ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1087

ਪਉੜੀ ॥ ਗੁਰ ਤੇ ਗਿਆਨੁ ਪਾਇਆ ਅਤਿ ਖੜਗੁ ਕਰਾਰਾ ॥ ਦੂਜਾ ਭ੍ਰਮੁ ਗੜੁ ਕਟਿਆ ਮੋਹੁ ਲੋਭੁ ਅਹੰਕਾਰਾ ॥ ਹਰਿ ਕਾ ਨਾਮੁ ਮਨਿ ਵਸਿਆ ਗੁਰ ਸਬਦਿ ਵੀਚਾਰਾ ॥ ਸਚ ਸੰਜਮਿ ਮਤਿ ਊਤਮਾ ਹਰਿ ਲਗਾ ਪਿਆਰਾ ॥ ਸਭੁ ਸਚੋ ਸਚੁ ਵਰਤਦਾ ਸਚੁ ਸਿਰਜਣਹਾਰਾ ॥੧॥ {ਪੰਨਾ 1087}

ਅਰਥ: (ਗਿਆਨ, ਮਾਨੋ) ਬੜਾ ਤੇਜ਼ ਖੰਡਾ ਹੈ, ਇਹ ਗਿਆਨ ਗੁਰੂ ਤੋਂ ਮਿਲਦਾ ਹੈ, (ਜਿਸ ਨੂੰ ਮਿਲਿਆ ਹੈ ਉਸ ਦਾ) ਮਾਇਆ ਦੀ ਖ਼ਾਤਰ ਭਟਕਣਾ, ਮੋਹ, ਲੋਭ ਤੇ ਅਹੰਕਾਰ-ਰੂਪ ਕਿਲ੍ਹਾ (ਜਿਸ ਵਿਚ ਉਹ ਘਿਰਿਆ ਪਿਆ ਸੀ, ਇਸ ਗਿਆਨ-ਖੜਗ ਨਾਲ) ਕੱਟਿਆ ਜਾਂਦਾ ਹੈ; ਗੁਰੂ ਦੇ ਸ਼ਬਦ ਵਿਚ ਸੁਰਤਿ ਜੋੜਿਆਂ ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ। ਸਿਮਰਨ ਦੇ ਸੰਜਮ ਨਾਲ ਉਸ ਦੀ ਮਤਿ ਚੰਗੀ ਹੋ ਜਾਂਦੀ ਹੈ, ਰੱਬ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ; (ਆਖ਼ਰ ਉਸ ਦੀ ਇਹ ਹਾਲਤ ਹੋ ਜਾਂਦੀ ਹੈ ਕਿ) ਸਦਾ-ਥਿਰ ਸਿਰਜਣਹਾਰ ਉਸ ਨੂੰ ਹਰ ਥਾਂ ਵੱਸਦਾ ਦਿੱਸਦਾ ਹੈ।1।

ਸਲੋਕੁ ਮਃ ੩ ॥ ਕੇਦਾਰਾ ਰਾਗਾ ਵਿਚਿ ਜਾਣੀਐ ਭਾਈ ਸਬਦੇ ਕਰੇ ਪਿਆਰੁ ॥ ਸਤਸੰਗਤਿ ਸਿਉ ਮਿਲਦੋ ਰਹੈ ਸਚੇ ਧਰੇ ਪਿਆਰੁ ॥ ਵਿਚਹੁ ਮਲੁ ਕਟੇ ਆਪਣੀ ਕੁਲਾ ਕਾ ਕਰੇ ਉਧਾਰੁ ॥ ਗੁਣਾ ਕੀ ਰਾਸਿ ਸੰਗ੍ਰਹੈ ਅਵਗਣ ਕਢੈ ਵਿਡਾਰਿ ॥ ਨਾਨਕ ਮਿਲਿਆ ਸੋ ਜਾਣੀਐ ਗੁਰੂ ਨ ਛੋਡੈ ਆਪਣਾ ਦੂਜੈ ਨ ਧਰੇ ਪਿਆਰੁ ॥੧॥ {ਪੰਨਾ 1087}

ਪਦ ਅਰਥ: ਰਾਸਿ = ਪੂੰਜੀ, ਸਰਮਾਇਆ। ਸੰਗ੍ਰਹੈ– ਇਕੱਠੀ ਕਰੇ। ਵਿਡਾਰਿ = ਮਾਰ ਕੇ।

ਅਰਥ: ਹੇ ਭਾਈ! ਕੇਦਾਰਾ ਰਾਗ ਨੂੰ (ਹੋਰ ਬਾਕੀ ਦੇ) ਰਾਗਾਂ ਵਿਚ ਤਾਂ ਹੀ ਜਾਣੋ (ਭਾਵ, ਕੇਦਾਰਾ ਰਾਗ ਨੂੰ ਤਾਂ ਹੀ ਵਡਿਆਈਏ, ਜੇ ਇਸ ਨੂੰ ਗਾਉਣ ਵਾਲਾ) ਗੁਰੂ ਦੇ ਸ਼ਬਦ ਵਿਚ ਪਿਆਰ ਕਰਨ ਲੱਗ ਪਏ, ਅੰਦਰੋਂ ਆਪਣੀ ਮੈਲ ਭੀ ਕੱਟੇ ਤੇ ਆਪਣੀਆਂ ਕੁਲਾਂ ਨੂੰ ਭੀ ਤਾਰ ਲਏ, ਗੁਣਾਂ ਦੀ ਪੂੰਜੀ ਇਕੱਠੀ ਕਰੇ ਤੇ ਔਗੁਣ ਮਾਰ ਕੇ ਕੱਢ ਦੇਵੇ।

ਹੇ ਨਾਨਕ! (ਕੇਦਾਰਾ ਰਾਗ ਦੀ ਰਾਹੀਂ ਰੱਬ ਵਿਚ) ਜੁੜਿਆ ਉਸ ਨੂੰ ਸਮਝੋ ਜੋ ਕਦੇ ਆਪਣੇ ਗੁਰੂ ਦਾ ਆਸਰਾ ਨਾਹ ਛੱਡੇ ਤੇ ਮਾਇਆ ਵਿਚ ਮੋਹ ਨਾਹ ਪਾਏ।1।

ਮਃ ੪ ॥ ਸਾਗਰੁ ਦੇਖਉ ਡਰਿ ਮਰਉ ਭੈ ਤੇਰੈ ਡਰੁ ਨਾਹਿ ॥ ਗੁਰ ਕੈ ਸਬਦਿ ਸੰਤੋਖੀਆ ਨਾਨਕ ਬਿਗਸਾ ਨਾਇ ॥੨॥ {ਪੰਨਾ 1087}

ਪਦ ਅਰਥ: ਭੈ ਤੇਰੈ = ਤੇਰੇ ਡਰ ਦੀ ਰਾਹੀਂ, ਤੇਰੇ ਡਰ ਵਿਚ ਰਿਹਾਂ। ਬਿਗਸਾ = ਮੈਂ ਵਿਗਸਦਾ ਹਾਂ, ਖਿੜਦਾ ਹਾਂ। ਨਾਇ = (ਤੇਰੇ) ਨਾਮ ਦੀ ਰਾਹੀਂ।

ਅਰਥ: (ਹੇ ਪ੍ਰਭੂ!) ਜਦੋਂ ਮੈਂ (ਇਸ ਸੰਸਾਰ-) ਸਮੁੰਦਰ ਨੂੰ ਵੇਖਦਾ ਹਾਂ ਤਾਂ ਡਰ ਨਾਲ ਸਹਿਮ ਜਾਂਦਾ ਹਾਂ (ਕਿ ਕਿਵੇਂ ਇਸ ਵਿਚੋਂ ਬਚ ਕੇ ਲੰਘਾਂਗਾ, ਪਰ) ਤੇਰੇ ਡਰ ਵਿਚ ਰਿਹਾਂ (ਇਸ ਸੰਸਾਰ-ਸਮੁੰਦਰ ਦਾ ਕੋਈ) ਡਰ ਨਹੀਂ ਰਹਿ ਜਾਂਦਾ; ਕਿਉਂਕਿ, ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਸੰਤੋਖ ਵਾਲਾ ਬਣ ਰਿਹਾ ਹਾਂ ਤੇ ਪ੍ਰਭੂ ਦੇ ਨਾਮ ਦੀ ਰਾਹੀਂ ਮੈਂ ਖਿੜਦਾ ਹਾਂ।2।

ਮਃ ੪ ॥ ਚੜਿ ਬੋਹਿਥੈ ਚਾਲਸਉ ਸਾਗਰੁ ਲਹਰੀ ਦੇਇ ॥ ਠਾਕ ਨ ਸਚੈ ਬੋਹਿਥੈ ਜੇ ਗੁਰੁ ਧੀਰਕ ਦੇਇ ॥ ਤਿਤੁ ਦਰਿ ਜਾਇ ਉਤਾਰੀਆ ਗੁਰੁ ਦਿਸੈ ਸਾਵਧਾਨੁ ॥ ਨਾਨਕ ਨਦਰੀ ਪਾਈਐ ਦਰਗਹ ਚਲੈ ਮਾਨੁ ॥੩॥ {ਪੰਨਾ 1087}

ਪਦ ਅਰਥ: ਬੋਹਿਥ = ਜਹਾਜ਼। ਲਹਰੀ = ਲਹਿਰਾਂ ('ਲਹਿਰ' ਤੋਂ 'ਬਹੁ-ਵਚਨ') । ਠਾਕ = ਰੋਕ। ਸਾਵਧਾਨੁ = ਸੁਚੇਤ, ਤਤਪਰ {ਸ+ਅਵਧਾਨ=ਧਿਆਨ ਸਹਿਤ, ਗਹੁ ਕਰਨ ਵਾਲਾ}।

ਅਰਥ: (ਸੰਸਾਰ-) ਸਮੁੰਦਰ (ਤਾਂ ਵਿਕਾਰਾਂ ਦੀਆਂ) ਠਾਠਾਂ ਮਾਰ ਰਿਹਾ ਹੈ ਪਰ ਮੈਂ (ਗੁਰ-ਸ਼ਬਦ-ਰੂਪ) ਜਹਾਜ਼ ਵਿਚ ਚੜ੍ਹ ਕੇ (ਇਸ ਸਮੁੰਦਰ ਵਿਚੋਂ) ਲੰਘਾਂਗਾ। ਜੇ ਸਤਿਗੁਰ ਹੌਸਲਾ ਦੇਵੇ ਤਾਂ ਇਸ ਸੱਚੇ ਜਹਾਜ਼ ਵਿਚ ਚੜ੍ਹਿਆਂ (ਸਫ਼ਰ ਵਿਚ) ਕੋਈ ਰੋਕ ਨਹੀਂ ਪਏਗੀ। ਮੈਨੂੰ ਆਪਣਾ ਗੁਰੂ ਸੁਚੇਤ ਦਿੱਸ ਰਿਹਾ ਹੈ (ਮੈਨੂੰ ਨਿਸ਼ਚਾ ਹੈ ਕਿ ਗੁਰੂ ਮੈਨੂੰ) ਉਸ (ਪ੍ਰਭੂ ਦੇ) ਦਰ ਤੇ ਜਾ ਉਤਾਰੇਗਾ।

ਹੇ ਨਾਨਕ! (ਇਹ ਗੁਰ-ਸ਼ਬਦ ਦਾ ਜਹਾਜ਼) ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ (ਇਸ ਦੀ ਬਰਕਤਿ ਨਾਲ) ਪ੍ਰਭੂ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ।3।

ਪਉੜੀ ॥ ਨਿਹਕੰਟਕ ਰਾਜੁ ਭੁੰਚਿ ਤੂ ਗੁਰਮੁਖਿ ਸਚੁ ਕਮਾਈ ॥ ਸਚੈ ਤਖਤਿ ਬੈਠਾ ਨਿਆਉ ਕਰਿ ਸਤਸੰਗਤਿ ਮੇਲਿ ਮਿਲਾਈ ॥ ਸਚਾ ਉਪਦੇਸੁ ਹਰਿ ਜਾਪਣਾ ਹਰਿ ਸਿਉ ਬਣਿ ਆਈ ॥ ਐਥੈ ਸੁਖਦਾਤਾ ਮਨਿ ਵਸੈ ਅੰਤਿ ਹੋਇ ਸਖਾਈ ॥ ਹਰਿ ਸਿਉ ਪ੍ਰੀਤਿ ਊਪਜੀ ਗੁਰਿ ਸੋਝੀ ਪਾਈ ॥੨॥ {ਪੰਨਾ 1087}

ਪਦ ਅਰਥ: ਨਿਹਕੰਟਕ = ਜਿਸ ਵਿਚ ਕੋਈ ਕੰਡਾ ਚੋਭ ਨਾਹ ਲਾਏ। ਭੁੰਚਿ = ਮਾਣ। ਸਚੁ ਕਮਾਈ = ਸਿਮਰਨ-ਰੂਪ ਕਮਾਈ। ਗੁਰਿ = ਗੁਰੂ ਨੇ।

ਅਰਥ: (ਹੇ ਭਾਈ!) ਗੁਰੂ ਦੇ ਸਨਮੁਖ ਹੋ ਕੇ ਸਿਮਰਨ ਦੀ ਕਮਾਈ ਕਰ (ਤੇ ਇਸ ਤਰ੍ਹਾਂ) ਨਿਰਚੋਭ ਰਾਜ ਮਾਣ, (ਕਿਉਂਕਿ) ਜੋ ਪ੍ਰਭੂ ਸਦਾ-ਥਿਰ ਤਖ਼ਤ ਤੇ ਬਹਿ ਕੇ ਨਿਆਂ ਕਰ ਰਿਹਾ ਹੈ ਉਹ ਤੈਨੂੰ ਸਤਸੰਗ ਵਿਚ ਮਿਲਾ ਦੇਵੇਗਾ, ਓਥੇ ਨਾਮ-ਸਿਮਰਨ ਦੀ ਸੱਚੀ ਸਿੱਖਿਆ ਕਮਾਇਆਂ ਤੇਰੀ ਪ੍ਰਭੂ ਨਾਲ ਬਣ ਆਵੇਗੀ, ਇਸ ਜੀਵਨ ਵਿਚ ਸੁਖਦਾਤਾ ਰੱਬ ਮਨ ਵਿਚ ਵੱਸੇਗਾ ਤੇ ਅੰਤ ਵੇਲੇ ਭੀ ਸਾਥੀ ਬਣੇਗਾ।

ਜਿਸ ਮਨੁੱਖ ਨੂੰ ਸਤਿਗੁਰੂ ਨੇ ਸਮਝ ਬਖ਼ਸ਼ੀ ਉਸ ਦਾ ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ।2।

ਸਲੋਕੁ ਮਃ ੧ ॥ ਭੂਲੀ ਭੂਲੀ ਮੈ ਫਿਰੀ ਪਾਧਰੁ ਕਹੈ ਨ ਕੋਇ ॥ ਪੂਛਹੁ ਜਾਇ ਸਿਆਣਿਆ ਦੁਖੁ ਕਾਟੈ ਮੇਰਾ ਕੋਇ ॥ ਸਤਿਗੁਰੁ ਸਾਚਾ ਮਨਿ ਵਸੈ ਸਾਜਨੁ ਉਤ ਹੀ ਠਾਇ ॥ ਨਾਨਕ ਮਨੁ ਤ੍ਰਿਪਤਾਸੀਐ ਸਿਫਤੀ ਸਾਚੈ ਨਾਇ ॥੧॥ {ਪੰਨਾ 1087}

ਪਦ ਅਰਥ: ਭੂਲੀ ਭੂਲੀ = ਬਥੇਰਾ ਚਿਰ ਖੁੰਝੀ ਹੋਈ। ਪਾਧਰੁ = ਪੱਧਰਾ ਰਾਹ। ਉਤ ਹੀ ਠਾਇ = ਓਸੇ ਥਾਂ। ਤ੍ਰਿਪਤਾਸੀਐ = ਰੱਜ ਜਾਂਦਾ ਹੈ, ਭਟਕਣੋਂ ਹਟ ਜਾਂਦਾ ਹੈ। ਨਾਇ = ਨਾਮ ਦੀ ਰਾਹੀਂ।

ਅਰਥ: ਬਥੇਰੇ ਚਿਰ ਤੋਂ ਖੁੰਝੀ ਹੋਈ ਮੈਂ ਭਟਕ ਰਹੀ ਹਾਂ, ਮੈਨੂੰ ਕੋਈ ਪੱਧਰਾ ਰਾਹ ਨਹੀਂ ਦੱਸਦਾ, ਕੋਈ ਧਿਰ ਜਾ ਕੇ ਕਿਸੇ ਸਿਆਣੇ ਬੰਦਿਆਂ ਨੂੰ ਪੁੱਛੋ, ਭਲਾ ਜੇ ਕੋਈ ਮੇਰਾ ਕਸ਼ਟ ਕੱਟ ਦੇਵੇ।

ਹੇ ਨਾਨਕ! ਜੇ ਸੱਚਾ ਗੁਰੂ ਮਨ ਵਿਚ ਆ ਵੱਸੇ ਤਾਂ ਸੱਜਣ ਪ੍ਰਭੂ ਭੀ ਓਸੇ ਥਾਂ (ਭਾਵ, ਹਿਰਦੇ ਵਿਚ ਹੀ ਮਿਲ ਪੈਂਦਾ ਹੈ) , ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਨਾਲ ਤੇ ਪ੍ਰਭੂ ਦਾ ਨਾਮ ਸਿਮਰਿਆਂ ਮਨ ਭਟਕਣੋਂ ਹਟ ਜਾਂਦਾ ਹੈ।1।

ਮਃ ੩ ॥ ਆਪੇ ਕਰਣੀ ਕਾਰ ਆਪਿ ਆਪੇ ਕਰੇ ਰਜਾਇ ॥ ਆਪੇ ਕਿਸ ਹੀ ਬਖਸਿ ਲਏ ਆਪੇ ਕਾਰ ਕਮਾਇ ॥ ਨਾਨਕ ਚਾਨਣੁ ਗੁਰ ਮਿਲੇ ਦੁਖ ਬਿਖੁ ਜਾਲੀ ਨਾਇ ॥੨॥ {ਪੰਨਾ 1087}

ਪਦ ਅਰਥ: ਕਰਣੀ = ਕਰਨ-ਜੋਗ, ਜੋ ਕਰਨੀ ਚਾਹੀਦੀ ਹੈ। ਕਿਸ ਹੀ = ਜਿਸ ਕਿਸੇ ਨੂੰ। ਗੁਰ ਮਿਲੇ = ਗੁਰੂ ਨੂੰ ਮਿਲਿਆਂ। ਬਿਖੁ = ਵਿਹੁ। ਨਾਇ = ਨਾਮ ਦੀ ਰਾਹੀਂ।

ਅਰਥ: ਪ੍ਰਭੂ ਆਪਣੀ ਰਜ਼ਾ ਵਿਚ ਆਪ ਹੀ ਕਰਨ-ਜੋਗ ਕਾਰ ਕਰਦਾ ਹੈ, ਆਪ ਹੀ ਜੀਵ ਨੂੰ ਬਖ਼ਸ਼ਦਾ ਹੈ ਆਪ ਹੀ (ਜਿਸ ਤੇ ਮਿਹਰ ਕਰੇ ਉਸ ਵਿਚ ਪ੍ਰਤੱਖ ਹੋ ਕੇ ਭਗਤੀ ਦੀ) ਕਾਰ ਕਮਾਂਦਾ ਹੈ।

ਹੇ ਨਾਨਕ! ਗੁਰੂ ਨੂੰ ਮਿਲ ਕੇ ਜਿਸ ਦੇ ਹਿਰਦੇ ਵਿਚ ਪ੍ਰਕਾਸ਼ ਹੁੰਦਾ ਹੈ ਉਹ 'ਨਾਮ' ਸਿਮਰ ਕੇ ਵਿਹੁ-ਰੂਪ ਮਾਇਆ ਤੋਂ ਪੈਦਾ ਹੋਏ ਦੁੱਖ ਸਾੜ ਦੇਂਦਾ ਹੈ।2।

ਪਉੜੀ ॥ ਮਾਇਆ ਵੇਖਿ ਨ ਭੁਲੁ ਤੂ ਮਨਮੁਖ ਮੂਰਖਾ ॥ ਚਲਦਿਆ ਨਾਲਿ ਨ ਚਲਈ ਸਭੁ ਝੂਠੁ ਦਰਬੁ ਲਖਾ ॥ ਅਗਿਆਨੀ ਅੰਧੁ ਨ ਬੂਝਈ ਸਿਰ ਊਪਰਿ ਜਮ ਖੜਗੁ ਕਲਖਾ ॥ ਗੁਰ ਪਰਸਾਦੀ ਉਬਰੇ ਜਿਨ ਹਰਿ ਰਸੁ ਚਖਾ ॥ ਆਪਿ ਕਰਾਏ ਕਰੇ ਆਪਿ ਆਪੇ ਹਰਿ ਰਖਾ ॥੩॥ {ਪੰਨਾ 1087}

ਪਦ ਅਰਥ: ਦਰਬੁ = ਧਨ। ਲਖਾ = ਲਖ, ਵੇਖ। ਕਲਖਾ = ਕਲ ਖਾ, ਕਾਲ ਦਾ। ਜਿਨਿ = ਜਿਨ੍ਹਾਂ ਨੇ। ਰਖਾ = ਰਾਖਾ।

ਅਰਥ: ਹੇ ਮੂਰਖ! ਹੇ ਮਨ ਦੇ ਗ਼ੁਲਾਮ! ਮਾਇਆ ਨੂੰ ਵੇਖ ਕੇ ਉਕਾਈ ਨਾਹ ਖਾਹ, ਇਹ (ਏਥੋਂ) ਤੁਰਨ ਵੇਲੇ ਕਿਸੇ ਦੇ ਨਾਲ ਨਹੀਂ ਤੁਰਦੀ, ਸੋ, ਸਾਰੇ ਧਨ ਨੂੰ ਝੂਠਾ (ਸਾਥੀ) ਜਾਣ। (ਪਰ ਇਸ ਮਾਇਆ ਨੂੰ ਵੇਖ ਕੇ) ਮੂਰਖ ਅੰਨ੍ਹਾ ਮਨੁੱਖ ਨਹੀਂ ਸਮਝਦਾ ਕਿ ਸਿਰ ਉਤੇ ਜਮ ਦੀ ਮੌਤ ਦੀ ਤਲਵਾਰ ਭੀ ਹੈ (ਤੇ ਇਸ ਮਾਇਆ ਨਾਲੋਂ ਸਾਥ ਟੁੱਟਣਾ ਹੈ) ।

ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਦਾ ਰਸ ਚੱਖਿਆ ਹੈ ਉਹ ਗੁਰੂ ਦੀ ਮਿਹਰ ਨਾਲ (ਮਾਇਆ ਵਿਚ ਮੋਹ ਪਾਣ ਦੀ ਉਕਾਈ ਤੋਂ) ਬਚ ਜਾਂਦੇ ਹਨ; ਇਹ (ਉੱਦਮ) ਪ੍ਰਭੂ ਆਪ ਹੀ (ਜੀਵ ਪਾਸੋਂ) ਕਰਾਂਦਾ ਹੈ (ਜੀਵ ਵਿਚ ਬੈਠ ਕੇ, ਮਾਨੋ) ਆਪ ਹੀ ਕਰਦਾ ਹੈ, ਆਪ ਹੀ ਜੀਵ ਦਾ ਰਾਖਾ ਹੈ।3।

TOP OF PAGE

Sri Guru Granth Darpan, by Professor Sahib Singh