ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1090 ਪਉੜੀ ॥ ਦੋਵੈ ਤਰਫਾ ਉਪਾਈਓਨੁ ਵਿਚਿ ਸਕਤਿ ਸਿਵ ਵਾਸਾ ॥ ਸਕਤੀ ਕਿਨੈ ਨ ਪਾਇਓ ਫਿਰਿ ਜਨਮਿ ਬਿਨਾਸਾ ॥ ਗੁਰਿ ਸੇਵਿਐ ਸਾਤਿ ਪਾਈਐ ਜਪਿ ਸਾਸ ਗਿਰਾਸਾ ॥ ਸਿਮ੍ਰਿਤਿ ਸਾਸਤ ਸੋਧਿ ਦੇਖੁ ਊਤਮ ਹਰਿ ਦਾਸਾ ॥ ਨਾਨਕ ਨਾਮ ਬਿਨਾ ਕੋ ਥਿਰੁ ਨਹੀ ਨਾਮੇ ਬਲਿ ਜਾਸਾ ॥੧੦॥ {ਪੰਨਾ 1090} ਨੋਟ: ਵੇਖੋ ਮਲਾਰ ਕੀ ਵਾਰ ਮ: 1 ਪਉੜੀ ਨੰ: 5। ਗੁਰੂ ਅਮਰਦਾਸ ਜੀ ਨੇ ਇਹ ਖ਼ਿਆਲ ਉਥੋਂ ਲਿਆ ਹੈ। ਪਦ ਅਰਥ: ਦੋਵੈ ਤਰਫਾ = (ਵੇਖੋ ਪਉੜੀ ਨੰ: 6, 7, 8, 9) ਮਨ ਨੂੰ ਜਿੱਤਣ ਵਾਲੇ ਸੂਰਮੇ ਤੇ ਮਾਇਆ ਦੀ ਖ਼ਾਤਰ ਲੜਨ ਵਾਲੇ ਦੋਵੇਂ ਪਾਸੇ। ਵਿਚਿ = (ਇਸ ਸ੍ਰਿਸ਼ਟੀ) ਵਿਚ। ਸਕਤਿ = ਮਾਇਆ। ਸਿਵ = ਆਤਮਾ। ਗਿਰਾਸਾ = ਗਿਰਾਹੀ। ਸਾਸ ਗਿਰਾਸਾ = (ਭਾਵ,) ਖਾਂਦਿਆਂ ਪੀਂਦਿਆਂ। ਅਰਥ: ਇਸ ਸ੍ਰਿਸ਼ਟੀ ਵਿਚ ਮਾਇਆ ਤੇ ਆਤਮਾ (ਦੋਹਾਂ ਦਾ) ਵਾਸ ਹੈ (ਇਹਨਾਂ ਦੇ ਅਸਰ ਹੇਠ ਕੋਈ ਅਹੰਕਾਰ ਵਿਚ ਦੂਜਿਆਂ ਨਾਲ ਲੜਦੇ ਹਨ ਤੇ ਕੋਈ ਨਾਮ ਦੇ ਧਨੀ ਹਨ) ਇਹ ਦੋਵੇਂ ਪਾਸੇ ਪ੍ਰਭੂ ਨੇ ਆਪ ਹੀ ਬਣਾਏ ਹਨ। ਮਾਇਆ ਦੇ ਅਸਰ ਵਿਚ ਰਹਿ ਕੇ ਕਿਸੇ ਨੇ (ਰੱਬ) ਨਹੀਂ ਲੱਭਾ, ਮੁੜ ਮੁੜ ਜੰਮਦਾ ਮਰਦਾ ਹੈ। ਪਰ ਗੁਰੂ ਦੇ ਹੁਕਮ ਵਿਚ ਤੁਰਿਆਂ ਖਾਂਦਿਆਂ ਪੀਂਦਿਆਂ ਨਾਮ ਜਪ ਕੇ (ਹਿਰਦੇ ਵਿਚ) ਠੰਢ ਪੈਂਦੀ ਹੈ। (ਹੇ ਭਾਈ!) ਸਿਮ੍ਰਿਤੀਆਂ ਤੇ ਸ਼ਾਸਤ੍ਰਾਂ (ਆਦਿਕ ਸਾਰੇ ਧਰਮ-ਪੁਸਤਕਾਂ ਨੂੰ ਬੇਸ਼ਕ) ਖੋਜ ਕੇ ਵੇਖ ਲਉ, ਚੰਗੇ ਮਨੁੱਖ ਉਹ ਹਨ ਜੋ ਪ੍ਰਭੂ ਦੇ ਸੇਵਕ ਹਨ। ਹੇ ਨਾਨਕ! 'ਨਾਮ' ਤੋਂ ਬਿਨਾ ਕੋਈ ਸ਼ੈ ਥਿਰ ਰਹਿਣ ਵਾਲੀ ਨਹੀਂ; ਮੈਂ ਸਦਕੇ ਹਾਂ ਪ੍ਰਭੂ ਦੇ ਨਾਮ ਤੋਂ।10। ਸਲੋਕੁ ਮਃ ੩ ॥ ਹੋਵਾ ਪੰਡਿਤੁ ਜੋਤਕੀ ਵੇਦ ਪੜਾ ਮੁਖਿ ਚਾਰਿ ॥ ਨਵ ਖੰਡ ਮਧੇ ਪੂਜੀਆ ਅਪਣੈ ਚਜਿ ਵੀਚਾਰਿ ॥ ਮਤੁ ਸਚਾ ਅਖਰੁ ਭੁਲਿ ਜਾਇ ਚਉਕੈ ਭਿਟੈ ਨ ਕੋਇ ॥ ਝੂਠੇ ਚਉਕੇ ਨਾਨਕਾ ਸਚਾ ਏਕੋ ਸੋਇ ॥੧॥ {ਪੰਨਾ 1090} ਪਦ ਅਰਥ: ਜੋਤਕੀ = ਜੋਤਸ਼ੀ। ਮੁਖਿ = ਮੂੰਹ ਨਾਲ, ਮੂੰਹੋਂ, (ਭਾਵ,) ਜ਼ਬਾਨੀ। ਨਵ ਖੰਡ = ਧਰਤੀ ਦੇ ਨੌ ਹੀ ਖੰਡਾਂ ਵਿਚ, ਸਾਰੀ ਧਰਤੀ ਤੇ। ਪੂਜੀਆ = ਪੂਜਿਆ ਜਾਵਾਂ। ਚਜਿ = ਚੱਜ ਦੇ ਕਾਰਨ, ਆਚਰਣ ਕਰਕੇ। ਵੀਚਾਰਿ = (ਚੰਗੀ) ਵਿਚਾਰ ਅਕਲ ਦੇ ਕਾਰਨ। ਮਤੁ ਭੁਲਿ ਜਾਇ = ਕਿਤੇ ਭੁੱਲ ਨਾਹ ਜਾਏ। ਭਿਟੈ = ਛੁਹ ਜਾਏ। ਸਚਾ ਅਖਰੁ = ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ। ਚਉਕੈ = ਚੌਕੇ ਵਿਚ। ਝੂਠੇ = ਨਾਸਵੰਤ। ਸਚਾ = ਸਦਾ-ਥਿਰ। ਸੋਇ = ਉਹ ਪ੍ਰਭੂ ਹੀ।1। ਅਰਥ: ਹੇ ਭਾਈ! ਜੇ ਮੈਂ (ਧਰਮ-ਪੁਸਤਕਾਂ ਦਾ) ਵਿਦਵਾਨ ਬਣ ਜਾਵਾਂ, ਜੋਤਸ਼ੀ ਬਣ ਜਾਵਾਂ, ਚਾਰੇ ਵੇਦ ਮਃ ੩ ॥ ਆਪਿ ਉਪਾਏ ਕਰੇ ਆਪਿ ਆਪੇ ਨਦਰਿ ਕਰੇਇ ॥ ਆਪੇ ਦੇ ਵਡਿਆਈਆ ਕਹੁ ਨਾਨਕ ਸਚਾ ਸੋਇ ॥੨॥ {ਪੰਨਾ 1090} ਅਰਥ: ਪ੍ਰਭੂ ਆਪ ਹੀ (ਜੀਆਂ ਨੂੰ) ਪੈਦਾ ਕਰਦਾ ਹੈ (ਸਭ ਕਾਰਜ) ਆਪ ਹੀ ਕਰਦਾ ਹੈ, ਆਪ ਹੀ (ਜੀਆਂ ਤੇ) ਮਿਹਰ ਦੀ ਨਜ਼ਰ ਕਰਦਾ ਹੈ, ਆਪ ਹੀ ਵਡਿਆਈਆਂ ਦੇਂਦਾ ਹੈ; ਆਖ, ਹੇ ਨਾਨਕ! ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ (ਸਭ ਕੁਝ ਕਰਨ ਦੇ ਸਮਰੱਥ) ਹੈ।2। ਪਉੜੀ ॥ ਕੰਟਕੁ ਕਾਲੁ ਏਕੁ ਹੈ ਹੋਰੁ ਕੰਟਕੁ ਨ ਸੂਝੈ ॥ ਅਫਰਿਓ ਜਗ ਮਹਿ ਵਰਤਦਾ ਪਾਪੀ ਸਿਉ ਲੂਝੈ ॥ ਗੁਰ ਸਬਦੀ ਹਰਿ ਭੇਦੀਐ ਹਰਿ ਜਪਿ ਹਰਿ ਬੂਝੈ ॥ ਸੋ ਹਰਿ ਸਰਣਾਈ ਛੁਟੀਐ ਜੋ ਮਨ ਸਿਉ ਜੂਝੈ ॥ ਮਨਿ ਵੀਚਾਰਿ ਹਰਿ ਜਪੁ ਕਰੇ ਹਰਿ ਦਰਗਹ ਸੀਝੈ ॥੧੧॥ {ਪੰਨਾ 1090} ਪਦ ਅਰਥ: ਕੰਟਕੁ = ਕੰਡਾ। ਕਾਲੁ = ਮੌਤ, ਮੌਤ ਦਾ ਸਹਿਮ। ਅਫਰਿਓ = ਅਮੋੜ, ਜਿਸ ਦੇ ਰਾਹ ਵਿਚ ਕੋਈ ਰੋਕ ਨ ਪਾ ਸਕੇ। ਲੂਝੈ = ਝਗੜਦਾ ਹੈ, ਅੜਦਾ ਹੈ। ਭੇਦੀਐ = ਵਿੱਝ ਜਾਈਏ। ਅਰਥ: (ਮਨੁੱਖ ਲਈ) ਮੌਤ (ਦਾ ਡਰ ਹੀ) ਇਕ (ਐਸਾ) ਕੰਡਾ ਹੈ (ਜੋ ਹਰ ਵੇਲੇ ਦਿਲ ਵਿਚ ਚੁੱਭਦਾ ਹੈ) ਕੋਈ ਹੋਰ ਕੰਡਾ (ਭਾਵ, ਸਹਿਮ) ਇਸ ਵਰਗਾ ਨਹੀਂ ਹੈ। (ਇਹ ਮੌਤ) ਸਾਰੇ ਜਗਤ ਵਿਚ ਵਰਤ ਰਹੀ ਹੈ ਕੋਈ ਇਸ ਨੂੰ ਰੋਕ ਨਹੀਂ ਸਕਦਾ, (ਮੌਤ ਦਾ ਸਹਿਮ) ਵਿਕਾਰੀ ਬੰਦਿਆਂ ਨੂੰ (ਖ਼ਾਸ ਤੌਰ ਤੇ) ਅੜਦਾ ਹੈ (ਭਾਵ, ਦਬਾ ਪਾਂਦਾ ਹੈ) । ਜੋ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ-ਨਾਮ ਵਿਚ ਪ੍ਰੋਤਾ ਜਾਂਦਾ ਹੈ ਜੋ ਆਪਣੇ ਮਨ ਦੇ ਨਾਲ ਟਾਕਰਾ ਲਾਂਦਾ ਹੈ ਉਹ ਸਿਮਰਨ ਕਰ ਕੇ (ਅਸਲੀਅਤ ਨੂੰ) ਸਮਝ ਲੈਂਦਾ ਹੈ ਤੇ ਉਹ ਪ੍ਰਭੂ ਦੀ ਸਰਨ ਪੈ ਕੇ (ਮੌਤ ਦੇ ਸਹਿਮ ਤੋਂ) ਬਚ ਜਾਂਦਾ ਹੈ। ਜੋ ਮਨੁੱਖ ਆਪਣੇ ਮਨ ਵਿਚ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਕਰ ਕੇ ਬੰਦਗੀ ਕਰਦਾ ਹੈ ਉਹ ਪ੍ਰਭੂ ਦੀ ਹਜ਼ੂਰੀ ਵਿਚ ਪਰਵਾਨ ਹੁੰਦਾ ਹੈ।11। ਸਲੋਕੁ ਮਃ ੧ ॥ ਹੁਕਮਿ ਰਜਾਈ ਸਾਖਤੀ ਦਰਗਹ ਸਚੁ ਕਬੂਲੁ ॥ ਸਾਹਿਬੁ ਲੇਖਾ ਮੰਗਸੀ ਦੁਨੀਆ ਦੇਖਿ ਨ ਭੂਲੁ ॥ ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ ॥ ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ ॥੧॥ {ਪੰਨਾ 1090} ਪਦ ਅਰਥ: ਸਾਖਤੀ = ਬਨਾਵਟ, ਪ੍ਰਭੂ ਨਾਲ ਜੋੜ। ਦਰਵਾਨੀ = ਰਾਖੀ। ਦਿਲੁ ਰਾਸਿ = ਦਿਲ ਨੂੰ ਸਿੱਧੇ ਰਾਹ ਤੇ ਰੱਖਣਾ। ਰਜਾਈ = ਰਜ਼ਾ ਦਾ ਮਾਲਕ ਪਰਮਾਤਮਾ। ਅਰਥ: ਪਰਮਾਤਮਾ ਦੇ ਹੁਕਮ ਵਿਚ ਤੁਰਿਆਂ ਪਰਮਾਤਮਾ ਨਾਲ ਬਣ ਆਉਂਦੀ ਹੈ, ਪ੍ਰਭੂ ਦੀ ਹਜ਼ੂਰੀ ਵਿਚ ਸੱਚ (ਭਾਵ, ਸਿਮਰਨ) ਪ੍ਰਵਾਨ ਹੈ। ਹੇ ਭਾਈ! ਦੁਨੀਆ ਨੂੰ ਵੇਖ ਕੇ (ਸਿਮਰਨ ਨੂੰ ਭੁੱਲਣ ਦੀ) ਗ਼ਲਤੀ ਨਾਹ ਖਾਹ, ਮਾਲਕ (ਤੇਰੇ ਅਮਲਾਂ ਦਾ) ਲੇਖਾ ਮੰਗੇਗਾ। ਜੋ ਮਨੁੱਖ ਦਿਲ ਦੀ ਰਾਖੀ ਕਰਦਾ ਹੈ, ਦਿਲ ਨੂੰ ਸਿੱਧੇ ਰਾਹ ਤੇ ਰੱਖਣ ਦੀ ਫ਼ਕੀਰੀ ਕਮਾਂਦਾ ਹੈ, ਹੇ ਨਾਨਕ! ਉਸ ਦੇ ਪਿਆਰ ਮੁਹੱਬਤ ਦਾ ਹਿਸਾਬ ਕਰਤਾਰ ਦੇ ਪਾਸ ਹੈ (ਭਾਵ, ਪ੍ਰਭੂ ਉਸ ਦੇ ਪਿਆਰ ਨੂੰ ਜਾਣਦਾ ਹੈ) ।1। ਮਃ ੧ ॥ ਅਲਗਉ ਜੋਇ ਮਧੂਕੜਉ ਸਾਰੰਗਪਾਣਿ ਸਬਾਇ ॥ ਹੀਰੈ ਹੀਰਾ ਬੇਧਿਆ ਨਾਨਕ ਕੰਠਿ ਸੁਭਾਇ ॥੨॥ {ਪੰਨਾ 1090} ਪਦ ਅਰਥ: ਅਲਗਉ = ਅਲੱਗ, ਨਿਰਲੇਪ। ਜੋਇ = ਵੇਖਦਾ ਹੈ, ਤੱਕਦਾ ਹੈ। ਮਧੂਕੜਉ = ਮਧੂਕਰ, ਭੌਰਾ {ਨੋਟ: 'ਮਧੂਕੜਉ' ਦਾ ਅਰਥ 'ਮਧੂਕੜੀ, ਥਾਂ ਥਾਂ ਤੋਂ ਮੰਗਿਆ ਟੁੱਕਰ' ਕਰਨਾ ਗ਼ਲਤ ਹੈ; 'ਭੌਰੇ ਵਾਂਗ ਫ਼ਕੀਰ ਥਾਂ ਥਾਂ ਤੋਂ ਸਾਰ ਗ੍ਰਹਣ ਕਰਨ ਵਾਲਾ' = ਇਸ ਅਰਥ ਵਿਚ ਭੀ 'ਮੰਗ ਖਾਣ' ਦੀ ਝਲਕ ਪੈਂਦੀ ਹੈ; ਪਰ, ਗੁਰੂ ਨਾਨਕ ਦੇਵ ਜੀ ਨੇ ਮੰਗਤਿਆਂ ਦਾ ਟੋਲਾ ਪੈਦਾ ਨਹੀਂ ਕੀਤਾ। ਏਥੇ 'ਭਉਰੇ' ਦਾ 'ਨਿਰਲੇਪਤਾ' ਦਾ ਗੁਣ ਹੀ ਲਿਆ ਗਿਆ ਹੈ, ਜਿਵੇਂ ਪਿਛਲੇ ਸ਼ਲੋਕ ਵਿਚ 'ਦਿਲੁ ਦਰਵਾਨੀ' ਹੈ}। ਕੰਠਿ = ਗਲ ਨਾਲ, ਗਲ ਵਿਚ। ਹੀਰਾ = ਆਤਮਾ। ਸਾਰੰਗਪਾਣਿ = ਜਿਸ ਦੇ ਹੱਥ ਵਿਚ ਸਾਰੰਗ ਧਨੁਖ ਹੈ, ਪਰਮਾਤਮਾ। ਸਬਾਇ = ਹਰ ਥਾਂ। ਅਰਥ: (ਜੋ ਜੀਵ-) ਭੌਰਾ ਨਿਰਲੇਪ ਰਹਿ ਕੇ ਹਰ ਥਾਂ ਪਰਮਾਤਮਾ ਨੂੰ ਤੱਕਦਾ ਹੈ, ਜਿਸ ਦੀ ਆਤਮਾ ਪਰਮਾਤਮਾ ਵਿਚ ਪ੍ਰੋਤੀ ਹੋਈ ਹੈ, ਹੇ ਨਾਨਕ! ਉਹ ਪ੍ਰਭੂ-ਪ੍ਰੇਮ ਦੀ ਰਾਹੀਂ ਪ੍ਰਭੂ ਦੇ ਗਲ ਨਾਲ (ਲੱਗਾ ਹੋਇਆ) ਹੈ।2। ਪਉੜੀ ॥ ਮਨਮੁਖ ਕਾਲੁ ਵਿਆਪਦਾ ਮੋਹਿ ਮਾਇਆ ਲਾਗੇ ॥ ਖਿਨ ਮਹਿ ਮਾਰਿ ਪਛਾੜਸੀ ਭਾਇ ਦੂਜੈ ਠਾਗੇ ॥ ਫਿਰਿ ਵੇਲਾ ਹਥਿ ਨ ਆਵਈ ਜਮ ਕਾ ਡੰਡੁ ਲਾਗੇ ॥ ਤਿਨ ਜਮ ਡੰਡੁ ਨ ਲਗਈ ਜੋ ਹਰਿ ਲਿਵ ਜਾਗੇ ॥ ਸਭ ਤੇਰੀ ਤੁਧੁ ਛਡਾਵਣੀ ਸਭ ਤੁਧੈ ਲਾਗੇ ॥੧੨॥ {ਪੰਨਾ 1090} ਅਰਥ: ਮਨ ਦੇ ਗ਼ੁਲਾਮ ਮਨੁੱਖ ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ, ਉਹਨਾਂ ਨੂੰ ਮੌਤ (ਦਾ ਸਹਿਮ) ਦਬਾਈ ਰੱਖਦਾ ਹੈ। ਜੋ ਮਨੁੱਖ ਮਾਇਆ ਦੇ ਮੋਹ ਵਿਚ ਲੁੱਟੇ ਜਾ ਰਹੇ ਹਨ ਉਹਨਾਂ ਨੂੰ (ਇਹ ਸਹਿਮ) ਪਲ ਵਿਚ ਮਾਰ ਕੇ ਨਾਸ ਕਰਦਾ ਹੈ। ਜਿਸ ਵੇਲੇ ਮੌਤ ਦਾ ਡੰਡਾ ਆ ਹੀ ਵੱਜਦਾ ਹੈ (ਮੌਤ ਸਿਰ ਤੇ ਆ ਜਾਂਦੀ ਹੈ) ਤਦੋਂ (ਇਸ ਮੋਹ ਵਿਚੋਂ ਨਿਕਲਣ ਲਈ) ਸਮਾ ਨਹੀਂ ਮਿਲਦਾ। ਜੋ ਮਨੁੱਖ ਪਰਮਾਤਮਾ ਦੀ ਯਾਦ ਵਿਚ ਸੁਚੇਤ ਰਹਿੰਦੇ ਹਨ ਉਹਨਾਂ ਨੂੰ ਜਮ ਦਾ ਡੰਡਾ ਨਹੀਂ ਲੱਗਦਾ (ਸਹਿਮ ਨਹੀਂ ਮਾਰਦਾ) । ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਤੇਰੀ ਹੀ ਹੈ, ਤੂੰ ਹੀ ਇਸ ਨੂੰ ਮਾਇਆ ਦੇ ਮੋਹ ਤੋਂ ਛਡਾਣਾ ਹੈ, ਸਾਰਿਆਂ ਦਾ ਤੂੰ ਹੀ ਆਸਰਾ ਹੈਂ।12। ਸਲੋਕੁ ਮਃ ੧ ॥ ਸਰਬੇ ਜੋਇ ਅਗਛਮੀ ਦੂਖੁ ਘਨੇਰੋ ਆਥਿ ॥ ਕਾਲਰੁ ਲਾਦਸਿ ਸਰੁ ਲਾਘਣਉ ਲਾਭੁ ਨ ਪੂੰਜੀ ਸਾਥਿ ॥੧॥ {ਪੰਨਾ 1090} ਪਦ ਅਰਥ: ਸਰਬੇ = ਸਾਰੀ ਸ੍ਰਿਸ਼ਟੀ। ਜੋਇ = ਤੱਕਦਾ ਹੈ {ਪਉੜੀ ਨੰ: 12 ਤੇ 14 ਵਿਚ ਭੀ ਇਹ ਲਫ਼ਜ਼ 'ਜੋਇ' ਆਉਂਦਾ ਹੈ, ਬਾਣੀ ਭੀ ਗੁਰੂ ਨਾਨਕ ਦੇਵ ਜੀ ਦੀ ਹੈ, ਇਸ ਦਾ ਅਰਥ ਹੈ 'ਤੱਕਦਾ ਹੈ'}। ਅਗਛਮੀ = ਨਾਹ ਨਾਸ ਹੋਣ ਵਾਲੀ। ਆਥਿ = ਹੈ। ਸਰੁ = ਸਰੋਵਰ, ਸਾਗਰ। ਲਾਭੁ = ਖੱਟੀ। ਪੂੰਜੀ = ਰਾਸਿ, ਮੂਲ। ਅਰਥ: (ਜੋ ਮਨੁੱਖ) ਸਾਰੀ ਸ੍ਰਿਸ਼ਟੀ ਨੂੰ ਨਾਹ ਨਾਸ ਹੋਣ ਵਾਲੀ ਵੇਖਦਾ ਹੈ ਉਸ ਨੂੰ ਬੜਾ ਦੁੱਖ (ਵਿਆਪਦਾ ਹੈ, ਉਹ (ਮਾਨੋ) ਕੱਲਰ ਲੱਦ ਰਿਹਾ ਹੈ (ਪਰ ਉਸ ਨੇ) ਸਮੁੰਦਰ ਲੰਘਣਾ ਹੈ, ਉਸ ਦੇ ਪੱਲੇ ਨਾਹ ਮੂਲ ਹੈ ਤੇ ਨਾਹ ਖੱਟੀ।1। ਮਃ ੧ ॥ ਪੂੰਜੀ ਸਾਚਉ ਨਾਮੁ ਤੂ ਅਖੁਟਉ ਦਰਬੁ ਅਪਾਰੁ ॥ ਨਾਨਕ ਵਖਰੁ ਨਿਰਮਲਉ ਧੰਨੁ ਸਾਹੁ ਵਾਪਾਰੁ ॥੨॥ {ਪੰਨਾ 1090} ਅਰਥ: (ਜਿਸ ਮਨੁੱਖ ਦੇ ਪਾਸ) ਪ੍ਰਭੂ ਦਾ ਨਾਮ ਪੂੰਜੀ ਹੈ, ਜਿਸ ਪਾਸ (ਹੇ ਪ੍ਰਭੂ!) ਤੂੰ ਨਾਹ ਮੁੱਕਣ ਵਾਲਾ ਤੇ ਬੇਅੰਤ ਧਨ ਹੈਂ, ਜਿਸ ਪਾਸ ਇਹ ਪਵਿਤ੍ਰ ਸੌਦਾ ਹੈ, ਹੇ ਨਾਨਕ! ਉਹ ਸ਼ਾਹ ਧੰਨ ਹੈ ਤੇ ਉਸ ਦਾ ਵਣਜ ਧੰਨ ਹੈ।2। ਮਃ ੧ ॥ ਪੂਰਬ ਪ੍ਰੀਤਿ ਪਿਰਾਣਿ ਲੈ ਮੋਟਉ ਠਾਕੁਰੁ ਮਾਣਿ ॥ ਮਾਥੈ ਊਭੈ ਜਮੁ ਮਾਰਸੀ ਨਾਨਕ ਮੇਲਣੁ ਨਾਮਿ ॥੩॥ {ਪੰਨਾ 1090} ਪਦ ਅਰਥ: ਪਿਰਾਣਿ = ਪਛਾਣ। ਮਾਣਿ = ਭਾਵ, ਸਿਮਰ। ਮਾਥੈ ਊਭੈ = ਮੂੰਹ-ਭਾਰ। ਅਰਥ: (ਹੇ ਜੀਵ!) ਪ੍ਰਭੂ ਨਾਲ ਮੁੱਢਲੀ ਪ੍ਰੀਤ ਪਛਾਣ, ਉਸ ਵੱਡੇ ਮਾਲਕ ਨੂੰ ਯਾਦ ਕਰ। ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਜੁੜਨਾ ਜਮ ਨੂੰ (ਭਾਵ, ਮੌਤ ਦੇ ਸਹਿਮ ਨੂੰ) ਮੂੰਹ-ਭਾਰ ਮਾਰਦਾ ਹੈ।3। ਪਉੜੀ ॥ ਆਪੇ ਪਿੰਡੁ ਸਵਾਰਿਓਨੁ ਵਿਚਿ ਨਵ ਨਿਧਿ ਨਾਮੁ ॥ ਇਕਿ ਆਪੇ ਭਰਮਿ ਭੁਲਾਇਅਨੁ ਤਿਨ ਨਿਹਫਲ ਕਾਮੁ ॥ ਇਕਨੀ ਗੁਰਮੁਖਿ ਬੁਝਿਆ ਹਰਿ ਆਤਮ ਰਾਮੁ ॥ ਇਕਨੀ ਸੁਣਿ ਕੈ ਮੰਨਿਆ ਹਰਿ ਊਤਮ ਕਾਮੁ ॥ ਅੰਤਰਿ ਹਰਿ ਰੰਗੁ ਉਪਜਿਆ ਗਾਇਆ ਹਰਿ ਗੁਣ ਨਾਮੁ ॥੧੩॥ {ਪੰਨਾ 1090} ਅਰਥ: ਪਰਮਾਤਮਾ ਨੇ ਆਪ ਹੀ ਇਹ ਮਨੁੱਖਾ ਸਰੀਰ ਸੰਵਾਰਿਆ ਹੈ ਤੇ ਆਪ ਹੀ ਇਸ ਵਿਚ ਆਪਣਾ ਨਾਮ (ਮਾਨੋ) ਨੌ ਖ਼ਜ਼ਾਨੇ ਪਾ ਦਿੱਤੇ ਹਨ। ਪਰ ਕਈ ਜੀਵ ਉਸ ਨੇ ਆਪ ਹੀ ਭਟਕਣਾ ਵਿਚ ਪਾ ਕੇ ਕੁਰਾਹੇ ਪਾਏ ਹੋਏ ਹਨ, ਉਹਨਾਂ ਦਾ (ਸਾਰਾ) ਉੱਦਮ ਅਸਫਲ ਜਾਂਦਾ ਹੈ। ਕਈ ਜੀਵਾਂ ਨੇ ਗੁਰੂ ਦੇ ਸਨਮੁਖ ਹੋ ਕੇ (ਸਭ ਥਾਂ) ਪਰਮਾਤਮਾ ਦੀ ਜੋਤਿ (ਵਿਆਪਕ) ਸਮਝੀ ਹੈ, ਕਈ ਜੀਵਾਂ ਨੇ 'ਨਾਮ' ਸੁਣ ਕੇ ਮੰਨ ਲਿਆ ਹੈ (ਭਾਵ, 'ਨਾਮ' ਵਿਚ ਮਨ ਗਿਝਾ ਲਿਆ ਹੈ) ਉਹਨਾਂ ਦਾ ਇਹ ਉੱਦਮ ਚੰਗਾ ਹੈ। ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ, 'ਨਾਮ' ਸਿਮਰਦੇ ਹਨ ਉਹਨਾਂ ਦੇ ਮਨ ਵਿਚ ਪ੍ਰਭੂ ਦਾ ਪਿਆਰ ਪੈਦਾ ਹੁੰਦਾ ਹੈ।13। |
Sri Guru Granth Darpan, by Professor Sahib Singh |