ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1089 ਪਉੜੀ ॥ ਹਰਿ ਕਾ ਨਾਮੁ ਅਮੋਲੁ ਹੈ ਕਿਉ ਕੀਮਤਿ ਕੀਜੈ ॥ ਆਪੇ ਸ੍ਰਿਸਟਿ ਸਭ ਸਾਜੀਅਨੁ ਆਪੇ ਵਰਤੀਜੈ ॥ ਗੁਰਮੁਖਿ ਸਦਾ ਸਲਾਹੀਐ ਸਚੁ ਕੀਮਤਿ ਕੀਜੈ ॥ ਗੁਰ ਸਬਦੀ ਕਮਲੁ ਬਿਗਾਸਿਆ ਇਵ ਹਰਿ ਰਸੁ ਪੀਜੈ ॥ ਆਵਣ ਜਾਣਾ ਠਾਕਿਆ ਸੁਖਿ ਸਹਜਿ ਸਵੀਜੈ ॥੭॥ {ਪੰਨਾ 1089} ਪਦ ਅਰਥ: ਕਿਉ...ਕੀਜੈ = ਕਿਵੇਂ ਮੁੱਲ ਪਾਇਆ ਜਾ ਸਕੇ? ਮੁੱਲ ਨਹੀਂ ਕੀਤਾ ਜਾ ਸਕਦਾ, 'ਨਾਮ' ਦੇ ਸਾਵੇਂ ਮੁੱਲ ਦੀ ਕੋਈ ਚੀਜ਼ ਪੇਸ਼ ਨਹੀਂ ਕੀਤੀ ਜਾ ਸਕਦੀ। ਸਾਜੀਅਨੁ = ਸਾਜੀ ਹੈ ਉਸ (ਪ੍ਰਭੂ) ਨੇ। ਇਵ = ਇਸ ਤਰ੍ਹਾਂ। ਸਹਜਿ = 'ਸਹਜ' ਵਿਚ, ਸ਼ਾਂਤ ਅਵਸਥਾ ਵਿਚ। ਅਰਥ: (ਧਰਤੀ ਦੇ ਮਾਲਕ ਰਾਜਿਆਂ ਦੇ ਟਾਕਰੇ ਤੇ) ਪ੍ਰਭੂ ਦਾ ਨਾਮ ਇਕ ਐਸੀ ਵਸਤ ਹੈ ਜਿਸ ਦਾ ਮੁੱਲ ਨਹੀਂ ਪੈ ਸਕਦਾ, ਜਿਸ ਦੇ ਸਾਵੇਂ ਮੁੱਲ ਦੀ ਕੋਈ ਚੀਜ਼ ਨਹੀਂ ਦੱਸੀ ਜਾ ਸਕਦੀ, (ਪ੍ਰਭੂ ਦੇ ਨਾਮ ਦੇ ਸਾਵੇਂ ਮੁੱਲ ਦੀ ਚੀਜ਼ ਹੋਵੇ ਭੀ ਕਿਵੇਂ? ਕਿਉਂਕਿ) ਉਸ ਨੇ ਆਪ ਹੀ ਸਾਰੀ ਸ੍ਰਿਸ਼ਟੀ ਬਣਾਈ ਹੈ ਤੇ ਆਪ ਹੀ ਇਸ ਵਿਚ ਹਰ ਥਾਂ ਮੌਜੂਦ ਹੈ। (ਹਾਂ,) ਗੁਰੂ ਦੇ ਸਨਮੁਖ ਹੋ ਕੇ ਸਦਾ ਸਿਫ਼ਤਿ-ਸਾਲਾਹ ਕਰੀਏ (ਬੱਸ, ਇਹ) ਸਿਮਰਨ ਹੀ ('ਨਾਮ' ਦੀ ਪ੍ਰਾਪਤੀ ਲਈ) ਮੁੱਲ ਕੀਤਾ ਜਾ ਸਕਦਾ ਹੈ, (ਕਿਉਂਕਿ) ਗੁਰੂ ਦੇ ਸਬਦ ਦੀ ਰਾਹੀਂ ਹਿਰਦਾ-ਕੌਲ ਖਿੜਦਾ ਹੈ ਤੇ ਇਸ ਤਰ੍ਹਾਂ ਨਾਮ-ਰਸ ਪੀਵੀਦਾ ਹੈ, (ਜਗਤ ਵਿਚ) ਆਉਣ ਜਾਣ ਦਾ ਗੇੜ ਮੁੱਕ ਜਾਂਦਾ ਹੈ ਤੇ ਸੁਖ ਵਿਚ ਅਡੋਲ ਅਵਸਥਾ ਵਿਚ ਲੀਨ ਹੋ ਜਾਈਦਾ ਹੈ।7। ਸਲੋਕੁ ਮਃ ੧ ॥ ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ ॥ ਨਾਨਕ ਲਾਲੋ ਲਾਲੁ ਹੈ ਸਚੈ ਰਤਾ ਸਚੁ ॥੧॥ {ਪੰਨਾ 1089} ਪਦ ਅਰਥ: ਮੈਲਾ = ਵਿਕਾਰਾਂ ਨਾਲ ਲਿਬੜਿਆ ਹੋਇਆ। ਧੁੰਧਲਾ = ਜਿਸ ਦੀਆਂ ਅੱਖਾਂ ਅੱਗੇ ਧੁੰਧ ਜਿਹੀ ਆਈ ਰਹੇ, ਜਿਸ ਨੂੰ ਸਾਫ਼ ਨਾਹ ਦਿੱਸੇ। ਨਾ ਧੁੰਧਲਾ = ਜਿਸ ਦੀ ਨਿਗਾਹ ਸਾਫ਼ ਹੋਵੇ, ਜਿਸ ਨੂੰ ਹਰ ਥਾਂ ਪਰਮਾਤਮਾ ਸਾਫ਼ ਪਿਆ ਦਿੱਸੇ। ਭਗਵਾ = ਭੇਖ ਦਾ ਰੰਗ। ਨਾ ਭਗਵਾ = ਜਿਸ ਨੂੰ ਕਿਸੇ ਭੇਖ ਦੀ ਲੋੜ ਨਾਹ ਹੋਵੇ। ਕਚੁ = ਨਾਸਵੰਤ ਜਗਤ ਦਾ ਮੋਹ। ਲਾਲੋ ਲਾਲੁ = ਲਾਲ ਹੀ ਲਾਲ, ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਗੂੜ੍ਹਾ ਰੰਗਿਆ ਹੋਇਆ। ਸਚੈ = ਸਦਾ-ਥਿਰ ਹਰਿ-ਨਾਮ ਵਿਚ। ਰਤਾ = ਰੰਗਿਆ ਹੋਇਆ। ਸਚੁ = ਸਦਾ-ਥਿਰ (ਪ੍ਰਭੂ ਦਾ ਰੂਪ) ।1। ਅਰਥ: ਹੇ ਨਾਨਕ! (ਆਖ– ਹੇ ਭਾਈ! ਜਿਹੜਾ ਮਨੁੱਖ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੇ ਨਾਮ) ਵਿਚ ਰੰਗਿਆ ਰਹਿੰਦਾ ਹੈ ਉਹ ਸਦਾ-ਥਿਰ ਪ੍ਰਭੂ (ਦਾ ਰੂਪ ਹੀ) ਹੋ ਜਾਂਦਾ ਹੈ, (ਉਸ ਦਾ ਮਨ ਪਰਮਾਤਮਾ ਦੇ ਪ੍ਰੇਮ-ਰੰਗ ਨਾਲ) ਗੂੜ੍ਹਾ ਰੰਗਿਆ ਜਾਂਦਾ ਹੈ। (ਹੇ ਭਾਈ! ਉਸ ਦਾ ਮਨ) ਵਿਕਾਰਾਂ ਨਾਲ ਨਹੀਂ ਲਿੱਬੜਦਾ, ਉਸ ਦੀ ਨਿਗਾਹ ਧੁੰਧਲੀ ਨਹੀਂ ਹੁੰਦੀ (ਭਾਵ, ਉਸ ਨੂੰ ਹਰ ਥਾਂ ਪਰਮਾਤਮਾ ਸਾਫ਼ ਪਿਆ ਦਿੱਸਦਾ ਹੈ) ਉਸ ਨੂੰ ਕਿਸੇ ਭੇਖ ਆਦਿਕ ਦੀ ਤਾਂਘ ਨਹੀਂ ਹੁੰਦੀ, ਨਾਸਵੰਤ ਜਗਤ ਦਾ ਮੋਹ ਭੀ ਉਸ ਨੂੰ ਨਹੀਂ ਵਿਆਪਦਾ।1। ਮਃ ੩ ॥ ਸਹਜਿ ਵਣਸਪਤਿ ਫੁਲੁ ਫਲੁ ਭਵਰੁ ਵਸੈ ਭੈ ਖੰਡਿ ॥ ਨਾਨਕ ਤਰਵਰੁ ਏਕੁ ਹੈ ਏਕੋ ਫੁਲੁ ਭਿਰੰਗੁ ॥੨॥ {ਪੰਨਾ 1089} ਪਦ ਅਰਥ: ਸਹਜਿ = ਆਤਮਕ ਅਡੋਲਤਾ ਵਿਚ। ਵਸੈ = ਵੱਸਦਾ ਹੈ। ਭੈ = ਸਾਰੇ ਡਰ {ਬਹੁ-ਵਚਨ}। ਖੰਡਿ = ਨਾਸ ਕਰ ਕੇ। ਤਰਵਰੁ = {q{-vr} ਸ੍ਰੇਸ਼ਟ ਰੁੱਖ। ਭਿਰੰਗੁ = ਭੌਰਾ {ਭ੍ਰਿੰਗ}।2। ਅਰਥ: ਹੇ ਨਾਨਕ! (ਆਖ– ਹੇ ਭਾਈ! ਜਿਵੇਂ ਪੰਛੀਆਂ ਦੇ ਰੈਣ-ਬਸੇਰੇ ਵਾਸਤੇ ਰੁੱਖ ਆਸਰਾ ਹੈ, ਤਿਵੇਂ ਜਿਹੜਾ ਜੀਵ-) ਭੌਰਾ ਸਿਰਫ਼ ਪਰਮਾਤਮਾ ਨੂੰ ਹੀ ਆਸਰਾ-ਸਹਾਰਾ ਸਮਝਦਾ ਹੈ (ਜੋ ਭੌਰਿਆਂ ਵਾਂਗ ਹਰੇਕ ਫੁੱਲ ਦੀ ਸੁਗੰਧੀ ਨਹੀਂ ਲੈਂਦਾ ਫਿਰਦਾ, ਸਗੋਂ ਪਰਮਾਤਮਾ ਦੀ ਸਿਫ਼ਤਿ ਸਾਲਾਹ-ਰੂਪ) ਫੁੱਲ (ਦੀ ਸੁਗੰਧੀ ਹੀ) ਮਾਣਦਾ ਹੈ, ਉਹ ਜੀਵ-ਭੌਰਾ (ਦੁਨੀਆ ਦੇ) ਸਾਰੇ ਡਰ ਨਾਸ ਕਰ ਕੇ (ਸਦਾ) ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਬਨਸਪਤੀ ਦਾ ਹਰੇਕ ਫੁੱਲ ਹਰੇਕ ਫਲ (ਜਗਤ ਦਾ ਹਰੇਕ ਮਨ-ਮੋਹਣਾ ਪਦਾਰਥ ਉਸ ਨੂੰ ਮਾਇਆ ਦੀ ਭਟਕਣਾ ਵਿਚ ਪਾਣ ਦੇ ਥਾਂ) ਆਤਮਕ ਅਡੋਲਤਾ ਵਿਚ ਟਿਕਾਂਦਾ ਹੈ।2। ਪਉੜੀ ॥ ਜੋ ਜਨ ਲੂਝਹਿ ਮਨੈ ਸਿਉ ਸੇ ਸੂਰੇ ਪਰਧਾਨਾ ॥ ਹਰਿ ਸੇਤੀ ਸਦਾ ਮਿਲਿ ਰਹੇ ਜਿਨੀ ਆਪੁ ਪਛਾਨਾ ॥ ਗਿਆਨੀਆ ਕਾ ਇਹੁ ਮਹਤੁ ਹੈ ਮਨ ਮਾਹਿ ਸਮਾਨਾ ॥ ਹਰਿ ਜੀਉ ਕਾ ਮਹਲੁ ਪਾਇਆ ਸਚੁ ਲਾਇ ਧਿਆਨਾ ॥ ਜਿਨ ਗੁਰ ਪਰਸਾਦੀ ਮਨੁ ਜੀਤਿਆ ਜਗੁ ਤਿਨਹਿ ਜਿਤਾਨਾ ॥੮॥ {ਪੰਨਾ 1089} ਅਰਥ: ਜੋ ਮਨੁੱਖ (ਆਪਣੇ) ਮਨ ਨਾਲ ਲੜਦੇ ਹਨ ਉਹ ਸੂਰਮੇ ਇਨਸਾਨ ਬਣਦੇ ਹਨ ਉਹ ਮੰਨੇ-ਪ੍ਰਮੰਨੇ ਜਾਂਦੇ ਹਨ; ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣਿਆ ਹੈ ਉਹ ਸਦਾ ਰੱਬ ਨਾਲ ਮਿਲੇ ਰਹਿੰਦੇ ਹਨ, ਗਿਆਨਵਾਨ ਬੰਦਿਆਂ ਦੀ ਵਡਿਆਈ ਹੀ ਇਹ ਹੈ (ਭਾਵ, ਇਸੇ ਗੱਲ ਵਿਚ ਵਡਿਆਈ ਹੈ) ਕਿ ਉਹ ਮਨ ਵਿਚ ਟਿਕੇ ਰਹਿੰਦੇ ਹਨ (ਭਾਵ, ਮਾਇਆ ਦੇ ਪਿੱਛੇ ਭਟਕਣ ਦੇ ਥਾਂ ਅੰਦਰ ਵਲ ਪਰਤੇ ਰਹਿੰਦੇ ਹਨ) ; (ਇਸ ਤਰ੍ਹਾਂ) ਸੁਰਤਿ ਜੋੜ ਕੇ ਉਹਨਾਂ ਨੂੰ ਰੱਬ ਦਾ ਘਰ ਲੱਭ ਪੈਂਦਾ ਹੈ, ਰੱਬ ਮਿਲ ਪੈਂਦਾ ਹੈ। (ਸੋ) ਜਿਨ੍ਹਾਂ ਨੇ ਗੁਰੂ ਦੀ ਮਿਹਰ ਨਾਲ ਆਪਣੇ ਮਨ ਨੂੰ ਜਿੱਤਿਆ ਹੈ ਉਹਨਾਂ ਨੇ ਜਗਤ ਜਿੱਤ ਲਿਆ ਹੈ।8। ਸਲੋਕੁ ਮਃ ੩ ॥ ਜੋਗੀ ਹੋਵਾ ਜਗਿ ਭਵਾ ਘਰਿ ਘਰਿ ਭੀਖਿਆ ਲੇਉ ॥ ਦਰਗਹ ਲੇਖਾ ਮੰਗੀਐ ਕਿਸੁ ਕਿਸੁ ਉਤਰੁ ਦੇਉ ॥ ਭਿਖਿਆ ਨਾਮੁ ਸੰਤੋਖੁ ਮੜੀ ਸਦਾ ਸਚੁ ਹੈ ਨਾਲਿ ॥ ਭੇਖੀ ਹਾਥ ਨ ਲਧੀਆ ਸਭ ਬਧੀ ਜਮਕਾਲਿ ॥ ਨਾਨਕ ਗਲਾ ਝੂਠੀਆ ਸਚਾ ਨਾਮੁ ਸਮਾਲਿ ॥੧॥ {ਪੰਨਾ 1089} ਪਦ ਅਰਥ: ਘਰਿ = ਘਰ ਵਿਚ। ਘਰਿ ਘਰਿ = ਹਰੇਕ ਘਰ ਵਿਚ। ਭੀਖਿਆ = ਖੈਰ। ਕਿਸੁ ਕਿਸੁ ਉਤਰੁ = ਕੇਹੜੀ ਕੇਹੜੀ (ਕਰਤੂਤ) ਦਾ ਉੱਤਰ। ਮੜੀ = ਮਠ, ਕੁਟੀਆ। ਕਾਲਿ = ਕਾਲ ਨੇ। ਹਾਥ = ਡੂੰਘਾਈ, ਅਸਲੀਅਤ, ਜ਼ਿੰਦਗੀ ਦਾ ਅਸਲ ਰਾਹ। ਅਰਥ: ਜੇ ਮੈਂ ਜੋਗੀ ਬਣ ਜਾਵਾਂ, ਜਗਤ ਵਿਚ ਭੌਂਦਾ ਫਿਰਾਂ ਤੇ ਘਰ ਘਰ ਤੋਂ (ਨਿਰਾ) ਖੈਰ ਹੀ ਲੈਂਦਾ ਰਹਾਂ (ਤੇ ਆਪਣੀਆਂ ਕਰਤੂਤਾਂ ਵਲ ਵੇਖਾਂ ਹੀ ਨਾਹ, ਤਾਂ) ਪ੍ਰਭੂ ਦੀ ਹਜ਼ੂਰੀ ਵਿਚ (ਤਾਂ ਅਮਲਾਂ ਦਾ) ਲੇਖਾ ਮੰਗੀਦਾ ਹੈ ਮੈਂ ਕਿਸ ਕਿਸ ਕਰਤੂਤ ਦਾ ਜਵਾਬ ਦਿਆਂਗਾ? (ਜਿਸ ਮਨੁੱਖ ਨੇ) ਪ੍ਰਭੂ ਦੇ ਨਾਮ ਨੂੰ ਭਿੱਛਿਆ ਬਣਾਇਆ ਹੈ ਸੰਤੋਖ ਨੂੰ ਕੁਟੀਆ ਬਣਾਇਆ ਹੈ ਰੱਬ ਸਦਾ ਉਸ ਦੇ ਨਾਲ ਵੱਸਦਾ ਹੈ। ਭੇਖਾਂ ਨਾਲ ਕਦੇ ਕਿਸੇ ਨੂੰ ਅਸਲੀਅਤ ਨਹੀਂ ਲੱਭੀ, ਸਾਰੀ ਸ੍ਰਿਸ਼ਟੀ ਜਮਕਾਲ ਨੇ ਬੰਨ੍ਹ ਰੱਖੀ ਹੈ। ਹੇ ਨਾਨਕ! ਪ੍ਰਭੂ ਦਾ ਨਾਮ ਹੀ ਯਾਦ ਕਰ, ਇਸ ਤੋਂ ਛੁਟ ਹੋਰ ਗੱਲਾਂ ਕੂੜੀਆਂ ਹਨ।1। ਮਃ ੩ ॥ ਜਿਤੁ ਦਰਿ ਲੇਖਾ ਮੰਗੀਐ ਸੋ ਦਰੁ ਸੇਵਿਹੁ ਨ ਕੋਇ ॥ ਐਸਾ ਸਤਿਗੁਰੁ ਲੋੜਿ ਲਹੁ ਜਿਸੁ ਜੇਵਡੁ ਅਵਰੁ ਨ ਕੋਇ ॥ ਤਿਸੁ ਸਰਣਾਈ ਛੂਟੀਐ ਲੇਖਾ ਮੰਗੈ ਨ ਕੋਇ ॥ ਸਚੁ ਦ੍ਰਿੜਾਏ ਸਚੁ ਦ੍ਰਿੜੁ ਸਚਾ ਓਹੁ ਸਬਦੁ ਦੇਇ ॥ ਹਿਰਦੈ ਜਿਸ ਦੈ ਸਚੁ ਹੈ ਤਨੁ ਮਨੁ ਭੀ ਸਚਾ ਹੋਇ ॥ ਨਾਨਕ ਸਚੈ ਹੁਕਮਿ ਮੰਨਿਐ ਸਚੀ ਵਡਿਆਈ ਦੇਇ ॥ ਸਚੇ ਮਾਹਿ ਸਮਾਵਸੀ ਜਿਸ ਨੋ ਨਦਰਿ ਕਰੇਇ ॥੨॥ {ਪੰਨਾ 1089} ਪਦ ਅਰਥ: ਜਿਤੁ ਦਰਿ = ਜਿਸ ਦਰ ਤੇ {ਨੋਟ: ਇਸ ਦੇ ਟਾਕਰੇ ਤੇ ਗਹੁ ਨਾਲ ਵੇਖੋ 'ਜਿਸੁ ਦਰਿ'; ਇਸ ਦਾ ਅਰਥ ਹੈ ਜਿਸ ਦੇ ਦਰ ਤੇ}। ਦ੍ਰਿੜਾਏ = ਪੱਕਾ ਕਰਦਾ ਹੈ, ਪੱਕੀ ਗੰਢ ਬੰਨ੍ਹਾਂਦਾ ਹੈ। ਦ੍ਰਿੜੁ = ਦ੍ਰਿੜ (ਕਰਦਾ ਹੈ) , ਪੱਲੇ ਬੰਨ੍ਹਦਾ ਹੈ। ਹੁਕਮਿ ਮੰਨਿਐ = {Locative Absolute} ਜੇ ਹੁਕਮ ਮੰਨ ਲਈਏ, ਹੁਕਮ ਮੰਨ ਲਿਆਂ। ਅਰਥ: (ਹੇ ਭਾਈ!) ਜਿਸ ਬੂਹੇ ਤੇ (ਬੈਠਿਆਂ, ਕੀਤੇ ਕਰਮਾਂ ਦਾ) ਲੇਖਾ (ਫਿਰ ਭੀ) ਮੰਗਿਆ ਜਾਣਾ ਹੈ ਉਹ ਬੂਹਾ ਕੋਈ ਨਾਹ ਮੱਲਿਓ। ਐਸਾ ਗੁਰੂ ਲੱਭੋ ਜਿਸ ਵਰਗਾ ਹੋਰ ਨਾਹ ਲੱਭ ਸਕੇ, ਉਸ ਗੁਰੂ ਦੀ ਸਰਨ ਪਿਆਂ (ਕਰਮਾਂ ਦੇ ਗੇੜ ਤੋਂ) ਮੁਕਤ ਹੋਈਦਾ ਹੈ (ਫਿਰ ਕਿਸੇ ਕਰਮਾਂ ਦਾ) ਲੇਖਾ ਕੋਈ ਨਹੀਂ ਮੰਗਦਾ (ਕਿਉਂਕਿ) ਉਹ ਗੁਰੂ ਆਪ ਪ੍ਰਭੂ ਦਾ ਨਾਮ ਪੱਲੇ ਬੰਨ੍ਹਦਾ ਹੈ (ਸਰਨ ਆਇਆਂ ਦੇ) ਪੱਲੇ ਬੰਨ੍ਹਾਂਦਾ ਹੈ ਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੇਂਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਰੱਬ ਆ ਵੱਸਦਾ ਹੈ ਉਸ ਦਾ ਸਰੀਰ ਭੀ ਉਸ ਦਾ ਮਨ ਭੀ ਰੱਬ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ। ਹੇ ਨਾਨਕ! ਜੇ ਪ੍ਰਭੂ ਦੀ ਰਜ਼ਾ ਮੰਨ ਲਈਏ ਤਾਂ ਉਹ ਸੱਚੀ ਵਡਿਆਈ ਬਖ਼ਸ਼ਦਾ ਹੈ; ਪਰ, ਉਹੀ ਮਨੁੱਖ ਆਪਣਾ ਆਪ ਪ੍ਰਭੂ ਵਿਚ ਲੀਨ ਕਰਦਾ ਹੈ ਜਿਸ ਉਤੇ ਉਹ ਆਪ ਮਿਹਰ ਦੀ ਨਜ਼ਰ ਕਰਦਾ ਹੈ।2। ਪਉੜੀ ॥ ਸੂਰੇ ਏਹਿ ਨ ਆਖੀਅਹਿ ਅਹੰਕਾਰਿ ਮਰਹਿ ਦੁਖੁ ਪਾਵਹਿ ॥ ਅੰਧੇ ਆਪੁ ਨ ਪਛਾਣਨੀ ਦੂਜੈ ਪਚਿ ਜਾਵਹਿ ॥ ਅਤਿ ਕਰੋਧ ਸਿਉ ਲੂਝਦੇ ਅਗੈ ਪਿਛੈ ਦੁਖੁ ਪਾਵਹਿ ॥ ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ ॥ ਅਹੰਕਾਰਿ ਮੁਏ ਸੇ ਵਿਗਤੀ ਗਏ ਮਰਿ ਜਨਮਹਿ ਫਿਰਿ ਆਵਹਿ ॥੯॥ {ਪੰਨਾ 1089} ਪਦ ਅਰਥ: ਦੂਜੈ = ਦੂਜੇ ਵਿਚ, ਰੱਬ ਨੂੰ ਛੱਡ ਕੇ ਹੋਰ ਵਿਚ, ਮਾਇਆ ਦੇ ਮੋਹ ਵਿਚ। ਅਗੈ ਪਿਛੈ = ਸਹੁਰੇ ਪੇਕੇ, ਪਰਲੋਕ ਵਿਚ ਤੇ ਇਸ ਲੋਕ ਵਿਚ। ਵਿਗਤੀ = ਬੇ-ਗਤੇ। ਅਰਥ: ਜੋ ਮਨੁੱਖ ਅਹੰਕਾਰ ਵਿਚ ਮਰਦੇ ਹਨ (ਖਪਦੇ ਹਨ) ਤੇ ਦੁੱਖ ਪਾਂਦੇ ਹਨ ਉਹਨਾਂ ਨੂੰ ਸੂਰਮੇ ਨਹੀਂ ਆਖੀਦਾ, ਉਹ (ਅਹੰਕਾਰੀ) ਅੰਨ੍ਹੇ ਆਪਣਾ ਅਸਲਾ ਨਹੀਂ ਪਛਾਣਦੇ ਤੇ ਮਾਇਆ ਦੇ ਮੋਹ ਵਿਚ ਖ਼ੁਆਰ ਹੁੰਦੇ ਹਨ, ਬੜੇ ਕ੍ਰੋਧ ਵਿਚ ਆ ਕੇ (ਦੂਜਿਆਂ ਨਾਲ) ਲੜਦੇ ਹਨ ਤੇ ਇਸ ਲੋਕ ਤੇ ਪਰਲੋਕ ਵਿਚ ਦੁੱਖ ਹੀ ਪਾਂਦੇ ਹਨ। ਵੇਦ ਆਦਿਕ ਧਰਮ-ਪੁਸਤਕ ਭੀ ਪੁਕਾਰ ਕੇ ਕਹਿ ਰਹੇ ਹਨ ਕਿ ਰੱਬ ਨੂੰ ਅਹੰਕਾਰ ਚੰਗਾ ਨਹੀਂ ਲੱਗਦਾ। ਜੋ ਮਨੁੱਖ ਅਹੰਕਾਰ ਵਿਚ ਹੀ ਮਰਦੇ ਰਹੇ ਉਹ ਬੇ-ਗਤੇ ਹੀ ਗਏ (ਉਹਨਾਂ ਦਾ ਜੀਵਨ ਨਾਹ ਸੁਧਰਿਆ) , ਉਹ ਮੁੜ ਮੁੜ ਮਰਦੇ ਜੰਮਦੇ ਰਹਿੰਦੇ ਹਨ।9। ਸਲੋਕੁ ਮਃ ੩ ॥ ਕਾਗਉ ਹੋਇ ਨ ਊਜਲਾ ਲੋਹੇ ਨਾਵ ਨ ਪਾਰੁ ॥ ਪਿਰਮ ਪਦਾਰਥੁ ਮੰਨਿ ਲੈ ਧੰਨੁ ਸਵਾਰਣਹਾਰੁ ॥ ਹੁਕਮੁ ਪਛਾਣੈ ਊਜਲਾ ਸਿਰਿ ਕਾਸਟ ਲੋਹਾ ਪਾਰਿ ॥ ਤ੍ਰਿਸਨਾ ਛੋਡੈ ਭੈ ਵਸੈ ਨਾਨਕ ਕਰਣੀ ਸਾਰੁ ॥੧॥ {ਪੰਨਾ 1089} ਪਦ ਅਰਥ: ਕਾਗਉ = ਕਾਗ ਤੋਂ। ਪਾਰੁ = ਪਾਰਲਾ ਬੰਨਾ। ਪਿਰਮ ਪਦਾਰਥੁ = ਪਿਆਰੇ (ਪ੍ਰਭੂ) ਦਾ ਨਾਮ। ਧੰਨੁ ਸਵਾਰਣਹਾਰੁ = ਸ਼ਾਬਾਸ਼ੇ ਉਸ ਦੇ ਸਵਾਰਨ ਵਾਲੇ (ਗੁਰੂ) ਨੂੰ। ਸਿਰਿ ਕਾਸਟ = ਲੱਕੜ ਦੇ ਸਿਰ ਤੇ (ਚੜ੍ਹ ਕੇ) । ਭੈ = ਭਉ ਵਿਚ। ਸਾਰੁ = ਚੰਗੀ। ਅਰਥ: ਕਾਂ ਤੋਂ ਚਿੱਟਾ (ਹੰਸ) ਨਹੀਂ ਬਣ ਸਕਦਾ, ਲੋਹੇ ਦੀ ਬੇੜੀ (ਨਦੀ ਦਾ) ਪਾਰਲਾ ਕੰਢਾ ਨਹੀਂ ਲੱਭ ਸਕਦੀ; ਪਰ ਸ਼ਾਬਾਸੇ ਉਸ ਸਵਾਰਨ ਵਾਲੇ (ਗੁਰੂ) ਨੂੰ (ਜਿਸ ਦੀ ਮਤਿ ਲੈ ਕੇ ਕਾਂ ਵਰਗੇ ਕਾਲੇ ਮਨ ਵਾਲਾ ਭੀ) ਪਰਮਾਤਮਾ ਦਾ ਨਾਮ ਅੰਗੀਕਾਰ ਕਰਦਾ ਹੈ, ਹੁਕਮ ਪਛਾਣਦਾ ਹੈ ਤਾਂ (ਕਾਂ ਤੋਂ) ਹੰਸ ਬਣ ਜਾਂਦਾ ਹੈ (ਜਿਵੇਂ) ਲੱਕੜ ਦੇ ਆਸਰੇ ਲੋਹਾ (ਨਦੀ ਦੇ) ਪਾਰਲੇ ਕੰਢੇ ਜਾ ਲੱਗਦਾ ਹੈ; (ਗੁਰੂ ਦੇ ਆਸਰੇ) ਹੇ ਨਾਨਕ! ਉਹ ਤ੍ਰਿਸ਼ਨਾ ਤਿਆਗਦਾ ਹੈ ਤੇ ਰੱਬ ਦੇ ਡਰ ਵਿਚ ਜੀਊਂਦਾ ਹੈ, (ਬੱਸ!) ਇਹੀ ਕਰਣੀ ਸਭ ਤੋਂ ਚੰਗੀ ਹੈ।1। ਮਃ ੩ ॥ ਮਾਰੂ ਮਾਰਣ ਜੋ ਗਏ ਮਾਰਿ ਨ ਸਕਹਿ ਗਵਾਰ ॥ ਨਾਨਕ ਜੇ ਇਹੁ ਮਾਰੀਐ ਗੁਰ ਸਬਦੀ ਵੀਚਾਰਿ ॥ ਏਹੁ ਮਨੁ ਮਾਰਿਆ ਨਾ ਮਰੈ ਜੇ ਲੋਚੈ ਸਭੁ ਕੋਇ ॥ ਨਾਨਕ ਮਨ ਹੀ ਕਉ ਮਨੁ ਮਾਰਸੀ ਜੇ ਸਤਿਗੁਰੁ ਭੇਟੈ ਸੋਇ ॥੨॥ {ਪੰਨਾ 1089} ਪਦ ਅਰਥ: ਮਾਰੂ = ਮਾਰੂਥਲੇ ਵਿਚ, ਭਾਵ, ਜੰਗਲ ਬੀਆਬਾਨ ਵਿਚ। ਸਭੁ ਕੋਇ = ਹਰੇਕ ਜੀਵ। ਭੇਟੈ = ਮਿਲ ਪਏ। ਸੋਇ = ਉਹ (ਭਾਵ, ਸਮਰੱਥ) । ਅਰਥ: ਜੋ ਮੂਰਖ ਬਾਹਰ ਜੰਗਲਾਂ ਵਿਚ ਮਨ ਨੂੰ ਮਾਰਨ ਵਾਸਤੇ ਗਏ ਉਹ ਮਾਰ ਨ ਸਕੇ; ਹੇ ਨਾਨਕ! ਜੇ ਇਹ ਮਨ ਵੱਸ ਕੀਤਾ ਜਾ ਸਕਦਾ ਹੈ ਤਾਂ ਗੁਰੂ ਦੇ ਸ਼ਬਦ ਵਿਚ ਵਿਚਾਰ ਕੀਤਿਆਂ ਹੀ ਵੱਸ ਕੀਤਾ ਜਾ ਸਕਦਾ ਹੈ, (ਨਹੀਂ ਤਾਂ ਉਂਞ) ਭਾਵੇਂ ਕੋਈ ਕਿਤਨੀ ਹੀ ਤਾਂਘ ਕਰੇ ਇਹ ਮਨ ਜਤਨ ਕੀਤਿਆਂ ਵੱਸ ਵਿਚ ਨਹੀਂ ਆਉਂਦਾ। ਹੇ ਨਾਨਕ! ਜੇ ਸਮਰੱਥ ਗੁਰੂ ਮਿਲ ਪਏ ਤਾਂ ਮਨ ਹੀ ਮਨ ਨੂੰ ਮਾਰ ਲੈਂਦਾ ਹੈ (ਭਾਵ, ਗੁਰੂ ਦੀ ਸਹੈਤਾ ਨਾਲ ਅੰਦਰ ਵਲ ਪਰਤਿਆਂ ਮਨ ਵੱਸ ਵਿਚ ਆ ਜਾਂਦਾ ਹੈ) ।2। |
Sri Guru Granth Darpan, by Professor Sahib Singh |