚਨ}। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਕਿਉ ਕੀਜੈ = ਕਿਉਂ ਕੀਤਾ ਜਾਏ? ਨਹੀਂ ਕਰਨਾ ਚਾਹੀਦਾ। ਆਲਕਾ = ਆਲਸ, ਢਿੱਲ-ਮਠ।8। ਅਰਥ: ਹੇ ਭਾਈ! ਉਸ ਉਸ ਮਨੁੱਖ ਨੂੰ ਹੀ (ਨਾਮ ਦਾ) ਖ਼ਜ਼ਾਨਾ ਮਿਲਦਾ ਹੈ, ਉਹੀ ਮਨੁੱਖ ਪਰਮਾਤਮਾ ਦੇ ਨਾਮ ਦਾ ਆਨੰਦ ਆਪਣੇ ਅੰਦਰ ਮਾਣਦੇ ਹਨ, ਜਿਨ੍ਹਾਂ ਨੂੰ (ਉਹਨਾਂ ਦਾ) ਹੱਥ ਫੜ ਕੇ (ਪਰਮਾਤਮਾ ਮਾਇਆ ਦੇ ਮੋਹ ਦੇ) ਅੰਨ੍ਹੇ ਖੂਹ ਵਿਚੋਂ ਕੱਢ ਲੈਂਦਾ ਹੈ। ਪਰ, ਹੇ ਭਾਈ! ਅਜਿਹੇ ਕੋਈ ਵਿਰਲੇ ਹੀ ਸੰਤ ਹੁੰਦੇ ਹਨ।5। ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ ਜਿਨ੍ਹਾਂ ਮਨੁੱਖਾਂ ਦੀ ਹਰੇਕ ਭਟਕਣਾ ਜਿਨ੍ਹਾਂ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ, ਕੋਈ ਭੀ ਦੁੱਖ-ਕਲੇਸ਼ ਉਹਨਾਂ ਦੀ ਆਤਮਕ ਮੌਤ ਨਹੀਂ ਲਿਆ ਸਕਦੇ, ਉਹਨਾਂ ਨੂੰ (ਜਗਤ ਦੇ) ਆਦਿ ਵਿਚ ਹੁਣ ਅਖ਼ੀਰ ਵਿਚ (ਕਾਇਮ ਰਹਿਣ ਵਾਲਾ) ਉਹ ਪਰਮਾਤਮਾ ਹੀ ਦਿੱਸਦਾ ਹੈ, (ਉਹਨਾਂ ਨੂੰ ਨਿਸ਼ਚਾ ਹੁੰਦਾ ਹੈ ਕਿ) ਕਰਤਾਰ ਆਪ ਹੀ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ।6। ਹੇ ਭਾਈ! ਜੀਵਨ ਨੂੰ ਉੱਚਾ ਕਰਨ ਵਾਲੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਗਾਇਆ ਕਰੋ, (ਹਰ ਵੇਲੇ) ਸਾਧ ਸੰਗਤਿ ਦੀ ਚਰਨ-ਧੂੜ ਮੰਗਿਆ ਕਰੋ, (ਇਸ ਤਰ੍ਹਾਂ ਆਪਣੇ ਅੰਦਰ ਦੀਆਂ) ਸਾਰੀਆਂ ਵਾਸਨਾਂ ਮਿਟਾ ਕੇ ਵਾਸਨਾ-ਰਹਿਤ ਹੋ ਜਾਈਦਾ ਹੈ, ਅਤੇ ਆਪਣੇ ਸਾਰੇ ਪਾਪ ਸਾੜ ਲਈਦੇ ਹਨ।7। ਹੇ ਭਾਈ! ਸੰਤ ਜਨਾਂ ਦੀ (ਦੁਨੀਆ ਦੇ ਲੋਕਾਂ ਨਾਲੋਂ) ਇਹ ਵੱਖਰੀ ਹੀ ਜੀਵਨ-ਚਾਲ ਹੈ, ਕਿ ਉਹ ਪਰਮਾਤਮਾ ਨੂੰ (ਸਦਾ ਆਪਣੇ) ਨਾਲ ਹੀ ਵੱਸਦਾ ਵੇਖਦੇ ਹਨ। ਹੇ ਭਾਈ! ਸੰਤ ਜਨ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਆਰਾਧਨ ਕਰਦੇ ਰਹਿੰਦੇ ਹਨ (ਉਹ ਜਾਣਦੇ ਹਨ ਕਿ) ਪਰਮਾਤਮਾ ਦਾ ਨਾਮ ਸਿਮਰਦਿਆਂ ਕਦੇ ਆਲਸ ਨਹੀਂ ਕਰਨਾ ਚਾਹੀਦਾ।8। ਜਹ ਦੇਖਾ ਤਹ ਅੰਤਰਜਾਮੀ ॥ ਨਿਮਖ ਨ ਵਿਸਰਹੁ ਪ੍ਰਭ ਮੇਰੇ ਸੁਆਮੀ ॥ ਸਿਮਰਿ ਸਿਮਰਿ ਜੀਵਹਿ ਤੇਰੇ ਦਾਸਾ ਬਨਿ ਜਲਿ ਪੂਰਨ ਥਾਲਕਾ ॥੯॥ ਤਤੀ ਵਾਉ ਨ ਤਾ ਕਉ ਲਾਗੈ ॥ ਸਿਮਰਤ ਨਾਮੁ ਅਨਦਿਨੁ ਜਾਗੈ ॥ ਅਨਦ ਬਿਨੋਦ ਕਰੇ ਹਰਿ ਸਿਮਰਨੁ ਤਿਸੁ ਮਾਇਆ ਸੰਗਿ ਨ ਤਾਲਕਾ ॥੧੦॥ ਰੋਗ ਸੋਗ ਦੂਖ ਤਿਸੁ ਨਾਹੀ ॥ ਸਾਧਸੰਗਿ ਹਰਿ ਕੀਰਤਨੁ ਗਾਹੀ ॥ ਆਪਣਾ ਨਾਮੁ ਦੇਹਿ ਪ੍ਰਭ ਪ੍ਰੀਤਮ ਸੁਣਿ ਬੇਨੰਤੀ ਖਾਲਕਾ ॥੧੧॥ ਨਾਮ ਰਤਨੁ ਤੇਰਾ ਹੈ ਪਿਆਰੇ ॥ ਰੰਗਿ ਰਤੇ ਤੇਰੈ ਦਾਸ ਅਪਾਰੇ ॥ ਤੇਰੈ ਰੰਗਿ ਰਤੇ ਤੁਧੁ ਜੇਹੇ ਵਿਰਲੇ ਕੇਈ ਭਾਲਕਾ ॥੧੨॥ {ਪੰਨਾ 1085} ਪਦ ਅਰਥ: ਜਹ = ਜਿੱਥੇ। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਅੰਤਰਜਾਮੀ = ਹੇ ਸਭ ਦੇ ਦਿਲ ਦੀ ਜਾਣਨ ਵਾਲੇ! ਨਿਮਖ = {inmy_} ਅੱਖ ਝਮਕਣ ਜਿਤਨਾ ਸਮਾ। ਪ੍ਰਭ = ਹੇ ਪ੍ਰਭੂ! ਸਿਮਰਿ = ਸਿਮਰ ਕੇ। ਜੀਵਹਿ = ਜਿਊਂਦੇ ਹਨ, ਆਤਮਕ ਜੀਵਨ ਹਾਸਲ ਕਰਦੇ ਹਨ। ਬਨਿ = ਜੰਗਲ ਵਿਚ। ਜਲਿ = ਜਲ ਵਿਚ। ਥਾਲਕਾ = ਥਲ ਵਿਚ। ਪੂਰਨ ਵਿਆਪਕ।9। ਵਾਉ = ਹਵਾ। ਤਤੀ ਵਾਉ = ਤੱਤੀ ਹਵਾ, ਰਤਾ ਭੀ ਦੁੱਖ। ਤਾ ਕਉ = ਉਸ (ਮਨੁੱਖ) ਨੂੰ। ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗੈ = ਜਾਗਦਾ ਰਹਿੰਦਾ ਹੈ, (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦਾ ਹੈ। ਅਨਦ ਬਿਨੋਦ = ਆਤਮਕ ਆਨੰਦ-ਖ਼ੁਸ਼ੀਆਂ। ਸੰਗਿ = ਨਾਲ। ਤਾਲਕਾ = ਤਅੱਲੁਕ, ਵਾਹ, ਮੇਲ-ਜੋਲ।10। ਤਿਸੁ = ਉਸ (ਉਸ) ਮਨੁੱਖ ਨੂੰ। ਗਾਹੀ = ਗਾਹਿ, ਗਾਂਦੇ ਹਨ। ਸਾਧ ਸੰਗਿ = ਸਾਧ ਸੰਗਤਿ ਵਿਚ। ਪ੍ਰਭ = ਹੇ ਪ੍ਰਭੂ! ਖਾਲਕਾ = ਹੇ ਖ਼ਲਕਤ! ਹੇ ਖ਼ਲਕਤ ਦੇ ਪੈਦਾ ਕਰਨ ਵਾਲੇ!।11। ਪਿਆਰੇ = ਹੇ ਪਿਆਰੇ! ਰਤਨੁ = ਬਹੁਤ ਕੀਮਤੀ ਪਦਾਰਥ। ਤੇਰੈ ਰੰਗਿ = ਤੇਰੇ ਪਿਆਰ-ਰੰਗ ਵਿਚ ਰੱਤੇ ਹੋਏ। ਅਪਾਰੇ = ਹੇ ਬੇਅੰਤ! ਜੇਹੇ = ਵਰਗੇ। ਭਾਲਕਾ = ਲੱਭਦੇ ਹਨ।12। ਅਰਥ: ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਮੈਂ ਜਿਧਰ ਵੇਖਦਾ ਹਾਂ, ਉਧਰ (ਮੈਨੂੰ ਤੂੰ ਹੀ ਦਿੱਸਦਾ ਹੈਂ) । ਹੇ ਮੇਰੇ ਮਾਲਕ-ਪ੍ਰਭੂ! (ਮਿਹਰ ਕਰ, ਮੈਨੂੰ) ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਵਿਸਰ। ਹੇ ਪ੍ਰਭੂ! ਤੇਰੇ ਦਾਸ ਤੈਨੂੰ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰਦੇ ਰਹਿੰਦੇ ਹਨ। ਹੇ ਪ੍ਰਭੂ! ਤੂੰ ਜੰਗਲ ਵਿਚ ਜਲ ਵਿਚ ਥਲ ਵਿਚ (ਹਰ ਥਾਂ ਵੱਸਦਾ ਹੈਂ) ।9। ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਿਆਂ ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦਾ ਹੈ, ਉਸ ਨੂੰ ਰਤਾ ਭਰ ਭੀ ਕੋਈ ਦੁੱਖ ਪੋਹ ਨਹੀਂ ਸਕਦਾ। ਉਹ ਮਨੁੱਖ (ਜਿਉਂ ਜਿਉਂ) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ (ਤਿਉਂ ਤਿਉਂ) ਆਤਮਕ ਆਨੰਦ ਮਾਣਦਾ ਹੈ, ਉਸ ਦਾ ਮਾਇਆ ਦੇ ਨਾਲ ਡੂੰਘਾ ਸੰਬੰਧ ਨਹੀਂ ਬਣਦਾ।10। ਹੇ ਭਾਈ! ਉਸ ਉਸ ਮਨੁੱਖ ਨੂੰ ਕੋਈ ਰੋਗ ਸੋਗ ਦੁੱਖ ਪੋਹ ਨਹੀਂ ਸਕਦੇ, ਜਿਹੜੇ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ। ਹੇ ਪ੍ਰੀਤਮ ਪ੍ਰਭੂ! ਹੇ ਖ਼ਲਕਤ ਦੇ ਪੈਦਾ ਕਰਨ ਵਾਲੇ! (ਮੇਰੀ ਭੀ) ਬੇਨਤੀ ਸੁਣ, (ਮੈਨੂੰ ਭੀ) ਆਪਣਾ ਨਾਮ ਦੇਹ।11। ਹੇ ਪਿਆਰੇ! ਤੇਰਾ ਨਾਮ ਬਹੁਤ ਹੀ ਕੀਮਤੀ ਪਦਾਰਥ ਹੈ। ਹੇ ਬੇਅੰਤ ਪ੍ਰਭੂ! ਤੇਰੇ ਦਾਸ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ। ਹੇ ਪ੍ਰਭੂ! ਜਿਹੜੇ ਮਨੁੱਖ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਤੇਰੇ ਵਰਗੇ ਹੋ ਜਾਂਦੇ ਹਨ। ਪਰ ਅਜਿਹੇ ਬੰਦੇ ਬਹੁਤ ਵਿਰਲੇ ਲੱਭਦੇ ਹਨ।12। ਤਿਨ ਕੀ ਧੂੜਿ ਮਾਂਗੈ ਮਨੁ ਮੇਰਾ ॥ ਜਿਨ ਵਿਸਰਹਿ ਨਾਹੀ ਕਾਹੂ ਬੇਰਾ ॥ ਤਿਨ ਕੈ ਸੰਗਿ ਪਰਮ ਪਦੁ ਪਾਈ ਸਦਾ ਸੰਗੀ ਹਰਿ ਨਾਲਕਾ ॥੧੩॥ ਸਾਜਨੁ ਮੀਤੁ ਪਿਆਰਾ ਸੋਈ ॥ ਏਕੁ ਦ੍ਰਿੜਾਏ ਦੁਰਮਤਿ ਖੋਈ ॥ ਕਾਮੁ ਕ੍ਰੋਧੁ ਅਹੰਕਾਰੁ ਤਜਾਏ ਤਿਸੁ ਜਨ ਕਉ ਉਪਦੇਸੁ ਨਿਰਮਾਲਕਾ ॥੧੪॥ ਤੁਧੁ ਵਿਣੁ ਨਾਹੀ ਕੋਈ ਮੇਰਾ ॥ ਗੁਰਿ ਪਕੜਾਏ ਪ੍ਰਭ ਕੇ ਪੈਰਾ ॥ ਹਉ ਬਲਿਹਾਰੀ ਸਤਿਗੁਰ ਪੂਰੇ ਜਿਨਿ ਖੰਡਿਆ ਭਰਮੁ ਅਨਾਲਕਾ ॥੧੫॥ ਸਾਸਿ ਸਾਸਿ ਪ੍ਰਭੁ ਬਿਸਰੈ ਨਾਹੀ ॥ ਆਠ ਪਹਰ ਹਰਿ ਹਰਿ ਕਉ ਧਿਆਈ ॥ ਨਾਨਕ ਸੰਤ ਤੇਰੈ ਰੰਗਿ ਰਾਤੇ ਤੂ ਸਮਰਥੁ ਵਡਾਲਕਾ ॥੧੬॥੪॥੧੩॥ {ਪੰਨਾ 1085} ਪਦ ਅਰਥ: ਮਾਂਗੈ = ਮੰਗਦਾ ਹੈ {ਨੋਟ: ਇਥੇ (ਂ) ਵਰਤੀ ਗਈ ਹੈ। ਸਿਰਲੇਖ ਦੇ ਲਫ਼ਜ਼ 'ਮਹਲਾ' ਦੇ ਨਾਲ ਵਰਤੇ ਹੋਏ ਅੰਕ 1, 2, 3, 4, 5, 9 ਨੂੰ ਕਿਵੇਂ ਪੜ੍ਹਨਾ ਹੈ– ਇਸ ਬਾਰੇ ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਸਿਰਫ਼ ਤਿੰਨ ਚਾਰ ਵਾਰੀ ਹੀ ਹਿਦਾਇਤ ਹੈ। ਬਾਕੀ ਹਰੇਕ ਥਾਂ ਉਸ ਹਿਦਾਇਤ ਨੂੰ ਵਰਤਣਾ ਹੈ ਕਿ ਇਹਨਾਂ-ਅੰਕਾਂ ਨੂੰ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਨਾਵਾਂ ਪੜ੍ਹਨਾ ਹੈ। ਇਸੇ ਤਰ੍ਹਾਂ (ਂ) ਦੀ ਵਰਤੋਂ ਭੀ ਬਹੁਤ ਥੋੜੀ ਥਾਈਂ ਹੈ, ਸਿਰਫ਼ ਹਿਦਾਇਤ-ਮਾਤ੍ਰ ਹੀ। ਲੋੜ ਅਨੁਸਾਰ ਹੋਰ ਥਾਈਂ ਭੀ ਪਾਠ ਵੇਲੇ ਇਹ (ਂ) ਪੜ੍ਹਨੀ ਹੈ}। ਕਾਹੂ ਬੇਰਾ = ਕਿਸੇ ਭੀ ਵੇਲੇ। ਵਿਸਰਹਿ = ਤੂੰ ਵਿਸਰਦਾ। ਕੈ ਸੰਗਿ = ਦੀ ਸੰਗਤਿ ਵਿਚ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਪਾਈ = ਪਾਈਂ, ਮੈਂ ਪਾ ਸਕਾਂ। ਸੰਗੀ = ਸਾਥੀ। ਨਾਲਕਾ = ਨਾਲ।13। ਸੋਈ = ਉਹੀ ਮਨੁੱਖ। ਦ੍ਰਿੜਾਏ = (ਹਿਰਦੇ ਵਿਚ) ਪੱਕਾ ਕਰ ਦੇਵੇ। ਦੁਰਮਤਿ = ਖੋਟੀ ਮਤਿ। ਖੋਈ = ਦੂਰ ਕਰ ਕੇ, ਖੋਇ। ਤਜਾਏ = ਛਡਾ ਦੇਵੇ। ਕਉ = ਨੂੰ। ਨਿਰਮਾਲਕਾ = ਪਵਿੱਤਰ ਕਰਨ ਵਾਲਾ।14। ਗੁਰਿ = ਗੁਰੂ ਨੇ। ਹਉ = ਹਉਂ, ਮੈਂ। ਜਿਨਿ = ਜਿਸ (ਗੁਰੂ) ਨੇ। ਖੰਡਿਆ = ਨਾਸ ਕਰ ਦਿੱਤਾ। ਅਨਾਲਕਾ = ਅਨਲ, ਹਵਾ, ਝੱਖੜ (ਵਿਕਾਰਾਂ ਦਾ ਝੱਖੜ) ।15। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਧਿਆਈ = ਧਿਆਈਂ, ਮੈਂ ਧਿਆਵਾਂ। ਨਾਨਕ = ਹੇ ਨਾਨਕ! ਰਾਤੇ = ਰੰਗੇ ਹੋਏ। ਵਡਾਲਕਾ = ਵੱਡਾ। ਸਮਰਥੁ = ਸਾਰੀਆਂ ਤਾਕਤਾਂ ਦਾ ਮਾਲਕ। 16। ਅਰਥ: ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੂੰ ਕਿਸੇ ਭੀ ਵੇਲੇ ਭੁੱਲਦਾ ਨਹੀਂ, ਮੇਰਾ ਮਨ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ। ਹੇ ਭਾਈ! (ਅਜਿਹੇ) ਉਹਨਾਂ ਮਨੁੱਖਾਂ ਦੀ ਸੰਗਤਿ ਵਿਚ ਮੈਂ ਭੀ (ਉਸ ਪ੍ਰਭੂ ਦੀ ਮਿਹਰ ਨਾਲ) ਉੱਚਾ ਆਤਮਕ ਦਰਜਾ ਹਾਸਲ ਕਰ ਸਕਾਂਗਾ, ਅਤੇ ਪਰਮਾਤਮਾ (ਮੇਰਾ) ਸਦਾ ਸਾਥੀ ਬਣਿਆ ਰਹੇਗਾ।13। ਹੇ ਭਾਈ! ਉਹੀ ਮਨੁੱਖ ਮੇਰਾ ਪਿਆਰਾ ਸਜਣ ਹੈ ਮਿੱਤਰ ਹੈ, ਜਿਹੜਾ ਮੇਰੀ ਖੋਟੀ ਮਤਿ ਦੂਰ ਕਰ ਕੇ (ਮੇਰੇ ਹਿਰਦੇ ਵਿਚ) ਇਕ (ਪਰਮਾਤਮਾ ਦੀ ਯਾਦ) ਨੂੰ ਪੱਕਾ ਕਰ ਦੇਵੇ, ਜਿਹੜਾ ਮੇਰੇ ਪਾਸੋਂ ਕਾਮ ਕ੍ਰੋਧ ਅਹੰਕਾਰ (ਦਾ ਖਹਿੜਾ) ਛਡਾ ਦੇਵੇ। ਹੇ ਭਾਈ! ਉਸ ਮਨੁੱਖ ਨੂੰ ਅਜਿਹਾ ਉਪਦੇਸ਼ (ਫੁਰਦਾ ਹੈ ਜੋ ਸੁਣਨ ਵਾਲਿਆਂ ਨੂੰ) ਪਵਿੱਤਰ ਕਰ ਦੇਂਦਾ ਹੈ।14। ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ (ਸਹਾਰਾ) ਨਹੀਂ। ਹੇ ਭਾਈ! ਗੁਰੂ ਨੇ ਮੈਨੂੰ ਪ੍ਰਭੂ ਦੇ ਪੈਰ ਫੜਾਏ ਹਨ। ਮੈਂ ਪੂਰੇ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਮੇਰੀ ਭਟਕਣਾ ਨਾਸ ਕੀਤੀ ਹੈ, ਜਿਸ ਨੇ ਵਿਕਾਰਾਂ ਦਾ ਝੱਖੜ ਥੰਮ੍ਹ ਲਿਆ ਹੈ।15। ਹੇ ਭਾਈ! (ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਮੈਂ ਅੱਠੇ ਪਹਰ ਪ੍ਰਭੂ ਦਾ ਧਿਆਨ ਧਰਦਾ ਰਹਾਂ, ਹਰੇਕ ਸਾਹ ਦੇ ਨਾਲ (ਉਸ ਨੂੰ ਸਿਮਰਦਾ ਰਹਾਂ, ਮੈਨੂੰ ਕਿਸੇ ਭੀ ਵੇਲੇ ਉਹ) ਭੁੱਲੇ ਨਾਹ। ਹੇ ਨਾਨਕ! (ਆਖ– ਹੇ ਪ੍ਰਭੂ!) ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਸਭ ਤੋਂ ਵੱਡਾ ਹੈਂ, ਤੇਰੇ ਸੰਤ ਤੇਰੇ ਪ੍ਰੇਮ-ਰੰਗ ਵਿਚ ਸਦਾ ਰੰਗੇ ਰਹਿੰਦੇ ਹਨ। 16।4।13। ਮਾਰੂ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਚਰਨ ਕਮਲ ਹਿਰਦੈ ਨਿਤ ਧਾਰੀ ॥ ਗੁਰੁ ਪੂਰਾ ਖਿਨੁ ਖਿਨੁ ਨਮਸਕਾਰੀ ॥ ਤਨੁ ਮਨੁ ਅਰਪਿ ਧਰੀ ਸਭੁ ਆਗੈ ਜਗ ਮਹਿ ਨਾਮੁ ਸੁਹਾਵਣਾ ॥੧॥ ਸੋ ਠਾਕੁਰੁ ਕਿਉ ਮਨਹੁ ਵਿਸਾਰੇ ॥ ਜੀਉ ਪਿੰਡੁ ਦੇ ਸਾਜਿ ਸਵਾਰੇ ॥ ਸਾਸਿ ਗਰਾਸਿ ਸਮਾਲੇ ਕਰਤਾ ਕੀਤਾ ਅਪਣਾ ਪਾਵਣਾ ॥੨॥ ਜਾ ਤੇ ਬਿਰਥਾ ਕੋਊ ਨਾਹੀ ॥ ਆਠ ਪਹਰ ਹਰਿ ਰਖੁ ਮਨ ਮਾਹੀ ॥ ਸਾਧਸੰਗਿ ਭਜੁ ਅਚੁਤ ਸੁਆਮੀ ਦਰਗਹ ਸੋਭਾ ਪਾਵਣਾ ॥੩॥ ਚਾਰਿ ਪਦਾਰਥ ਅਸਟ ਦਸਾ ਸਿਧਿ ॥ ਨਾਮੁ ਨਿਧਾਨੁ ਸਹਜ ਸੁਖੁ ਨਉ ਨਿਧਿ ॥ ਸਰਬ ਕਲਿਆਣ ਜੇ ਮਨ ਮਹਿ ਚਾਹਹਿ ਮਿਲਿ ਸਾਧੂ ਸੁਆਮੀ ਰਾਵਣਾ ॥੪॥ ਸਾਸਤ ਸਿੰਮ੍ਰਿਤਿ ਬੇਦ ਵਖਾਣੀ ॥ ਜਨਮੁ ਪਦਾਰਥੁ ਜੀਤੁ ਪਰਾਣੀ ॥ ਕਾਮੁ ਕ੍ਰੋਧੁ ਨਿੰਦਾ ਪਰਹਰੀਐ ਹਰਿ ਰਸਨਾ ਨਾਨਕ ਗਾਵਣਾ ॥੫॥ {ਪੰਨਾ 1085-1086} ਪਦ ਅਰਥ: ਹਿਰਦੈ = ਹਿਰਦੇ ਵਿਚ। ਨਿਤ = ਸਦਾ। ਧਾਰੀ = ਧਾਰੀਂ, ਮੈਂ ਟਿਕਾਈ ਰੱਖਾਂ। ਖਿਨੁ ਖਿਨੁ = ਹਰੇਕ ਖਿਨ। ਨਮਸਕਾਰੀ = ਨਮਸਕਾਰੀਂ, ਮੈਂ ਨਮਸਕਾਰ ਕਰਦਾ ਰਹਾਂ। ਅਰਪਿ = ਭੇਟਾ ਕਰ ਕੇ। ਸਭੁ = ਸਭ ਕੁਝ। ਧਰੀ ਆਗੈ = ਧਰੀਂ (ਗੁਰ) ਆਗੈ, ਗੁਰੂ ਦੇ ਅੱਗੇ ਰੱਖ ਦਿਆਂ। ਸੁਹਾਵਣਾ = ਸੋਹਣਾ (ਬਣਾਂਦਾ ਹੈ) ।1। ਮਨਹੁ = ਮਨ ਤੋਂ। ਵਿਸਾਰੇ = ਵਿਸਾਰੇਂ, ਤੂੰ ਵਿਸਾਰਦਾ ਹੈਂ। ਜੀਉ = ਜਿੰਦ। ਪਿੰਡੁ = ਸਰੀਰ। ਦੇ = ਦੇ ਕੇ। ਸਾਜਿ ਪੈਦਾ ਕਰ ਕੇ। ਸਵਾਰੇ = ਸੋਹਣਾ ਬਣਾਂਦਾ ਹੈ। ਸਾਸਿ = ਸਾਹ ਦੇ ਨਾਲ। ਗਰਾਸਿ = ਗਿਰਾਹੀ ਦੇ ਨਾਲ। ਸਮਾਲੇ = ਸਮਾਲਿ, ਸੰਭਾਲ, ਯਾਦ ਰੱਖ। ਕਰਤਾ = ਕਰਤਾਰ ਨੂੰ। ਕੀਤਾ = ਕੀਤੀ ਹੋਈ ਕਮਾਈ।2। ਜਾ ਤੇ = ਇਸ (ਪਰਮਾਤਮਾ ਦੇ ਦਰ) ਤੋਂ। ਬਿਰਥਾ = ਖ਼ਾਲੀ। ਮਾਹੀ = ਵਿਚ। ਸੰਗਿ = ਸੰਗਤਿ ਵਿਚ। ਅਚੁਤ = ਅਚੁੱਤ {AÁXuq} ਅਬਿਨਾਸ਼ੀ। ਸੋਭਾ = ਇੱਜ਼ਤ।3। ਚਾਰਿ ਪਦਾਰਥ = ਧਰਮ, ਅਰਥ, ਕਾਮ, ਮੋਖ। ਅਸਟ ਦਸਾ = ਅਠ ਤੇ ਦਸ, ਅਠਾਰਾਂ। ਸਿਧਿ = ਸਿੱਧੀਆਂ। ਨਿਧਾਨੁ = ਖ਼ਜ਼ਾਨਾ। ਸਹਜ ਸੁਖੁ = ਆਤਮਕ ਅਡੋਲਤਾ ਦਾ ਆਨੰਦ। ਨਉ ਨਿਧਿ = (ਦੁਨੀਆ ਦੇ ਸਾਰੇ) ਨੌ ਖ਼ਜ਼ਾਨੇ। ਸਰਬ = ਸਾਰੇ। ਕਲਿਆਣ = ਸੁਖ। ਚਾਹਹਿ = ਤੂੰ ਚਾਹੁੰਦਾ ਹੈਂ। ਮਿਲਿ ਸਾਧੂ = ਗੁਰੂ ਨੂੰ ਮਿਲ ਕੇ। ਰਾਵਣਾ = ਸਿਮਰਨਾ ਚਾਹੀਦਾ ਹੈ।4। ਵਖਾਣੀ = ਕਿਹਾ ਹੈ ਕਿ। ਪਰਾਣੀ = ਹੇ ਪ੍ਰਾਣੀ! ਪਰਹਰੀਐ = ਦੂਰ ਕੀਤਾ ਜਾ ਸਕਦਾ ਹੈ। ਰਸਨਾ = ਜੀਭ (ਨਾਲ) । ਨਾਨਕ = ਹੇ ਨਾਨਕ!।5। ਅਰਥ: ਹੇ ਭਾਈ! (ਜੇ ਪ੍ਰਭੂ ਮਿਹਰ ਕਰੇ ਤਾਂ) ਮੈਂ (ਗੁਰੂ ਦੇ) ਸੋਹਣੇ ਚਰਣ ਸਦਾ (ਆਪਣੇ) ਹਿਰਦੇ ਵਿਚ ਟਿਕਾਈ ਰੱਖਾਂ, ਪੂਰੇ ਗੁਰੂ ਨੂੰ ਹਰੇਕ ਖਿਨ ਨਮਸਕਾਰ ਕਰਦਾ ਰਹਾਂ, ਆਪਣਾ ਤਨ ਆਪਣਾ ਮਨ ਸਭ ਕੁਝ (ਗੁਰੂ ਦੇ) ਅੱਗੇ ਭੇਟਾ ਕਰ ਕੇ ਰੱਖ ਦਿਆਂ (ਕਿਉਂਕਿ ਗੁਰੂ ਪਾਸੋਂ ਹੀ ਪਰਮਾਤਮਾ ਦਾ ਨਾਮ ਮਿਲਦਾ ਹੈ, ਤੇ) ਨਾਮ ਹੀ ਜਗਤ ਵਿਚ (ਜੀਵ ਨੂੰ) ਸੋਹਣਾ ਬਣਾਂਦਾ ਹੈ।1। ਹੇ ਭਾਈ! ਤੂੰ ਉਸ ਮਾਲਕ-ਪ੍ਰਭੂ ਨੂੰ (ਆਪਣੇ) ਮਨ ਤੋਂ ਕਿਉਂ ਭੁਲਾਂਦਾ ਹੈਂ, ਜਿਹੜਾ ਜਿੰਦ ਦੇ ਕੇ ਸਰੀਰ ਦੇ ਕੇ ਪੈਦਾ ਕਰ ਕੇ ਸੋਹਣਾ ਬਣਾਂਦਾ ਹੈ? ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ (ਖਾਂਦਿਆਂ ਸਾਹ ਲੈਂਦਿਆਂ) ਕਰਤਾਰ ਨੂੰ ਆਪਣੇ ਹਿਰਦੇ ਵਿਚ ਸੰਭਾਲ ਰੱਖ। ਆਪਣੀ ਹੀ ਕੀਤੀ ਕਮਾਈ ਦਾ ਫਲ ਮਿਲਦਾ ਹੈ।2। ਹੇ ਭਾਈ! ਜਿਸ (ਕਰਤਾਰ ਦੇ ਦਰ) ਤੋਂ ਕਦੇ ਕੋਈ ਖ਼ਾਲੀ ਨਹੀਂ ਮੁੜਦਾ, ਉਸ ਨੂੰ ਅੱਠੇ ਪਹਰ ਮਨ ਵਿਚ ਸਾਂਭ ਰੱਖ। ਉਸ ਅਬਿਨਾਸ਼ੀ ਮਾਲਕ-ਪ੍ਰਭੂ ਦਾ ਨਾਮ ਗੁਰੂ ਦੀ ਸੰਗਤਿ ਵਿਚ (ਰਹਿ ਕੇ) ਜਪਿਆ ਕਰ। ਪ੍ਰਭੂ ਦੀ ਹਜ਼ੂਰੀ ਵਿਚ (ਇਸ ਤਰ੍ਹਾਂ) ਇੱਜ਼ਤ ਮਿਲਦੀ ਹੈ।3। ਹੇ ਭਾਈ! ਜੇ ਤੂੰ ਚਾਰ ਪਦਾਰਥ ਲੋੜਦਾ ਹੈਂ, ਜੇ ਤੂੰ ਆਠਾਰਾਂ ਸਿੱਧੀਆਂ ਲੋੜਦਾ ਹੈਂ, ਜੇ ਤੂੰ ਦੁਨੀਆ ਦੇ ਨੌ ਹੀ ਖ਼ਜ਼ਾਨੇ ਲੋੜਦਾ ਹੈਂ, ਜੇ ਤੂੰ ਆਪਣੇ ਮਨ ਵਿਚ ਸਾਰੇ ਸੁਖ ਲੋੜਦਾ ਹੈਂ, ਤਾਂ ਗੁਰੂ ਨੂੰ ਮਿਲ ਕੇ ਮਾਲਕ-ਪ੍ਰਭੂ ਦਾ ਸਿਮਰਨ ਕਰਿਆ ਕਰ। ਇਹ ਹਰਿ-ਨਾਮ ਹੀ (ਅਸਲ) ਖ਼ਜ਼ਾਨਾ ਹੈ, ਇਹ ਨਾਮ ਹੀ ਆਤਮਕ ਅਡੋਲਤਾ ਦਾ ਸੁਖ ਹੈ, ਇਹ ਨਾਮ ਹੀ ਚਾਰ ਪਦਾਰਥ ਅਠਾਰਾਂ ਸਿੱਧੀਆਂ ਤੇ ਨੌ ਨਿਧੀਆਂ ਹੈ।4। ਹੇ ਨਾਨਕ! (ਆਖ-) ਹੇ ਪ੍ਰਾਣੀ! ਸ਼ਾਸਤ੍ਰਾਂ ਨੇ, ਸਿੰਮ੍ਰਿਤੀਆਂ ਨੇ, ਵੇਦਾਂ ਨੇ ਆਖਿਆ ਹੈ ਕਿ ਆਪਣੇ ਕੀਮਤੀ ਮਨੁੱਖਾ ਜਨਮ ਨੂੰ ਸਫਲਾ ਕਰ। (ਪਰ ਇਹ ਸਫਲਾ ਤਾਂ ਹੀ ਹੋ ਸਕਦਾ ਹੈ ਜੇ) ਜੀਭ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਗਾਈ ਜਾਏ। ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਹੀ ਕਾਮ ਛੱਡਿਆ ਜਾ ਸਕਦਾ ਹੈ ਕ੍ਰੋਧ ਤਿਆਗਿਆ ਜਾ ਸਕਦਾ ਹੈ ਨਿੰਦਾ ਛੱਡੀ ਜਾ ਸਕਦੀ ਹੈ (ਤੇ ਇਹਨਾਂ ਵਿਕਾਰਾਂ ਨੂੰ ਤਿਆਗਣ ਵਿਚ ਹੀ ਜਨਮ ਦੀ ਸਫਲਤਾ ਹੈ) ।5। |
Sri Guru Granth Darpan, by Professor Sahib Singh |