ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1088 ਸਲੋਕੁ ਮਃ ੩ ॥ ਜਿਨਾ ਗੁਰੁ ਨਹੀ ਭੇਟਿਆ ਭੈ ਕੀ ਨਾਹੀ ਬਿੰਦ ॥ ਆਵਣੁ ਜਾਵਣੁ ਦੁਖੁ ਘਣਾ ਕਦੇ ਨ ਚੂਕੈ ਚਿੰਦ ॥ ਕਾਪੜ ਜਿਵੈ ਪਛੋੜੀਐ ਘੜੀ ਮੁਹਤ ਘੜੀਆਲੁ ॥ ਨਾਨਕ ਸਚੇ ਨਾਮ ਬਿਨੁ ਸਿਰਹੁ ਨ ਚੁਕੈ ਜੰਜਾਲੁ ॥੧॥ {ਪੰਨਾ 1088} ਪਦ ਅਰਥ: ਭੇਟਿਆ = {ਪਿਛਲੀ ਪਉੜੀ ਦੇ ਸਲੋਕ ਨੰ: 2 ਵਿਚ 'ਗੁਰ ਮਿਲੇ' ਤੇ ਏਥੇ 'ਗੁਰੁ ਭੇਟਿਆ' ਆਇਆ ਹੈ। ਦੋਹਾਂ ਦਾ ਫ਼ਰਕ ਪਰਖੋ। 'ਗੁਰ ਮਿਲੇ' ਵਿਚ 'ਗੁਰ' ਦਾ ਅਰਥ ਹੈ 'ਗੁਰੂ ਨੂੰ'। 'ਗੁਰੁ ਭੇਟਿਆ' ਦਾ ਅਰਥ ਹੈ 'ਗੁਰੂ ਮਿਲਿਆ'; ਲਫ਼ਜ਼ 'ਜਿਨਾ' ਸਾਫ਼ ਦੱਸਦਾ ਹੈ='ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ'। ਸੋ 'ਭੇਟਾ ਲੈ ਕੇ ਮਿਲਣ ਨੂੰ 'ਭੇਟਣਾ' ਕਹਿੰਦੇ ਹਨ' = ਇਹ ਅਰਥ ਉੱਕਾ ਗ਼ਲਤ ਹੈ ਕਿਉਂਕਿ ਗੁਰੂ ਭੇਟਾ ਲੈ ਕੇ ਸਿੱਖ ਨੂੰ ਨਹੀਂ ਮਿਲਦਾ}। ਚਿੰਦ = ਚਿੰਤਾ। ਪਛੋੜੀਐ = ਪਟੜੇ ਉੱਤੇ ਪਟਕਾਈਦਾ ਹੈ। ਜੰਜਾਲੁ = ਝੰਬੇਲਾ, ਚਿੰਤਾ, ਸਹਸਾ। ਅਰਥ: ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ, ਜਿਨ੍ਹਾਂ ਦੇ ਅੰਦਰ ਰੱਬ ਦਾ ਰਤਾ ਭੀ ਡਰ ਨਹੀਂ, ਉਹਨਾਂ ਨੂੰ ਜੰਮਣ ਮਰਨ (ਦਾ) ਡਾਢਾ ਦੁੱਖ ਲੱਗਾ ਰਹਿੰਦਾ ਹੈ, ਉਹਨਾਂ ਦੀ ਚਿੰਤਾ ਕਦੇ ਮੁੱਕਦੀ ਨਹੀਂ। ਹੇ ਨਾਨਕ! ਜਿਵੇਂ (ਧੋਣ ਵੇਲੇ) ਕੱਪੜਾ (ਪਟੜੇ ਤੇ) ਪਟਕਾਈਦਾ ਹੈ, ਜਿਵੇਂ ਘੜਿਆਲ ਮੁੜ ਮੁੜ (ਚੋਟਾਂ ਖਾਂਦਾ ਹੈ) ਤਿਵੇਂ ਪ੍ਰਭੂ-ਨਾਮ ਤੋਂ ਵਾਂਜੇ ਰਹਿ ਕੇ ਉਹਨਾਂ ਦੇ ਸਿਰ ਤੋਂ (ਭੀ) ਸਹਸਾ ਨਹੀਂ ਮੁੱਕਦਾ।1। ਮਃ ੩ ॥ ਤ੍ਰਿਭਵਣ ਢੂਢੀ ਸਜਣਾ ਹਉਮੈ ਬੁਰੀ ਜਗਤਿ ॥ ਨਾ ਝੁਰੁ ਹੀਅੜੇ ਸਚੁ ਚਉ ਨਾਨਕ ਸਚੋ ਸਚੁ ॥੨॥ {ਪੰਨਾ 1088} ਪਦ ਅਰਥ: ਜਗਤਿ = ਜਗਤ ਵਿਚ। ਹੀਅੜੇ = ਹੇ ਦਿਲ! {'ਹੀਅੜਾ' ਤੋਂ ਸੰਬੋਧਨ 'ਹੀਅੜੇ' ਹੈ; ਜੇ ਅਰਥ ਕਰਨਾ ਹੋਵੇ 'ਦਿਲ ਵਿਚ', ਤਾਂ 'ਹੀਅੜੈ' ਲਫ਼ਜ਼ ਹੈ 'ਅਧਿਕਰਣ ਕਾਰਕ, ਇਕ-ਵਚਨ'}। ਨਾਨਕ ਹੀਅੜੇ = ਹੇ ਨਾਨਕ ਦੇ ਦਿਲ! ਸਚੁ = ਸੱਚਾ ਨਾਮ। ਚਉ = ਸਿਮਰ, ਉਚਾਰ। ਅਰਥ: ਹੇ ਸੱਜਣ (ਪ੍ਰਭੂ!) ਮੈਂ ਤਿੰਨਾਂ ਹੀ ਭਵਨਾਂ ਵਿਚ ਭਾਲ ਵੇਖਿਆ ਹੈ ਕਿ ਜਗਤ ਵਿਚ 'ਹਉਮੈ' ਚੰਦਰੀ (ਬਲਾ ਚੰਬੜੀ ਹੋਈ) ਹੈ। (ਪਰ) ਹੇ ਨਾਨਕ ਦੇ ਦਿਲ! (ਇਸ 'ਹਉਮੈ' ਤੋਂ ਘਾਬਰ ਕੇ) ਚਿੰਤਾ ਨਾਹ ਕਰ, ਤੇ ਪ੍ਰਭੂ ਦਾ ਨਾਮ ਸਿਮਰ ਜੋ ਸਦਾ ਹੀ ਥਿਰ ਰਹਿਣ ਵਾਲਾ ਹੈ।2। ਪਉੜੀ ॥ ਗੁਰਮੁਖਿ ਆਪੇ ਬਖਸਿਓਨੁ ਹਰਿ ਨਾਮਿ ਸਮਾਣੇ ॥ ਆਪੇ ਭਗਤੀ ਲਾਇਓਨੁ ਗੁਰ ਸਬਦਿ ਨੀਸਾਣੇ ॥ ਸਨਮੁਖ ਸਦਾ ਸੋਹਣੇ ਸਚੈ ਦਰਿ ਜਾਣੇ ॥ ਐਥੈ ਓਥੈ ਮੁਕਤਿ ਹੈ ਜਿਨ ਰਾਮ ਪਛਾਣੇ ॥ ਧੰਨੁ ਧੰਨੁ ਸੇ ਜਨ ਜਿਨ ਹਰਿ ਸੇਵਿਆ ਤਿਨ ਹਉ ਕੁਰਬਾਣੇ ॥੪॥ {ਪੰਨਾ 1088} ਪਦ ਅਰਥ: ਬਖਸਿਓਨੁ = ਬਖ਼ਸ਼ਿਆ ਹੈ ਉਸ ਨੇ। ਲਾਇਓਨੁ = ਲਾਇਆ ਹੈ ਉਸ ਨੇ। ਨੀਸਾਣ = ਨਿਸ਼ਾਨ, (ਮਾਇਆ ਦੇ ਪ੍ਰਭਾਵ ਤੋਂ ਬਚਾਣ ਲਈ ਲਾਇਆ ਹੋਇਆ) ਨਿਸ਼ਾਨ। ਅਰਥ: ਜੋ ਜੋ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਸ ਨੂੰ ਪ੍ਰਭੂ ਆਪ ਹੀ ਬਖ਼ਸ਼ਦਾ ਹੈ (ਭਾਵ, ਮਾਇਆ ਦੇ ਅਸਰ ਤੋਂ ਬਚਾਂਦਾ ਹੈ; ਵੇਖੋ ਪਉੜੀ 3) , ਉਹ ਮਨੁੱਖ ਪ੍ਰਭੂ ਦੇ ਨਾਮ ਵਿਚ ਜੁੜਦੇ ਹਨ। ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਮਾਇਆ ਦੇ ਅਸਰ ਤੋਂ ਨਿਖੇੜਨ ਵਾਲਾ) ਨਿਸ਼ਾਨ ਲਾ ਕੇ ਆਪ ਹੀ ਉਸ ਨੇ (ਗੁਰਮੁਖ ਨੂੰ) ਭਗਤੀ ਵਿਚ ਲਾਇਆ ਹੈ। ਜੋ ਮਨੁੱਖ ਭਗਤੀ ਕਰਦੇ ਹਨ ਉਹਨਾਂ ਨੂੰ ਪ੍ਰਭੂ ਦੇ ਦਰ ਤੇ ਅੱਖਾਂ ਨੀਵੀਆਂ ਨਹੀਂ ਕਰਨੀਆਂ ਪੈਂਦੀਆਂ, (ਕਿਉਂਕਿ ਭਗਤੀ ਕਰਨ ਕਰਕੇ) ਉਹਨਾਂ ਦੇ ਮੂੰਹ ਸੋਹਣੇ ਲੱਗਦੇ ਹਨ, ਪ੍ਰਭੂ-ਦਰ ਤੇ ਆਦਰ ਮਿਲਦਾ ਹੈ। ਜਿਨ੍ਹਾਂ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੈ ਉਹ ਲੋਕ ਪਰਲੋਕ ਵਿਚ (ਮਾਇਆ ਦੇ ਪ੍ਰਭਾਵ ਤੋਂ) ਆਜ਼ਾਦ ਰਹਿੰਦੇ ਹਨ। ਭਾਗਾਂ ਵਾਲੇ ਹਨ ਉਹ ਬੰਦੇ ਜਿਨ੍ਹਾਂ ਪ੍ਰਭੂ ਦੀ ਬੰਦਗੀ ਕੀਤੀ ਹੈ, ਮੈਂ ਉਹਨਾਂ ਤੋਂ ਸਦਕੇ ਹਾਂ।4। ਸਲੋਕੁ ਮਃ ੧ ॥ ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ ॥ ਜੇ ਗੁਣ ਹੋਵਨਿ ਤਾ ਪਿਰੁ ਰਵੈ ਨਾਨਕ ਅਵਗੁਣ ਮੁੰਧ ॥੧॥ {ਪੰਨਾ 1088} ਪਦ ਅਰਥ: ਮਹਲ = ਇਸਤ੍ਰੀ। ਮੜ = ਸਰੀਰ। ਮਤਵੜੀ = ਸਰੀਰ ਨਾਲ ਹੀ ਪਿਆਰ ਰੱਖਣ ਵਾਲੀ, ਸਰੀਰ ਨਾਲ ਆਪਣੇ ਆਪ ਨੂੰ ਇਕ ਸਮਝਣ ਵਾਲੀ। ਮੁੰਧ = ਇਸਤ੍ਰੀ। ਅਰਥ: ਉਸ (ਜੀਵ-) ਇਸਤ੍ਰੀ ਨੂੰ ਕੋਈ ਚੱਜ ਨਹੀਂ ਜੋ ਨਿਰਾ ਆਪਣੇ ਸਰੀਰ ਨਾਲ ਪਿਆਰ ਕਰਦੀ ਹੈ, ਉਹ ਅੰਦਰੋਂ ਕਾਲੀ ਹੈ, ਮੈਲੀ ਹੈ। ਹੇ ਨਾਨਕ! (ਜੀਵ-ਇਸਤ੍ਰੀ) ਖਸਮ ਪ੍ਰਭੂ ਨੂੰ ਤਾਂ ਹੀ ਮਿਲ ਸਕਦੀ ਹੈ ਜੇ (ਉਸ ਦੇ) ਅੰਦਰ ਗੁਣ ਹੋਣ, (ਪਰ ਕੁਚੱਜੀ) ਇਸਤ੍ਰੀ ਦੇ ਪਾਸ ਹੋਏ ਨਿਰੇ ਔਗੁਣ ਹੀ।1। ਮਃ ੧ ॥ ਸਾਚੁ ਸੀਲ ਸਚੁ ਸੰਜਮੀ ਸਾ ਪੂਰੀ ਪਰਵਾਰਿ ॥ ਨਾਨਕ ਅਹਿਨਿਸਿ ਸਦਾ ਭਲੀ ਪਿਰ ਕੈ ਹੇਤਿ ਪਿਆਰਿ ॥੨॥ {ਪੰਨਾ 1088} ਪਦ ਅਰਥ: ਸਾ = ਉਹ ਇਸਤ੍ਰੀ। ਪਰਵਾਰਿ = ਪਰਵਾਰ ਵਿਚ। ਅਹਿ = ਦਿਨ। ਨਿਸਿ = ਰਾਤ। ਹੇਤਿ = ਹਿਤ ਵਿਚ। ਪਿਆਰਿ = ਪਿਆਰ ਵਿਚ। ਅਰਥ: ਹੇ ਨਾਨਕ! ਜੋ ਇਸਤ੍ਰੀ ਪਤੀ ਦੇ ਹਿਤ ਵਿਚ ਪਿਆਰ ਵਿਚ ਰਹਿੰਦੀ ਹੈ ਉਹ ਦਿਨੇ ਰਾਤ ਹਰ ਵੇਲੇ ਚੰਗੀ ਹੈ, ਉਹੀ ਚੰਗੇ ਆਚਰਨ ਵਾਲੀ ਤੇ ਜੁਗਤਿ ਵਾਲੀ ਹੈ, ਉਹ ਪਰਵਾਰ ਵਿਚ ਮੰਨੀ-ਪ੍ਰਮੰਨੀ ਹੈ।2। ਪਉੜੀ ॥ ਆਪਣਾ ਆਪੁ ਪਛਾਣਿਆ ਨਾਮੁ ਨਿਧਾਨੁ ਪਾਇਆ ॥ ਕਿਰਪਾ ਕਰਿ ਕੈ ਆਪਣੀ ਗੁਰ ਸਬਦਿ ਮਿਲਾਇਆ ॥ ਗੁਰ ਕੀ ਬਾਣੀ ਨਿਰਮਲੀ ਹਰਿ ਰਸੁ ਪੀਆਇਆ ॥ ਹਰਿ ਰਸੁ ਜਿਨੀ ਚਾਖਿਆ ਅਨ ਰਸ ਠਾਕਿ ਰਹਾਇਆ ॥ ਹਰਿ ਰਸੁ ਪੀ ਸਦਾ ਤ੍ਰਿਪਤਿ ਭਏ ਫਿਰਿ ਤ੍ਰਿਸਨਾ ਭੁਖ ਗਵਾਇਆ ॥੫॥ {ਪੰਨਾ 1088} ਅਰਥ: ਜਿਸ ਮਨੁੱਖ ਨੇ ਆਪਣੇ ਆਤਮਕ ਜੀਵਨ ਨੂੰ (ਸਦਾ) ਪੜਤਾਲਿਆ ਹੈ ਉਸ ਨੂੰ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ, ਪ੍ਰਭੂ ਆਪਣੀ ਮਿਹਰ ਕਰ ਕੇ ਉਸ ਨੂੰ ਸਤਿਗੁਰੂ ਦੇ ਸ਼ਬਦ ਵਿਚ ਜੋੜਦਾ ਹੈ, ਤੇ, ਗੁਰੂ ਦੀ ਪਵਿਤ੍ਰ ਬਾਣੀ ਦੀ ਰਾਹੀਂ ਉਸ ਨੂੰ ਆਪਣੇ ਨਾਮ ਦਾ ਰਸ ਪਿਲਾਂਦਾ ਹੈ। ਜਿਨ੍ਹਾਂ ਨੇ ਨਾਮ-ਰਸ ਚੱਖਿਆ ਹੈ ਉਹ ਹੋਰ ਰਸਾਂ ਨੂੰ ਵਰਜ ਰੱਖਦੇ ਹਨ (ਭਾਵ, ਦੁਨੀਆ ਦੇ ਚਸਕਿਆਂ ਨੂੰ ਆਪਣੇ ਨੇੜੇ ਨਹੀਂ ਢੁਕਣ ਦੇਂਦੇ) ; ਨਾਮ-ਰਸ ਪੀ ਕੇ ਉਹ ਸਦਾ ਰੱਜੇ ਰਹਿੰਦੇ ਹਨ ਤੇ ਮਾਇਆ ਦੀ ਤ੍ਰਿਸ਼ਨਾ ਤੇ ਭੁੱਖ ਨਾਸ ਕਰ ਲੈਂਦੇ ਹਨ।5। ਸਲੋਕੁ ਮਃ ੩ ॥ ਪਿਰ ਖੁਸੀਏ ਧਨ ਰਾਵੀਏ ਧਨ ਉਰਿ ਨਾਮੁ ਸੀਗਾਰੁ ॥ ਨਾਨਕ ਧਨ ਆਗੈ ਖੜੀ ਸੋਭਾਵੰਤੀ ਨਾਰਿ ॥੧॥ {ਪੰਨਾ 1088} ਪਦ ਅਰਥ: ਉਰਿ = ਹਿਰਦੇ ਵਿਚ। ਖੁਸੀਏ = ਖ਼ੁਸ਼ੀ ਨਾਲ। ਧਨ = ਜੀਵ-ਇਸਤ੍ਰੀ। ਅਰਥ: ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ 'ਨਾਮ'-ਸਿੰਗਾਰ ਹੈ ਉਸ ਨੂੰ ਪ੍ਰਭੂ-ਪਤੀ ਖ਼ੁਸ਼ੀ ਨਾਲ ਆਪਣੇ ਨਾਲ ਮਿਲਾਂਦਾ ਹੈ। ਹੇ ਨਾਨਕ! ਜੋ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਹਜ਼ੂਰੀ ਵਿਚ ਖਲੋਤੀ ਰਹਿੰਦੀ ਹੈ ਉਸ ਨੂੰ ਸੋਭਾ ਮਿਲਦੀ ਹੈ।1। ਮਃ ੧ ॥ ਸਸੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥ ਨਾਨਕ ਧੰਨੁ ਸੋੁਹਾਗਣੀ ਜੋ ਭਾਵਹਿ ਵੇਪਰਵਾਹ ॥੨॥ {ਪੰਨਾ 1088} ਪਦ ਅਰਥ: {ਨੋਟ: ਫ਼ਰੀਦ ਜੀ ਦੇ ਸ਼ਲੋਕਾਂ ਵਿਚ ਭੀ ਇਹ ਸ਼ਲੋਕ ਨੰ: 32 ਤੇ ਦਰਜ ਹੈ; ਪਰ ਕਈ ਥਾਈਂ ਫ਼ਰਕ ਹਨ, ਪਾਠਕ-ਜਨ ਆਪ ਟਾਕਰਾ ਕਰ ਕੇ ਵੇਖ ਲੈਣ}। ਸੋੁਹਾਗਣੀ = {ਏਥੇ 'ਸ' ਦੇ ਨਾਲ (ੁ) ਪੜ੍ਹਨਾ ਹੈ, ਅਸਲ ਲ਼ਫ਼ਜ਼ 'ਸੋਹਾਗਣੀ' ਹੈ}। ਅਰਥ: ਪ੍ਰਭੂ-ਖਸਮ ਅਪਹੁੰਚ ਹੈ ਤੇ ਬਹੁਤ ਡੂੰਘਾ ਹੈ; ਜੋ ਜੀਵ-ਇਸਤ੍ਰੀਆਂ ਸਹੁਰੇ-ਘਰ ਤੇ ਪੇਕੇ-ਘਰ (ਦੋਹੀਂ ਥਾਈਂ, ਭਾਵ ਲੋਕ ਪਰਲੋਕ ਵਿਚ ਉਸ) ਖਸਮ ਦੀਆਂ ਹੋ ਕੇ ਰਹਿੰਦੀਆਂ ਹਨ ਤੇ (ਇਸ ਤਰ੍ਹਾਂ) ਉਸ ਬੇਪਰਵਾਹ ਨੂੰ ਪਿਆਰੀਆਂ ਲੱਗਦੀਆਂ ਹਨ ਉਹ ਭਾਗਾਂ ਵਾਲੀਆਂ ਹਨ।2। ਪਉੜੀ ॥ ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥ ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ ॥ ਏਹਿ ਭੂਪਤਿ ਰਾਜੇ ਨ ਆਖੀਅਹਿ ਦੂਜੈ ਭਾਇ ਦੁਖੁ ਹੋਈ ॥ ਕੀਤਾ ਕਿਆ ਸਾਲਾਹੀਐ ਜਿਸੁ ਜਾਦੇ ਬਿਲਮ ਨ ਹੋਈ ॥ ਨਿਹਚਲੁ ਸਚਾ ਏਕੁ ਹੈ ਗੁਰਮੁਖਿ ਬੂਝੈ ਸੁ ਨਿਹਚਲੁ ਹੋਈ ॥੬॥ {ਪੰਨਾ 1088} ਪਦ ਅਰਥ: ਤਖਤਿ = ਤਖ਼ਤ ਉੱਤੇ। ਭੂਪਤਿ = {ਭੂ = ਧਰਤੀ। ਪਤਿ = ਮਾਲਕ} ਧਰਤੀ ਦੇ ਮਾਲਕ। ਦੂਜੈ ਭਾਇ = ਮਾਇਆ ਦੇ ਮੋਹ ਵਿਚ। ਕੀਤਾ = ਪੈਦਾ ਕੀਤਾ ਹੋਇਆ। ਬਿਲਮ = ਚਿਰ, ਦੇਰ। ਅਰਥ: ਜੋ ਮਨੁੱਖ ਤਖ਼ਤ ਦੇ ਜੋਗ ਹੁੰਦਾ ਹੈ ਉਹੀ ਰਾਜਾ ਬਣ ਕੇ ਤਖ਼ਤ ਤੇ ਬੈਠਦਾ ਹੈ (ਭਾਵ, ਜੋ ਮਾਇਆ ਦੀ 'ਤ੍ਰਿਸ਼ਨਾ ਭੁਖ' ਗਵਾ ਕੇ ਬੇਪਰਵਾਹ ਹੋ ਜਾਂਦਾ ਹੈ ਉਹੀ ਆਦਰ ਪਾਂਦਾ ਹੈ) ; ਸੋ, ਜਿਨ੍ਹਾਂ ਨੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਹੈ ਉਹੀ ਅਸਲ ਰਾਜੇ ਹਨ। ਧਰਤੀ ਦੇ ਮਾਲਕ ਬਣੇ ਹੋਏ ਇਹ ਲੋਕ ਰਾਜੇ ਨਹੀਂ ਕਹੇ ਜਾ ਸਕਦੇ, ਇਹਨਾਂ ਨੂੰ (ਇਕ ਤਾਂ) ਮਾਇਆ ਦੇ ਮੋਹ ਕਰਕੇ ਸਦਾ ਦੁੱਖ ਵਾਪਰਦਾ ਹੈ, (ਦੂਜੇ) ਉਸ ਨੂੰ ਕੀਹ ਵਡਿਆਉਣਾ ਹੋਇਆ ਜੋ ਪੈਦਾ ਕੀਤਾ ਹੋਇਆ ਹੈ ਜਿਸ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ। ਅਟੱਲ ਰਾਜ ਵਾਲਾ ਇਕ ਪ੍ਰਭੂ ਹੀ ਹੈ। ਜੋ ਗੁਰੂ ਦੇ ਸਨਮੁਖ ਹੋ ਕੇ ਇਹ ਗੱਲ ਸਮਝ ਲੈਂਦਾ ਹੈ, ਉਹ ਭੀ ("ਤ੍ਰਿਸ਼ਨਾ ਭੁਖ" ਵਲੋਂ) ਅਡੋਲ ਹੋ ਜਾਂਦਾ ਹੈ।6। ਸਲੋਕੁ ਮਃ ੩ ॥ ਸਭਨਾ ਕਾ ਪਿਰੁ ਏਕੁ ਹੈ ਪਿਰ ਬਿਨੁ ਖਾਲੀ ਨਾਹਿ ॥ ਨਾਨਕ ਸੇ ਸੋਹਾਗਣੀ ਜਿ ਸਤਿਗੁਰ ਮਾਹਿ ਸਮਾਹਿ ॥੧॥ {ਪੰਨਾ 1088} ਅਰਥ: ਸਭ ਜੀਵ ਇਸਤ੍ਰੀਆਂ ਦਾ ਖਸਮ ਇਕ ਪ੍ਰਭੂ ਹੈ, ਕੋਈ ਐਸੀ ਨਹੀਂ ਜਿਸ ਦੇ ਸਿਰ ਉਤੇ ਖਸਮ ਨਾਹ ਹੋਵੇ। ਪਰ, ਹੇ ਨਾਨਕ! ਸੁਹਾਗ-ਭਾਗ ਵਾਲੀਆਂ ਉਹ ਹਨ ਜੋ ਸਤਿਗੁਰੂ ਵਿਚ ਲੀਨ ਹਨ।1। ਮਃ ੩ ॥ ਮਨ ਕੇ ਅਧਿਕ ਤਰੰਗ ਕਿਉ ਦਰਿ ਸਾਹਿਬ ਛੁਟੀਐ ॥ ਜੇ ਰਾਚੈ ਸਚ ਰੰਗਿ ਗੂੜੈ ਰੰਗਿ ਅਪਾਰ ਕੈ ॥ ਨਾਨਕ ਗੁਰ ਪਰਸਾਦੀ ਛੁਟੀਐ ਜੇ ਚਿਤੁ ਲਗੈ ਸਚਿ ॥੨॥ {ਪੰਨਾ 1088} ਅਰਥ: (ਜਿਤਨਾ ਚਿਰ) ਮਨ ਦੀਆਂ ਕਈ ਲਹਿਰਾਂ ਹਨ (ਭਾਵ, ਤ੍ਰਿਸ਼ਨਾ ਦੀਆਂ ਕਈ ਲਹਿਰਾਂ ਮਨ ਵਿਚ ਉੱਠ ਰਹੀਆਂ ਹਨ, ਉਤਨਾ ਚਿਰ) ਮਾਲਕ ਦੀ ਹਜ਼ੂਰੀ ਵਿਚ ਸੁਰਖ਼ਰੂ ਨਹੀਂ ਹੋ ਸਕੀਦਾ। ਜੇ ਬੇਅੰਤ ਪ੍ਰਭੂ ਦੇ ਗੂੜ੍ਹੇ ਪਿਆਰ ਵਿਚ, ਸਦਾ-ਥਿਰ ਰਹਿਣ ਵਾਲੇ ਰੰਗ ਵਿਚ ਮਨ ਮਸਤ ਰਹੇ, ਜੇ ਚਿੱਤ ਸਦਾ-ਥਿਰ ਪ੍ਰਭੂ ਵਿਚ ਜੁੜਿਆ ਰਹੇ, ਤਾਂ, ਹੇ ਨਾਨਕ! ਗੁਰੂ ਦੀ ਮਿਹਰ ਨਾਲ ਸੁਰਖ਼ਰੂ ਹੋਈਦਾ ਹੈ।2। |
Sri Guru Granth Darpan, by Professor Sahib Singh |