ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1086 ਜਿਸੁ ਰੂਪੁ ਨ ਰੇਖਿਆ ਕੁਲੁ ਨਹੀ ਜਾਤੀ ॥ ਪੂਰਨ ਪੂਰਿ ਰਹਿਆ ਦਿਨੁ ਰਾਤੀ ॥ ਜੋ ਜੋ ਜਪੈ ਸੋਈ ਵਡਭਾਗੀ ਬਹੁੜਿ ਨ ਜੋਨੀ ਪਾਵਣਾ ॥੬॥ ਜਿਸ ਨੋ ਬਿਸਰੈ ਪੁਰਖੁ ਬਿਧਾਤਾ ॥ ਜਲਤਾ ਫਿਰੈ ਰਹੈ ਨਿਤ ਤਾਤਾ ॥ ਅਕਿਰਤਘਣੈ ਕਉ ਰਖੈ ਨ ਕੋਈ ਨਰਕ ਘੋਰ ਮਹਿ ਪਾਵਣਾ ॥੭॥ ਜੀਉ ਪ੍ਰਾਣ ਤਨੁ ਧਨੁ ਜਿਨਿ ਸਾਜਿਆ ॥ ਮਾਤ ਗਰਭ ਮਹਿ ਰਾਖਿ ਨਿਵਾਜਿਆ ॥ ਤਿਸ ਸਿਉ ਪ੍ਰੀਤਿ ਛਾਡਿ ਅਨ ਰਾਤਾ ਕਾਹੂ ਸਿਰੈ ਨ ਲਾਵਣਾ ॥੮॥ ਧਾਰਿ ਅਨੁਗ੍ਰਹੁ ਸੁਆਮੀ ਮੇਰੇ ॥ ਘਟਿ ਘਟਿ ਵਸਹਿ ਸਭਨ ਕੈ ਨੇਰੇ ॥ ਹਾਥਿ ਹਮਾਰੈ ਕਛੂਐ ਨਾਹੀ ਜਿਸੁ ਜਣਾਇਹਿ ਤਿਸੈ ਜਣਾਵਣਾ ॥੯॥ ਜਾ ਕੈ ਮਸਤਕਿ ਧੁਰਿ ਲਿਖਿ ਪਾਇਆ ॥ ਤਿਸ ਹੀ ਪੁਰਖ ਨ ਵਿਆਪੈ ਮਾਇਆ ॥ ਨਾਨਕ ਦਾਸ ਸਦਾ ਸਰਣਾਈ ਦੂਸਰ ਲਵੈ ਨ ਲਾਵਣਾ ॥੧੦॥ {ਪੰਨਾ 1086} ਪਦ ਅਰਥ: ਰੇਖਿਆ = ਰੇਖ, ਚਿਹਨ-ਚੱਕ੍ਰ। ਜਾਤੀ = ਜਾਤਿ। ਪੂਰਨ = ਸਰਬ-ਵਿਆਪਕ। ਸੋਈ = ਉਹੀ ਮਨੁੱਖ। ਵਡਭਾਗੀ = ਵੱਡੇ ਭਾਗਾਂ ਵਾਲਾ। ਬਹੁੜਿ = ਮੁੜ, ਫਿਰ।6। ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਬਿਧਾਤਾ = ਸਿਰਜਣਹਾਰ। ਪੁਰਖੁ = ਸਰਬ-ਵਿਆਪਕ ਪ੍ਰਭੂ। ਜਲਤਾ = ਸੜਦਾ। ਤਾਤਾ = ਤੱਤਾ, ਕ੍ਰੋਧ ਵਿਚ। ਕਉ = ਨੂੰ। ਘੋਰ = ਭਿਆਨਕ।7। ਜੀਉ = ਜਿੰਦ। ਜਿਨਿ = ਜਿਸ (ਪਰਮਾਤਮਾ) ਨੇ। ਸਾਜਿਆ = ਬਣਾਇਆ। ਮਾਤ = ਮਾਂ। ਰਾਖਿ = ਰੱਖ ਕੇ, ਰੱਖਿਆ ਕਰ ਕੇ। ਨਿਵਾਜਿਆ = ਨਿਵਾਜ਼ਸ਼ ਕੀਤੀ, ਮਿਹਰਬਾਨੀ ਕੀਤੀ। ਛਾਡਿ = ਛੱਡ ਕੇ। ਅਨ = {ANX} ਹੋਰ ਹੋਰ (ਪਦਾਰਥਾਂ ਦੇ ਮੋਹ ਵਿਚ) । ਰਾਤਾ = ਰੱਤਾ, ਮਸਤ। ਕਾਹੂ ਸਿਰੈ = ਕਿਸੇ (ਕੰਮ ਦੇ) ਸਿਰੇ ਤੇ। ਕਾਹੂ...ਲਾਵਣਾ = ਕਿਸੇ ਕੰਮ ਵਿਚ ਸਫਲਤਾ ਨਹੀਂ ਹੁੰਦੀ।8। ਅਨੁਗ੍ਰਹੁ = ਮਿਹਰ, ਕਿਰਪਾ {ਪੁਲਿੰਗ}। ਸੁਆਮੀ = ਹੇ ਸੁਆਮੀ! ਘਟਿ ਘਟਿ = ਹਰੇਕ ਘਟ ਵਿਚ। ਵਸਹਿ = ਤੂੰ ਵੱਸਦਾ ਹੈਂ। ਹਾਥਿ = ਹੱਥ ਵਿਚ, ਵੱਸ ਵਿਚ। ਕਛੂਐ = ਕੁਝ ਭੀ। ਜਣਾਇਹਿ = ਤੂੰ ਸਮਝ ਬਖ਼ਸ਼ਦਾ ਹੈਂ।9। ਮਸਤਕਿ = ਮੱਥੇ ਉੱਤੇ। ਕੈ ਮਸਤਕਿ = ਦੇ ਮੱਥੇ ਉੱਤੇ। ਧੁਰਿ = ਧੁਰ ਤੋਂ, ਪਰਮਾਤਮਾ ਵਲੋਂ ਹੀ। ਲਿਖਿ = ਲਿਖ ਕੇ। ਤਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਨ ਵਿਆਪੈ = ਜ਼ੋਰ ਨਹੀਂ ਪਾ ਸਕਦੀ। ਨਾਨਕ = ਹੇ ਨਾਨਕ! ਦਾਸ = {ਬਹੁ-ਵਚਨ} ਪਰਮਾਤਮਾ ਦੇ ਭਗਤ। ਲਵੈ ਨ ਲਾਵਣਾ = ਬਰਾਬਰ ਨਹੀਂ ਸਮਝਦੇ।10। ਅਰਥ: ਹੇ ਭਾਈ! ਜਿਸ ਪਰਮਾਤਮਾ ਦਾ (ਕੀਹ) ਰੂਪ, ਰੇਖ, ਕੁਲ ਅਤੇ ਜਾਤਿ (ਹੈ– ਇਹ ਗੱਲ) ਦੱਸੀ ਨਹੀਂ ਜਾ ਸਕਦੀ, ਜਿਹੜਾ ਪਰਮਾਤਮਾ ਦਿਨ ਰਾਤ ਹਰ ਵੇਲੇ ਸਭ ਥਾਈਂ ਮੌਜੂਦ ਹੈ, ਉਸ ਪਰਮਾਤਮਾ ਦਾ ਨਾਮ ਜਿਹੜਾ ਜਿਹੜਾ ਮਨੁੱਖ ਜਪਦਾ ਹੈ ਉਹ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ, ਉਹ ਮਨੁੱਖ ਮੁੜ ਮੁੜ ਜੂਨਾਂ ਵਿਚ ਨਹੀਂ ਪੈਂਦਾ।6। ਹੇ ਭਾਈ! ਜਿਸ ਮਨੁੱਖ ਨੂੰ ਸਰਬ-ਵਿਆਪਕ ਸਿਰਜਣਹਾਰ ਵਿਸਰਿਆ ਰਹਿੰਦਾ ਹੈ, ਉਹ ਸਦਾ (ਵਿਕਾਰਾਂ ਵਿਚ) ਸੜਦਾ ਫਿਰਦਾ ਹੈ, ਉਹ ਸਦਾ (ਕ੍ਰੋਧ ਨਾਲ) ਸੜਿਆ ਭੁੱਜਿਆ ਰਹਿੰਦਾ ਹੈ। ਪਰਮਾਤਮਾ ਦੇ ਕੀਤੇ ਉਪਕਾਰਾਂ ਨੂੰ ਭੁਲਾਣ ਵਾਲੇ ਉਸ ਮਨੁੱਖ ਨੂੰ (ਇਸ ਭੈੜੀ ਆਤਮਕ ਦਸ਼ਾ ਤੋਂ) ਕੋਈ ਬਚਾ ਨਹੀਂ ਸਕਦਾ। ਉਹ ਮਨੁੱਖ (ਸਦਾ ਇਸ) ਭਿਆਨਕ ਨਰਕ ਵਿਚ ਪਿਆ ਰਹਿੰਦਾ ਹੈ।7। ਹੇ ਨਾਨਕ! ਜਿਸ ਪਰਮਾਤਮਾ ਨੇ ਜਿੰਦ ਦਿੱਤੀ, ਪ੍ਰਾਣ ਦਿੱਤੇ, ਸਰੀਰ ਬਣਾਇਆ, ਧਨ ਦਿੱਤਾ, ਮਾਂ ਦੇ ਪੇਟ ਵਿਚ ਰੱਖਿਆ ਕਰ ਕੇ ਬੜੀ ਦਇਆ ਕੀਤੀ, ਜਿਹੜਾ ਮਨੁੱਖ ਉਸ ਪਰਮਾਤਮਾ ਨਾਲ ਪਿਆਰ ਛੱਡ ਕੇ ਹੋਰ ਹੋਰ ਪਦਾਰਥਾਂ ਦੇ ਮੋਹ ਵਿਚ ਮਸਤ ਰਹਿੰਦਾ ਹੈ, ਉਹ ਮਨੁੱਖ ਕਿਸੇ ਪਾਸੇ ਭੀ ਨੇਪਰੇ ਨਹੀਂ ਚੜ੍ਹਦਾ।8। ਹੇ ਮੇਰੇ ਮਾਲਕ-ਪ੍ਰਭੂ! (ਅਸਾਂ ਜੀਵਾਂ ਉੱਤੇ) ਦਇਆ ਕਰੀ ਰੱਖ, ਤੂੰ ਹਰੇਕ ਸਰੀਰ ਵਿਚ ਵੱਸਦਾ ਹੈਂ, ਤੂੰ ਸਭ ਜੀਵਾਂ ਦੇ ਨੇੜੇ ਵੱਸਦਾ ਹੈਂ। ਅਸਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ ਹੈ। ਜਿਸ ਮਨੁੱਖ ਨੂੰ ਤੂੰ (ਆਤਮਕ ਜੀਵਨ ਦੀ) ਸਮਝ ਬਖ਼ਸ਼ਦਾ ਹੈਂ, ਉਹੀ ਮਨੁੱਖ ਇਹ ਸਮਝ ਹਾਸਲ ਕਰਦਾ ਹੈ।9। ਹੇ ਨਾਨਕ! (ਆਖ– ਹੇ ਭਾਈ!) ਧੁਰ ਹਜ਼ੂਰੀ ਵਿਚੋਂ ਜਿਸ ਮਨੁੱਖ ਦੇ ਮੱਥੇ ਉਤੇ (ਪ੍ਰਭੂ ਨੇ ਚੰਗੇ ਭਾਗਾਂ ਦਾ ਲੇਖ) ਲਿਖ ਕੇ ਪਾਇਆ ਹੁੰਦਾ ਹੈ, ਸਿਰਫ਼ ਉਸ ਮਨੁੱਖ ਉਤੇ ਹੀ ਮਾਇਆ ਆਪਣਾ ਜ਼ੋਰ ਨਹੀਂ ਪਾ ਸਕਦੀ। ਹੇ ਭਾਈ! ਪਰਮਾਤਮਾ ਦੇ ਭਗਤ ਸਦਾ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਉਹ ਕਿਸੇ ਹੋਰ ਨੂੰ ਪਰਮਾਤਮਾ ਦੇ ਬਰਾਬਰ ਦਾ ਨਹੀਂ ਸਮਝਦੇ।10। ਆਗਿਆ ਦੂਖ ਸੂਖ ਸਭਿ ਕੀਨੇ ॥ ਅੰਮ੍ਰਿਤ ਨਾਮੁ ਬਿਰਲੈ ਹੀ ਚੀਨੇ ॥ ਤਾ ਕੀ ਕੀਮਤਿ ਕਹਣੁ ਨ ਜਾਈ ਜਤ ਕਤ ਓਹੀ ਸਮਾਵਣਾ ॥੧੧॥ ਸੋਈ ਭਗਤੁ ਸੋਈ ਵਡ ਦਾਤਾ ॥ ਸੋਈ ਪੂਰਨ ਪੁਰਖੁ ਬਿਧਾਤਾ ॥ ਬਾਲ ਸਹਾਈ ਸੋਈ ਤੇਰਾ ਜੋ ਤੇਰੈ ਮਨਿ ਭਾਵਣਾ ॥੧੨॥ ਮਿਰਤੁ ਦੂਖ ਸੂਖ ਲਿਖਿ ਪਾਏ ॥ ਤਿਲੁ ਨਹੀ ਬਧਹਿ ਘਟਹਿ ਨ ਘਟਾਏ ॥ ਸੋਈ ਹੋਇ ਜਿ ਕਰਤੇ ਭਾਵੈ ਕਹਿ ਕੈ ਆਪੁ ਵਞਾਵਣਾ ॥੧੩॥ ਅੰਧ ਕੂਪ ਤੇ ਸੇਈ ਕਾਢੇ ॥ ਜਨਮ ਜਨਮ ਕੇ ਟੂਟੇ ਗਾਂਢੇ ॥ ਕਿਰਪਾ ਧਾਰਿ ਰਖੇ ਕਰਿ ਅਪੁਨੇ ਮਿਲਿ ਸਾਧੂ ਗੋਬਿੰਦੁ ਧਿਆਵਣਾ ॥੧੪॥ ਤੇਰੀ ਕੀਮਤਿ ਕਹਣੁ ਨ ਜਾਈ ॥ ਅਚਰਜ ਰੂਪੁ ਵਡੀ ਵਡਿਆਈ ॥ ਭਗਤਿ ਦਾਨੁ ਮੰਗੈ ਜਨੁ ਤੇਰਾ ਨਾਨਕ ਬਲਿ ਬਲਿ ਜਾਵਣਾ ॥੧੫॥੧॥੧੪॥੨੨॥੨੪॥੨॥੧੪॥੬੨॥ {ਪੰਨਾ 1086} ਪਦ ਅਰਥ: ਆਗਿਆ = ਹੁਕਮ ਵਿਚ। ਸਭਿ = ਸਾਰੇ। ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਨਾਮ। ਬਿਰਲੈ ਹੀ = ਕਿਸੇ ਵਿਰਲੇ ਨੇ ਹੀ। ਚੀਨੇ = ਪਛਾਣਿਆ ਹੈ। ਤਾ ਕੀ = ਉਸ (ਪਰਮਾਤਮਾ) ਦੀ। ਜਤ ਕਤ = ਹਰ ਥਾਂ। ਓਹੀ = ਉਹ ਪਰਮਾਤਮਾ ਹੀ।11। ਸੋਈ = ਉਹ (ਪਰਮਾਤਮਾ ਆਪ) ਹੀ। ਭਗਤੁ = ਭਗਤੀ ਕਰਨ ਵਾਲਾ। ਬਿਧਾਤਾ = ਸਿਰਜਣਹਾਰ। ਬਾਲ ਸਹਾਈ = ਬਾਲ ਉਮਰ ਤੋਂ ਹੀ ਸਾਥੀ। ਸਹਾਈ = ਸਖਾਈ, ਮਿੱਤਰ, ਸਾਥੀ। ਤੇਰੈ ਮਨਿ = (ਹੇ ਪ੍ਰਭੂ!) ਤੇਰੇ ਮਨ ਵਿਚ। ਭਾਵਣਾ = ਚੰਗਾ ਲੱਗਾ ਹੈ।12। ਮਿਰਤੁ = ਮੌਤ (mãÄXu}। ਲਿਖਿ = (ਹਰੇਕ ਜੀਵ ਦੇ ਭਾਗਾਂ ਵਿਚ) ਲਿਖ ਕੇ। ਤਿਲੁ = ਰਤਾ ਭਰ ਭੀ। ਬਧਹਿ = ਵਧਦੇ {ਬਹੁ-ਵਚਨ}। ਹੋਇ = ਹੁੰਦਾ ਹੈ। ਕਰਤੇ ਭਾਵੈ = ਕਰਤਾਰ ਨੂੰ ਚੰਗਾ ਲੱਗਦਾ ਹੈ। ਕਹਿ ਕੈ = ਆਖ ਕੇ। ਆਪੁ = ਆਪਣੇ ਆਪ ਨੂੰ। ਵਞਾਵਣਾ = ਗਵਾਣਾ ਹੁੰਦਾ ਹੈ।13। ਅੰਧ ਕੂਪ = (ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਖੂਹ। ਤੇ = ਤੋਂ। ਸੇਈ = ਉਹੀ ਮਨੁੱਖ {ਬਹੁ-ਵਚਨ}। ਧਾਰਿ = ਧਾਰ ਕੇ, ਕਰ ਕੇ। ਕਰਿ = ਬਣਾ ਕੇ। ਮਿਲਿ ਸਾਧੂ = ਗੁਰੂ ਨੂੰ ਮਿਲ ਕੇ।14। ਦਾਨੁ = ਖ਼ੈਰ। ਜਨੁ = ਦਾਸ। ਨਾਨਕ = ਹੇ ਨਾਨਕ! ਬਲਿ ਬਲਿ = ਸਦਕੇ।15। ਅਰਥ: ਹੇ ਭਾਈ! (ਜਗਤ ਦੇ) ਸਾਰੇ ਦੁੱਖ ਸਾਰੇ ਸੁਖ (ਪਰਮਾਤਮਾ ਨੇ ਆਪਣੇ) ਹੁਕਮ ਵਿਚ (ਆਪ ਹੀ) ਬਣਾਏ ਹਨ। (ਇਹਨਾਂ ਦੁੱਖਾਂ ਤੋਂ ਬਚਣ ਲਈ) ਕਿਸੇ ਵਿਰਲੇ ਮਨੁੱਖ ਨੇ ਹੀ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਨਾਲ ਸਾਂਝ ਪਾਈ ਹੈ। ਹੇ ਭਾਈ! ਉਸ ਪਰਮਾਤਮਾ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ (ਉਹ ਪਰਮਾਤਮਾ ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲਦਾ, ਉਂਞ) ਹਰ ਥਾਂ ਉਹ ਆਪ ਹੀ ਸਮਾਇਆ ਹੋਇਆ ਹੈ।11। ਹੇ ਭਾਈ! ਉਹ ਪਰਮਾਤਮਾ ਆਪ ਹੀ (ਆਪਣੇ ਸੇਵਕ ਵਿਚ ਬੈਠਾ ਆਪਣੀ) ਭਗਤੀ ਕਰਨ ਵਾਲਾ ਹੈ, ਉਹ ਆਪ ਹੀ ਸਭ ਤੋਂ ਵੱਡਾ ਦਾਤਾਰ ਹੈ, ਉਹ ਆਪ ਹੀ ਸਭ ਵਿਚ ਵਿਆਪਕ ਸਿਰਜਣਹਾਰ ਹੈ। ਹੇ ਪ੍ਰਭੂ! ਜਿਹੜਾ (ਤੇਰਾ ਭਗਤ) ਤੇਰੇ ਮਨ ਵਿਚ (ਤੈਨੂੰ) ਪਿਆਰਾ ਲੱਗਦਾ ਹੈ, ਉਹੀ ਤੇਰਾ ਬਾਲ-ਸਖਾਈ ਹੈ (ਉਹੀ ਤੈਨੂੰ ਇਉਂ ਪਿਆਰਾ ਹੈ ਜਿਵੇਂ ਛੋਟੀ ਉਮਰ ਤੋਂ ਇਕੱਠੇ ਰਹਿਣ ਵਾਲੇ ਬਾਲਕ ਇਕ ਦੂਜੇ ਨੂੰ ਸਾਰੀ ਉਮਰ ਪਿਆਰ ਕਰਨ ਵਾਲੇ ਹੁੰਦੇ ਹਨ) ।12। ਹੇ ਭਾਈ! ਮੌਤ ਦੁੱਖ ਸੁਖ ਕਰਤਾਰ ਨੇ ਆਪ ਹੀ (ਜੀਵਾਂ ਦੇ ਲੇਖਾਂ ਵਿਚ) ਲਿਖ ਕੇ ਰੱਖ ਦਿੱਤੇ ਹਨ। ਨਾਹ ਇਹ ਵਧਾਇਆਂ ਰਤਾ ਭੀ ਵਧਦੇ ਹਨ, ਨਾਹ ਇਹ ਘਟਾਇਆਂ ਰਤਾ ਭਰ ਘਟਦੇ ਹਨ। ਹੇ ਭਾਈ! ਜੋ ਕੁਝ ਕਰਤਾਰ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। (ਇਹ) ਆਖ ਕੇ (ਕਿ ਅਸੀਂ ਆਪਣੇ ਆਪ ਕੁਝ ਕਰ ਸਕਦੇ ਹਾਂ) ਆਪਣੇ ਆਪ ਨੂੰ ਖ਼ੁਆਰ ਹੀ ਕਰਨਾ ਹੁੰਦਾ ਹੈ।13। ਹੇ ਭਾਈ! ਪਰਮਾਤਮਾ ਕਿਰਪਾ ਕਰ ਕੇ ਜਿਨ੍ਹਾਂ ਮਨੁੱਖਾਂ ਨੂੰ ਆਪਣੇ ਬਣਾ ਲੈਂਦਾ ਹੈ, ਜਿਹੜੇ ਮਨੁੱਖ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹਨਾਂ ਨੂੰ ਹੀ ਪਰਮਾਤਮਾ ਮਾਇਆ ਦੇ ਮੋਹ ਦੇ ਘੁੱਪ ਹਨੇਰੇ ਖੂਹ ਵਿਚੋਂ ਕੱਢ ਲੈਂਦਾ ਹੈ, ਤੇ, ਕਈ ਜਨਮਾਂ ਦੇ (ਆਪਣੇ ਨਾਲੋਂ) ਟੁੱਟਿਆਂ ਹੋਇਆਂ ਨੂੰ (ਮੁੜ ਆਪਣੇ ਨਾਲ) ਜੋੜ ਲੈਂਦਾ ਹੈ।14। ਹੇ ਨਾਨਕ! (ਆਖ– ਹੇ ਪ੍ਰਭੂ!) ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ। ਤੇਰਾ ਸਰੂਪ ਹੈਰਾਨ ਕਰ ਦੇਣ ਵਾਲਾ ਹੈ, ਤੇ ਵਡਿਆਈ ਵੱਡੀ ਹੈ। ਤੇਰਾ ਸੇਵਕ (ਤੇਰੇ ਦਰ ਤੋਂ) ਤੇਰੀ ਭਗਤੀ ਦਾ ਖ਼ੈਰ ਮੰਗਦਾ ਹੈ, ਤੇ ਤੈਥੋਂ ਸਦਕੇ ਜਾਂਦਾ ਹੈ ਕੁਰਬਾਨ ਜਾਂਦਾ ਹੈ।15।1।14। 22। 24।2।14। 62।
ਅੰਕਾਂ ਦਾ ਵੇਰਵਾ: ਮਾਰੂ ਵਾਰ ਮਹਲਾ ੩ {ਪੰਨਾ 1086} ਪਉੜੀ-ਵਾਰ ਭਾਵ: (1) ਗੁਰੂ ਤੋਂ ਮਿਲੇ ਗਿਆਨ ਨਾਲ ਭਰਮ ਮੋਹ ਲੋਭ ਅਹੰਕਾਰ ਦਾ ਗੜ੍ਹ ਟੁੱਟ ਜਾਂਦਾ ਹੈ ਤੇ ਪ੍ਰਭੂ ਦਾ ਨਾਮ ਹਿਰਦੇ ਵਿਚ ਵੱਸ ਪੈਂਦਾ ਹੈ। (2) ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ 'ਨਾਮ' ਕਮਾਂਦਾ ਹੈ, ਉਹ ਸੰਸਾਰ-ਸਾਗਰ ਦੀਆਂ ਲਹਿਰਾਂ ਵਿਚ ਪੈ ਕੇ ਦੁਖੀ ਨਹੀਂ ਹੁੰਦਾ। (3) ਭਾਵੇਂ ਇਹ ਸੰਸਾਰਕ ਮਾਇਆ, ਨਾਲ ਨਹੀਂ ਨਿਭਦੀ, ਮਨਮੁਖ ਇਸ ਵਿਚ ਭੁੱਲ ਜਾਂਦਾ ਹੈ। ਬਚਦੇ ਉਹ ਹਨ ਜੋ ਗੁਰੂ ਦੀ ਮਿਹਰ ਨਾਲ ਨਾਮ-ਰਸ ਚੱਖਦੇ ਹਨ। (4) ਜੋ ਗੁਰੂ ਦੀ ਸਰਨ ਪੈ ਕੇ ਗੁਰ-ਸ਼ਬਦ ਦੀ ਰਾਹੀਂ 'ਨਾਮ' ਵਿਚ ਜੁੜਦੇ ਹਨ, ਉਹ ਲੋਕ-ਪਰਲੋਕ ਸੰਵਾਰ ਲੈਂਦੇ ਹਨ। (5) ਜਿਨ੍ਹਾਂ ਗੁਰ-ਸ਼ਬਦ ਦੀ ਰਾਹੀਂ ਨਾਮ-ਰਸ ਚੱਖਿਆ ਹੈ ਉਹਨਾਂ ਨੂੰ ਮਾਇਕ ਰਸ ਪੋਹ ਨਹੀਂ ਸਕਦੇ, ਉਹਨਾਂ ਦੀ ਤ੍ਰਿਸ਼ਨਾ-ਭੁੱਖ ਮਿਟ ਜਾਂਦੀ ਹੈ। (6) ਦੁਨੀਆ ਵਾਲੇ ਭੂਪਤ ਰਾਜੇ ਇਕ ਤਾਂ ਦੁੱਖ ਹੀ ਦੁੱਖ ਸਹੇੜਦੇ ਹਨ, ਦੂਜੇ, ਇਹ ਰਾਜ ਜਾਂਦਿਆਂ ਚਿਰ ਨਹੀਂ ਲੱਗਦਾ। ਅਸਲ ਰਾਜੇ ਉਹ ਹਨ ਜਿਨ੍ਹਾਂ ਪ੍ਰਭੂ ਨੂੰ ਪਛਾਣਿਆ ਹੈ। (7) ਉਹਨਾਂ ਪਾਸ 'ਨਾਮ' ਇਕ ਐਸਾ ਪਦਾਰਥ ਹੈ ਜਿਸ ਦਾ ਮੁੱਲ ਨਹੀਂ ਪੈ ਸਕਦਾ; ਇਸ ਅਮੁੱਲੇ ਧਨ ਦੀ ਬਰਕਤਿ ਨਾਲ ਉਹਨਾਂ ਦਾ ਹਿਰਦਾ ਸਦਾ ਖਿੜਿਆ ਰਹਿੰਦਾ ਹੈ। (8) ਜਿਨ੍ਹਾਂ ਗੁਰੂ ਦੀ ਮਿਹਰ ਨਾਲ 'ਨਾਮ' ਜਪ ਕੇ ਮਨ ਨੂੰ ਜਿੱਤਿਆ ਹੈ ਉਹ ਅਸਲ ਸੂਰਮੇ ਹਨ, ਉਹਨਾਂ ਨੇ ਸਾਰੇ ਜਗਤ ਨੂੰ ਜਿੱਤ ਲਿਆ ਹੈ। (9) ਉਹ ਨਹੀਂ ਸੂਰਮੇ, ਜੋ ਅਹੰਕਾਰੀ ਹੋ ਕੇ ਮਾਇਆ ਦੀ ਖ਼ਾਤਰ ਲੜ ਮਰਦੇ ਹਨ। ਉਹ ਤਾਂ ਜਨਮ ਅਜਾਈਂ ਗਵਾ ਗਏ। ਰੱਬ ਨੂੰ ਅਹੰਕਾਰ ਚੰਗਾ ਨਹੀਂ ਲੱਗਦਾ। (10) ਮਨ ਨਾਲ ਲੜਨ ਵਾਲੇ, ਤੇ, ਅਹੰਕਾਰੀ ਹੋ ਕੇ ਮਾਇਆ ਦੀ ਖ਼ਾਤਰ ਦੂਜਿਆਂ ਨਾਲ ਲੜਨ ਵਾਲੇ = ਇਹ ਦੋਵੇਂ ਪਾਸੇ ਪ੍ਰਭੂ ਨੇ ਆਪ ਹੀ ਬਣਾਏ ਹਨ। ਸੁਖੀ ਉਹ ਹਨ ਜੋ ਗੁਰੂ ਦੇ ਸਨਮੁਖ ਹੋ ਕੇ 'ਨਾਮ' ਜਪਦੇ ਹਨ। (11) ਧਨ ਪਦਾਰਥ ਦੇ ਮਾਣ ਵਿਚ ਆ ਕੇ ਵਿਕਾਰ ਕਰਨ ਵਾਲੇ ਦੁਖੀ ਹਨ ਕਿਉਂਕਿ ਜਗਤ ਵਿਚ ਅਸਲ ਦੁੱਖ ਇੱਕੋ ਹੀ ਹੈ, ਉਹ ਹੈ ਮੌਤ ਦਾ ਡਰ, ਤੇ ਇਹ ਮੌਤ ਦਾ ਡਰ ਧਨੀਆਂ ਤੇ ਵਿਕਾਰੀਆਂ ਨੂੰ ਹਰ ਵੇਲੇ ਸਹਿਮ ਵਿਚ ਪਾਈ ਰੱਖਦਾ ਹੈ। (12) ਮੌਤ ਦਾ ਡਰ ਮਨਮੁਖ ਨੂੰ ਹੀ ਦਬਾਂਦਾ ਹੈ ਕਿਉਂਕਿ ਉਹ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ; ਡਰਦਾ ਹੈ ਮਤਾਂ ਮੌਤ ਆ ਕੇ ਇਸ ਮਾਇਆ ਨਾਲੋਂ ਵਿਛੋੜ ਨ ਦੇਵੇ। (13) ਜੋ ਮਾਇਆ ਨੂੰ ਸੱਚਾ ਸਾਥੀ ਜਾਣ ਕੇ ਮਾਇਆ ਦੀ ਖ਼ਾਤਰ ਭਟਕਦੇ ਰਹੇ, ਉਨ੍ਹਾਂ ਦੀ ਸਾਰੀ ਮਿਹਨਤ ਨਿਹਫਲ ਗਈ। ਪਰ ਜਿਨ੍ਹਾਂ ਨੂੰ ਗੁਰੂ ਦੇ ਸਨਮੁਖ ਹੋ ਕੇ ਸਮਝ ਪੈ ਗਈ, ਉਹਨਾਂ 'ਨਾਮ' ਸਿਮਰਿਆ, ਉਹਨਾਂ ਦੇ ਅੰਦਰ ਰੱਬ ਦਾ ਪਿਆਰ ਉਪਜਿਆ। (14) ਜਿਨ੍ਹਾਂ ਨੇ ਗੁਰ-ਸ਼ਬਦ ਦੀ ਰਾਹੀਂ ਆਪਣੇ ਆਪ ਨੂੰ ਖੋਜਿਆ ਉਹ ਪ੍ਰਭੂ ਦੇ ਗੁਣ ਗਾਉਂਦੇ ਹਨ ਤੇ 'ਨਾਮ' ਵਿਚ ਲੀਨ ਹੁੰਦੇ ਹਨ। (15) ਜਗਤ ਵਿਚ ਪ੍ਰਭੂ ਦਾ 'ਨਾਮ' ਹੀ ਐਸਾ ਖ਼ਜ਼ਾਨਾ ਹੈ ਜੋ ਨਾਲ ਨਿਭਦਾ ਹੈ ਕਦੇ ਮੁੱਕਦਾ ਨਹੀਂ, ਇਸ ਦੀ ਬਰਕਤਿ ਨਾਲ ਮੌਤ ਦਾ ਡਰ ਦੂਰ ਹੋ ਜਾਂਦਾ ਹੈ, ਇਸ ਧਨ ਵਾਲੇ ਹੀ ਅਸਲ ਸ਼ਾਹ ਹਨ। (16) ਪ੍ਰਭੂ ਦੇ 'ਨਾਮ' ਤੋਂ ਬਿਨਾ ਮਨੁੱਖ ਕਦੇ ਨਹੀਂ ਰੱਜਦਾ ਭਾਵੇਂ ਇਸ ਪਾਸ ਕਿਤਨਾ ਹੀ ਧਨ ਹੋਵੇ, ਇਸ ਧਨ ਦੇ ਹੁੰਦਿਆਂ ਫਿਰ ਭੀ ਕੰਗਾਲ ਹੀ ਹੈ। (17) ਇਹ 'ਨਾਮ'-ਧਨ ਮਨੁੱਖ ਦੇ ਅੰਦਰ ਹੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਇਹ ਸਮਝ ਪੈਂਦੀ ਹੈ। ਜਦੋਂ 'ਨਾਮ' ਸਿਮਰਦਾ ਹੈ ਇਸ ਦੀ ਹਉਮੈ ਦੂਰ ਹੁੰਦੀ ਹੈ ਤੇ ਨਾਮ-ਰਸ ਨਾਲ ਰੱਜ ਜਾਂਦਾ ਹੈ। (18) ਪ੍ਰਭੂ-ਪਾਤਸ਼ਾਹ ਮਨੁੱਖ ਦੇ ਅੰਦਰ ਹੀ ਹਿਰਦੇ-ਤਖ਼ਤ ਤੇ ਬੈਠਾ ਹੋਇਆ ਹੈ, ਪਰ ਉਸ ਦੇ ਮਹਲ ਦਾ ਦਰ ਗੁਰੂ ਤੋਂ ਲੱਭਦਾ ਹੈ। ਹਰੇਕ ਦੇ ਅੰਦਰ ਬੈਠਾ ਹੀ ਖੋਟੇ ਖਰੇ ਦੀ ਪਰਖ ਕਰੀ ਜਾ ਰਿਹਾ ਹੈ। (19) ਪਰ ਮਨਮੁਖ ਆਪਣਾ ਅੰਦਰ ਨਹੀਂ ਭਾਲਦਾ, ਤ੍ਰਿਸ਼ਨਾ ਦਾ ਮਾਰਿਆ ਬਾਹਰ ਭਟਕਦਾ ਹੈ। ਗੁਰੂ-ਦਰ ਤੇ ਪਿਆਂ ਇਹ ਸਮਝ ਆਉਂਦੀ ਹੈ ਕਿ 'ਨਾਮ' ਜਪਿਆਂ ਇਸ ਤ੍ਰਿਸ਼ਨਾ ਤੋਂ ਖ਼ਲਾਸੀ ਹੁੰਦੀ ਹੈ। (20) ਪ੍ਰਭੂ ਦਾ 'ਨਾਮ' ਹੀ ਪਾਪਾਂ ਦੀ ਮੈਲ ਲਾਹ ਕੇ ਅੰਦਰ ਠੰਢ ਵਰਤਾਂਦਾ ਹੈ। ਚਿੰਤਾ ਤੇ ਮੋਹ ਦੂਰ ਹੋ ਜਾਂਦਾ ਹੈ। (21) ਪ੍ਰਭੂ ਆਪਣੀ ਰਜ਼ਾ ਅਨੁਸਾਰ ਹੀ ਮਿਹਰ ਕਰ ਕੇ ਗੁਰੂ ਮਿਲਾਂਦਾ ਹੈ ਤੇ ਸਿਮਰਨ ਵਿਚ ਜੋੜਦਾ ਹੈ। (22) ਪ੍ਰਭੂ, ਮਾਲਕ ਤਾਂ ਸਭ ਜੀਵਾਂ ਦਾ ਹੈ; ਪਰ ਗੁਰੂ-ਚਰਨਾਂ ਵਿਚ ਜੋੜ ਕੇ ਜਿਸ ਨੂੰ 'ਨਾਮ' ਵਿਚ ਲਾਂਦਾ ਹੈ ਉਹੀ ਲੱਗਦਾ ਹੈ। ਉਸੇ ਦੇ ਨਚਾਏ ਸਾਰੇ ਜੀਵ ਨੱਚਦੇ ਹਨ। ਸੰਖੇਪ ਭਾਵ: (1) ਮਾਇਆ ਭਾਵੇਂ ਨਾਲ ਨਹੀਂ ਨਿਭਦੀ, ਫਿਰ ਭੀ ਮਨੁੱਖ ਇਸ ਵਿਚ ਭੁੱਲਾ ਰਹਿੰਦਾ ਹੈ, ਭਰਮ ਮੋਹ ਅਹੰਕਾਰ ਆਦਿਕ ਦੇ ਕਿਲ੍ਹੇ ਵਿਚ ਕੈਦ ਰਹਿੰਦਾ ਹੈ, ਤ੍ਰਿਸ਼ਨਾ ਆਦਿਕ ਦੀਆਂ ਲਹਿਰਾਂ ਵਿਚ ਗੋਤੇ ਖਾਂਦਾ ਰਹਿੰਦਾ ਹੈ। ਜਦੋਂ ਗੁਰੂ ਦੀ ਸਿੱਖਿਆ ਤੇ ਤੁਰ ਕੇ ਇਹ 'ਨਾਮ' ਜਪਦਾ ਹੈ ਤਾਂ ਇਹ ਕਿਲ੍ਹਾ ਟੁੱਟ ਜਾਂਦਾ ਹੈ, ਤ੍ਰਿਸ਼ਨਾ ਦੀਆਂ ਲਹਿਰਾਂ ਮੁੱਕ ਜਾਂਦੀਆਂ ਹਨ ਕਿਉਂਕਿ ਫਿਰ ਇਸ ਨੂੰ ਮਾਇਕ ਰਸ ਪੋਹ ਨਹੀਂ ਸਕਦੇ। (1 ਤੋਂ 5) (2) ਪ੍ਰਭੂ ਨੇ ਜਗਤ ਦੋ ਭਾਂਤ ਦਾ ਰਚਿਆ ਹੈ; ਇਕ ਹਨ ਦੁਨੀਆ ਦੇ ਭੂਪਤ ਰਾਜੇ ਤੇ ਸੂਰਮੇ, ਦੂਜੇ ਹਨ 'ਨਾਮ' ਦੇ ਧਨੀ ਤੇ ਆਪਣੇ ਮਨ ਨੂੰ ਜਿੱਤਣ ਵਾਲੇ। ਦੁਨੀਆ ਦੀ ਪਾਤਸ਼ਾਹੀ ਚਾਰ ਦਿਨ ਦੀ ਹੈ, ਤੇ ਜਦ ਤਕ ਹੈ ਤਦ ਤਕ ਭੀ ਦੁੱਖ ਹੀ ਦੁੱਖ; ਫਿਰ, ਹਰ ਵੇਲੇ ਸਹਿਮ ਤੇ ਮੌਤ ਦਾ ਡਰ ਕਿ ਕਿਤੇ ਛੇਤੀ ਇਸ ਧਨ ਨਾਲੋਂ ਵਿਛੋੜਾ ਨਾਹ ਹੋ ਜਾਏ। ਜਿਨ੍ਹਾਂ ਪਾਸ ਨਾਮ-ਧਨ ਹੈ, ਜਿਨ੍ਹਾਂ ਆਪਣਾ ਮਨ ਜਿੱਤਿਆ ਹੈ ਉਹ ਸੁਖੀ ਹਨ, ਬੇ-ਮੁਥਾਜ ਹਨ, ਸਦਾ ਖਿੜੇ ਰਹਿੰਦੇ ਹਨ। (6 ਤੋਂ 12) (3) 'ਨਾਮ' ਹੀ ਐਸਾ ਧਨ ਹੈ ਜੋ ਸਦਾ ਨਾਲ ਨਿਭਦਾ ਹੈ, ਇਸ ਦੀ ਬਰਕਤਿ ਨਾਲ ਮੌਤ ਦਾ ਡਰ ਨਹੀਂ ਰਹਿੰਦਾ, ਨਾਮ-ਧਨ ਵਾਲੇ ਹੀ ਅਸਲ ਸ਼ਾਹ ਹਨ। ਦੁਨੀਆ ਵਾਲਾ ਧਨ ਭਾਵੇਂ ਕਿਤਨਾ ਹੀ ਹੋਵੇ, ਫਿਰ ਭੀ ਮਨੁੱਖ ਦਾ ਮਨ ਕੰਗਾਲ ਹੀ ਕੰਗਾਲ; ਸੋ, ਨਿਰੀ ਮਾਇਆ ਦੀ ਖ਼ਾਤਰ ਮਿਹਨਤ ਨਿਹਫਲ ਹੀ ਜਾਂਦੀ ਹੈ। (13 ਤੋਂ 16) (4) ਇਹ ਨਾਮ-ਧਨ ਹਰੇਕ ਮਨੁੱਖ ਦੇ ਅੰਦਰ ਹੀ ਹੈ; ਪ੍ਰਭੂ-ਪਾਤਿਸ਼ਾਹ ਹਰੇਕ ਦੇ ਹਿਰਦੇ ਵਿਚ ਬੈਠਾ ਹੀ ਵੇਖ ਰਿਹਾ ਹੈ ਕਿ ਖੋਟੇ ਪਾਸੇ ਜਾ ਕੇ ਦੁਖੀ ਕੌਣ ਹੋ ਰਿਹਾ ਹੈ ਤੇ ਖਰੇ ਪਾਸੇ ਤੁਰ ਕੇ ਸੁਖੀ ਕੌਣ ਹੈ। ਪਰ, ਮਨਮੁਖ ਆਪਣਾ ਅੰਦਰ ਨਹੀਂ ਭਾਲਦਾ, ਬਾਹਰ ਹੀ ਭਟਕਦਾ ਤੇ ਦੁਖੀ ਹੁੰਦਾ ਹੈ। ਜੋ ਮਨੁੱਖ ਗੁਰੂ ਦੀ ਸਰਨ ਪੈ ਕੇ 'ਨਾਮ' ਜਪਦਾ ਹੈ ਉਸ ਦੀ ਹਉਮੈ ਦੂਰ ਹੁੰਦੀ ਹੈ ਉਸ ਦੇ ਪਾਪ ਨਾਸ ਹੁੰਦੇ ਹਨ ਤੇ ਉਸ ਦੇ ਅੰਦਰ ਠੰਢ ਵਰਤਦੀ ਹੈ। (17 ਤੋਂ 20) (5) ਪ੍ਰਭੂ ਆਪ ਹੀ ਸਭ ਦਾ ਮਾਲਕ ਹੈ, ਉਸੇ ਦੇ ਨਚਾਏ ਸਾਰੇ ਨੱਚਦੇ ਹਨ। ਗੁਰੂ ਨਾਲ ਮੇਲ ਭੀ ਉਸੇ ਦੀ ਆਪਣੀ ਮਿਹਰ ਨਾਲ ਹੀ ਹੁੰਦਾ ਹੈ। ਜਿਸ ਨੂੰ ਪ੍ਰਭੂ ਆਪ ਗੁਰੂ-ਚਰਨਾਂ ਵਿਚ ਜੋੜਦਾ ਹੈ ਉਹੀ 'ਨਾਮ' ਜਪਦਾ ਹੈ। (21, 22) ਵਾਰ ਦੀ ਬਣਤਰ: 'ਵਾਰ' ਦੀਆਂ 22 ਪਉੜੀਆਂ ਹਨ, ਇਹਨਾਂ ਨਾਲ 47 ਸ਼ਲੋਕ ਹਨ। ਸ਼ਲੋਕਾਂ ਦਾ ਵੇਰਵਾ: ਸਿਰਫ਼ ਹੇਠ-ਲਿਖੀਆਂ ਪਉੜੀਆਂ ਨਾਲ ਸਾਰੇ ਸ਼ਲੋਕ ਗੁਰੂ ਅਮਰਦਾਸ ਜੀ ਦੇ ਹਨ ਜਿਨ੍ਹਾਂ ਦੀ ਇਹ ਵਾਰ ਹੈ– 4, 7, 9, 10, 11, 16, 17, 18, 22=9 ਪਉੜੀਆਂ। ਹੇਠ-ਲਿਖੀਆਂ ਪਉੜੀਆਂ ਨਾਲ ਸਿਰਫ਼ ਇਕ ਇਕ ਸ਼ਲੋਕ ਮਹਲੇ ਤੀਜੇ ਦਾ ਹੈ– 1, 3, 6, 8, 19=5 ਪਉੜੀਆਂ। 19 ਪਉੜੀਆਂ ਨਾਲ ਦੋ ਦੋ ਸ਼ਲੋਕ ਹਨ ਤੇ ਹੇਠ-ਲਿਖੀਆਂ ਦੋ ਪਉੜੀਆਂ ਨਾਲ ਤਿੰਨ ਤਿੰਨ ਸ਼ਲੋਕ = 2, 13, 14। ਹਰੇਕ ਪਉੜੀ ਦੀਆਂ ਪੰਜ ਪੰਜ ਤੁਕਾਂ ਹਨ, ਸਿਰਫ਼ ਅਖ਼ੀਰਲੀ ਪਉੜੀ ਦੀਆਂ 6 ਤੁਕਾਂ ਹਨ। ਸਾਰੀ 'ਵਾਰ' ਵਿਚ 8 ਪਉੜੀਆਂ ਐਸੀਆਂ ਹਨ ਜਿਨ੍ਹਾਂ ਦੇ ਨਾਲ ਗੁਰੂ ਅਮਰਦਾਸ ਜੀ ਦਾ ਕੋਈ ਸ਼ਲੋਕ ਨਹੀਂ ਹੈ; ਪਹਿਲੀ ਹੀ ਪਉੜੀ ਦੇ ਨਾਲ ਇਹਨਾਂ ਦਾ ਕੋਈ ਸ਼ਲੋਕ ਨਹੀਂ। ਅਖ਼ੀਰਲੀ ਪਉੜੀ ਤੋਂ ਛੁਟ, ਸਾਰੀਆਂ ਪਉੜੀਆਂ ਦੀਆਂ ਇਕੋ ਜਿਤਨੀਆਂ ਤੁਕਾਂ, ਸਾਰੀਆਂ ਪਉੜੀਆਂ ਦੇ ਮਜ਼ਮੂਨ ਦੀ ਭੀ ਇਕੋ ਹੀ ਲੜੀ = ਇਹ ਦੋਵੇਂ ਗੱਲਾਂ ਸਾਬਤ ਕਰਦੀਆਂ ਹਨ ਕਿ 'ਵਾਰ' ਗੁਰੂ ਅਮਰਦਾਸ ਜੀ ਨੇ ਇੱਕ ਹੀ ਸਮੇ ਤੇ ਉਚਾਰੀ ਹੈ। ਸਿਰਫ਼ 9 ਪਉੜੀਆਂ ਦੇ ਨਾਲ ਗੁਰੂ ਅਮਰਦਾਸ ਜੀ ਦੇ ਸਾਰੇ ਸ਼ਲੋਕ; 5 ਪਉੜੀਆਂ ਨਾਲ ਉਹਨਾਂ ਦਾ ਇਕ ਇਕ ਸ਼ਲੋਕ; 8 ਪਉੜੀਆਂ ਨਾਲ ਉਹਨਾਂ ਦਾ ਕੋਈ ਭੀ ਸ਼ਲੋਕ ਨਹੀਂ; ਪਹਿਲੀ ਹੀ ਪਉੜੀ ਨਾਲ ਉਹਨਾਂ ਦਾ ਕੋਈ ਭੀ ਸ਼ਲੋਕ ਨਾਹ ਹੋਣਾ = ਇਹ ਸਾਰੀਆਂ ਗੱਲਾਂ ਸਾਬਤ ਕਰਦੀਆਂ ਹਨ ਕਿ ਗੁਰੂ ਅਮਰਦਾਸ ਜੀ ਦੇ ਸ਼ਲੋਕ ਕਿਸੇ ਹੋਰ ਹੋਰ ਮੌਕੇ ਦੇ ਹਨ, 'ਵਾਰ' ਦੇ ਨਾਲ ਉਹਨਾਂ ਆਪ ਦਰਜ ਨਹੀਂ ਕੀਤੇ। 'ਵਾਰ' ਸਿਰਫ਼ 'ਪਉੜੀਆਂ' ਹੀ ਸੀ। ਸੋ, ਜੋ ਟੀਕਾਕਾਰ ਪਉੜੀ ਨੰ: 10 ਦੀ ਪਹਿਲੀ ਤੁਕ 'ਦੋਵੈ ਤਰਫਾ ਉਪਾਈਓਨੁ' ਤੇ ਇਹ ਨੋਟ ਲਿਖਦਾ ਹੈ 'ਗੁਰਮੁਖਾ ਵਾਲਾ ਤੇ ਮਨਮੁਖਾ ਵਾਲਾ ਰਾਹ, ਜਿਨ੍ਹਾਂ ਨੂੰ ਸ਼ਲੋਕਾਂ ਵਿਚ ਕਾਂ ਅਤੇ ਹੰਸ ਕਿਹਾ ਹੈ' ਉਕਾਈ ਖਾ ਰਿਹਾ ਹੈ, ਕਿਉਂਕਿ ਪਉੜੀਆਂ ਨਾਲ ਇਹ ਸ਼ਲੋਕ ਤਾਂ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ ਸਨ। ਫਿਰ ਇਹ 'ਦੋਵੈ ਤਰਫਾ' ਕੇਹੜੀਆਂ ਹਨ? ਇਸ ਦਾ ਉੱਤਰ ਲੱਭਣ ਲਈ ਵੇਖੋ ਪਉੜੀ ਨੰ: 6, 7, 8 ਅਤੇ 9: ਨੰ: 6 = ਦੁਨੀਆ ਦੇ 'ਭੂਪਤਿ ਰਾਜੇ'। ਨੰ: 9 = "ਸੂਰੇ" ਜੋ "ਅਹੰਕਾਰ ਮਰਹਿ"। ਨੰ: 7 = ਜਿਨ੍ਹਾਂ ਪਾਸ "ਹਰਿ ਕਾ ਨਾਮੁ ਅਮੋਲੁ ਹੈ"। ਨੰ: 8 = "ਸੇ ਸੂਰੇ ਪਰਧਾਨਾ" ਜੋ "ਲੂਝਹਿ ਮਨੈ ਸਿਉ"। ੴ ਸਤਿਗੁਰ ਪ੍ਰਸਾਦਿ ॥ ਸਲੋਕੁ ਮਃ ੧ ॥ ਵਿਣੁ ਗਾਹਕ ਗੁਣੁ ਵੇਚੀਐ ਤਉ ਗੁਣੁ ਸਹਘੋ ਜਾਇ ॥ ਗੁਣ ਕਾ ਗਾਹਕੁ ਜੇ ਮਿਲੈ ਤਉ ਗੁਣੁ ਲਾਖ ਵਿਕਾਇ ॥ ਗੁਣ ਤੇ ਗੁਣ ਮਿਲਿ ਪਾਈਐ ਜੇ ਸਤਿਗੁਰ ਮਾਹਿ ਸਮਾਇ ॥ ਮੋੁਲਿ ਅਮੋੁਲੁ ਨ ਪਾਈਐ ਵਣਜਿ ਨ ਲੀਜੈ ਹਾਟਿ ॥ ਨਾਨਕ ਪੂਰਾ ਤੋਲੁ ਹੈ ਕਬਹੁ ਨ ਹੋਵੈ ਘਾਟਿ ॥੧॥ {ਪੰਨਾ 1086-1087} ਪਦ ਅਰਥ: ਸਹਘੋ = ਸਸਤਾ ('ਮਹਿਘਾ' ਤੇ 'ਸਹਘਾ') । ਲਾਖ = ਲੱਖੀਂ ਰੁਪਈਂ, ਭਾਵ, ਬੜੀ ਕੀਮਤ ਨਾਲ। ਗੁਣ ਤੇ = ਗੁਣਾਂ ਤੋਂ, ਪ੍ਰਭੂ ਦੇ ਗੁਣ ਗਾਉਣ ਨਾਲ। ਗੁਣ ਮਿਲਿ = ਗੁਣਾਂ ਵਿਚ ਮਿਲ ਕੇ, ਪ੍ਰਭੂ ਦੇ ਗੁਣਾਂ ਵਿਚ ਮਿਲਿਆਂ, ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਮਨ ਜੋੜਿਆਂ। ਪਾਈਐ = {ਇਹ ਲਫ਼ਜ਼ 'ਇਕ-ਵਚਨ' ਹੈ, ਇਸ ਦਾ 'ਬਹੁ-ਵਚਨ' ਹੈ 'ਪਾਈਅਹਿ'; ਲਫ਼ਜ਼ 'ਗੁਣ' ਭੀ 'ਬਹੁ-ਵਚਨ' ਹੈ, ਇਸ ਦਾ 'ਇਕ-ਵਚਨ' ਹੈ 'ਗੁਣੁ'; ਸੋ, 'ਪਾਈਐ' ਦਾ ਅਰਥ 'ਗੁਣ ਮਿਲਦੇ ਹਨ' ਗ਼ਲਤ ਹੈ। } ਪਾਈਦਾ ਹੈ, ਮਿਲਦਾ ਹੈ, ('ਨਾਮ') ਮਿਲਦਾ ਹੈ। {ਨੋਟ: ਕਈ ਟੀਕਾਕਾਰ 'ਪਉੜੀ' ਵਿਚ ਲਫ਼ਜ਼ 'ਗਿਆਨੁ' ਵੇਖ ਕੇ ਇਸ ਸ਼ਲੋਕ ਵਿਚ ਭੀ 'ਪਾਈਐ' ਦੇ ਨਾਲ ਲਫ਼ਜ਼ 'ਗਿਆਨੁ' ਜੋੜਦੇ ਹਨ, ਇਹ ਭੀ ਗ਼ਲਤ ਹੈ। 'ਵਾਰ' ਦੀ 'ਪਉੜੀ' ਆਪਣੇ ਥਾਂ ਹੈ ਤੇ ਇਹ ਸ਼ਲੋਕ ਆਪਣੇ ਥਾਂ; ਫਿਰ, ਇਹ ਸ਼ਲੋਕ ਹੈ ਭੀ ਗੁਰੂ ਨਾਨਕ ਦੇਵ ਦਾ ਤੇ 'ਪਉੜੀ' ਹੈ ਗੁਰੂ ਅਮਰਦਾਸ ਜੀ ਦੀ}। ਮੋੁਲਿ = {ਅਸਲ ਪਾਠ 'ਮੁਲਿ' ਹੈ, ਏਥੇ ਪੜ੍ਹਨਾ ਹੈ 'ਮੋਲਿ'} (ਕਿਸੇ) ਮੁੱਲ ਨਾਲ, ਕਿਸੇ ਕੀਮਤ ਨਾਲ। ਅਮੋੁਲੁ = (ਅਸਲ ਪਾਠ 'ਅਮੁਲੁ', ਏਥੇ ਪੜ੍ਹਨਾ 'ਅਮੋਲੁ'} ਅਮੋਲਕ। ਵਣਜਿ = ਖ਼ਰੀਦ ਕੇ। ਹਾਟਿ = ਹੱਟ ਤੋਂ। ਤੋਲੁ = ('ਨਾਮ' ਦੇ) ਬਰਾਬਰ ਦੀ ਚੀਜ਼। ਪੂਰਾ = ਮੁਕੰਮਲ, ਕਦੇ ਘੱਟ ਵਧ ਨਾਹ ਹੋਣ ਵਾਲਾ। ਅਰਥ: ਜੇ ਕੋਈ ਗਾਹਕ ਨਾਹ ਹੋਵੇ ਤੇ (ਕੋਈ) ਗੁਣ (ਭਾਵ, ਕੋਈ ਕੀਮਤੀ ਪਦਾਰਥ) ਵੇਚੀਏ ਤਾਂ ਉਹ ਗੁਣ ਸਸਤੇ-ਭਾ ਵਿਕ ਜਾਂਦਾ ਹੈ, (ਭਾਵ, ਉਸ ਦੀ ਕਦਰ ਨਹੀਂ ਪੈਂਦੀ) । ਪਰ ਜੇ ਗੁਣ ਦਾ ਗਾਹਕ ਮਿਲ ਪਏ ਤਾਂ ਉਹ ਬਹੁਤ ਕੀਮਤ ਨਾਲ ਵਿਕਦਾ ਹੈ। (ਪਰ ਜੇ ਕੋਈ ਕਦਰ ਜਾਣਨ ਵਾਲਾ ਮਨੁੱਖ) ਗੁਰੂ ਵਿਚ 'ਆਪਾ' ਲੀਨ ਕਰ ਦੇਵੇ, ਤਾਂ ਪ੍ਰਭੂ ਦੇ ਗੁਣ ਗਾਂਵਿਆਂ, ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਜੁੜਿਆਂ (ਪ੍ਰਭੂ ਦਾ 'ਨਾਮ'-ਰੂਪ ਕੀਮਤੀ ਪਦਾਰਥ) ਮਿਲਦਾ ਹੈ। 'ਨਾਮ' ਬਹੁ-ਮੁੱਲਾ ਪਦਾਰਥ ਹੈ, ਕਿਸੇ ਕੀਮਤਿ ਨਾਲ ਨਹੀਂ ਮਿਲ ਸਕਦਾ, ਕਿਸੇ ਹੱਟ ਤੋਂ ਖ਼ਰੀਦ ਕੇ ਨਹੀਂ ਲਿਆ ਜਾ ਸਕਦਾ। ਹੇ ਨਾਨਕ! ('ਨਾਮ' ਦੇ ਮੁੱਲ ਦਾ) ਤੋਲ ਤਾਂ ਬੱਝਵਾਂ ਹੈ, ਉਹ ਕਦੇ ਘਟ ਨਹੀਂ ਸਕਦਾ (ਭਾਵ, 'ਆਪਾ ਗੁਰੂ ਵਿਚ ਲੀਨ ਕਰਨਾ' = ਇਹ ਬੱਝਵਾਂ ਮੁੱਲ ਹੈ, ਤੇ ਇਸ ਤੋਂ ਘਟ ਕੋਈ ਹੋਰ ਉੱਦਮ 'ਨਾਮ' ਦੀ ਪ੍ਰਾਪਤੀ ਲਈ ਕਾਫ਼ੀ ਨਹੀਂ ਹੈ) ।1। ਮਃ ੪ ॥ ਨਾਮ ਵਿਹੂਣੇ ਭਰਮਸਹਿ ਆਵਹਿ ਜਾਵਹਿ ਨੀਤ ॥ ਇਕਿ ਬਾਂਧੇ ਇਕਿ ਢੀਲਿਆ ਇਕਿ ਸੁਖੀਏ ਹਰਿ ਪ੍ਰੀਤਿ ॥ ਨਾਨਕ ਸਚਾ ਮੰਨਿ ਲੈ ਸਚੁ ਕਰਣੀ ਸਚੁ ਰੀਤਿ ॥੨॥ ਅਰਥ: ਜੋ ਮਨੁੱਖ 'ਨਾਮ' ਤੋਂ ਸੱਖਣੇ ਹਨ ਉਹ ਭਟਕਦੇ ਹਨ (ਭਟਕਣਾ ਦੇ ਕਾਰਨ) ਨਿੱਤ ਜੰਮਦੇ ਤੇ ਮਰਦੇ ਹਨ (ਭਾਵ, 'ਵਾਸਨਾ' ਪੂਰੀਆਂ ਕਰਨ ਲਈ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ) ; ਸੋ, ਕਈ ਜੀਵ (ਇਹਨਾਂ 'ਵਾਸਨਾ' ਨਾਲ) ਬੱਝੇ ਪਏ ਹਨ, ਕਈਆਂ ਨੇ ਬੰਧਨ ਕੁਝ ਢਿੱਲੇ ਕਰ ਲਏ ਹਨ ਤੇ ਕਈ ਪ੍ਰਭੂ ਦੇ ਪਿਆਰ ਵਿਚ ਰਹਿ ਕੇ (ਬਿਲਕੁਲ) ਸੁਖੀ ਹੋ ਗਏ ਹਨ। ਹੇ ਨਾਨਕ! ਜਿਹੜਾ ਮਨੁੱਖ ਸਦਾ-ਥਿਰ ਪਰਮਾਤਮਾ ਨੂੰ ਆਪਣੇ ਮਨ ਵਿਚ ਪੱਕਾ ਕਰ ਲੈਂਦਾ ਹੈ, ਸਦਾ-ਥਿਰ ਨਾਮ ਉਸ ਵਾਸਤੇ ਕਰਨ-ਜੋਗ ਕੰਮ ਹੈ ਸਦਾ-ਥਿਰ ਨਾਮ ਹੀ ਉਸ ਦੀ ਜੀਵਨ-ਜੁਗਤਿ ਹੋ ਜਾਂਦਾ ਹੈ।2। |
Sri Guru Granth Darpan, by Professor Sahib Singh |